ਅਪ੍ਰੈਲ 2022 ਅੰਕ


ਕਹਾਣੀਆਂ

  •    ਦਾਅ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਧਰਮੀ ਮਾਪੇ (ਕਿਸ਼ਤ -6) (ਨਾਵਲ )

    ਡਾ. ਚਰਨਜੀਤ    

    Email: naturaltalent2008@yahoo.com
    Cell: +91 79731 21742
    Address: #880 Sector 9
    Karnal Haryana India
    ਡਾ. ਚਰਨਜੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    16

    ਸਵੇਰੇ ਭਾਈ ਜੀ ਦੇ ਬੋਲਣ ਨਾਲ ਮੇਰੀ ਅੱਖ ਖੁਲ੍ਹੀ ਤੇ ਮੈਂ ਆਪਣੇ ਆਪ ਨੂੰ ਨਿਰੰਜਣ ਸਿੰਘ ਦੇ ਨਾਲ ਵਾਲੀ ਮੰਜੀ ਤੇ ਲੇਟਿਆਂ ਦੇਖਿਆ---ਇਹ ਕਿਹੋ ਜਿਹੇ ਸੁਪਨੇ ਸਨ---ਟੂਣੇਹਾਰੇ---ਮੈਂ ਤਾਂ ਕੋਈ ਰੀਝ ਪਾਲੀ ਹੀ ਨਹੀਂ ਸੀ ਜਿਹੜਾ ਆਖਿਆ ਜਾਵੇ ਕਿ ਇਹ ਸੁਪਨੇ ਮੇਰੀਆਂ ਦੱਬੀਆਂ ਕੁਚਲੀਆਂ ਰੀਝਾਂ ਦੀ ਪੂਰਤੀ ਸਨ---ਮੇਰੇ ਧੁਰ ਅੰਦਰ ਤੱਕ ਕੋਈ ਰੀਝ ਨਹੀਂ ਸੀ---ਪਰ ਇਹ ਸੁਪਨੇ?? ਮੈਨੂੰ ਕੱਖ ਸਮਝ ਨਾ ਆਏ।

    ਮੈਂ ਛੇਤੀ ਹੀ ਇਸ ਸੁਪਨ ਸੰਸਾਰ ਤੋਂ ਬਾਹਰ ਨਿਕਲ ਕੇ ਮੰਜੀ ਉੱਤੇ ਸੰਭਲ ਕੇ ਬਹਿ ਗਈ---ਮੈਨੂੰ ਆਪਣੇ ਆਪ ਵਿੱਚੋਂ ਬਹੁਤ ਗੰਦੀ ਬੋਅ ਆ ਰਹੀ ਸੀ---ਮੈਂ ਥੋਨੂੰ ਸ਼ੁਰੂ `ਚ ਦੱਸਿਆ ਸੀ ਨਾ---ਕਿ ਨਿੱਕ ਸੁੱਕ ਨਾਲ ਭਰਿਆ ਦਾਜ ਦਾ ਸੰਦੂਕ ਪੇਕੇ ਈ ਰਹਿ ਜਾਣਾ ਹੈ---ਸੋ ਮੇਰੇ ਮਾਪਿਆਂ ਨੇ ਦਾਜ ਦੇ ਨਾਂ ਤੇ ਜਿਹੜਾ ਨਿੱਕ ਸੁੱਕ ਬਣਾਇਆ ਸੀ ਉਹ ਤਾਂ ਉੱਥੇ ਈ ਰਹਿ ਗਿਆ---ਮੈਂ ਸੋਚ ਰਹੀ ਸਾਂ ਕਿ ਮੇਰੇ ਕੋਲ ਹੋਰ ਕੱਪੜੇ ਤਾਂ ਹੈ ਨਹੀਂ---ਮੈਂ ਨਹਾ ਕੇ ਕੀ ਪਾਵਾਂਗੀ---ਮੈਂ ਇਹਨਾਂ ਖਿਆਲਾਂ `ਚ ਈ ਗੁੰਮੀ ਹੋਈ ਸਾਂ ਕਿ ਮੇਰੀ ਸੱਸ ਨੇ ਵਾਜ ਮਾਰੀ,

    “ਭਾਈ ਬਹੂ---ਉਠ ਕੇ ਨਹਾ ਧੋ ਲੈ---ਨਾਲੇ ਨਿਰੰਜਣ ਸੂੰਹ ਨੂੰ---ਪੁੱਤ ਹੁਣ ਕੀ ਕਰੀਏ---ਦੇਖ ਚੰਗਾ ਭਲਾ ਬੰਦਾ ਤਾਂ ਆਪਣੀ ਕਿਰਿਆ ਆਪੇ ਸੋਧਦਾ ਐ---ਕਿਸੇ ਤੋਂ ਆਪਣਾ ਗੰਦ ਨੀ ਚੁਕਾਉਂਦਾ---ਪਰ ਜਦ ਮਜਬੂਰੀ ਹੋ ਜੇ---ਫੇਰ ਤਾਂ ਪੁੱਤ ਦੂਸਰੇ ਨੂੰ ਈ ਚੁੱਕਣਾ ਪੈਂਦੇ ਸਭ ਕੁਸ---ਨਾਲੇ ਹੁਣ ਇਹਨੂੰ ਭਗਤ ਨੂੰ ਜਦ ਕੋਈ ਸੋਝੀ ਸੰਭਾਲ ਏ ਨੀ---ਤਾਂ ਇਹਦਾ ਵੀ ਕੀ ਕਸੂਰ ਕੱਢੀਏ---ਇਹ ਕਿਹੜਾ ਐਸ ਹਾਲਤ ਨੂੰ ਪਹੰੁਚਣਾ ਚਾਹੰੁਦਾ ਤੀ---ਪੁੱਤ ਤੂੰ ਆਪ ਸਿਆਣੀ ਐ"

    ਮੇਰੀ ਸੱਸ ਨੇ ਕਦੋਂ ਮੇਰੇ ਸਿਰ ਤੇ ਹੱਥ ਧਰਿਆ---ਇਹ ਤਾਂ ਮੈਨੂੰ ਪਤਾ ਨਹੀਂ---ਪਰ ਉਹਦੀ ਗੱਲ ਸੁਣ ਕੇ ਮੈਂ ਇੱਕ ਝਟਕੇ ਨਾਲ ਉਹਦਾ ਹੱਥ ਛੰਡਕਿਆ---ਮੈਨੂੰ ਉਹਦੀ ਗੱਲ ਸੁਣ ਕੇ ਜਿਵੇਂ ਕਰੰਟ ਲੱਗਿਆ ਹੋਵੇ---ਇਹ ਗੱਲ ਤਾਂ ਮੇਰੇ ਚਿੱਤ ਚੇਤੇ ਵੀ ਨਹੀਂ ਸੀ---ਪਤੀ ਦਾ ਗੰਦ ਸਾਫ਼ ਕਰਨਾ?? ਤੋਬਾ ਤੋਬਾ---ਉਫ਼!

    ਕੋਠੜੀ `ਚ ਬਦਬੋਅ ਫੈਲ ਗਈ---ਮੇਰੀ ਸੱਸ ਨੇ ਨੱਕ ਉੱਤੇ ਚੰੁਨੀ ਧਰਦਿਆਂ ਤੇ ਅਜੀਬ ਜਿਹਾ ਮੂੰਹ ਬਣਾਉਂਦਿਆ ਕਿਹਾ,

    “ਲਗਦੈ ਨਰੰਜਣ ਸੂੰ ਨੇ---ਇਹਨੇ---ਭਾਈ---ਇਹਨੇ ਬਿੱਚੇ---"

    ਮੈਂ ਵੀ ਨੱਕ `ਤੇ ਚੁੰਨੀ ਧਰ ਲਈ---ਮੈਂ ਆਪਣੀ ਸੱਸ ਵੱਲ ਡੱਡਰਿਆ ਵਾਂਗ ਦੇਖਦੀ ਰਹੀ---ਮੇਰੀ ਸੱਸ ਨੇ ਦਬਾਰਾ ਮੇਰੇ ਸਿਰ ਤੇ ਹੱਥ ਧਰ ਕੇ ਮੈਨੂੰ ਪੁਚਕਾਰਿਆ,

    “ਦੇਖ ਪੁੱਤ! ਰੋਟੀ ਪਾਣੀ ਤਾਂ ਤੇਰੇ ਨਾਲ ਲੱਗ ਕੇ ਅਸੀਂ ਖਲਾਅ ਦਿਆ ਕਰਾਂਗੇ---ਪਰ ਪੁੱਤ ਗੰਦ ਤਾਂ ਤੂੰ ਹੀ ਹੂੰਝਣੈ---ਹੁਣ ਅਸੀਂ ਤਾਂ ਨੀ ਇਹਦਾ ਨੰਗ ਦੇਖ ਸਕਦੇ---ਇਹ ਤਾਂ---"

    ਮੇਰੀ ਸੱਸ ਚੁੱਪ ਕਰ ਗਈ---ਸ਼ਾਇਦ ਉਹ ਕਹਿਣਾ ਚਾਹੁੰਦੀ ਹੋਵੇ ਕਿ ਦੇਖ, ਅਸੀਂ ਤੈਨੂੰ ਇਹਦਾ ਗੰਦ ਹੂੰਝਣ ਲਈ ਹੀ ਖਰੀਦਿਆ ਹੈ---ਮੁੱਖ ਖਰੀਦੀ ਔਰਤ ਕੋਲੋਂ ਅਸੀਂ ਜੋ ਚਾਹੀਏ ਕਰਵਾਅ ਸਕਦੇ ਹਾਂ---ਤੂੰ ਮੁੱਲ ਖਰੀਦ ਗੁਲਾਮ ਐ ਸਾਡੀ---ਥੋੜੀ ਦੇਰ ਰੁਕ ਕੇ ਉਹ ਐਤਕੀਂ ਜ਼ਰਾ ਹੋਰ ਵੀ ਹਲੀਮੀ ਨਾਲ ਆਖਣ ਲੱਗੀ,

    “ਚਲ ਪੁੱਤ ਹਿੰਮਤ ਕਰ---ਮਾਲਕ ਤੀਵੀਂ ਦਾ ਤਾਂ ਆਪਸ `ਚ ਕੋਈ ਪਰਦਾ ਨੀ ਹੁੰਦਾ---ਇਹਦਾ ਸਾਫ ਸਫੱਈਆ ਕਰ ਦੇ---ਨਾਲੇ ਫੇਰ ਤੂੰ ਵੀ ਨਾਹ ਲੈ---

    ਮੈਂ ਆਖਣਾ ਚਾਹੁੰਦੀ ਸਾਂ---ਸ਼ਾਇਦ ਪੁੱਛਣਾ ਚਾਹੰੁਦੀ ਸਾਂ ਕਿ ਮਾਈ ਅਸੀਂ ਮਾਲਕ ਤੀਵੀਂ ਜਿਹੜੇ ਰਿਸ਼ਤੇ ਤੋਂ ਹੋਏ? ਮੈਂ ਸਿਰਫ਼ ਤੇ ਸਿਰਫ਼ ਢਾਈ ਲਾਵਾਂ ਦੀ ਚੋਰ ਹੋ ਗਈ---ਇਹੀ ਗੁਨਾਹ ਹੈ ਮੇਰਾ?? ਇਹ ਕਦੋਂ ਮੇਰਾ ਮਾਲਕ ਤੇ ਕਦੋਂ ਮੈਂ ਇਹਦੀ ਤੀਵੀ?? ਤੁਸੀਂ ਵੀ ਦੱਸੋ ਕਿ ਕੀ ਅਸੀਂ ਪਤੀ ਪਤਨੀ ਬਣ ਗਏ ਸਾਂ?? ਦੇਖੋ ਇਨਸਾਫ਼ ਕਰਨਾ ਹੈ---ਮੇਰੇ ਨਾਲ ਪੱਖਪਾਤ ਨਹੀਂ ਕਰਨੀ---ਇਹ ਨਹੀਂ ਕਹਿਣਾ ਕਿ ਤੂੰ ਮੁੱਖ ਖਰੀਦ ਹੈ ਸੋ ਤੈਨੂੰ ਨਿਰੰਜਣ ਸੂੰਹ ਦੀ ਸੇਵਾ ਕਰਨੀ ਬਣਦੀ ਸੀ---ਉਹਦਾ ਨੰਗ ਨਮੂਜ ਸਾਫ਼ ਕਰਨਾ ਤੇਰਾ ਧਰਮ ਸੀ---ਬਈ ਜਿਹੜਾ ਮੇਰੇ ਸਹੁਰਿਆਂ ਨੇ ਮੈਨੂੰ ਖਰੀਦ ਕੇ ਮੁੱਖ ਤਾਰਿਐ---ਉਹ ਮੈਂ ਤਾਂ ਨਹੀਂ ਲਿਆ---ਮੈਂ ਤਾਂ ਨਹੀਂ ਵਰਤਿਆ---ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰੇ ਕਿੰਨੇ ਪੈਸੇ ਦਿੱਤੇ ਲਏ ਗਏ ਨੇ---ਮੇਰਾ ਸੌਦਾ ਕਿੰਨੇ `ਚ ਨਿਬੜਿਆ?? ਸੀ---ਇਹ ਸਭ ਸੋਚ ਵਿਚਾਰ ਕੇ ਦੱਸਿਓ---

    ਖੈਰ! ਸੱਸ ਦੇ ਜਾਣ ਬਾਦ ਮੈਂ ਡੁੰਨ ਬਾਟਾ ਬਣੀ ਬੈਠੀ ਰਹੀ---ਮੇਰੀ ਸੱਸ ਪਾਣੀ ਦੀ ਬਾਲਟੀ ਮੱਗਾ ਤੇ ਤਸਲਾ ਵੀ ਕੋਠੜੀ `ਚ ਧਰ ਗਈ---ਮੇਰੇ ਘਰ ਵਾਲੇ ਦੇ ਕੱਪੜੇ ਤੇ ਪਰਨਾ ਮੇਰੀ ਮੰਜੀ ਤੇ ਧਰ ਗਈ---ਜਾਂਦੀ ਸੱਸ ਨੂੰ ਮੈਂ ਹਿੰਮਤ ਕਰ ਕੇ ਤਰਲਾ ਲਿਆ,

    “ਬੇਬੇ! ਮੈਂ ਗੰਦ ਸਾਫ਼ ਕਰਨ ਨੂੰ ਤਾਂ ਮਨ੍ਹਾ ਨੀ ਕਰਦੀ---ਪਰ---ਪਰ---ਪਰ---ਮੈਨੂੰ ਇਹਦਾ?? ਨੰਗ ਦੇਖਦਿਆਂ ਝਾਕਾ ਆਉਂਦੈ---ਬੱਸ ਇਹ ਕੰਮ ਕੋਈ ਹੋਰ ਕਰ ਦਿਆ ਕਰੇ---ਬਾਕੀ ਮੈ ਆਪ ਸਾਂਭ ਲਊਂ---"

    ਸ਼ਾਇਦ ਮੇਰਾ ਤਰਲਾ ਬੇਤੁਕਾ ਸੀ---ਫ਼ਜੂਲ---ਮੇਰੀ ਸੱਸ ਨੇ ਰੁਕ ਕੇ ਥੋਹੜਾ ਖਰਵੀਂ ਆਵਾਜ਼ ਵਿੱਚ ਕਿਹਾ,

    “ਬਹੂ ਰਾਣੀ! ਕੋਈ ਅਕਲ ਨੂੰ ਹੱਥ ਮਾਰ---ਜੇ ਤੈਨੂੰ ਇਹਦੀ ਤੀਮੀਂ ਹੋ ਕੇ ਇਹਦਾ ਨੰਗ ਦੇਖਣ ਤੋ ਝਾਕਾ ਆਉਂਦੈ ਤਾਂ ਇਹਦਾ ਨੰਗ ਇਹਦੀ ਮਾਂ ਦੇਖੂ ਜਾਂ ਭੈਣ---ਜਾਂ ਇਹਦੇ ਨਿਆਣੇ?? ਤੈਨੂੰ ਇਹ ਬਿਆਹ ਕੇ ਲਿਆਇਐ ਆਖਰ ਨੂੰ---ਹੁਣ ਤੂੰ ਕੋਈ ਕੁੜੀ ਕੱਤਰੀ ਥੋਹੜਾ ਈ ਐਂ---ਹੁਣ ਤੂੰ ਤੀਮੀ ਮਾਨੀ ਐ---ਇਹਦੀ ਵਿਆਹੁਤਾ ਐ---ਕੋਈ ਸੁਣੂੰਗਾ ਤਾਂ ਕੀ ਕਹੂਗਾ---ਨਾਲੇ ਆਦਮੀ ਦੀ ਬਮਾਰੀ ਠਮਾਰੀ ਲਈ ਤੀਵੀਂ ਦੇ ਭਾਗ ਜਿੰਮੇਵਾਰ ਹੁੰਦੇ ਨੇ---ਤੀਮੀਂ ਦੇ ਭਾਗਾਂ ਨਾਲ ਆਦਮੀ ਨੂੰ ਦੁਖ ਸੁਖ ਮਿਲਦੈ---।"

