12
ਮੈਂ ਥੋਨੂੰ ਦੱਸਿਆ ਈ ਐ ਬਈ ਮੈਨੂੰ ਆਪਣੇ ਹੋਣ ਵਾਲੇ ਪਤੀ ਨੂੰ ਦੇਖਣ ਦੀ ਕੋਈ ਉਤਸਕਤਾ ਨਹੀਂ ਸੀ---ਪਰ ਇੱਕ ਗੱਲ ਸੀ ਕਿ ਮੈਂ ਹੁਣ ਪਿੰਜਰਾ ਬਦਲਿਆ ਚਾਹੁੰਦੀ ਸਾਂ---ਮੈਂ ਮਾਪਿਆਂ ਘਰ ਕਦੇ ਕੋਈ ਸੁੱਖ ਆਰਾਮ ਨਹੀਂ ਦੇਖਿਆ ਸੀ---ਕਦੇ ਜੀਅ ਭਰ ਕੇ ਜ਼ਿੰਦਗ਼ੀ ਹੰਢਾਈ ਨਹੀਂ ਸੀ---ਸੋ ਚਾਹੁੰਦੀ ਸਾਂ ਕਿ ਅਗਲਾ ਪਿੰਜਰਾ ਮਿਲ ਜਾਵੇ---ਘੱਟੋ ਘੱਟ ਉਹ ਇਸ ਪਿੰਜਰੇ ਜਿੰਨਾ ਦੁਖਦਾਈ ਨਹੀਂ ਹੋਣਾ---
ਜਿੰਨੀ ਜ਼ਲਾਲਤ ਤੇ ਪੜਤਾੜਨਾ ਮੈਂ ਇਸ ਪੇਕੇ ਘਰ ਰੂਪੀ ਪਿੰਜਰੇ ਵਿੱਚ ਝੱਲੀ ਹੈ---ਇੰਨੀ ਸ਼ਾਇਦ ਸਹੁਰੇ ਘਰ ਰੂਪੀ ਪਿੰਜਰੇ ਵਿੱਚ ਨਾ ਝੱਲਣੀ ਪਵੇ---ਕੁੜੀਆਂ ਔਰਤਾਂ ਨਾਲ ਬਨੇਰੇ ਭਰੇ ਪਏ ਸਨ---ਮੇਰੀ ਬਰਾਤ ਨੂੰ ਤੇ ਲਾੜੇ ਨੂੰ ਦੇਖਣ ਲਈ ਸਾਰਾ ਪਿੰਡ ਉਮੜਿਆ ਸੀ---ਪਰ ਸਾਡੇ ਘਰ ਦੇ ਅੰਦਰ ਕੋਈ ਨਹੀਂ ਆਇਆ---
ਅਖੀਰ ਇੰਤਜਾਰ ਦੀਆਂ ਘੜੀਆਂ ਖ਼ਤਮ ਹੋ ਗਈਆਂ---ਵੀਹ ਪੱਚੀ ਬਰਾਤੀਆਂ ਨਾਲ ਸੁਸ਼ੋਭਿਤ ਮੇਰਾ ਲਾੜ੍ਹਾ ਸੇਹਰੇ ਬੰਨ੍ਹੀ ਢੁੱਕਿਆ ਸੀ---ਸਰੀਰਕ ਪੱਖੋਂ ਉਹਦੇ ਵਿੱਚ ਕੋਈ ਕਜ ਨਹੀਂ ਸੀ---ਇਹ ਗੱਲ ਲੋਕਾਂ ਲਈ ਤੇ ਮੇਰੇ ਲਈ ਬਹੁਤ ਅਚੰਭੇ ਭਰੀ ਸੀ---
ਇਹ ਰਾਜ ਜਲਦ ਹੀ ਖੁਲ੍ਹ ਗਿਆ---ਲਾਵਾਂ ਉਤੇ ਬਿਨ੍ਹਾਂ ਸੇਹਰੇ ਦੇ ਬੈਠਿਆ ਮੇਰਾ ਲਾੜ੍ਹਾ ਪੰਜਾਹਾਂ ਨੂੰ ਢੁੱਕਿਆ ਪਕਰੋੜ ਆਦਮੀ ਸੀ---ਪਰ ਉਸ ਨੇ ਆਪਣੀ ਉਮਰ ਨੂੰ ਛੁਪਾਉਣ ਲਈ ਹਰ ਸੰਭਵ ਯਤਨ ਕਰ ਰੱਖਿਆ ਸੀ---ਦਾਹੜੀ ਕੁਤਰੀ ਤੇ ਰੰਗੀ ਹੋਈ---ਚੁਸਤ ਦਰੁਸਤ ਦਿਸਣ ਲਈ ਅਫੀਮ ਦਾ ਡੋਰਾ ਲਾਇਆ ਹੋਇਆ---
ਚਾਰੇ ਪਾਸੇ ਸੁਰਭਰ ਸੁਰਭਰ ਜਿਹੀ ਹੋਣ ਲੱਗ ਪਈ---ਕੋਈ ਆਖੇ ਲੰਗੜੀ ਨੂੰ ਬੁੜ੍ਹਾ ਵਿਆਹੁਣ ਆ ਗਿਆ---ਕੋਈ ਆਖੇ ਚਲ ਵਿਆਹ ਹੋ ਗਿਆ---ਹੋਰ ਕਿਹੜਾ ਇਹਨੂੰ ਰਾਜ ਕੁਮਾਰ ਮਿਲਣਾ ਸੀ---ਬਹੁਤੇ ਆਖ ਰਹੇ ਸਨ ਕਿ ਪੜ੍ਹੀ ਲਿਖੀ ਕੁੜੀ ਐ---ਹੁਸ਼ਿਆਰ ਵੀ ਐ---ਇਹਦਾ ਤਾਂ ਕੋਈ ਚੰਗਾ ਭਲਾ ਮੁੰਡਾ ਹੱਸ ਕੇ ਰਿਸ਼ਤਾ ਲੈ ਲੈਂਦਾ---ਜਿੰਨੇ ਮੂੰਹ ਉਨੀਆਂ ਦੀ ਗੱਲਾ---ਪਰ ਸੱਚ ਮੰਨਿਓ, ਮੈਨੂੰ ਕਿਸੇ ਪ੍ਰਕਾਰ ਦਾ ਸ਼ਿਕਵਾ ਸ਼ਿਕਾਇਤ ਨਹੀਂ ਸੀ---ਮੈਨੂੰ ਉਸ ਘੜੀ ਕੁੱਝ ਮਹਿਸੂਸ ਵੀ ਨਹੀਂ ਸੀ ਹੋ ਰਿਹਾ---
ਲਾਵਾਂ `ਤੇ ਬੈਠਣ ਤੋਂ ਪਹਿਲਾਂ ਮੈਂ ਇੱਕ ਵਾਰੀ ਆਪਣੇ ਧਰਮੀ ਮਾਪਿਆਂ ਵੱਲ ਤੱਕਿਆ, ਪਰ ਕਿਸੇ ਸ਼ਿਕਵੇ ਸ਼ਿਕਾਇਤ ਨਾਲ ਨਹੀਂ---ਕਿਸੇ ਨਾਰਾਜਗੀ ਨਾਲ ਵੀ ਨਹੀਂ---ਬੱਸ ਊਈਂ ਸਹਿਜ ਸੁਭਾਅ---ਜਾਂ ਕਹਿ ਲਓ ਕਿ ਮੈਂ ਉਹਨਾਂ ਪ੍ਰਤੀ ਕ੍ਰਿਤਿੱਗਿਆ ਜ਼ਾਹਰ ਕੀਤੀ ਕਿ ਧੰਨਭਾਗ ਮੇਰੇ ਜਿਹਨੂੰ ਤੁਸੀਂ ਇੱਕ ਪਿੰਜਰੇ ਚੋਂ ਕੱਢ ਕੇ ਦੂਜੇ ਪਿੰਜਰੇ ਵਿੱਚ ਜਾਣ ਜੋਗੀ ਬਣਾਈ ਰੱਖਿਆ।
ਫੇਰ ਜੋ ਖਦਸਾ ਮੈਂ ਪਿੱਛੇ ਜ਼ਾਹਰ ਕਰ ਆਈ ਆਂ---ਉਹੀ ਹੋਇਆ---ਅਰਦਾਸ ਵੇਲੇ ਭਾਈ ਜੀ ਨੇ ਲੜਕੇ ਲੜਕੀ ਦਾ ਨਾਂ ਪੁੱਛਿਆ---ਮੈਂ ਲਾੜ੍ਹਾ ਲਾੜ੍ਹੀ ਨਹੀਂ ਕਹਿ ਰਹੀ ਕਿਉਂਕਿ ਲਾੜ੍ਹਾ ਲਾੜ੍ਹੀ ਸ਼ਾਇਦ ਅਸੀਂ ਦੋਵੇ ਸਾਂ ਹੀ ਨਹੀਂ---ਨਾਲੇ ਪਿੱਛੋਂ ਹਾਸੜ ਮੱਚ ਗਈ---ਕੋਈ ਸਿਰ ਫਿਰਿਆ ਬਰਾਂਤੀ ਦਾਰੂ ਦੇ ਨਸ਼ੇ ਵਿੱਚ ਚੂਰ ਕਹਿ ਰਿਹਾ ਸੀ ਕਿ ਭਾਈ ਜੀ ਲੜਕਾ ਨਹੀਂ ਤੁਸੀਂ ਬੁੜ੍ਹੇ ਦਾ ਨਾਂ ਪੁੱਛੋ---ਖੈਰ!
ਜਿਉਂ ਈ ਭਾਈ ਜੀ ਨੇ ਸਾਡਾ ਨਾਂ ਪੁੱਛਿਆ ਤਾਂ ਮੇਰੀਆਂ ਭੈਣਾਂ ਦੀ ਲਾਵਾਂ ਵਾਂਗ ਫੇਰ ਬਾਪੂ ਦੀ ਜ਼ੁਬਾਨ ਤਤਲਾਅ ਗਈ---ਲੜਕੀ ਦਾ ਨਾਂ?? ਨਾਓਂ---ਉਹਦਾ ਨਾਓਂ ਲੰਗੜੀ---ਨਹੀਂ ਨਹੀਂ ਮਰੋ---ਨਾਂ ਸੱਚ---ਉਹਦਾ ਨਾਂ ਮੈਂ ਦੱਸਦਾ ਆਂ---ਤੇ ਬੌਖਲਾਏ ਬਾਪੂ ਨੇ ਘੁੰਡ ਕੱਢੀ ਬੈਠੀ ਬੇਬੇ ਨੂੰ ਕਿਹਾ ਸੀ ਕਿ ਜੀਤੋ ਗੁੱਡੋ ਦਾ ਨਾਂ---ਭਲਾਂ ਦੀ ਆਪਾਂ ਦੀ ਰੱਖਿਆ ਸੀ???
ਦੋ ਮਿੰਟ ਇੰਤਜ਼ਾਰ ਕਰਨ ਤੋਂ ਬਾਦ ਭਾਈ ਜੀ ਨੇ ਮੈਨੂੰ ਗੁੱਡੋ ਕਹਿ ਕੇ ਅਰਦਾਸ ਕਰ ਦਿੱਤੀ ਸੀ---ਤੁਸੀਂ ਉਸ ਘੜੀ ਦੇ ਮਾਹੌਲ ਨੂੰ ਚਿਤਵ ਕੇ ਸੋਚੋ ਕਿ ਔਰਤ ਦੀ ਸਮਾਜ ਵਿੱਚ ਕਿੰਨੀ ਕੁ ਕਦਰ ਹੈ---ਕਿੰਨੀ ਕੁ ਲੋੜ ਹੈ ਤੇ ਕਿੰਨੀ ਕੁ ਉਹਦੇ ਪ੍ਰਤੀ ਸੰਵੇਦਨਾ---ਔਰਤ ਨੂੰ ਨਾਂ ਤੱਕ ਦੇਣ ਦੀ ਜਹਿਮਤ ਨਹੀਂ ਉਠਾਈ---ਉਫ਼!
ਨਾਲੇ ਮੈਂ ਕਿਤੇ ਬਾਦ `ਚ ਦੱਸਣਾ ਭੁੱਲ ਈ ਨਾ ਜਾਵਾਂ---ਮੈਂ ਹੁਣੇ ਦੱਸ ਦਿੰਦੀ ਹਾਂ---ਕਿਉਂਕਿ ਲਾਵਾਂ ਤੋਂ ਪਹਿਲਾਂ ਦੀ ਅਰਦਾਸ ਦਾ ਜ਼ਿਕਰ ਚੱਲ ਰਿਹੈ---ਇਹ ਅਰਦਾਸ ਲੰਗੜੀ ਦੇ ਵਿਆਹ ਦੀ ਨਹੀਂ ਕਿਸੇ ਗੁੱਡੋ ਦੇ ਵਿਆਹ ਦੀ ਕੀਤੀ ਗਈ ਸੀ---ਤੇ ਲੰਗੜੀ ਦੀ ਥਾਵੇਂ ਗੁੱਡੋ ਨੂੰ ਹੀ ਸੁਖ ਮਿਲਣਾ ਸੀ---ਪ੍ਰਮਾਤਮਾ ਨੇ ਲੰਗੜੀ ਦੀ ਥਾਵੇਂ ਸਾਰੇ ਸੁੱਖ ਕਿਸੇ ਗੁੱਡੋ ਦੀ ਝੋਲੀ `ਚ ਪਾ ਦਿੱਤੇ---ਉਹਦਾ ਜੀਵਨ ਸੁੱਖਾਂ ਲੱਧਾ ਬਣਾ ਦਿੱਤਾ---ਕਿਉਂਕਿ ਭਾਈ ਜੀ ਵੱਲੋਂ ਅਰਦਾਸ ਹੀ ਕਿਸੇ ਗੁੱਡੋ ਦੇ ਸੁਖਮਈ ਜੀਵਨ ਲਈ ਕੀਤੀ ਗਈ ਸੀ---
ਮੇਰੇ ਤੱਕਦਿਆਂ ਤੱਕਦਿਆਂ ਇਹ ਕੋਈ ਗੁੱਡੋ ਨਾਂ ਦੀ ਕੁੜੀ ਜ਼ਿੰਦਗ਼ੀ ਦੀਆਂ ਸਾਰੀਆ ਖੁਸ਼ੀਆਂ ਤੇ ਸਾਰਾ ਸੁਖ ਝੋਲੀ `ਚ ਸਮੇਟ ਕੇ ਤੁਰ ਗਈ---ਐਸੀ ਗਈ---ਐਸੀ ਗਈ ਕਿ ਮੈਨੂੰ ਤਾਂ ਜ਼ਿੰਦਗ਼ੀ ਭਰ ਨਾਂ ਲੱਭੀ---ਮੈਂ ਇਸ ਗੁੱਡੋ ਨੂੰ ਲੱਭਣ ਲਈ ਸਾਰੀ ਉਮਰ ਲਾ ਦਿੱਤੀ ਪਰ ਮੈਨੂੰ ਇਹ ਕਿਧਰੋਂ ਨਾਂ ਲੱਭੀ---ਖੈਰ!!!
ਅਜੇ ਅਰਦਾਸ ਖਤਮ ਹੋਈ ਹੀ ਸੀ ਕਿ ਇੱਕ ਹੋਰ ਡਰਾਮਾ ਹੋ ਗਿਆ---ਇੱਕ ਵੀਹ ਬਾਈ ਸਾਲਾਂ ਦਾ ਮੁੰਡਾ ਦਹਾੜ ਰਿਹਾ ਸੀ---ਅਖੇ ਦੇਖੋ ਉਇ ਲੋਕੋ---ਚੌਰੇ ਨੂੰ ਵਿਆਹ ਕਰਾਉਣ ਦਾ ਭੂਤ ਸਵਾਰ ਹੋਇਐ---ਪੰਜਾਹ ਸਾਲ `ਚ ਬੰਦਾ ਰੱਬ ਦਾ ਨਾਉਂ ਲੈਂਦੈ---ਤੇ ਆਹ ਮੇਰਾ ਬਾਪ ਕੰਜਰ ਲਾੜਾ ਸਜ ਕੇ ਲਾਵਾਂ ਤੇ ਬੈਠਿਐ---ਅਸੀਂ ਏਹਦੇ ਤਿੰਨ ਬੱਚੇ ਆਂ---ਵਿਆਹ ਦੀ ਉਮਰ ਸਾਡੀ ਐ ਨਾ ਕਿ ਇਹਦੀ---ਪਰ ਇਹਦੇ ਅੱਗ ਲੱਗੀ ਐ ਵਿਆਹ ਦੀ---ਬਡਾਰੂ ਦੇ ਹੱਥ ਪੈਰ ਕੰਬਦੇ ਨੇ---ਅੱਖਾਂ ਨੂੰ ਐਨੇ ਮੋਟੇ ਮੋਟੇ ਖੋਪੇ ਲਾਈਂ ਰੱਖਦੈ---ਕੋਡਾ ਹੋ ਹੋ ਕੇ ਤੁਰਦੈ---ਆ ਗਿਆ ਲਾੜ੍ਹਾ ਸਜ ਕੇ---ਚੌਰੇ ਨੂੰ ਸ਼ਰਮ ਨੀ ਭੋਰਾ---ਘਰੇ ਜੁਆਨ ਧੀ ਬੈਠੀ ਐ ਵਿਆਹੁਣ ਆਲੀ---ਸਾਨੂੰ ਭੇਜ ਕੇ ਨਾਨਕੀਂ---ਮਗਰੋਂ ਸਿਹਰੇ ਬੰਨ੍ਹ ਕੇ ਢੁੱਕਿਐ---ਬੁੱਢਾ ਖਸੜ---ਦਾਹੜੀ ਬੱਗੀ ਹੋਈ ਪਈ ਐ---ਲਾ ਕੇ ਕਲਫਾਂ---ਕਰ ਕੇ ਬਾਲ ਕਾਲੇ ਕੱਲ੍ਹ ਦਾ ਛਕੀਨ ਬਣਿਆ ਫਿਰਦੈ---ਤੂੰ ਲਿਆ ਕੇਰਾਂ ਘਰੇ ਡੋਲੀ---ਤੇਰੀਆਂ ਲੱਤਾਂ ਨਾਂ ਛਾਂਗੀਆਂ---ਨਾਲੇ ਆਹ ਜਿਹੜੇ ਮੁਸ਼ਟੰਡੇ ਬਰਾਤੀ ਬਣ ਕੇ ਆਏ ਨੇ ਤੇਰੇ ਨਾਲ---ਇਹਨਾਂ ਨੇ ਵੀ ਸ਼ਰਮ ਬੇਚ ਖਾਧੀ ਐ---ਤੈਨੂੰ ਢੱਠੇ ਨੂੰ ਸਮਝਾਉਣਾ ਤਾਂ ਕੀ ਸੀ---ਉਲਟਾ ਚੱਲ ਪਏ ਬਰਾਤ ਸਜਾ ਕੇ ਲੱਡੂ ਜਲੇਬੀਆਂ ਖਾਣ---ਹੁਣ ਤੈਨੂੰ ਮੈਂ ਬਣਾਊਂ ਲਾੜਾ---ਆ ਜਾ ਕੇਰਾਂ ਘਰੇ---ਤੈਨੂੰ ਬੰਦੇ ਦਾ ਪੁੱਤ ਬਣਾ ਕੇ ਨਾ ਛੱਡਿਆ---
ਉਹਦੀ ਗੱਲ ਸੁਣ ਕੇ ਸਭ ਸਕਤੇ `ਚ ਆ ਗਏ---ਹੈਰਾਨ ਪ੍ਰੇਸ਼ਾਨ---ਮੈਂ ਘੁੰਡ `ਚ ਲਿਪਟੀ ਹੋਣ ਸਦਕਾ ਇਸ ਮੁੰਡੇ ਨੂੰ ਦੇਖ ਤਾਂ ਨਾ ਸਕੀ---ਪਰ ਉਹਦੇ ਬੋਲ ਮੇਰੇ ਕੰਨਾਂ ਵਿੱਚ ਕੱਚ ਦੀਆਂ ਕਿਰਚਾਂ ਵਾਂਗ ਵੱਜਦੇ ਰਹੇ---ਫੇਰ ਦੋ ਤਿੰਨ ਬਰਾਤੀ ਉਠੇ ਤੇ ਇਸ ਮੁੰਡੇ ਨੂੰ ਜੱਫਾ ਮਾਰ ਕੇ ਬਾਹਰ ਲੈ ਗਏ---ਜਾਂਦਿਆਂ ਜਾਂਦਿਆਂ ਏਸ ਮੁੰਡੇ ਨੇ ਦੋ ਤਿੰਨ ਹਵਾਈ ਫ਼ਾਇਰ ਕੀਤੇ---ਸਭ ਘਬਰਾਅ ਗਏ---ਸ਼ੁਕਰ ਐ ਉਹ ਨੇ ਪੰਡਾਲ `ਚ ਬੈਠੇ ਲਾੜਾ ਲਾੜੀ ਵੱਲ ਜਾਂ ਹੋਰ ਬਰਾਤੀਆਂ ਵੱਲ ਈ ਗੋਲੀਆਂ ਨਾ ਦਾਗ ਦਿੱਤੀਆਂ---ਬਚਾਓ ਹੋ ਗਿਆ---ਨਹੀਂ ਤਾਂ ਫੇਰ ਸਾਰੇ ਜਣੇ---ਸਮੇਤ ਥੋਡੇ---ਮੈਨੂੰ ਸੱਚੀਂ ਨਹਿਸ਼, ਮਨਹੂਸ ਗਰਦਾਨ ਦਿੰਦੇ---ਪੱਕੀ ਮੋਹਰ ਈ ਲੱਗ ਜਾਂਦੀ ਲੰਗੜੀ ਦੇ ਮੱਥੇ ਤੇ ਨਹਿਸ਼ਪੁਣੇ ਦੀ---
ਚਲੋਂ ਔਲੀ ਟਲ ਗਈ---ਸਭ ਨੇ ਸੁਖ ਦਾ ਸਾਹ ਤਾਂ ਲਿਆ ਪਰ ਆਉਣ ਵਾਲੇ ਖਤਰੇ ਤੋਂ ਸਾਰੇ ਡਰੇ ਹੋਏ ਸਨ---ਜੁਆਨ ਪੁੱਤ ਐ---ਕੋਈ ਕਾਰਾ ਕਰ ਈ ਨਾ ਦੇਵੇ---ਪਰ ਮੈਂ ਕਿਸੇ ਕਾਰੇ ਤੋਂ ਨਾ ਡਰੀ---ਮੇਰੀ ਜ਼ਿੰਦਗ਼ੀ ਤਾਂ ਪਹਿਲਾਂ ਦੀ ਮੌਤ ਤੋਂ ਬਦਤਰ ਸੀ---ਮੌਤ ਨਾਲੋਂ ਭਿਆਨਕ---।
ਬਾਦ `ਚ ਪਤਾ ਲੱਗਿਆ ਕਿ ਇਹ ਮੇਰੇ ਹੋਣ ਵਾਲੇ ਪਤੀ ਦਾ ਪਲੇਠਾ ਮੁੰਡਾ ਸੀ ਗੁਰਸੇਵਕ---ਇਹਨੂੰ ਸਾਰੇ ਗੁਰਾ ਗੁਰਾ ਸੱਦਦੇ ਸਨ---ਜਦੋਂ ਕੋਈ ਨਿਆਣਿਆ ਦਾ ਬਾਪ ਦੂਸਰਾ ਵਿਆਹ ਕਰਾਉਂਦਾ ਹੈ---ਤਾਂ ਉਹਦੇ ਬੱਚੇ ਨਾਨਕੇ ਭੇਜ ਦਿੱਤੇ ਜਾਂਦੇ ਹਨ---ਸੋ ਮੇਰੇ ਹੋਣ ਵਾਲੇ ਪਤੀ ਨੇ ਵੀ ਆਪਣੇ ਬੱਚੇ ਨਾਨਕੇ ਭੇਜ ਦਿੱਤੇ---
