ਧਰਮੀ ਮਾਪੇ ( ਕਿਸ਼ਤ - 4) (ਨਾਵਲ )

ਡਾ. ਚਰਨਜੀਤ    

Email: naturaltalent2008@yahoo.com
Cell: +91 79731 21742
Address: #880 Sector 9
Karnal Haryana India
ਡਾ. ਚਰਨਜੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


9

ਮੇਰੀ ਮਾਂ ਮੰਜੇ ਤੇ ਪਈ ਰੋਂਦੀ ਕੁਰਲਾਉਂਦੀ ਰਹੀ---ਮੈਨੂੰ ਹੁਣ ਮਾਂ ਉਤੇ ਵੀ ਗੁੱਸਾ ਆ ਰਿਹਾ ਸੀ ਕਿ ਉਹਨੇ ਸਭ ਕੁੱਝ ਜਾਣਦਿਆਂ ਹੋਇਆਂ ਵੀ ਭੈਣਾਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਵਿਰੋਧ ਕਿਉਂ ਨਾ ਕੀਤਾ---ਆਖਰ ਮਾਂ ਸੀ ਉਹ ਸਾਡੀ---ਪਰ ਮੈਂ ਸ਼ੁਰੂ `ਚ ਮਾਂ ਨੂੰ ਅਖਾਉਤੀ ਮਾਂ ਕਿਹਾ ਸੀ---ਉਦੋ ਤੁਸੀਂ ਹੈਰਾਨ ਹੋਏ ਸੀ---ਗੱਲ ਇਹ ਨਹੀਂ ਕਿ ਉਹ ਅੱਧੇ ਸਰੀਰ ਦੀ ਮਾਲਕ ਸੀ---ਗੱਲ ਤਾਂ ਧ੍ਰਿਤਰਾਸ਼ਟਰ ਵਾਲੇ ਪੁੱਤਰ ਮੋਹ ਦੀ ਸੀ---ਪੁੱਤ ਦੇ ਚਾਰ ਖੁੱਡ ਜ਼ਮੀਨ ਦੇ ਬਣ ਗਏ ਸਨ---ਧੀਆਂ ਮੁਫ਼ਤੋ ਮੁਫ਼ਤੀ ਬਾਰੋਂ ਉਠ ਗਈਆਂ ਸਨ---ਹੋਰ ਉਹਨੂੰ ਕੀ ਚਾਹੀਦਾ ਸੀ?

ਅਗਲੇ ਦਿਨ ਭੈਣਾਂ ਨੇ ਫੇਰਾ ਪਾਉਣ ਆਉਣਾ ਸੀ---ਸਾਰੀ ਤਿਆਰੀ ਕੀਤੀ ਪਈ ਸੀ---ਅਸੀਂ ਅੱਡੀਆਂ ਚੱਕ ਚੱਕ ਉਹਨਾਂ ਨੂੰ ਉਡੀਕਦੇ ਰਹੇ ਪਰ ਉਹ ਨਾ ਆਈਆਂ---ਭੈਣਾਂ ਦੀ ਡੋਲੀ ਦੇ ਨਾਲ ਬੀਰਾ ਤਾਂ ਗਿਆ ਈ ਨਹੀਂ ਸੀ---ਉਹ ਅਗਲੇ ਦਿਨ ਵੀ ਨਾ ਆਈਆਂ---ਇਹ ਸ਼ਾਇਦ ਪਹਿਲਾ ਵਿਆਹ ਸੀ ਜਦੋਂ ਕਿਸੇ ਕੁੜੀਆਂ ਦੇ ਨਾਲ ਨੈਣ ਜਾਂ ਬੀਰਾ ਨਹੀਂ ਸਨ ਗਏ---ਜਦੋਂ ਮੇਰੀਆਂ ਭੈਣਾਂ ਫੇਰਾ ਪਾਉਣ ਨਾ ਆਈਆਂ ਤਾਂ ਸਭ ਨੂੰ ਸਮਝ ਲੱਗੀ ਕਿ ਉਹਨਾਂ ਨੇ ਨੈਣ ਨੂੰ ਕਿਉਂ ਡੋਲੀਓਂ ਉਤਾਰ ਦਿੱਤਾ ਸੀ---

ਸਾਰੇ ਮੇਲ ਨੇ---ਰਿਸ਼ਤੇਦਾਰਾਂ ਨੇ ਤੇ ਪਿੰਡ ਵਾਲਿਆ ਨੇ ਇਸ ਘਟਨਾ ਦੀ ਖੂਬ ਚੰੁਜ ਚਰਚਾ ਕੀਤੀ---ਸਭਨਾਂ ਨੇ ਆਪੋ ਆਪਣੇ ਕਿਆਸ ਲਾਏ---ਜਿੱਥੇ ਦੇਖੋ ਏਸੇ ਗੱਲ ਦੀ ਚਰਚਾ---ਬਾਪੂ ਨੂੰ ਕੋਈ ਪੁੱਛੇ ਤਾਂ ਉਹ ਟਾਲ ਮਟੋਲ ਕਰ ਦੇਵੇ---ਮਾਂ ਨੂੰ ਕੋਈ ਗੱਲ ਕਹੇ ਤਾਂ ਉਹ ਉੱਪਰ ਹੱਥ ਚੱਕ ਕੇ ਇਸ਼ਾਰਾ ਕਰ ਦੇਵੇ ਕਿ ਨੀਲੀ ਛਤਰੀ ਵਾਲਾ ਜਾਣੇ---ਮੈਨੂੰ ਤਾਂ ਖੈਰ ਕੋਈ ਪੁੱਛਦਾ ਈ ਨਹੀਂ ਸੀ---ਮੈਂ ਤਾਂ ਕਿਸੇ ਗਿਣਤੀ ਵਿੱਚ ਸਾਂ ਹੀ ਨਹੀਂ---

ਹੁਣ ਬਾਪੂ ਰੇਹੜਾ ਲੈ ਕੇ ਭਾੜਾ ਢੋਣ ਨਹੀਂ ਸੀ ਜਾਂਦਾ---ਸਗੋਂ ਖੇਤਾਂ `ਚ ਜਾਂਦਾ ਸੀ---ਛੇਤੀ ਹੀ ਪਿੰਡ `ਚ ਤੇ ਨੇੜ ਤੇੜ ਦੇ ਪਿੰਡਾਂ `ਚ ਇਹ ਚਰਚਾ ਹੋਣ ਲੱਗ ਪਈ ਕਿ ਬਿਸਨੇ ਨੇ ਕੁੜੀਆਂ ਦੇ ਪੈਸੇ ਲੈ ਕੇ ਵਿਆਹ ਕੀਤੇ ਨੇ---ਹੁਣ ਉਹਨਾਂ ਨੂੰ ਮੇਰੀਆਂ ਭੈਣਾਂ ਦਾ ਵਿਆਹ ਤੋਂ ਬਾਦ ਮੁੜ ਪੇਕੇ ਨਾ ਆਉਣ ਦਾ ਕਾਰਨ ਵੀ ਸਮਝ ਆਉਣ ਲੱਗ ਪਿਆ---ਲੋਕੀਂਂ ਮੂੰਹ ਜੋੜ ਜੋੜ ਕੇ ਸਾਡੇ ਘਰ ਦੀਆਂ ਗੱਲਾਂ ਕਰਿਆ ਕਰਨ---

ਨਾਲੇ ਇਹੋ ਜਿਹੀਆਂ ਗੱਲਾਂ ਕਿਤੇ ਛਿਪੀਆਂ ਰਹਿੰਦੀਆਂ ਨੇ---ਫੇਰ ਇੱਕ ਪਿੰਡ ਛੱਡ ਕੇ ਮੇਰੀਆਂ ਭੈਣਾਂ ਦਾ ਸੁਹਰਾ ਘਰ ਸੀ---ਰਾਮਪੁਰ ਪਿੰਡ ਦੀਆਂ ਉਥੇ ਬੀਹ ਸਕੀਰੀਆਂ ਸਨ---ਉਂਜ ਵੀ ਵਾਜ ਮਾਰੋ ਤਾਂ ਉੱਥੇ ਤੱਕ ਅੱਪੜ ਜਾਂਦੀ ਸੀ---ਦਿਨਾਂ ਵਿੱਚ ਈ ਗੱਲਾਂ ਚੋਂ ਗੱਲ ਨਿਕਲਦੀ ਗਈ ਤੇ ਸਾਰਾ ਭੇਤ ਖੁਲ੍ਹਦਾ ਗਿਆ---ਸਾਡੇ ਪਿੰਡ ਦੇ ਕਲਾਲਾਂ ਦੀ ਸਕੀਰੀ ਸੀ ਰਾਮ ਪੁਰ---ਉਹਨਾਂ ਦੀ ਬੁੜ੍ਹੀ ਇੱਕ ਦਿਨ ਉੱਥੇ ਗਈ ਤੇ ਕਨਸੋਅ ਲੈਣ ਦੀ ਮਾਰੀ ਮੇਰੀਆਂ ਭੈਣਾਂ ਕੋਲ ਵੀ ਜਾ ਅੱਪੜੀ---ਉਹ ਤਾਂ ਗਈ ਸੀ ਘਰ ਦੇ ਜੀਆਂ ਦੇ ਮੂੰਹ ਸੁੰਘਣ---ਪਰ ਉਸ ਨੂੰ ਤਾਂ ਮੇਰੀਆਂ ਭੈਣਾਂ ਨੇ ਈ ਸਾਰਾ ਕੁੱਝ ਦੱਸ ਦਿੱਤਾ---ਇਹਨਾਂ ਪ੍ਰਾਹੁਣਿਆਂ ਦੀ ਬੀਰੇ ਨਾਲ ਯਾਰੀ ਤੇ ਘਰੇ ਆ ਕੇ ਉਹਨਾਂ ਨਾਲ ਬਦਤਮੀਜ਼ੀ ਤੋਂ ਲਾ ਕੇ ਸਾਰੀ ਕਹਾਣੀ ਦੱਸ ਦਿੱਤੀ---ਅਖੇ ਸਾਡੇ ਲਾਲਚੀ ਮਾਪਿਆ ਨੇ ਅਸੀਂ ਦੋਵੇਂ ਭੈਣਾਂ ਵੇਚ ਦਿੱਤੀਆਂ---ਵਿਆਹ ਦਾ ਸਾਰਾ ਖਰਚਾ ਵੀ ਸਾਡੇ ਸਹੁਰਿਆਂ ਨੇ ਕੀਤਾ---ਜ਼ਮੀਨ ਛੁੜਵਾਉਣ ਲਈ ਨਾਮਾਂ ਵੀ ਇਹਨਾਂ ਨੇ ਈ ਤਾਰਿਆ---ਗੁਜਰੀ ਨੇ ਬੁੜ੍ਹੀ ਨੂੰ ਫਿੱਕੀ ਜਿਹੀ ਹਾਸੀ ਹਸਦਿਆਂ ਕਿਹਾ,

“ਅੰਮਾ ਸੁਖੀ ਸਾਡੇ ਮਾਪੇ ਵੀ ਨੀ ਰਹਿਣੇ---ਜਿਹੜੇ ਸਰਬਣ ਪੁੱਤ ਲਈ ਉਹਨਾਂ ਨੇ ਸਾਡੀ ਜ਼ਿੰਦਗ਼ੀ ਬਰਬਾਦ ਕੀਤੀ ਐ---ਸਾਨੂੰ ਵੇਚ ਕੇ ਜ਼ਮੀਨ ਛੁਡਾਈ ਐ---ਉਹੀ ਉਹਨਾਂ ਨੂੰ ਖੂਨ ਦੇ ਅੱਥਰੂ ਰੁਆਊ---ਸਾਡੇ ਕੰਨੀਓ ਤਾਂ ਮਰ ਗੇ ਮਾਪੇ---ਅਸੀਂ ਤਾਂ ਮਰਦੇ ਦਮ ਤੱਕ ਉਹਨਾਂ ਦਾ ਮੂੰਹ ਨੀ ਦੇਖਣਾ---"

ਅੰਮਾਂ ਆ ਕੇ ਥਾਂ ਥਾਂ ਦੱਸਦੀ ਫਿਰੇ ਕਿ ਮੇਰੀਆਂ ਭੈਣਾਂ ਦੇ ਸਹੁਰਿਆਂ ਨੇ ਉਹਨਾਂ ਨੂੰ ਬਹੁਤ ਰੋਕਿਆ ਕਿ ਐਂ ਨੀ ਮਾਪਿਆਂ ਦੀ ਮਿੱਟੀ ਪਲੀਤ ਕਰੀਂਦੀ---ਆਖਰ ਮਾਪੇ ਤਾਂ ਧਰਮੀ ਮਾਪੇ ਹੁੰਦੇ ਨੇ---ਪਰ ਮੇਰੀਆ ਭੈਣਾਂ ਦਾ ਖੂਨ ਉਬਲ ਰਿਹਾ ਸੀ---ਬੁੱਢੀ ਹਰ ਇੱਕ ਨੂੰ ਦੱਸਦੀ ਫਿਰੇ,

“ਹਾਅ ---ਅ---ਹਾਅ ਭਾਈ ਧੀਆਂ ਨੀ ਬੇਚਣੀਆਂ ਚਾਹੀਦੀਆਂ---ਬਦਦੁਆ ਦਿੰਦੀਆਂ ਨੇ---ਨਾਲੇ ਮੁੱਲ ਦੀਆਂ ਤੀਮੀਆਂ ਦੀ ਕਦਰ ਨੀ ਪੈਂਦੀ ਸਹੁਰੇ---"

ਇਹ ਸ਼ਾਇਦ ਉਹਦਾ ਖੁਦ ਦਾ ਦਰਦ ਬੋਲਦਾ ਸੀ---ਸੁਣਦੇ ਸਾਂ ਕਿ ਉਹ ਖੁਦ ਵੀ ਮੁੱਲ ਖਰੀਦੀ ਹੋਈ ਐ ਤੇ ਅੱਗੋਂ ਤਿੰਨੇ ਧੀਆਂ ਦੇ ਵੀ ਉਸ ਨੇ ਪੈਸੇ ਵੱਟੇ ਨੇ---ਹੁਣ ਨਾਂ ਉਹਦੀਆਂ ਧੀਆਂ ਦੀ ਸੁਹਰੇ ਕੋਈ ਕਦਰ ਐ ਤੇ ਨਾਅ ਉਹਦੀ ਕਦੇ ਘਰ `ਚ ਕਿਸੇ ਨੇ ਕੁੱਤੇ ਵਾਲੀ ਜਾਤ ਪੁੱਛੀ ਐ---ਮੁੰਡੇ ਵੀ ਤਿੰਨੋ ਬਦਫੈਲ ਨੇ---ਉਹਨੂੰ ਦੈੜ ਦੈੜ ਕੁੱਟ ਦਿੰਦੇ ਨੇ---ਜਿਹੜੀ ਜਾਇਦਾਦ ਉਹਨੇ ਧੀਆਂ ਵੇਚ ਕੇ ਪੁੱਤਾਂ ਲਈ ਬਣਾਈ ਸੀ ਉਹ ਸਾਰੀ ਨਸ਼ਿਆਂ `ਚ ਰੁੜ ਗਈ---ਹੁਣ ਘਰੇ ਰੋਟੀ ਦੇ ਵੀ ਲਾਲੇ ਪਏ ਹੋਏ ਨੇ--- ਮੈਂ ਸੋਚਿਆਂ ਕਰਾਂ ਕਿ ਮੇਰੀਆਂ ਭੈਣਾਂ ਕਿਸ ਤਰ੍ਹਾਂ ਇਹੋ ਜਿਹੇ ਬੰਦਿਆਂ ਨੂੰ ਪਤੀ ਰੂਪ `ਚ ਸਵੀਕਾਰ ਕਰਨਗੀਆਂ---ਜਿਹੜੇ ਵਿਆਹ ਤੋਂ ਪਹਿਲਾਂ ਸ਼ਰੇਆਮ ਉਹਨਾ ਨੂੰ ਖੇਹ ਖ਼ਰਾਬ ਕਰਨ ਆ ਗਏ ਸਨ--- ਕਦੇ ਮੈਂ ਮਾਪਿਆਂ ਦੀ ਗਿਰ ਚੁੱਕੀ ਮਾਨਸਿਕਤਾ ਅਤੇ ਮਰ ਚੁੱਕੀ ਆਤਮਾ ਬਾਰੇ ਸੋਚਿਆ ਕਰਾਂ---ਕਿਵੇਂ ਸਾਡੇ ਮਾਪੇ ਪੱਥਰ ਦਿਲ ਹੋ ਗਏ?