    ਮੈਂ ਚੁੱਪ---ਮੈਂ ਤੁਹਾਨੂੰ ਦੱਸ ਨੀ ਸਕਦੀ ਕਿ ਉਸ ਘੜੀ ਮੇਰੇ ਮਨ ਵਿੱਚ ਕੀ ਕੀ ਖਿਆਲ ਆਏ---ਮੈਂ ਬਾਰ ਬਾਰ ਖੁਰਪਾ ਦਾਤੀ ਆਪਣੇ ਢਿੱਡ `ਚ ਮਾਰ ਕੇ ਮਰਨ ਦੀ ਸੋਚੀ ਪਰ ਮੇਰੇ ਇੱਕ ਹੱਥ ਨਾਲ ਖੁਰਪਾ ਦਾਤੀ ਕਿੰਨੀ ਕੁ ਜ਼ੋਰ ਨਾਲ ਢਿੱਡ ਵਿੱਚ ਵੱਜ ਸਕਦਾ ਸੀ---ਜੇ ਮੈਂ ਕੰਧ ਨਾਲ ਸਿਰ ਪਟਕਾਵਾਂ ਤਾਂ ਸਿਰਫ ਬੇਹੋਸ਼ ਹੀ ਹੋਣਾ ਸੀ---ਮਰਨ ਲਈ ਬਹੁਤ ਜੋਰ ਦੀ ਸਿਰ ਮਾਰਨਾ ਪੈਣਾ ਸੀ ਪਰ ਮੇਰੇ ਵਿੱਚ ਐਨੀ ਵੀ ਤਾਕਤ ਨਹੀਂ ਸੀ---ਮੇਰੇ ਮਨ ਵਿੱਚ ਬਹੁਤ ਫ਼ਤੂਰ ਉਠੇ---ਪਤਾ ਨੀ ਕਿਹੜੇ ਵੇਲੇ ਮੈਂ ਨੱਕ ਤੇ ਚੁੰਨੀ ਧਰ ਕੇ ਆਪਣੇ ਪਤੀ ਦਾ ਗੰਦ ਹੂੰਝਣ ਲੱਗ ਪਈ।

    ਸਾਰਾ ਬਿਸਤਰਾ ਗੰਦ ਨਾਲ ਲੱਥ ਪੱਥ ਹੋਇਆ ਪਿਆ ਸੀ---ਕੱਪੜੇ ਲਿੱਬੜੇ ਪਏ ਸਨ---ਮੈਨੂੰ ਉਲਟੀ ਆਉਣ ਨੂੰ ਹੋਈ---ਮੈਂ ਭੱਜ ਕੇ ਬਾਹਰ ਡੰਗਰਾਂ ਵਾਲੇ ਵਿਹੜੇ `ਚ ਉਲਟੀ ਕਰ ਕੇ ਆਈ---ਬਿਨਾ ਘੁੰਡ ਕੱਢਿਆਂ ਮੈਂ ਆਪਣੀ ਸੱਸ ਨੂੰ ਬੋਲੀ,

    “ਬੇਬੇ ਬਿਸਤਰਾ ਬਦਲਨਾ ਪੈਣਾ ਐ---ਨਾਲੇ ਕੋਈ ਮੋਮਜਾਮਾ ਬਛਾ ਦਿਆ ਕਰਾਂਗੇ---ਨਹੀਂ ਤਾਂ ਰੋਜ ਬਿਸਤਰਾ ਧੋਣਾ ਔਖਾ ਹੋ ਜੂ---"

    ਮੇਰੀ ਮਨੋਦਸ਼ਾ ਕੋਈ ਨਹੀਂ ਸੀ ਸਮਝ ਰਿਹਾ---ਮੇਰੇ ਸਹੁਰੇ ਪ੍ਰੀਵਾਰ ਦੀਆਂ ਨਜ਼ਰਾਂ ਵਿੱਚ ਮੈਂ ਉਹਨਾਂ ਦੇ ਘਰ ਦੀ ਬਹੂ ਸਾਂ---ਨਿਰੰਜਣ ਸੂੰ ਵੀ ਪਤਨੀ---ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿ ਮੈਂ ਅਜੇ ਵੀ ਇੱਕ ਕੁਆਰੀ ਕੁੜੀ ਹਾਂ ਕਿਉਂਕਿ ਢਾਈ ਲਾਵਾਂ ਬਾਦ ਕੋਈ ਕੁੜੀ ਵਿਆਹੀ ਨਹੀਂ ਮੰਨੀ ਜਾ ਸਕਦੀ---ਪਰ ਉਹਨਾਂ ਨੇ ਮੈਨੂੰ ਮੁੱਲ ਖਰੀਦਿਆ ਹੋਇਆ ਸੀ---ਉਹ ਸੱਚੇ ਸਨ।

    ਮੇਰੇ ਪਿੰਡੇ ਤੇ ਮੱਚੀ ਖਾਰਸ਼ ਮੇਰੇ ਕੋਲੋਂ ਸਹਿਣ ਕਰਨੀ ਮੁਸ਼ਕਲ ਹੋ ਗਈ---ਮੈਂ ਦੋਹਾਂ ਹੱਥਾਂ ਨਾਲ ਰੱਜ ਕੇ ਸਿਰ ਖੁਰਕਿਆ---ਮੈਨੂੰ ਪਤਾ ਈ ਨਾ ਲੱਗਾ ਕਿ ਮੈਂ ਰੋ ਰਹੀ ਸਾਂ---ਮੇਰਾ ਰੋਣਾ ਸੁਣ ਕੇ ਮੇਰੀ ਸੱਸ ਆਈ ਤੇ ਮੇਰੇ ਸਿਰ ਤੇ ਹੱਥ ਧਰ ਕੇ ਮੈਨੂੰ ਦਿਲਾਸਾ ਦੇਣ ਲੱਗੀ,

    “ਪੁੱਤ ਮੇਰੇ ਕੰਨੀ ਦੇਖ---ਜੁਆਨ ਜਹਾਨ ਪੁੱਤ ਅਧ ਮਰਿਆ ਪਿਐ---ਕਹੀ ਜੀ ਚੰਦਰੀ ਬਮਾਰੀ ਲੱਗੀ ਐ---ਮੈਂ ਵੀ ਤਾਂ ਜੀ ਰਹੀ ਹਾਂ---ਹੁਣ ਤੇਰੇ ਭਾਗ ਤੇਰੇ ਨਾਲ---ਅਸੀਂ ਤਾਂ ਚਾਓ ਮੱਤਿਆਂ ਨੇ ਵਿਆਹ ਕੀਤਾ ਸੀ ਪੁੱਤ ਦਾ---ਮਾੜੇ ਭਾਗ ਤਾਂ ਇਹਦੇ---ਜੀਹਦੀ ਤੀਮੀਂ ਸਾਥ ਛੱਡ ਗਈ---ਇਹ ਕਿਹੜਾ ਬੁੜ੍ਹਾ ਹੋ ਚੱਲਿਆ ਸੀ ਬਈ ਅਸੀਂ ਇਹਦਾ ਵਿਆਹ ਨਾ ਕਰਦੇ---ਨਾਂ ਇਹਦੀ ਬਹੂ ਮਰਦੀ ਤੇ ਨਾ ਆਹ ਦਿਨ ਦੇਖਣੇ ਪੈਂਦੇ---ਤੂੰ ਹੁਣ ਹਿੰਮਤ ਕਰ---ਰੋਣ ਧੋਣ ਨਾਲ ਕੰਮ ਨਹੀ ਚੱਲਣਾ ਪੁੱਤ---ਸਿਆਣੀ ਬਣ।"

    ਮੈਨੂੰ ਪਤਾ ਨੀ ਕੀ ਭੂਤ ਸਵਾਰ ਹੋਇਆ ਕਿ ਮੈਂ ਜ਼ੋਰ ਜ਼ੋਰ ਨਾਲ ਦੋਹਾਂ ਹੱਥਾਂ ਨਾਲ ਸਿਰ ਤੇ ਪਿੰਡਾ ਖੁਰਕਣ ਲੱਗ ਪਈ---ਪਾਗਲਾਂ ਵਾਂਗ---ਮੈਂ ਉੱਚੀ ਉੱਚੀ ਰੋ ਵੀ ਰਹੀ ਸਾਂ---ਮੈਂ ਖੁਰਕ ਖੁਰਕ ਕੇ ਪਿੰਡੇ `ਚੋਂ ਲਹੂ ਕੱਢ ਲਿਆ---ਇਹ ਮੇਰੇ ਅੰਦਰ ਦੀ ਭੜਾਸ ਸੀ ਤੇ ਗੁੱਸਾ ਵੀ---ਜਿਹੜਾ ਮੈਂ ਕਿਸੇ ਹੋਰ ਉੱਤੇ ਨਹੀਂ ਸਾਂ ਕੱਢ ਸਕਦੀ---ਆਪਣਾ ਪਿੰਡਾ ਛਿੱਲ ਕੇ ਈ ਕੱਢ ਲਿਆ---ਆਪਣਾ ਸਰੀਰ ਲਹੂ ਲੁਹਾਣ ਕਰ ਲਿਆ---ਮੇਰੀ ਗੱਲ ਸੁਣੇ ਬਿਨਾਂ ਈ ਮੇਰੀ ਸੱਸ ਨੇ ਮੇਰੀ ਇਸ ਹਰਕਤ ਦਾ ਕੋਈ ਹੋਰ ਈ ਮਤਲਬ ਕੱਢ ਲਿਆ---ਉਹ ਹਉਕਾ ਲੈ ਕੇ ਮੇਰੇ ਕੋਲ ਬੈਠਦਿਆਂ ਮੇਰੇ ਕੰਨ ਦੇ ਨੇੜੇ ਹੋ ਕੇ ਬੋਲੀ,

    “ਪੁੱਤ ਮੈਂ ਤੇਰੀ ਹਾਲਤ ਸਮਝਦੀ ਆਂ---ਬਿਆਹ ਤੋਂ ਬਾਦ ਹਰੇਕ ਔਰਤ ਪਤੀ ਦਾ ਸਾਥ ਭਾਲਦੀ ਐ---ਜੁਆਨ ਉਮਰ `ਚ ਮਨ ਕਈ ਉਮੰਗਾਂ ਰੱਖਦਾ ਹੁੰਦੈ---ਪਰ ਕੀ ਕੀਤਾ ਜਾਵੇ---ਨਿਰੰਜਣ ਸੂੰ ਦੇ ਠੀਕ ਹੋਣ ਤੱਕ ਤਾਂ ਸਬਰ ਕਰਨਾ ਈ ਪੈਣੈ---ਇਹ ਤਾਂ ਕੁਦਰਤੀ ਬਿਰਤੀ ਹੁੰਦੀ ਐ---"

    ਉਫ਼! ਮੇਰੀ ਥਾਂ ਤੇ ਖੜ੍ਹੇ ਹੋ ਕੇ ਸੋਚੋ---ਕੀ ਮੇਰੇ ਮਨ ਵਿੱਚ ਕੋਈ ਉਮੰਗ ਉਠ ਸਕਦੀ ਸੀ?? ਗਰਮੀ `ਚ ਪੰਦਰਾਂ ਦਿਨ ਬਿਨਾਂ ਨਾਹਤੇ ਬੰਦਾ ਸੜ ਨੀ ਜਾਂਦਾ? ਤੁਸੀਂ ਵੀ ਕਿਤੇ ਮੇਰੀ ਸੱਸ ਵਾਂਗ ਮੇਰੇ ਉੱਤੇ ਪੁੱਠੇ ਸਿੱਧੇ ਇਲਜਾਮ ਨਾ ਲਾਉਣ ਲੱਗ ਜਾਇਓ---ਐਸਾ ਵੈਸਾ ਕੁੱਝ ਨਹੀਂ ਸੀ---ਮੈਂ ਆਪਣੀ ਸੱਸ ਨੂੰ ਸਫਾਈ ਦਿੰਦਿਆਂ ਕਿਹਾ,

    “ਬੇਬੇ ਮੈਂ ਪੰਦਰਾਂ ਦਿਨਾਂ ਦੀ ਨਾਹਤੀ ਨੀ---ਮੇਰੇ ਪਿੰਡੇ `ਚ ਖਾਜ ਮੱਚੀ ਜਾਂਦੀ ਐ---ਕੱਪੜੇ ਬਦਲਿਆ ਵੀ ਪੰਦਰਾਂ ਦਿਨ ਹੋ ਗਏ---ਪਰ ਮੇਰੇ ਕੋਲ ਹੁਣ ਕੱਪੜੇ ਹੈ ਈ ਨੀ ਬਦਲਣ ਨੂੰ---ਮੈਂ ਕੀ ਪਾਵਾਂਗੀ---ਗੁਰੇ ਦਾ ਬਾਪੂ ਬਮਾਰ ਹੋ ਗਿਆ ਤੇ ਹਫੜਾ ਦਫੜੀ ਮੱਚ ਗਈ---ਮੈ ਤਾਂ ਕੱਪੜੇ ਵੀ ਨਾ ਲੈ ਕੇ ਆਈ---ਤੁਸੀਂ ਮੈਨੂੰ ਗਲਤ ਨਾ ਸਮਝੋ---ਮੇਰੇ ਉੱਤੇ ਇਸ ਤਰਾਂ ਦਾ ਇਲਜ਼ਾਮ ਵੀ ਨਾ ਲਾਓ---ਬੇਬੇ ਮੈਂ ਤਾਂ ਸੰਤ ਸੁਭਾਅ ਦੀ ਕੁੜੀ ਆਂ---"

    ਪਤਾ ਨੀ ਆਪਣੇ ਆਪ ਨੂੰ ਸੰਤ ਸੁਭਾਅ ਦੀ ਕਹਿਣਾ ਸਹੀ ਸੀ ਜਾਂ ਨਹੀਂ---ਪਰ ਮੈ ਆਪਣੀ ਸੱਸ ਨੂੰ ਗੱਡ ਕੇ ਦੱਸਣਾ ਚਾਹੁੰਦੀ ਸਾਂ ਕਿ ਮੈਂ ਸਿਰਫ਼ ਪੰਦਰਾਂ ਦਿਨਾਂ ਤੋਂ ਨਾ ਨਾਹੁਣ ਕਰ ਕੇ ਖੁਰਕ ਕੀਤੀ ਸੀ---ਹੋਰ ਕੁੱਝ ਨਹੀਂ।ਮੇਰੀ ਸੱਸ ਬਾਹਰ ਜਾਂਦੀ ਹੋਈ ਕੋਠੜੀ ਦਾ ਦਾਰਵਾਜ਼ਾ ਭੇੜ ਗਈ---ਇਹ ਉਸ ਵੱਲੋਂ ਇੱਕ ਤਰਾਂ ਦਾ ਇਸ਼ਾਰਾ ਸੀ ਕਿ ਮੈਂ ਆਪਣੇ ਪਤੀ ਪਨਮੇਸ਼ਰ ਨੂੰ ਸਾਫ ਕਰਾਂ---।

    ਤੇ ਫੇਰ ਮੈਂ ਜਾਣਦੀ ਹਾਂ ਜਾਂ ਮੇਰਾ ਰੱਬ ਕਿ ਮੈਂ ਕਿੰਨੀ ਝਿਜਕ ਨਾਲ ਨਿਰੰਜਣ ਸਿੰਘ ਦਾ ਨੰਗ ਨਮੂਜ ਸਾਫ਼ ਕੀਤਾ---ਉਸ ਘੜੀ ਮੈਂ ਆਪਣੇ ਧਰਮੀ ਮਾਪਿਆਂ ਨੂੰ ਰੱਜ ਰੱਜ ਕੇ ਬਦ-ਦੁਆਵਾਂ ਦਿੱਤੀਆਂ---ਉਹਨਾਂ ਨੂੰ ਰੱਜ ਰੱਜ ਕੇ ਕੋਸਿਆ---ਪਤੀ ਦਾ ਗੰਦ ਹੂੰਝਿਆ---ਉਹਨੂੰ ਸਾਫ਼ ਕਰ ਕੇ ਕੱਪੜੇ ਬਦਲੇ---ਉਹਦਾ ਬਿਸਤਰਾ ਧੋਤਾ---ਉਸ ਨੂੰ ਸਵੇਰ ਦਾ ਖਾਣਾ ਖੁਆਇਆ---ਸੋਚ ਕੇ ਮਨ ਬਹੁਤ ਖ਼ਰਾਬ ਹੋਇਆ ਕਿ ਇਹ ਕੰਮ ਹੁਣ ਰੋਜ਼ ਕਰਨਾ ਪਿਆ ਕਰੇਗਾ---

    17

    ਕੋਈ ਅੱਧੇ ਘੰਟੇ ਬਾਦ ਮੇਰੀ ਸੱਸ ਮੇਰੀ ਨਣਦ ਦਾ ਸੂਟ ਲੈ ਕੇ ਕੋਠੜੀ ਵਿੱਚ ਆਈ---ਉਹ ਕੁੱਝ ੳੁੱਖੜੀ ਉੱਖੜੀ ਸੀ---ਉਡੀ ਉਡੀ ਵੀ---ਕੀ ਪਤਾ ਸੋਚ ਰਹੀ ਹੋਵੇ ਕਿ ਕਹੀ ਜੀ ਬੇਭਾਗ ਨੂੰਹ ਆਈ ਐ ਜਿਹਦੇ ਕੋਲ ਗਲ ਪਾਏ ਸੂਟ ਨੂੰ ਬਦਲਣ ਲਈ ਇੱਕ ਵੀ ਸੂਟ ਨਹੀਂ ਹੈ---ਇਹ ਸ਼ਾਇਦ ਅਲੋਕਾਰ ਘਟਨਾ ਹੀ ਸੀ--ਸੂਟ ਮੇਰੇ ਵੱਲ ਵਧਾਉਂਦਿਆਂ ਬੋਲੀ, “ਚਲ ਨਾਹ ਲੈ ਪੁੱਤ---ਅਜੇ ਆਹ ਤੂੰ ਆਪਣੀ ਨਣਦ ਦਾ ਸੂਟ ਪਹਿਨ ਲੈ---ਤੈਨੂੰ ਮੈਂ ਹੋਰ ਕੱਪੜੇ ਸਮਾਅ ਕੇ ਦਊਂ---ਤੂੰ ਅੱਜ ਦਾ ਕੰਮ ਸਾਰ---"