ਪਤਾ ਨੀ ਕਿਵੇਂ ਅੱਖ ਬਚਾ ਕੇ ਗੁਰਾ ਉਥੋਂ ਭੱਜ ਨਿਕਲਿਆਂ ਹੋਣਾ ਤੇ ਸਿੱਧਾ ਆ ਕੇ ਲਾਵਾਂ ਲੈਣ ਲੱਗੇ ਬਾਪ ਉਤੇ ਗਰਜ ਪਿਆ ਸੀ---ਇਹ ਗੱਲ ਮੈਨੂੰ ਬਾਦ `ਚ ਪਤਾ ਲੱਗੀ ਕਿ ਗੁਰੇ ਦੇ ਨਾਨਕਿਆਂ ਨੇ ਆਪਣਾ ਗੁੱਸਾ ਕੱਢਣ ਲਈ ਗੁਰੇ ਨੂੰ ਸਿਖਾ ਕੇ ਭੇਜਿਆ ਸੀ---ਉਹ ਸੱਚੇ ਵੀ ਸਨ---ਭਲਾਂ ਏਸ ਉਮਰੇ ਕੀ ਲੋੜ ਸੀ ਮੇਰੇ ਪਤੀ ਨੂੰ ਵਿਆਹ ਕਰਾਉਣ ਦੀ---ਪਰ ਜਦ ਬੰਦੇ ਦੀ ਮੱਤ ਮਾਰੀ ਜਾਵੇ ਤਾਂ ਉਹਨੂੰ ਕੁੱਝ ਨੀ ਸੁੱਝਦਾ।
ਗੋਲੀਆਂ ਦੀ ਠਾਹ ਠਾਹ ਤੋਂ ਕਈ ਚਿਰ ਬਾਦ ਮਾਹੌਲ ਸਾਵਾਂ ਹੋਇਆ---ਸਭ ਦੇ ਦਿਲਾਂ ਦੀ ਧੜਕਣ ਅਜੇ ਵੀ ਵਧੀ ਹੋਈ ਸੀ---ਮੈਨੂੰ ਆਪਣੇ ਪਤੀ ਦੀ ਵਧੀ ਹੋਈ ਧੜਕਣ ਤੇ ਘਬਰਾਹਟ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਪਾਣੀ ਦਾ ਗਲਾਸ ਮੰਗਿਆ---ਫੇਰ ਇੱਕ ਗਲਾਸ ਹੋਰ---ਤੇ ਭਾਈ ਜੀ ਲਾਵਾਂ ਸ਼ੁਰੂ ਕਰਦਾ ਕਰਦਾ ਰੁਕ ਗਿਆ ਸੀ---
ਦੋ ਗਲਾਸ ਪਾਣੀ ਪੀ ਕੇ ਮੇਰੇ ਲਾੜੇ ਨੂੰ ਥੋੜੀ ਹੋਸ਼ ਆਈ ਪਰ ਮੈਂ ਘੁੰਡ ਰਤਾ ਕੁ ਸਿਰਕਾ ਕੇ ਦੇਖਿਆ ਉਹਦੇ ਹੱਥ ਅਜੇ ਵੀ ਕੰਬੀ ਜਾ ਰਹੇ ਸਨ। ਹੱਥਾਂ ਦੀਆਂ ਉਭਰੀਆਂ ਨਸਾਂ ਤੋਂ ਵਾਕਈ ਉਹ ਪੰਜਾਹ ਸਾਲ ਦਾ ਲਗਦਾ ਸੀ। ਉਹਦੀਆਂ ਕਲਾਈਆਂ ਦੇ ਵਾਲ ਵੀ ਚਿੱਟੇ ਸਨ। ਖੈਰ---ਲਾਵਾਂ ਸ਼ੁਰੂ ਹੋਈਆਂ---ਭਾਈ ਜੀ ਨੇ ਪਹਿਲੀ ਲਾਂਵ ਆਰੰਭ ਕੀਤੀ,
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ॥
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤ ਨਾਮ ਦ੍ਰਿੜਾਇਆ॥
ਸਤਿਗੁਰੁ ਗੁਰ ਪੂਰਾ ਆਰਾਧਹੁ ਸਭ ਕਿਲਬਿਖ ਪਾਪ ਗਵਾਇਆ॥
ਸਹਜ ਅਨੰਦ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ॥
ਜਨ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ॥
ਪਹਿਲੀ ਲਾਂਵ ਪੜ੍ਹੀ ਜਾਣ ਬਾਦ ਮੈਂ ਤੇ ਮੇਰੇ ਹੋਣ ਵਾਲੇ ਪਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕੀਤੀ---ਸਾਡਾ ਚੌਥਾ ਹਿੱਸਾ---ਭਾਵ ਇੱਕ ਚੌਥਾਈ ਪਤੀ ਪਤਨੀ ਦਾ ਰਿਸ਼ਤਾ ਬਣ ਗਿਆ---ਉਪਰੰਤ ਦੂਜੀ ਲਾਂਵ ਸੁਰੂ ਹੋਈ,
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ॥
ਨਿਰਭਉ ਭੈ ਮਨ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ॥
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ॥
ਅੰਤਰਿ ਬਾਹਰਿ ਹਰਿ ਪ੍ਰਭੂ ਏਕੋ ਮਿਲ ਹਰਿ ਜਨ ਮੰਗਲ ਗਾਏ॥
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ॥
ਦੂਜੀ ਲਾਵ ਪੜ੍ਹਨ ਬਾਦ ਫੇਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕੀਤੀ---ਮੈਨੂੰ ਘੁੰਡ ਵਿਚੋਂ ਦਿਸ ਰਿਹਾ ਸੀ ਕਿ ਮੇਰੇ ਅੱਗੇ ਚਲਦਾ ਲਾੜਾ ਡਗਮਗਾ ਰਿਹਾ ਹੈ---ਉਹਦੇ ਪੈਰ ਲੜਖੜਾ ਰਹੇ ਨੇ---ਸ਼ਾਇਦ ਗੁਰੇ ਦੀਆਂ ਗੱਲਾਂ ਦਾ ਉਹ ਕੁੱਝ ਜ਼ਿਆਦਾ ਈ ਪ੍ਰਭਾਵ ਕਬੂਲ ਗਿਆ ਸੀ
ਤੁਸੀਂ ਜਾਣਦੇ ਈ ਹੋ ਕਿ ਲਾਵਾਂ ਲੈਣ ਵਕਤ ਵਿਆਂਦੜ੍ਹ ਕੁੜੀ ਦੇ ਭਰਾ ਤੇ ਹੋਰ ਰਿਸ਼ਤੇਦਾਰ ਉਹਨੂੰ ਗੁਰੂ ਗ੍ਰੰਥ ਸਾਹਬ ਦੀ ਪ੍ਰਕਰਮਾ ਕਰਾਉਂਦੇ ਹਨ---ਥੋਨੂੰ ਸੁਣ ਕੇ ਫੇਰ ਤਾਅਜੁਬ ਹੋਵੇਗਾ ਕਿ ਜਦੋਂ ਮੈਨੂੰ ਬੀਰੇ ਨੇ ਸਹਾਰਾ ਦੇਣ ਲਈ ਹੱਥ ਅੱਗੇ ਵਧਾਏ ਤਾਂ ਮੈਂ ਜਿਸਮ ਦੀ ਪੂਰੀ ਤਾਕਤ ਇਕੱਠੀ ਕਰ ਕੇ ਉਹਦੇ ਹੱਥ ਐਨੀ ਜ਼ੋਰ ਦੀ ਵਗਾਹ ਮਾਰੇ ਕਿ ਉਹ ਘਮੇਰਨੀ ਖਾਂਦੀ ਬੰਦਿਆਂ ਉੱਤੇ ਡਿੱਗ ਪਿਆ---ਖਲਬਲੀ ਜਿਹੀ ਮਚ ਗਈ---ਲੋਕਾਂ ਨੇ ਸੋਚਿਆ ਕਿ ਬੀਰਾ ਨਸ਼ੇ ਦੀ ਲੋਰ `ਚ ਆਲ ਮਾਲ ਹੋ ਗਿਆ ਹੈ।
ਦੂਜੀ ਪ੍ਰਕਰਮਾ ਕਰ ਕੇ ਮੈਂ ਆਪਣੇ ਹੋਣ ਵਾਲੇ ਪਤੀ ਦੇ ਬਰਾਬਰ ਬਹਿ ਗਈ---ਦੋ ਲਾਵਾਂ ਸੰਪੂਰਣ ਹੋ ਗਈਆਂ ਸਨ---ਮੈਂ ਅੱਧੀ ਵਿਆਹੀ ਗਈ ਸਾਂ---ਮੈਂ ਅੱਧੀ ਘਰ ਵਾਲੀ ਬਣ ਗਈ ਸਾਂ---ਭਾਈ ਜੀ ਨੇ ਤੀਸਰੀ ਲਾਂਵ ਪੜ੍ਹਨੀ ਸੁਰੂ ਕੀਤੀ,
ਹਰ ਤੀਜੜੀ ਲਾਵ ਮਨ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ॥
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਲਿਆ ਮੁੱਖ ਬੋਲੀ ਹਰਿ ਬਾਣੀ॥
ਤੇ ਬੱਸ---ਭਾਈ ਜੀ ਨੇ ਅਜੇ ਤੀਸਰੀ ਲਾਂਵ ਅੱਧੀ ਹੀ ਪੜ੍ਹੀ ਸੀ ਕਿ ਇੱਕ ਵੱਡਾ ਭਾਣਾ ਵਰਤ ਗਿਆ---ਮੇਰਾ ਪਤੀ ਇੱਕ ਪਾਸੇ ਨੂੰ ਲੁੜ੍ਹਕ ਗਿਆ---ਉਹਨੂੰ ਅਧਰੰਗ ਦਾ ਦੌਰਾ ਪੈ ਗਿਆ---ਉਹਦਾ ਮੂੰਹ ਟੇਢਾ ਹੋ ਗਿਆ---ਉਹ ਪਿਆ ਤੜਫ਼ ਰਿਹਾ ਸੀ---ਪਤਾ ਨੀ ਉਹ ਪੁੱਤ ਦੀਆਂ ਗੱਲਾਂ ਦੀ ਨਮੋਸ਼ੀ ਸਹਿਣ ਨਹੀਂ ਸੀ ਕਰ ਸਕਿਆ---ਅਫ਼ਰਾ ਤਫ਼ਰੀ ਮਚ ਗਈ---ਭਾਈ ਜੀ ਨੇ ਤੀਜੀ ਸਾਵ ਅੱਧ ਵਿਚਾਲੇ ਛੱਡ ਕੇ ਹੈਰਾਨੀ ਨਾਲ ਇੱਧਰ ਉੱਧਰ ਤੱਕਿਆ---ਉਹ ਦੋਵੇਂ ਹੱਥ ਜੋੜ ਕੇ ਤੇ ਅੱਖਾਂ ਮੀਚ ਕੇ ਅਰਦਾਸ ਕਰ ਰਿਹਾ ਸੀ---ਬਰਾਤੀ ਮੇਰੇ ਅੱਧੇ ਹੋ ਚੁੱਕੇ ਪਤੀ ਪਰਮੇਸ਼ਰ ਨੂੰ ਸੰਭਾਲਣ ਵਿੱਚ ਰੁੱਝ ਗਏ---ਚੀਕ ਚਿਹਾੜਾ ਤੇ ਹਾਲ ਪਾਹਰਿਆ ਮੱਚ ਗਈ---ਕੋਈ ਉਹਦੇ ਹੱਥ ਝੱਸੇ ਕੋਈ ਪੈਰ---ਕਾਵਾਂ ਰੌਲੀ ਪੈ ਗਈ---ਭਾਈ ਜੀ ਦੋ ਚਿੱਤੀ ਵਿੱਚ ਸੀ---ਲਾਵਾਂ ਅੱਗੇ ਪੜ੍ਹੇ ਜਾਂ ਨਾ---
ਜਾਹ ਨੀ ਤਕਦੀਰੇ! ਮੈਂ ਆਪਣੇ ਆਪ ਨੂੰ ਕੋਸਾਂ---ਮੈਨੂੰ ਸੱਚੀ ਮੁੱਚੀਂ ਉਸ ਘੜੀ ਆਪਣੇ ਨਹਿਸ਼ ਮਨਹੂਸ ਹੋਣ ਦਾ ਅਹਿਸਾਸ ਹੋਇਆ---ਮੈਂ ਆਪਣੇ ਆਪ ਨੂੰ ਫਿਟ ਲਾਹਣਤਾਂ ਪਾਈਆਂ---ਆਖਿਆ, ਨੀ ਲੰਗੜੀਏ ਫੁੱਟੇ ਲੇਖਾਂ ਆਲੀਏ---ਤੇਰੇ ਜੰਮਣ ਖੁਣੋਂ ਕੀ ਥੁੜਿਆ ਪਿਆ ਸੀ---ਮਰ ਕਿਉਂ ਨਾ ਗਈ---ਤੂੰ ਸੱਚੀ ਮਨਹੂਸ ਐਂ---
ਮੈਂ ਦੋਸ੍ਹੜਾ ਉਤਾਰ ਕੇ ਨੰਗੇ ਮੂੰਹ ਬੈਠੀ ਮੁਤਰ ਮੁਤਰ ਦੇਖ ਰਹੀ ਸਾਂ---ਮੈਂ ਸੋਚ ਰਹੀ ਸਾਂ ਕਿ ਭਾਈ ਜੀ ਨੂੰ ਪੁੱਛਾਂ ਕਿ ਤੁਸੀਂ ਜਿਹੜੀ ਲੰਗੜੀ ਦੇ ਸੁਖਮਈ ਜੀਵਨ ਲਈ ਅਰਦਾਸ ਕੀਤੀ ਸੀ---ਉਹਦਾ ਕੀ ਬਣਿਆ---ਪਰ ਫੇਰ ਮੈਨੂੰ ਝੱਟ ਯਾਦ ਆ ਗਿਆ ਕਿ ਭਾਈ ਜੀ ਨੇ ਅਰਦਾਸ ਲੰਗੜੀ ਲਈ ਨਹੀਂ ਸਗੋਂ ਕਿਸੇ ਗੁੱਡੋ ਨਾਂ ਦੀ ਲੜਕੀ ਲਈ ਕੀਤੀ ਸੀ---ਸੋ ਮੈਂ ਭਾਈ ਜੀ ਨੂੰ ਪੁੱਛਣ ਪੁੱਛਣ ਕਰਦੀ ਰੁਕ ਈ ਗਈ---ਨਾਲੇ ਫ਼ਾਇਦਾ ਵੀ ਕੀ ਹੋਣਾ ਸੀ ਪੁੱਛ ਕੇ---।
ਖੈਰ ! ਲਾੜ੍ਹਾ ਬੇਹੋਸ਼ ਸੀ---ਬੇਹੋਸ਼ੀ ਦੀ ਹਾਲਤ ਵਿੱਚ ਹੀ ਉਹ ਮੈਨੂੰ ਢਾਈ ਲਾਵਾਂ ਲੈਣ ਬਾਦ ਬਣੀ ਅੱਧੀ ਘਰ ਵਾਲੀ ਨੂੰ ਧਰਮ ਪਤਨੀ ਬਣਾ ਕੇ ਵਿਦਾ ਕਰਾ ਕੇ ਲੈ ਗਿਆ---ਨਾਂ ਮੈਂ ਮਨਹੂਸ ਨੇ ਪੇਕਿਆਂ ਦੀ ਸੁਖ ਸਮਰਿਧੀ ਲਈ ਜੌਂ ਬੀਜੇ---ਨਾ ਹੀ ਕੁੜੀਆਂ ਵਾਂਗ ਸ਼ਗਨਾਂ ਨਾਲ ਮੇਰੀ ਵਿਦਾਈ ਹੋਈ---ਬੱਸ ਮੈਨੂੰ ਨੰਗੇ ਮੂੰਹ ਮੇਰੀਆਂ ਇੱਕ ਦੋ ਰਿਸ਼ੇਤਦਾਰ ਔਰਤਾਂ ਨੇ ਬਾਹੋਂ ਫੜ ਕੇ ਅਧਮਰੇ ਪਤੀ ਨਾਲ ਬੱਸ ਦੀ ਸੀਟ ਤੇ ਬਠਾ ਦਿੱਤਾ---ਉਨ੍ਹੀ ਦਿਨੀ ਬਰਾਤਾਂ ਜਾ ਕਾਰਾਂ `ਚ ਆਉਂਦੀਆਂ ਹੰੁਦੀਆਂ ਸਨ ਜਾਂ ਬੱਸ `ਚ---ਮੇਰੀ ਬਰਾਤ ਵੀ ਬੱਸ `ਚ ਆਈ ਸੀ---ਸਾਰੇ ਬਰਾਤੀ ਵੀ ਭੁੱਖੇ ਭਾਣੇ ਬੱਸ `ਚ ਬੈਠ ਗਏ ਸਨ---ਮੈਂ ਆਪੇ ਦੋਬਾਰਾ ਘੁੰਡ ਰਤਾ ਨੀਚੇ ਸਰਕਾਅ ਲਿਆ ਸੀ।
ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਬੀਰੇ ਨੂੰ ਧੱਕਾ ਦੇਣ ਸਦਕਾ ਮੈਨੂੰ ਉਹਦਾ ਸਰਾਪ ਲੱਗ ਗਿਐ ਪਰ ਫੇਰ ਸੋਚਿਆ ਕਿ ਬਚਪਨ ਤੋਂ ਨਰਕ ਭੋਗਦੀ ਨੂੰ ਮੈਨੂੰ ਭਲਾਂ ਦੀ ਕੀਹਦਾ ਸਰਾਪ ਲੱਗਿਆ ਹੋਣਾ।
ਮੇਰੀ ਡੋਲੀ ਸਹੁਰੇ ਘਰ ਨਹੀਂ ਗਈ---ਸਗੋਂ ਸਿੱਧੀ ਹਸਪਤਾਲ ਵਿੱਚ ਈ ਉੱਤਰੀ---ਮੇਰਾ ਢਾਈ ਲਾਵਾਂ ਬਾਦ ਬਣਿਆ ਪਤੀ ਡਾਕਟਰਾ ਨੇ ਆਈ.ਸੀ.ਯੂ `ਚ ਦਾਖਲ ਕਰ ਲਿਆ---ਉਹਦੇ ਪ੍ਰੀਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਸਪਤਾਲ ਦੇ ਬਰਾਂਡੇ `ਚ ਬੈਠੇ ਰੋ ਰਹੇ ਸਨ---ਵਿੱਚ ਵਿੱਚ ਇਹ ਵੀ ਕਹਿ ਰਹੇ ਸਨ ਕਿ ਇਹ ਲੰਗੜੀ ਮਨਹੂਸ ਐ---ਲਾਵਾਂ ਦੇ ਅੱਧ ਵਿੱਚਕਾਰ ਦੀ ਆਪਣੇ ਪਤੀ ਨੂੰ ਖਾ ਗਈ---ਉਹਦੇ ਉਤੇ ਭਾਰੂ ਪੈ ਗਈ---ਕੋਈ ਕਹੇ ਭਾਈ ਲੰਗੜੇ ਪਿੰਗੜਿਆਂ `ਚ ਇੱਕ ਰਗ ਵਾਧੂ ਹੰੁਦੀ ਐ---ਇੱਕ ਛੇਵੀਂ ਨਸ ਹੰੁਦੀ ਐ ਇਹਨਾਂ ਦੇ ਸਰੀਰ `ਚ---ਕਹਿੰਦੇ ਇਹਨਾਂ ਦੀ ਆਹ ਛੇਵੀਂ ਨਸ ਜੇ ਕਿਸੇ ਉੱਤੇ ਭਾਰੂ ਪੈ ਜਾਵੇ ਤਾਂ ਅਗਲੇ ਦਾ ਸਰਬਨਾਸ ਕਰ ਦਿੰਦੀ ਐ---