ਸੋਚਿਆ ਕਰਾਂ ਕਿ ਚਲ ਮਾਂ ਨੇ ਮੇਰੇ ਨਾਲ ਤਾਂ ਜੋ ਕੀਤੀ ਸੋ ਕੀਤੀ---ਕਿਉਂਕਿ ਮੈਂ ਤੀਸਰੀ ਧੀ ਹੋਣੀ ਸਾਂ---ਤੀਸਰੀ ਧੀ ਅਕਸਰ ਅਣਚਾਹੀ ਹੁੰਦੀ ਹੈ---ਸਾਡਾ ਸਮਾਜਕ ਤਾਣਾ ਬਾਣਾ ਹੈ ਈ ਇਹੋ ਜਿਹਾ ਕਿ ਇੱਥੇ ਤੀਸਰੀ ਧੀ ਬਿਲਕੁਲ ਆਲਤੂ ਫ਼ਾਲਤੂ ਸ਼ੈਅ ਹੁੰਦੀ ਹੈ---ਪਰ ਮੇਰੀਆਂ ਭੈਣਾਂ ਤਾਂ ਪਹਿਲੀ ਤੇ ਦੂਜੀ ਥਾਂ ਸਨ---

ਅਜੇ ਪਿੰਡ `ਚ ਕਲਾਲਾਂ ਦੀ ਬੁੜ੍ਹੀ ਦੁਆਰਾ ਨੂਣ ਮਿਰਚ ਲਾ ਕੇ ਦੱਸੀਆਂ ਗੱਲਾਂ ਭਖੀਆਂ ਈ ਹੋਈਆ ਸਨ ਕਿ ਇੱਕ ਹੋਰ ਅਣਹੋਣੀ ਵਰਤ ਗਈ---ਮੇਰੀਆਂ ਭੈਣਾਂ ਨੇ ਇਕੱਠਿਆਂ ਹੀ ਨਹਿਰ ਵਿੱਚ ਛਾਲ ਮਾਰ ਦਿੱਤੀ---ਸ਼ਾਮ ਦਾ ਘੁਸਮੁਸਾ ਸੀ ਜਦੋਂ ਰਾਮਪੁਰੋਂ ਕੋਈ ਬੰਦਾ ਸੁਨੇਹਾ ਲੈ ਕੇ ਆਇਆ---ਘਰ `ਚ ਰੋਣ ਪਿੱਟਣ ਦੀ ਆਵਾਜ਼ ਸੁਣ ਕੇ ਗਲੀ ਗੁਆਂਢ `ਕੱਠਾ ਹੋ ਗਿਆ---ਲੋਕੀਂ ਮੇਰੀਆਂ ਭੈਣਾਂ ਦੀ ਮੌਤ ਦਾ ਅਫ਼ਸੋਸਕਰਨ ਦੇ ਨਾਲ ਨਾਲ ਮੇਰੇ ਧਰਮੀ ਮਾਪਿਆਂ ਨੂੰ ਵੀ ਕੋਸ ਰਹੇ ਸਨ---ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ---ਕਈ ਧੜੱਲੇ ਵਾਲੇ ਬੰਦੇ ਬਾਪੂ ਨੂੰ ਮੂੰਹ ਉੱਤੇ ਈ ਛਿੱਤਰ ਮਾਰ ਰਹੇ ਸਨ---ਰਿਸ਼ਤੇਦਾਰ ਅੱਡ ਛਿੱਬੀਆਂ ਦੇ ਰਹੇ ਸਨ---ਬਾਪੂ ਨੂੰ ਧੀਆਂ ਦਾ ਕਾਤਲ ਤੱਕ ਕਹਿ ਰਹੇ ਸਨ---ਬੀਰਾ ਅੱਜ ਕੱਲ੍ਹ ਪਤਾ ਨੀ ਕਿਹੜਾ ਨਸ਼ਾ ਖਾਂਦਾ ਸੀ ਕਿ ਉਹਨੂੰ ਨਾ ਕੁੱਝ ਸੁਣਦਾ ਸੀ ਤੇ ਨਾ ਦਿਸਦਾ ਸੀ---ਉਹ ਨਸ਼ੇ ਦੀ ਲੋਰ `ਚ ਮਸਤ ਤੁਰਿਆ ਫਿਰਦਾ---ਤੀਵੀਆਂ ਮੇਰੀ ਮਾਂ ਨੂੰ ਵੀ ਬਾਪੂ ਦੇ ਬਰਾਬਰ ਦੋਸ਼ੀ ਠਹਿਰਾਅ ਰਹੀਆਂ ਸਨ---ਇੱਕ ਗੁਆਂਢਣ ਬੋਲੀ,

“ਨਾਂ ਭਲਾ ਬੀਬੀ---ਤੈਨੂੰ ਵੀ ਤਾਂ ਕਨਸੋਅ ਲੱਗ ਈ ਗਈ ਹੋਣੀ---ਨਾਲੇ ਬਿਸਨੇ ਕੋਲ ਮਿਲਟਾਂ ਸਕਿਲਟਾਂ `ਚ ਕਿਧਰੋ ਮੀਂਹ ਬਰਸ ਗਿਆ ਪੈਸਿਆਂ ਦਾ---ਤੀਵੀਂ ਪੁੱਛਦੀ ਓ ਐ ਆਦਮੀ ਨੂੰ ਬਈ ਐਨਾਂ ਧਨ ਕਿਥੋਂ ਮਿਲਿਐ---"

ਮਾਂ ਸੁਣ ਕੇ ਰੋਣ ਲੱਗ ਪਈ ਸੀ---ਛਾਤੀ ਪਿੱਟ ਰਹੀ ਸੀ---ਦੁਹੱਥੜੇ ਮਾਰ ਰਹੀ ਸੀ---ਉੱਚੀ ਉੱਚੀ ਵਿਰਲਾਪ ਕਰ ਰਹੀ ਸੀ---ਬਾਪੂ ਢੀਠਾਂ ਵਾਂਗ ਕੰਧ ਦਾ ਸਹਾਰਾ ਲਈ ਬੈਠਿਆ ਰਹਿੰਦਾ---

ਅਗਲੀ ਸਵੇਰ ਬਾਪੂ ਪੰਜ ਸੱਤ ਸਕੇ ਸੰਬੰਧੀਆਂ ਨੂੰ ਲੈ ਕੇ ਰਾਮਪੁਰੇ ਤੁਰ ਗਿਆ---ਭੈਣਾਂ ਦੀਆਂ ਲਾਸ਼ਾਂ ਕਿਧਰੋਂ ਵੀ ਨਹੀਂ ਸਨ ਮਿਲ ਰਹੀਆਂ---ਡਬੋਲੀਏ ਸਾਰੀ ਵਾਹ ਬੇਲਾ ਲਾ ਥੱਕੇ ਸਨ---ਪਰ ਭੈਣਾਂ ਦੀਆਂ ਲਾਸ਼ਾਂ ਨਾ ਮਿਲੀਆਂ---ਉਹਨਾਂ ਦੀ ਮੌਤ ਦਾ ਕਿਸੇ ਨੇ ਕੁੱਤੇ ਬਿੱਲੇ ਦੀ ਮੌਤ ਜਿੰਨਾ ਵੀ ਅਫ਼ਸੋਸ ਨਾ ਕੀਤਾ---ਸ਼ਾਇਦ ਉਹਨਾਂ ਦੇ ਸਹੁਰੇ ਪੈਸੇ ਖ਼ਰਾਬ ਹੋਣ ਦਾ ਮਣਖ ਜ਼ਰੂਰਕਰਦੇ ਹੋਣ---ਆਂਢੀ ਗੁਆਂਢੀ ਆਉਂਦੇ ਤੇ ਮੇਰੀਆਂ ਭੈਣਾਂ ਦੀਆਂ ਲਾਸ਼ਾਂ ਬਾਰੇ ਸਰਸਰਾ ਜਿਹਾ ਪੁੱਛਦੇ---

ਹ਼ਫਤੇ ਕੁ ਬਾਦ ਡਾਕੀਆਂ ਇੱਕ ਬੰਦ ਲਫ਼ਾਫ਼ਾ ਸਾਡੇ ਘਰ ਸਿੱਟ ਗਿਆ---ਮੈਂ ਲਫ਼ਾਫ਼ਾ ਚੱਕਿਆ ਤੇ ਮਾਂ ਦੀ ਆਗਿਆ ਨਾਲ ਖੋਲ੍ਹ ਕੇ ਪੜ੍ਹਨ ਲੱਗੀ---ਮਾਂ ਨੇ ਵੀ ਕੰਨ ਮੇਰੇ ਵੱਲ ਕੀਤੇ---ਬਾਪੂ ਵੀ ਉਠ ਕੇ ਅੰਦਰ ਆ ਗਿਆ---ਇਹ ਖਤ ਮੇਰੀਆਂ ਭੈਣਾਂ ਵੱਲੋਂ ਸੀ,

ਹੇ ਧਰਮੀ ਮਾਪਿਓ---ਬਿਸ਼ਨ ਸਿੰਘ ਤੇ ਜੀਤ ਕੌਰ---ਸਾਡਾ ਤੁਹਾਡੇ ਘਰ ਜਨਮ ਲੈਣਾ ਸਾਡੇ ਵੱਸ ਵਿੱਚ ਨਹੀਂ ਸੀ---ਅਸੀਂ ਬਦਕਿਸਮਤ ਧੀਆਂ ਨਿੱਜ ਤੁਹਾਡੇ ਘਰ ਜੰਮੀਆਂ---ਤੁਸੀਂ ਜੋ ਪੈਸੇ ਲੈ ਕੇ ਸਾਨੂੰ ਇਹਨਾਂ ਬਦਮਾਸ਼ਾਂ ਨਾਲ ਨਰੜ ਦਿੱਤਾ ਹੈ---ਅਤੇ ਉਸ ਪੁੱਤ ਲਈ ਦੋ ਕਿੱਲੇ ਜ਼ਮੀਨ ਛੁਡਵਾ ਲਈ ਐ ਜਿਸ ਨੇ ਇਹ ਵੇਚ ਦਿੱਤੀ ਸੀ---ਇਸ ਪਾਪ ਦਾ ਹਿਸਾਬ ਕਿਤਾਬ ਤੁਹਾਨੂੰ ਏਸੇ ਜਨਮ ਵਿੱਚ ਚੁਕਾਉਣਾ ਪਵੇਗਾ---ਸਾਡੇ ਬੇਗ਼ੈਰਤ ਤੇ ਬਦਮਾਸ਼ ਪਤੀ ਪਰਮੇਸ਼ਰ ਸਾਨੂੰ ਵਿਆਹ ਕੇ ਨਹੀਂ ਲਿਆਏ---ਸਗੋਂ ਦੇਹ ਦਾ ਧੰਦਾ ਕਰਨ ਲਈ ਲਿਆਏ ਹਨ---ਸਾਥੋਂ ਧੰਦਾ ਕਰਵਾ ਕੇ ਸਾਡੇ ਬਦਲੇ ਦਿੱਤੀ ਰਕਮ ਵੀ ਵਸੂਲਣਾ ਚਾਹੰੁਦੇ ਹਨ ਤੇ ਹੋਰ ਪੈਸਾ ਵੀ ਕਮਾਉਣਾ ਚਾਹੰੁਦੇ ਹਨ---ਇਸ ਘ੍ਰਿਣਤ ਕੰਮ ਲਈ ਤੁਸੀਂ ਧਰਮੀ ਮਾਪੇ ਜ਼ਿੰਮੇਵਾਰ ਹੋ---ਲੋਕ ਮਾਪਿਆਂ ਨੂੰ ਧਰਮੀ ਮਾਪੇ ਮੰਨਦੇ ਨੇ ਪਰ ਤੁਹਾਡੇ ਵਰਗੇ ਲਾਲਚੀ, ਗਿਰੇ ਹੋਏ, ਬੇਈਮਾਨ, ਪੁੱਤਰ ਮੋਹ `ਚ ਫਸ ਕੇ ਧੀਆਂ ਵੇਚ ਦੇਣ ਵਾਲੇ ਮਾਪੇ ਧਰਮੀ ਕਿਸ ਤਰ੍ਹਾਂ ਹੋ ਸਕਦੇ ਨੇ---ਇਸ ਜਿੱਲਤ ਭਰੇ ਕੰਮ ਨਾਲੋਂ---ਰੋਜ਼ ਆਪਣੀ ਆਤਮਾ ਮਾਰ ਕੇ ਮਰਜ਼ੀ ਦੇ ਖਿਲਾਫ਼ ਪਰਾਏ ਮਰਦਾਂ ਨਾਲ ਗੰਦੀਆਂ ਹੋਣ ਨਾਲੋਂ ਮਰਨਾ ਬੇਹਤਰ ਹੈ---ਜੇ ਅਸੀਂ ਚਾਹੀਏ ਤਾ ਤੁਹਾਨੂੰ ਜੇਲ੍ਹ ਭਿਜਵਾ ਸਕਦੀਆਂ ਸਾਂ---ਪਰ ਧੀਆਂ ਕਦੇ ਕੁਧਰਮੀ ਨੀ ਹੋ ਸਕਦੀਆਂ---ਉਹ ਧਰਮੀ ਧੀਆਂ ਈ ਰਹਿੰਦੀਆਂ ਨੇ---ਧੀਆਂ ਕਦੇ ਮਾਪਿਆਂ ਦਾ ਬੁਰਾ ਨਹੀਂ ਚਿੱਤਵਦੀਆਂ---ਧਰਮੀ ਮਾਪਿਆਂ ਦਾ ਨੁਕਸਾਨ ਕਰਨ ਦੀ ਬਜਾਏ ਮਰ ਸਕਦੀਆਂ ਨੇ ਸੋ ਮਰ ਰਹੀਆਂ ਹਾਂ--- ਅਸੀਂ ਦੋਵੇਂ ਭੈਣਾਂ---

ਚਿੱਠੀ ਪੜ੍ਹ ਕੇ ਸੁਣਾਉਂਦਿਆਂ ਮੇਰਾ ਸੰਘ ਸੁੱਕਦਾ ਗਿਆ---ਮੈਂ ਹੈਰਾਨ ਸਾਂ ਕਿ ਭੈਣਾਂ ਨੇ ਇਹ ਚਿੱਠੀ ਕਿਸ ਤੋਂ ਲਿਖਵਾਈ ਹੋਣੀ---ਮੇਰੀ ਮਾਂ ਨੇ ਵੀ ਤੋਤਲੀ ਆਵਾਜ਼ ਵਿੱਚ ਇਹੀ ਖਦਸ਼ਾ ਪ੍ਰਗਟ ਕੀਤਾ ਕਿ ਇਹ ਚਿੱਠੀ ਮੇਰੀਆਂ ਭੈਣਾਂ ਨੇ ਕਿਸ ਕੋਲੋਂ ਲਿਖਵਾਈ ਹੋਣੀ---ਕਿਤੇ ਕੋਈ ਪੁਲਸ ਕਚਹਿਰੀ ਦਾ ਬਖੇੜਾ ਖੜ੍ਹਾ ਨਾ ਹੋ ਜਾਵੇ---ਪਰ ਮੈਂ ਮਾਂ ਨੂੰ ਹੌਸਲਾ ਦਿੱਤਾ ਕਿ ਜੇ ਕੋਈ ਪੰਗਾ ਪੈਣਾ ਹੰੁਦਾ ਤਾਂ ਹੁਣ ਤੱਕ ਪੈ ਜਾਂਦਾ---ਮਾਂ ਨਿਸ਼ਚਿੰਤ ਹੋ ਗਈ---ਮੈਂ ਹੈਰਾਨ ਸਾਂ ਕਿ ਮਾਂ ਨੂੰ ਧੀਆਂ ਦੀ ਮੌਤ ਦਾ ਦੁੱਖ ਨਹੀਂ ਸੀ ਸਗੋਂ ਪੁਲਸ ਠਾਣੇ ਦਾ ਖੌਫ਼ ਸੀ---

ਦੋ ਮਹੀਨੇ ਬੀਤ ਗਏ---ਮੇਰੀਆਂ ਭੈਣਾਂ ਦੀਆਂ ਨਾ ਲਾਸ਼ਾਂ ਮਿਲੀਆਂ ਤੇ ਨਾ ਹੀ ਕੋਈ ਹੋਰ ਉਘ ਸੁੱਘ---ਉਂਜ ਰਾਮਪੁਰ ਦੇ ਲੋਕ ਆਖਦੇ ਸਨ ਕਿ ਉਹਨਾਂ ਦੀਆਂ ਲਾਸ਼ਾਂ ਲੱਭਣ ਲਈ ਕਿਸੇ ਨੇ ਬਹੁਤੀ ਕੋਸ਼ਿਸ਼ ਨਹੀਂ ਕੀਤੀ---ਧਰਮੀ ਮਾਪਿਆਂ ਬਿਨ੍ਹਾਂ ਕੌਣ ਪੈਰਵੀ ਕਰਦਾ---ਜਿਸ ਚਸ਼ਮਦੀਦ ਗਵਾਹ ਨੇ ਮੇਰੀਆਂ ਭੈਣਾਂ ਨੂੰ ਨਹਿਰ `ਚ ਛਾਲ ਮਾਰਦਿਆਂ ਦੇਖਿਆ ਸੀ---ਉਹ ਜ਼ਰੂਰ ਸਦਮੇ ਸਦਕਾ ਗੜੁੱਪ ਹੋ ਗਿਆ ਸੀ---ਉੱਕਾ ਚੁੱਪ---ਬੱਸ ਇਕੋਂ ਗੱਲ ਆਖਦਾ---ਦੋਵੇ ਭੈਣਾਂ ਮੇਰੇ ਸਾਹਮਣੇ ਨਹਿਰ `ਚ ਕੁੱਦ ਗਈਆਂ---ਮੈਨੂੰ ਤੈਰਨਾ ਨੀ ਸੀ ਆਉਂਦਾ---ਨਹੀਂ ਤਾਂ---ਨਹੀਂ ਤਾਂ---ਨਹੀਂ ਤਾਂ---

ਮੇਰੇ ਮਾਪਿਆਂ ਨੇ ਏਸ ਕਰਕੇ ਪੈਰਵੀ ਨਾ ਕੀਤੀ ਕਿ ਮਤੇ ਉਹਨਾਂ ਦੇ ਸਹੁਰੇ ਪੈਸੇ ਹੀ ਨਾ ਵਾਪਸ ਮੰਗ ਲੈਣ---ਤੇ ਮੇਰੀਆਂ ਭੈਣਾਂ ਦੇ ਸਹੁਰੇ ਇਸ ਡਰੋਂ ਚੁੱਪ ਰਹੇ ਕਿ ਕਿਤੇ ਮੇਰੇ ਮਾਪੇ ਉਹਨਾਂ ਉੱਤੇ ਧੀਆਂ ਦੀ ਮੌਤ ਦਾ ਕੇਸ ਹੀ ਨਾ ਕਰ ਦੇਣ---ਇਵੇਂ ਈ ਪਤਾ ਨੀ ਕਿੰਨੀਆਂ ਅਣਚਾਹੀਆਂ ਤੇ ਬੇਕਦਰੀਆਂ ਧੀਆਂ ਰੋਜ਼ ਰੋਜ਼ ਮਰਦੀਆਂ ਹੋਣਗੀਆਂ---ਮੈਂ ਪਤਾ ਨੀ ਕਿਹੜੇ ਵਹਿਣਾਂ `ਚ ਵਹਿ ਤੁਰੀ---ਮੈਂ ਉੱਚੀ ਉੱਚੀ ਬੋਲ ਰਹੀ ਸਾਂ:-

“ਮੇਰੀਆਂ ਭੈਣਾਂ ਵੀ ਪਿੱਤਰਾਂ ਸੰਗ ਰਲ ਗਈਆਂ---ਪਿੱਤਰਾਂ ਸੰਗ ਰਲ ਗਈਆਂ" ਬਾਪੂ ਦਾ ਕਸਿਆ ਮੂੰਹ ਦੇਖ ਕੇ ਮੈਂ ਚੁੱਪ ਹੋ ਗਈ---ਭੀੜ ਵਿੱਚ ਈ ਰਲ ਗਈ---ਮੈਨੂੰ ਬਹੁਤ ਦੁਖ ਹੋ ਰਿਹਾ ਸੀ ਕਿ ਮੇਰੀਆਂ ਭੈਣਾਂ ਭੰਗ ਦੇ ਭਾੜੇ ਈ ਮਰ ਗਈਆਂ---ਉਹਨਾਂ ਦੀ ਮੌਤ ਲਈ ਮੇਰੇ ਮਾਪੇ ਜ਼ਿੰਮੇਵਾਰ ਸਨ---ਬੀਰਾ ਡੰਗਰਾਂ ਆਲੇ ਕੋਠੇ ਮੁਹਰੇ ਧੁੱਪੇ ਈ ਮੰਜੀ ਡਾਹੀ ਪਿਆ ਸੀ---ਉਹ ਜਾਇਦਾਦ ਦਾ ਵਾਰਸ ਸੀ ਤੇ ਮਰ ਗਈਆਂ ਭੈਣਾਂ ਲਈ ਉਹਨੇ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਮਾਰਿਆ।