    ਤੇ ਸੱਚ ਮੰਨਿਓ---ਨਹਾ ਕੇ ਮੈਨੂੰ ਹੋਸ਼ ਆਈ---ਪੰਦਰਾਂ ਦਿਨਾਂ ਤੋਂ ਬਿਨਾਂ ਨਹਾਤੇ ਬੰਦੇ ਦਾ ਹਾਲ ਤੁਸੀਂ ਸੋਚ ਕੇ ਦੇਖੋ---ਕਿਹੋ ਜਿਹਾ ਹੋ ਸਕਦਾ ਹੈ---ਪਰ ਹੁਣ ਇੱਕ ਹੋਰ ਪੰਗਾ ਖੜ੍ਹਾ ਹੋ ਗਿਆ---ਜਿਹੜਾ ਸੂਟ ਮੈਂ ਆਪਣੀ ਨਣਦ ਦਾ ਪਾਇਆ---ਇਹ ਮੇਰੇ ਮੇਚ ਦਾ ਨਹੀਂ ਸੀ---ਇਹ ਕਤਈ ਬੇਮੇਚਾ ਸੀ---ਮੇਰੀ ਨਣਦ ਪੰਜ ਫੁੱਟ ਅੱਠ ਇੰਚ ਲੰਮੀ ਹੱਟੀ ਕੱਟੀ ਔਰਤ ਸੀ ਤੇ ਮੈਂ---ਮੈਂ ਮਾੜਚੂ ਜਿਹੀ---ਮਰੀਅਲ ਜਿਹੀ ਮਸਾਂ ਪੰਜ ਫੁੱਟ ਦੀ ਹੋਵਾਂਗੀ---ਕਮੀਜ਼ ਗਿੱਟਿਆ ਤੱਕ ਆਉਂਦੀ ਸੀ ਤੇ ਸਲਵਾਰ ਦਾ ਚੌਥਾ ਹਿੱਸਾ ਮੈਂ ਨੇਫ਼ੇ ਵਿੱਚ ਅੜੰਗਿਆ---ਤਾਂ ਕਿਤੇ ਜਾ ਕੇ ਇਹ ਮੇਰੇ ਪੈਰਾਂ `ਚ ਆਉਂਣੋਂ ਹਟੀ---

    ਮੈਂ ਇਹ ਬੇਮੇਚੇ ਕੱਪੜੇ ਪਾ ਕੇ ਜਦੋਂ ਦਲਾਨ ਵਿੱਚ ਆਈ ਤਾਂ ਉੱਥੇ ਮੈਨੂੰ ਦੇਖਣ ਲਈ ਕਈ ਔਰਤਾਂ ਬੈਠੀਆਂ ਸਨ---ਮੈ ਝੁਕ ਝੁਕ ਕੇ ਕੱਲੀ ਕੱਲੀ ਦੇ ਪੈਰੀ ਹੱਥ ਲਾਏ---ਸਾਰੀਆਂ ਨੇ ਮੈਨੂੰ ਅਸੀਸਾਂ ਦਿੱਤੀਆਂ---ਸਭਨਾਂ ਨੇ ਇਹ ਅਸੀਸ ਜ਼ਰੂਰਦਿੱਤੀ ਕਿ ਦੁੱਧੀ ਨਾਹਵੇਂ ਤੇ ਪੁੱਤੀਂ ਖੇਡ੍ਹੇਂ---ਬੁੱਢ ਸੁਹਾਗਣ ਹੋਵੇ---ਤੁਸੀਂ ਸੋਚ ਸਕਦੇ ਹੋ ਕਿ ਇਹ ਅਸੀਸ ਸੁਣ ਕੇ ਮੈਨੂੰ ਕਿਸ ਤਰ੍ਹਾਂ ਲੱਗਾ ਹੋਵੇਗਾ---ਕੀ ਮੈਂ ਦੁੱਧੀਂ ਨਾਹੁਣਾ ਚਾਹੁੰਦੀ ਸਾਂ?? ਕੀ ਮੈ ਪੁੱਤੀ ਖੇੜ੍ਹਣਾ ਚਾਹੁੰਦੀ ਸਾਂ?? ਤੇ ਕੀ ਮੈਂ ਬੁੱਢ ਸੁਹਾਗਣ ਹੋਣਾ ਲੋਚਦੀ ਸਾਂ???

    ਨਹੀਂ ਨਹੀਂ---ਬਿਲਕੁਲ ਵੀ ਨਹੀਂ---ਤੁਸੀਂ ਮੰਨੋ ਜਾਂ ਨਾ ਪਰ ਮੈ ਇਹ ਸਭ ਕੁੱਝ ਹੰਢਾਉਣਾ ਈ ਨਹੀਂ ਸਾਂ ਚਾਹੁੰਦੀ---ਇਹੋ ਜਿਹੇ ਲੋਥੜੇ ਪਤੀ ਨੂੰ ਕਿਹੜੀ ਔਰਤ ਬੁਢਾਪੇ ਤੱਕ ਹੰਢਾਉਣਾ ਚਾਹੇਗੀ? ਚਲੋ ਮੇਰੇ ਚਾਹੁਣ ਨਾ ਚਾਹੁਣ ਨੂੰ ਛੱਡੋ---ਤੁਸੀਂ ਇਹ ਦੱਸੋ ਕਿ ਕੀ ਮੈਂ ਕੌਮਾ `ਚ ਚਲੇ ਗਏ ਨਿਰੰਜਣ ਸਿੰਘ ਦੇ ਬੱਚਿਆਂ ਦੀ ਮਾਂ ਬਣ ਸਕਦੀ ਸਾਂ?

    ਸੱਚ ਜਾਣਿਓ---ਉਸ ਦਿਨ ਔਰਤਾਂ ਵੱਲੋਂ ਦਿੱਤੀਆਂ ਗਈਆਂ ਅਸੀਸਾਂ ਸੰਭਾਲਣ ਲਈ ਮੈਂ ਪੱਲਾ ਅੱਡਿਆ ਵੀ ਸੀ---ਇਹ ਸੋਚ ਕੇ ਕਿ ਕੀ ਪਤਾ ਇਹਨਾਂ ਦੀਆਂ ਅਸੀਸਾਂ ਕੋਈ ਭਗਵਾਨ ਨਾਮ ਦੀ ਸ਼ਕਤੀ ਸੁਣ ਈ ਲਵੇ---ਪਰ ਉਸ ਘੜੀ ਇੱਕ ਹੋਰ ਦੁਰਘਟਨਾ ਘਟ ਗਈ---ਮੈਂ ਜਦੋਂ ਉਹਨਾਂ ਔਰਤਾਂ ਵਿਚੋਂ ਆਖਰੀ ਔਰਤ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਮੇਰੀ ਨਣਦ ਦੇ ਲੰਮੇ ਝੰਮੇ ਕਮੀਜ਼ ਦਾ ਇੱਕ ਕੋਨਾ ਮੇਰੇ ਪੈਰ `ਚ ਅੜ ਗਿਆ ਤੇ ਮੇਰੀ ਅਸੀਸਾਂ ਸਾਂਭਣ ਲਈ ਅੱਡੀ ਝੋਲ ਸਮੇਤ ਮੈਂ ਕਮੀਜ਼ ਵਿੱਚ ਉਲਝ ਕੇ ਡਿੱਗ ਪਈ---ਹੁਣ ਜੇ ਇਹਨਾਂ ਔਰਤਾਂ ਵੱਲੋਂ ਦਿੱਤੀਆਂ ਅਸੀਸਾਂ ਮੇਰੀ ਝੋਲੀ `ਚ ਪਈਆਂ ਵੀ ਸਨ ਤਾਂ ਇਹ ਖਿੱਲਰ ਗਈਆਂ---ਦਲਾਨ `ਚ ਖਿੰਡ ਪੁੰਡ ਗਈਆਂ---ਮੈਂ ਬੇਭਾਗ ਤਾਂ ਹਾਂ ਹੀ---ਮੇਰੇ ਨਾਲ ਇਹ ਕੁੱਝ ਤਾਂ ਵਾਪਰਨਾ ਈ ਸੀ---ਔਰਤਾਂ ਨੇ ਸਹਾਰਾ ਦੇ ਕੇ ਮੈਨੂੰ ਚੱਕਿਆ---ਉਹ ਮਲਵੀਂ ਜਿਹੀ ਜੀਭ ਨਾਲ ਮੈਨੂੰ ਦਿਲਾਸਾ ਦੇ ਰਹੀਆਂ ਸਨ---ਅਖੇ ਕੋਈ ਨਾ ਪੁੱਤ---ਤੂੰ ਤਕੜੀ ਹੋ---ਜੇ ਐਂ ਚੱਕਰ ਖਾ ਖਾ ਕੇ ਗਿਰਦੀ ਫਿਰੇਂਗੀ ਤਾਂ ਨਿਰੰਜਣ ਸਿੰਘ ਨੂੰ ਕੌਣ ਸਾਂਭੂ?

    ਦੇਖੋ! ਮੇਰੀ ਕਿਸੇ ਨੂੰ ਫਿਕਰ ਨਹੀਂ ਸੀ---ਇਹ ਕਿਸੇ ਨੇ ਨਾ ਕਿਹਾ ਕਿ ਜੇ ਤੂੰ ਐਂ ਚੱਕਰ ਖਾ ਖਾ ਗਿਰਦੀ ਫਿਰੇਂਗੀ ਤਾਂ ਬਿਮਾਰ ਹੋ ਜਾਵੇਗੀ---ਨਾਅ---ਸਭ ਨੂੰ ਇਹੀ ਚਿੰਤਾ ਸੀ ਕਿ ਜੇ ਮੈਂ ਕਮਜ਼ੋਰ ਹੋ ਗਈ ਤਾਂ ਨਿਰੰਜਣ ਸਿੰਘ ਵੀ ਸੇਵਾ ਕੌਣ ਕਰੂਗਾ? ਇੱਕ ਗੱਲੋਂ ਉਹ ਸੱਚੀਆਂ ਵੀ ਸਨ---ਬਈ ਜੇ ਨਿਰੰਜਣ ਸਿੰਘ ਰਾਜੀ ਬਾਜੀ ਰਹੇਗਾ ਤਾਂ ਹੀ ਮੈਂ ਬੁੱਢ ਸੁਹਾਗਣ ਹੋਵਾਂਗੀ---ਨਹੀਂ ਤਾਂ ਇਹਨਾਂ ਦੀਆਂ ਅਸੀਸਾਂ ਨਿਸਫ਼ਲ ਨਹੀਂ ਹੋ ਜਾਣਗੀਆਂ??

    ਇਹ ਕਿਹੋ ਜਿਹੀ ਅਗਨੀ ਪ੍ਰੀਖਿਆ ਮੈਨੂੰ ਦੇਣੀ ਪੈ ਰਹੀ ਸੀ? ਇਹਨਾਂ ਔਰਤਾਂ ਵੱਲੋਂ ਦਿੱਤੀਆਂ ਅਸੀਸਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੈਨੂੰ ਕੁੱਝ ਸਮੇਂ ਬਾਦ ਪੁੱਤਰ ਵਤੀ ਹੋਣ ਲਈ ਮਜ਼ਬੂਰ ਕੀਤਾ ਜਾਵੇਗਾ---ਤੇ ਪੁੱਤਰ ਪੈਦਾ ਨਾ ਕਰਨ ਦੀ ਦਸ਼ਾ ਵਿੱਚ ਗੁਨਾਹਗਾਰ ਵੀ ਮੈਂ ਹੀ ਗਰਦਾਨੀ ਜਾਵਾਂਗੀ---ਹੈ ਕਿਧਰੇ ਇਨਸਾਫ਼?? ਹੈ ਕਿਧਰੇ ਕੋਈ ਸੁਣਵਾਈ??

    ਗਿਰਨ ਸਦਕਾ ਮੈਨੂੰ ਸਰੀਰਕ ਸੱਟ ਤਾਂ ਬੇਸ਼ੱਕ ਕੋਈ ਨਹੀਂ ਸੀ ਲੱਗੀ ਪਰ ਮਾਨਸਿਕ ਧੱਕਾ ਜ਼ਰੂਰ ਲੱਗਿਆ ਸੀ---ਔਰਤਾਂ ਮੇਰਾ ਮਜ਼ਾਕ ਬਣਾਉਣਗੀਆਂ---ਸਾਰਾ ਦਿਨ ਔਰਤਾਂ ਦੀ ਆਵਾਜਾਈ ਰਹੀ---ਨਵੀਂ ਵਹੁਟੀ ਨੂੰ ਦੇਖਣ ਸਾਰੇ ਪਿੰਡ ਦੀਆਂ ਔਰਤਾਂ ਢੁੱਕੀਆਂ---ਸ਼ਾਮ ਤੱਕ ਮੈਂ ਬੁੱਢ ਸੁਹਾਗਣ ਹੋਣ ਤੇ ਦੁੱਧੀ ਨਾਹੁਣ ਔਰ ਪੁੱਤੀਂ ਖੇਡ੍ਹਣ ਦੀਆਂ ਅਸੀਸ਼ਾਂ ਸੁਣ ਸੁਣ ਕੇ ਊਬ ਗਈ ਸਾਂ---ਆਥਣ ਤੱਕ ਕੋਈ ਹਜ਼ਾਰ ਬਾਰ ਇਹ ਅਸੀਸ ਸੁਣਨ ਬਾਦ ਹੁਣ ਇਹ ਮੇਰੇ ਸਿਰ `ਚ ਹਥੌੜੇ ਵਾਂਗ ਵੱਜਣੀ ਸੁਰੂ ਹੋ ਗਈ---ਸਵੇਰੇ ਕਮੀਜ਼ ਦੇ ਕੋਨੇ `ਚ ਉੜ੍ਹਕ ਕੇ ਡਿੱਗਣ ਬਾਦ ਮੈਂ ਦੋਬਾਰਾ ਇਹਨਾਂ ਅਸੀਸਾਂ ਨੂੰ ਝੋਲੀ ਅੱਡ ਕੇ ਸਾਂਭਣ ਦੀ ਬਜਾਇ ਇਹ ਖਿੰਡ ਪੁੰਡ ਜਾਣ ਦਿੱਤੀਆਂ---ਮੇਰੇ ਬੇਮੇਚੇ ਤੇ ਬੇਦਬੇ ਸੂਟ ਨੂੰ ਦੇਖ ਕੇ ਆਉਣ ਵਾਲੀਆਂ ਔਰਤਾਂ ਦੇ ਝੁੰਡ ਨੂੰ ਬਾਰ ਬਾਰ ਮੇਰੀ ਸੱਸ ਨੂੰ ਸਫ਼ਾਈ ਦੇਣੀ ਪਿਆ ਕਰੇ,

    “ਭਾਈ ਕੀ ਕਰੀਏ---ਇਹਦੇ ਮਾਪਿਆਂ ਨੇ ਤਾਂ ਇਹਦੇ ਬਾਸਤੇ ਸਾਰਾ ਦਾਜ ਦਹੇਜ ਤਿਆਰ ਕਰ ਰੱਖਿਆ ਸੀਗ੍ਹਾ---ਪਰ ਨਿਰੰਜਣ ਸੂੰ ਦੀ ਬਮਾਰੀ ਨੇ ਸਾਰਾ ਕੰਮ ਖਰਾਬ ਕਰ `ਤਾ, ਬਚਾਰੀ ਕੱਪੜਿਆਂ ਆਲਾ ਟਰੰਕ ਵੀ ਨਾ ਲਿਆ ਸਕੀ---ਮੈਂ ਕਿਹਾ ਬਈ ਅੱਜ ਤੂੰ ਮਖਤਿਆਰੋ ਦੇ ਕੱਪੜੇ ਪਾ ਲੈ---ਕੱਲ੍ਹ ਨੂੰ ਤੇਰੇ ਸੂਟ ਸਮਾ ਦਿਆਂਗੇ---ਹੁਣ ਮੁਖਤਿਆਰੋ ਹੋਈ ਸੁੱਖ ਨਾਲ ਲਟੈਣ ਵਰਗੀ ਕੁੜੀ ਤੇ ਆਹ ਛਛੂੰਦਰ ਜਹੀ---ਬੱਸ---ਅਸੀਂ ਵੀ ਇਹਦੇ ਕੱਪੜੇ ਨਾ ਸਮਾਏ ਬਈ ਆ ਕੇ ਆਪਣੀ ਪਸਿੰਦ ਦੇ ਸਮਾਅ ਲਊਗੀ---"

    ਔਰਤਾਂ ਮੇਰੀ ਸੱਸ ਨਾਲ ਗੱਲਾਂ ਵੀ ਕਰਦੀਆਂ ਜਾਣ---ਮੈਨੂੰ ਅਸੀਸਾਂ ਵੀ ਦਿੰਦੀਆਂ ਜਾਣ ਤੇ ਨਿਰੰਜਣ ਸਿੰਘ ਦੀ ਬਮਾਰੀ ਦਾ ਅਫ਼ਸੋਸ ਵੀ ਕਰਦੀਆਂ ਜਾਣ---ਇੱਕ ਜਣੀ ਆਖ ਰਹੀ ਸੀ,

    “ਚਲ ਉਹ ਜਾਣੇ ਭਾਈ---ਨਿਰੰਜਣ ਸੂੰ ਦੀ ਰੋਟੀ ਪੱਕਦੀ ਹੋ ਗੀ---ਕੀ ਹੋਇਆ ਜੇ ਬਹੂ ਅਧਮਾਣਸ ਐ---ਜੁਆਕਾਂ ਨੂੰ ਤਾਂ ਮਾਂ ਮਿਲ ਗਈ---ਉਹਨਾਂ ਦੇ ਮੂੰਹ `ਚ ਚੋਗਾ ਪਾਉਗੀ---ਨਾਲੇ ਇਹਨੂੰ ਕਹੋ ਅਰਦਾਸ ਕਰਿਆ ਕਰੇ---ਰੋਜ ਗੁਰਦੁਆਰੇ ਮੰਦਰ ਜਾ ਕੇ ਆਪਣੇ ਪਤੀ ਪਨਮੇਸ਼ਰ ਦੇ ਰਾਜੀ ਹੋਣ ਲਈ ਪੱਲਾ ਅੱਡਿਆ ਕਰੇ---ਪ੍ਰਮਾਤਮਾ ਜ਼ਰੂਰਬਹੁੜੂਗਾ---ਨਾਲੇ ਸੱਚੇ ਮਨੋਂ ਕੀਤੀ ਅਰਦਾਸ ਨੇ ਤਾਂ ਭਾਈ ਬੀਬੀ ਰਜਨੀ ਦੇ ਕੋਹੜੀ ਪਤੀ ਨੂੰ ਰਾਜੀ ਬਾਜੀ ਕਰ `ਤਾ ਸੀ---ਨੌਂ ਬਰ ਨੌਂ ਹੋ ਗਿਆ ਸੀ---ਅਰਦਾਸ `ਚ ਬੜੀ ਤਾਕਤ ਹੁੰਦੀ ਐ---"

    ਸੁਣ ਕੇ ਮੇਰੀ ਸੱਸ ਦੀਆਂ ਅੱਖਾਂ `ਚ ਚਮਕ ਆ ਗਈ---ਉਸ ਨੇ ਕੰਧ ਉੱਤੇ ਟੰਗੇ ਗੁਰੂਆਂ ਦੇ ਕਲੰਡਰ ਅੱਗੇ ਨਤਮਸਤਕ ਹੁੰਦਿਆਂ ਕਿਹਾ,

    “ਲੈ ਤੇਰੀ ਹਾਅ ਗੱਲ ਤਾਂ ਸੋਲਾਂ ਆਨੇ ਦੀ ਐ---ਉਹਨੇ ਬੀ ਤਾਂ ਅਰਦਾਸ ਕਰ ਕੇ ਪਤੀ ਦਾ ਕੋਹੜ ਦੂਰ ਕਰ ਲਿਆ ਸੀ---ਤੇ ਜੇ ਸਾਡੀ ਬਹੂ ਅਰਦਾਸ ਕਰੂ ਤਾਂ ਇਹਦੀ ਨਾ ਪ੍ਰਮਾਤਮਾ ਸੁਣੂੰ?"