ਵਿੱਚ ਵਿੱਚ ਇਹ ਵੀ ਯਾਦ ਕਰਾਉਣ ਕਿ ਵਿਆਹ ਦਾ ਦਿਨ ਸੁਦ ਨੀ ਕਢਾਇਆ ਹੋਣਾ---ਪੱਤਰੀ ਨੀ ਮਲਾਈ ਹੋਣੀ---ਸਾਹਾ ਨੀ ਚੱਜ ਨਾਲ ਸੁਧਾਇਆ ਹੋਣਾ---ਮੇਰਾ ਜੀਅ ਕਰੇ ਕਿ ਆਖਾਂ ਬਈ ਸੀਤਾ ਰਾਮ ਦੇ ਵਿਆਹ ਦਾ ਸਾਹਾ ਤੇਤੀ ਕਰੋੜ ਦੇਵੀ ਦੇਵਤਿਆਂ ਨੇ ਸਧਾਇਆ ਸੀ---ਤੇ ਕੀ ਸੁਖ ਪਾਇਆ ਦੋਆਂ ਨੇ---ਖਾਸ ਕਰ ਸੀਤਾ ਨੇ? ਚੌਦਾਂ ਸਾਲ ਜੰਗਲਾਂ `ਚ ਧੱਕੇ ਖਾਧੇ ਫਿਰ ਰਾਵਣ ਦੀ ਜੇਲ ਕੱਟੀ ਤੇ ਫੇਰ ਅਗਨੀ ਪ੍ਰੀਖਿਆ ਦੇ ਕੇ ਧਰਤੀ `ਚ ਈ ਸਮਾ ਗਈ---ਜੇ ਸਾਧਾ ਸੁਧਾਉਣ ਨਾਲ ਜ਼ਿੰਦਗ਼ੀ ਖੁਸ਼ਹਾਲ ਹੋਣੀ ਹੁੰਦੀ ਤਾਂ ਇਹਨਾਂ ਦੀ ਹੰੁਦੀ---ਇਹ ਤਾਂ ਆਖਦੇ ਨੇ ਬਈ ਭਗਵਾਨ ਹੋਏ ਨੇ---ਪਰ ਮੌਕਾ ਐਸਾ ਕੁੱਝ ਕਹਿਣ ਸੁਣਨ ਦਾ ਨਹੀਂ ਸੀ---
ਇੱਕ ਜਣਾ ਹੱਥ ਜਿਹੇ ਮਲਦਿਆਂ ਬੋਲਿਆ, ਅਖੇ ਮੈਂ ਤਾਂ ਪਹਿਲਾਂ ਈ ਸੁਚੇਤ ਕਰਤਾ ਸੀ ਬਈ ਇਹਦੀ ਘਰ ਵਾਲੀ ਦੀ ਬਰਸੀ ਹੋ ਲੈਣ ਦਿਓ---ਉਹਦੀ ਆਤਮਾ ਭਟਕਦੀ ਰਹਿਣੀ ਐ---ਕੀ ਪਤਾ ਉਸੇ ਦੀ ਕਰੋਪੀ ਹੋ ਗਈ ਹੋਵੇ---ਭਾਈ ਮਰੇ ਤਾਂ ਕਿਸੇ ਦੇ ਮਿੱਤ ਹੁੰਦੇ ਨੀ---ਇੱਕ ਔਰਤ, ਸ਼ਾਇਦ ਮੇਰੇ ਘਰ ਵਾਲੇ ਦੀ ਮਾਸੀ ਸੀ, ਆਖਣ ਲੱਗੀ, “ਮੈਂ ਤਾਂ ਭਾਈ ਪਹਿਲਾਂ ਈ ਕਲਪਦੀ ਸੀ---ਬਥੇਰਾ ਕਿਹਾ ਬਈ ਰਹਿਣ ਦਿਓ ਦੂਸਰਾ ਵਿਆਹ ਕਰਨ ਨੂੰ---ਨਰੰਜਣ ਸੂੰ ਪੰਜਾਹਾਂ ਨੂੰ ਢੁੱਕਿਆ ਪਿਐ--- ਸੁੱਖ ਨਾਲ ਨਿਆਣੇ ਬਿਆਹੁਣ ਜੋਕਰੇ ਨੇ---ਮੁੰਡੇ ਨੂੰ ਵਿਆਹ ਲੈਂਦਾ---ਘਰੇ ਰੋਟੀ ਪੱਕਦੀ ਹੋ ਜਾਂਦੀ---ਕੀ ਖੱਟਿਆ ਅੜੀ ਕਰ ਕੇ---ਨਾਲੇ ਪੰਡ ਰੁਪੱਈਆਂ ਦੀ ਖਰਾਬ ਕੀਤੀ ਨਾਲੇ ਦੇਹ ਨੂੰ ਕਵੱਲਾ ਰੋਗ ਲਾ ਲਿਆ---ਝੋਲਾ ਮਾਰਿਆ ਬੰਦਾ ਕਿੱਥੇ ਤਾਬ ਆਉਂਦੈ---ਮੈਂ ਤਾਂ ਕਈ ਕੇਸ ਦੇਖੇ ਨੇ---ਧੁਣਕ ਬੋਅ ਤਾਂ ਚੰਦਰੀ ਬਮਾਰੀ ਐ---ਬੰਦਾ ਨਾ ਜਿਉਂਦਿਆਂ `ਚ ਰਹਿੰਦੈ ਲਾ ਮਰਿਆਂ `ਚ---ਨਰੰਜਣ ਸੂੰਹ ਨੂੰ ਹੀ ਚਾਅ ਚੜ੍ਹਿਆ ਹੋਇਆ ਸੀਗ੍ਹਾ ਘੋੜੇ ਚੜ੍ਹਨ ਦਾ---ਬੰਦਾ ਆਪਣੀ ਉਮਰ ਦੇਖੇ---ਮੁੰਡਾ ਵੀ ਭਾਈ ਸੱਚਾ ਬੁੜ੍ਹਕਦੈ---ਜੁਆਨ ਜਹਾਨ ਪੁੱਤ ਕਿੱਥੇ ਬਾਪ ਨੂੰ ਦੂਸਰਾ ਵਿਆਹ ਕਰਾਉਣ ਦਿੰਦੇ ਨੇ---ਇਹਨੇ ਈ ਹਠ ਕੀਤਾ---"
ਮੈਂ ਸਭ ਕੁਝ ਸੁਣ ਰਹੀ ਸਾਂ---ਮੈਨੂੰ ਬਿਨ੍ਹਾ ਕਿਸੇ ਦੇ ਕੁੱਝ ਦੱਸਿਆਂ ਪੁੱਛਿਆਂ ਸਭ ਕੁੱਝ ਸਮਝ ਆ ਰਿਹਾ ਸੀ---ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਘਰ ਵਾਲਾ ਪੰਜਾਹਾਂ ਨੂੰ ਢੁੱਕਿਆ ਦੁਹਾਜੂ ਆਦਮੀ ਐ---ਇਹਦੇ ਬੱਚੇ ਵਿਆਹੁਣ ਜੋਗੇ ਨੇ---ਪਰ ਮੈਨੂੰ ਇਹ ਸਭ ਕੁਝ ਸੁਣ ਕੇ ਨਾ ਕੋਈ ਦੁੱਖ ਹੋਇਆ ਤੇ ਨਾ ਨਿਰਾਸ਼ਾ---ਮੈਂ ਬੱਸ ਡੰੁਨ ਬਾਟਾ ਜਿਹੀ ਬਣੀ ਰਿਸ਼ਤੇਦਾਰਾਂ ਦੇ ਮੂੰਹਾਂ ਵੱਲ ਦੇਖਦੀ ਰਹਿੰਦੀ ਸਾਂ ਤੇ ਮੇਰੇ ਕੰਨ ਚਾਹੰੁਦਿਆਂ ਨਾ ਚਾਹੁੰਦਿਆਂ ਵੀ ਉਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਸਨ।
ਮੇਰੇ ਸੱਸ ਸਹੁਰਾ ਆਪਣੇ ਪੁੱਤ ਦੀ ਬੀਮਾਰੀ ਸਦਕਾ ਡਾਢੇ ਪ੍ਰੇਸ਼ਾਨ ਸਨ---ਉਹ ਹਰ ਵਕਤ ਰੋਂਦੇ ਰਹਿੰਦੇ---ਕਦੇ ਕਦੇ ਮੇਰਾ ਜੀ ਕਰਦਾ ਕਿ ਮੈਂ ਉਹਨਾਂ ਨੂੰ ਚੁੱਪ ਕਰਾਵਾਂ---ਹੌਸਲਾ ਦਿਆਂ ਪਰ ਅਗਲੇ ਈ ਪਲ ਮੈਂ ਸੋਚਦੀ ਕਿ ਕੀ ਪਤਾ ਇਹ ਵੀ ਮੈਨੂੰ ਮਨਹੂਸ ਸਮਝਦੇ ਹੋਣ---ਕਿਤੇ ਮੇਰੇ ਨਾਲ ਗੁੱਸੇ ਈ ਨਾ ਹੋ ਜਾਣ।
ਅਗਲਾ ਦਿਨ ਵੀ ਸਾਰਾ ਨਿਕਲ ਗਿਆ---ਮੇਰੇ ਘਰ ਵਾਲੇ ਨੂੰ ਹੋਸ਼ ਨਹੀਂ ਸੀ ਆਈ---ਹੁਣ ਸਾਰਿਆਂ ਦੀ ਚਿੰਤਾ ਵਧਦੀ ਜਾ ਰਹੀ ਸੀ---ਮੇਰੀ ਨਣਦ ਨਾਲੇ ਰੋ ਰਹੀ ਸੀ ਨਾਲੇ ਕਰਮਾਂ ਨੂੰ ਝੀਖ ਰਹੀ ਸੀ---ਹਾਉਕਾ ਭਰ ਕੇ ਬੋਲੀ,
“ਦੱਸ ਭਾਬੀ ਕੀ ਕਰਮ ਲਿਖਾ ਕੇ ਲਿਆਈ ਐਂ---ਕਦੇ ਨੀ ਦੇਖਿਆ ਸੁਣਿਆ ਇਹਾ ਜਾ ਕੇਸ ਬਈ ਕਿਸੇ ਦੀ ਡੋਲੀ ਘਰੇ ਈ ਨਾ ਉਤਰੇ---ਚਲ ਉਹ ਜਾਣੇ ਤੂੰ ਆਪਣੇ ਸੁਹਾਗ ਦੀ ਸੁੱਖ ਮੰਗ---ਗੁਰੂ ਭਲੀ ਕਰੂਗਾ---"
ਇੱਕ ਗੱਲ ਮੈਂ ਈਮਾਨਦਾਰੀ ਨਾਲ ਦੱਸ ਰਹੀ ਹਾਂ ਕਿ ਸਾਰੇ ਜਣੇ ਰੋ ਰਹੇ ਸਨ ਪਰ ਮੇਰੀਆਂ ਅੱਖਾਂ `ਚ ਇੱਕ ਹੰਝੂ ਤੱਕ ਨਹੀਂ ਸੀ ਆ ਰਿਹਾ---ਸੱਚ ਜਾਣਿਓ ਮੈਨੂੰ ਕੋਈ ਦੁਖ ਵੀ ਨਹੀਂ ਸੀ ਹੋ ਰਿਹਾ---ਮੈਂ ਰੋਣ ਦੀ ਬਹੁਤ ਕੋਸ਼ਿਸ਼ ਵੀ ਕੀਤੀ---ਅੱਖਾਂ `ਚ ਅੱਥਰੂ ਲਿਆਉਣ ਲਈ ਬਹੁਤ ਜੋਰ ਲਾਇਆ ਪਰ ਨਾ ਮੇਰੀਆਂ ਅੱਖਾਂ `ਚ ਹੰਝੂ ਆਏ ਤੇ ਨਾ ਹੀ ਮੈਨੂੰ ਅੰਦਰੋਂ ਕੋਈ ਦੁੱਖ ਹੋਇਆ---
ਮੈਂ ਰੋਣ ਵਰਗੀ ਸੂਰਤ ਜ਼ਰੂਰ ਬਣਾ ਲਈ---ਇਹ ਸੋਚ ਕੇ ਕਿ ਲੋਕ ਕੀ ਕਹਿਣਗੇ, ਮੈਂ ਰੋਣੀ ਸੂਰਤ ਬਣਾ ਕੇ ਬੈਠੀ ਰਹਿੰਦੀ---ਰਾਤ ਨੂੰ ਮੇਰਾ ਜੇਠ ਰੋਟੀ ਲਿਆਇਆ---ਮੇਰੀ ਨਣਦ ਨੇ ਕੌਲੀ `ਚ ਸਬਜ਼ੀ ਪਾ ਕੇ ਮੇਰੇ ਕੰਨੀ ਵੀ ਸਰਕਾਅ ਦਿੱਤੀ---ਦੋ ਫੁਲਕੇ ਵੀ ਮੇਰੇ ਹੱਥ ਉੱਤੇ ਧਰ ਦਿੱਤੇ---ਕਿੰਨੀ ਹੀ ਦੇਰ ਮੈਂ ਰੋਟੀ ਫੜ ਕੇ ਬੈਠੀ ਰਹੀ---ਸਾਰਿਆਂ ਨੇ ਰੋਟੀ ਖਾ ਲਈ ਪਰ ਮੈਂ ਉਵੇਂ ਜੁੱਕਰੇ ਬੈਠੀ ਸਾਂ---ਮੇਰੀ ਨਣਦ ਨੇ ਮੈਨੂੰ ਹਲੂਣਿਆ ਤੇ ਬੋਲੀ,
“ਰੋਟੀ ਖਾ ਲੈ ਭਾਈ ਬਹੂ ਰਾਣੀ---ਢਿੱਡ ਨੂੰ ਤਾਂ ਝੁਲਕਾ ਦੇਣਾ ਈ ਐ---ਅਸੀਂ ਵੀ ਤਾਂ ਸਾਰੇ ਰੋਟੀ ਖਾ ਈ ਰਹੇ ਆਂ---ਖਾ ਲੈ ਤੂੰ ਵੀ ਦੋ ਗਰਾਹੀਆਂ---"ਆਪਣੀ ਨਣਦ ਦੀ ਗੱਲ ਸੁਣ ਕੇ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੈਂ ਹੁਣ ਕੰਵਾਰੀ ਨਹੀਂ ਹਾਂ---ਹੁਣ ਮੈਂ ਬਹੂ ਰਾਣੀ ਹਾਂ---ਨਿਰੰਜਣ ਸਿੰਘ ਦੀ ਬਹੂ---ਢਾਈ ਲਾਵਾਂ ਨਾਲ ਵਿਆਹ ਕੇ ਲਿਆਂਦੀ ਹੋਈ---।
ਮੈਨੂੰ ਨੀ ਪਤਾ ਕਿਉਂ ਮੇਰੀਆਂ ਭੁੱਬਾਂ ਨਿਕਲ ਗਈਆਂ---ਆਸੇ ਪਾਸੇ ਬੇਠੈ ਹੋਰਨਾ ਮਰੀਜ਼ਾਂ ਦੇ ਤਾਮੀਰਦਾਰਾਂ ਅਤੇ ਹਸਪਤਾਲ ਦੇ ਸਟਾਫ਼ ਨੇ ਵੀ ਮੇਰੇ ਵੱਲ ਗਰਦਨਾਂ ਘੁਮਾ ਕੇ ਹਮਦਰਦੀ ਭਰੀ ਨਿਗਾਹ ਨਾਲ ਤੱਕਿਆ---ਮੇਰੀ ਨਣਦ ਤੇ ਹੋਰ ਰਿਸ਼ਤੇਦਾਰ ਮੈਨੂੰ ਚੁੱਪ ਕਰਾ ਰਹੇ ਸਨ---ਮੇਰਾ ਜੇਠ ਕਹਿ ਰਿਹਾ ਸੀ,
“ਕੋਈ ਨਾ ਭਾਈ---ਰੱਬ ਭਲੀ ਕਰੂਗਾ---ਅਸੀਂ ਹੈਗੇ ਆਂ ਰੋਣ ਨੂੰ---ਤੂੰ ਸੁੱਖੀਂ ਸਾਂਦੀਂ ਕਿਉਂ ਮਨ ਹੌਲਾ ਕਰਦੀ ਐਂ---ਰੱਬ ਕੋਲੋਂ ਸੁੱਖ ਮੰਗ---ਤੇਰਾ ਸੁਹਾਗ ਬਣਿਆ ਰਹੇ---ਲੰਬੀ ਉਮਰ ਹੋਵੇ ਇਹਦੀ---"
ਪਰ ਮੈਂ ਆਪਣੇ ਪਤੀ ਦੀ ਬੀਮਾਰੀ ਸਦਕਾ ਨਹੀਂ ਸਾਂ ਰੋ ਰਹੀ---ਮੈਂ ਤਾਂ ਕਿਸੇ ਅਜਿਹੇ ਕਾਰਨ ਸਦਕਾ ਰੋ ਰਹੀ ਸਾਂ ਜਿਹੜਾ ਮੈਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ---ਮੇਰਾ ਜਿਵੇਂ ਸਦੀਆਂ ਦਾ ਡੱਕਿਆ ਰੋਣ ਵਹਿ ਤੁਰਿਆ ਹੋਵੇ---ਜਿੰਨਾ ਰਿਸ਼ਤੇਦਾਰ ਮੈਨੂੰ ਚੁੱਪ ਕਰਵਾ ਰਹੇ ਸਨ---ਉਨਾ ਉੱਚੀ ਮੇਰੇ ਅੰਦਰੋਂ ਰੋਣ ਫੁੱਟ ਫੁੱਟ ਨਿਕਲ ਰਿਹਾ ਸੀ---
ਰਿਸ਼ਤੇਦਾਰ ਸੋਚ ਰਿਹੇ ਸਨ ਕਿ ਮੈਂ ਆਪਣੇ ਪਤੀ ਦੀ ਬੀਮਾਰੀ ਸਦਕਾ ਰੋ ਰਹੀ ਹਾਂ---ਪਰ ਨਹੀਂ---ਮੇਰੇ ਰੋਣ ਦਾ ਇਹ ਕਾਰਨ ਬਿਲਕੁਲ ਨਹੀਂ ਸੀ---ਮੇਰੇ ਰੋਣ ਦਾ ਪਤੀ ਦੀ ਬੀਮਾਰੀ ਨਾਲ ਤਾਂ ਦੂਰ ਦੂਰ ਤੱਕ ਵੀ ਕੋਈ ਵਾਸਤਾ ਨਹੀਂ ਸੀ---ਪਲ ਕੁ ਰੋਣਾ ਰੋਕ ਕੇ ਮੈਂ ਆਪਣੇ ਇਸ ਆਪ ਮੁਹਾਰੇ ਵਹਿ ਤੁਰੇ ਰੋਣ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ---ਦਿਮਾਗ ਉੱਤੇ ਪੂਰਾ ਜ਼ੋਰ ਪਾ ਕੇ ਸੋਚਿਆ---ਪਰ ਮੈਨੂੰ ਇਸ ਦੀ ਕੋਈ ਵਜ੍ਹਾ ਸਮਝ ਨਹੀਂ ਸੀ ਆ ਰਹੀ---ਮੈਂ ਆਪਣੇ ਆਪ ਨੂੰ ਕਈ ਸੁਆਲ ਕੀਤੇ---ਮਸਲਨ ਕੀ ਮੈਂ ਆਪਣੇ ਮਾਪਿਆ ਦੇ ਦੁਰਵਿਵਹਾਰ ਤੇ ਗੰਦੇ ਰਵੱਈਏ ਸਦਕਾ ਰੋਈ ਹਾਂ? ਕੀ ਮੈਂ ਆਪਣੀਆਂ ਭੈਣਾਂ ਨੂੰ ਯਾਦ ਕਰ ਕੇ ਰੋਈ ਹਾਂ---ਕੀ ਮੈਂ ਆਪਣੇ ਇਸ ਅੱਧੇ ਅਧੂਰੇ ਤੇ ਬੇਭਾਗ ਵਿਆਹ ਕਰਕੇ ਰੋਈ ਹਾਂ? ਪਤੀ ਦੀ ਬੀਮਾਰੀ ਨੂੰ ਲੈ ਕੇ ਤਾਂ ਮੈਂ ਆਪਣੇ ਆਪ ਨੂੰ ਕੋਈ ਸੁਆਲ ਨਹੀਂ ਸੀ ਕੀਤਾ---ਕਿਉਂਕਿ ਮੇਰੀ ਇਸ ਨਿਰੰਜਣ ਸਿੰਘ ਨਾਂ ਦੇ ਆਦਮੀ ਨਾਲ ਨਾ ਕੋਈ ਸਾਂਝ ਸੀ---ਨਾ ਜਾਣ ਪਛਾਣ ਤੇ ਨਾ ਕੋਈ ਰਿਸ਼ਤਾ ਨਾਤਾ---ਢਾਈ ਲਾਵਾਂ ਬਾਦ ਇਹ ਮੇਰਾ ਪਤੀ ਵੀ ਨਹੀਂ ਸੀ ਬਣਿਆ ਤੇ ਨਾ ਮੈਂ ਇਹਦੀ ਪਤਨੀ---ਬੱਸ ਊਈਂ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਮੇਰਾ ਪਤੀ ਪਰਮੇਸ਼ਰ ਬਣ ਗਿਆ---ਧੱਕੇ ਨਾਲ ਹੀ ਮੇਰਾ ਮਾਲਕ ਬਣ ਗਿਆ। ਤੁਸੀਂ ਹੀ ਦੱਸੋ ਕਿ ਇਸ ਵਿਆਹ ਵਿੱਚ ਮੇਰੀ, ਇੱਕ ਲੜਕੀ ਦੀ ਸ਼ਮੂਲੀਅਤ ਕਿੱਥੇ ਸੀ???