10

ਮੈਰੀਆਂ ਭੈਣਾਂ ਨੂੰ ਮਰਿਆਂ ਚਾਰ ਮਹੀਨੇ ਹੋ ਗਏ ਸਨ---ਇਕ ਦਿਨ ਬਾਪੂ ਪਿੰਡ ਦੇ ਅੱਠ ਦਸ ਵਿਹਲੜ ਤੇ ਨਿਕੰਮੇ ਬੰਦਿਆਂ ਨੂੰ ਲੈ ਕੇ ਮੇਰੀਆਂ ਭੈਣਾਂ ਦੇ ਸਹੁਰੇ ਗਿਆ---ਜਾ ਕੇ ਉਹਨਾਂ ਨੂੰ ਦਾਜ ਵਿੱਚ ਦਿੱਤਾ ਗਿਆ ਸਮਾਨ ਮੋੜਨ ਲਈ ਕਿਹਾ---ਉਹਨਾਂ ਨੇ ਸਾਰੀ ਪੰਚਾਇਤ ਦੇ ਸਾਹਮਣੇ ਬਾਪੂ ਦੀ ਉਹ ਫ਼ਜੀਹਤ ਕੀਤੀ ਕਿ ਰਹੇ ਰੱਬ ਦਾ ਨਾਂ---ਉਹ ਆਖਣ ਲੱਗੇ ਕਿ ਸਰਦਾਰ ਜੀ ਥੋੜੀ ਸ਼ਰਮ ਕਰ---ਏਸ ਦਾਜ ਤੇ ਕਿਹੜਾ ਤੈਂ ਰੋਕੜ ਖਰਚ ਕੀਤਾ ਹੋਇਐ---ਇਹ ਅਸੀਂ ਈ ਬਣਾ ਕੇ ਦਿੱਤਾ ਸੀ---ਨਾਲੇ ਤੈਨੂੰ ਚਿੜੀ ਦੀ ਜੀਭ ਵਰਗੇ ਪੰਜਾਹ ਹਜਾਰ ਰੁਪਈਏ ਨਕਦ ਦਿੱਤੇ---ਤੈਂ ਇਹਨਾਂ ਈ ਪੈਸਿਆਂ ਨਾਲ ਦੋ ਕਿੱਲੇ ਗਹਿਣੇ ਧਰੀ ਜ਼ਮੀਨ ਛਡਾ ਲੀ---ਵਿਆਹ ਦੇ ਲੱਡੂਆਂ ਜਲੇਬੀਆਂ ਦੇ ਪੈਸੇ ਅਸੀਂ ਦਿੱਤੇ---ਤੇਰੇ ਪੁੱਤ ਦੇ ਨਸ਼ੇ ਸਾਲ ਭਰ ਅਸੀਂ ਪੂਰੇ ਕਰਦੇ ਰਹੇ---ਬਈ ਤੂੰ ਐਨਾ ਚਵਲ ਵੀ ਹੋ ਸਕਦੈ---ਇਹ ਨਹੀਂ ਸੀ ਪਤਾ ਸਾਨੂੰ---ਧੀਆਂ ਵੇਚਣ ਲੱਗਿਆਂ ਥੋਨੂੰ ਸ਼ਰਮ ਨਾ ਆਈ---ਜਾਹ ਕਿਸੇ ਖੂਹ ਖਾਤੇ `ਚ ਪੈ ਜਾ---ਰੋਕੜ ਗਿਣਾਉਣ ਵੇਲੇ ਕਿਉਂ ਨਾ ਲਿਆਇਆ ਪੰਚਾਇਤ ਜੋੜ ਕੇ---?---ਉਦੋਂ ਤਾਂ ਚੁੱਪ ਚੁਪੀਤੇ ਦੋਵੇਂ ਪਿਓ ਪੁੱਤ ਅੱਧੀ ਰਾਤ ਨੂੰ ਚੋਰਾਂ ਮੰਗਣਾਂ ਪੱਲੀ ਲੈ ਕੇ ਆ ਗੇ ਸੀਗ੍ਹੇ ਰੁਪਈਏ ਬੰਨ੍ਹਣ ਨੂੰ---ਹੁਣ ਪੰਚਾਇਤ ਜੋੜ ਕੇ ਆ ਗਿਐਂ---ਇਹ ਵੀ ਭਲੇ ਮਾਣਸ ਪ੍ਰੇਸ਼ਾਨ ਕੀਤੇ---ਮੇਰਾ ਛੋਟਾ ਜੀਜਾ ਨਾਲ ਗਏ ਬੰਦਿਆਂ ਨੂੰ ਸੰਬੋਧਨ ਹੋਇਆ ਸੀ,

“ਸਰਦਾਰ ਜੀਓ---ਥੋਨੂੰ ਸੈਂਤ ਇਸ ਬਿਸ਼ਨੇ ਦੀ ਤੇ ਇਹਦੇ ਪੁੱਤ ਦੀ ਕਰਤੂਤ ਨਹੀਂ ਪਤਾ---ਇਹਨਾਂ ਨੇ ਸਾਥੋਂ ਸਮੈਕਾਂ ਖਾਣ ਲਈ ਪੂਰਾ ਸਾਲ ਪੈਸੇ ਲਏ---ਫੇਰ ਜਦੋਂ ਜ਼ਮੀਨ ਗਹਿਣੇ ਪੈ ਗਈ ਤਾਂ ਇਹਨਾਂ ਨੇ ਕੁੜੀਆਂ ਵੇਚ ਕੇ ਸਾਥੋਂ ਹਜ਼ਾਰਾਂ ਰੁਪਈਏ ਨਗਦ ਮੰਗੇ---ਆਖਣ ਇੱਕ ਇੱਕ ਕੁੜੀ ਦਾ ਤੀਹ ਤੀਹ ਹਜ਼ਾਰ ਲਵਾਂਗੇ---ਚਲੋ ਪੰਜਾਹ ਹਜ਼ਾਰ `ਚ ਸੌਦਾ ਤਹਿ ਹੋ ਗਿਆ ਫੇਰ---ਅਸੀਂ ਕਿਹਾ ਬਈ ਪੈਂਤੀ ਹਜ਼ਾਰ ਪਹਿਲਾ ਲੈ ਲਓ---ਤੇ ਬਾਕੀ ਦਾ ਪੰਦਰਾਂ ਹਜਾਰ ਵਿਆਹ ਤੋਂ ਬਾਦ `ਚ ਦੇ ਦਿਆਂਗੇ---ਸਾਡੇ ਕੋਲੋਂ ਇਕ ਲਖਤ ਇੰਤਜ਼ਾਮ ਨਹੀਂ ਸੀ ਹੋ ਰਿਹਾ---ਐਡੀ ਰਕਮ ਕਿਹੜਾ ਸੌਖੀ ਐ ਕੱਠੀ ਕਰਨੀ---ਅਸੀਂ ਆੜ੍ਹਤੀ ਨੂੰ ਪੁੱਛਿਆ ਤਾਂ ਉਹਨੇ ਇੱਕ ਮਹੀਨਾ ਮੰਗਿਆ---ਇਸ ਭੜੂਏ ਨੇ ਵਿਆਹ ਲੇਟ ਕਰ `ਤਾ ਪਰ ਪੂਰੇ ਪੈਸੇ ਵਸੂਲੇ ਬਿਨ੍ਹਾਂ ਵਿਆਹ ਨਾ ਕੀਤਾ---ਇਹਨੇ ਸੋਚਿਆ ਕਿਤੇ ਬਾਦ `ਚ ਮੁੱਕਰ ਈ ਨਾ ਜਾਣ---ਥੋਨੂੰ ਵੀ ਜਾਦ ਈ ਹੋਣਾ ਬਈ ਇਹਨੇ ਵਿਆਹ ਲੇਟ ਕਰਿਆ ਸੀ---ਸਾਡੀ ਸਾਰੇ ਰਿਸ਼ਤੇਦਾਰਾਂ `ਚ ਬਦਨਾਮੀ ਹੋਈ---ਪਿੰਡ `ਚ ਥੂਹ ਥੂਹ ਅੱਡ ਹੋਈ---ਤੁਸੀਂ ਆਏ ਹੋ---ਜੀ ਸਦਕੇ---ਪਰ ਤੁਸੀਂ ਦੱਸੋ ਬਈ ਜਿਹੜਾ ਬੰਦਾ ਧੀਆਂ ਬੇਚ ਸਕਦੈ ਉਹ ਕਿੰਨਾ ਕਮੀਨਾ ਹੋ ਸਕਦੈ---ਫੇਰ ਇਹਨੇ ਆਪਣੀਆਂ ਕੁੜੀਆਂ ਲਈ ਦਾਜ ਦਹੇਜ ਸਾਡੇ ਪੱਲਿਓ ਖਰੀਦਿਆ---ਵਿਆਹ ਤੇ ਹੋਣ ਵਾਲਾ ਸਾਰਾ ਖਾਧ ਖਰਚਾ ਵੀ ਇਸ ਨੇ ਸਾਡੇ ਕੋਲੋਂ ਵਸੂਲਿਆ---ਹੁਣ ਇਹ ਕਿਹੜਾ ਦਾਜ ਮੰਗਣ ਆਇਐ---ਇੱਕ ਗੱਲ ਹੋਰ---ਅਸੀਂ ਤਾਂ ਇਹਨੂੰ ਉਦੋਂ ਇਹ ਵੀ ਕਿਹਾ ਸੀ ਬਈ ਲਗਦੇ ਹੱਥ ਤੂੰ ਆਵਦੇ ਬਾਸਤੇ ਨੱਤੀਆਂ ਤੇ ਆਵਦੀ ਤੀਵੀਂ ਬਾਸਤੇ ਪਿੱਪਲ ਪੱਤੀਆਂ ਵੀ ਘੜਵਾ ਲੈ---ਸਾਡੀ ਗੱਲ ਸੁਣ ਕੇ ਇਹ ਢੀਠਾਂ ਵਾਂਗ ਮੁਸਕੜੀਏਂ ਹੱਸਣ ਲੱਗ ਪਿਆ ਸੀ---ਇਹਦਾ ਤਾਂ ਉਹ ਹਾਲ ਐ ਬਈ ਕਿਸੇ ਬੇਸ਼ਰਮ ਦੀ ਪਿੱਠ ਉੱਤੇ ਕੰਡਿਆਲੀ ਪਹਾੜੀ ਕਿੱਕਰ ਉੱਗ ਗਈ---ਕਿਸੇ ਭਲੇ ਮਾਣਸ ਨੇ ਦੇਖ ਕੇ ਕਿਹਾ ਕਿ ਭਾਈ ਤੇਰੀ ਪਿੱਠ ਤੇ ਕੰਡਿਆਲੀ ਕਿੱਕਰ ਉੱਗ ਗਈ ਐ---ਤਾਂ ਉਸ ਢੀਠ ਆਦਮੀ ਨੇ ਅੱਗੋਂ ਜਵਾਬ ਦਿੱਤਾ ਕਿ ਕੋਈ ਨਾ ਬਾਈ ਜੀ---ਨਾਲੇ ਤਾਂ ਛਾਂ ਕਰਿਆ ਕਰੂ---ਸਰੀਰ ਨੂੰ ਧੁੱਪ ਤੋ ਬਚਾਇਆ ਕਰੂ---ਦੁਸਰਾ ਦੁਸ਼ਮਨਾਂ ਤੋਂ ਬਚਾਓ ਹੋ ਜੂ---ਉਹ ਵੀ ਕੰਡੇ ਚੁਭਣ ਤੋਂ ਡਰਦਾ ਮਾਰਿਆ ਦੂਰ ਹੀ ਰਿਹਾ ਕਰੂ---ਛੇੜਿਆ ਈ ਨਾ ਕਰੂ---ਉਹਿਆ ਜਾ ਢੀਠ ਆਹ ਬਿਸ਼ਨਾ ਐ---ਨਾਲੇ ਇੱਕ ਗੱਲ ਹੋਰ---ਜੇ ਇਹ ਖਰਾ ਹੁੰਦਾ ਤਾਂ ਦੋ ਧੀਆਂ ਦੀ ਆਤਮ ਹੱਤਿਆ ਮਗਰੋਂ ਸਾਡੇ ਉੱਤੇ ਕੇਸ ਨਾ ਕਰਦਾ---?ਦੇਖਿਆ ਜਾਵੇ ਤਾਂ ਕੁੜੀਆਂ ਦੀ ਮੌਤ ਬਾਰੇ ਇਹ ਪੰਚਾਇਤ ਜੋੜ ਕੇ ਲਿਆਉਂਦਾ---ਇਹਦਾ ਬਣਦਾ ਵੀ ਸੀ---ਪਰ ਇਹ ਬੰਦਾ ਥੋਹੜਾ ਈ ਐ---ਕੰਜ਼ਰ ਐ ਪੂਰਾ ਕੰਜ਼ਰ---ਤੁਸੀਂ ਦੱਸੋ ਮੈਂ ਝੂਠ ਕਹਿ ਰਿਹਾਂ??ਹੁਣ ਜੇ ਤੁਸੀਂ ਕਹੋਂ ਤਾਂ ਅਸੀਂ ਦਹੇਜ ਮੋੜ ਦਿੰਨੇ ਆਂ---"

ਫੇਰ ਸਰਪੰਚ ਨੇ ਬਾਪੂ ਦੀ ਉਹ ਲਾਹ ਪਾਹ ਕੀਤੀ ਕਿ ਜੇ ਬਾਪੂ `ਚ ਮਾਸਾ ਵੀ ਗ਼ੈਰਤ ਹੁੰਦੀ ਤਾਂ ੳਹ ਚੱਪਣੀ `ਚ ਨੱਕ ਡੋਬ ਕੇ ਮਰ ਜਾਂਦਾ---ਪਰ ਬਾਪੂ ਢੀਠ ਸੀ---ਪੰਚਾਇਤ ਨੇ ਮੇਰੀ ਭੈਣ ਦੇ ਸਹੁਰਿਆਂ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗੀ ਬਈ ਅਸੀਂ ਗਲਤ---ਮਕਾਰ---ਬੇਈਮਾਨ---ਠੱਗ---ਝੂਠੇ ਆਦਮੀ ਨਾਲ ਤੁਰ ਪਏ---

ਤੁਸੀਂ ਸੋਚ ਈ ਸਕਦੇ ਹੋ ਕਿ ਪਿੰਡ ਵਿੱਚ ਤੇ ਲਾਗੇ ਚਾਗੇ ਦੇ ਪਿੰਡਾਂ `ਚ ਮੇਰੇ ਮਾਪਿਆਂ ਦੀ ਕਿੰਨੀ ਕੁ ਬਦਨਾਮੀ ਹੋਈ ਹੋਵੇਗੀ---ਲੋਕ ਮੇਰੇ ਮਾਪਿਆਂ ਅਤੇ ਬੀਰੇ ਨੂੰ ਛਿੱਬੀਆਂ ਦਿਆ ਕਰਨ------ਬਾਪੂ ਦੀ ਇਸ ਘਿਣਾਉਣੀ ਹਰਕਤ ਬਾਦ ਪੰਚਾਇਤ ਨੇ ਸਾਡਾ ਹੁੱਕਾ ਪਾਣੀ ਛੇਕ ਦਿੱਤਾ---ਪਿੰਡ ਦੇ ਸਾਰੇ ਲੋਕਾਂ ਨੇ ਸਾਡਾ ਸੋਸਲ ਬਾਈਕਾਟ ਕਰਨ ਦਾ ਫੈ਼ਸਲਾ ਸੁਣਾ ਦਿੱਤਾ---ਇਹ ਕਿਸੇ ਖਾਨਦਾਨ ਲਈ ਬਹੁਤ ਵੱਡਾ ਕਲੰਕ ਹੁੰਦਾ ਹੈ---ਮੌਤ ਨਾਲੋਂ ਵੀ ਬਦਤਰ ਸਜ਼ਾ---ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਦੋਂ ਪੰਚਾਇਤ ਨੇ ਸਾਡਾ ਹੁੱਕਾ ਪਾਣੀ ਛੇਕ ਦਿੱਤਾ ਤੇ ਸਮਾਜਕ ਬਾਈਕਾਟ ਕਰ ਦਿੱਤਾ ਤਾਂ ਪੰਚਾਇਤ ਦੇ ਇਸ ਫੈਸਲੇ ਦੀ ਇੱਕ ਅਹਿਮੀਅਤ ਇਹ ਰਹੀ ਕਿ ਇਹ ਬਾਈਕਾਟ ਬਿਸਨੇ ਦੀ ਛੋਟੀ ਲੜਕੀ ਉਤੇ ਲਾਗੂ ਨਹੀਂ ਹੋਵੇਗਾ---ਮੈਨੂੰ ਉਦੋਂ ਇਸਦਾ ਕਾਰਨ ਸਮਝ ਨਹੀਂ ਸੀ ਆਇਆ---ਬਾਦ `ਚ ਪਤਾ ਲੱਗਿਆ ਕਿ ਪੰਚਾਇਤ ਨੇ ਮੇਰਾ ਬਾਈਕਾਟ ਇਸ ਕਰਕੇ ਨਹੀਂ ਸੀ ਕੀਤਾ ਕਿਉਂਕਿ ਮੈਂ ਉਹਨਾਂ ਦੀਆਂ ਨਜ਼ਰਾਂ ਵਿੱਚ “ਬੀਬੀ ਕੁੜੀ" ਸਾਂ---ਨੇਕ ਲੜਕੀ ਸਾਂ---ਇਹ ਮੈ ਪੰਚਾਇਤ ਦੀਆਂ ਨਜ਼ਰਾਂ ਵਿੱਚ ਸਾਂ ਘਰਦਿਆਂ ਦੀ ਨਜ਼ਰ ਵਿੱਚ ਤਾਂ ਮੈਂ ਮਨਹੂਸ ਸਾਂ---ਬਦਕਿਸਮਤ---ਨਹਿਸ਼---

ਇਸ ਘਟਨਾ ਤੋਂ ਬਾਦ ਲੋਕ ਮੇਰੀਆਂ ਭੈਣਾਂ ਦੀ ਮੌਤ ਦੇ ਜ਼ਿੰਮੇਵਾਰ ਮੇਰੇ ਮਾਪਿਆਂ ਨੂੰ ਮੰਨਣ ਲੱਗ ਪਏ---ਪਤਾ ਨੀ ਲੋਕਾਂ ਵੱਲੋਂ ਦਿੱਤੀ ਜਾ ਰਹੀ ਫਿਟਲਾਹਣਤੀ ਸਦਕਾ---ਪਤਾ ਨੀ ਸਮਾਜਕ ਬਾਈਕਾਟ ਤੇ ਹੁੱਕਾ ਪਾਣੀ ਛੇਕਣ ਸਦਕਾ ਤੇ ਪਤਾ ਨੀ ਨਮੋਸ਼ੀ ਜਾਂ ਪਛਤਾਵੇ ਸਦਕਾ ਬਾਪੂ ਹੁਣ ਚੁੱਪ ਗੜੁੱਪ ਜਿਹਾ ਰਹਿਣ ਲੱਗ ਪਿਆ ਸੀ---ਸ਼ਾਇਦ ਉਹ ਵੀ ਬੀਰੇ ਵਾਂਗ ਕੋਈ ਨਸ਼ਾ ਖਾਣ ਲੱਗ ਪਿਆ ਸੀ---ਉਹ ਹੁਣ ਪਹਿਲਾਂ ਵਾਂਗ ਫੁਰਤੀਲਾ ਵੀ ਨਹੀਂ ਸੀ ਰਿਹਾ---