    ਗੱਲ ਕਿਸੇ ਹੋਰ ਹੀ ਪਾਸੇ ਨੂੰ ਤੁਰ ਪਈ---ਇੱਕ ਹੋਰ ਬੁੱਢੀ ਅੱਖਾਂ ਤੇ ਹੱਥ ਧਰਦਿਆਂ ਬੋਲੀ,

    “ਨਾਲੇ ਬਹੂ ਨੂੰ ਕਹੋ ਬਰਤ ਰੱਖਿਆ ਕਰੇ---ਸੋਮਵਾਰ ਦਾ ਸ਼ਿਵ ਭੋਲੇ ਨਾਥ ਦਾ---ਸੁੱਕਰਵਾਰ ਦਾ ਸੰਤੋਸ਼ੀ ਮਾਤਾ ਦਾ ਤੇ ਹਰ ਪੂਰਨਮਾਸੀ---ਕੋਈ ਨਾ ਕੋਈ ਦੇਵੀ ਦੇਵਤਾ ਤਾਂ ਪੁਕਾਰ ਸੁਣੂੰਗਾ ਈ---"ਇਹ ਬੁੱਢੀ ਪੰਡਤਾਣੀ ਸੀ---ਲੋਕ ਇਹ ਨੂੰ ਡਕੈਂਤਣੀ ਕਹਿ ਕੇ ਬੁਲਾਉਂਦੇ ਸਨ---ਮੈਨੂੰ ਉਸ ਦਾ ਬਿਨਾ ਮੰਗਿਆ ਮਸਵਰਾ ਬੁਰਾ ਲੱਗਿਆ---ਉਹ ਮੇਰੇ ਘਰਦਿਆਂ ਨੂੰ ਕਿਹੋ ਜਿਹੀ ਪੁੱਠੀ ਸਲਾਹ ਦੇਣ ਲੱਗੀ ਸੀ---ਅਖੇ ਬਹੂ ਨੂੰ ਕਹੋ ਵਰਤ ਰੱਖਿਆ ਕਰੇ---ਕਿਉਂ ਬਈ? ਮੈਂ ਭਲਾਂ ਕਿਉਂ ਭੁੱਖੀ ਮਰਾਂ---ਨਾਲੇ ਇਹਨਾਂ ਵਰਤਾਂ ਵਿੱਚ ਮੇਰੀ ਕੋਈ ਸ਼ਰਧਾ ਈ ਨਹੀਂ ਸੀ---ਫੇਰ ਮੇਰਾ ਜਦੋਂ ਕੋਈ ਮੋਹ ਪਿਆਰ ਈ ਹੈ ਨੀ ਸੀ ਨਿਰੰਜਣ ਸਿੰਘ ਨਾਲ---ਕੋਈ ਰਿਸ਼ਤਾ ਨਾਤਾ ਈ ਨਹੀਂ ਸੀ---ਤਾਂ ਊਈਂ ਖਾਹਮਖਾਹ---!ਫੇਰ ਉਹ ਮੈਨੂੰ ਮੁਖਾਤਬ ਹੋਈ,

    “ਪੁੱਤ ਬਹੂ ਰਾਣੀ---ਤੂੰ ਸੋਮਵਾਰ ਦਾ ਤੇ ਛੁੱਕਰਬਾਰ ਦਾ ਬਰਤ ਰੱਖਿਆ ਕਰ---ਨਾਲੇ ਸੁਖਮਨੀ ਸਾਹਿਬ ਤੇ ਜਪੁਜੀ ਸਾਹਬ ਦਾ ਪਾਠ ਵੀ ਕਰਿਆ ਕਰ---ਰੱਬ ਸੁਣੂਗਾ ਤੇਰੀ---ਸੁਣ ਕੇ ਮੇਰਾ ਜੀ ਕੀਤਾ ਕਿ ਕਹਾਂ ਬਈ ਨਾਲੇ ਤਾਂ ਗੁਰਬਾਣੀ ਪੜ੍ਹਨ ਦੀ ਮੱਤ ਦੇ ਰਹੀ ਅਂੈ---ਨਾਲੇ ਬਰਤਾਂ ਵਰਗੇ ਪਖੰਡਾਂ `ਚ ਪੈਣ ਦੀ ਗੱਲ ਕਰ ਰਹੀ ਐਂ---ਗੁਰਬਾਣੀ ਤਾਂ ਬਾਹਰਮੁਖੀ ਪਖੰਡਾਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੀ ਐ---ਪਰ ਮੈਂ ਚੁੱਪ ਰਹੀ---ਨਾਲੇ ਨਵੀਂ ਵਿਆਹੁਲੀ ਨੂੰਹ ਧੀ ਇਸ ਤਰਾਂ ਦੀ ਬਹਿਸ ਕਰ ਹੀ ਨੀ ਸਕਦੀ---

    ਮੈਂ ਚੁੱਪ ਦੀ ਚੁੱਪ ਉਹਦੇ ਮੂੰਹ ਵੱਲ ਤੱਕ ਰਹੀ ਸਾਂ---ਮੈਂ ਨਾ ਉਸ ਦੇ ਮਸ਼ਵਰੇ ਦੀ ਹਾਮੀ ਭਰੀ ਸੀ ਤੇ ਨਾਂ ਇਨਕਾਰ ਕੀਤਾ ਸੀ---ਫੇਰ ਅਗਲੀ ਸਵੇਰ ਮੇਰੀ ਸੱਸ ਨੇ ਬੜੀ ਅਲੋਕਾਰ ਗੱਲ ਦੱਸੀ, ਮੈਨੂੰ ਦੋ ਸੂਟ ਫੜਾਉਂਦਿਆਂ ਬੋਲੀ,

    “ਪੁੱਤ ਅਸੀਂ ਤਾਂ ਤੇਰੇ ਨਾਪੇ ਦੇ ਕੱਪੜੇ ਸਮਿਆਏ ਈ ਨੀ ਤੀਗ੍ਹੇ---ਤੇਰੇ ਬਾਪੂ ਨੂੰ ਅਸੀਂ ਤੇਰਾ ਮੇਚਾ ਭੇਜਣ ਨੂੰ ਕਿਹਾ ਸੀ ਪਰ ਉਹ ਕਹਿਣ ਲੱਗਿਆ ਕਿ ਉਹ ਆਪੇ ਸਿਊਂ ਲਊਗੀ ਆ ਕੇ---ਕਾਹਨੂੰ ਦਰਜਾਣੀ ਨੂੰ ਪੈਸੇ ਦੇਣੇ ਨੇ---ਕਹਿੰਦਾ ਸੀ ਬਈ ਤੂੰ ਮਸ਼ੀਨ ਬਹੁਤ ਵਧੀਆ ਚਲਾ ਲੈਨੀ ਐ---ਦੱਸਦਾ ਸੀ ਬਈ ਸਾਰੇ ਟੱਬਰ ਦੇ ਕੱਪੜੇ ਉਹੀ ਸਿਊਂਦੀ ਐ---ਹੁਣ ਦੋ ਸੂਟ ਮੈਂ ਸਮਿਆਂ ਤੇ---ਬਾਕੀ ਤੂੰ ਆਪੇ ਸਿਊਂ ਲਈ---"

    ਮੈਂ ਹੱਕੀ ਬੱਕੀ---ਬਾਪੂ ਨੇ ਕਿਵੇਂ ਐਡੀ ਵੱਡੀ ਗੱਪ ਮਾਰ ਦਿੱਤੀ---ਮੈਨੂੰ ਤਾਂ ਮਸ਼ੀਨ ਗੇੜਨੀ ਤੱਕ ਨੀ ਆਉਂਦੀ---ਮੇਰਾ ਇੱਕ ਹੱਥ ਤਾਂ ਉੱਕਾ ਕਮਜ਼ੋਰ ਐ---ਪਰ ਮੈਂ ਪਤਾ ਨੀ ਕੀ ਸੋਚ ਕੇ ਆਪਣੀ ਸੱਸ ਦੀ ਹਾਂ `ਚ ਹਾਂ ਮਿਲਾ ਦਿੱਤੀ---ਮੈਂ ਆਪਣੀ ਨਣਦ ਦੀ ਲੰਮੀ ਸਲਵਾਰ ਟੰਗ ਟੰਗ ਕੇ ਦੁਖੀ ਹੋਈ ਪਈ ਸਾਂ---ਹਰ ਬਾਰ ਉਠਦਿਆਂ ਬਹਿੰਦਿਆਂ ਕਮੀਜ਼ ਪੈਰਾਂ ਹੇਠ ਦਬ ਜਾਂਦੀ ਤੇ ਮੈਂ ਗਿਰਨੋ ਬਚਦੀ---

    ਸ਼ੁਕਰ ਐ ਮੈਨੂੰ ਮੇਚ ਦੇ ਕੱਪੜੇ ਪਹਿਨਣ ਨੂੰ ਮਿਲੇ---ਮੇਰੀ ਸੱਸ ਨੇ ਬੜੇ ਪਿਆਰ ਨਾਲ ਮੈਨੂੰ ਕੁੱਝ ਗਹਿਣੇ ਵੀ ਪਹਿਨਾਏ---ਮੈਨੂੰ ਲੱਗਿਆ ਕਿ ਉਹ ਗਹਿਣੇ ਕੱਪੜੇ ਪਹਿਨਾਅ ਕੇ ਮੈਨੂੰ ਪਰਚਾਉਣ ਦੀ ਕੋਸ਼ਿਸ਼ ਕਰ ਰਹੀ ਐ---ਮੈਂ ਗਹਿਣੇ ਪਾ ਕੇ ਖੁਸ਼ ਹੋਣ ਦੀ ਬਜਾਇ ਅੰਦਰ ਤੱਕ ਦੁਖ ਗਈ---ਇਹ ਗਹਿਣੇ ਮੈਂ ਜ਼ਿੰਦਗੀ `ਚ ਪਹਿਲੀ ਵਾਰ ਪਹਿਨੇ ਸਨ ਸੋ ਇਹ ਮੈਨੂੰ ਚੁਭਦੇ ਸਨ---ਮੈਨੂੰ ਬੋਝ ਲਗਦੇ ਸਨ---ਅਟਪਟੇ ਵੀ ਲੱਗ ਰਹੇ ਸਨ---ਮੈਂ ਇਹ ਗਹਿਣੇ ਪਾ ਕੇ ਸਹਿਜ ਮਹਿਸੂਸ ਨਹੀਂ ਸਾਂ ਕਰ ਰਹੀ---ਮੇਰੇ ਮਨ ਵਿੱਚ ਬਾਰ ਬਾਰ ਖਿਆਲ ਆਵੇ ਕਿ ਮੈਂ ਇਹ ਗਹਿਣੇ ਲਾਹ ਕੇ ਬੇਬੇ ਨੂੰ ਵਾਪਸ ਕਰ ਦਿਆਂ---ਪਰ ਹਿੰਮਤ ਨਾ ਕਰ ਸਕੀ---ਚੁਭਦੇ ਅਤੇ ਅਟਪਟੇ ਗਹਿਣੇ ਪਾ ਕੇ ਹੀ ਤੁਰੀ ਫਿਰਦੀ ਰਹੀ---

    ਸੋਚ ਰਹੀ ਸਾਂ ਕਿ ਮੇਰੇ ਵਰਗੀ ਬਦਕਿਸਮਤ ਔਰਤ ਹੋਰ ਕੋਈ ਨੀ ਹੋ ਸਕਦੀ---ਵਿਆਹ ਤੋਂ ਬਾਦ ਕੁੜੀਆਂ ਗਹਿਣੇ ਕੱਪੜੇ ਪਾ ਕੇ ਖੁਸ਼ ਹੁੰਦੀਆਂ ਨੇ ਤੇ ਇੱਕ ਮੈਂ ਹਾਂ ਜਿਹੜੀ ਕੱਲ੍ਹ ਦੀ ਬੇ-ਮੇਚੇ ਕੱਪੜਿਆਂ ਕਰਕੇ ਦੁਖੀ ਹੁੰਦੀ ਰਹੀ ਤੇ ਅੱਜ ਇਹਨਾਂ ਚੁਭਦੇ ਗਹਿਣਿਆਂ ਕਰਕੇ ਪ੍ਰੇਸ਼ਾਨ ਹੋ ਰਹੀ ਹਾਂ---ਅਖੀਰ ਆਥਣੇ ਮੈਂ ਇਹ ਗਹਿਣੇ ਇਹ ਕਹਿ ਕੇ ਵਾਪਸ ਕਰ ਦਿੱਤੇ ਕਿ ਬੇਬੇ ਅਜੇ ਮੈਂ ਇਹਦੀ ਸੇਵਾ ਸੰਭਾਲ ਕਰਨੀ ਐ---ਕਿਤੇ ਉੜ੍ਹਕ ਕੇ ਡਿੱਗ ਹੀ ਨਾ ਜਾਣ---ਮੈਂ ਬਾਦ `ਚ ਪਹਿਨ ਲਊਂਗੀ---ਗਹਿਣੇ ਲਾਹ ਕੇ ਮੈਨੂੰ ਚੈਨ ਆਈ---ਮੈਂ ਜਿਵੇਂ ਹਲਕੀ ਹਲਕੀ ਹੋ ਗਈ---

    ਇਹ ਐਤਵਾਰ ਦਾ ਦਿਨ ਸੀ---ਸ਼ਾਮੀ ਮੇਰੀ ਸੱਸ ਨੇ ਮੈਨੂੰ ਸੋਮਵਾਰ ਦਾ ਵਰਤ ਰੱਖਣ ਲਈ ਤਿਆਰ ਕਰਦਿਆਂ ਕਿਹਾ,

    “ਪੁੱਤ ਕੱਲ੍ਹ ਡਕੈਂਤਣ ਕਹਿੰਦੀ ਤੀਘੀ---ਬਈ ਜੇ ਬਹੂ ਬਰਤ ਰੱਖੇ ਤਾਂ ਨਿਰੰਜਣ ਸੂੰ ਠੀਕ ਹੋ ਸਕਦੈ---ਚਲ ਘਰ `ਚ ਦੁੱਧ ਬਾਧ ਦੀ ਤਾਂ ਕਮੀ ਨੀ---ਬੱਸ ਇੱਕ ਅੰਨ ਈ ਨੀ ਖਾਣਾ---ਬਾਕੀ ਦੁੱਧ ਦਾ, ਖੋਏ ਦਾ, ਫਲ ਫਰੂਟ ਦਾ ਤਾਂ ਕੋਈ ਪ੍ਰਹੇਜ ਨੀ---ਪੁੱਤ ਕੱਲ੍ਹ ਨੂੰ ਸੋਮਵਾਰ ਐ---ਜੇ ਤੂੰ ਵਰਤ ਰੱਖ ਲਵੇਂ ਤਾਂ ਕੀ ਪਤਾ ਸਿਵ ਭਗਵਾਨ ਤੇਰੀ ਬੇਨਤੀ ਸੁਣ ਈ ਲਵੇ---ਉਹ ਤਾਂ ਕਹਿੰਦੇ ਉਂਜ ਵੀ ਭੋਲਾ ਭਾਲਾ ਐ---"

    ਮੈਂ ਆਪਣੀ ਸੱਸ ਨੂੰ ਕਹਿਣਾ ਚਾਹਿਆ ਕਿ ਮੈਂ ਇਕੱਲੀ ਹੀ ਭਲਾਂ ਕਿਉਂ ਵਰਤ ਰੱਖਾਂ? ਨਿਰੰਜਣ ਥੋਡਾ ਸਾਰਿਆਂ ਦਾ ਵੀ ਤਾਂ ਕੁੱਝ ਲਗਦਾ ਈ ਹੋਣਾ---ਆਪਾ ਸਾਰੇ ਜਣੇ ਮਿਲ ਕੇ ਬਰਤ ਕਿਉਂ ਨੀ ਰੱਖ ਲੈਂਦੇ---ਸ਼ਿਵ ਜੀ ਕਿਸੇ ਦੀ ਤਾਂ ਸੁਣ ਹੀ ਲਊਗਾ---ਸਿਰਫ਼ ਮੈਂ ਹੀ ਕਿਉਂ ਕੁਰਬਾਨੀ ਦਿਆਂ---ਪਰ ਇਹ ਕੁੱਝ ਕਹਿਣ ਲਈ ਨਾਂ ਮੇਰੇ ਕੋਲ ਹਿੰਮਤ ਸੀ ਤੇ ਨਾ ਹੀ ਔਕਾਤ।