13
ਤੀਸਰਾ ਦਿਨ ਵੀ ਨਿਕਲ ਗਿਆ---ਮੇਰੇ ਪਤੀ ਨੂੰ ਅਜੇ ਤੱਕ ਹੋਸ਼ ਨਹੀਂ ਸੀ ਆਈ---ਘਰ ਦੇ ਬਾਕੀ ਜੀ ਤਾਂ ਘਰੇ ਜਾ ਕੇ ਨਹਾ ਧੋ ਆਉਂਦੇ---ਕੱਪੜੇ ਬਦਲ ਆਉਂਦੇ---ਪਰ ਮੈਂ ਤਿੰਨ ਦਿਨਾਂ ਤੋਂ ਨਾ ਨਹਾਈ ਸੀ ਤੇ ਨਾ ਹੀ ਕੱਪੜੇ ਬਦਲੇ ਸਨ---ਮੇਰੇ ਗਲ `ਚ ਉਹੀਓ ਲਾਵਾਂ ਫੇਰਿਆਂ ਵਾਲਾ ਲਾਲ ਜੋੜਾ ਪਾਇਆ ਹੋਇਆ ਸੀ---
ਉਂਜ ਮੇਰੇ ਸਹੁਰੇ ਪ੍ਰੀਵਾਰ ਦੇ ਜੀ ਚਾਹੁੰਦੇ ਵੀ ਸਨ ਤੇ ਮਹਿਸੂਸ ਵੀ ਕਰਦੇ ਸਨ ਕਿ ਮੈਨੂੰ ਵੀ ਨਾਹੁਣ ਧੋਣ ਲਈ ਘਰੇ ਲੈ ਜਾਣ---ਪਰ ਸ਼ਾਇਦ ਉਹ ਬਦਸ਼ਗਨੀ ਤੋਂ ਡਰਦੇ ਸਨ ਕਿ ਮੈਨੂੰ ਇਕੱਲੀ ਨੂੰ ਘਰ ਲਿਜਾ ਕੇ ਕਿਤੇ ਸੱਚੀਂ ਮਿੱਚੀ ਮੈਂ ਇਕੱਲੀ ਹੀ ਨਾ ਰਹਿ ਜਾਵਾਂ---ਮਤਲਬ ਮੇਰਾ ਪਤੀ ਠੀਕ ਈ ਨਾ ਹੋਵੇ---ਕਿਉਂਕਿ ਪਹਿਲੀ ਵਾਰ ਸਹੁਰੇ ਘਰ ਪਤੀ ਪਤਨੀ, ਦੋਹਾਂ ਦਾ ਪ੍ਰਵੇਸ਼ ਹੁੰਦਾ ਹੈ---ਪਰ ਮੇਰਾ ਕੇਸ ਬਾਕੀਆਂ ਨਾਲੋਂ ਨਿਆਰਾ ਸੀ---ਇੱਕ ਦਿਨ ਕੋਈ ਰਿਸ਼ਤੇਦਾਰ ਔਰਤ ਮੇਰੀ ਨਣਦ ਨੂੰ ਹੌਲੀ ਹੌਲੀ ਕਹਿ ਰਹੀ ਸੀ,
“ਭਾਈ ਬੀਬੀ---ਤੁਸੀਂ ਬਹੂ ਨੂੰ ਇੱਕ ਦਿਨ ਘਰ ਲਿਜਾ ਕੇ ਨੁਹਾ ਲਿਆਓ ਤੇ ਕੱਪੜੇ ਲੀੜੇ ਬਦਲਾਅ ਲਿਆਓ---ਬਚਾਰੀ ਦੁਖੀ ਹੁੰਦੀ ਹੋਣੀ ਐ---ਨਾਲੇ ਆਪਣਾ ਸਹੁਰਾ ਘਰ ਦੇਖ ਆਊਗੀ ਬਚਾਰੀ---ਨਿਰੰਜਣ ਸੂੰ ਦਾ ਤਾਂ ਅਜੇ ਕੋਈ---"
“ਸ਼ੁਭ ਸ਼ੁਭ ਬੋਲ ਭੈਣੇ---ਮੇਰਾ ਭਰਾ ਸੁੱਖੀਂ ਸਾਂਦੀ ਠੀਕ ਹੋ ਜੂਗਾ---ਨਾਲੇ ਆਪਾਂ ਪਹਿਲਾਂ ਈ ਕਿਉਂ ਬਹੂ ਨੂੰ ਇਕੱਲੀ ਘਰੇ ਲਜਾ ਕੇ ਬਦਸ਼ਗਨੀ ਕਰੀਏ---ਨਾਲ ਤੂੰ ਸਿਆਣੀ ਐਂ---ਬਹੂ ਦਾ ਪਹਿਲੀ ਵਾਰ ਘਰੇ ਉਤਾਰਾ ਵਿਆਹ ਦੇ ਜੋੜੇ `ਚ ਈ ਹੋਣਾ ਚਾਹੀਦੈ---ਕੋਈ ਨਾ---ਅੱਜ ਭਲਕ ਮੇਰੇ ਬੀਰ ਨੂੰ ਛੁੱਟੀ ਮਿਲ ਜਾਣੀ ਐ---ਫੇਰ ਇਕੱਠਿਆਂ ਨੂੰ ਈ ਲੈ ਚੱਲਾਂਗੇ---ਥੋੜੀ ਜਰੈਂਦ ਕਰੋ---"
ਮੇਰੀ ਨਣਦ ਨੇ ਉਸ ਔਰਤ ਦੀ ਗੱਲ ਕੱਟਦਿਆਂ ਜਵਾਬ ਦਿੱਤਾ ਸੀ---ਮੈਂ ਸੁਣ ਕੇ ਅਣਸੁਣੀ ਕਰ ਦਿੱਤੀ ਸੀ---ਮੈਂ ਤਾਂ ਵਿਆਹ ਤੋਂ ਪਹਿਲਾਂ ਕੋਈ ਰੀਝ ਪਾਲੀ ਹੀ ਨਹੀਂ ਸੀ ਪਰ ਸ਼ਗਨ ਵਜੋਂ ਕੁੜੀਆਂ ਚਿੜੀਆਂ ਨੇ ਮੇਰੇ ਹੱਥਾਂ ਤੇ ਮਹਿੰਦੀ ਲਾ ਦਿੱਤੀ ਸੀ---ਮੋਮ ਢਾਲ ਕੇ ਮੀਢੀਆਂ ਗੁੰਦ ਦਿੱਤੀਆਂ ਸਨ---ਕਲੀਰੇ ਬੰਨ੍ਹ ਦਿੱਤੇ ਸਨ---ਕੰਗਣਾ ਗਾਨਾ ਬੰਨ੍ਹ ਦਿੱਤਾ ਸੀ---ਸਹੀ ਸਲਾਮਤ ਲੱਤ ਨੂੰ ਰੱਖੜੀ ਬੰਨ੍ਹ ਦਿੱਤੀ ਸੀ---
ਮੇਰੀ ਨਨਾਣ ਨੇ ਕਲੀਰੇ ਤਾਂ ਡੋਲੀ ਵਿਦਾ ਹੁੰਦਿਆਂ ਈ ਖੋਲ੍ਹ ਲਏ ਸਨ---ਇਹ ਵੈਸੇ ਵੀ ਨਣਦ ਨੇ ਈ ਖੋਹਲਣੇ ਹੁੰਦੇ ਨੇ---ਪਰ ਬਾਕੀ ਸਾਰਾ ਸ਼ਿੰਗਾਰ ਉਵੇਂ ਦਾ ਉਵੇਂ ਸੀ---ਪਹਿਲਾਂ ਪਹਿਲਾਂ ਤਾਂ ਸਾਰੇ ਪ੍ਰੀਵਾਰ ਨੂੰ ਉਮੀਦ ਸੀ ਕਿ ਨਿਰੰਜਣ ਸਿੰਹੁ ਇੱਕ ਦੋ ਦਿਨਾਂ ਵਿੱਚ ਠੀਕ ਹੋ ਜਾਵੇਗਾ---ਤੇ ਵਹੁਟੀ ਨੂੰ ਘਰੇ ਲਿਜਾ ਕੇ ਸਾਰੇ ਸ਼ਗਨ ਕਰਾਂਗੇ---ਕੰਗਣਾਂ ਖਿਡਾਵਾਂਗੇ---ਥਾਪੇ ਲਵਾਵਾਂਗੇ---ਵੱਡੇ ਵਡੇਰਿਆਂ ਨਮਿੱਤ ਜੋਤ ਦੀ ਰੋਟੀ ਕਰਾਂਗੇ---ਛਟੀਆਂ ਖਿਡ੍ਹਾਵਾਂਗੇ---ਖੇੜੇ ਥਾਨੀ ਸਤੀਆਂ ਸਮਾਧਾਂ ਉਪਰ ਮੱਥੇ ਟਿਕਾਵਾਂਗੇ---ਸ਼ਾਇਦ ਤਾਂ ਹੀ ਮੇਰਾ ਕੰਗਣਾਂ ਉਵੇਂ ਦਾ ਉਵੇਂ ਬੰਨ੍ਹਿਆ ਹੋਇਆ ਸੀ---ਪਰ ਹੁਣ ਜਦ ਤੀਸਰਾ ਦਿਨ ਵੀ ਬੀਤ ਗਿਆ---ਤੇ ਡਾਕਟਰਾਂ ਨੇ ਮੇਰੇ ਪਤੀ ਦੇ ਠੀਕ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ---ਤਾਂ ਸਾਰਿਆਂ ਨੂੰ ਮੇਰੇ ਇਸ ਹਾਰ ਸ਼ਿੰਗਾਰ ਦਾ ਵੀ ਫਿ਼ਕਰ ਵਧਣ ਲੱਗਾ।
ਸਾਡੇ ਇਲਾਕੇ ਵਿੱਚ ਵਿਆਂਦ੍ਹੜ ਕੁੜੀ ਦੇ ਪੈਰ ਨੂੰ ਇੱਕ ਮੌਲੀ ਬੰਨ੍ਹਦੇ ਹਨ ਜਿਸ ਨੂੰ ਰੱਖੜੀ ਕਿਹਾ ਜਾਂਦਾ ਹੈ---ਇਹ ਰੱਖੜੀ ਉਹਨੇ ਸਹੁਰੇ ਜਾਂਦਿਆਂ ਰਾਹ `ਚ ਪੈਂਦੇ ਕਿਸੇ ਨਦੀ ਨਾਲੇ `ਚ ਸਿੱਟਣੀ ਹੁੰਦੀ ਐ---ਮਾਨਤਾ ਹੈ ਕਿ ਵਿਆਂਦ੍ਹੜ ਕੁੜੀ ਦੇ ਹਾਰ ਸ਼ਿਗਾਰ ਅਤੇ ਵੱਟਣਿਆਂ ਆਦਿ ਦੀ ਖੁਸ਼ਬੋਅ ਤੋਂ ਪ੍ਰਭਾਵਤ ਹੋ ਕੇ ਲੱਗੀ ਨਜ਼ਰ ਟਪਾਰ, ਕੀਤਾ ਕਰਾਇਆ ਤੇ ਹੋਰ ਹਰ ਪ੍ਰਕਾਰ ਦੀ ਇੱਲ ਬਲਾਅ ਇਸ ਰੱਖੜੀ ਦੇ ਨਾਲ ਹੀ ਪਾਣੀ `ਚ ਵਹਿ ਜਾਂਦੀ ਹੈ---ਤੇ ਫੇਰ ਉਹ ਵਿਆਂਦ੍ਹੜ ਕੁੜੀ ਨਾਲ ਸਹੁਰੇ ਨਹੀਂ ਜਾਂਦੀ---
ਹੁਣ ਮੈਨੂੰ ਵਹਿਮ ਹੋ ਗਿਆ ਸੀ ਕਿ ਕੀ ਪਤਾ ਮੇਰੇ ਨਾਲ ਮਾਂ ਦੇ ਪੇਟ ਤੋਂ ਹੀ ਚਿੰਬੜੀਆਂ ਬਲਾਵਾਂ ਤੇ ਭੂਤ ਚੜੇਲਾਂ ਇਸ ਰੱਖੜੀ ਦੇ ਨਾਲ ਹੀ ਆ ਗਈਆਂ ਹੋਣ---ਕਿਉਂਕਿ ਡੋਲੀ `ਚ ਬੈਠੀ ਨੂੰ ਮੈਨੂੰ ਇਹ ਰੱਖੜੀ ਖੋਲ੍ਹ ਕੇ ਸਿੱਟਣ ਦਾ ਖਿਆਲ ਈ ਨਹੀਂ ਸੀ ਆਇਆ---ਜਾਂ ਕਹਿ ਲਓ ਮੈਨੂੰ ਚੇਤਾ ਈ ਭੁੱਲ ਗਿਆ ਸੀ---ਹੁਣ ਡਰਦੀ ਮਾਰੀ ਮੈਂ ਆਪਣੀ ਇਹ ਭੁੱਲ ਕਿਸੇ ਨੂੰ ਦੱਸ ਵੀ ਨਹੀਂ ਸਾਂ ਸਕਦੀ---ਮੇਰੇ ਮਨ ਵਿੱਚ ਇੱਕ ਵਹਿਮ ਜਿਹਾ ਘਰ ਕਰ ਗਿਆ---
ਪਰ ਅਗਲੇ ਈ ਪਲ ਮੇਰੇ ਜ਼ਹਿਨ ਚੋਂ ਇੱਕ ਆਵਾਜ਼ ਆਈ---ਕਿ ਲੰਗੜੀਏ ਤੇਰਾ ਕਿਹੜਾ ਪੂਰਾ ਵਿਆਹ ਹੋਇਐ---ਤੂੰ ਕਿਹੜਾ ਨਿਰੰਜਣ ਸੂੰਹ ਦੀ ਪੂਰੀ ਪਤਨੀ ਬਣੀ ਐ---ਏਸ ਕਰਕੇ ਵਹਿਮ ਨਾ ਕਰ---ਕਿਸਮਤ `ਚ ਜੋ ਲਿਖਿਆ ਹੋਇਐ ਉਹੀ ਹੋਣੈ---
ਮੇਰੇ ਮਾਪਿਆਂ ਨੇ ਤਾਂ ਮੇਰੀ ਖ਼ਬਰ ਸਾਰ ਲਈ ਹੀ ਨਹੀਂ---ਦਿਨ ਚੜ੍ਹ ਜਾਂਦਾ ਦਿਨ ਛਿਪ ਜਾਂਦਾ---ਡਾਕਟਰਾਂ ਨਰਸਾਂ ਅਤੇ ਹਸਪਤਾਲ ਦੇ ਹੋਰ ਮੁਲਾਜ਼ਮਾ ਨੂੰ ਜਦੋਂ ਮੇਰੇ ਵਿਆਹ ਦੀ ਸਾਰੀ ਕਹਾਣੀ ਪਤਾ ਲੱਗੀ ਤਾਂ ਉਹ ਵੀ ਮੈਨੂੰ ਤਰਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ---ਉਹ ਮੇਰੇ ਨਾਲ ਹਮਦਰਦੀ ਰੱਖਦੇ---
ਸਾਰੇ ਰਿਸ਼ਤੇਦਾਰ ਖ਼ਬਰ ਲੈਣ ਆਉਂਦੇ ਪਰ ਨਿਰੰਜਣ ਸਿੰਘ ਦੇ ਬੱਚੇ ਇੱਕ ਵਾਰੀ ਵੀ ਹਸਪਤਾਲ ਨਾਂ ਆਏ---ਲਾਵਾਂ ਉੱਤੇ ਬੈਠੀ ਇਹਦੇ ਵੱਡੇ ਮੁੰਡੇ ਦੀਆਂ ਗੱਲਾਂ ਸੁਣ ਕੇ ਮੈਂ ਸਮਝ ਗਈ ਸਾਂ ਕਿ ਮੇਰੇ ਪਤੀ ਦੇ ਤਿੰਨ ਜੁਆਨ ਬੱਚੇ ਨੇ---ਦੋ ਮੁੰਡੇ ਤੇ ਇੱਕ ਕੁੜੀ---ਮੈਂ ਕਦੇ ਕਦੇ ਬੈਠੀ ਸੋਚਦੀ ਕਿ ਮੇਰੇ ਇਹ ਮਤਰੇਏ ਬੱਚੇ ਕਿਹੋ ਜਿਹੇ ਹੋਣਗੇ---ਇਹ ਮੈਨੂੰ ਕਿਸ ਰਿਸ਼ਤੇ ਨਾਲ ਬੁਲਾਇਆ ਕਰਨਗੇ---ਇਹ ਮੈਨੂੰ ਅਪਣਾਅ ਵੀ ਲੈਣਗੇ ਜਾਂ ਨਾ---ਕੀ ਪਤਾ ਇਹ ਮੈਨੂੰ ਨਫ਼ਰਤ ਈ ਕਰਦੇ ਰਹਿਣ---ਕਈ ਤਰ੍ਹਾਂ ਦੇ ਸ਼ੰਕੇ ਮੇਰੇ ਮਨ ਵਿੱਚ ਉਪਜਦੇ।
ਜਦੋਂ ਮੇਰੇ ਪਤੀ ਨੂੰ ਦਾਖਲ ਹੋਇਆਂ ਪੰਦਰਾਂ ਦਿਨ ਬੀਤ ਗਏ ਤਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ---ਆਖਣ ਲੱਗੇ ਕਿ ਨਿਰੰਜਣ ਕੌਮਾ ਵਿੱਚ ਚਲਿਆ ਗਿਆ ਹੈ---ਇਹ ਜਿਹੋ ਜਿਹਾ ਹਸਪਤਾਲ ਵਿੱਚ ਪਿਆ ਹੈ ਉਹੋ ਜਿਹਾ ਘਰ---ਸੋ ਇਹਨੂੰ ਘਰੇ ਲੈ ਜਾਓ---ਜੇ ਇਹਨੂੰ ਹੋਸ਼ ਆਉਣੀ ਹੋਈ ਤਾਂ ਘਰੇ ਵੀ ਆ ਜੂਗੀ---ਦਵਾਈਆਂ ਅਸੀਂ ਲਿਖ ਦਿੰਨੇ ਆਂ---ਤੁਸੀਂ ਵਿੱਚ ਵਿੱਚ ਆ ਕੇ ਚੈਕ ਕਰਾਉਂਦੇ ਰਹਿਣਾ---ਬਾਕੀ ਇਹਨੂੰ ਹਸਪਤਾਲ `ਚ ਰੱਖਣ ਦਾ ਕੋਈ ਲਾਭ ਨੀ ਹੈ।
ਡਾਕਟਰਾਂ ਦੀ ਗੱਲ ਸੁਣ ਕੇ ਮੇਰਾ ਸਹੁਰਾ ਪ੍ਰੀਵਾਰ ਸਕਤੇ `ਚ ਆ ਗਿਆ---ਹੁਣ ਉਹਨਾਂ ਮੁਹਰੇ ਕੌਮਾ `ਚ ਚਲੇ ਗਏ ਅੱਧੇ ਅਧੂਰੇ ਨਿਰੰਜਣ ਸੂੰਹ ਨੂੰ ਘਰ ਲਿਜਾਣ ਦੇ ਨਾਲ ਨਾਲ ਮੈਂ ਵੀ ਇੱਕ ਬਲਦਾ ਹੋਇਆ ਸਵਾਲੀਆਂ ਚਿੰਨ੍ਹ ਬਣੀ ਖਲੋਤੀ ਸਾਂ---ਮੇਰਾ ਉਹ ਕੀ ਕਰਨ---ਮੈਨੂੰ ਘਰੇ ਲੈ ਕੇ ਜਾਣ ਜਾਂ ਪੇਕੀਂ ਘੱਲ ਦੇਣ---ਰਿਸ਼ਤੇਦਾਰਾ ਨੇ ਮਿਲ ਕੇ ਸਲਾਹ ਬਣਾਈ ਕਿ ਮੈਨੂੰ ਪੇਕੇ ਘੱਲ ਦਿੱਤਾ ਜਾਵੇ---ਕਿਉਂਕਿ ਮੇਰੇ ਪਤੀ ਦੇ ਹੋਸ਼ `ਚ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ---
ਮੈਂ ਜਦੋਂ ਉਹਨਾਂ ਦਾ ਇਹ ਫੈਸਲਾ ਸੁਣਿਆਂ ਤਾਂ ਪੰਦਰਾਂ ਦਿਨਾਂ `ਚ ਇਹ ਪਹਿਲਾ ਮੌਕਾ ਸੀ ਜਦੋਂ ਆਪਣੀ ਨਣਦ ਨੂੰ ਤਰਲਾ ਲਿਆ---ਮੈਂ ਮੂੰਹੋਂ ਪਹਿਲੀ ਵਾਰ ਬੋਲੀ,
“ਬੀਬੀ! ਮੈਨੂੰ ਪੇਕੇ ਨਾ ਭੇਜਿਓ---ਮੈਂ ਰੋਟੀ ਰੋਟੀ `ਤੇ ਸਾਰਾ ਕੰਮ ਕਰਿਆ ਕਰੂੰਗੀ---ਥੋਡੇ ਕੋਲੋਂ ਹੋਰ ਕੁਸ ਨੀ ਮੰਗਦੀ---ਜੋ ਮੇਰੇ ਕਰਮਾਂ `ਚ ਹੋਇਆ ਮੈਂ ਭੁਗਤ ਲਊਂਗੀ---"
ਮੇਰੀ ਨਣਦ ਨੇ ਮੇਰੀ ਗੱਲ ਸੁਣ ਕੇ ਬੜੀ ਦੇਰ ਹਿਸਾਬ ਕਿਤਾਬ ਲਾਇਆ---ਸੌਦਾ ਘਾਟੇ ਵਾਲਾ ਹੈ ਜਾਂ ਵਾਧੇ ਵਾਲਾ---ਇਹ ਵੀ ਦੇਖਿਆ।ਮੇਰੇ ਵੱਲ ਗਹੁ ਨਾਲ ਤੱਕਿਆ ਫੇਰ ਬੇਮਨੀ ਜਿਹੀ ਨਾਲ ਆਖਣ ਲੱਗੀ,
“ਚਲ ਉਹ ਜਾਣੇ ਇੱਕ ਜੀ ਦਾ ਰੋਟੀ ਪਾਣੀ ਈ ਐ ਨਾਅ---ਨਾਲੇ ਘਰ ਵਾਲੇ ਦੀ ਸੇਵਾ ਕਰੂਗੀ---ਉਰੇ ਹਸਪਤਾਲ `ਚ ਤਾਂ ਮਲ ਮੂਤਰ ਦੀਆਂ ਨਾਲੀਆਂ ਲੱਗੀਆਂ ਹੋਈਆਂ ਨੇ---ਸਾਰਾ ਗੰਦ ਡਾਕਟਰ ਨਰਸਾਂ ਈ ਸਾਫ ਕਰਦੇ ਨੇ---ਘਰੇ ਜਾ ਕੇ ਆਹ ਸਾਫ ਸਫ਼ਾਈ ਵੀ ਤਾਂ ਕਰਨੀ ਪੈਣੀ ਐ---ਫੇਰ ਇਹਨੂੰ ਨੁਆਹੁਣਾ ਧੁਆਉਣਾ---ਸਾਫ ਸਫਾਈ---ਸਾਰਾ ਕੁਸ---ਰੋਟੀ ਰੋਟੀ `ਚ ਤਾਂ ਬਹੂ ਮਹਿੰਗੀ ਨੀ---ਫੇਰ ਨਾਲੇ---ਏ---ਏ---"
ਮੇਰੀ ਨਣਦ ਪਤਾ ਨੀ ਅੱਗੇ ਕੀ ਕਹਿਣਾ ਚਾਹੰੁਦੀ ਸੀ ਪਰ ਮੈਂ ਸਮਝ ਗਈ ਕਿ ਉਹ ਕਹਿਣਾ ਚਾਹੰੁਦੀ ਐ ਬਈ ਨਾਲੇ ਦੰਮ ਵੀ ਤਾਂ ਤਾਰੇ ਹੋਏ ਨੇ---ਰੋਕੜੀ ਖਰਚ ਕੇ ਮੁੱਲ ਖਰੀਦੀ ਐ---ਨੌਕਰ ਸਮਝ ਕੇ ਈ ਰੱਖ ਲੈਨੇ ਆਂ---ਮੈਂ ਥੋਨੂੰ ਆਪਣੇ ਮਨ ਦਾ ਚੋਰ ਦੱਸਣਾ ਈ ਭੁੱਲ ਗਈ---ਉਹ ਇਹ ਕਿ ਮੈਂ ਅਜੇ ਤੱਕ ਆਪਣੇ ਘਰ ਵਾਲੇ ਦੀ ਸ਼ਕਲ ਨਹੀਂ ਸੀ ਦੇਖੀ---ਜਦੋਂ ਵੀ ਡਾਕਟਰ ਜਾਂ ਨਰਸਾਂ ਮੈਨੂੰ ਕਿਸੇ ਕੰਮ ਲਈ ਅੰਦਰ ਸੱਦਦੀਆਂ ਤਾਂ ਮੈਂ ਆਪਣੇ ਪਤੀ ਵੱਲ ਅੱਖਾਂ ਖੋਲ੍ਹ ਕੇ ਤੱਕਦੀ ਈ ਨਹੀਂ ਸਾਂ---ਪਤਾ ਨੀ ਮੈਨੂੰ ਝਾਕਾ ਆਉਂਦਾ ਸੀ ਪਤਾ ਨੀ ਡਰ ਲੱਗਦਾ ਸੀ ਤੇ ਪਤਾ ਨੀ ਮੈਨੂੰ ਉਹਦੇ ਨਾਲ ਨਫ਼ਰਤ ਸੀ ਜਾਂ ਸ਼ਾਇਦ ਮੈਨੂੰ ਉਹਦੇ ਵੱਲ ਤੱਕਦਿਆਂ ਸੰਗ ਲਗਦੀ ਸੀ---ਪਰ ਮੈਂ ਅਜੇਂ ਤੱਕ ਉਹਦੀ ਸ਼ਕਲ ਨਹੀਂ ਸੀ ਤੱਕੀ---