ਮਾਂ ਵੀ ਹੁਣ ਥੋਹੜੀ ਠੀਕ ਹੁੰਦੀ ਜਾ ਰਹੀ ਸੀ---ਉਹਦੀ ਆਵਾਜ਼ ਵੀ ਸੁਧਰ ਗਈ ਸੀ---ਘਰ `ਚ ਉਹਨੀਂ ਦਿਨੀ ਇੱਕ ਬਹੁਤ ਭਿਆਨਕ ਅਤੇ ਖੌਫ਼ਨਾਕ ਚੁੱਪ ਪਸਰੀ ਰਹਿੰਦੀ ਸੀ---ਘਰ `ਚ ਅਸੀਂ ਚਾਰ ਜੀਅ ਸਾਂ---ਜਿਸਮਾਂ ਪੱਖੋਂ ਤਾਂ ਇਕੋਂ ਛੱਤ ਹੇਠ ਰਹਿੰਦੇ ਸਾਂ ਪਰ ਉਂਜ ਕੋਹਾਂ ਦੂਰ ਸਾਂ---ਇੱਕ ਦੂਜੇ ਨਾਲ ਬਹੁਤ ਘੱਟ ਗੱਲ ਬਾਤ ਹੁੰਦੀ---ਹੁੱਕਾ ਪਾਣੀ ਛੇਕ ਦੇਣ ਸਦਕਾ ਹੁਣ ਸਾਡੇ ਘਰ ਕਿਸੇ ਦਾ ਆਉਣ ਜਾਣ ਵੀ ਨਹੀਂ ਸੀ--- ਬੱਸ ਕਦੇ ਕਦਾਈਂ ਬਸੰਤੀ ਦਾਈ ਆ ਜਾਂਦੀ---ਮਾਂ ਉਹਦੇ ਨਾਲ ਹੌਲੀ ਹੌਲੀ ਗੱਲਾਂ ਕਰਦੀ---ਪਤਾ ਨੀ ਉਹਦੇ ਨਾਲ ਕਿਹੜੇ ਭੇਤ ਸਾਂਝੇ ਕਰਦੀ---ਉਹ ਸਾਡੇ ਘਰ ਬਾਰੇ ਹੋ ਰਹੀ ਚਰਚਾ ਤੋਂ ਵੀ ਮੇਰੀ ਮਾਂ ਨੂੰ ਅਵਗਤ ਕਰਾਉਂਦੀ---ਕਦੇ ਕਦੇ ਹਮਦਰਦੀ ਦਿਖਾਉਂਦੀ ਹੋਈ ਆਖਦੀ,

“ਜੀਤੋ ਪਤਾ ਨੀ ਥੋਡੇ ਘਰ ਨੂੰ ਕੀਹਦੀ ਨਜਰ ਖਾ ਗਈ---ਚੰਗਾ ਭਲਾ ਹਸਦਾ ਵਸਦਾ ਘਰ ਸੀ---"

ਫੇਰ ਕੁੱਝ ਦੇਰ ਚੁੱਪ ਰਹਿਣ ਤੋਂ ਬਾਦ ਲੰਬਾ ਹਾਉਕਾ ਭਰ ਕੇ ਆਖਦੀ,

“ਜੀਤੋ ਤੈਨੂੰ ਨੀ ਲਗਦਾ ਬਈ ਥੋਨੂੰ ਜੰਮਣੋਂ ਪਹਿਲਾਂ ਮਾਰੀ ਧੀ ਅਤੇ ਮਰੋ ਦਾ ਸਰਾਫ਼ ਲੱਗ ਗਿਆ---ਭਲਾਂ ਦੀ ਕੀ ਕਰਨੀ ਸੀ ਤੁਸੀਂ ਪੁੱਤਾਂ ਦੀ ਜੋੜੀ---ਇੱਕ ਨੇ ਈ ਘਰ ਬਰਬਾਦ ਕਰ ਤਾ---ਗੰਗਾ ਨਵ੍ਹਾ ਤੇ ਸਾਰੇ---ਜੋੜੀ ਹੋ ਜਾਂਦੀ ਤਾਂ ਪਤਾ ਨੀ ਕੀ ਕੀ ਚੰਦ ਚੜ੍ਹਾਉਂਦੀ---ਨਾਲੇ ਤੁਸੀਂ ਅੱਕੀ ਤੇ ਗੁਜਰੀ ਨੂੰ ਵੇਚਣਾ ਨਹੀਂ ਸੀ---ਧੀਆਂ ਦਾ ਸਰਾਫ਼ ਮਾੜਾ ਹੁੰਦੈ---ਉਹਨਾਂ ਦੀ ਮੌਤ ਦੇ ਤੁਸੀਂ ਜਿੰਮੇਵਾਰ ਬਣ ਗਏ---ਭਾਈ ਘਰ ਨੂੰ ਸਰਾਫ ਤਾਂ ਲੱਗਣਾ ਈ ਸੀਗ੍ਹਾ---"

ਮਾਂ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੰਦੀ---ਸ਼ਾਇਦ ਉਹਦੇ ਕੋਲ ਬਸੰਤੀ ਦੀਆਂ ਗੱਲਾਂ ਦੋ ਕੋਈ ਵਾਜਬ ਜਵਾਬ ਨਹੀਂ ਸੀ---ਹੋ ਵੀ ਨਹੀਂ ਸੀ ਸਕਦਾ! ਮਾਹੌਲ ਵਿੱਚ ਆਏ ਤਣਾਅ ਨੂੰ ਢਿੱਲਿਆ ਕਰਨ ਲਈ ਬਸੰਤੀ ਮੇਰੇ ਵੱਲ ਤੱਕਦਿਆਂ ਬੋਲੀ ਸੀ,

“ਮਰੋ ਦਾ ਵੀ ਕਰ ਦਿੰਦੇ ਕਿਧਰੇ ਰਿਸ਼ਤਾ---ਪਰ ਦੇਖਿਓ ਹੁਣ ਨਾ ਪਹਿਲਾਂ ਆਲੀ ਗਲਤੀ ਕਰਿਓ---ਇਹਨੂੰ ਪੁੰਨ ਦੀ ਬਿਆਹਿਓ---ਇਹ ਤਾਂ ਬਚਾਰੀ ਪਹਿਲਾਂ ਦੀ ਅਧਮਾਣਸ ਐ---ਨਾਲੇ ਕੁੜੀਆਂ ਦੇ ਪੈਸੇ ਕਿਸੇ ਨੂੰ ਫਲਦੇ ਨੀ---ਦੇਖ ਲੈ ਪਿੰਡ `ਚ ਜਿਹਨਾਂ ਨੇ ਵੀ ਧੀਆਂ ਦੇ ਪੈਸੇ ਲੈ ਕੇ ਵਿਆਹ ਕੀਤੇ ਨੇ---ਸਾਰੇ ਖਾਖੀ ਜੂਨ ਨੂੰ ਪਹੰੁਚੇ ਪਏ ਨੇ---ਬਰਬਾਦ ਹੋਏ ਪਏ ਨੇ---ਆਹ ਸੂਬੇਦਾਰਾਂ ਨੇ ਤਿੰਨੇ ਬੇਚੀਆਂ---ਦੇਖ ਲੈ ਘਰ ਈ ਔਤ ਚਲਿਆ ਗਿਆ---ਕਿਸੇ ਮੁੰਡੇ ਕੋਲ ਕੋਈ ਜੁਆਕ ਨੀ ਹੋਇਆ---ਹੁਣ ਤਿੰਨਾ ਮੁੰਡਿਆਂ ਨੇ ਤਿੰਨੇ ਭੈਣਾਂ ਕੋਲੋਂ ਇੱਕ ਇੱਕ ਪੁੱਤ ਗੋਦ ਲਿਐ---ਗੱਲ ਉਥੇ ਦੀ ਉਥੇ ਆ ਗਈ ਨਾ---ਸੂਬੇਦਾਰਾਂ ਨੇ ਜਿਹੜੀਆਂ ਧੀਆਂ ਬੇਚ ਕੇ ਪੁੱਤਾਂ ਬਾਸਤੇ ਜ਼ਮੀਨਾਂ ਖਰੀਦੀਆਂ ਸੀਗ੍ਹੀਆਂ ਉਹ ਉਹਨਾਂ ਈ ਧੀਆਂ ਦੇ ਪੁੱਤਾਂ ਕੋਲ ਪਹੁੰਚ ਜਾਣਗੀਆਂ---ਰੱਬ ਵੀ ਕਦੇ ਕਦੇ ਬਹੁਤ ਅਨਸਾਫ ਕਰਦੈ---"

ਬਸੰਤੀ ਨੇ ਹੋਰ ਵੀ ਕਈ ਘਰਾਂ ਦੀਆਂ ਕਹਾਣੀਆਂ ਸੁਣਾਈਆਂ ਜਿਹਨਾਂ ਨੇ ਧੀਆਂ ਵੇਚੀਆਂ ਤੇ ਬਰਬਾਦ ਹੋਏ---ਜਿਹਨਾਂ ਨੇ ਪੁੰਨ ਦੀਆਂ ਵਿਆਹੀਆਂ ਉਹਨਾਂ ਦੇ ਘਰਾਂ `ਚ ਖੁਸ਼ਹਾਲੀ ਐ---ਮੇਰੀ ਮਾਂ ਬਹੁਤ ਧਿਆਨ ਨਾਲ ਬਸੰਤੀ ਦੀਆਂ ਗੱਲਾਂ ਸੁਣ ਰਹੀ ਸੀ---ਸ਼ਾਇਦ ਪਛਤਾਅ ਵੀ ਰਹੀ ਹੋਵੇਗੀ---! ਫੇਰ ਉਹ ਜਿਵੇਂ ਕਿਸੇ ਖੂਹ ਚੋ ਬੋਲੀ,

“ਮਰੋ ਦਾ ਰਿਸ਼ਤਾ---?? ਦੱਸੀਂ ਕੋਈ ਚੰਗਾ ਜਿਹਾ ਘਰ---ਤੂੰ ਤਾਂ ਬੰਨੇ ਚੰਨੇ ਦੇ ਪਿੰਡਾਂ `ਚ ਜਾਂਦੀ ਰਹਿਨੀ ਐ---ਰੱਖੀਂ ਕੋਈ ਘਰ ਨਿਗ੍ਹਾ `ਚ---ਨਾਲੇ ਸੱਤੇ ਲਈ ਵੀ ਦੇਖੀਂ ਕੋਈ ਚੰਗਾ ਜਿਹਾ ਰਿਸ਼ਤਾ---ਕੁੜੀ ਸਹੁਨਰੀ ਹੋਵੇ, ਸੋਹਣੀ ਹੋਵੇ ਤੇ ਸਿਆਣੀ ਵੀ ਜਿਹੜੀ ਇਹਨੂੰ ਨੱਥ ਪਾ ਲਵੇ---ਇਹਦੇ ਨਸ਼ੇ ਪੱਤੇ ਛੁਡਵਾ ਦੇਵੇ---ਨਾਲੇ ਚੱਜ ਨਾਲ ਘਰ ਬਾਰ ਸਾਂਭੇ---"

“ਜੀਤੋ---ਸੱਤੇ ਨੂੰ ਕਹਨੇ ਧੀ ਦੇਣੀ ਐ---ਨਾਲੇ ਭਾਈ ਥੋਡੀ ਤਾਂ ਦੂਰ ਦੂਰ ਤੱਕ ਛੀਂਟ ਰੌਲ ਖ਼ਰਾਬ ਹੋਈ ਵੀ ਐ---ਕਿਸੇ ਨੇ ਸਾਕ ਨੀ ਕਰਨਾ ਸੱਤੇ ਨੂੰ---ਇਹਦੇ ਲਈ ਤਾਂ ਕੋਈ ਮੁੱਲ ਮੱਲ ਦੀ ਲਿਆਉਂਦੀ ਪੈਣੀ ਐ---ਕੋਈ ਪੂਰਬਣੀ---ਪੁੰਨ ਦੇ ਸਾਕ ਦੀ ਤਾਂ ਤੁਸੀਂ ਝਾਕ ਛੱਡ ਦਿਓ---ਐਨੀ ਹਵਾ ਖ਼ਰਾਬ ਹੋਈ ਪਈ ਐ ਥੋਡੀ---ਬਈ ਦੂਰ ਦੂਰ ਤੱਕ ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ---"

ਬਸੰਤੀ ਨੇ ਮਾਂ ਨੂੰ ਖਰੀ ਖਰੀ ਸੁਣਾ ਦਿੱਤੀ---ਮਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ---ਉਹਦਾ ਮੂੰਹ ਗੁੱਸੇ `ਚ ਲਾਲ ਹੋ ਗਿਆ---ਉਹ ਨਿੱਠ ਕੇ ਬਹਿੰਦਿਆਂ ਬਸੰਤੀ ਦੇ ਹੱਥ ਫੜ ਕੇ ਬੋਲੀ,

“ਨਾਅ ਭੈਣੇ---ਫੇਰ ਤੇਰੇ ਵਰਗੇ ਭੈਣ ਭਾਈ ਕਦੋਂ ਕੰਮ ਆਉਣਗੇ---ਨਾਲੇ ਛੀਂਟ ਰੌਲ ਨੂੰ ਕਿਹੜਾ ਅਸੀਂ ਕਿਤੇ ਡਾਕੇ ਮਾਰਦੇ ਆਂ---ਹੁਣ ਕੁੜੀਆਂ ਮਰ ਗਈਆਂ ਤਾਂ---ਆਂ---ਆਂ---ਆਂ---"

ਕਿੰਨੀ ਦੇਰ ਤੱਕ ਬਸੰਤੀ ਮੇਰੀ ਮਾਂ ਦੇ ਮੂੰਹ ਵੱਲ ਤੱਕਦੀ ਰਹੀ ਸੀ ਕਿ ਉਹ ਅੱਗੇ ਕੀ ਕਹਿਣਾ ਚਾਹੁੰਦੀ ਹੈ---ਪਰ ਮਾਂ ਨੂੰ ਅੱਗੇ ਕੁੱਝ ਔੜਿਆ ਈ ਨਹੀਂ ਸੀ---ਉਡੀਕ ਕੇ ਬਸੰਤੀ ਆਪੇ ਆਖਣ ਲੱਗੀ,

“ਦੇਖ ਜੀਤੋ---ਤੂੰ ਤਾਂ ਅੰਦਰੋਂ ਨੀ ਨਿਕਲਦੀ---ਲਾਂਭ ਚਾਂਭ ਦੇ ਬੀਹ ਬੀਹ ਕੋਹਾਂ ਤੱਕ ਚਰਚੇ ਹੋਏ ਸੀ ਕੁੜੀਆਂ ਦੀ ਮੌਤ ਦੇ---ਫੇਰ ਬਿਸਨੇ ਨੂੰ ਕੀ ਲੋੜ ਪਈ ਸੀ ਪੰਚਾਇਤ ਜੋੜ ਕੇ ਦਾਜ ਵਾਪਸ ਮੰਗਣ ਜਾਣ ਦੀ---ਉਹਨੂੰ ਪਤਾ ਨੀ ਸੀ ਬਈ ਦਾਜ ਕੁੜੀਆਂ ਦੇ ਸਹੁਰਿਆਂ ਨੇ ਈ ਬਣਾ ਕੇ ਦਿੱਤਾ ਵਿਐ---? ਕੁੜੀਆਂ ਦੇ ਮਰਨ ਦੀ ਗੱਲ ਠੰਢੀ ਪਈ ਹੋਈ ਸੀ---ਇਹਨੇ ਆਪੇ ਦਬਾਰਾ ਉਛਾਲੀ---ਸਾਰੇ ਇਲਾਕੇ `ਚ ਫੇਰ ਬਰੋਲੇ ਮੰਗੂੰ ਉਠ ਗਈ ਕਹਾਣੀ---ਅਗਲਿਆਂ ਨੇ ਸਾਰੀ ਪੰਚਾਇਤ ਦੇ ਸਾਮਣੇ ਬਿਸਨੇ ਨੂੰ ਧੋ ਕੇ ਸੁੱਕਣੇ ਪਾ `ਤਾ---ਨੰਗਾ ਕਰ `ਤਾ ਕੇਰਾਂ---ਬੰਦਾ ਅਕਲ ਨੂੰ ਹੱਥ ਮਾਰੇ---ਐਨਾ ਲਾਲਚ ਵੀ ਕੀ ਆਖ---ਨਾਲੇ ਜੀਤੋ ਬੁਰਾ ਨਾ ਮੰਨੀ---ਜਿਹੜੇ ਪੁੱਤ ਪਿੱਛੇ ਤੁਸੀਂ ਆਹ ਜੁਲਮ ਕਰੇ ਨੇ---ਉਹ ਤਾਂ ਸਿਰੇ ਦਾ ਐਬੀ ਐ---ਉਹਨੇ ਕਿਹੜਾ ਜੈਦਾਤ ਸਾਂਭ ਕੇ ਰੱਖਣੀ ਐ---ਫੇਰ ਵੇਚ ਦੂ---ਗਹਿਣੇ ਧਰ ਦੂ---ਕਹੇ ਕਹੇ ਜੇ ਨਸ਼ੇ ਖਾਂਦੈ ਉਹ---"

“ਭੈਣੇ ਆਪਣੇ ਕੰਨੀਓਂ ਤਾਂ ਬੰਦਾ ਠੀਕ ਈ ਕਰਦੈ---ਇਹਨੇ ਸੋਚਿਆ ਹੋਣਾ ਬਈ ਚਲ ਧੀਆਂ ਤਾਂ ਗਈਆਂ ਸੋ ਗਈਆਂ---ਜੇ ਦਾਜ ਮੁੜ ਜੇ ਤਾਂ ਮਰੋ ਦਾ ਕੰਮ ਸਰ ਜੂ---ਹੁਣ ਸਾਨੂੰ ਕੀ ਪਤਾ ਸੀ ਬਈ ਅੱਗੋਂ ਉਹ ਆਇੰ ਸਾਡੀ ਬਿਜਤੀ ਕਰਨਗੇ---"

ਮਾਂ ਵਰਗੀ ਢੀਠ ਔਰਤ ਹੀ ਇਹ ਗੱਲ ਆਖ ਸਕਦੀ ਸੀ---ਬਸੰਤੀ ਨੇ ਉਹਦੇ ਹੱਥਾਂ ਚੋਂ ਆਪਣੇ ਹੱਥ ਖਿੱਚਦਿਆਂ ਅਜੀਬ ਜਿਹੀ ਹਾਸੀ ਹਸਦਿਆਂ ਆਖਿਆ,