    ਅਗਲੇ ਦਿਨ ਨਾ ਚਾਹੁੰਦਿਆਂ ਹੋਇਆਂ ਵੀ ਬੰਨ੍ਹੀ ਰੁੱਧੀ ਨੇ ਬਰਤ ਰੱਖ ਲਿਆ---

    ਇੱਕ ਤਾਂ ਮੈਂ ਕਦੇ ਜ਼ਿੰਦਗੀ `ਚ ਪਹਿਲਾਂ ਵਰਤ ਰੱਖਿਆ ਨਹੀਂ ਸੀ---ਦੂਸਰਾ ਸਰੀਰਕ ਪੱਖੋਂ ਕਮਜ਼ੋਰ ਹੋਣ ਸਦਕਾ ਮੇਰੇ ਕੋਲੋਂ ਭੁੱਖ ਸਹਿਣ ਨਹੀਂ ਸੀ ਹੋ ਰਹੀ---ਦੁਪਹਿਰ ਤੱਕ ਭੁੱਖ ਨਾਲ ਜਾਨ ਨਿਕਲਣ ਨੂੰ ਹੋ ਗਈ---ਸਵੇਰ ਦੀ ਮੇਰੀ ਸੱਸ ਦੋ ਬਾਰ ਦੁੱਧ ਦੇ ਗਈ ਸੀ---ਦੁਪਹਿਰ ਨੂੰ ਮਿੱਠੀਆਂ ਰੋਟੀਆਂ---ਉਸ ਦਿਨ ਮੈਨੂੰ ਇੱਕ ਫੁਰਨਾ ਫੁਰਿਆ---ਮੈਂ ਹੁੱਬ ਕੇ ਆਪਣੀ ਸੱਸ ਨੂੰ ਕਿਹਾ,

    “ਬੇਬੇ ਮੈਂ ਰਸੋਈ ਦਾ ਕੰਮ ਵੀ ਕਰ ਦਿਆ ਕਰੂੰਗੀ---ਨਾਲੇ ਥੋਨੂੰ ਸਹਾਇਤਾ ਹੋ ਜੂਗੀ---ਰੋਟੀ ਸਬਜੀ ਮੈਂ ਬਹੁਤ ਵਧੀਆਂ ਬਣਾ ਲੈਨੀ ਆਂ---"

    ਮੈਂ ਸੋਚਿਆ ਕਿ ਰਸੋਈ `ਚ ਕੰਮ ਕਰਨ ਦਾ ਮੈਨੂੰ ਇਹ ਫਾਇਦਾ ਹੋ ਜੂਗਾ ਕਿ ਮੈਂ ਅੱਖ ਬਚਾ ਕੇ ਵਰਤ ਵਾਲੇ ਦਿਨ ਵੀ ਰੋਟੀ ਖਾ ਲਿਆ ਕਰੂੰਗੀ---ਮੇਰੀ ਕਿਹੜਾ ਵਰਤਾਂ ਵਿੱਚ ਕੋਈ ਸ਼ਰਧਾ ਜਾਂ ਵਿਸ਼ਵਾਸ ਸੀ---ਮੈਂ ਤਾਂ ਹੁਕਮ ਦੀ ਬੱਧੀ ਵਰਤ ਰੱਖਦੀ ਸਾਂ---ਮੇਰੀ ਗੱਲ ਸੁਣ ਕੇ ਬੇਬੇ ਬੋਲੀ,

    “ਪੁੱਤ ਕੱਲ੍ਹ ਨੂੰ ਤੇਰੇ ਜੁਆਕ ਵੀ ਨਾਨਕਿਆਂ ਤੋਂ ਆ ਜਾਣਗੇ---ਤੈਨੂੰ ਫੇਰ ਈ ਰੋਟੀ ਲਾਵਾਂਗੇ---ਸ਼ਗਨਾਂ ਨਾਲ---ਸ਼ਰੀਕਾ ਕਬੀਲਾ ਕੱਠਾ ਹੋਊ---ਇਹ ਰੀਤ ਕਰਨ ਬਾਦ ਈ ਤੈਨੂੰ ਰਸੋਈ `ਚ ਕੰਮ ਕਰਨ ਦੇਮਾਂਗੇ---ਫੇਰ ਪੁੱਤ ਤਂੈ ਈ ਕਰਨੈ ਸਾਰਾ ਕੰਮ ਧੰਦਾ---ਤੀਮੀਆਂ ਰਸੋਈ ਸਾਂਭਦੀਆਂ ਈ ਹੰੁਦੀਆਂ ਨੇ---"

    ਮੇਰੀ ਸੱਸ ਦੀ ਗੱਲ ਸੁਣ ਮੈਨੂੰ ਆਪਣੀ ਗੱਲ ਤੇ ਖੁਦ ਈ ਸ਼ਰਮ ਆ ਗਈ---ਉਹਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਮੈਂ ਰਸੋਈ ਤਾਂ ਸਾਂਭਣੀ ਹੀ ਸੀ ਫੇਰ ਇਹ ਗੱਲ ਕਹਿਣ ਦੀ ਲੋੜ ਹੀ ਕੀ ਸੀ---ਮੈਂ ਬੇਤੁਕੀ ਗੱਲ ਕਰ ਬੈਠੀ ਸਾਂ---ਨਾਲੇ ਮੇਰੀ ਸੱਸ ਨੇ ਜਦੋਂ “ਤੇਰੇ ਜੁਆਕ ਆ ਜਾਣਗੇ" ਕਿਹਾ ਤਾਂ ਮੈਂ ਝੇਂਪ ਗਈ---ਮੇਰਾ ਅੱਜੇ ਪੰਦਰਾਂ ਸੋਲਾਂ ਦਿਨ ਪਹਿਲਾਂ ਵਿਆਹ ਹੋਇਐ ਤੇ ਹੁਣੇ ਮੈਂ ਵੀਹ ਇੱਕੀ ਸਾਲਾਂ ਦੇ ਬੱਚਿਆਂ ਦੀ ਮਾਂ ਬਣ ਗਈ---ਮੈਂ ਇੱਕ ਹਉਕਾ ਲਿਆ---ਜਿਹੜਾ ਬੇਬੇ ਨੇ ਵੀ ਮਹਿਸੂਸ ਕੀਤਾ---

    ਅਗਲੇ ਦਿਨ “ਮੇਰੇ ਤਿੰਨੋ ਜੁਆਕ" ਨਾਨਕਿਆਂ ਤੋਂ ਆ ਗਏ---ਹੁਣ ਘਰ ਵਿੱਚ ਇੱਕ ਵੱਖਰੀ ਕਿਸਮ ਦਾ ਰੌਲਾ ਰੱਪਾ ਸ਼ੁਰੂ ਹੋ ਗਿਆ---ਘਰ `ਚ ਮੇਰੇ ਸੱਸ ਸਹੁਰਾ---ਨਣਦ---ਦੋ ਦਿਉਰ ਦਰਾਣੀਆਂ---ਇੱਕ ਜੇਠ ਜਠਾਣੀ---ਸਭਨਾਂ ਦੇ ਤਿੰਨ ਤਿੰਨ ਚਾਰ ਚਾਰ ਬੱਚੇ ਅੱਗੇ ਬੱਚਿਆਂ ਦੇ ਬੱਚੇ ਤੇ ਤਿੰਨ ਮੇਰੇ ਪਤੀ ਦੇ ਬੱਚਿਆਂ ਨੂੰ ਮਿਲਾ ਕੇ ਘਰ `ਚ ਪੱਚੀ ਛੱਬੀ ਜੀਅ ਸਨ---ਸੀਰੀ ਸਾਂਝੀ ਤੇ ਆਏ ਗਏ ਅੱਡ---

    ਘਰ ਦੇ ਬਾਕੀ ਜੀਆਂ ਤੋਂ ਮੈਨੂੰ ਕੋਈ ਬਹੁਤਾ ਝਾਕਾ ਨਹੀਂ ਸੀ ਆਉਂਦਾ---ਪਰ ਆਪਣੇ ਪਤੀ ਦੇ ਬੱਚਿਆਂ ਤੋ, ਖਾਸ ਕਰ ਵੱਡੇ ਮੁੰਡੇ ਗੁਰੇ ਤੋਂ ਮੈਨੂੰ ਬਹੁਤ ਭੈਅ ਆਉਂਦਾ ਸੀ---ਬੱਚਿਆਂ ਦੀ ਮੇਰੇ ਪ੍ਰਤੀ ਨਫ਼ਰਤ ਸੁਭਾਵਕ ਵੀ ਸੀ---ਲੇਕਿਨ ਮੇਰਾ ਵੀ ਤਾਂ ਕਿਤੇ ਕੋਈ ਕਸੂਰ ਨਹੀਂ ਸੀ---

    ਅਗਲੇ ਦਿਨ ਮੈਨੂੰ ਸ਼ਗਨਾਂ ਨਾਲ ਰਸੋਈ ਵਿੱਚ ਲਿਜਾਇਆ ਗਿਆ---ਸਹੁਰੇ ਘਰ ਆ ਕੇ ਜੇ ਮੇਰਾ ਕੋਈ ਸ਼ਗਨ ਕੀਤਾ ਗਿਆ ਤਾਂ ਸਿਰਫ਼ ਇਹੀ ਕੀਤਾ ਗਿਆ---ਮੇਰੇ ਪਤੀ ਦੇ ਨਿਆਣੇ ਮੇਰੇ ਨਾਲ ਕਟੇ ਕਟੇ ਅਤੇ ਖਫ਼ਾ ਖਫ਼ਾ ਰਹਿੰਦੇ ਸਨ---ਸਾਡੇ ਵਿਚਕਾਰ ਇੱਕ ਭਿਆਨਕ ਚੁੱਪ ਦੀ ਅਣਦਿਸਦੀ ਦੀਵਾਰ ਸੀ---ਇਸ ਦੀਵਾਰ ਦੀ ਹੋਂਦ ਮਹਿਸੂਸ ਸਾਰਿਆਂ ਨੂੰ ਹੁੰਦੀ ਸੀ ਪਰ ਕੋਈ ਬੋਲਦਾ ਨਹੀਂ ਸੀ।

    ਮੈਂ ਮਿੱਠੀਆਂ ਰੋਟੀਆਂ ਪਕਾਈਆਂ---ਸਾਰੇ ਸ਼ਰੀਕੇ ਅਤੇ ਘਰ ਦਿਆਂ ਨੇ ਰੋਟੀ ਖਾਧੀ---ਮੈਨੂੰ ਸ਼ਗਨ ਦਿੱਤਾ---ਮੈਂ ਸਾਰੇ ਪੈਸੇ ਆਪਣੀ ਨਣਦ ਦੇ ਹਵਾਲੇ ਕਰ ਦਿੱਤੇ---ਮੈਨੂੰ ਤਾਂ ਪੈਸਿਆਂ ਨਾਲ ਕੋਈ ਸਰੋਕਾਰ ਹੀ ਨਹੀਂ ਸੀ---ਤੁਸੀਂ ਦੱਸੋ ਕਿ ਮੈਂ ਪੈਸੇ ਭਲਾਂ ਕਰਨੇ ਵੀ ਕੀ ਸਨ---ਕਿੱਥੇ ਖਰਚਣੇ ਸਨ ਜਾਂ ਕੀਹਦੇ ਲਈ ਜੋੜ ਕੇ ਰੱਖਣੇ ਸਨ---

    ਮੇਰੀਆਂ ਦਰਾਣੀਆਂ ਜਠਾਣੀਆਂ ਮੇਰਾ ਦੁਖ ਸਮਝਦੀਆਂ ਸਨ---ਮੇਰੇ ਨਿਮਰਤਾ ਭਰੇ ਅਤੇ ਮਿਲਾਪੜੇ ਸੁਭਾਅ ਸਦਕਾ ਉਹ ਮੈਨੂੰ ਪਿਆਰ ਵੀ ਕਰਦੀਆਂ ਸਨ---ਮੈਂ ਤੁਹਾਨੂੰ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਾਂ?? ਮੈਂ ਸਹੁਰੇ ਘਰ ਦੇ ਭਰੇ ਪੂਰੇ ਪ੍ਰੀਵਾਰ ਵਿੱਚ ਕਿਸੇ ਦੀ ਨੂੰਹ, ਕਿਸੇ ਦੀ ਭਰਜਾਈ, ਕਿਸੇ ਦੀ ਦਰਾਣੀ ਜਠਾਣੀ, ਚਾਚੀ ਤਾਈ ਤੇ ਬਹੁਤਿਆਂ ਦੀ ਅੰਮਾਂ ਤਾਂ ਬਣ ਗਈ ਪਰ ਕਿਸੇ ਦੀ ਪਤਨੀ ਬਣ ਕੇ ਵੀ ਪਤਨੀ ਨਾ ਬਣ ਸਕੀ---ਮੇਰੀ ਬਦਕਿਸਮਤੀ ਦੇਖੋ---

    ਪਿੰਡ ਦੇ ਬਹੁਤੇ ਲੋਕ ਮੈਨੂੰ ਦਾਦੀ ਜਾਂ ਬੇਬੇ ਕਹਿ ਕੇ ਬੁਲਾਉਂਦੇ---ਕਈ ਅੰਮਾਂ ਕਹਿਣ ਤੋਂ ਝਿਜਕਦੇ ਵੀ---ਪਰ ਨਿਰੰਜਣ ਸਿੰਘ ਬਾਬਿਆਂ ਦੀ ਥਾਵੇਂ ਲੱਗਣ ਸਦਕਾ ਮੈਂ ਉਹਨਾਂ ਦੀ ਦਾਦੀ ਅੰਮਾਂ ਤਾਂ ਲਗਦੀ ਹੀ ਸਾਂ---ਜਾਂਦਿਆਂ ਹੀ ਤਿੰਨ ਜੁਆਨ ਬੱਚਿਆਂ ਦੀ ਮਾਂ ਵੀ ਬਣ ਗਈ---

    ਕਿੰਨੀਆਂ ਈ ਬਹੂਆਂ ਮੈਨੂੰ ਪੈਰੀਂ ਪੈਣਾਂ ਕਹਿੰਦੀਆਂ---ਮੈਨੂੰ ਸਮਝ ਨਾ ਲਗਦੀ ਕਿ ਮੈਂ ਉਹਨਾਂ ਨੂੰ ਕਿਵੇਂ ਅਸੀਸ ਦਿਆਂ---ਮੈਂ ਸਿਰਫ਼ ਉਹਨਾਂ ਦੇ ਸਿਰ ਤੇ ਹੱਥ ਧਰ ਕੇ ਇਹ ਅਸੀਸ ਦਿੰਦੀ ਕਿ “ਜਿਉਂਦੀ ਰਹਿ---ਖੁਸ਼ੀਆਂ ਮਾਣ---ਤੰਦਰੁਸਤ ਰਹੇ" ਤੁਸੀਂ ਹੈਰਾਨ ਹੋਵੋਗੇ ਕਿ ਮੇਰੀ ਇਹ ਅਸੀਸ ਉਹਨਾਂ ਨੂੰ ਬਹੁਤ ਅਟਪਟੀ ਲਗਦੀ---ਕਿਉਕਿ ਇਹ ਅਸੀਸ ਤਾਂ ਸਿਰਫ਼ ਉਹਨਾਂ ਲਈ ਸੀ---ਉਹਨਾਂ ਦੇ ਪਤੀ ਵਾਸਤੇ ਜਾਂ ਬੱਚਿਆਂ ਵਾਸਤੇ ਤਾਂ ਇਹਦੇ ਵਿੱਚ ਕੁੱਝ ਵੀ ਨਹੀਂ ਸੀ---ਉਹ ਸਿਰਫ਼ ਆਪਣੇ ਲਈ ਅਸੀਸ ਲੈਣ ਦੀਆਂ ਆਦੀ ਨਹੀਂ ਸਨ---ਉਹ ਬੁੱਢ ਸੁਹਾਗਣ---ਦੁੱਧੀ ਨਾਹੁਣ ਤੇ ਪੁੱਤੀ ਖੇਡ੍ਹਣ ਵਰਗੀਆਂ ਅਸੀਸਾਂ ਲੈਣ ਦੀਆਂ ਹੀ ਆਦੀ ਸਨ---ਉਹ ਪਤੀ ਦੀ ਦੀਰਘ ਆਯੂ ਚਾਹੰੁਦੀਆਂ ਸਨ---ਬਹੁਤ ਸਾਰੇ ਪੁੱਤਾਂ ਦੀਆਂ ਮਾਵਾਂ ਬਣਨਾ ਲੋਚਦੀਆਂ ਸਨ---ਇਸੇ ਕਰਕੇ ਉਹਨਾਂ ਨੂੰ ਮੇਰੀ ਦਿੱਤੀ ਅਸੀਸ ਕੋਈ ਦਮਦਾਰ ਨਹੀਂ ਸੀ ਲਗਦੀ।

    18

    ਇੱਕ ਮੁੱਲ ਖਰੀਦ ਔਰਤ ਤੇ ਉਹ ਵੀ ਅਪਾਹਜ---ਅਣਚਾਹੀ---ਬੇਸਹਾਰਾ---ਸਹੁਰੇ ਘਰ ਜਾ ਕੇ ਗੁਲਾਮੀ ਕਰਨ ਤੋਂ ਮੁਨਕਰ ਕਿਵੇਂ ਹੋ ਸਕਦੀ ਸੀ? ਸੋ ਮੈਂ ਵੀ ਸਹੁਰੇ ਘਰ ਜਾ ਕੇ ਸਭ ਕੁੱਝ ਮਾਲਕਾਂ ਦੀ ਮਰਜ਼ੀ ਮੁਤਾਬਕ ਕਰਨ ਲੱਗ ਪਈ।