ਅਜੇ ਅਸੀਂ ਸਾਰੇ ਇਸੇ ਸ਼ਸ਼ੋਪੰਜ ਵਿੱਚ ਸਾਂ ਕਿ ਨਿਰੰਜਣ ਨੂੰ ਲੈ ਕੇ ਜਾਈਏ ਜਾਂ ਇੱਕ ਦੋ ਦਿਨ ਹੋਰ ਇੰਤਜਾਰ ਕਰ ਲਈਏ---ਅਸੀਂ ਡਾਕਟਰਾਂ ਦੀ ਰਾਇ ਲੈ ਰਹੇ ਸਾਂ ਤੇ ਉਹਨਾਂ ਨੂੰ ਇੱਕ ਦੋ ਦਿਨ ਹੋਰ ਰੱਖਣ ਲਈ ਅਰਜ਼ੋਈ ਵੀ ਕਰ ਰਹੇ ਸਾਂ ਕਿ ਇੰਨੇ ਨੂੰ ਇੱਕ ਵਚਿੱਤਰ ਘਟਨਾ ਹੋਰ ਵਾਪਰ ਗਈ---
ਮੇਰੇ ਪਤੀ ਦੇ ਤਿੰਨੋ ਨਿਆਣੇ ਰੋਂਦੇ ਕੁਰਲਾਉਂਦੇ ਹਸਪਤਾਲ ਆ ਧਮਕੇ---ਪਹਿਲਾ ਤਾਂ ਮੈਂ ਉਹਨਾਂ ਨੂੰ ਪਛਾਣਿਆ ਈ ਨਾ ਕਿਉਂਕਿ ਮੈਂ ਕਿਹੜਾ ਉਹ ਪਹਿਲਾਂ ਕਦੇ ਦੇਖੇ ਸਨ ਪਰ ਜਦੋਂ ਉਹਨਾਂ ਨੇ ਆ ਕੇ ਮੈਨੂੰ ਦੁਹੱਥੜੇ ਮਾਰਨੇ ਸੁਰੂ ਕੀਤੇ ਤੇ ਕੋਸਣਾ ਸੁਰੂ ਕੀਤਾ ਤਾਂ ਮੈਨੂੰ ਸਮਝ ਲੱਗੀ ਕਿ ਇਹ ਮੇਰੇ ਘਰ ਵਾਲੇ ਦੇ ਨਿਆਣੇ ਹਨ। ਵੱਡਾ ਮੁੰਡਾ ਕੋਈ ਵੀਹ ਬਾਈ ਸਾਲ ਦਾ ਕੁੜੀ ਅਠਾਰਾਂ ਉਨੀਆਂ ਦੀ ਤੇ ਨਿੱਕਾ ਸੋਲਾਂ ਸਤਾਰਾਂ ਸਾਲ ਦਾ ਸੀ---ਵੱਡਾ ਮੁੰਡਾ ਗੁਰਾ ਲਾਵਾਂ ਵੇਲੇ ਗਰਜਦਾ ਮੈ ਸੁਣਿਆ ਜ਼ਰੂਰ ਸੀ ਪਰ ਦੇਖਿਆ ਨਹੀਂ ਸੀ---ਸ਼ਾਇਦ ਉਸ ਦੇ ਤਾਹਨਿਆਂ ਨੇ ਹੀ ਨਿਰੰਜਣ ਨੂੰ ਧੱਕਾ ਪਹੁੰਚਾਇਆ ਹੋਵੇ---ਤਿੰਨੋ ਭਰੇ ਪੀਤੇ ਆ ਕੇ ਮੇਰੇ ਦੁਆਲੇ ਹੋ ਗਏ---
“ਹਰਾਮ ਦੀਏ ਲੰਗੜੀਏ! ਖਾ ਗਈ ਸਾਡੇ ਬਾਪ ਨੂੰ---ਲਾਵਾਂ ਵੀ ਨਾ ਲੈ ਹੋਈਆਂ ਪੂਰੀਆਂ---ਤੂੰ ਕਿਵੇਂ ਸਾਡੇ ਬਾਪ ਦੀ ਧਰਮ ਪਤਨੀ ਹੋਈ? ਅੱਧੀਆਂ ਪਚੱਧੀਆਂ ਲਾਵਾਂ ਲੈ ਕੇ ਤੂੰ ਇਹਦੀ ਸਰਦਾਰਨੀ ਕਿਸ ਤਰ੍ਹਾਂ ਬਣ ਗਈ? ਤੇਰਾ ਇਹਦੇ ਨਾਲ ਕੀ ਰਿਸ਼ਤਾ ਨਾਤਾ ਹੈ ਜਿਹੜਾ ਤੂੰ ਇਹਦੇ ਨਾਲ ਆ ਗਈ---ਕਲਮੂੰਹੀ, ਡਾਇਣ, ਨਿਰਭਾਗ, ਮਨਹੂਸ---ਸਾਡੇ ਬਾਪ ਨੂੰ ਖਾ ਗਈ---ਬੈਗੈਰਤ ਕੁੱਤੀ ਔਰਤ ਨੇ ਅਸੀਂ ਜਤੀਮ ਕਰ `ਤੇ---ਮਾਂ ਤਾਂ ਸਾਡੀ ਪਹਿਲਾਂ ਈ ਰੱਬ ਨੂੰ ਪਿਆਰੀ ਹੋ ਗਈ ਸੀ ਤੇ ਬਾਪ ਸਾਡਾ ਤੈਂ ਮਾਰ `ਤਾ---ਨਾਲੇ ਤੇਰੇ ਪਿਓ ਕੰਜਰ ਨੇ ਰੁਪੱਈਆਂ ਦੀ ਪੰਡ ਲੈ ਲਈ---ਨਾਲੇ ਸਾਡਾ ਪਿਓ ਅਧਮਰਿਆ ਕਰ `ਤਾ---ਕਲਹਿਲੀਣੇ---ਤੈਥੋਂ ਕਿਤੇ ਡੁੱਬ ਕੇ ਨਾ ਮਰ ਹੋਇਆ---ਤੂੰ ਕਿਸੇ ਖੂਹ ਖਾਤੇ ਪੈ ਜਾਂਦੀ---"
ਕੋਸਦਿਆਂ ਹੋਇਆਂ ਤਿੰਨਾਂ ਨੇ ਮੈਨੂੰ ਲੱਤਾਂ ਮਾਰਨੀਆਂ ਸੁਰੂ ਕਰ ਦਿੱਤੀਆ---ਮੇਰੀਆ ਚੀਕਾਂ ਨਿਕਲ ਗਈਆਂ---ਮੇਰਾਂ ਰੋਣ ਸੁਣ ਕੇ ਸਾਰੇ ਰਿਸ਼ਤੇਦਾਰਾ ਨੇ ਮੈਨੂੰ ਛੁਡਵਾਇਆ ਤੇ ਬੱਚਿਆਂ ਨੂੰ ਇੱਕ ਪਾਸੇ ਖਿੱਚ ਕੇ ਲੈ ਗਏ---ਸ਼ੋਰ ਸ਼ਰਾਬਾ ਸੁਣ ਕੇ ਅੰਦਰੋਂ ਡਾਕਟਰ ਤੇ ਨਰਸਾਂ ਵੀ ਭੱਜ ਕੇ ਬਾਹਰ ਆਏ---ਸਾਰੀ ਗੱਲ ਪਤਾ ਲੱਗਣ ਉੱਤੇ ਇੱਕ ਵੱਡਾ ਡਾਕਟਰ ਗੁਰੇ ਨੂੰ ਬਾਹੋਂ ਫੜ ਕੇ ਬੋਲਿਆ,
“ਅੱਜ ਤੈਂ ਇਸ ਕੁੜੀ `ਤੇ ਹੱਥ ਚੱਕਿਆ ਸੋ ਚੱਕਿਆ---ਅੱਜ ਤੋਂ ਬਾਦ ਦੋਬਾਰਾ ਇਹ ਹਰਕਤ ਦੁਹਰਾਈ ਤਾਂ ਪੁਲਸ ਨੂੰ ਖ਼ਬਰ ਕਰ ਦਿਆਂਗੇ---ਤੂੰ ਸਮਝਿਆ ਕੀ ਐ ਆਪਣੇ ਆਪ ਨੂੰ? ਇੱਕ ਤਾਂ ਏਸ ਬੱਚੀ ਨਾਲ ਸਮਾਜ ਨੇ ਤੇ ਤੇਰੇ ਪ੍ਰੀਵਾਰ ਨੇ ਵੈਸੇ ਈ ਜਿਆਜ਼ਤੀ ਕੀਤੀ---ਉਪਰੋਂ ਤੁਸੀਂ ਇਹਦੇ ਉਤੇ ਹੱਥ ਚੁੱਕਦੇ ਹੋ---ਤੁਸੀਂ ਕਿਸ ਅਧਿਕਾਰ ਨਾਲ ਇਸ ਲੜਕੀ ਨੂੰ ਮਾਰਿਆ? ਤੁਹਾਨੂੰ ਕਾਨੂੰਨ ਦਾ ਕੋਈ ਡਰ ਨਹੀਂ? ਖ਼ਬਰ ਦਾਰ---! ਮੈਂ ਹੁਣੇ ਪੁਲੀਸ ਨੂੰ ਬੁਲਾ ਕੇ ਤੁਹਾਨੂੰ ਅੰਦਰ ਕਰਾਉਂਦਾ ਹਾਂ---ਮਜ਼ਾਕ ਬਣਾਇਐ---"
ਡਾਕਟਰ ਨੇ ਮੇਰੇ ਸਿਰ ਤੇ ਹੱਥ ਰੱਖਿਆ---ਮੈਂ ਸੁਬਕਣਾ ਬੰਦ ਕਰ ਕੇ ਡਾਕਟਰ ਨੂੰ ਮਿਨਤ ਕੀਤੀ,
“ਡਾਕਟਰ ਸਾਹਬ ਇਹਨਾਂ ਦਾ ਕੋਈ ਕਸੂਰ ਨੀ---ਦੋਸ਼ ਮੇਰੇ ਕਰਮਾਂ ਦਾ ਐ---ਇਹਨਾਂ ਨੂੰ ਕੋਈ ਸਜਾ ਨਾ ਦਿਓ---ਇਹ ਬਚਾਰੇ ਸੱਚੀਂ ਅਨਾਥ ਹੋ ਗਏ ਨੇ---ਮਾਂ ਮਰ ਗਈ ਐ ਤੇ ਪਿਓ---ਪਿਓ---ਤੁਸੀਂ ਜਾਣਦੇ ਈ ਓ---ਨਾਲੇ ਇਹਨਾਂ ਨੇ ਸੱਚੀਂ ਮੈਨੂੰ ਖਰੀਦਿਆਂ ਹੈ---ਮੇਰੇ ਬਾਪੂ ਨੂੰ ਸੱਚੀਂ ਰੁਪੱਈਆਂ ਦੀ ਪੰਡ ਦਿੱਤੀ ਐ ਬਦਲੇ `ਚ---"
ਮੈਂ ਅੱਗੇ ਚੁੱਪ ਕਰ ਗਈ---ਇਹ ਵੀ ਸ਼ਾਇਦ ਮੈਂ ਵਾਧੂ ਕਹਿ ਚੁੱਕੀ ਸਾਂ---ਮੈਂ ਕਹਿਣਾ ਤਾਂ ਇਹ ਵੀ ਚਾਹੰੁਦੀ ਸਾਂ ਕਿ ਜਦੋਂ ਇਹਨਾਂ ਨੇ ਮੈਨੂੰ ਪੈਸੇ `ਤਾਰ ਕੇ ਖ਼ਰੀਦਿਆ ਹੈ ਤਾਂ ਇਹ ਹੁਣ ਮੇਰੇ ਨਾਲ ਜੋ ਸਲੂਕ ਕਰਨਾ ਚਾਹੁਣ ਕਰ ਸਕਦੇ ਹਨ---ਮੈਂ ਇਹ ਵੀ ਦੱਸਣਾ ਚਾਹੁੰਦੀ ਸਾਂ ਕਿ ਆਪਣੇ ਮਾਪਿਆਂ ਘਰ ਵੀ ਮੈਂ ਸ਼ੁਰੂ ਤੋਂ ਪੜਤਾੜਤ ਹੁੰਦੀ ਆਈ ਆਂ---ਏਸ ਕਰਕੇ ਮੈਨੂੰ ਇਸ ਮਾਰ ਕੁੱਟ ਦੀ, ਬੇਇਜਤੀ ਦੀ, ਪੜਤਾੜਨਾ ਦੀ ਆਦਤ ਪਈ ਹੋਈ ਐ---ਮੈਨੂੰ ਇਹ ਸਭ ਬਰਦਾਸ਼ਤ ਕਰਨ ਦੀ ਵੀ ਆਦਤ ਹੋ ਚੁੱਕੀ ਐ। ਡਾਕਟਰ ਨੇ ਮੇਰੀ ਪਿੱਠ ਥਾਪੜ ਕੇ ਮੈਨੂੰ ਹੌਸਲਾ ਦਿੱਤਾ---ਮੈਨੂੰ ਡਾਕਟਰਾਂ ਦੇ ਪਿਆਰ ਅਤੇ ਹਮਦਰਦੀ ਦਾ ਅਹਿਸਾਸ ਹੋ ਰਿਹਾ ਸੀ---ਡਾਕਟਰ ਗਰਜਿਆ,
“ਇਹ ਬੱਚੇ ਨੇ?? ਤੇਰੇ ਨਾਲੋਂ ਵੱਡੇ ਨੇ---ਨਾਲੇ ਇਹਨਾਂ ਨੂੰ ਕੀ ਅਧਿਕਾਰ ਐ ਤੈਨੂੰ ਮਾਰਨ ਦਾ? ਨਾਲੇ ਜੇ ਇਹ ਘਰ ਜਾ ਕੇ ਤੈਨੂੰ ਤੰਗ ਕਰਨਗੇ ਤਾਂ ਚੁੱਪ ਚੁਪੀਤਾ ਬਰਦਾਸ਼ਤ ਨਹੀਂ ਕਰਦੇ ਜਾਣਾ---ਸਿੱਧੀ ਪੁਲਿਸ ਨੂੰ ਸ਼ਿਕਾਇਤ ਕਰਨੀ ਐ---ਗਲਤ ਗੱਲ ਬਰਦਾਸ਼ਤ ਨਹੀਂ ਕਰਨੀ---ਤੇਰਾ ਕਿਤੇ ਕੋਹੀ ਕਸੂਰ ਨੀ---ਇਹਨਾਂ ਨੇ ਕਿਉਂ ਤੇਰੇ ਪਿਓ ਨੂੰ ਪੈਸੇ ਦਿੱਤੇ? ਜੇ ਇਹ ਗੱਲ ਪੁਲਿਸ ਤੱਕ ਪਹੁੰਚ ਗਈ ਤਾਂ ਔਰਤਾਂ ਦੀ ਖ਼ਰੀਦੋ ਫ਼ਰੋਖਤ ਦੇ ਦੋਸ਼ ਵਿੱਚ ਸਿੱਧੇ ਅੰਦਰ ਜਾਣਗੇ---ਫੇਰ ਪਤਾ ਲੱਗੇਗਾ---"
ਬੱਚੇ ਡਾਕਟਰ ਦੀ ਗੱਲ ਸੁਣ ਕੇ ਡਰ ਤਾਂ ਗਏ ਸਨ ਪਰ ਮੈਨੂੰ ਵੱਢ ਖਾਣੀਆਂ ਨਜ਼ਰਾਂ ਨਾਲ ਦੇਖ ਰਹੇ ਸਨ---ਮੇਰੀ ਨਣਦ ਉਹਨਾਂ ਨੂੰ ਫਿਟਕਾਰ ਰਹੀ ਸੀ,
“ਰੁੜ ਜਾਣਿਓ ਏਸ ਬਚਾਰੀ ਦਾ ਕੀ ਕਸੂਰ ਐ? ਕਿਉਂ ਸਰਾਫ਼ ਲੈਨੇ ਓ ਅਧਮਾਣਸ ਦਾ? ਪੈਸੇ ਇਹਦੇ ਪਿਉ ਨੇ ਲਏ---ਇਹਦਾ ਕੀ ਦੋਸ਼ ਐ ਵਿੱਚ ਬਚਾਲੇ---ਸ਼ਰਮ ਕਰੋ---ਬਾਪ ਕਿਹੜੇ ਹਾਲ `ਚ ਪਿਐ---ਡਰੋ ਉਸ ਵਾਹਿਗੁਰੂ ਤੋਂ---ਪਤਾ ਨੀ ਉਹ ਕਿਹੜੇ ਰੰਗਾਂ `ਚ ਰਾਜੀ ਐ---"
ਫੇਰ ਮੇਰੀ ਨਣਦ ਤੇ ਰਿਸ਼ਤੇਦਾਰ ਬੱਚਿਆਂ ਨੂੰ ਥੋੜਾ ਦੂਰ ਲੈ ਗਏ---ਉਹਨਾਂ ਨੇ ਬੱਚਿਆਂ ਨੂੰ ਕੀ ਸਮਝਾਇਆ---ਇਹ ਮੈ ਸੁਣ ਤਾਂ ਨਾ ਸਕੀ ਪਰ ਅੰਦਾਜ਼ਾ ਲਾਇਆ ਕਿ ਉਹਨਾਂ ਨੇ ਕਿਹਾ ਹੋੋਣਾ ਬਈ ਇਹ ਥੋਡੇ ਅਧਮਰੇ ਕੌਮਾਂ `ਚ ਚਲੇ ਗਏ ਬਾਪ ਦੀ ਸੇਵਾ ਸੰਭਾਲ ਕਰੂਗੀ---ਬੇਸੁਧ ਬਾਪ ਨੂੰ ਤਾਂ ਟੱਟੀ ਪਸ਼ਾਬ ਦੀ ਵੀ ਹੋਸ਼ ਨਹੀ ਰਹੀ---ਕੌਣ ਉਹਦਾ ਗੰਦ ਹੰੁਝੂਗਾ---ਨਾਲੇ ਥੋਨੂੰ ਰੋਟੀ ਰੋਟੀ `ਚ ਗੁਲਾਮ ਮਿਲ ਗਈ---ਇਹ ਸੌਦਾ ਕੋਈ ਮਹਿੰਗਾ ਨਹੀਂ---।
ਬੱਚੇ ਹੁਣ ਅਵਾਕ ਇੱਕ ਦੂਜੇ ਨੂੰ ਤੱਕ ਰਹੇ ਸਨ---ਸ਼ਾਇਦ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਪੈਸੇ ਵਸੂਲ ਕਰਨ ਦਾ ਮੌਕਾ ਵੀ ਮਿਲ ਗਿਆ ਹੈ ਤੇ ਰੋਟੀ ਰੋਟੀ ਵਿੱਚ ਗ਼ੁਲਾਮ ਵੀ ਮਿਲ ਗਈ ਹੈ---ਉਹ ਹੁਣ ਸ਼ਾਂਤ ਹੋ ਗਏ ਸਨ---ਡਾਕਟਰ ਅਤੇ ਹਸਪਤਾਲ ਦਾ ਸਟਾਫ਼ ਅਜੇ ਵੀ ਗੁੱਸੇ ਵਿੱਚ ਸਨ। ਡਾਕਟਰ ਨੇ ਮੇਰੇ ਬੱਚਿਆਂ ਨੂੰ ਸੁਣਾ ਕੇ ਉੱਚੀ ਆਵਾਜ਼ ਵਿੱਚ ਮੇਰੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ,
“ਅਗਰ ਕਿਸੀ ਨੇ ਇਸ ਬੱਚੀ ਨੂੰ ਤੰਗ ਕੀਤਾ---ਜਾਂ ਇਹਦੇ ਨਾਲ ਕਿਸੀ ਪ੍ਰਕਾਰ ਦਾ ਦੁਰਵਿਵਹਾਰ ਕੀਤਾ---ਇਹਨੇ ਉਤੇ ਕੋਈ ਅੱਤਿਆਚਾਰ ਕੀਤਾ ਤਾਂ---ਤਾਂ---ਮੈਂ---"
ਮੈਂ ਡਾਕਟਰ ਦੀ ਗੱਲ ਵਿਚਾਲਿਓ ਕੱਟਦਿਆਂ ਮਾਹੌਲ ਨੂੰ ਸਾਵਾਂ ਕਰਨ ਲਈ ਕਿਹਾ,
“ਨਹੀਂ ਨਹੀਂ ਡਾਕਟਰ ਸਾਹਬ---ਇਹ ਮੈਨੂੰ ਕੁਸ ਨੀ ਕਹਿਣਗੇ---ਇਹ ਅਜੇ ਬੱਚੇ ਨੇ---ਨਾਲੇ ਪਿਉ ਦੀ ਬੀਮਾਰੀ ਸਦਕਾ ਪ੍ਰੇਸ਼ਾਨ ਨੇ---ਆਪੇ ਸਮਝ ਜਾਣਗੇ---"
ਮੇਰੀ ਗੱਲ ਸੁਣ ਕੇ ਡਾਕਟਰ ਨੇ ਮੇਰੇ ਸਹੁਰੇ ਪ੍ਰੀਵਾਰ ਦੇ ਸਾਰੇ ਬੰਦਿਆਂ ਨੂੰ ਨਫ਼ਰਤ ਭਰੀ ਨਿਗਾਹ ਨਾਲ ਤੱਕਿਆ---ਉਹ ਜਾਂਦਾ ਜਾਂਦਾ ਬੋਲਿਆ,
“ਦੇਖਿਆ ਇਸ ਦਰਵੇਸ਼ ਕੁੜੀ ਦਾ ਰਵੱਈਆ---ਇਹਦੀ ਸਹਿਨਸ਼ੀਲਤਾ ਦੇਖੋ---ਇਹਦੇ ਸੁਭਾਅ ਦੀ ਮਿਠਾਸ ਦੇਖੋ---ਕੋਈ ਹੋਰ ਜਿਹੀ ਹੁੰਦੀ---ਤੁਹਾਨੂੰ ਹੁਣੇ ਜੇਲ੍ਹ ਭਿਜਵਾਅ ਦਿੰਦੀ---ਇਹ ਤਾਂ ਦਰਵੇਸ਼ ਐ---ਐਨਾ ਅੱਤਿਆਚਾਰ ਹੋਣ ਦੇ ਬਵਜੂਦ ਵੀ ਜ਼ੁਬਾਨ ਤੇ ਕੋਈ ਸ਼ਿਕਵਾ ਸ਼ਿਕਾਇਤ ਨਹੀਂ---ਕੋਈ ਨਾਰਾਜ਼ਗੀ ਨਹੀਂ---ਸਿੱਖੋ ਇਹਦੇ ਕੋਲੋਂ ਕੁਸ਼---ਸਿੱਖੋ।"
14
ਪੇਕੇ ਘਰ ਵਿੱਚ ਮੇਰੀ ਲੱਖ ਬੇਕਦਰੀ ਸੀ ਪਰ ਮਨ ਵਿੱਚ ਕੋਈ ਗਹਿਰਾ ਸਹਿਮ ਨਹੀਂ ਸੀ---ਅਸੁਰੱਖਿਆ ਦੀ ਭਾਵਨਾ ਨਹੀਂ ਸੀ---ਪਰ ਸਹੁਰੇ ਘਰ ਜਾਣ ਦੇ ਖਿਆਲ ਨਾਲ ਮੈਨੂੰ ਇੱਕ ਸਹਿਮ---ਭੈਅ---ਅਤੇ ਦਹਿਸ਼ਤ ਨੇ ਘੇਰ ਲਿਆ---ਉਥੇ ਮੈਨੂੰ ਕੌਣ ਬਚਾਇਆ ਕਰੇਗਾ? ਕਿਸੇ ਰੱਬ ਨਾਂ ਦੀ ਹਸਤੀ ਵਿੱਚ ਮੇਰਾ ਕੋਈ ਭਰੋਸਾ ਨਹੀਂ ਸੀ---ਜੋ ਕਿ ਮੈਂ ਰੱਬ ਉੱਤੇ ਛੱਡ ਦਿੰਦੀ ਸਭ ਕੁਸ।
ਬਈ ਦੇਖ ਲਓ---ਤੁਸੀਂ ਸੁਣਿਆ ਹੈ ਕਦੇ ਇਹੋ ਜਿਹਾ ਦੁਖਾਂਤ? ਇਹੋ ਜਿਹੀ ਬਦਕਿਸਮਤੀ?? ਤੁਸੀਂ ਢਾਈ ਲਾਵਾਂ ਬਾਦ ਬਣੇ ਅਤੇ ਸ਼ਰੀਰਕ ਪੱਖੋਂ ਨੱਬੇ ਪ੍ਰਤੀਸ਼ਤ ਨਕਾਰਾ ਇੱਕ ਸਾਹ ਲੈਂਦੀ ਲੋਥ ਰੂਪੀ ਪਤੀ ਪਨਮੇਸ਼ਵਰ ਨਾਲ ਵਿਆਹ ਤੋਂ ਪੰਦਰਾਂ ਦਿਨਾਂ ਬਾਦ ਸਹੁਰੇ ਘਰ ਪ੍ਰਵੇਸ਼ ਕਰਦੀ ਦੁਲਹਨ ਦਾ ਸਹਿਮਿਆਂ ਹੋਇਆ ਚਿਹਰਾ ਅੱਖਾਂ ਮੁਹਰੇ ਲਿਆ ਕੇ ਦੇਖੋ ਰਤਾ---ਅੱਜ ਸ਼ਾਮੀ ਮੈਂ ਆਪਣੇ ਲੋਥ ਰੂਪੀ ਪਤੀ ਨਾਲ ਵਿਦਾ ਹੋ ਕੇ ਸਹੁਰੀਂ ਜਾਣਾ ਹੈ---ਦੱਸੋ ਕਿ ਮੈਂ ਰੋਵਾਂ ਜਾਂ ਹੱਸਾਂ---!