“ਲੈ---ਹੋਰ ਸੁਣ ਲਓ ਜੱਗੋਂ ਤੇਰਵ੍ਹੀ---ਨਾਅ ਆਇੰ ਦੱਸ ਜੀਤੋ---ਭਲਾ ਉਹਨਾਂ ਦੇ ਦਾਜ ਉੱਤੇ ਥੋਡਾ ਕੀ ਹੱਕ ਸੀ?---ਤੁਸੀਂ ਦਿੱਤਾ ਸੀ ਦਾਜ਼?? ਤੁਸੀਂ ਪੱਲਿਓਂ ਪੈਸੇ ਖਰਚ ਕਰ ਕੇ ਦਾਜ ਦਿੱਤਾ ਸੀ ਕੁੜੀਆਂ ਨੂੰ?? ਫਿਟੇ ਮੂੰਹ ਅਹੇ ਜੇ ਮਾਪਿਆਂ ਨੂੰ---ਨਾਲੇ ਜੇ ਐਨਾ ਦੀ ਗਿਰਨਾ ਸੀ ਤਾਂ ਗਲ `ਚ ਪੱਲਾ ਪਾ ਕੇ `ਕੱਲਾ ਤੁਰ ਜਾਂਦਾ---ਪੰਚਾਇਤ ਲਜਾਣ ਦੀ ਕੀ ਲੋੜ ਸੀ---ਥੂਹ ਥੂਹ ਕਰਾਉਣ ਦੀ ??---ਨਾਲੇ ਇਹ ਹੁੱਕਾ ਪਾਣੀ ਛੇਕਣ ਵਾਲਾ ਕਲੰਕ ਤਾਂ ਪੀੜ੍ਹੀਆਂ ਤੱਕ ਲੱਗਿਆ ਰਹਿੰਦੈ---ਇਹ ਕੋਈ ਛੋਟੀ ਮੋਟੀ ਬੇਜਤੀ ਨੀ ਹੈਅ---ਸਮਝਦਾਰ ਆਦਮੀ ਨੂੰ ਤਾਂ ਇਹ ਡੁੱਬ ਮਰਨ ਵਾਲੀ ਗੱਲ ਐ---"ਮੂੰਹ ਬਣਾਉਂਦਿਆਂ ਉਹ ਉਠ ਖਲੋਤੀ ਸੀ।

ਸ਼ਾਮੀ ਮਾਂ ਨੇ ਬਾਪੂ ਨੂੰ ਬਸੰਤੀ ਨਾਲ ਹੋਈ ਸਾਰੀ ਵਾਰਤਾਲਾਪ ਦੱਸਦਿਆਂ ਕਿਹਾ ਸੀ ਕਿ ਆਪਾਂ ਹੁਣ ਮਰੋ ਦਾ ਸਾਕ ਕਰ ਦਈਏ---ਬਾਪੂ ਨੇ ਭਉਂ ਕੇ ਇੱਕ ਵਾਰੀ ਮੇਰੇ ਵੱਲ ਤੱਕਿਆ ਤੇ ਫੇਰ ਮਾਂ ਨੂੰ ਆਖਣ ਲੱਗਾ,

“ਮੈਂ ਵੀ ਸੋਚਦਾ ਈ ਸਾਂ---ਮੈਂ ਇੱਕ ਦੋ ਥਾਵੇਂ ਗੱਲ ਬਾਤ ਤੋਰੀ ਵੀ ਐ---ਚੰਗੀ ਭਲੀ ਧੀ ਭੈਣ ਦਾ ਰਿਸ਼ਤਾ ਹੋਣਾ ਮੁਸ਼ਕਲ ਐ ਇਹ ਤਾਂ ਫੇਰ ਆਝੀ ਐ--- ਕੋਈ ਲੋੜਵੰਤ ਈ ਲਊ ਇਹਦਾ ਰਿਸ਼ਤਾ---ਕੋਈ ਰਿਹਾ ਖੁਹਿਆ---ਕੋਈ ਦੁਹਾਜੂ---ਜਾਂ ਕੋਈ ਲੰਗੜਾ ਪਿੰਗੜਾ---ਇੱਕ ਦੋ ਰਿਸ਼ਤੇ ਮੇਰੀ ਨਿਗ੍ਹਾ `ਚ ਨੇ---ਸੋਚਦਾਂ ਆ---ਦੇਖਦਾ ਵਾਂ---"

ਇੱਕ ਗੱਲ ਹੋਰ---ਇਹਨੀਂ ਦਿਨੀਂ ਬੀਰਾ ਮੈਨੂੰ ਗਾਲਾਂ ਨਹੀਂ ਸੀ ਕੱਢਦਾ---ਮੈਨੂੰ ਕੀ, ਉਹ ਕਿਸੇ ਨੂੰ ਵੀ ਕੁੱਝ ਨਹੀਂ ਸੀ ਆਖਦਾ---ਉਹ ਜਿਹੜਾ ਨਸ਼ਾ ਖਾਂਦਾ ਸੀ ਉਹ ਸ਼ਾਇਦ ਬੀਰੇ ਨੂੰ ਬੋਲਣ ਕੂਣ ਜੋਗਾ ਛੱਡਦਾ ਈ ਨਹੀਂ ਸੀ।

ਬਾਪੂ ਮੇਰੇ ਰਿਸ਼ਤੇ ਦੇ ਨਾਲ ਨਾਲ ਬੀਰੇ ਲਈ ਵੀ ਰਿਸ਼ਤਾ ਲੱਭਦਾ ਫਿਰਦਾ ਸੀ---ਸੋਚਦਾ ਸੀ ਕਿ ਦੋਹਾਂ ਦਾ ਵਿਆਹ ਇਕੱਠਾ ਈ ਕਰ ਦਿਆਂਗੇ---ਪਰ ਬਸੰਤੀ ਦੇ ਕਹਿਣ ਮੁਤਾਬਕ ਬੀਰੇ ਨੂੰ ਕੋਈ ਗਿਆ ਗੁਜ਼ਰਿਆ ਘਰ ਵੀ ਰਿਸ਼ਤਾ ਦੇਣ ਨੂੰ ਰਾਜੀ ਨਹੀਂ ਸੀ।

ਬਾਪੂ ਨੇ ਦੂਰ ਦਰਾਜ ਦੇ ਰਿਸ਼ਤੇਦਾਰਾਂ ਨੂੰ ਵੀ ਤਰਲੇ ਪਾਏ---ਪਰ ਸਭਨਾਂ ਨੂੰ ਬਾਪੂ ਨਾਲ ਸ਼ਿਕਵਾ ਸੀ---ਦੋ ਧੀਆਂ ਦੀ ਮੌਤ ਉੱਤੇ ਵੀ ਬਾਪੂ ਨੇ ਕੁੜਮਾਂ ਦੇ ਖਿ਼ਲਾਫ਼ ਕੋਈ ਕੇਸ ਨਹੀਂ ਸੀ ਕੀਤਾ---ਕੁੜੀਆਂ ਦੀਆਂ ਲਾਸ਼ਾਂ ਲੱਭਣ ਲਈ ਕੋਈ ਚਾਰਾਜੋਈ ਨਹੀਂ ਸੀ ਕੀਤੀ---ਸਭ ਨੂੰ ਬਾਪੂ ਦੀ ਕਰਤੂਤ ਪਤਾ ਚਲ ਗਈ ਸੀ---ਕਦੇ ਕਦੇ ਬਾਪੂ ਬੀਰੇ ਨੂੰ ਮਿੱਠੀ ਮਿੱਠੀ ਡਾਂਟ ਮਾਰਦਾ

“ਸੱਤਿਆ ਸੰਭਲ ਜਾ---ਪੁੱਤ ਕਿਉਂ ਬਰਬਾਦੀ ਦੇ ਰਾਹ ਤੁਰਿਐਂ---ਚੰਗੇ ਘਰਾਂ ਦੇ ਪੁੱਤ ਅਂੈ ਨੀ ਕਰਦੇ ਹੁੰਦੇ---ਸਿਆਣਾ ਬਣ---ਸਿਆਣਾ---"

“ਚੰਗੇ ਘਰ?? ਬਾਪੂ ਆਪਣਾ ਘਰ ਚੰਗਿਆਂ `ਚ ਕਿੱਥੇ ਆਉਂਦੈ---ਆਪਾਂ ਤਾਂ ਮਾੜਿਆਂ `ਚ ਆਉਨੇ ਆਂ---ਗਏ ਗੁਜਰਿਆਂ `ਚ---ਕੰਜਰਾਂ `ਚ---"ਬੀਰ ਹਸਦਿਆਂ ਹੋਇਆਂ ਹਵਾ `ਚ ਹੱਥ ਨਚਾਉਂਦਾ ਹੋਇਆ ਝੇਡ ਕਰਦਾ---ਬਾਪੂ ਛਿੱਥਾ ਪੈ ਜਾਂਦਾ---ਫੇਰ ਕਿੰਨੀ ਹੀ ਦੇਰ ਬੁੱਲ੍ਹ ਟੁੱਕਦਾ ਰਹਿੰਦਾ ਜਾਂ ਖਲਾਅ `ਚ ਤੱਕਦਾ ਰਹਿੰਦਾ---ਜੇ ਕਦੇ ਬਾਪੂ ਬੀਰੇ ਨੂੰ ਨਸ਼ਾ ਛਡਾਉ ਕੇਂਦਰ `ਚ ਭੇਜਣ ਦੀ ਗੱਲ ਕਰਦਾ ਤਾਂ ਬੀਰਾ ਅੱਗੋਂ ਤਰਕ ਦਿੰਦਾ,

“ਬਾਪੂ ਨਸ਼ਾ ਛਡਾਊ ਕੇਂਦਰਾਂ `ਚ ਤਾਂ ੳਹ ਨਸੋੜੀ ਜਾਂਦੇ ਨੇ ਜਿਹਨਾਂ ਦੇ ਹੱਡਾਂ `ਚ ਨਸ਼ਾ ਰਮ ਗਿਆ ਹੰੁਦੈ---ਮੈਂ ਕੋਈ ਨਸੋੜੀ ਥੋਹੜਾ ਈ ਆਂ---ਮੈਂ ਤਾਂ ਛੌਂਕ ਨੂੰ ਖਾ ਪੀ ਲੈਨਾ ਕਦੇ ਕਦਾਈਂ---ਤੂੰ ਮੇਰੀ ਚਿੰਤਾ ਨਾ ਕਰਿਆ ਕਰ---ਨਾਲੇ ਬਾਪੂ ਆਹ ਜਿਹੜਾ ਨਸ਼ਾ ਮੈਂ ਖਾਨਾ ਨਾਅ---ਇਹ ਤਾਂ ਸੁਰਗਾਂ ਦੇ ਝੁਟੇ ਦੁਆ ਦਿੰਦੈ---ਨਾਲੇ ਇਹ ਬਹੁਤ ਮਹਿਗਾ ਵੀ ਹੁੰਦੈ---ਸਰੀਰ ਨੂੰ ਨੁਕਸਾਨ ਨੀ ਕਰਦਾ---"

11

ਬਸੰਤੀ ਤੇ ਬੇਬੇ ਦੀ ਤਕਰਾਰ ਤੋਂ ਮਹੀਨਾ ਕੁ ਬਾਦ ਮੇਰਾ ਰਿਸ਼ਤਾ ਤਹਿ ਹੋ ਗਿਆ---ਮੈਨੂੰ ਉਸ ਵਕਤ ਕੁੱਝ ਨਹੀਂ ਸੀ ਪਤਾ ਕਿ ਮੇਰਾ ਹੋਣ ਵਾਲਾ ਪਤੀ ਪਰਮੇਸ਼ਰ ਕੌਣ ਹੈ---ਕੀ ਕਰਦਾ ਹੈ---ਕਿਹੋ ਜਿਹਾ ਹੈ---ਕਿਹੜੇ ਪਿੰਡ ਸ਼ਹਿਰ `ਚ ਵਸਦਾ ਹੈ---ਮੈਨੂੰ ਮੇਰੇ ਬਾਪੂ ਨੇ ਉਸ ਬਾਰੇ ਕੁੱਝ ਨਹੀਂ ਸੀ ਦੱਸਿਆ---ਉਸ ਨੇ ਬੱਸ ਐਨਾ ਕੁ ਇਸ਼ਾਰਾ ਕੀਤਾ ਸੀ ਕਿ ਟਕਾਣਾ ਬਹੁਤ ਵਧੀਆ ਹੈ---ਕੁੜੀ ਰਾਜ ਕਰੂਗੀ---ਇਹ ਨਹੀਂ ਸੀ ਦੱਸਿਆ ਕਿ ਉਹਦੇ ਵਿੱਚ ਕੋਈ ਕਜ ਕਮੀ ਹੈ ਜਾਂ ਕੋਈ ਹੋਰ ਊਣ---ਪਰ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਸੀ ਕਿ ਮੇਰਾ ਹੋਣ ਵਾਲਾ ਪਤੀ ਵੀ ਮੇਰੇ ਵਾਂਗ ਬੱਜ ਮਾਰਿਆ ਈ ਹੋਵੇਗਾ।

ਪਲ ਦੀ ਪਲ ਮੈਂ ਆਪਣੀਆਂ ਭੈਣਾਂ ਦੇ ਦੁਖਾਂਤ ਨੂੰ ਭੁੱਲ ਕੇ ਆਪਣੇ ਹੋਣ ਵਾਲੇ ਪਤੀ ਦਾ ਚਿਹਰਾ ਮੋਹਰਾ ਕਲਪਣ ਲੱਗ ਪਈ---ਕਦੇ ਮੈਂ ਉਹਦੀ ਲੱਤ `ਚ ਕਜ ਸੋਚਦੀ ਕਦੇ ਬਾਹਾਂ ਤੋਂ ਆਝਾ ਹੋਇਆ ਵੇਖਦੀ---ਕਦੇ ਕੁੱਬੜਾ ਤੇ ਕਦੇ ਕੋਈ ਹੋਰ ਕੱਜ ਮਾਰਿਆ---

ਫੇਰ ਮੈਂ ਆਪਣਾ ਮਨ ਸਮਝਾਇਆ ਕਿ ਚਲ ਮਨਾ ਜੋ ਵੀ ਹੈਅ---ਉਹਨੇ ਅੱਜ ਭਲਕ `ਚ ਆ ਈ ਚੁੱਕਣਾ ਹੈ---ਮੇਰਾ ਤੀਜੇ ਨਰਾਤੇ ਦਾ ਵਿਆਹ ਨਿਕਲਿਆ ਇੱਕ ਛੋਟੇ ਸੰਦੂਕ ਵਿੱਚ ਮੋਕਲਾ ਜਿਹਾ ਆ ਜਾਣ ਵਾਲਾ ਦਾਜ ਪਾ ਕੇ ਪਿਛਲੇ ਅੰਦਰ ਧਰ ਦਿੱਤਾ ਗਿਆ---ਦਾਜ ਦੇ ਨਾਂ ਤੇ ਸੂਟ ਪੱਖੀਆਂ, ਗੋਹਲੇੇ ਬੋਹੀਏ, ਥੋੜੇ ਜਿਹੇ ਭਾਂਡੇ ਤੇ ਥੋੜਾ ਜਿਹਾ ਹੋਰ ਨਿੱਕ ਸੁੱਕ ਸੀ। ਬਾਦ `ਚ ਜ਼ਿਕਰ ਆਊਗਾ ਕਿ ਇਹ ਸੰਦੂਖ ਵੀ ਮੈਂ ਨਾਲ ਨਾ ਲਿਜਾ ਸਕੀ---ਹਾਂ ਤਾਂ ਬਦਕਿਸਮਤ ਹੀ ਨਾਅ---!!

ਮੈਂ ਤੁਹਾਨੂੰ ਦੱਸਿਆ ਸੀ ਕਿ ਪਿੰਡ ਵਾਲਿਆਾਂ ਵੱਲੋਂ “ਬੀਬੀ ਕੁੜੀ" ਹੋਣ ਸਦਕਾ ਮੇਰਾ ਸੋਸ਼ਲ ਬਾਈਕਾਟ ਨਹੀਂ ਸੀ ਕੀਤਾ ਗਿਆ---ਏਸ ਕਰਕੇ ਕੁੜੀਆਂ ਕੱਤਰੀਆਂ ਮੇਰੇ ਵਿਆਹ ਦੇ ਗੀਤ ਗਾਉਣ ਲਈ ਆ ਗਈਆਂ---ਪਰ ਉਹ ਸਹਿਜ ਨਹੀਂ ਸਨ---ਡਰੀਆਂ ਡਰੀਆਂ ਤੇ ਸੁਚੇਤ ਸੁਚੇਤ ਸਨ---ਮੇਰੀਆਂ ਭੈਣਾਂ ਦੇ ਵਿਆਹ ਤੇ ਇੱਕੀ ਦਿਨ ਪਹਿਲਾਂ ਗੀਤ ਬਠਾ ਲਏ ਗਏ ਸਨ ਪਰ ਮੇਰੇ ਵਿਆਹ `ਚ ਸਿਰਫ਼ ਤਿੰਨ ਦਿਨ ਹੀ ਗੀਤ ਗਾਏ ਗਏ---

ਕੁੜੀਆਂ ਨੇ ਧਰਮੀ ਬਾਬਲ ਦੇ ਗੁਣਗਾਨ ਕਰਦੇ ਸੁਹਾਗ ਗਾਏ---ਧਰਮੀ ਬਾਬਲ ਨੂੰ ਵਰ ਟੋਲਣ ਜਾਣ ਦੇ, ਰਾਜਿਆਂ ਤੁੱਲ ਵਰ ਲੱਭਣ ਦੇ ਸੁਹਾਗ ਗਾਏ---ਧਰਮੀ ਮਾਪਿਆਂ ਨੂੰ ਧੀਆਂ ਦੇ ਦਾਨ ਕਰਦੇ ਦੱਸਿਆ---ਕੁੜੀਆਂ ਨੇ ਦੱਸਿਆ ਕਿ ਬਾਬਲ ਕਿਉਂ ਨਿਮਿਆਂ---ਉਹਦੀ ਪੱਗ ਕਿਉਂ ਨੀਮੀਂ ਹੋਈ---ਸ਼ਾਇਦ ਧੀ ਜੰਮਣ ਸਦਕਾ---ਧਰਮੀ ਮਾਪਿਆਂ ਨੂੰ ਧੀ ਦੇ ਸਹੁਰੇ ਘਰ ਤੁਰ ਜਾਣ ਦੇ ਵਿਛੋੜੇ ਵਿੱਚ ਟੱਸ ਟੱਸ ਰੋਂਦੇ ਦਰਸਾਇਆ---