    ਸਿਆਣੀ ਤਾਂ ਮੈਂ ਬਚਪਨ ਤੋਂ ਹੀ ਸਾਂ---ਪਰ ਹੁਣ ਮੈਂ ਹੋਰ ਵੀ ਸਿਆਣੀ ਹੋ ਗਈ---ਲੋਥੜੇ ਵਾਂਗ ਪਏ ਪਤੀ ਹੇਠ ਮੈਂ ਮੋਮਜਾਮਾ ਵਿਛਾ ਦਿੰਦੀ---ਮੈਂ ਕਈ ਸਾਰੇ ਮੋਮਜਾਮੇ ਬਣਾ ਲਏ ਸਨ---ਉਹਨੂੰ ਰੋਟੀ ਖੁਆਉਣ ਵੇਲੇ ਸਾਰੀ ਤਾਕਤ ਝੋਕ ਦਿੰਦੀ---ਹੁਣ ਮੇਰੇ ਪਤੀ ਦੇ ਬੱਚੇ ਮੈਨੂੰ ਨਫ਼ਰਤ ਤਾਂ ਬੇਸ਼ੱਕ ਕਰਦੇ ਸਨ ਪਰ ਆਪਣੇ ਬਾਪ ਦੀ ਸੇਵਾ ਹੁੰਦੀ ਦੇਖ ਕੇ ਉਹਨਾਂ ਨੇ ਮੈਨੂੰ ਇੱਕ ਨੌਕਰਾਣੀ ਦੇ ਰੂਪ ਵਿੱਚ ਅਪਣਾਅ ਲਿਆ ਸੀ---ਕਬੂਲ ਕਰ ਲਿਆ ਸੀ---ਕੌਮਾ `ਚ ਚਲੇ ਗਏ ਬੰਦੇ ਨੂੰ ਸਾਂਭਣਾ ਹਾਰੀ ਸਾਰੀ ਦੇ ਵਸ ਦਾ ਰੋਗ ਨਹੀਂ ਸੀ---ਉਹਨਾਂ ਨੇ ਸੋਚਿਆ ਕਿ ਰੋਟੀ ਰੋਟੀ ਵਿੱਚ ਤਾਂ ਇਹ ਨੌਕਰਾਣੀ ਮਹਿੰਗੀ ਨਹੀਂ ਹੈ।

    ਮੈਂ ਵਰਤ ਰੱਖਦੀ---ਸੋਮਵਾਰ, ਸ਼ੁੱਕਰਵਾਰ ਤੇ ਪੂਰਨਮਾਸ਼ੀ ਦਾ---ਮੈਂ ਇਹ ਵਰਤ ਬੇਮਨੀ ਨਾਲ ਸ਼ੁਰੂ ਕੀਤੇ ਸਨ ਪਰ ਹੁਣ ਮੇਰੀ ਇਹਨਾਂ ਵਿੱਚ ਸ਼ਰਧਾ ਵਧ ਗਈ ਸੀ---ਮੈਂ ਇਹ ਵਰਤ ਪਤੀ ਦੀ ਤੰਦਰੁਸਤੀ ਜਾਂ ਲੰਮੀ ਉਮਰ ਲਈ ਨਹੀਂ ਸਾਂ ਰੱਖਦੀ ਸਗੋਂ ਇਹ ਮੈਂ ਆਪਣੀ ਮੌਤ ਲਈ ਰੱਖਦੀ ਸਾਂ---ਜੇ ਕਿਤੇ ਮੈਂ ਠੀਕ ਹੁੰਦੀ ਤਾਂ ਕਿਤੇ ਸ਼ਹਿਰ ਬਜ਼ਾਰ ਜਾਂ ਕੇ ਜ਼ਹਿਰ ਖਰੀਦ ਲਿਆਉਂਦੀ---ਪਰ ਮੈਨੂੰ ਤਾਂ ਘਰ ਦੇ ਵਿਹੜੇ ਤੋਂ ਬਾਹਰ ਨਿਕਲਨਾ ਵੀ ਨਸੀਬ ਨਹੀਂ ਸੀ ਹੁੰਦਾ---

    ਡੰਗਰ ਬੱਛਾ ਸਾਂਭਣਾ---ਗੋਹਾ ਕੂੜਾ ਕਰਨਾ ਤੇ ਗੁਹਾਰਿਆਂ ਦਾ ਕੰਮ ਮੇਰੀਆਂ ਦਰਾਣੀਆਂ ਜਠਾਣੀਆਂ ਦੇ ਜਿੰਮੇ ਸੀ---ਚੁੱਲ੍ਹਾ ਚੌਂਕਾ---ਤੀਹ ਪੈਂਤੀ ਬੰਦਿਆਂ ਦੀ ਰੋਟੀ ਅਤੇ ਲੋਥ ਬਣੇ ਪਤੀ ਨੂੰ ਸਾਂਭਣਾ, ਇਹ ਮੇਰੀ ਡਿਊਟੀ ਸੀ---ਸਵੇਰ ਤੋਂ ਸੰਝ ਤੱਕ ਮੇਰੀ ਭੂਤਨੀ ਭੁੱਲੀ ਰਹਿੰਦੀ---ਮੈਂ ਹਫ਼ ਜਾਂਦੀ---ਐਨੇ ਬੰਦਿਆਂ ਦੀ ਦਾਲ ਸਬਜੀ ਦੇ ਪਤੀਲੇ ਵਿੱਚ ਕੜਛੀ ਮਾਰਨੀ ਵੀ ਮੁਸ਼ਕਲ ਸੀ---

    ਸ਼ੁਰੂ ਸ਼ੁਰੂ ਵਿੱਚ ਤਾਂ ਮੈਨੂੰ ਸਿਰਫ਼ ਪਤੀ ਪਨਮੇਸ਼ਰ ਦੀ ਸਾਂਭ ਸੰਭਾਲ ਹੀ ਕਰਨੀ ਹੁੰਦੀ ਸੀ ਪਰ ਹੌਲੀ ਹੌਲੀ ਮੇਰੇ ਉੱਤੇ ਹੋਰ ਕੰਮਾਂ ਦਾ ਬੋਝ ਵੀ ਪਾ ਦਿੱਤਾ ਗਿਆ---ਮੈਂ ਲੰਗੜੀ ਲੰਗੜੀ ਸਾਰਾ ਦਿਨ ਕੰਮ ਧੂਈ ਫਿਰਦੀ---।

    ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਮੈਨੂੰ ਸਹੁਰੀਂ ਆਇਆਂ ਛੇ ਮਹੀਨੇ ਹੋ ਗਏ ਸਨ ਪਰ ਅਜੇ ਤੱਕ ਕਿਸੇ ਨੇ ਮੇਰਾ ਨਾਂ ਨਹੀਂ ਸੀ ਪੁੱਛਿਆ---ਬੱਸ ਸਾਰੇ ਜਣੇ ਮੈਨੂੰ ਲਗਦੇ ਰਿਸ਼ਤੇ ਨਾਲ ਪੁਕਾਰ ਕੇ ਈ ਕੰਮ ਸਾਰੀ ਜਾ ਰਹੇ ਸਨ।

    ਘਰ ਦੇ ਬਾਕੀ ਜੀਅ ਰਿਸ਼ਤੇਦਾਰੀਆਂ ਅਤੇ ਮੁਲਾਹਜੇਦਾਰੀਆਂ `ਚ ਜਾਂਦੇ---ਵਿਆਹ ਢੰਗ ਦੇਖਦੇ---ਸ਼ਹਿਰ ਬਜ਼ਾਰ ਵੀ ਘੁੰਮ ਆਉਂਦੇ ਪਰ ਮੈਂ ਸਿਰਫ਼ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੋ ਕੇ ਰਹਿ ਗਈ---ਮੈਨੂੰ ਕਦੇ ਕੋਈ ਨਾਲ ਚੱਲਣ ਲਈ ਆਖਦਾ ਹੀ ਨਹੀਂ ਸੀ---ਉਂਜ ਮਲਵੀਂ ਜਿਹੀ ਜੀਭ ਨਾਲ ਕਹਿ ਦਿੰਦੇ---ਪਰ ਸਾਰਿਆਂ ਨੂੰ ਪਤਾ ਸੀ ਕਿ ਇਹ ਨਿਰੰਜਣ ਸਿੰਘ ਨੂੰ ਛੱਡ ਕੇ ਕਿਵੇਂ ਨਿਕਲ ਸਕਦੀ ਹੈ---ਪਤੀ ਦੀ ਲੋਥ ਵੀ ਮੈਨੂੰ ਬੁਰੀ ਤਰਾਂ ਚੰਬੜੀ ਹੋਈ ਸੀ---

    ਕੇਰਾਂ ਸਾਰਾ ਟੱਬਰ ਕਿਸੇ ਵਿਆਹ `ਚ ਗਿਆ ਹੋਇਆ ਸੀ---ਘਰੇ ਮੈਂ ਇਕੱਲੀ ਹੀ ਸਾਂ---ਡਕੈਂਤਣ ਸਾਡੇ ਘਰ ਲੱਸੀ ਲੈਣ ਆਈ---ਉਸ ਨੇ ਮੈਨੂੰ ਬੜਾ ਅਜੀਬ ਸੁਆਲ ਪੁੱਛ ਮਾਰਿਆ,

    “ਕੁੜੇ ਬਹੂ---ਭਲਾਂ ਦੀ ਤੇਰਾ ਨਾਂ ਕੀ ਐ---ਊਂ ਰਿਸ਼ਤੇ `ਚ ਤਾਂ ਭਾਈ ਤੂੰ ਮੇਰੀ ਸੱਸਾਂ ਦੀ ਥਾਵੇਂ ਐ---ਗੁਰੇ ਦੇ ਬਾਪੂ ਨੂੰ ਮੈਂ ਚਾਚਾ ਜੀ ਕਹਿਨੀ ਆਂ---ਪਰ ਤੂੰ ਤਾਂ ਮਛੋਹਰ ਐਂ---ਨਿਆਣੀ ਐਂ---ਏਸ ਕਰਕੇ ਤੈਨੂੰ ਚਾਚੀ ਕਹਿੰਦਿਆਂ ਮੈਨੂੰ ਝਾਕਾ ਆਉਂਦੈ---ਗੁਰੇ ਦਾ ਬਾਪੂ ਤਾਂ ਮੇਰਾ ਪਤਿਆਉਰਾ ਲਗਦੈ---ਪਰ ਤੈਨੂੰ ਤਾਂ ਭਾਈ ਮੈ ਨਾਉਂ ਲੈ ਕੇ ਈ ਸੱਦਿਆ ਕਰੂੰ---"

    “ਨਾਉਂ `ਚ ਕੀ ਪਿਐ---ਨਾਲੇ ਤੁਸੀਂ ਮੈਨੂੰ ਚਾਚੀ ਕਹਿ ਕੇ ਈ ਸੱਦ ਲਿਆ ਕਰੋ---ਮੈਨੂੰ ਕੋਈ ਖਰਾਬ ਨੀ ਲੱਗਣਾ---ਚਾਚੇ ਸਹੁਰੇ ਦੇ ਘਰ ਵਾਲੀ ਚਾਚੀ ਈ ਲਗਦੀ ਹੁੰਦੀ ਐ---ਰਿਸ਼ਤਾ ਤਾਂ ਰਿਸ਼ਤਾ ਈ ਐ---"ਮੈਨੂੰ ਕੋਈ ਚੱਜ ਦਾ ਉੱਤਰ ਔੜਿਆ ਈ ਨਾ।

    “ਚੰਗਾ ਭਾਈ ਚਾਚੀ ਤੈਨੂੰ ਮੈਂ---ਚਾਚੀ ਕਹਿ ਲਿਆ ਕਰੂੰ---ਨਾਅ ਚਾਚੀ ਇੱਕ ਗੱਲ ਹੋਰ ਪੁੱਛਣੀ ਤੀਗ੍ਹੀ---ਊਂ ਤੇਰੇ ਮਾਪਿਆਂ ਨੇ ਕੁਸ ਨੀ ਸੋਚਿਆ---ਪੈਸੇ ਦੇ ਲਾਲਚ `ਚ ਬੁੱਢ ਬਲ੍ਹੇਟ ਨੂੰ ਬਿਆਹ `ਤੀ---"

    ਮੈਂ ਉਸ ਔਰਤ ਦੇ ਮੂੰਹ ਵੱਲ ਹੈਰਾਨੀ ਨਾਲ ਤੱਕਿਆ---ਮੈ ਪੁੱਛਣਾ ਚਾਹੰੁਦੀ ਸਾਂ ਕਿ ਤੈਨੂੰ ਕਿਵੇਂ ਪਤਾ ਲੱਗਿਆ ਬਈ ਮੇਰੇ ਮਾਪਿਆਂ ਨੇ ਪੈਸੇ ਲਏ ਨੇ---ਉਹ ਟੋਕਰਾ ਮੂਧਾ ਮਾਰ ਕੇ ਬਹਿੰਦਿਆਂ ਹੌਲੀ ਜਿਹੀ ਬੋਲੀ, “ਨਾਅ ਭਲਾਂ---ਊਂ ਤਾਂ ਪੁੱਛਦਿਆਂ ਸੰਗ ਜੀ ਵੀ ਆਉਂਦੀ ਐ---ਪਰ ਆਇੰ ਦੱਸ---ਬਈ ਤੂੰ ਬਾਲ ਬੱਚਿਆਂ ਬਿਨਾਂ ਕਿਵੇਂ ਜ਼ਿੰਦਗੀ ਲਖਾਮੇਗੀ---ਕੁੜੀਆਂ ਕੱਤਰੀਆਂ ਦੇ ਭਾਈ ਜੁਆਨੀ `ਚ ਹੋਰ ਵੀ ਬਥੇਰੇ ਅਰਮਾਨ ਹੰੁਦੇ ਨੇ---ਉਮਰ ਉਮਰ ਦੇ ਸ੍ਹਾਬ ਨਾਲ ਤੀਮੀ ਨੂੰ ਸਭ ਕੁੱਝ ਚਾਹੀਦਾ ਹੁੰਦੈ---ਚਾਚੀ ਗੁੱਸਾ ਨਾ ਕਰੀਂ---ਚਾਚੀ ਗੁੱਸਾ ਨਾ ਕਰੀਂ---ਤੂੰ ਆਵਦਾ ਅੱਗਾ ਸੋਚ---ਇੱਕ ਤਾਂ ਤੂੰ ਊਂ ਸਰੀਰਕ ਪੱਖੋਂ ਆਝੀ ਐ---ਫੇਰ ਭਾਈ ਜੇ ਕੋਈ ਜੁਆਕ ਜੱਲਾ ਨਾ ਹੋਇਆ ਤਾਂ ਤੂੰ ਊਈਂ ਲੋਥ ਦਾ ਗੰਦ ਹੂੰਝੀ ਜਾਮੇਗੀ ਸਾਰੀ ਉਮਰ---?? ਨਾਲੇ ਤੂੰ ਤਾਂ ਚਾਚੀ ਸਰੀਫ਼ ਵੀ ਬਹੁਤੀ ਏ ਐ---ਤੇਰੇ ਤਾਂ ਮੂੰਹ `ਚ ਜਬਾਨ ਈ ਹੈ ਨੀ---"

    ਮੈਂ ਉਹਦੀ ਗੱਲ ਬਹੁਤ ਧਿਆਨ ਨਾਲ ਸੁਣ ਰਹੀ ਸਾਂ---ਪਰ ਮੈਨੂੰ ਜਿਵੇਂ ਉਸ ਦੀ ਇੱਕ ਵੀ ਗੱਲ ਪੱਲੇ ਨਾ ਪਈ---ਊਂ ਮੇਰੇ ਕੰਨਾ `ਚ ਠਾਹ ਠਾਹ ਜ਼ਰੂਰ ਹੁੰਦੀ ਰਹੀ---ਉਸ ਘੜੀ ਮੈਂ ਚਾਹ ਰਹੀ ਸਾਂ ਕਿ ਇਹ ਬੁੱਢੀ ਬੋਲੀ ਜਾਵੇ, ਬੋਲੀ ਜਾਵੇ ਤੇ ਮੈਂ ਸੁਣਦੀ ਰਹਾਂ---ਇਵੇਂ ਈ ਇਹਦੀਆਂ ਗੱਲਾਂ ਮੇਰੇ ਕੰਨਾਂ `ਚ ਠਾਹ ਠਾਹ ਵਜਦੀਆਂ ਰਹਿਣ। ਉਹ ਬੜੇ ਪਿਆਰ ਨਾਲ ਬੋਲੀ,

    “ਊਂ ਚਾਚੀ ਜੇ ਤੂੰ ਗੁੱਸਾ ਨਾ ਕਰੇਂ---ਤਾਂ ਮੈਂ ਤੈਨੂੰ ਇੱਕ ਸਲਾਹ ਦੇਮਾਂ---" ਉਹ ਪਲ ਕੁ ਮੇਰਾ ਪ੍ਰਤੀਕਰਮ ਭਾਪਣ ਲਈ ਰੁਕੀ---ਮੇਰੀ ਚੁੱਪ ਤੋਂ ਸ਼ਾਇਦ ਉਸ ਨੇ ਮੇਰੀ ਰਜ਼ਾਮੰਦੀ ਦਾ ਕਿਆਸ ਲਾ ਲਿਆ---ਉਹ ਆਖਣ ਲੱਗੀ,

    “ਦੇਖ ਭਾਈ ਚਾਚੀ ਮੈਂ ਤਾਂ ਬਿੱਚੋਂ ਕੋਈ ਬਚੋਲਗਿਰੀ ਨੀ ਲੈਣੀ---ਤੂੰ ਮਾੜਾ ਜਿਆ ਮੇਰੇ ਲਾਗ ਨੂੰ ਹੋ ਜਾ---ਜੈ ਖਾਣੀਆਂ ਕੰਧਾਂ ਦੇ ਵੀ ਕੰਨ ਹੁੰਦੇ ਨੇ---"ਮੈਨੂੰ ਬਾਹੋਂ ਫੜ ਕੇ ਉਹਨੇ ਚੁਕੰਨੀ ਹੰੁਦਿਆਂ ਬਹੁਤ ਹੌਲੀ ਜਿਹੀ ਕਿਹਾ,