ਮੈਂ ਸੱਚਮੁੱਚ ਸਹਿਮੀ ਹੋਈ ਸਾਂ---ਪੰਦਰਾਂ ਦਿਨਾਂ ਤੋਂ ਬਿਨਾ ਨਾਹਤੇ ਇਕੋਂ ਸੂਟ ਪਾਈ ਫਿਰਦੀ ਸਾਂ---ਮੈਨੂੰ ਆਪਣੇ ਆਪ ਚੋਂ ਬੋਅ ਆਉਣ ਲੱਗ ਪਈ ਸੀ---ਮੇਰੇ ਸਿਰ ਅਤੇ ਪਿੰਡੇ `ਚ ਖਾਰਸ਼ ਹੋਣੀ ਸ਼ੁਰੂ ਹੋ ਗਈ ਸੀ---ਪਰ ਮੈਂ ਡਰਦੀ ਮਾਰੀ ਖਾਰਸ਼ ਕਰਦੀ ਨਹੀਂ ਸਾਂ---ਕੁੱਝ ਇਸ ਕਰਕੇ ਵੀ ਖਾਰਸ਼ ਹੁੰਦੀ ਸੀ ਕਿ ਕੁੜੀਆਂ ਨੇ ਮੋਮ ਢਾਲ ਕੇ ਮੀਢੀਆਂ ਗੰੁਦੀ ਹੋਈਆਂ ਸਨ---ਸਿਰ ਚਿਪਚਿਪਾ ਹੋ ਗਿਆ ਸੀ।
ਪਲ ਦੀ ਪਲ ਮੈਂ ਆਪਣੇ ਸਹੁਰੇ ਪ੍ਰੀਵਾਰ ਦੇ ਪਲਾਂ ਛਿਲਾਂ `ਚ ਮਰ ਗਏ ਚਾਵਾਂ ਮਲ੍ਹਾਰਾਂ ਬਾਰੇ ਸੋਚਿਆ---ਬਈ ਇਹ ਲੋਕ ਕਿੰਨੀ ਸ਼ਿੱਦਤ ਨਾਲ ਡੋਲੀ ਦੀ ਇੰਤਜ਼ਾਰ ਕਰ ਰਹੇ ਹੋਣਗੇ---ਮੇਰੀ ਸੱਸ ਨੇ ਸਿਰੋਂ ਪਾਣੀ ਵਾਰ ਕੇ ਪੀਣ ਲਈ ਗੜਵੀ `ਚ ਪਿੱਪਲ ਦੀ ਟਾਹਣੀ ਪਾ ਕੇ ਇੱਕ ਪਾਸੇ ਧਰ ਰੱਖੀ ਹੋਵੇਗੀ---ਥਾਪੇ ਲਾਉਣ ਲਈ ਪਰਾਂਤ ਵਿੱਚ ਪੀਸੇ ਚੌਲਾਂ ਦਾ ਘੋਲ ਪਾ ਕੇ ਤੇ ਜੋਤ ਜਗਾਉਣ ਲਈ ਦੀਵੇ `ਚ ਘਿਓ ਪਾ ਕੇ ਨਾਲ ਹੀ ਧਰਿਆ ਹੋਵੇਗਾ---ਗੋਤ ਕਨਾਲੇ ਦੀ ਰਸਮ ਲਈ ਮੇਰੀਆਂ ਦਰਾਣੀਆਂ ਜਠਾਣੀਆਂ ਨੇ ਘਿਉ ਗੱਚ ਚੌਲ ਬਣਾਏ ਹੋਣਗੇ---
ਮੈਂ ਉਸ ਘੜੀ ਗੋਤ ਕਨਾਲੇ ਦੀ ਰਸਮ ਬਾਰੇ ਸੋਚ ਕੇ ਪ੍ਰੇਸ਼ਾਨ ਹੋਈ ਸਾਂ---ਸੋਚਦੀ ਰਹੀ ਸਾ ਕਿ ਧਰਮੀ ਮਾਪਿਆਂ ਨੇ ਵੇਚ ਦਿੱਤੀ---ਵਿਆਹੀ ਨਹੀਂ ਵੇਚ ਦਿੱਤੀ---ਸਹੁਰੇ ਘਰ ਗੋਤ ਕਨਾਲੇ ਦੀ ਰਸਮ ਹੋਣ ਦੀ ਸੰਭਾਵਨਾ ਖਤਮ ਹੋ ਗਈ ਸੀ---ਇਸ ਰਸਮ ਤੋਂ ਬਿਨ੍ਹਾਂ ਮੈਂ ਸਹੁਰਿਆਂ ਦੇ ਗੋਤ ਵਿੱਚ ਮਿਲਾਈ ਨਹੀਂ ਸਾਂ ਜਾ ਸਕਦੀ---ਰਲਾਈ ਨਹੀਂ ਸਾਂ ਜਾ ਸਕਦੀ---ਫੇਰ ਮੈਂ ਕੌਣ ਹੋਵਾਗੀ?? ਨਾ ਮੈਂ ਵਿਆਹੀ ਨਾ ਕੁਆਰੀ---ਮੈਂ ਨਾ ਰੰਡੀ ਨਾ ਸੁਹਾਗਣ---ਨਾ ਪੇਕਿਆਂ ਦੀ ਨਾ ਸਹੁਰਿਆਂ ਦੀ---ਉਫ਼!!
ਮੈਂ ਸੋਚ ਰਹੀ ਸਾਂ ਕਿ ਸਾਡੇ ਵੱਡ ਵਡੇਰੇ---ਜਠੇਰੇ ਮੈਨੂੰ ਅਸੀਸਾਂ ਦੇਣਗੇ ਜਾਂ ਬਦਅਸੀਸਾਂ? ਫੇਰ ਮੈਂ ਆਪੇ ਉਸ ਘੜੀ ਆਪਣੇ ਡਾਵਾਂ ਡੋਲ ਮਨ ਨੂੰ ਠੁੰਮ੍ਹਣਾਂ ਦਿੱਤਾ ਸੀ ਕਿ ਜਦੋਂ ਮੈਂ ਆਪਣੇ ਪਤੀ ਨਾਲ ਚਾਰ ਲਾਵਾਂ ਈ ਨਹੀਂ ਲਈਆਂ---ਸਹੁਰੇ ਘਰ ਵਹੁਟੀ ਬਣ ਕੇ ਈ ਨਾ ਢੁੱਕੀ---ਮੇਰੀ ਡੋਲੀ ਹੀ ਘਰੇ ਨਾ ਉੱਤਰੀ---ਮੇਰਾ ਘਰ ਦੇ ਕਿਸੇ ਮੈਂਬਰ ਨਾਲ ਕੋਈ ਰਿਸ਼ਤਾ ਨਾਤਾ ਈ ਨਾ ਜੁੜਿਆ---ਤਾਂ ਘਰ ਦੇ ਜਠੇਰਿਆਂ ਜਾਂ ਵੱਡ ਵਡੇਰਿਆਂ ਨਾਲ ਮੇਰਾ ਭਲਾਂ ਦੀ ਕੀ ਰਿਸ਼ਤਾ ਹੋਵੇਗਾ? ਸੋ ਉਹਨਾਂ ਵੱਲੋਂ ਕਿਸੇ ਪ੍ਰਕਾਰ ਦੀ ਦੁਆ ਬਦਦੁਆ ਬਾਰੇ ਸੋਚਣਾ ਹੀ ਫਜੂਲ ਹੈ---ਮੈਂ ਆਪਣੇ ਆਪ ਨੂੰ ਇਹ ਵੀ ਸਮਝਾਇਆ ਕਿ ਕਿਹੜਾ ਕਿਸੇ ਨੇ ਵੇਖੇ ਨੇ ਇਹ ਵੱਡ ਵਡੇਰੇ ਤੇ ਜਠੇਰੇ---ਲੋਕਾਂ ਨੇ ਐਵੇਂ ਵਹਿਮ ਭਰਮ ਬਣਾਏ ਹੋਏ ਨੇ---ਅੰਧਵਿਸਵਾਸ਼ ਐ ਸਾਰਾ---ਨਾਲੇ ਜਿਉਂਦੇ ਬੰਦਿਆਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਐ---ਇਹ ਵੱਡ ਵਡੇਰੇ ਕਰ ਲੈਣਗੇ ਤਾਂ ਕੀ ਫ਼ਰਕ ਪੈ ਚੱਲਿਐ---ਮੇਰੇ ਵਰਗੇ ਅਣਚਾਹੇ ਤੇ ਮਨਹੂਸ ਜੀਵ ਲਈ ਕੀ ਜਿਉਂਦੇ ਤੇ ਕੀ ਜਠੇਰੇ---ਸਭ ਇੱਕੋ ਜਿਹੇ ਹੋਣੇ ਸਨ।
ਮੈਂ ਤਾਂ ਪਤਾ ਨੀ ਜਿਹੜੇ ਖਿਆਲਾਂ `ਚ ਡੁੱਬ ਗਈ ਸਾਂ---ਆਪਣੀ ਨਣਦ ਦੀ ਆਵਾਜ਼ ਸੁਣ ਕੇ ਮੈਂ ਵਾਪਸ ਪਰਤੀ---ਉਹ ਬੱਚਿਆਂ ਨੂੰ ਮੇਰੇ ਨੇੜੇ ਲਿਆਉਂਦਿਆਂ ਬੋਲੀ,
“ਚਲੋਂ ਮਾਫੀ ਮੰਗੋ---ਕੋਹੜੀ ਨਾ ਹੋਣ ਕਿਤੋਂ ਦੇ---ਅਕਸਰ ਥੋੜੀ ਮਾਂ ਐ ਪੁੱਤ---ਚਲੋ ਆਪਣੀ ਗਲਤੀ ਦੀ ਮਾਫ਼ੀ ਮੰਗੋ---ਥੋਡੀ ਮਾਂ ਐ---ਬੀਬੀ ਕਿਹਾ ਕਰੋ ਇਹਨੂੰ---ਨਾਲੇ ਵੈਦਾ ਕਰੋ ਬਈ ਅਸੀਂ ਦਬਾਰਾ ਨੀ ਅਹੀ ਜੀ ਗਲਤੀ ਕਰਦੇ---ਚਲੋ ਚਲੋ---"
ਮੈਂ ਝਿਜਕ ਗਈ---ਮੇਰੇ ਜਿਹਾ ਨਿਮਾਣਾ ਨਿਤਾਣਾ, ਫਿਟਕਾਰਿਆ ਦੁਰਕਾਰਿਆ ਜੀਵ---ਤੇ ਮੇਰੇ ਕੋਲੋਂ ਕੋਈ ਮਾਫ਼ੀ ਮੰਗੇ---ਮੈ ਦੋਵੇਂ ਹੱਥ ਜੋੜਦਿਆਂ ਆਪਣੀ ਨਣਦ ਨੂੰ ਕਿਹਾ,
“ਨਾਅ ਨਾਅ ਬੀਬੀ! ਮੈਂ ਬੱਚਿਆਂ ਨਾਲ ਨਾਰਾਜ਼ ਨਹੀਂ ਹਾਂ---ਮਾਫ਼ੀ ਦੀ ਕੋਈ ਲੋੜ ਨਹੀਂ---ਇਹ ਆਪਣੇ ਬਾਪੂ ਦੀ ਬੀਮਾਰੀ ਸਦਕਾ ਪ੍ਰੇਸ਼ਾਨ ਹੋ ਗਏ ਸੀਗ੍ਹੇ---ਮਾਫ਼ੀ ਦੀ ਕੋਈ ਬਾਤ ਨਹੀਂ---"
ਬੱਚੇ ਪਤਾ ਨੀ ਸ਼ਰਮਿੰਦਾ ਸਨ, ਪਤਾ ਨੀ ਢੀਠ ਤੇ ਪਤਾ ਨੀ ਲੋਕਾਂ ਤੋਂ ਡਰ ਗਏ ਸਨ---ਹੁਣ ਉਹ ਸ਼ਾਂਤ ਖੜ੍ਹੇ ਸਨ---ਛੋਟਾ ਮੁੰਡਾ ਮੁਤਰ ਮੁਤਰ ਤੱਕ ਰਿਹਾ ਸੀ ਜਿਵੇਂ ਨਿਰਖ ਪਰਖ ਕਰ ਰਿਹਾ ਹੋਵੇ ਕਿ ਇਹ ਔਰਤ ਸਾਡੀ ਮਾਂ ਬਣਨ ਦੇ, ਬੀਬੀ ਅਖਵਾਉਣ ਦੇ ਕਾਬਲ ਹੈ ਵੀ ਜਾਂ ਨਹੀਂ।
ਅੱਜ ਸ਼ਾਮੀ ਮੇਰੇ ਪਤੀ ਨੂੰ ਛੁੱਟੀ ਹੋ ਜਾਣੀ ਸੀ---ਰਿਸ਼ਤੇਦਾਰ ਥੋੜੀ ਵਿੱਥ ਉੱਤੇ ਖੜ੍ਹੇ ਕੁੱਝ ਸਲਾਹ ਮਸ਼ਵਰਾ ਕਰ ਰਹੇ ਸਨ---ਮਾਹੌਲ ਵਿੱਚ ਕੁੱਝ ਭਟਕਣ ਜਿਹੀ ਸੀ---ਐਂਜ ਲੱਗ ਰਿਹਾ ਸੀ ਜਿਵੇਂ ਉਹ ਕੋਈ ਫੈਸਲਾ ਨਹੀਂ ਸਨ ਕਰ ਪਾ ਰਹੇ---ਕੋਈ ਗੱਲ ਸੀ ਜਿਸ ਉੱਤੇ ਸਭ ਦੀ ਸਹਿਮਤੀ ਨਹੀਂ ਸੀ ਬਣ ਰਹੀ---ਕੁੱਝ ਬੁੱਲ ਟੁੱਕ ਰਹੇ ਸਨ---ਕੁੱਝ ਹੱਥ ਮਲ ਰਹੇ ਸਨ---ਕੁੱਝ ਦੂਰ ਖਲਾਅ `ਚ ਤੱਕ ਰਹੇ ਸਨ---ਬੱਸ ਇੱਕ ਮੇਰੀ ਨਣਦ ਸੀ ਜੋ ਸਾਰਿਆਂ ਨੂੰ ਇੱਕ ਮੱਤ ਕਰਨ ਵਿੱਚ ਲੱਗੀ ਹੋਈ ਸੀ---ਮੈਨੂੰ ਕੁੱਝ ਪਤਾ ਨਹੀਂ ਸੀ ਲੱਗ ਰਿਹਾ ਕਿ ਆਖਰ ਮਾਜਰਾ ਕੀ ਹੈ---ਮੈਂ ਤਾਂ ਇੱਕ ਅਣਜਾਣੇ ਖ਼ੌਫ ਨੂੰ ਦਿਲ ਵਿੱਚ ਸਮੇਟੀ ਸਭ ਕੁੱਝ ਵਕਤ ਉਤੇ ਛੱਡ ਕੇ ਬੈਠੀ ਹੋਈ ਸਾਂ---
ਮੈਂ ਆਪਣੇ ਪਤੀ ਦੇ ਤਿੰਨੋ ਨਿਆਣਿਆਂ ਦੇ ਚਿਹਰੇ ਮੋਹਰੇ, ਨੈਣ ਨਕਸ਼ ਤੇ ਕੱਦ ਕਾਠ ਦੇਖ ਰਹੀ ਸਾਂ---ਤਿੰਨਾਂ ਦਾ ਮੂੰਹ ਮੰੁਹਾਂਦਰਾ ਅੱਡੋ ਅੱਡ ਸੀ---ਕਿਸੇ ਦੀ ਸ਼ਕਲ ਇੱਕ ਦੂਸਰੇ ਨਾਲ ਨਹੀਂ ਸੀ ਮਿਲਦੀ
ਮੈਂ ਸੋਚਣ ਲੱਗੀ, ਖਾਹਮਖਾਹ ਈ ਸੋਚਣ ਲੱਗੀ ਕਿ ਭਲਾਂ ਈ ਇਹਨਾਂ ਵਿੱਚੋਂ ਕਿਸ ਦੀ ਸ਼ਕਲ ਪਿਓ ਤੇ ਗਈ ਹੋਣੀ ਐ---ਇਹਨਾਂ ਵਿਚੋਂ ਕਿਸ ਵਰਗਾ ਹੋਵੇਗਾ ਮੇਰਾ ਪਤੀ? ਫੇਰ ਅੱਖ ਝਪਕਦੇ ਹੀ ਮੇਰਾ ਖਿਆਲ ਮੇਰੀ ਮਰੀ ਹੋਈ ਸੌਕਣ ਵੱਲ ਗਿਆ---ਮੈਨੂੰ ਉਸ ਘੜੀ ਅਜੀਬ ਅਜੀਬ ਫੁਰਨੇ ਫੁਰ ਰਹੇ ਸਨ---ਮੈਂ ਸੋਚਣ ਲੱਗੀ ਕਿ ਇਹਨਾਂ ਵਿਚੋਂ ਕਹਿਦੀ ਸ਼ਕਲ ਮਾਂ ਤੇ ਗਈ ਹੋਣੀ ਐ---ਫੇਰ ਮੈਂ ਸੋਚਿਆ ਕਿ ਮੇਰੀ ਸੌਕਣ ਭਲਾਂ ਈ ਕਿਉਂ ਮਰ ਗਈ ਹੋਵੇਗੀ?