ਖੈਰ! ਸੁਹਾਗ ਤਾਂ ਕੋਈ ਵੀ ਐਸਾ ਨਹੀਂ ਹੁੰਦਾ ਜਿਸ ਵਿੱਚ ਧਰਮੀ ਮਾਪਿਆਂ ਦਾ ਜਿਕਰ ਨਾ ਹੋਵੇ---ਮਾਪਿਆਂ ਨੂੰ ਧਰਮ ਨਿਭਾਉਂਦੇ ਨਾ ਚਿੱਤਵਿਆ ਗਿਆ ਹੋਵੇ---ਸੁਹਾਗ ਸ਼ਾਇਦ ਹੁੰਦੇ ਹੀ ਧਰਮੀ ਮਾਪੇ ਨੇ---ਕੁੜੀਆਂ ਲੰਮੀ ਹੇਕ ਵਿੱਚ ਸੁਹਾਗ ਗਾ ਰਹੀਆਂ ਸਨ,

ਧਰਮੀ ਬਾਬਲ ਦੀ ਹਰੀਓ ਬਗੀਚੀ

ਹਰਿਆਉਲਾ ਤੋਤਾ ਬੋਲਦਾ ਆ---ਆ---

ਤੋਤੇ ਤੈਨੂੰ ਪਲਾਮਾ ਕੱਚਾ ਦੁੱਧ

ਬਚਨ ਸੁੱਧ ਬੋਲ ਦੇ---ਏ---ਏ---

ਬਾਬਲ ਕਿਉਂ ਨਿਮਿਆ

ਨੀ ਧਰਮੀ ਕਿਉਂ ਨਿਮਿਆ

ਉਸ ਘਰ ਕੰਨਿਆ ਕਮਾਰੀ

ਧਰਮੀ ਬਾਬਲ ਤਾਂ ਨਿਮਿਆ---ਆ

ਦਰ ਪੁਰ ਨੂੰ ਗੰਗਾ ਵਗੀ

ਕਿਹੜਾ ਧਰਮੀ ਨ੍ਹਾਇਆ

ਕਿਸ ਘਰ ਕੰਨਿਆ ਕਮਾਰੀ---ਈ---

ਦਰ ਪੁਰ ਨੂੰ ਗੰਗਾ ਵਗੀ

ਧਰਮੀ ਬਾਬਲ ਨੀ ਨ੍ਹਾਇਆ

ਉਹਦੀ ਕੰਨਿਆ ਕਮਾਰੀ

ਰਾਕਸ ਪਹਿਰਾ ਬੀਤਿਆ ਧਰਮੀ ਬਾਬਲ

ਬ੍ਰਹਮ ਮਹੂਰਤ ਦਾ ਵੇਲਾ ਹੋ ਗਿਆ---ਆ---

ਸੰਤਾਂ ਮਹਾਤਮਾ ਨੇ ਲਾਈ ਸਮਾਧੀ

ਸਭ ਜੱਗ ਰੋਸਨ ਹੋ ਗਿਆ---ਆ---

ਉਠੀ ਮੇਰੇ ਧਰਮੀ ਬਾਬਲ ਸੁੱਤਿਆ

ਧੀਆਂ ਮਣਸਣ ਦਾ ਵੇਲਾ ਹੋ ਗਿਆ---ਆ---

ਬਾਗੀਂ ਪੀਂਘ ਝੂਟੇਂਦੀਏ

ਧਰਮੀ ਬਾਬਲ ਪੁਕਾਰੇ ਏ---ਏ---

ਘਰ ਆਓ ਲਾਡੋ ਸੂਹੇ ਪਹਿਨੋ ਲਾਡੋ

ਸਾਜਣ ਆਣ ਢੁੱਕੇ ਦੁਆਰੇ---ਏ---ਏ---

ਕੁੜੀਆਂ ਨੇ ਸਾਰੇ ਦੀ ਸੁਹਾਗ ਧਰਮੀ ਮਾਪਿਆਂ ਦੇ ਗਏ---ਧਰਮੀ ਬਾਬਲ ਨੂੰ ਸੁਹਾਗਾਂ ਦਾ ਹੀਰੋ ਬਣਾ ਕੇ ਗਾਇਆ---ਮੈਂ ਇੱਕ ਗੱਲ ਹੋਰ ਦੱਸ ਦਿਆਂ ਕਿ ਬੇਸੱਕ ਕਈ ਸੁਹਾਗ ਕੁੜੀਆਂ ਦੀਆਂ ਸੰਦਲੀ ਰੀਝਾਂ ਅਤੇ ਇਨ੍ਹਾਂ ਰੀਝਾਂ ਦੀ ਪੂਰਤੀ ਹੁੰਦੀ ਦਿਖਾਉਂਦੇ ਹਨ ਪਰ ਇਹ ਸੁਹਾਗ ਸਿਰਫ਼ ਵੇਦਨਾ ਮਾਤਰ ਹੁੰਦੇ ਨੇ---ਵਿਆਹ ਤੋਂ ਬਾਦ ਕਿੰਨੀਆਂ ਕੁ ਕੁੜੀਆਂ ਦੀ ਜ਼ਿੰਦਗ਼ੀ ਇਹਨਾਂ ਸੁਹਾਗਾਂ ਦੀ ਸੁਰ ਉਤੇ ਪੂਰੀ ਉਤਰਦੀ ਹੈ---ਇਹ ਆਪਾਂ ਭਲੀ ਭਾਂਤ ਜਾਣਦੇ ਹਾਂ---ਮੈਂ ਤਾਂ ਸ਼ਾਇਦ ਕਦੇ ਆਪਣੇ ਹੋਣ ਵਾਲੇ ਪਤੀ ਪ੍ਰਤੀ ਧਰਮੀ ਬਾਬਲ ਅੱਗੇ ਕੋਈ ਲਾਲਸਾ ਰੱਖ ਨਾ ਸਕਦੀ ਪਰ ਸੁਹਾਗ ਗਾਉਂਦੀਆਂ ਕੁੜੀਆਂ ਨੇ ਸਹਿਜ ਸੁਭਾਅ ਹੀ ਇਹ ਲਾਲਸਾ ਦਰਸਾਉਂਦਾ ਸੁਹਾਗ ਗਾਇਆ,

ਬੀਬੀ ਚੰਦਨ ਦੇ ਉਹਲੇ ਉਹਲੇ ਕਿਉਂ ਏ ਖੜ੍ਹੀ

ਮੈਂ ਤਾਂ ਖੜ੍ਹੀ ਸੀ ਬਾਬਲ ਜੀ ਦੇ ਪਾਸ

ਬਾਬਲ ਵਰ ਲੋੜੀਏ---ਏ---

ਲਾਡੋ ਕੈਸਾ ਤਾਂ ਵਰ ਲੋੜੀਏ---ਏ---

ਬਾਬਲ ਜਿਉਂ ਤਾਰਿਆਂ ਵਿੱਚ ਚੰਨ

ਚੰਨਾਂ ਵਿਚੋਂ ਕਾਹਨ ਕਨ੍ਹੱਈਆ ਵਰ ਲੋੜੀਏ---

ਮੈਂ ਇਹ ਸੁਹਾਗ ਸੁਣ ਕੇ ਹੱਸ ਪਈ ਸਾਂ---ਹੱਸੀ ਏਸ ਕਰਕੇ ਕਿ ਮੈਂ ਆਪਣੇ ਬਾਬਲ ਅੱਗੇ ਆਪਣੀ ਏਹ ਲਾਲਸਾ ਕਿਵੇਂ ਰੱਖ ਸਕਦੀ ਹਾਂ---ਅੱਗੇ ਬਾਬਲ ਨੇ ਤਾਂ ਮੇਰੀਆਂ ਚੰਗੀਆ ਭਲੀਆਂ ਭੈਣਾਂ ਬਦਮਾਸਾਂ ਹੱਥ ਵੇਚ ਦਿੱਤੀਆਂ ਸਨ ਤੇ ਮੈਨੂੰ ਲੰਗੜੀ ਪਿੰਗੜੀ ਨੂੰ ਉਹ ਕਦੋਂ ਕਨ੍ਹੱਈਆ ਵਰ ਲੱਭ ਕੇ ਦੇ ਸਕਦਾ ਹੈ---ਕੀ ਪਤਾ ਮੈਂ ਵੀ ਕਿਸੇ ਹੱਥ ਵੇਚੀ ਹੀ ਜਾ ਰਹੀ ਹੋਵਾਂ---ਭੈਣਾਂ ਵਾਂਗ---ਮੇਰੀਆਂ ਭੈਣਾਂ ਦੇ ਵਿਆਹ ਵੇਲੇ ਵੀ ਕੁੜੀਆਂ ਨੇ ਸੁਹਾਗ ਗਾਇਆ ਸੀ ਕਿ

ਉਠ ਨੀ ਚਿੜੀਏ ਸਤ ਰੰਗੀਏ ਚਿੜੀਏ

ਕਿਤੇ ਮੇਰਾ ਬਾਬਲ ਡਿੱਠਾ ਈ

ਬਾਬਲ ਤੇਰਾ ਸ਼ਹਿਰ ਬਟਾਲੇ

ਸ਼ਹਿਰ ਬਟਾਲੇ ਗੁੱਜਰਾਂ ਵਾਲੇ

ਸੋਨੇ ਦਾ ਵਣਜ ਕਰੇਂਦਾ ਈ---ਈ---

ਪਰ ਸਾਡੇ ਧਰਮੀ ਬਾਬਲ ਨੇ ਮੇਰੀਆਂ ਭੈਣਾਂ ਲਈ ਸੋਨੇ ਦਾ ਵਣਜ ਤਾਂ ਕੀ---ਕੂੜ ਦਾ ਵਣਜ ਵਿਹਾਜਿਆ ਸੀ---ਤੇ ਮੈਂ ਕਿਹੜਾ ਕੋਈ ਰੂਪ ਦੀ ਰਾਣੀ ਸਾਂ ਜਿਸ ਲਈ ਮੇਰਾ ਧਰਮੀ ਬਾਬਲ ਸੋਨੇ ਦਾ ਵਣਜ ਕਰੇਗਾ---ਅਸੀਂ ਤੇ ਸਾਡੇ ਜਿਹੀਆਂ ਬਹੁਤੀਆਂ ਕੁੜੀਆਂ ਅਧਿਕਾਰਾਂ ਤੋਂ ਵਾਲੀਆਂ ਨੇ---ਅਧਿਕਾਰਾਂ ਵਾਲੀਆਂ ਕੁੜੀਆਂ ਲਈ ਉਦੋਂ ਕੁੜੀਆਂ ਨੇ ਇਹ ਸੁਹਾਗ ਵੀ ਗਾਇਆ ਸੀ,

ਅੰਬਾਂ ਤੇ ਤੂਤਾਂ ਦੀ ਠੰਢੀ ਛਾਂ

ਧੀਏ ਲਾਡਲੀਏ

ਬਾਗੀਂ ਖੇਡਣ ਮੱਤ ਜਾਣਾ ਨੀ---ਈ---

ਤੇਰੇ ਬਾਬਲ ਕਾਜ ਰਚਾਇਆ

ਬਾਬਲ ਰੁਸ ਜਾਣਾ ਨੀ---ਈ---

ਰੁੱਸਦਾ ਏ ਤਾਂ ਰੁਸਿਆ ਰਹੇ

ਸਾਡਾ ਅੱਲ੍ਹੜਾਂ ਦਾ ਕੀ ਜਾਣਾ ਨੀ---ਈ---

ਸੋਨੇ ਹੀਰੇ ਮੋਤੀਆਂ ਦਾ ਦਾਨ

ਸਰਪਰ ਲੈ ਜਾਣਾ ਨੀ---ਈ---

ਪਰ ਮੇਰੀਆਂ ਭੈਣਾਂ ਦੇ ਵਿਆਹ ਵਿੱਚ ਅਤੇ ਮੇਰੇ ਵਿਆਹ ਵਿੱਚ ਗਾਏ ਇਹ ਸਾਰੇ ਸੁਹਾਗ ਝੂਠ ਬੋਲ ਗਏ---ਮੇਰੀਆਂ ਭੈਣਾਂ ਦੀ ਜ਼ਿੰਦਗ਼ੀ ਨਾਲ ਧੋਖਾ ਕਰ ਗਏ---ਠੱਗੀ ਮਾਰ ਗਏ---ਮੇਰੀਆ ਭੈਣਾਂ ਨਾਲ ਹੀ ਨਹੀਂ ਸਗੋਂ ਇਹ ਸੁਹਾਗ ਤਕਰੀਬਨ ਹਰ ਕੁੜੀ ਨਾਲ ਈ ਠੱਗੀ ਮਾਰਦੇ ਨੇ---ਉਹਨੂੰ ਭਲੋਵੀਂ ਦੇ ਕੇ ਮਗਰੋਂ ਧੋਖਾ ਦਿੰਦੇ ਨੇ---

ਮੈਂ ਸੁਹਾਗ ਸੁਣ ਕੇ ਹੈਰਾਨ ਹੁੰਦੀ ਕਿ ਕਿਸੇ ਵੀ ਸੁਹਾਗ ਵਿੱਚ ਮੇਰੇ ਮਾਪਿਆਂ ਦਾ ਜ਼ਿਕਰ ਕਿਉਂ ਨਹੀਂ---ਸਿਰਫ਼ ਮੇਰੇ ਮਾਪੇ ਹੀ ਕਿਉਂ, ਮੇਰੇ ਮਾਪਿਆਂ ਵਰਗੇ ਲੱਖਾਂ ਕੁਧਰਮੀ ਮਾਪਿਆਂ ਦਾ ਜ਼ਿਕਰ ਕਿਉਂ ਨਹੀਂ---ਮੈਂ ਦੂਰ ਤੱਕ ਨਿਗਾਹ ਦੁੜਾਉਂਦੀ ਕਿ ਕਿੱਥੇ ਨੇ ਸੁਹਾਗਾਂ ਵਿੱਚ ਦਿਖਾਏ ਗਏ ਉਹ ਮਾਪੇ ਜਿਹੜੇ ਆਪਣੀ ਧੀ ਨੂੰ ਲਾਡੋ, ਲਾਡ ਲਡਿੱਕੜੀ ਤੇ ਜਿਗਰ ਦਾ ਟੋਟਾ ਆਖਦੇ ਹੋਣ ਜਾਂ ਸਮਝਦੇ ਹੋਣ---ਕਿੱਥੇ ਕਮੀ ਐ ਭਲਾਂ? ਸੁਹਾਗ ਰਚਣ ਹਾਰੀਆਂ ਦੀ ਪ੍ਰਤੀਬੱਧਤਾ ਵਿੱਚ ਜਾਂ ਆਦਮੀ ਦੀ ਗੰਦੀ ਸੋਚ ਵਿੱਚ---?

ਮੇਰਾ ਜੀਅ ਕੀਤਾ ਕਿ ਕੁੜੀਆਂ ਨੂੰ ਕਹਾਂ ਬਈ ਕੋਈ ਇਹੋ ਜਿਹਾ ਸੁਹਾਗ ਵੀ ਗਾਓ---ਜਿਹੜਾ ਸੁੱਖਾਂ ਲੱਧਾ ਨਾ ਹੋਵੇ ਸਗੋਂ ਦੁੱਖਾਂ ਲੱਧਾ ਹੋਵੇ---ਜਿਸ ਵਿੱਚ ਕੋਈ ਕੁਧਰਮੀ ਮਾਪੇ ਧੀਆਂ ਨੂੰ ਜੰਮਣੋਂ ਪਹਿਲਾਂ ਮੇਰੇ ਵਾਂਗ ਅਪਾਹਜ ਕਰਦੇ ਦੱਸੇ ਗਏ ਹੋਣ। ਮੇਰੇ ਤੇ ਮੇਰੀਆਂ ਭੈਣਾਂ ਦੇ ਮਾਪਿਆਂ ਬਾਰੇ ਵੀ ਕੋਈ ਸੁਹਾਗ ਗਾਉਣ---ਕੋਈ ਐਸਾ ਬਿਰਹੜਾ ਹੀ ਗਾਣ ਜਿਹੜਾ ਮੇਰੇ ਮਾਪਿਆਂ ਦਾ ਚਰਿੱਤਰ ਚਿਤਰਣ ਕਰਦਾ ਹੋਵੇ---ਕੋਈ ਐਸਾ ਸੁਹਾਗ ਜਿਸ ਵਿੱਚ ਕੋਈ ਕੁਧਰਮੀ ਬਾਬਲ ਤਾੜ ਤਾੜ ਧੀਆਂ ਨੂੰ ਥੱਪੜ ਮਾਰਦਾ ਦੱਸਿਆ ਗਿਆ ਹੋਵੇ---ਕੋਈ ਧਰਮੀ ਪਿਓ ਆਪਣੀ ਧੀ ਦੀ ਅਪਾਹਜ ਲੱਤ ਉਤੇ ਜੋਰ ਦੀ ਡੰਡਾ ਮਾਰ ਕੇ ਉਹਨੂੰ ਹੋਰ ਵੀ ਅਪਾਹਜ ਕਰ ਦੇਵੇ---ਕੋਈ ਐਸਾ ਸੁੱਖਾਂ ਲੱਥਿਆ ਸੁਹਾਗ ਗਾਉਣ---ਜਿਸ ਵਿੱਚ ਧਰਮੀ ਮਾਪੇ ਧੀਆਂ ਦਾ ਦਾਨ ਕਰਨ ਦੀ ਆੜ ਵਿੱਚ ਧੀਆਂ ਨੂੰ ਵੇਚ ਦੇਣ---ਨਿੱਕੀਆਂ ਨਿੱਕੀਆਂ ਲਗਰਾਂ ਜਿਹੀਆਂ ਕਲਾਈਆਂ ਤੋਂ ਧਰੂੰਦਾ ਧਰੂੰਦਾ ਧੀ ਨੂੰ ਬਾਹਰ ਸਿੱਟ ਕੇ ਠਾਹ ਕਰ ਕੇ ਦਰਵਾਜ਼ਾ ਬੰਦ ਕਰਦੇ ਬਾਬਲ ਦਾ ਵੀ ਕਿੱਤੇ ਕੁੜੀਆਂ ਗੀਤਾਂ ਵਿੱਚ ਜ਼ਿਕਰ ਛੇੜਨ---।

ਪਰ ਨਹੀਂ---ਕੁੜੀਆਂ ਤਾਂ ਕੇਵਲ ਧਰਮੀ ਬਾਬਲ ਦਾ ਗੁਣਗਾਨ ਕਰ ਰਹੀਆਂ ਸਨ---ਸ਼ਾਇਦ ਕਮਲੀਆਂ ਰਮਲੀਆਂ ਮੇਰੇ ਵਿਆਹ ਵਿੱਚ ਕਿਸੇ ਹੋਰ ਦੇ ਧਰਮੀ ਮਾਪਿਆਂ ਨੂੰ ਗਾ ਰਹੀਆਂ ਸਨ।

ਉਹਨਾਂ ਗਾਉਣ ਵਾਲੀਆਂ ਵਿੱਚ ਮੇਰੀ ਮਾਂ ਵੀ ਬੈਠੀ ਸੀ---ਉਹ ਵੀ ਸੁਹਾਗ ਗਾਉਣ ਵਾਲੀਆਂ ਵਿੱਚ ਸ਼ਾਮਲ ਸੀ---ਮੇਰਾ ਜੀ ਕੀਤਾ ਕਿ ਮਾਂ ਨੂੰ ਆਖਾਂ ਬਈ ਮਾਂ ਇਹ ਕੁੜੀਆਂ ਧਰਮੀ ਮਾਪਿਆਂ ਦੇ ਗੁਣਗਾਨ ਕਰ ਕੇ ਤੁਹਾਨੂੰ ਚਿੜਾਅ ਰਹੀਆਂ ਹਨ---ਇਹ ਤੁਹਾਨੂੰ ਜਲੀਲ ਕਰ ਰਹੀਆਂ ਨੇ---ਭਲਾ ਇਹਨਾਂ ਸੁਹਾਗਾਂ ਵਿੱਚ ਤੁਸੀਂ ਕਿੱਥੇ ਹੋ??