    “ਟਕਾਣੇ `ਚ ਜਿਹੜੇ ਮਹੰਤ ਰਹਿੰਦੇ ਦੇ ਨਾਅ---ਉਹ ਬਹੁਤ ਪਹੰੁਚੇ ਹੋਏ ਨੇ---ਅਗੰਮ ਅਗੋਚਰ ਦੀਆਂ ਸਾਰੀਆਂ ਜਾਣਦੇ ਨੇ---ਜੇ ਤੂੰ ਕਹੇਂ ਤਾਂ ਮੈਂ ਤੈਨੂੰ ਉਹਦੇ ਕੋਲ ਲੈ ਚੱਲੂੰ---ਪੂਰੀ ਰੇਖ `ਚ ਮੇਖ ਮਾਰਦੇ ਨੇ---ਪਿੰਡ `ਚ ਕਿੰਨੀਆਂ ਈ ਤੀਮੀਆਂ ਨੂੰ ਉਹਨੇ ਲਾਲਾਂ ਵਰਗੇ ਜੁਆਕ ਬਕਸੇ ਨੇ---ਮਹਾਂ ਪੁਰਸ਼ ਨੇ ਪੂਰੇ---ਸਾਰਾ ਦਿਨ ਸਮਾਧੀ `ਚ ਲੀਨ ਰਹਿੰਦੇ ਨੇ---ਮੈਂ ਤਾਂ ਨਾਅ ਭਲਾ ਚਾਚੀ, ਕੇਰਾਂ ਕਨੂੰਨੀਆਂ ਦੀ ਬਹੂ ਨਾਲ ਗਈ `ਤੀ---ਤਿੰਨ ਪੁੜੀਆਂ ਦਿੱਤੀਆਂ---ਮੇਰੇ ਦੇਖਤ ਦੀ ਗੱਲ ਐ---ਸਾਲ ਦੇ ਅੰਦਰ ਅੰਦਰ ਮੁੰਡਾ ਹੋ ਗਿਆ---ਨਾਲੇ ਉਹਦੇ ਘਰ ਆਲੇ ਨੂੰ ਫੌਜ `ਚ ਭਰਤੀ ਹੋਇਆਂ ਦੋ ਸਾਲ ਹੋ ਗਏ ਸੀਗੇ---ਛੁੱਟੀ ਨੀ ਮਿਲਦੀ ਸੀ---ਹੁਣ ਤਾਂ ਮੁੰਡਾ ਗੱਭਰੂ ਹੋਇਆ ਫਿਰਦੈ---ਜੇ ਤੇਰਾ ਮਨ ਮੰਨੇ ਤਾਂ ਮੈਨੂੰ ਦੱਸ ਦਈਂ---"

    ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੈਂ ਘਰ ਦੀ ਚਾਰ ਦੀਵਾਰੀ `ਚ ਕੈਦ ਹੋ ਕੇ ਰਹਿ ਗਈ ਸਾਂ---ਨਿਰੰਜਣ ਸਿੰਘ ਦਾ ਗੰਦ ਹੂੰਝਦੀ ਊਬ ਗਈ ਸਾਂ---ਇਸ ਕਰਕੇ ਮੈਨੂੰ ਇਸ ਬੁੱਢੀ ਦੀਆਂ ਨਾਗਵਾਰ ਗੱਲਾਂ ਵੀ ਟਾਈਮ ਪਾਸ ਕਰਾਉਂਦੀਆਂ ਲੱਗ ਰਹੀਆਂ ਸਨ---ਊਂ ਜੋ ਕੁੱਝ ਇਹ ਡਕੈਂਤਣ ਆਖ ਰਹੀ ਸੀ ਉਹ ਸੋਲਾਂ ਆਨੇ ਸੱਚ ਸੀ---ਆਪਾਂ ਜਾਣਦੇ ਈ ਆਂ ਕਿ ਇਹੋ ਜਿਹੇ ਕੁੱਝ ਲੁੱਚੇ ਲਫੰਗੇ ਸਾਧ ਅਤੇ ਅਖੌਤੀ ਮਹੰਤ ਔਰਤਾਂ ਨੂੰ ਬੱਚਿਆਂ ਦੀ ਦਾਤ ਬਖਸਣ ਲਈ ਪੁੜੀਆਂ ਦਿੰਦੇ ਆਏ ਹਨ---ਕੇ ਬੱਚੇ ਪੈਦਾ ਵੀ ਹੁੰਦੇ ਹਨ---ਬੱਸ ਇਸ ਸਭ ਕਾਸੇ ਲਈ ਔਰਤ ਨੂੰ ਮਨੋ ਤਿਆਰ ਹੋਣਾ ਪੈਂਦਾ ਹੈ---ਗੈਰਤ ਨਾਲ ਸਮਝੋਤਾ ਕਰਨਾ ਪੈਂਦਾ ਹੈ---ਮੈਂ ਹੌਸਲਾ ਕਰ ਕੇ ਬੋਲੀ,

    “ਦੇਖੋ ਤੁਸੀਂ ਇੱਕ ਗੱਲ ਦੱਸੋ---ਬਈ ਜਦੋਂ ਕਾਨੂੰਨੀਆਂ ਕਾ ਮੁੰਡਾ ਦੋ ਸਾਲ ਤੋਂ ਛੁੱਟੀ ਹੀ ਨਹੀਂ ਆਇਆ ਤਾਂ ਸਾਧਾਂ ਨੇ ਕਿਹੜੇ ਜਾਦੂ ਨਾਲ ਉਹਨਾਂ ਦੀ ਬਹੂ ਨੂੰ ਮੰੁਡਾ ਦੇ ਦਿੱਤਾ---ਇਹ ਕਿਵੇਂ ਹੋ ਸਕਦੈ?? ਤੂੰ ਸਿਆਣੀ ਬਿਆਣੀ ਐ---ਪਤੀ ਤੋਂ ਬਿਨਾ ਬੱਚਾ ਕਿਵੇਂ---ਏਂ---ੲਂੇ---"

    “ਨਾ ਮੈਂ ਤੈਨੂੰ ਦੱਸਿਆ ਤਾਂ ਹੈ ਚਾਚੀ---ਬਈ ਉਹ ਬਹੁਤ ਪਚੁੰਚੇ ਹੋਏ ਸੰਤ ਨੇ---ਜੇ ਚਾਹੁਣ ਤਾਂ ਚੁਟਕੀ ਮਾਰ ਕੇ ਸੂਰਜ ਨੂੰ ਥਾਏਂ ਰੋਕ ਦੇਣ---ਚਲਦੀ ਹਵਾ ਦਾ ਰੁਖ ਮੋੜ ਦੇਣ---ਉਹ ਕੋਈ ਆਮ ਸਾਧਾਰਣ ਬੰਦੇ ਥੋਹੜਾ ਈ ਨੇ---ਉਹ ਤਾਂ ਕਿਸੇ ਭਗਵਾਨ ਦਾ ਅਵਤਾਰ ਨੇ---ਕੁਸ ਵੀ ਕਰ ਸਕਦੇ ਨੇ---"

    ਬੁੱਢੀ ਸ਼ਾਇਦ ਹੜਬੜਾ ਗਈ ਸੀ---ਉਹਨੂੰ ਮੇਰੇ ਸੁਆਲ ਦਾ ਕੋਈ ਉਪਯੁਕਤ ਉਤਰ ਨਹੀਂ ਸੀ ਮਿਲ ਰਿਹਾ---ਏਸ ਕਰ ਕੇ ਉਹ ਲੱਸੀ ਦਾ ਡੋਲੂ ਚੱਕ ਕੇ ਬਾਹਰ ਜਾਂਦਿਆਂ ਬੋਲੀ,

    “ਦੇਖੀਂ ਭਾਈ ਚਾਚੀ---ਕਿਸੇ ਨੂੰ ਗੱਲ ਨਾ ਕਰੀਂ---ਮੈਂ ਤਾਂ ਊਈਂ ਰਵਾਜਨ ਗੱਲ ਕੀਤੀ ਸੀ---ਮੈਨੂੰ ਤਾਂ ਤੇਰੇ ਉੱਤੇ ਤਰਸ ਈ ਬਲਾਈਂ ਆਉਂਦੈ---ਤੈਨੂੰ ਸਹੁੰ ਲੱਗੇ ਦੇਵੀ ਦੀ ਜੇ ਤੂੰ ਕਿਸੇ ਨੂੰ ਗੱਲ ਕਰੇਂ ਤਾਂ---"

    ਬੁੱਢੀ ਦੇ ਜਾਣ ਮਗਰੋਂ ਆਥਣ ਤੱਕ ਮੈਂ ਪਤਾ ਨੀ ਕੀ ਕੀ ਸੋਚਦੀ ਰਹੀ---ਮਨ ਕਦੇ ਡਾਵਾਂ ਡੋਲ ਹੋਵੇ, ਕਦੇ ਟਿਕੇ ਕਦੇ ਉੱਛਲੇ---ਮੈਂ ਉਸ ਦਿਨ ਕਿੰਨਾ ਈ ਚਿਰ ਨਿਰੰਜਣ ਸਿੰਘ ਵੱਲ ਟਿਕਟਿਕੀ ਲਾ ਕੇ ਦੇਖਦੀ ਰਹੀ---ਮੈਨੂੰ ਉਸ ਤੋਂ ਘਿਣ ਆਈ---ਮੈਂ ਧੁੜਧੁੜੀ ਲੈ ਕੇ ਪਾਸੇ ਹੋ ਗਈ।

    ਬੁੱਢੀ ਨੇ ਮੇਰੇ ਮਨ ਦੇ ਟਿਕੇ ਹੋਏ ਪਾਣੀ ਵਿੱਚ ਰੋੜਾ ਸਿੱਟ ਦਿੱਤਾ---ਮੈਂ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ ਕਿ ਮੈਂ ਤੁਹਾਨੂੰ ਸਾਰਾ ਕੁੱਝ ਸੱਚੋ ਸੱਚ ਦੱਸਾਂਗੀ---ਤੇ ਤੁਸੀਂ ਮੇਰਾ ਭਰੋਸਾ ਕਰਿਓ ਬਈ ਉਸ ਬੁੱਢੀ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਹੋਰ ਤਾਂ ਕੋਈ ਊਟ ਪਟਾਂਗ ਖਿਆਲ ਨਾ ਆਇਆ---ਬੱਸ ਇਹ ਜ਼ਰੂਰ ਇੱਛਾ ਜਾਗੀ ਕਿ ਜੇ ਮੇਰਾ ਕੋਈ ਬੱਚਾ ਹੋਵੇ ਤਾਂ ਮੈਂ ਉਸ ਨਾਲ ਪਰਚੀ ਰਿਹਾ ਕਰਾਂ। ਉਸ ਦੇ ਸਹਾਰੇ ਦਿਨ ਕਟੀ ਕਰ ਲਿਆ ਕਰਾਂ---ਫੇਰ ਮੇਰੇ ਚਿੱਤ ਵਿੱਚ ਇੱਕਦਮ ਖਿਆਲ ਉੱਠਿਆ ਕਿ ਮੇਰੇ ਬੱਚੇ ਤਾਂ ਹੈਗੇ ਨੇ---ਜੁਆਨ ਜਹਾਨ---ਦੋ ਮੁੰਡੇ ਤੇ ਇੱਕ ਕੁੜੀ---

    ਮੈਂ ਥੋਨੂੰ ਇਹ ਦੱਸਣਾ ਈ ਭੁੱਲ ਗਈ ਕਿ ਮੈਨੂੰ ਭਲੋਵੀਂ ਦੇਣ ਲਈ ਮੇਰੇ ਸੱਸ ਸਹੁਰਾ ਨਿਰੰਜਣ ਸੂੰ ਦੇ ਬੱਚਿਆਂ ਨੂੰ ਬੇਵਜ੍ਹਾ ਆਖਦੇ ਰਹਿੰਦੇ ਕਿ ਥੋਡੀ ਬੀਬੀ ਬਹੁਤ ਚੰਗੀ ਐ---ਥੋਡੀ ਬੀਬੀ ਥੋਡੇ ਬਾਪੂ ਦੀ ਬਲਾਈਂ ਸੇਵਾ ਕਰਦੀ ਐ---ਥੋਡੀ ਬੀਬੀ---ਥੋਡੀ ਬੀਬੀ---।

    ਸ਼ਾਇਦ ਏਵੇਂ ਕਹਿ ਕਹਿ ਕੇ ਉਹ ਮੈਨੂੰ ਇੱਕ ਮਿੱਠੇ ਭਰਮ ਵਿੱਚ ਪਾਈ ਰੱਖਣਾ ਚਾਹੰੁਦੇ ਸਨ---ਸ਼ਾਇਦ ਉਹ ਕੋਸ਼ਿਸ਼ ਕਰਦੇ ਸਨ ਕਿ ਮੇਰੇ ਮਨ ਵਿੱਚ ਆਪਣੇ ਬੱਚੇ ਦੀ ਇੱਛਾ ਹੀ ਨਾ ਜਾਗੇ।

    ਉਹ ਭੁੱਲਦੇ ਸਨ ਕਿ ਮੇਰੇ ਮਨ ਵਿੱਚ ਇਹੋ ਜਿਹੀ ਕੋਈ ਇੱਛਾ ਜਾਗ ਹੀ ਨਹੀਂ ਸਕਦੀ---ਇੱਛਾ ਜਾਗਣ ਲਈ ਮਾਹੋਲ ਚਾਹੀਦਾ ਹੁੰਦਾ ਹੈ---ਲਗਦੇ ਹੱਥ ਇੱਕ ਗੱਲ ਹੋਰ ਮੈਂ ਥੋਨੂੰ ਦੱਸ ਦਿਆਂ ਕਿ ਮੇਰੇ ਘਰ ਵਾਲੇ ਦੀ ਦਾਹੜੀ ਦਾ ਰੰਗ ਉਤਰ ਗਿਆ ਸੀ---ਇੱਕ ਦਿਨ ਮੇਰੀ ਸੱਸ ਨੇ ਮੈਨੂੰ ਤਰਲਾ ਲਿਆ,

    “ਪੁੱਤ ਇੱਕ ਕੰਮ ਕਰੇਂਗੀ---ਊਂ ਤਾਂ ਤੂੰ ਸਿਆਣੀ ਧੀ ਐਂ---ਮੇਰਾ ਆਖਿਆ ਨੀ ਮੋੜਦੀ ਪਰ ਫੇਰ ਬੀ---ਪੁੱਤ ਨਿਰੰਜਣ ਸੂੰ ਦੀ ਦਾਹੜੀ ਬੱਗੀ ਨਿਕਲ ਆਈ ਐ---ਜੇ ਤੂੰ ਰੰਗ ਦੇਵੇਂ---ਤਾਂ ਇਹ ਦੇਖਣ ਨੂੰ ਥੋੜਾ ਸੋਹਣਾ ਲੱਗੂ---ਪੁੱਤ ਇਹ ਕਿਹੜਾ ਬੁੜ੍ਹਾ ਹੋ ਗਿਆ---ਇਹਦੇ ਹਾਣ ਦੇ ਤਾਂ ਅਜੇ ਭੱਜੇ ਫਿਰਦੇ ਨੇ---ਇਹ ਤਾਂ ਬਮਾਰੀ ਨੇ ਹਰਾਅ ਤਾ---ਉਮਰ ਤਾਂ ਇਹਦੀ ਕੋਈ ਬਹੁਤੀ ਨੀ---"

    “ਬੇਬੇ ਇਸ ਬਮਾਰੀ ਵਾਲਿਆਂ ਨੂੰ ਕੈਮੀਕਲ ਤੋਂ ਦੂਰ ਰੱਖੀਦੈ---ਡਾਕਟਰ ਨੇ ਇਹ ਮੈਨੂੰ ਸਪਸ਼ਟ ਕਿਹਾ ਸੀ---ਤੇ ਤੁਸੀਂ ਜਾਣਦੇ ਈ ਓ ਬਈ ਡਾਈ `ਚ ਕੈਮੀਕਲ ਹੁੰਦੈ---ਕੈਮੀਕਲ ਚਮੜੀ ਨੂੰ ਖਰਾਬ ਕਰਨ ਵਾਲਾ ਇੱਕ ਖ਼ਤਰਨਾਕ ਤੇਜ਼ਾਬ ਹੁੰਦੈ---ਉਹ ਇਹਨੂੰ ਖਰਾਬ ਕਰੂਗਾ---"

    ਮੈਂ ਬੇਬੇ ਨਿਰੱਤਰ ਕਰ ਦਿੱਤੀ---ਉਂਜ ਸਚਾਈ ਇਹ ਸੀ ਕਿ ਮੈਨੂੰ ਨਿਰੰਜਣ ਦੀ ਦਾਹੜੀ ਰੰਗਣ ਵਾਲਾ ਕੰਮ ਚੰਗਾ ਨਹੀਂ ਸੀ ਲੱਗਣਾ।

    19

    ਮੇਰੇ ਵਿਆਹ ਨੂੰ ਛੇ ਸੱਤ ਮਹੀਨੇ ਹੋ ਗਏ ਸਨ ਪਰ ਮੇਰੇ ਪੇਕਿਆਂ ਤੋਂ ਕੋਈ ਨਹੀਂ ਸੀ ਆਇਆ---ਇੱਕ ਦਿਨ ਅਚਾਨਕ ਮੇਰਾ ਧਰਮੀ ਬਾਬਲ ਆ ਟਪਕਿਆ---ਮੈਂ ਤਾਂ ਅੰਦਰ ਕੋਠੜੀ ਵਿੱਚ ਹੀ ਸਾਂ---ਮੇਰੀ ਸੱਸ ਨੇ ਮੈਨੂੰ ਖ਼ਬਰ ਦਿੱਤੀ---ਮੈਂ ਅੰਦਰੇ ਦੜ੍ਹੀ ਰਹੀ---ਮੇਰੀ ਸੱਸ ਬਾਰ ਬਾਰ ਮੈਨੂੰ ਸੱਦਣ ਆਵੇ---ਅਖੀਰ ਮਜ਼ਬੂਰੀ ਹੋ ਕੇ ਮੈਨੂੰ ਬਾਹਰ ਨਿਕਲਣਾ ਪਿਆ---ਮੈਂ ਲੰਮਾ ਘੁੰਡ ਕੱਢੀ ਬਾਹਰ ਆਈ---ਬਾਪੂ ਨੇ ਮੈਨੂੰ ਪਿਆਰ ਦੇਣ ਲਈ ਮੇਰੇ ਸਿਰ ਉੱਤੇ ਹੱਥ ਧਰਨ ਦੀ ਕੋਸ਼ਿਸ਼ ਕੀਤੀ---ਪਰ ਮੈਂ ਉਸਦਾ ਹੱਥ ਛੰਡਕ ਕੇ ਪਰ੍ਹਾਂ ਵਗਾਹ ਮਾਰਿਆ---ਮੈਂ ਭੂੰਜੇ ਬਹਿ ਕੇ ਆਪਣੇ ਆਪ ਨੂੰ ਸਾਵਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਵਰ੍ਹਿਆਂ ਦਾ ਡੱਕਿਆ ਰੋਣ ਕੀਰਨੇ ਬਣ ਕੇ ਵਹਿ ਤੁਰਿਆ---ਮੈਂ ਧਰਮੀ ਮਾਪਿਆਂ ਦੇ ਨਾਂ ਉੱਤੇ ਕੀਰਨੇ ਪਾ ਰਹੀ ਸਾਂ,