ਸਾਰੇ ਰਿਸ਼ਤੇਦਾਰ ਮੇਰੇ ਵੱਲ ਆ ਰਹੇ ਸਨ---ਪਤਾ ਨੀ ਕੀ ਫ਼ੈਸਲਾ ਕਰ ਕੇ ਆਏ ਹੋਣਗੇ---ਮੇਰਾ ਜੇਠ ਮੇਰੇ ਪਤੀ ਦੇ ਨਿਆਣਿਆ ਨੂੰ ਪੁਚਕਾਰ ਰਿਹਾ ਸੀ---ਉਹਨਾਂ ਨੂੰ ਹੌਸਲਾ ਦੇ ਰਿਹਾ ਸੀ ਤੇ ਹਾਲਾਤ ਦਾ ਸਾਹਮਣਾ ਕਰਨ ਦੀ ਹੱਲਾਸ਼ੇਰੀ ਵੀ ਦੇ ਰਿਹਾ ਸੀ---ਹੁਣ ਬੱਚੇ ਬੜੇ ਆਗਿਆਕਾਰ ਬਣੇ ਖਲੋਤੇ ਸਨ।
ਮਾਹੌਲ ਵੀ ਸਾਵਾਂ ਹੋ ਗਿਆ ਸੀ---ਡਾਕਟਰ ਮੇਰੇ ਪਤੀ ਨੂੰ ਛੁੱਟੀ ਕਰਨ ਲਈ ਬਣਦੀ ਕਾਰਵਾਈ ਕਰ ਰਹੇ ਸਨ---ਜਿਹੜਾ ਵੱਡਾ ਡਾਕਟਰ ਥੋੜੀ ਦੇਰ ਪਹਿਲਾਂ ਮੈਨੂੰ ਦਿਲਾਸਾ ਦੇ ਰਿਹਾ ਸੀ---ਉਸ ਨੇ ਮੈਨੂੰ ਬੁਲਾ ਕੇ ਦਵਾਈਆਂ ਬਾਰੇ ਸਮਝਾਇਆ---ਪਤੀ ਦੇ ਖਾਣ ਪੀਣ ਬਾਰੇ ਦੱਸਿਆ ਕਿ ਮਰੀਜ਼ ਨੂੰ ਸਭ ਕੁੱਝ ਤਰਲ ਦੇ ਰੂਪ ਵਿੱਚ ਦੇਣਾ ਹੈ ਕਿਉਂਕਿ ਰੋਟੀ ਇਸ ਕੋਲੋਂ ਨਿਗਲੀ ਨਹੀਂ ਜਾਣੀ---ਡਾਕਟਰ ਨੇ ਸਮਝਾਇਆ ਕਿ ਅਧਰੰਗ ਸਦਕਾ ਅਸੀਂ ਮਰੀਜ਼ ਨੂੰ ਫੂਡ ਪਾਈਪ ਨਹੀਂ ਪਾ ਸਕਦੇ---ਦੂਜਾ ਤੁਹਾਨੂੰ ਫੂਡ ਪਾਈਪ ਬਦਲਾਉਣ ਲਈ ਬਾਰ ਬਾਰ ਮਰੀਜ਼ ਨੂੰ ਲੈ ਕੇ ਹਸਪਤਾਲ ਆਉਣਾ ਪਿਆ ਕਰੇਗਾ---ਸੋ ਅਸੀਂ ਤੁਹਾਨੂੰ ਮਰੀਜ਼ ਨੂੰ ਖਾਣਾ ਖੁਆਉਣ ਦਾ ਇੱਕ ਸਰਲ ਤਰੀਕਾ ਦੱਸ ਦਿੰਦੇ ਹਾਂ---ਉਹਨੇ ਦੱਸਿਆ ਕਿ ਜਿਵੇ ਨਿੱਕੇ ਬੱਚੇ ਨੂੰ ਦਵਾਈ ਉਹਦੇ ਮੂੰਹ `ਚ ਪਾ ਕੇ ਨੱਕ ਬੰਦ ਕਰ ਦਿੰਦੇ ਹਾਂ ਤੇ ਸਾਹ ਲੈਣ ਲਈ ਬੱਚਾ ਦਵਾਈ ਨਿਗਲ ਲੈਂਦਾ ਹੈ---ਠੀਕ ਇਸੇ ਤਰ੍ਹਾਂ ਤੁਸੀਂ ਮਰੀਜ਼ ਦੇ ਮੂੰਹ ਵਿੱਚ ਤਰਲ ਖਾਣੇ ਦਾ ਚਮਚਾ ਪਾ ਕੇ ਨੱਕ ਬੰਦ ਕਰ ਦੇਣਾ ਹੈ---ਪਰ ਇਹ ਕੰਮ ਬਹੁਤ ਧਿਆਨ ਅਤੇ ਅਹਿਤਿਆਤ ਨਾਲ ਕਰਨਾ ਹੈ---ਕਿਤੇ ਐਂਜ ਨਾ ਹੋਵੇ ਕਿ ਮਰੀਜ਼ ਨੂੰ ਸਾਹ ਈ ਨਾ ਆਵੇ---ਖਾਣਾ ਬਹੁਤ ਹੌਲੀ ਹੌਲੀ ਖੁਆਉਣਾ ਹੈ---ਤਾਂ ਜੋ ਮਰੀਜ ਸਹਿਜ ਰਹੇ---ਡਾਕਟਰ ਨੇ ਮੇਰੇ ਜੇਠ ਨੂੰ ਮੇਰੇ ਪਤੀ ਨੂੰ ਦੱਸੇ ਅਨੁਸਾਰ ਖਾਣਾ ਖੁਆਉਣ ਦੀ ਪ੍ਰੈਕਟਿਸ ਕਰਾਈ---ਤੇ ਫੇਰ ਘਰ ਆ ਕੇ ਮੇਰੇ ਜੇਠ ਨੇ ਇਹ ਪ੍ਰੈਕਟਿਸ ਮੈਨੂੰ ਕਰਵਾਈ ਕਿਉਂਕਿ ਇਹ ਕੰਮ ਸਬਰ ਵਾਲੇ ਬੰਦੇ ਦੇ ਵਸ ਦੀ ਗੱਲ ਸੀ---ਤੇ ਐਨਾ ਸਬਰ ਆਮ ਆਦਮੀ ਵਿੱਚ ਨਹੀਂ ਹੋ ਸਕਦਾ---ਐਨਾ ਸਬਰ ਤਾਂ ਇੱਕ ਮੁੱਲ ਖਰੀਦ ਗੋਲੀ ਬਾਂਦੀ ਕੋਲ ਹੀ ਹੋ ਸਕਦਾ ਹੈ---ਮੇਰੇ ਵਰਗੀ ਲੰਗੜੀ ਪਿੰਗੜੀ ਅਪਾਹਜ ਕੋਲ ਹੀ ਹੋ ਸਕਦਾ ਹੈ। ਉਹਨੇ ਪਤੀ ਦੀ ਦੇਖਭਾਲ ਤੇ ਸਾਫ਼ ਸਫ਼ਾਈ ਲਈ ਤੌਰ ਤਰੀਕੇ ਦੱਸੇ ਤੇ ਪਤੀ ਦੇ ਠੀਕ ਹੋਣ ਦੀ ਉਮੀਦ ਬਰਕਰਾਰ ਰੱਖਣ ਲਈ ਉਤਸ਼ਾਹਿਤ ਵੀ ਕੀਤਾ---ਮੈਨੂੰ ਤਾਂ ਨਾ ਪਤੀ ਦੇ ਬੀਮਾਰ ਹੋਣ ਦਾ ਕੋਈ ਦੁਖ ਸੀ ਤੇ ਨਾਂ ਉਹਦੇ ਠੀਕ ਹੋੋਣ ਦੀ ਕੋਈ ਖੁਸ਼ੀ ਹੋਣੀ ਸੀ---ਪਰ ਮੈਂ ਆਪਣੀ ਇਹ ਕਮਜ਼ੋਰੀ ਡਾਕਟਰ ਅੱਗੇ ਪ੍ਰਗਟ ਨਾ ਹੋਣ ਦਿੱਤੀ---
ਮੇਰੀ ਮਨੋਦਸ਼ਾ ਉਹੀ ਸਮਝ ਸਕਦਾ ਹੈ ਜਿਹੜਾ ਔਰਤ ਨਾਲ ਥੋੜੀ ਬਹੁਤੀ ਸੰਵੇਦਨਾ ਰੱਖਦਾ ਹੋਵੇ---ਜਿਹੜਾ ਔਰਤ ਨੂੰ ਮਹਿਜ਼ ਇੱਕ ਵਸਤੂ ਨਾ ਸਮਝਦਾ ਹੋਵੇ---ਸਗੋਂ ਹੱਡ ਮਾਸ ਦੀ ਬਣੀ ਜਿਊਂਦੀ ਜਾਗਦੀ ਸਤਿਕਾਰਯੋਗ ਮਾਂ ਭੈਣ ਪਤਨੀ ਸਮਝਦਾ ਹੋਵੇ---।
15
ਮੇਰੇ ਮਰਦ ਰਿਸ਼ਤੇਦਾਰਾਂ ਨੇ ਮੇਰੇ ਘਰ ਵਾਲੇ ਦੀ ਗੰਢ ਜਿਹੀ ਬੰਨ੍ਹ ਕੇ ਗੱਡੀ ਦੀ ਪਿਛਲੀ ਸੀਟ ਤੇ ਧਰ ਦਿੱਤੀ---ਨਾਲ ਹੀ ਮੈਂ ਵੀ ਥੋੜੀ ਜਿਹੀ ਥਾਂ ਉਤੇ ਢੇਰੀ ਹੋ ਗਈ---ਮੇਰੀ ਨਣਦ ਅੱਗੇ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬਹਿ ਗਈ---ਬਾਕੀ ਲੋਕ ਬੱਸ ਰਾਹੀਂ ਆਉਣੇ ਸਨ---ਮੈਂ ਪਹਿਲੀ ਵਾਰ ਆਪਣੇ ਪਤੀ ਦੇ ਐਨਾ ਨਜ਼ਦੀਕ ਬੈਠੀ ਸਾਂ---ਮੈਨੂੰ ਇਹ ਬਿਲਕੁਲ ਚੰਗਾ ਨਹੀਂ ਸੀ ਲੱਗ ਰਿਹਾ---ਮੈਂ ਜਿੰਨੀ ਸੁੰਗੜ ਸਕਦੀ ਸਾਂ---ਉਨੀ ਸੁੰਗੜ ਕੇ ਬਹਿ ਗਈ---ਗੱਡੀ ਪਿੰਡ ਦੀ ਫਿਰਨੀ `ਚ ਪੰਹੁਚ ਗਈ---ਮੇਰੀ ਨਣਦ ਨੇ ਮੈਨੂੰ ਅਗਾਹ ਕੀਤਾ,
“ਭਾਈ ਤੇਰੇ ਸਹੁਰਿਆਂ ਦਾ ਪਿੰਡ ਆ ਗਿਐ---ਰਤਾ ਘੁੰਡ ਨੀਮਾਂ ਕਰ ਲੈ---" ਫੇਰ ਇੱਕ ਲੰਬਾ ਹਉਕਾ ਭਰ ਕੇ ਆਖਣ ਲੱਗੀ,
“ਕਿੱਥੇ ਤਾਂ ਸੱਤ ਸ਼ਗਨ ਬਚਾਰ ਕੇ ਤੈਨੂੰ ਡੋਲੀਓਂ ਲਾਹੁਣਾ ਸੀ---ਕੁੜੀਆਂ ਚਿੜੀਆਂ ਨੇ ਹੇਅਰੇ ਲਾਉਣੇ ਸਨ---ਤੇਰੀ ਸੱਸ ਨੇ ਪਾਣੀ ਵਾਰ ਕੇ ਪੀਣਾ ਸੀ---ਤੇਰੀ ਆਰਤੀ ਉਤਾਰਦਿਆਂ ਸੇਵਾ ਲੜੀ ਕਰਨੀ ਸੀ---ਪਰ ਜੋ ਵਾਹਿਗੁਰੂ ਨੰੁ ਮਨਜੂਰ---"
ਆਪਣੀ ਨਣਦ ਦਾ ਹੁਕਮ ਮੰਨ ਕੇ ਮੈਂ ਘੁੰਡ ਨੀਮਾ ਕਰ ਕੇ ਸੋਚਣ ਲੱਗੀ ਕਿ ਇਹ ਤਾਂ ਮੈਂ ਭੁੱਲ ਈ ਗਈ ਸਾਂ ਬਈ ਕੁੜੀਆਂ ਨੇ ਮੈਨੂੰ ਸਿੱਠਣੀਆਂ ਵੀ ਦੇਣੀਆਂ ਸਨ---ਉਹਨਾਂ ਨੇ ਇਹ ਸਿੱਠਣੀਆਂ ਜ਼ਰੂਰ ਦੇਣੀਆਂ ਸਨ,
ਸੁਣੀ ਨੀ ਨਮੀਂ ਨਮੇਲੀਏ
ਨੀ ਤੂੰ ਸੁਣੀਂ ਲਾ ਕੇ ਨੀ ਕੰਨ
ਕੰਜੂਸੀ ਕਰੀ ਤੇਰੇ ਬਾਪ ਨੇ
ਨੀ ਉਹਨੇ ਭੁੱਖੀ ਤੋਰ `ਤੀ
ਨੀ ਧੀਏ ਕੰਜੂਸ ਦੀਏ ਨੀ---ਜੰਨ
ਉੱਖਲੀ ਭਰਾ ਲਈ ਤੇਰੇ ਮਾਪਿਆਂ
ਨੀ ਤੇਰੇ ਸਾਵੇਂ ਲੈ ਲਏ ਨੀ ਦੰਮ
ਤੂੰ ਅਪਾਹਜ ਪਾ `ਤੀ ਡੋਲੀਏਂ
ਨੀ ਤੂੰ ਸਾਡੇ ਕਿਸੇ ਨਾ
ਨੀ ਅੱਧੀ ਅਧੂਰੀਏ ਨੀ---ਕੰਮ
ਪੈਸਿਆਂ ਦੀ ਪੰਸੇਰੀ ਲੈ ਕੇ ਬਾਪ ਨੇ
ਨੀ ਤੂੰ ਦਿੱਤੀ ਸਾਡੇ ਨੀ ਵਿਆਹ
ਤੈਨੂੰ ਬਾਂਦੀ ਗੋਲੀ ਵਾਂਗ ਰੱਖਾਂਗੇ
ਤੈਥੋਂ ਸੇਵਾ ਤਾਂ ਲਵਾਂਗੇ
ਨੀ ਕੰਨ ਕਰ ਬਿਆਹੁਲੀਏ ਨੀ---ਕਰਾ
ਤੇ ਮੈਂ ਇਹਨਾਂ ਸਿੱਠਣੀਆਂ ਦਾ ਕੋਈ ਬੁਰਾ ਨਹੀਂ ਸੀ ਮਨਾਉਣਾ---ਮੈਂ ਹੱਸ ਕੇ ਟਾਲ ਦੇਣਾ ਸੀ---ਮੇਰੇ ਕੋਲ ਹੱਸਣ ਦੇ ਸਿਵਾ ਕੋਈ ਚਾਰਾ ਵੀ ਨਹੀਂ ਸੀ---
ਅਖੀਰ ਬਰੇਕ ਲੱਗਣ ਬਾਦ ਝਟਕਾ ਖਾ ਕੇ ਗੱਡੀ ਮੇਰੇ ਸਹੁਰਿਆਂ ਦੇ ਬੂਹੇ ਤੇ ਰੁਕੀ---ਇਸ ਝਟਕੇ ਨਾਲ ਮੈਂ ਵੀ ਆਪਣੇ ਆਪ ਵਿੱਚ ਵਾਪਸ ਪਰਤੀ---ਮੇਰੀ ਸੱਸ ਨੇ ਧਾਹ ਮਾਰ ਕੇ ਸਾਨੂੰ ਗੱਡੀਓ ਲਾਹਿਆ---ਮੈਂ ਅੰਦਰ ਜਾਂਦੀ ਸੋਚ ਰਹੀ ਸਾਂ ਕਿ ਜੇ ਕਿਸਮਤ ਨਾ ਫੁੱਟੀ ਹੁੰਦੀ ਤਾਂ ਕੁੜੀਆਂ ਨੇ ਹੇਅਰੇ ਲਾਉਣੇ ਸਨ:-
ਉੱਤਰ ਨੀ ਭਾਬੋ ਡੋਲਿਓਂ
ਕੋਈ ਦੇਖ ਸੁਹਰੇ ਦਾ ਨੀ ਬਾਰ
ਬਾਗੀਂ ਹਿਣਕਣ ਘੋੜੀਆਂ
ਕੋਈ ਹਾਥੀ ਝੂਲਦੇ
ਨੀ ਭਾਬੋ ਮੇਰੀਏ---ਨੀ ਬਾਰ
ਚਿੱਟੀ ਹਵੇਲੀ ਮੇਰੇ ਬੀਰ ਦੀ, ਭਾਬੋ
ਕੋਈ ਉੱਚਾ ਰੱਖਿਆ ਨੀ ਬਾਰ
ਅੰਦਰ ਵੜ ਕੇ ਦੇਖ ਲੈ
ਕੋਈ ਘੁੰਮਦੇ ਲਹਿੰਗੇ
ਨੀ ਭਾਬੋ ਪਿਆਰੀਏ---ਨੀ ਨਾਲ
ਉਹ ਇਹ ਵੀ ਗਾਉਂਦੀਆਂ:-
ਆਉਂਦਾ ਵੀ ਵੀਰਨ ਮੈਂ ਦੇਖਿਆ ਹਾਂ ਜੀ
ਕੋਈ ਨਵੀਂ ਬੰਨੋ ਦੇ ਜੀ ਨਾਲ
ਹੇਠ ਵਿਛਾਮਾਂ ਰੇਸ਼ਮੀ
ਮੈਂ ਝੱਲਾਂ ਰੁਮਾਲਾਂ
ਵੇ ਅੰਤ ਪਿਆਰਿਆ---ਬੇ ਨਾਲ
ਨਿਵਾਲਾ ਵੀ ਭਾਬੋ ਤੇਰੀ ਸੱਸ ਦਵੇ
ਕੋਈ ਨਿਵਾਲਾ ਲਈਂ ਨੀ ਲੰਘਾਅ
ਪੈਰਾਂ ਹੇਠ ਨਾ ਦੱਬ ਲਈਂ
ਗੱਲ ਦਊ ਸਰੀਕਾ
ਨੀ ਭਾਬੋ ਮੇਰੀਏ---ਨੀ ਅਡਾਅ
ਮੇਲਣਾਂ ਦਾ ਪੈਰ ਧਰਤੀ ਤੇ ਨਹੀਂ ਸੀ ਟਿਕਣਾ---ਘਰ ਵਿਚ ਗਹਿਮਾ ਗਹਿਮੀ ਹੋਣੀ ਸੀ---ਮੈਂ ਭਾਵੇਂ ਅਪਾਹਜ ਹੀ ਸਾਂ ਪਰ ਮੇਰੀ ਆਓ ਭਗਤ ਵਿੱਚ ਘਰ ਦਿਆਂ ਨੇ ਕੋਈ ਕਸਰ ਬਾਕੀ ਨਹੀਂ ਸੀ ਰਹਿਣ ਦੇਣੀ---
ਮੇਰਾ ਘਰ ਵਾਲਾ---ਜਾਂ ਕਹਿ ਲਓ ਕਿ ਪਤੀ ਪਨਮੇਸ਼ਰ ਵੀ ਉਡਿਆ ਫਿਰਦਾ---ਮੁੱਛਾਂ ਨੂੰ ਵੱਟ ਦੇ ਕੇ ਗੁਟਕਦਾ ਫਿਰਦਾ ਕਿ ਮੈਂ ਐਸ ਉਮਰੇ ਵੀ ਨਿਆਣੀ ਵਿਆਹ ਕੇ ਲੈ ਆਂਦੀ ਹੈ---ਉਹ ਮੈਨੂੰ ਦੇਖਣ ਦਾ ਯਤਨ ਕਰਦਾ---ਕੁੜੀਆਂ ਨੇ ਗਿੱਧਾ ਪਾ ਕੇ---ਮੰਗਲ ਗੀਤ ਗਾ ਕੇ ਤੇ ਸੇਵਾ ਲੜੀ ਕਰ ਕੇ ਮੈਨੂੰ ਅੰਦਰ ਲਿਜਾਣਾ ਸੀ:-
ਸੂਰੀਆਂ ਸੂਰੀਆਂ ਸੂਰੀਆਂ ਜੀ
ਅੱਜ ਸਭੇ ਮੁਰਾਦਾਂ ਪੂਰੀਆਂ ਜੀ
ਅੱਜ---
ਵਧਾਈਆਂ ਬੇਬੇ ਤੈਨੂੰ ਵਧਾਈਆਂ ਨੀ
ਵਧਾਈਆਂ ਤੇਰੇ ਆਰ ਨੂੰ ਪਰਵਾਰ ਨੂੰ
ਤੇਰੇ ਬਾਪ ਨੰਬਰਦਾਰ ਨੂੰ
ਜਿਸ ਰੱਖਿਆ ਸੁਲੱਖਣਾ ਨਾਂ
ਵਧਾਈਆਂ---
ਵਧਾਵੇ ਗਾਉਂਦੀਆਂ ਕੁੜੀਆਂ ਦੇ ਮਨ ਦਾ ਚਾਅ ਵੀ ਦੇਖਣ ਵਾਲਾ ਹੁੰਦਾ:-
ਵਧਾਵਿਆ ਤੂੰ ਇਸ ਘਰ ਜੰਮ ਜੰਮ ਆਈਂ
ਵਧਾਵਿਆ ਤੂੰ ਧਰਤੀ ਤੇ ਪੈਰ ਏ ਲਾਈਂ
ਵਧਾਵਿਆ---
ਮੇਰੀ ਸੱਸ ਪਾਣੀ ਵਾਰ ਕੇ ਪੀਂਦੀ ਤੇ ਕੁੜੀਆਂ ਗਾਉਂਦੀਆਂ:-
ਪਾਣੀ ਵਾਰ ਬੰਨੇ ਦੀਏ ਮਾੲਂੇ
ਬੰਨਾ ਬੰਨੀ ਬਾਹਰ ਖੜ੍ਹੇ
ਏ ਨੀ ਆਪਣੇ ਲਗਨ ਦਾ ਚਾਅ ਏ
ਬੰਨਾ ਬੰਨੀ ਬਾਹਰ ਖੜ੍ਹੇ
ਏ ਨੀ ਸੇਵਾ ਲੜੀ ਕਰ ਮਾਏਂ
ਬੰਨਾ ਤੇਰਾ ਬਾਹਰ ਖੜਿਆ
ਏ ਨੀ ਨਵੀਂ ਬੰਨੋ ਦੇ ਚਾਅ ਏ
ਬੰਨਾ ਤੇਰਾ ਬਾਹਰ ਖੜ੍ਹਿਆ
ਜਦੋਂ ਤੱਕ ਬੰਦੇ ਮੇਰੇ ਘਰ ਵਾਲੇ ਨੂੰ ਚੱਕ ਸੰਭਾਲ ਕੇ ਅੰਦਰ ਮੰਜੇ ਤੇ ਪਾਉਣ ਲੱਗੇ ਰਹੇ---ਮੈਂ ਖਿਆਲਾਂ ਵਿੱਚ ਗਲਤਾਨ ਰਹੀ---ਮੈਂ ਆਪਣੇ ਮਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਕੁੱਝ ਸੋਚ ਕੇ ਤੂੰ ਸਿਰਫ਼ ਦੁਖੀ ਹੀ ਹੋਣਾ ਹੈ ਪਰ ਮਨ ਨਹੀਂ ਸੀ ਮੰਨ ਰਿਹਾ---ਮੈਂ ਸੋਚ ਰਹੀ ਸਾਂ ਕਿ ਫੇਰ ਥਾਪਿਆਂ ਦੇ ਵੇਲੇ ਵੀ ਕੁੜੀਆਂ ਮੰਗਲ ਗੀਤ ਗਾਉਂਦੀਆਂ:-
ਥਾਪਿਆਂ ਦਾ ਵੇਲਾ ਹੋਇਆ ਭਾਬੋ
ਕੋਈ ਕੋੜਮਾ ਜੁੜ ਗਿਆ ਨੀ ਆ
ਜਠੇਰਿਆਂ ਤੋਂ ਘੁੰਡ ਕੱਢ ਕੇ
ਨੀ ਤੂੰ ਕੰਧ ਤੇ ਥਾਪੇ
ਨੀ ਸਦਾ ਸੁਹਾਗਣੇ---ਨੀ ਲਾ
ਤਿੱਤਰਖੰਭੀ ਬੱਦਲਵਾਈ ਭਾਬੋ
ਕੋਈ ਦਾਈਂ ਦੁੱਕੜੇ ਖੇਡੇ ਚੰਦ
ਘੁੰਡ ਚੱਕ ਕੇ ਦੇਖ ਲੈ
ਕੋਈ ਥਾਪਿਆਂ ਨਾਲ ਭਰ ਗਈ
ਨੀ ਨਵੀਂ ਨਵੇਲੀਏ---ਨੀ ਕੰਧ