ਇਹ ਵੀ ਹੋ ਸਕਦਾ ਹੈ ਕਿ ਮਾਂ ਵੀ ਮੇਰੇ ਵਾਂਗ ਈ ਸੋਚਦੀ ਹੋਵੇ---ਸਭ ਕੁੱਝ ਸਮਝਦੀ ਹੋਵੇ---ਤੇ ਸਭ ਕੁੱਝ ਸਮਝਣ ਦੇ ਬਾਵਜੂਦ ਘੇਸਲ ਮਾਰ ਕੇ ਬੈਠ ਗਈ ਹੋਵੇ---ਬਾਹਰ ਵਿਹੜੇ ਵਿੱਚ ਟੁੱਟੀ ਹੋਈ ਦਮੈਣ ਵਾਲੇ ਨੌਕੜੇ ਮੰਜੇ ਤੇ ਪਿਆ ਬਾਪੂ ਵੀ ਸ਼ਾਇਦ ਇਹ ਸੁਹਾਗ ਸੁਣ ਕੇ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੋਵੇ---

ਮੈਨੂੰ ਤਾਂ ਇਹ ਵੀ ਲਗਦਾ ਹੈ ਕਿ ਜਿੱਥੋਂ ਤੱਕ ਇਹਨਾਂ ਸੁਹਾਗਾਂ ਦੀ ਆਵਾਜ਼ ਜਾ ਰਹੀ ਸੀ ਉਥੋਂ ਤੱਕ ਸਾਰੇ ਲੋਕ ਸੋਚਦੇ ਹੋਣ ਕਿ ਘੱਟੋ ਘੱਟ ਮਰੋ ਜਾਂ ਲੰਗੜੀ ਦੇ ਵਿਆਹ `ਚ ਧਰਮੀ ਮਾਪਿਆਂ ਦਾ ਝੂਠਾ ਬਖਾਨ ਕਰਦੇ ਸੁਹਾਗ ਤੇ ਬਿਰਹੜੇ ਨਹੀਂ ਗਾਉਣੇ ਚਾਹੀਦੇ---ਪਰ ਕੁੜੀਆਂ ਗਾ ਰਹੀਆਂ ਸਨ,

ਜਦੋਂ ਕਦੇ ਪਛੁਆ ਚਲਦੀ ਤਾਂ ਮੇਰੀ ਲੱਤ ਬਹੁਤ ਦਰਦ ਕਰਦੀ---ਬਾਪੂ ਨੇ ਸ਼ਾਇਦ ਸੋਟੀ ਜ਼ਿਆਦਾ ਦੀ ਜ਼ੋਰ ਨਾਲ ਮਾਰੀ ਸੀ---ਤੇ ਉਸ ਦਿਨ ਭਾਵੇਂ ਪਛੁਆ ਨਹੀਂ ਸੀ ਚਲ ਰਹੀ ਪਰ ਮੇਰੀ ਲੱਤ ਵਿੱਚ ਬੇਵਜਾਹ ਤਰਾਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ---ਸ਼ਾਇਦ ਇਸ ਕਰਕੇ ਕਿ ਮੇਰਾ ਧਿਆਨ ਪੰਜੀਰੀ ਚੋਰੀ ਦੇ ਝੂਠੇ ਇਲਜ਼ਾਮ ਵਾਲੀ ਘਟਨਾ ਵੱਲ ਤੁਰ ਪਿਆ ਸੀ---ਫੇਰ ਮੈ ਸਗਵੇਂ ਦਾ ਸਗਵਾਂ ਬਾਪੂ ਸੋਟੀ ਮਾਰਦਾ ਮਹਿਸੂਸ ਕੀਤਾ---ਤੇ ਮੇਰੀ ਲੱਤ ਵਿੱਚ ਸੱਚੀ ਮੁੱਚੀ ਇਸ ਤਰ੍ਹਾਂ ਦੀ ਦਰਦ ਉਠੀ ਜਿਵੇਂ ਇਸ ਉੱਤੇ ਤਾਜੀ ਤਾਜੀ ਸੋਟੀ ਵੱਜੀ ਹੋਵੇ---

ਕੁੜੀਆਂ ਗੁੜ ਪਤਾਸੇ ਲੈ ਕੇ ਆਪਣੇ ਆਪਣੇ ਘਰਾਂ ਨੂੰ ਤੁਰ ਗਈਆ---ਬੱਸ ਬਸੰਤੀ ਦੀ ਮਾਂ ਨਾਲ ਪੱਲੀਆਂ ਕੱਠੀਆਂ ਕਰਾਉਂਦੀ ਹੋਈ ਰੁਕ ਗਈ ਬਸੰਤੀ ਅੰਮਾਂ ਦੀ ਮੇਰੇ ਨਾਲ ਥੋਹੜੀ ਹਮਦਰਦੀ ਤੇ ਸਾਂਝ ਸੀ---ਜਦੋਂ ਮਾਂ ਅੰਦਰ ਪੱਲੀਆਂ ਧਰਨ ਗਈ ਤਾਂ ਮੈਂ ਉਸ ਨੂੰ ਹੌਲੀ ਦੇਣੇ ਕਿਹਾ,

“ਅੰਮਾਂ ਉਈਂ ਮਾਂ ਨੇ ਗੀਤ ਬਠਾ ਲਏ---ਕੀ ਲੋੜ ਸੀ ਗੀਤਾਂ ਦੀ---ਇੱਕ ਤਾਂ ਸਾਡਾ ਸਮਾਜਕ ਬਾਈਕਾਟ ਹੋਇਆ ਵਿਐ---ਸਾਡਾ ਹੁੱਕਾ ਪਾਣੀ ਛੇਕਿਆ ਹੋਇਐ ਦੂਸਰਾ ਮੇਰੀਆਂ ਭੈਣਾਂ ਮਰੀਆਂ ਹੋਈਆਂ ਨੇ---ਕਾਹਨੂੰ ਕਰਨੀ ਸੀ ਖੁਸ਼ੀ---ਈ---ਈ---"

ਉਂਜ ਮੈਂ ਇਹ ਨਹੀਂ ਸਾਂ ਕਹਿਣਾ ਚਾਹੁੰਦੀ---ਮੈਂ ਤਾਂ ਕੁੱਝ ਹੋਰ ਈ ਆਖਣਾ ਚਾਹੰੁਦੀ ਸਾਂ ਪਰ ਮੈਨੂੰ ਖ਼ੁਦ ਨੀ ਪਤਾ ਕਿ ਮੇਰੇ ਮੂੰਹੋਂ ਕੀ ਦਾ ਕੀ ਨਿਕਲਦਾ ਗਿਆ---ਬਸੰਤੀ ਨੇ ਪਿਆਰ ਨਾਲ ਮੇਰੇ ਸਿਰ ਉਤੇ ਹੱਥ ਰੱਖਿਆ---ਉਹਦੇ ਪਿਆਰ ਅੱਗੇ ਮੈਂ ਜੋ ਕਹਿਣਾ ਚਾਹੰੁਦੀ ਸਾਂ---ਉਹ ਕਹਿ ਈ ਦਿੱਤਾ,

“ਅੰਮਾਂ ਕੁੜੀਆਂ ਨੇ ਸੁਹਾਗਾਂ `ਚ ਧਰਮੀ ਮਾਪਿਆਂ ਦੇ ਗੁਣ ਗਾਏ---ਪਰ ਤੂੰ ਤਾਂ ਗਵਾਹ ਹੈ ਕਿ ਮੇਰੇ ਮਾਪੇ ਕਿਧਰੋਂ ਧਰਮੀ ਨੇ---"

“ਕੋਈ ਨਾ ਪੁੱਤ---ਕੁੜੀਆਂ ਨੇ ਤਾਂ ਸ਼ੁਗਨ ਸ਼ਾਸਤਰ ਕਰਨੇ ਈ ਹੁੰਦੇ ਨੇ---ਐਮੀ ਨੀ ਮਨ ਖ਼ਰਾਬ ਕਰੀਂਦਾ ਹੁੰਦਾ---ਆਪਣੇ ਆਪਣੇ ਕਰਮ ਨੇ---ਸਾਰੇ ਮਾਪੇ ਤਾਂ ਕੁਧਰਮੀ ਨੀ ਹੁੰਦੇ---ਕੀ ਹੋਇਆ ਜੇ ਤੇਰੇ---"

ਅੰਮਾਂ ਨੇ ਗੱਲ ਅੱਧੀ ਅਧੂਰੀ ਛੱਡ ਦਿੱਤੀ---ਆਇੰ ਜਿਵੇਂ ਅੰਦਰੋਂ ਉਹ ਵੀ ਮੇਰੇ ਨਾਲ ਸਹਿਮਤ ਸੀ---ਮੈਨੂੰ ਉੱਤੋਂ ੳੁੱਤੋਂ ਸਮਝਾਅ ਰਹੀ ਸੀ---ਉਹ ਇਹ ਵੀ ਜਾਣਦੀ ਸੀ ਕਿ ਦੋ ਤਿੰਨ ਦਿਨ ਸਾਨੂੰ ਧਰਮੀ ਬਾਬਲ ਦੇ ਗੁਣਮਾਨ ਕਰਦੇ ਸੁਹਾਗ ਧੱਕੇ ਨਾਲ ਈ ਸੁਣਨੇ ਪੈਣਗੇ--- ਕੰਨਾਂ ਵਿੱਚ ਪਿਘਲਿਆ ਹੋਇਆ ਸ਼ੀਸ਼ਾ ਪਾਉਂਦੇ ਹੋਏ---ਧੱਕੇ ਨਾਲ ਗਲਤ ਨੂੰ ਸਹੀ ਸਿੱਧ ਕਰਾਉਂਦੇ ਹੋਏ---ਕੁੜੀਆਂ ਮੱਲੋ ਜੋਰੀ ਕੁਧਰਮੀ ਮਾਪਿਆਂ ਨੂੰ ਧਰਮੀ ਮਾਪੇ ਸਿੱਧ ਕਰਨ ਲਈ ਹਾਂ ਭਰਾਉਣਗੀਆਂ---

ਉਂਜ ਗੱਲ ਇਹ ਨਹੀਂ ਸੀ ਕਿ ਇਹਨਾਂ ਸੁਹਾਗਾਂ ਵਿਚਲੇ ਧਰਮੀ ਬਾਬਲ ਦਾ ਬਖਾਨ ਮੈਨੂੰ ਈ ਚੁਭ ਰਿਹਾ ਸੀ---ਸਗੋਂ ਸਚਾਈ ਤਾਂ ਇਹ ਐ ਕਿ ਗੀਤ ਗਾਉਣ ਵਾਲੀਆਂ ਕੁੜੀਆਂ ਵੀ ਅੰਦਰੋਂ ਇਹੀ ਚਾਹ ਰਹੀਆਂ ਸਨ ਕਿ ਲੰਗੜੀ ਦੇ ਵਿਆਹ ਵਿੱਚ ਸੁਹਾਗ ਗਾਏ ਈ ਨਾ ਜਾਣ---

ਤੇ ਤੁਸੀਂ ਸੱਚ ਜਾਣਿਓ ਵਿਆਹ ਤੋਂ ਪਹਿਲਾਂ ਤਿੰਨ ਚਾਰ ਦਿਨ ਮੰਗਲ ਗੀਤ ਸੁਣਦੀ ਸੁਣਦੀ ਮੈਂ ਪਿਛਲੇ ਉਮਰ ਦੇ ਵਰ੍ਹੇ---ਬਲਕਿ ਮਾਂ ਦੇ ਪੇਟ ਵਿੱਚ ਹੋਏ ਜੁਲਮਾਂ ਸਤੇ ਸਾਰੇ ਵਰ੍ਹੇ ਕਈ ਵਾਰ ਜੀ ਕੇ ਦੇਖੇ---ਜ਼ਿੰਦਗ਼ੀ ਦੇ ਬੀਤੇ ਵਰ੍ਹਿਆਂ ਦੀ ਇੱਕ ਇੱਕ ਪਰਤ ਫਰੋਲ ਕੇ ਤੱਕੀ---ਇਹ ਵਰ੍ਹੇ ਕਈ ਵਾਰ ਹੰਢਾ ਕੇ ਦੇਖ ਲਏ---ਇਹਨਾਂ ਵਰ੍ਹਿਆਂ ਦੀਆਂ ਕੌੜੀਆਂ ਕਸੈਲੀਆਂ ਯਾਦਾਂ ਨੂੰ ਆਪਣੇ ਮਨ ਦੇ ਕੂਲੇ ਪਿੰਡੇ ਉਤੇ ਇਸ ਤਰ੍ਹਾਂ ਜੀ ਕੇ ਦੇਖਿਆ ਕਿ ਮੇਰਾ ਤਨ ਵੀ ਤੇ ਮਨ ਵੀ---ਥੱਕ ਹਾਰ ਗਏ---ਨਿਢਾਲ ਜਿਹੇ ਹੋ ਗਏ---ਮੇਰੇ ਕੋਲੋਂ ਧਰਮੀ ਮਾਪਿਆਂ ਦਾ ਜ਼ਿਕਰ ਬਰਦਾਸ਼ਤ ਨਹੀਂ ਸੀ ਹੋ ਰਿਹਾ।

ਜੇ ਮੈਨੂੰ ਰੱਬ ਨ ਜ਼ੁਬਾਨ ਦਿੱਤੀ ਹੁੰਦੀ ਤਾਂ ਮੈਂ ਕੁੜੀਆਂ ਨੂੰ ਵੀ ਪੁੱਛਦੀ ਕਿ ਨੀ ਕੁੜੀਓ ਤੁਸੀਂ ਜਿਹੜੇ ਧਰਮੀ ਮਾਪਿਆਂ ਦਾ ਜਿਕਰ ਕਰ ਰਹੀਆਂ ਹੋ?? ਕਿੱਥੇ ਨੇ ਉਹ ਧਰਮੀ ਮਾਪੇ??

ਮੈਂ ਕੋਈ ਕਵਿੱਤਰੀ ਨਹੀਂ ਹਾਂ ਪਰ ਪਤਾ ਨੀ ਆਪਣੇ ਵਿਆਹ ਵਿੱਚ ਕੁੜੀਆਂ ਦੁਆਰਾ ਗਾਏ ਗੀਤ ਸੁਣ ਕੇ ਮੈ ਕਿਵੇਂ ਕੁੱਝ ਗੀਤ ਸਿਰਜ ਲਏ ਜਿਹੜੇ ਮੈਂ ਉੱਚੀ ਤਾਂ ਨਹੀਂ ਸਾਂ ਗਾ ਸਕਦੀ ਪਰ ਮਨ ਈ ਮਨ ਗੁਣਉਣਾਉਂਦੀ ਰਹਿੰਦੀ ਸਾਂ

ਧਰਮੀ ਬਾਬਲ ਦਗਾ ਕਮਾਇਆ

ਵਰ ਨਾ ਢੂੰਡਿਆ ਰੀਝਾਂ ਦੇ ਮੇਚ ਦਾ

ਤੇਰੇ ਜੈਸਾ ਕੋਈ ਨਾ ਕੁਧਰਮੀ ਬਾਬਲ

ਧੀਆਂ ਧਿਆਣੀਆਂ ਨੂੰ ਜੋ ਬੇਚਦਾ

ਪੁੱਤਾਂ ਨੂੰ ਨਿੱਤ ਲਾਡ ਲਡਾਵੇਂ

ਧੀਆਂ ਬੇਗੁਨਾਹਾਂ ਦੇ ਹੱਡ ਸੇਕਦਾ

ਤੂੰ ਧੀਆਂ ਦਾ ਕਾਤਲ ਬੇ ਬਾਪੂ

ਜੱਗ ਤੇਰੀ ਕਰਤੂਤ ਦੇਖਦਾ

ਜਦੋਂ ਕੁੜੀਆਂ ਨੇ ਇਹ ਸੁਹਾਗ ਗਾਇਆ ਕਿ,

ਅਸੀਂ ਬਾਬਲ ਧੀਆਂ ਚਾਰ ਚਾਰੇ ਲਾਡਲੀਆਂ

ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਘੋੜੇ ਪਾਲਕੀਆਂ

ਅਸੀਂ ਬਾਬਲ ਧੀਆਂ ਚਾਰ ਚਾਰੇ ਲਾਡਲੀਆਂ

ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਘੋੜੇ ਪਾਲਕੀਆਂ

ਅਸੀਂ ਉਡੀਆਂ ਵਾਰੋ ਵਾਰ ਖੰਭ ਖਿਲਾਰ

ਪਰਬਤ ਸਾਡੇ ਜੀ ਆਲ੍ਹਣੇ---ਏ---

ਤਾਂ ਮੈਂ ਇੱਕ ਸੁਹਾਗ ਸਿਰਜਿਆ ਤੇ ਬੜੀ ਹੌਲੀ ਹੌਲੀ ਗਾਇਆ,

ਅਸੀਂ ਬਾਪੂ ਦੀਆਂ ਧੀਆਂ ਤਿੰਨ ਤਿੰਨੋ ਬੇਕਦਰੀਆਂ

ਤਿੰਨੋ ਅਣਚਾਹੀਆਂ ਜੰਮੀਆਂ ਨਾ ਜਿੰਦਾ ਨਾ ਮਰੀਆਂ

ਅਸੀਂ ਮਰ ਜਾਣਾ ਵਾਰੋ ਵਾਰੀ ਬਾਬਲ ਮੋਹਰਾਂ ਵੱਟ ਧਰੀਆਂ

ਸਾਡੇ ਤਿੰਨਾਂ ਦੇ ਮੰਦੜੇ ਭਾਗ ਜੋ ਬਿਸਨੇ ਦੇ ਘਰ ਜੰਮੀਆਂ

ਇਸੇ ਤਰ੍ਹਾਂ ਕੁੜੀਆਂ ਦੁਆਰਾ ਗਾਏ ਹਰ ਸੁਹਾਗ ਜਾਂ ਮੰਗਲ ਗੀਤ ਨੂੰ ਮੈਂ ਵਿਗਾੜ ਕੇ ਸਿਰਜ ਲੈਂਦੀ ਤੇ ਹੌਲੀ ਹੌਲੀ ਗੁਣਗੁਣਾਉਂਦੀ।

ਵੈਸੇ ਤਾਂ ਮੈਂ ਪਿੱਛੇ ਦੱਸ ਆਈ ਆਂ ਬਈ ਰੱਬ ਨੇ ਮੈਨੂੰ ਬੇਜ਼ੁਬਾਨ ਬਣਾ ਕੇ ਹੀ ਧਰਤੀ ਤੇ ਭੇਜਿਆ ਹੈ---ਮੈਂ ਤਾਂ ਪੈਦਾ ਹੀ ਗੂੰਗੀ ਬੋਲੀ ਹੋਈ ਹਾਂ ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂ ਪਤਾ ਨੀ ਕਿਥੋਂ ਐਨੀ ਹਿੰਮਤ ਕਰ ਕੇ ਮਾਂ ਨੂੰ ਪੁੱਛਿਆ,

“ਮਾਂ---ਮੈਂ ਕੁਸ ਪੁੱਛਣਾ ਸੀ---ਪੁੱਛ ਸਕਦੀ ਆਂ---??