ਮੈਂ ਇੱਕ ਮੰਜੀ ਉੱਤੇ ਘੁੰਡ ਕੱਢੀ ਬੈਠੀ ਸਾਂ---ਮੇਰੇ ਘਰ ਵਾਲੇ ਦੀ ਪੰਡ ਚੁੱਕ ਕੇ ਬੰਦੇ ਅੰਦਰ ਲਿਜਾ ਰਹੇ ਸਨ---ਪਰ ਮੇਰਾ ਮਨ ਫੇਰ ਕਿਧਰੇ ਹੋਰ ਤੁਰ ਗਿਆ---ਮੈਂ ਸੋਚਾਂ ਕਿ ਅਗਲੇ ਦਿਨ ਥਾਨੀਂ ਫਿਰਨ ਦੀ ਰੀਤ ਨਿਭਾਈ ਜਾਣੀ ਸੀ---ਸਤੀਆਂ, ਜਠੇਰਿਆਂ ਦੀਆਂ ਸਮਾਧਾਂ---ਮੰਦਰ ਗੁਰਦੁਆਰੇ ਮੱਥਾ ਟੇਕਿਆ ਜਾਣਾ ਸੀ---ਕੁੜੀਆਂ ਫੇਰ ਗਾਉਂਦੀਆਂ:-
ਖੇੜੇ ਨੂੰ ਪੂਜਣ ਮੈਂ ਚੱਲੀ
ਭਰ ਮੋਤੀਆਂ ਦੇ ਥਾਲ
ਖੇੜੇ ਨੇ ਸੀਸਾਂ ਦਿੱਤੀਆਂ
ਵਧੇ ਫੁੱਲੇ ਘਰ ਬਾਰ
ਥਾਨਾਂ ਫਿਰਨ ਆਈ ਨਵੀਂ ਨਮੇਲੀਏ
ਜੀ ਕੋਈ ਬੱਡ ਬਡੇਰੇ ਜੀ ਧਿਆ
ਤੈਨੂੰ ਸੀਸਾਂ ਦੇਣਗੇ ਰੱਜ ਕੇ
ਕੋਈ ਪੱਲਾ ਲਈਂ
ਨੀ ਸਰਬ ਸੁਹਾਗਣੇ---ਨੀ ਬਛਾ
ਮੈਂ ਸਿਰ ਛੰਡਕਿਆ ਤੇ ਘੰੁਡ ਥੋਹੜਾ ਉਤਾਂਹ ਚੱਕਿਆ---ਮਨ ਸਮਝਾਇਆ ਕਿ ਮਨਾ ਹੁਣ ਮੈਂ ਬਿਨਾ ਵਿਆਹੀ ਦੁਲਹਨ ਬਣ ਕੇ---ਜਾਂ ਕਹਿ ਲਓ ਕਿ ਅੱਧੀ ਵਿਆਹੀ ਦੁਲਹਨ ਬਣ ਕੇ ਆਈ ਸਾਂ--- ਤੂੰ ਸੁਪਨੇ ਦੇਖਣੇ ਬੰਦ ਕਰ ਤੇ ਮਨ ਆਗਿਆਕਾਰ ਬੱਚੇ ਵਾਂਗ ਸਮਝ ਗਿਆ---
ਮੇਰੀ ਨਣਦ ਨੇ ਮੈਨੂੰ ਅੰਦਰ ਆਉਣ ਲਈ ਕਿਹਾ---ਇੱਕ ਦਲ੍ਹਾਨ ਤੋਂ ਬਾਦ ਦੋ ਕੋਠੜੀਆਂ ਟੱਪ ਕੇ ਅਖੀਰਲੀ ਕੋਠੜੀ ਵਿੱਚ ਜਿਸਨੂੰ ਪਿਛਲਾ ਅੰਦਰ ਕਹਿੰਦੇ ਸਨ, ਪਹਿਲਾਂ ਤੋਂ ਹੀ ਡਾਹ ਕੇ ਰੱਖੇ ਦੋ ਮੰਜਿਆਂ ਵਿੱਚੋਂ ਇੱਕ ਉਤੇ ਮੇਰਾ ਉਤਾਰਾ ਹੋ ਗਿਆ---ਦੂਜੇ ਮੰਜੇ ਉਤੇ ਮੇਰੇ ਪਤੀ ਦੀ ਲੋਥ ਜਿਹੀ ਲੇਟੀ ਹੋਈ ਸੀ---ਸਿਰਫ ਸਾਹ ਲੈਂਦੀ ਲੋਥ।
ਇਹ ਕੋਠੜੀ ਅੱਲ ਜੁੱਲ ਨਾਲ ਭਰੀ ਪਈ ਸੀ---ਮੰਜਿਆ ਹੇਠ ਬਾਲਣ ਚਿਣਿਆਂ ਹੋਇਆ ਸੀ---ਇੱਕ ਪਾਸੇ ਖੇਤੀ ਦਾ ਸੰਦ ਸੰਦੇੜਾ ਸਾਂਭਿਆ ਪਿਆ ਸੀ---ਇੱਕ ਕੋਨੇ ਵਿੱਚ ਲੱਜ---ਰੇਹ ਦੇ ਥੈਲੇ---ਤਸਲੇ---ਕਹੀਆਂ ਖੁਰਪੇ---ਰੱਸੇ ਤੇ ਹੋਰ ਆੜ ਕਬਾੜ ਪਿਆ ਸੀ।
ਇਸ ਕੋਠੜੀ ਵਿੱਚ ਇੱਕ ਅਜੀਬ ਜਿਹੀ ਹੁੰਮਸ ਤੇ ਦਮ ਘੋਟੂ ਮੁਸ਼ਕ ਸੀ---ਇਸ ਕੋਠੜੀ ਵਿੱਚ ਕੋਈ ਖਿੜਕੀ ਰੋਸ਼ਨਦਾਨ ਨਹੀਂ ਸਨ---ਸ਼ਾਇਦ ਤਿੰਨਾ ਪਾਸਿਆ ਤੋਂ ਇਹ ਲੋਕਾਂ ਦੇ ਘਰਾਂ ਨਾਲ ਲਗਦੀ ਸੀ---ਘੁੱਪ ਹਨੇਰੀ ਕੋਠੜੀ ਵਿੱਚ ਚਾਨਣ ਸਿਰਫ਼ ਛੱਡ `ਚ ਰੱਖੇ ਮੋਘੇ ਰਾਹੀਂ ਹੀ ਆਉਂਦਾ ਸੀ---ਪਾਣੀ ਦੇਣ ਆਈ ਮੇਰੀ ਨਣਦ ਬੋਲੀ,
“ਬੀਰੇ ਦੀ ਬਮਾਰੀ ਸਦਕਾ ਅਸੀਂ ਉਧਰ ਉਲਝ ਗਏ---ਕਿਸੇ ਨੇ ਮੋਘਾ ਵੀ ਨੀ ਖੋਲ੍ਹਿਆ ਮਗਰੋਂ---ਬੱਸ ਹੁਣ ਮੋਘਾਾ ਖੋਲ੍ਹਿਆ ਐ ਤੇ ਸਾਰੀ ਹੁੰਮਸ ਨਿਕਲ ਜਾਣੀ ਐ---"
ਮੈਂ ਸਿਰਫ ਉਹਦੀ ਗੱਲ ਸੁਣਦੀ ਰਹੀ---ਮੈਨੂੰ ਚਾਨਣ ਜਾਂ ਬਿਜਲੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ---ਜੇ ਬਿਜਲੀ ਵੀ ਨਾ ਹੁੰਦੀ ਮੈਨੂੰ ਤਾਂ ਫੇਰ ਵੀ ਫ਼ਰਕ ਨਹੀਂ ਸੀ ਪੈਣਾ---ਮੇਰੀ ਸੱਸ ਇੱਕ ਥਾਲੀ ਵਿੱਚ ਮੇਰੇ ਲਈ ਰੋਟੀ ਪਾ ਕੇ ਲਿਆਈ ਤੇ ਇੱਕ ਕੌਲੇ ਵਿੱਚ ਮੇਰੇ ਘਰ ਵਾਲੇ ਲਈ ਪਤਲੀ ਜਿਹੀ ਖਿਚੜੀ---ਮੈ ਡਾਕਟਰ ਦੇ ਦੱਸੇ ਅਨੁਸਾਰ ਨਿਰੰਜਣ ਨੂੰ ਖਿਚੜੀ ਖੁਆਉਣ ਲਈ ਤਿਆਰ ਹੋਈ---ਪਰ ਇਹ ਕੰਮ ਮੇਰੇ ਇਕੱਲੀ ਦੇ ਕਰਨ ਦਾ ਨਹੀਂ ਸੀ---ਘੱਟੋ ਘੱਟ ਸ਼ੁਰੂ ਵਿੱਚ ਤਾਂ ਮੈਨੂੰ ਸਹਾਇਤਾ ਦੀ ਲੋੜ ਸੀ---
“ਲੈ ਪੁੱਤ ਬਹੂ ਰਾਣੀ---ਨਾਲੇ ਆਪ ਰੋਟੀ ਖਾ ਲੈ---ਨਾਲੇ ਨਿਰੰਜਣ ਸੂੰ ਨੂੰ ਖਿਚੜੀ ਖਵਾ ਦੇ---ਮੇਰੇ ਲੇਖੇ ਪਏ ਪਏ ਦੇ ਈ ਮੂੰਹ `ਚ ਪਾਉਣੀ ਪੈਣੀ ਐ---ਕੋਈ ਨਾ ਪੁੱਤ---ਰੱਬ ਤੇਰੀ ਸੁਣੂੰਗਾ---ਪਤੀ ਤਾਂ ਪਨਮੇਸ਼ਰ ਰੂਪ ਹੁੰਦੈ ਤੀਮੀਂ ਲਈ---ਦਿਲੋਂ ਸੇਵਾ ਕਰੇਂਗੀ ਤਾਂ ਇਹ ਠੀਕ ਵੀ ਹੋ ਜੂ---"
ਮੈਂ ਚੁੱਪ ਕਰ ਕੇ ਰੋਟੀ ਦੀ ਥਾਲੀ ਤੇ ਖਿਚੜੀ ਦਾ ਕੌਲਾ ਫੜ ਲਿਆ---ਮੈਂ ਅਜੇ ਵੀ ਸੱਸ ਦੇ ਮੂੰਹ ਵੱਲ ਦੇਖ ਰਹੀ ਸਾਂ ਕਿ ਪਤੀ ਪਨਮੇਸ਼ਰ?? ਕਿਹੜੇ ਰਿਸ਼ਤੇ ਤੋਂ ਇਹ ਮੇਰਾ ਪਤੀ ਪਨਮੇਸ਼ਰ ਹੋਇਆ ਭਲਾਂ---?? ਅੱਜ ਕੱਲ੍ਹ ਮੈਂ ਖਿਆਲਾਂ `ਚ ਜਿਆਦਾ ਖੋਈ ਰਹਿਣ ਲੱਗ ਪਈ ਸਾਂ---ਮੇਰੀ ਸੱਸ ਨੇ ਮੇਰੀ ਨਣਦ ਨੂੰ ਬੇਨਤੀ ਜਿਹੀ ਕੀਤੀ,
“ਮਖਤਿਆਰੋ ਤੂੰ ਬਹੂ ਦੀ ਸਹਾਇਤਾ ਕਰ ਦੇ---ਨਾਲ ਲੱਗ ਕੇ ਬੀਰੇ ਨੂੰ ਖਿਚੜੀ ਖਲਾ ਦੇ---ਨਾਲੇ ਇਹਨੂੰ ਵੀ ਖੁਆ ਦੇਹ---"
ਅਸੀਂ ਦੋਹਾਂ ਨੇ ਕੋਈ ਅੱਧਾ ਘੰਟਾ ਘੋਲ ਕਰ ਕੇ ਖਿਚੜੀ ਦਾ ਕੌਲਾ ਮੇਰੇ ਘਰ ਵਾਲੇ ਦੇ ਮੂੰਹ `ਚ ਉਲੱਦਿਆ---ਉਹ ਬਹੁਤੀ ਵਾਰੀ ਖਿਚੜੀ ਅੰਦਰ ਲੰਘਾਉਣ ਦੀ ਬਜਾਇ ਬਾਹਰ ਕੱਢ ਦਿੰਦਾ---ਮੈਨੂੰ ਕਚਹਿਣ ਆਉਂਦੀ---ਹਰ ਬਾਰ ਇੱਕ ਹਉਕਾ ਮੇਰੇ ਅੰਦਰੋਂ ਨਿਕਲਦਾ---ਕਦੇ ਕਦੇ ਉਹ ਖਿਚੜੀ ਮੂੰਹ `ਚ ਈ ਪਾਈ ਰੱਖਦਾ---ਅੰਦਰ ਲੰਘਾਉਂਦਾ ਈ ਨਾ---ਅਸੀਂ ਹਫ ਗਈਆਂ---ਮੈਂ ਸੋਚਾਂ ਕਿ ਇਹ ਕੰਮ ਮੈਂ ਰੋਜ਼ ਰੋਜ਼ ਕਿਵੇਂ ਕਰਿਆ ਕਰੂੰਗੀ? ਮੈਂ ਤਾਂ ਪਹਿਲਾਂ ਈ ਅੱਧੇ ਸਰੀਰ ਦੀ ਮਾਲਕ ਆਂ---ਮੇਰੇ ਵਿੱਚ ਐਨਾਂ ਘੋਲ ਕਰਨ ਦਾ ਕਿੱਥੇ ਦਮ ਐ? ਮੈਂ ਰੋਜ਼ ਤਿੰਨੋ ਵੇਲੇ ਕਿਵੇਂ ਇਹਨੂੰ ਰੋਟੀ ਖੁਆਇਆ ਕਰਾਂਗੀ---ਮੇਰੀ ਨਣਦ ਨੂੰ ਵੀ ਕਚਹਿਣ ਆਈ ਹੋਵੇਗੀ---ਪਰ ਉਹਨੇ ਮੇਰੇ ਅੱਗੇ ਕੁੱਝ ਜ਼ਾਹਰ ਨਾ ਹੋਣ ਦਿੱਤਾ---ਉਹ ਤਾਂ ਇਕਦਮ ਬਾਹਰ ਚਲੀ ਗਈ---ਤੇ ਮੈਂ ਆਪਣੀ ਰੋਟੀ ਵਾਲੀ ਥਾਲੀ ਮੰਜੇ ਥੱਲੇ ਸਰਕਾਅ ਕੇ ਲੰਮੀ ਪੈ ਗਈ---
ਮੈਂ ਆਪਣੇ ਪਤੀ ਨੂੰ ਰੋਟੀ ਖੁਆਉਂਦਿਆਂ ਪਹਿਲੀ ਵਾਰ ਉਹਦਾ ਚਿਹਰਾ ਤੱਕਿਆ---ਅਣਚਾਹਿਰਆਂ ਈ ਦੇਖਿਆ---ਮਜ਼ਬੂਰੀ ਵੱਸ---ਮੈਂ ਚਾਹੰੁਦੀ ਤਾਂ ਨਹੀਂ ਸਾਂ ਪਰ ਕੀ ਕਰਦੀ? ਉਪ ਬਾਪੂ ਨਾਲੋਂ ਵੀ ਪਕਰੋੜ ਲਗਦਾ ਸੀ---ਉਹਦੀ ਰੰਗੀ ਹੋਈ ਦਾਹੜੀ ਵਿੱਚੋਂ ਚੰਗੀ ਖਾਸੀ ਚਿੱਟ ਦਿਸਣ ਲੱਗ ਪਈ ਸੀ---ਦਾਹੜੀ ਦੇ ਵਾਲ ਰੁੱਖੇ ਰੁੱਖੇ ਤੇ ਕਰੜ ਬਰੜ ਵੀ ਹੋ ਗਏ ਸਨ---
ਮੈਨੂੰ ਉਸ ਦਿਨ ਦੋ ਹਫਤਿਆਂ ਬਾਦ ਕਿਤੇ ਮੰਜਾ ਨਸੀਬ ਹੋਇਆ ਸੀ---ਪੰਦਰਾਂ ਦਿਨ ਤਾਂ ਹਸਪਤਾਲ ਦੇ ਬੈਚਾਂ ਉੱਤੇ ਬਹਿ ਕੇ ਜਾਂ ਫਰਸ਼ ਉੱਤੇ ਟੇਢੇ ਹੋ ਕੇ ਈ ਕੱਟੇ ਸਨ ਸ਼ਾਇਦ ਇਸੇ ਕਰਕੇ ਮੈਨੂੰ ਬੜੀ ਗਹਿਰੀ ਨੀਂਦ ਆਈ---ਸੁਪਨਿਆਂ ਨਾਲ ਲਬਰੇਜ਼---
ਮੈਂ ਸੁਪਨਿਆਂ ਦੇ ਦੇਸ਼ ਵਿੱਚ ਪ੍ਰਵੇਸ਼ ਕੀਤਾ---ਪਰ ਸੱਚ ਜਾਣਿਓ ਮੇਰੇ ਸੁਪਨੇ ਐਨੇ ਧੁੰਧਲੇ ਤੇ ਆਪਸ ਵਿੱਚ ਉਲਝੇ ਹੋਏ ਸਨ ਕਿ ਉੱਠਣ ਬਾਦ ਮੈਨੂੰ ਇੱਕ ਵੀ ਸੁਪਨਾ ਯਾਦ ਨਾ ਰਿਹਾ---ਮੈਂ ਆਪਣੇ ਚੇਤੇ ਉੱਤੇ ਭਾਰ ਪਾ ਕੇ ਯਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ---ਮੈਨੂੰ ਇੱਕ ਵੀ ਸੁਪਨਾ ਯਾਦ ਨਾ ਆਇਆ।
ਨਾਲੇ ਸੁਪਨੇ ਤਾਂ ਚੰਗੇ ਭਲੇ ਬੰਦੇ ਦੇ ਹੁੰਦੇ ਨੇ---ਮੇਰੇ ਵਰਗੇ ਬਦਨਸੀਬ ਦੇ ਤਾਂ ਸੁਪਨੇ ਵੀ ਸਰਾਪੇ ਹੋਏ ਹੁੰਦੇ ਨੇ---ਤੇ ਸਰਾਪੇ ਹੋਏ ਸੁਪਨੇ ਜੇ ਉਠ ਕੇ ਵਿੱਸਰ ਈ ਜਾਣ ਤਾਂ ਚੰਗਾ ਐ।
ਉਂਜ ਤਾਂ ਮੇਰਾ ਰੱਬ ਨਾਂ ਦੀ ਹਸਤੀ ਵਿੱਚ ਕੋਈ ਭਰੋਸਾ ਕੋਈ ਸ਼ਰਧਾ ਹੈ ਹੀ ਨਹੀਂ ਸੀ---ਹੁਣ ਇਹ ਉੱਕਾ ਖਤਮ ਹੋ ਗਈ---ਮੈਂ ਰੱਬ ਨਾਂ ਦੀ ਹਸਤੀ ਨੂੰ ਉਂਜ ਪੁੱਛਣਾ ਵੀ ਚਾਹਿਆ ਕਿ ਐ ਖ਼ਦਾਅ---ਤੂੂੰ ਕਿਤੇ ਹੈਂ ਵੀ?? ਕਿਸੇ ਨੂੰ ਮਿਲਿਆ ਵੀ ਐਂ ਕਦੇ?? ਤੂੰ ਬੰਦਿਆਂ ਨੂੰ ਐਡੇ ਘਟੀਆ ਕਿਉਂ ਸਾਜ ਦਿੱਤਾ ਐ?? ਮੇਰੇ ਧਰਮੀ ਮਾਪਿਆਂ ਵਰਗੇ ਬੰਦੇ ਸਾਜ ਕੇ ਤੈਨੂੰ ਰੱਤੀ ਭਰ ਵੀ ਮਣਖ ਨਾ ਹੋਇਆ?
ਪਰ ਇਸ ਖ਼ੁਦਾ ਨੇ ਗੁਰੂ ਨਾਨਕ ਦੇਵ ਵਰਗੇ ਮਹਾਪੁਰਸ਼ਾ ਦੇ ਸਵਾਲ ਦਾ ਜਵਾਬ ਨਹੀਂ ਸੀ ਦਿੱਤਾ, ਜਦੋਂ ਉਹਨਾਂ ਨੇ ਪੁੱਛਿਆ ਸੀ ਕਿ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ? ਫਰ ਮੇਰੇ ਵਰਗੇ ਅਦਨੇ ਜੀਵ ਦੇ ਸੁਆਲਾਂ ਦਾ ਜਵਾਬ ਉਹ ਰੱਬ ਕਿਵੇਂ ਦਿੰਦਾ---ਉਹ ਮਗ਼ਰੂਰ ਐ---ਪਤਾ ਨੀ ਕੀਹਦੇ ਨਾਲ ਸੰਵਾਦ ਰਚਾਉਂਦਾ ਹੋਣਾ---ਮੇਰੇ ਨਾਲ ਤਾਂ ਉਹ ਕਦੇ ਬੋਲਿਆਂ ਕੂਇਆ ਈ ਨਹੀਂ---ਅੱਛਿਆ, ਆਇੰ ਦੱਸੋ ਬਈ ਤੁਸੀਂ ਕਦੇ ਦੇਖਿਆ ਐ ਰੱਬ? ਕਦੇ ਉਹਦੇ ਨਾਲ ਗੱਲਬਾਤ ਕੀਤੀ ਐ??
ਚਲੋ ਖੈਰ! ਮੈਂ ਉਸ ਵਕਤ ਸਹਿਜ ਹੋਣ ਦੀ ਕੋਸ਼ਿਸ਼ ਕੀਤੀ---ਕੋਠੜੀ ਵਿੱਚ ਇੱਕ ਅਜੀਬ ਜਿਹੀ ਹਵਾੜ ਸੀ ਜਿਹੜੀ ਮੇਰੇ ਦਿਮਾਗ ਨੂੰ ਚੜ੍ਹਦੀ ਜਾ ਰਹੀ ਸੀ---ਮੈਂ ਉੱਪਰ ਛੱਤ `ਚ ਬਣੇ ਮੋਘੇ ਵੱਲ ਤੱਕਿਆ---ਹਲਕਾ ਹਲਕਾ ਚਾਨਣ ਆ ਰਿਹਾ ਸੀ---ਫੇਰ ਸੋਚਿਆ ਕਿ ਮੇਰੀ ਨਣਦ ਦੇ ਆਖਣ ਮੁਤਾਬਕ, ਕੀ ਪਤਾ ਹੁੰਮਸ ਤੇ ਹਵਾੜ ਮੋਘਾ ਬੰਦਾ ਹੋਣ ਸਦਕਾ ਈ ਵਧੀਆਂ ਹੋਈਆਂ ਸਨ---ਦਿਨੇ ਧੁੱਪ ਤੇ ਰੌਸ਼ਨੀ ਆਉਣ ਬਾਦ ਠੀਕ ਈ ਹੋ ਜਾਣ---
ਜਿਵੇਂ ਆਮ ਕੁੜੀਆਂ ਨੂੰ ਵਿਆਹ ਬਾਦ ਚਾਅ ਹੰੁਦਾ ਹੈ ਕਿ ਉਹ ਵਧੀਆ ਪਹਿਨਣ ਹੰਢਾਉਣਗੀਆਂ---ਜ਼ਿੰਦਗੀ ਦਾ ਆਨੰਦ ਮਾਨਣਗੀਆਂ---ਮੇਰੇ ਮਨ ਵਿੱਚ ਅਜਿਹਾ ਕੋਈ ਚਾਅ ਨਹੀਂ ਸੀ---ਸਗੋਂ ਜੇ ਸੱਚ ਪੁੱਛਦੇ ਹੋ ਤਾਂ ਮੈਂ ਇਸ ਕੋਠੜੀ `ਚ ਈ ਬੰਦ ਹੋ ਕੇ ਰਹਿ ਜਾਣਾ ਚਾਹੁੰਦੀ ਸਾਂ---ਇਸ ਕੋਠੜੀ ਤੋਂ ਬਾਹਰਲੀ ਦੁਨੀਆਂ ਜਿਵੇਂ ਮੈਨੂੰ ਮੂੰਹ ਚਿੜਾਉਂਦੀ ਲੱਗ ਰਹੀ ਸੀ---।
ਮੈਂ ਉਠ ਕੇ ਪੋਲੇ ਪੈਰੀਂ ਬਾਹਰ ਝਾਕਿਆ ਪਰ ਮੇਰੀ ਨਿਗਾਹ ਦਲਾਨ ਤੋਂ ਬਾਹਰ ਨਾ ਗਈ---ਇੱਕ ਹਉਕਾ ਲੈ ਕੇ ਮੈਂ ਵਾਪਸ ਮੰਜੀ ਤੇ ਬਹਿ ਗਈ---ਸ਼ਾਇਦ ਅਜੇ ਰਾਤ ਬਾਕੀ ਰਹਿੰਦੀ ਸੀ---ਮੈਨੂੰ ਫੇਰ ਨੀਂਦ ਆ ਗਈ।
--ਚਲਦਾ--