ਮਾਂ ਨੇ ਹਾਂ ਜਾਂ ਨਾਂਹ ਵਰਗਾ ਤਾਂ ਕੋਈ ਸ਼ਬਦ ਮੂੰਹੋਂ ਨਹੀਂ ਸੀ ਬੋਲਿਆ ਬੱਸ ਮੇਰੇ ਮੂੰਹ ਵੱਲ ਟਿਕਟਿਕੀ ਲਾ ਕੇ ਖੜੋਅ ਗਈ ਸੀ---ਜਿਵੇਂ ਦੋ ਚਿੱਤੀ `ਚ ਹੋਵੇ ਕਿ ਉਹ ਹਾਂ ਕਹੇ ਜਾਂ ਨਾਹ---ਤੇ ਮੇਰੀ ਹਿੰਮਤ ਦੀ ਦਾਦ ਦਿਓ---ਮੈਂ ਕਿਹਾ,

“ਇਹ ਕੁੜੀਆਂ ਧਰਮੀ ਮਾਪਿਆਂ ਦੇ ਧਰਮੀ ਬਾਬਲ ਦੇ ਤੇ ਮੋਹ ਮਮਤਾ ਨਾਲ ਭਿੱਜੀ ਹੋਈ ਮਾਂ ਦੇ ਸੁਹਾਗ ਕਾਹਤੋਂ ਗਾਉਂਦੀਆਂ ਨੇ---ਕਾਹਤੋਂ ਭਲਾਂ ਈ---"

ਸੁਣ ਕੇ ਮਾਂ ਸੁੰਨ ਹੋ ਗਈ ਸੀ---ਉਹ ਥਿੜ੍ਹਦੀਆਂ ਲੱਤਾਂ ਨਾਲ ਮੰਜੇ ਤੇ ਡਿੱਗ ਜਿਹੀ ਪਈ ਸੀ---ਉਹ ਮੇਰੇ ਸਵਾਲ ਦਾ ਕੋਈ ਜਵਾਬ ਦਿੰਦੀ---ਉਸ ਤੋਂ ਪਹਿਲਾਂ ਈ ਮੈਂ ਅਗਲਾ ਸੁਆਲ ਦਾਗਿਆ---ਮਾਂ ਸੰਭਲ ਗਈ ਸੀ---

“ਮਾਂ ਮੇਰੇ ਵੀ ਬਾਪੂ ਨੇ ਪੈਸੇ ਲਏ ਨੇ---ਮਤਲਬ ਅੱਕੀ ਤੇ ਗੁਜਰੀ ਵਾਂਗ ਮੈਨੂੰ ਵੀ ਕਿਸੇ ਨੂੰ ਬੇਚਿਐ---?? ਨਾਲੇ ਮਾਂ ਮੈਨੂੰ ਇਹ ਵੀ ਦੱਸ ਬਈ ਜੀਹਦੇ ਨਾਲ ਮੇਰਾ ਵਿਆਹ ਹੋਣਾ ਐ ਉਹ ਵੀ ਮੇਰੇ ਵਾਂਗ ਬੱਜ ਮਾਰਿਆ ਐ ਜਾਂ---ਆਂ---ਆਂ---ਮਾਂ ਇਹ ਤਾਂ ਹੋ ਨੀ ਸਕਦਾ ਕਿ ਕੋਈ ਚੰਗਾ ਭਲਾ ਬੰਦਾ ਮੇਰੇ ਅਰਗੀ ਬੱਜ ਮਾਰੀ ਨਾਲ ਵਿਆਹ ਕਰ ਲਵੇ---ਨਹੀਂ ਨਾਅ---??

ਮੇਰੀ ਗੱਲ ਸੁਣ ਕੇ ਮਾਂ ਬੇਹੋਸ਼ ਹੋ ਗਈ ਸੀ---ਫੇਰ ਮੈਂ ਈ ਜਾਣਦੀ ਆਂ ਜਾਂ ਮੇਰਾ ਰੱਬ ਕਿ ਕਿੰਨੀ ਮੁਸ਼ਕਲ ਨਾਲ ਮੈਂ ਮਾਂ ਨੂੰ ਹੋਸ਼ `ਚ ਲਿਆਂਦਾ---ਮੈ ਮਾਂ ਦੇ ਪੈਰ ਫੜ ਕੇ ਮਿਨਤਾਂ ਕੀਤੀਆਂ ਕਿ ਮਾਂ ਮੈ ਦਬਾਰਾ ਤੈਨੂੰ ਇਹੋ ਜਿਹਾ ਕੋਈ ਸੁਆਲ ਨੀ ਪੁੱਛਣਾ ਜੀਹਦਾ ਤੇਰੇ ਕੋਲ ਕੋਈ ਜਵਾਬ ਨਾ ਹੋਵੇ---"

“ਤੇਰੇ ਸੁਆਲਾਂ ਦਾ ਜਵਾਬ ਦੇਣ ਦੀ ਤਾਕਤ ਮੇਰੇ ਵਿੱਚ ਨਹੀਂ ਹੈ ਮਰੋ---ਨਹੀਂ ਹੈ---ਚਲ ਅੱਜ ਕੁੜੀਆਂ ਨੂੰ ਸੁਹਾਗ ਗਾਓਣੋਂ ਮਨ੍ਹਾਂ ਕਰ ਦਿਆਂਗੇ---ਜੇ ਤੈਨੂੰ ਚੰਗੇ ਨਹੀਂ ਲਗਦੇ ਤਾਂ---"

“ਨਹੀਂ ਮਾਂ---ਇੱਕ ਦਿਨ ਦੀ ਤਾਂ ਗੱਲ ਐ---ਜਿੱਥੇ ਦੋ ਦਿਨ ਗਾਏ ਗਏ ਤਾਂ ਇੱਕ ਦਿਨ ਹੋਰ ਸਹੀ---"

ਪਰ ਮੈਂ ਮਾਂ ਨੂੰ ਕਹਿਣਾ ਚਾਹੰੁਦੀ ਸਾਂ ਕਿ ਕੁੜੀਆਂ ਨੂੰ ਆਖੇ ਬਈ ਉਹ ਕੁਧਰਮੀ ਮਾਪਿਆਂ ਬਾਰੇ ਵੀ ਕੋਈ ਸੁਹਾਗ ਗਾਉਣ---ਜੇ ਮਾਂ ਬੇਹੋਸ਼ ਨਾ ਹੁੰਦੀ ਤਾਂ ਸ਼ਾਇਦ ਉਸ ਦਿਨ ਮੈਂ ਹੋਰ ਵੀ ਕਈ ਉਟ ਪਟਾਂਗ ਸੁਆਲ ਪੁੱਛ ਲੈਂਦੀ---ਮਸਲਨ ਜਦੋਂ ਲਾਵਾਂ ਵੇਲੇ ਭਾਈ ਜੀ ਮੇਰਾ ਨਾ ਪੁੱਛੇਗਾ ਤਾਂ ਕੀ ਦੱਸੋਗੇ?ਕਿਉਂਕਿ ਮੇਰੀਆਂ ਭੈਣਾਂ ਦੀਆਂ ਲਾਵਾਂ ਵੇਲੇ ਜਦੋਂ ਭਾਈ ਜੀ ਨੇ ਉਹਨਾਂ ਦਾ ਨਾਂ ਪੁੱਛਿਆਂ ਸੀ ਤਾਂ ਸਥਿਤੀ ਬਹੁਤ ਅਜੀਬ ਹੋ ਗਈ ਸੀ---ਬਾਪੂ ਨੂੰ ਤੁਰਤ ਫ਼ੁਰਤ ਮੇਰੀਆਂ ਭੈਣਾਂ ਦਾ ਕੋਈ ਵੀ ਨਾਂ ਨਹੀਂ ਸੀ ਸੁੱਝਿਆ---ਇਸ ਗੱਲ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ---ਉਦੋਂ ਭਾਈ ਜੀ ਨੇ ਵਿਆਹਦੜ ਬੀਬੀ ਕਹਿ ਕੇ ਕੰਮ ਸਾਰ ਲਿਆ ਸੀ ਤੇ ਵਿਆਹਦੜ ਬੀਬੀ ਕਹਿ ਕੇ ਈ ਅਰਦਾਸ ਕਰ ਦਿੱਤੀ ਸੀ।

ਸੋ ਮੈਂ ਮਾਂ ਨੂੰ ਯਾਦ ਵੀ ਕਰਾਉਣਾ ਚਾਹੰੁਦੀ ਸਾਂ ਮਤੇ ਮੇਰੀ ਵਾਰੀ ਵੀ ਮੇਰੀਆਂ ਭੈਣਾਂ ਦੇ ਅਨੰਦ ਕਾਰਜਾਂ ਵਾਲੀ ਹਾਸੋਹੀਣੀ ਸਥਿਤੀ ਨਾ ਹੋ ਜਾਵੇ---ਮੈਂ ਮਾਂ ਨੂੰ ਇਹ ਸੁਆਲ ਵੀ ਪੁੱਛਣਾ ਚਾਹੰੁਦੀ ਸਾਂ ਕਿ ਜੇ ਮੇਰਾ ਘਰ ਵਾਲਾ ਕੱਜ ਮਾਰਿਆ ਨਹੀਂ ਹੈ---ਜੇ ਉਹ ਸਾਬਤ ਬੰਦਾ ਹੈ---ਤਾਂ ਉਸ ਬਿਨ੍ਹਾ ਕੱਜ ਵਾਲੇ ਮੁੰਡੇ ਨੇ ਮੇਰੀ ਵਰਗੀ ਕੱਜ ਮਾਰੀ ਕੁੜੀ ਨਾਲ ਵਿਆਹ ਕਰਨਾ ਕਿਵੇਂ ਮੰਨ ਲਿਆ---ਬਗੈਰਾ ਬਗੈਰਾ---

ਪਰ ਮਾਂ ਦੇ ਬੇਹੋਸ਼ ਹੋਣ ਸਦਕਾ ਮੇਰੇ ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ---ਮੈਂ ਡਰ ਗਈ ਕਿ ਜੇ ਮਾਂ ਨੂੰ ਕੁਸ ਹੋ ਗਿਆ ਤਾਂ ਮੇਰੇ ਨਾਲ ਕੀ ਬਣੇਗੀ---ਮੈਂ ਤਾਂ ਘਰ ਦਿਆਂ ਵੱਲੋਂ ਪਹਿਲਾਂ ਹੀ ਨਹਿਸ਼ ਮਨਹੂਸ ਬੇਭਾਗ ਗਰਦਾਨੀ ਜਾਂਦੀ ਹਾਂ---

ਦੇਖੋ, ਸਿਆਣੇ ਆਖਦੇ ਨੇ ਬਾਹਰ ਬੀਬੀ ਲੱਖ ਹਜ਼ਾਰੀ ਘਰੇ ਬੀਬੀ ਝੋਲੇ ਦੀ ਮਾਰੀ---ਮੈਂ ਘਰ ਦਿਆਂ ਦੀਆਂ ਨਜ਼ਰਾਂ ਵਿੱਚ ਨਖਿੱਧ, ਬੇਕਾਰ, ਨਹਿਸ਼, ਮਨਹੂਸ, ਲੰਗੜੀ ਪਿੰਗੜੀ, ਬੇਭਾਗ ਸਾਂ ਪਰ ਲੋਕਾਂ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਸੁਘੜ ਸਿਆਣੀ ਧੀ, ਡਿਸਟ੍ਰਿਕਟ ਪੱਧਰ ਤੇ ਫ਼ਸਟ ਰਹਿ ਕੇ ਪਿੰਡ ਦਾ ਨਾਂ ਚਮਕਾਉਣ ਵਾਲੀ ਧੀ, ਦਰਵੇਸ਼, ਮਿਲਾਪੜੀ ਗੁਣਵਾਨ ਤੇ ਹੋਰ ਕਈ ਕੁੱਝ ਸਾਂ---ਲੋਕ ਮੈਨੂੰ ਬਹੁਤ ਪਿਆਰ ਕਰਦੇ ਤੇ ਸਤਿਕਾਰ ਦਿੰਦੇ ਸਨ।

ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ---ਨਾ ਮੇਰੇ ਕੋਈ ਬਟਣਾ ਮਲਿਆ ਗਿਆ---ਨਾ ਮਂੈ ਮਾਈਏਂ ਪਈ---ਨਾ ਕਿਸੇ ਤਰ੍ਹਾਂ ਦੇ ਹੋਰ ਸ਼ਗਨ ਕੀਤੇ ਗਏ---ਸ਼ਾਇਦ ਘਰ ਦਿਆਂ ਨੇ ਸੋਚਿਆ ਹੋਣਾ ਕਿ ਬਟਣਾ ਮਲ ਕੇ ਕਿਹੜਾ ਇਹਨੇ ਹੂਰ ਪਰੀ ਬਣ ਜਾਣੈ---ਰਹਿਣਾ ਤਾਂ ਉਹੀਓ ਬੱਜ ਮਾਰੀ ਐ---

ਖੈਰ ! ਕਰਦਿਆਂ ਕਰਾਉਂਦਿਆਂ ਨੂੰ ਮੇਰੇ ਵਿਆਹ ਦਾ ਦਿਨ ਆ ਹੀ ਗਿਆ---ਆਮ ਸਾਧਾਰਣ ਕੁੜੀਆਂ ਨਾਲੋਂ ਮੇਰੀ ਬਰਾਤ ਦੀ ਇੰਤਜ਼ਾਰ ਲੋਕੀਂਂ ਬਹੁਤੀ ਸ਼ਿੱਦਤ ਨਾਲ ਕਰ ਰਹੇ ਸਨ---ਸ਼ਾਇਦ ਇਸ ਲਈ ਕਿ ਲੋਕਾਂ ਨੂੰ ਇਹ ਜਾਣਨ ਦੀ ਜਿਗਿਆਸਾ ਸੀ ਬਈ ਲੰਗੜੀ ਦਾ ਹੋਣ ਵਾਲਾ ਪ੍ਰਾਹੁਣਾ ਕਿਸ ਤਰ੍ਹਾਂ ਦਾ ਹੋਵੇਗਾ---ਲੋਕਾਂ ਨੂੰ ਮੇਰੇ ਘਰ ਵਾਲੇ ਨੂੰ ਤੱਕਣ ਦੀ ਤੀਵਰ ਇੱਛਾ ਸੀ---ਲੋਕਾਂ ਨੇ ਸਾਡੇ ਘਰ ਤਾਂ ਆਉਣਾ ਨਹੀਂ ਸੀ ਕਿਉਂਕਿ ਸਾਡਾ ਸਮਾਜਕ ਬਾਈਕਾਟ ਕੀਤਾ ਹੋਇਆ ਸੀ ਲੇਕਿਨ ਮੇਰੇ ਪ੍ਰਾਹੁਣੇ ਨੂੰ ਦੇਖਣ ਦੀ ਸਭ ਨੂੰ ਜਿਗਿਆਸਾ ਸੀ---

ਪਰ ਮੈਨੂੰ ਕੋਈ ਜਿਗਿਆਸਾ ਨਹੀਂ ਸੀ---ਮੈਨੂੰ ਕੋਈ ਫਰਕ ਨਹੀਂ ਸੀ ਪੈਣਾ---ਮੇਰੇ ਵਰਗੀ ਅਪਾਹਜ ਤੇ ਦਬੂ ਕੁੜੀ ਕੋਈ ਹਸਰਤ ਪਾਲ ਵੀ ਕਿਵੇਂ ਸਕਦੀ ਹੈ---ਮੇਰੇ ਲਈ ਤਾਂ ਸਿਰਫ਼ ਪਿੰਜਰਾ ਈ ਬਦਲਨਾ ਸੀ---ਇੱਥੇ ਮੈਂ ਬਿਸਨੇ ਦੀ ਧੀ ਹਾਂ---ਉਥੇ ਫਲਾਣੇ ਦੀ ਨੂੰਹ ਤੇ ਫਲਾਣੇ ਦੀ ਘਰ ਵਾਲੀ ਬਣ ਜਾਣਾ ਹੈ---

ਮੈਂ ਤੁਹਾਨੂੰ ਪਿੱਛੇ ਇੱਕ ਵਾਕਿਆ ਦੱਸਣਾ ਭੁੱਲ ਗਈ---ਜਾਂ ਸ਼ਾਇਦ ਦੱਸਣ ਦਾ ਮੌਕਾ ਵੀ ਨਹੀਂ ਮਿਲਿਆ---ਬੀਰੇ ਨੇ ਮੇਰਾ ਦਸਵੀਂ ਦਾ ਸਰਟੀਫਿ਼ਕੇਟ ਉਦੋਂ ਹੀ ਫਾੜ ਕੇ ਸਿੱਟ ਦਿੱਤਾ ਸੀ---ਜਿਨ੍ਹੀ ਦਿਨੀ ਬਾਪੂ ਨੇ ਉਹਦੇ ਮੇਜ਼ ਦੇ ਦਰਾਜ਼ਾਂ ਵਿੱਚੋਂ ਆਪੱਤੀ ਜਨਕ ਸਾਮਾਨ ਦੇਖਿਆ ਸੀ---ਮੇਰੀ ਦਸਵੀਂ ਦੀ ਮਾਰਕ ਸ਼ੀਟ ਵੀ ਫਾੜ ਦਿੱਤੀ ਸੀ---ਤੇ ਹੁਣ ਮੈਂ ਕਹਿਣ ਨੂੰ ਈ ਡਿਸਟ੍ਰਿਕਟ ਪੱਧਰ ਤੇ ਦਸਵੀਂ ਪਾਸ ਸਾਂ---ਪਰ ਮੇਰੇ ਕੋਲ ਇਸਦਾ ਕੋਈ ਸਬੂਤ ਨਹੀਂ ਸੀ---ਕੋਈ ਸਰਟੀਫਿ਼ਕੇਟ ਨਹੀਂ ਸੀ---

--ਚਲਦਾ--