    ਬਾਪੂ ਤੇਰਾ ਬੇੜਾ ਡੁੱਬ ਜੇ ਧੀ ਵੇਚ ਕੇ ਬੜਾ ਈ ਪਾਪ ਕੀਤਾ

    ਬਾਪੂ ਤੇਰੇ ਕੀੜੇ ਪੈਣਗੇ ਸੌਦਾ ਕਰਿਆ ਦਰਵੇਸਣੀ ਧੀ ਦਾ

    ਪਤਾ ਨੀ ਇਹ ਗੌਣ ਕੀਰਨੇ ਬਣ ਬਣ ਕੇ ਮੇਰੇ ਅੰਦਰੋਂ ਕਿਵੇਂ ਵਹਿ ਤੁਰੇ---ਮੇਰੀਆਂ ਦਰਾਣੀਆਂ ਜਠਾਣੀਆਂ ਨੇ ਆ ਕੇ ਮੈਨੂੰ ਸਾਂਭਿਆ---ਹੌਸਲਾ ਦਿੱਤਾ---ਪਾਣੀ ਪਿਲਾਇਆ---ਮੈਂ ਬਾਪੂ ਸਾਹਮਣੇ ਘੁੰਡ ਨਾ ਚੱਕਿਆ---ਨਾ ਮੈਂ ਉਹਦੀ ਸ਼ਕਲ ਦੇਖਣੀ ਚਾਹੰੁਦੀ ਸਾਂ ਤੇ ਨਾ ਆਪਣੀ ਮਨਹੂਸ ਸ਼ਕਲ ਉਸ ਨੂੰ ਦਿਖਾਉਣੀ ਚਾਹੰੁਦੀ ਸਾਂ---ਬਾਪੂ ਨੂੰ ਮੇਰੇ ਕੋਲੋਂ ਐਡੇ ਹੌਸਲੇ ਦੀ ਉਮੀਦ ਨਹੀਂ ਸੀ---ਉਹ ਤਾਂ ਸੋਚ ਵੀ ਨਹੀਂ ਸੀ ਸਕਦਾ ਕਿ ਦਬੀ ਕੁਚਲੀ ਤੇ ਕਮਜ਼ੋਰ ਲੰਗੜੀ ਇਸ ਤਰਾਂ ਦਾ ਵਿਦਰੋਹ ਵੀ ਕਰ ਸਕਦੀ ਹੈ---ਉਹ ਅਵਾਕ ਹੀ ਰਹਿ ਗਿਆ---

    ਮੈਨੂੰ ਮੇਰੀ ਦਰਾਣੀ ਕੋਠੜੀ ਵਿੱਚ ਛੱਡ ਗਈ ਤੇ ਬਾਪੂ ਪਤਾ ਨੀ ਚਾਹ ਪਾਣੀ ਪੀ ਕੇ ਕਿਹੜੇ ਵੇਲੇ ਘਰੋਂ ਚਲਿਆ ਗਿਆ---ਉਸ ਦਿਨ ਸਾਰੇ ਟੱਬਰ ਨੇ ਮੇਰੇ ਨਾਲ ਸਹਾਨੁਭੂਤੀ ਦਿਖਾਈ---ਜਿਵੇਂ ਕਿਸੇ ਨਿੱਕੇ ਬੱਚੇ ਨੂੰ ਖਿਡ੍ਹਾਉਣਿਆਂ ਦਾ ਲਾਲਚ ਦੇ ਕੇ ਵਰਚਾਅ ਲਈਦਾ ਹੈ ਇਵੇਂ ਈ ਮੈਨੂੰ ਵੀ ਉਸ ਦਿਨ ਘਰ ਦਿਆਂ ਵੱਲੋਂ ਕਈ ਲਾਲਚ ਦਿੱਤੇ ਗਏ---ਮਸਲਨ ਆਪਾਂ ਗੁਰਦੁਆਰੇ ਮੱਥਾ ਟੇਕਣ ਚੱਲਾਂਗੇ---ਇੱਕ ਦਿਨ ਸ਼ਹਿਰ ਜਾ ਕੇ ਪਸਿੰਦ ਦੇ ਕੱਪੜੇ ਦੁਆਵਾਂਗੇ---ਹੋਰ ਸੁਰਖੀ ਬਿੰਦੀ ਲੈ ਕੇ ਦੇਵਾਂਗੇ---ਬਗੈਰਾ ਬਗੈਰਾ---ਪਰ ਇੱਕ ਲਾਲਚ ਨੇ ਮੇਰੇ ਕੰਨ ਚੌਕਸ ਕਰ ਦਿੱਤੇ---ਜਦੋਂ ਮੇਰੀ ਸੱਸ ਨੇ ਕਿਹਾ ਕਿ ਆਪਾਂ ਟਿਕਾਣੇ ਆਏ ਮਹੰਤਾਂ ਦੇ ਦਰਸ਼ਨ ਕਰਨ ਚੱਲਾਂਗੇ ਤਾਂ ਮੈਨੂੰ ਡਕੈਂਤਣ ਦੀ ਗੱਲ ਯਾਦ ਆ ਗਈ ਕਿ ਮਹੰਤ ਔਰਤ ਨੂੰ ਬਿਨਾਂ ਪਤੀ ਦੇ ਵੀ ਬੱਚੇ ਦੀ ਦਾਤ ਬਖਸ਼ਣ ਦੀ ਸਮਰੱਥਾ ਰੱਖਦੇ ਨੇ---ਮੈਂ ਸੁਚੇਤ ਜਿਹੀ ਹੋ ਕੇ ਆਪਣੀ ਸੱਸ ਦੇ ਮੂੰਹ ਵੱਲ ਦੇਖਿਆ।ਫੇਰ ਉਸ ਦਿਨ ਮੇਰੇ ਪਤੀ ਨੂੰ ਰੋਟੀ ਵੀ ਮੇਰੇ ਜੇਠ ਨੇ ਖੁਆਈ---ਰੋਟੀ ਖੁਆ ਕੇ ਹੱਥ ਧੋਦਿਆਂ ਉਹ ਆਖਣ ਲੱਗਾ,

    “ਧੰਨ ਐ ਇਹ ਮਾਂ ਦੀ ਧੀ---ਕਿਵੇਂ ਤਿੰਨ ਵਕਤ ਨਿਰੰਜਣ ਸੂੰ ਨੂੰ ਰੋਟੀ ਖੁਆਉਂਦੀ ਹੋਵੇਗੀ---ਐਨਾ ਘੋਲ ਕਰਨਾ ਪੈਂਦੇ---"

    ਥੋੜੀ ਦੇਰ ਬਾਦ ਮੇਰਾ ਸਹੁਰਾ ਵੀ ਅੰਦਰ ਆਇਆ---ਮੈਂ ਆਪਣੇ ਜੇਠ ਅੱਗੇ ਸਿਰਫ਼ ਹੱਥ ਜੋੜੇ ਬੋਲੀ ਕੁੱਝ ਨਾ---ਮੇਰੇ ਸਹੁਰੇ ਨੇ ਮੈਨੂੰ ਮੁਖ਼ਾਤਬ ਹੁੰਦਿਆਂ ਕਿਹਾ,

    “ਦੇਖ ਭਾਈ ਬਹੂ ਰਾਣੀ---ਅਸੀਂ ਤਾਂ ਤੇਰੇ ਭਲੇ ਲਈ ਕੀਤਾ ਸੀ ਸਭ ਕੁੱਝ---ਹੁਣ ਲੇਖਾਂ ਦੀਆਂ ਲਿਖੀਆਂ ਕੌਣ ਮੇਟੇ---? ਇਹ ਹੋਣੀ ਤਾਂ ਕਿਸੇ ਦੇ ਚਿੱਤ ਚੇਤੇ ਵੀ ਨੀ ਆਈ ਹੋਣੀ---ਪੁੱਤ ਹੁਣ ਤਾਂ ਕਰਮਾਂ ਤੇ ਸਬਰ ਕਰਨਾ ਪੈਣੈ---ਆਪਾਂ ਹੁਣ ਗੁਰੇ ਦਾ ਬਿਆਹ ਕਰਾਂਗੇ---ਅਸੀਂ ਤਾਂ ਅਡੀਕਦੇ ਤੀਂਘੇ ਬਈ ਨਿਰੰਜਣ ਸੂੰ ਠੀਕ ਹੋ ਜੇ---ਤਾਂ ਈ ਬਿਆਹਾਂਗੇ ਗੁਰੇ ਨੂੰ ਪਰ ਹੁਣ ਕਦ ਤੱਕ ਡੀਕਾਂਗੇ? ਚਲ ਉਹ ਜਾਣੇ ਘਰ `ਚ ਤੇਰੀ ਨੂੰਹ ਆਉਗੀ---ਛਮ ਛਮ ਕਰਦੀ ਫਿਰੂਗੀ---ਤੈਨੂੰ ਬੀਬੀ ਬੀਬੀ ਕਹਿੰਦੀ ਦਾ ਮੂੰਹ ਸੁੱਕਿਆ ਕਰੂ---ਘਰ `ਚ ਰੌਣਕ ਹੋ ਜੂ---"

    ਜੇ ਤੁਸੀਂ ਮੇਰੀ ਥਾਵੇਂ ਹੁੰਦੇ ਤਾਂ ਭਲਾ ਤੁਹਾਨੂੰ ਇਹ ਗੱਲਾਂ ਸੁਣ ਕੇ ਕਿਵੇਂ ਲਗਦਾ? ਮੈਂ ਆਪਣੇ ਸਹੁਰੇ ਦੀ ਗੱਲ ਸੁਣ ਕੇ ਸੋਚਾਂ ਬਈ ਮੇਰੇ ਵੀ ਤਾਂ ਛਮ ਛਮ ਕਰ ਕੇ ਫਿਰਨ ਦੇ ਦਿਨ ਨੇ---ਕੀ ਹੋਇਆ ਜੇ ਮੈਂ ਅਪਾਹਜ ਹਾਂ---ਕੀ ਹੋਇਆ ਜੇ ਮੈਂ ਅਣਚਾਹੀ ਹਾਂ---ਕੀ ਹੋਇਆ ਜੇ ਮੇਰੇ ਧਰਮੀ ਮਾਪਿਆ ਨੇ ਮੈਨੂੰ ਵੇਚ ਦਿੱਤਾ ਹੈ---ਪਰ ਮੇਰੇ ਅਰਮਾਨ ਤਾਂ ਕੁੜੀਆਂ ਵਰਗੇ ਹੀ ਨੇ---ਛੇ ਸੱਤ ਮਹੀਨਿਆਂ ਬਾਦ ਹੀ ਮੈਂ ਸੱਸ ਬਣ ਜਾਵਾਂਗੀ---ਤੁਸੀਂ ਮੇਰੀ ਥਾਵੇਂ ਖੜੋ ਕੇ ਚਿੰਤਨ ਮਨਨ ਕਰਨ ਦੀ ਖੇਚਲ ਕਰੋ---ਤੁਸੀਂ ਇੱਕ ਵਾਰੀ ਮੇਰੀ ਥਾਵੇਂ ਖੜੋ ਕੇ ਸੋਚੋ---

    ਪਤਾ ਨੀ ਮੇਰੇ ਸਹੁਰੇ ਨੇ ਇਹ ਸਭ ਗੱਲਾਂ ਸਹਿਜ ਸੁਭਾਅ ਈ ਕਹੀਆਂ ਹੋਣ ਪਰ ਮੈਨੂੰ ਲੱਗਿਆ ਜਿਵੇਂ ਉਹ ਵੀ ਮੈਨੂੰ ਭਲੋਵੀਂ ਦੇਣ ਡਿਹੈ---ਮੈਨੂੰ ਪਰਚਾਉਣ ਦੀ ਕੋਸ਼ਿਸ਼ ਕਰ ਰਿਹੈ---ਮੈਨੂੰ ਧਿਆਨੇ ਲਾਉਣ ਦਾ ਢੋਂਗ ਰਚ ਰਿਹੈ---ਕੁੱਝ ਦੇਰ ਰੁਕ ਕੇ ਉਹ ਦੋਬਾਰਾ ਆਖਣ ਲੱਗਾ, “ਨਾਲੇ ਪੁੱਤ ਅੱਜ ਤੇਰਾ ਬਾਪੂ ਆਇਆ ਤੀ---ਤੈਂ ਕਾਹਨੂੰ ਉਹਦਾ ਤੇ ਆਪਣਾ ਮਨ ਦੁਖੀ ਕਰਨਾ ਸੀ---ਪਤਾ ਨੀ ਬਚਾਰਾ ਕੀ ਸੋਚਦਾ ਹੋਊ---ਮਾਂ ਬਾਪ ਤਾਂ ਊਈਂ ਨੀ ਧੀਆਂ ਦਾ ਦੁਖ ਦੇਖ ਸਕਦੇ---"

    ਮੈਂ ਆਖਣਾ ਚਾਹਿਆ ਕਿ ਮੈਂ ਉਸ ਦੀ ਬੇਜ਼ਤੀ ਨੀ ਕੀਤੀ---ਉਹਦਾ ਮਨ ਦੁਖੀ ਨੀ ਕੀਤਾ---ਮੈਂ ਉਹਦੀ ਮੌਤ `ਤੇ ਕੀਰਨੇ ਪਾਏ ਨੇ---ਹਰ ਧੀ ਆਪਣੇ ਧਰਮੀ ਬਾਬਲ ਦੀ ਮੌਤ ਉੱਤੇ ਐਵੇਂ ਈ ਕੀਰਨੇ ਪਾਉਂਦੀ ਐ---ਐਵੇ ਈ ਉਹਦੀ ਮੌਤ ਦਾ ਸੋਗ ਮਨਾਉਂਦੀ ਐ---ਪਰ ਮੈਂ ਚੁੱਪ ਰਹੀ---ਜੋ ਮੈਂ ਕਹਿਣਾ ਚਾਹੁੰਦੀ ਸਾਂ ਉਹ ਮੇਰਾ ਸਹੁਰਾ ਸਮਝਦਾ ਹੀ ਸੀ ਸੋ ਮੈਂ ਚੁੱਪ ਰਹੀ---

    ਸਹੁਰੇ ਦੇ ਜਾਣ ਬਾਦ ਮੈਂ ਹੋਰ ਈ ਵਹਿਣਾਂ `ਚ ਵਹਿ ਗਈ---ਮੈਂ ਸੋਚਾਂ ਕਿ ਅਜੇ ਛੇ ਸੱਤ ਮਹੀਨੇ ਮੇਰੇ ਵਿਆਹ ਨੂੰ ਹੋਏ ਨੇ ਮੈਂ ਹੁਣੇ ਸੱਸ ਬਣ ਜੂੰਗੀ---ਫੇਰ ਸਾਲ ਦੋ ਸਾਲ ਤੱਕ ਦਾਦੀ---ਆਪਣੇ ਆਪ ਨੂੰ ਦਾਦੀ ਦੇ ਰੂਪ ਵਿੱਚ ਦੇਖਦੀ ਦੇਖਦੀ ਮੈਂ ਸੌ ਗਈ।

    ਕੀਤੇ ਵਾਅਦੇ ਅਨੁਸਾਰ ਅਗਲੇ ਦਿਨ ਮੇਰੀ ਦਰਾਣੀ ਮੈਨੂੰ ਗੁਰਦੁਆਰੇ ਲੈ ਗਈ---ਮੈਂ ਮੱਥਾ ਟੇਕਿਆ ਤੇ ਰੱਬ ਨੂੰ ਸੁਆਲ ਦਾਗਿਆ ਕਿ ਹੇ ਦੁਨੀਆਂ ਸਾਜਣਹਾਰ---ਚੌਦਾਂ ਤਬਕਾਂ ਦਿਆ ਮਾਲਕਾ---ਜੇ ਸੱਚ ਮਿੱਚ ਤੈਂ ਇਹ ਦੁਨੀਆਂ ਸਾਜੀ ਹੈ ਤਾਂ ਜਵਾਬ ਦੇਹ ਕਿ ਤੈਂ ਐਨੀ ਦੁਖੀਆਂ ਦਰਾਨੀ---ਦੁੱਖਾਂ ਦੀ ਨਗਰੀ ਇਹ ਦੁਨੀਆਂ ਬਣਾਈ ਹੀ ਕਿਉਂ??

    ਧਾਰਮਿਕ ਗ੍ਰੰਥ ਪੋਥੀਆਂ ਅਤੇ ਸਤਸੰਗ ਕਰਨ ਵਾਲੇ ਸੰਤ ਮਹਾਤਮਾਂ ਕਹਿੰਦੇ ਨੇ ਕਿ ਤੂੰ ਉਪਰ ਬੈਠਾ ਆਪਣੀ ਇਸ ਦੁਖਾਂ ਦੀ ਨਗਰੀ ਵਿੱਚ ਬੁਰੀ ਤਰਾਂ ਦੁੱਖ ਭੋਗਦੇ ਜੀਵਾਂ ਨੂੰ ਦੇਖ ਕੇ ਖੁਸ਼ ਹੋ ਰਿਹੈਂ---ਪਰ ਮੈਂ ਤੈਨੂੰ ਪੁੱਛਣਾ ਚਾਹੁੰਦੀ ਹਾਂ ਕਿ ਮੇਰੇ ਵਰਗੇ ਬਦਨਸੀਬ ਬੰਦੇ ਬਣਾ ਕੇ ਤੂੰ ਕਿਵੇਂ ਖੁਸ਼ ਹੋ ਸਕਦਾ ਹੈ---ਮੇਰੀ ਤੇ ਮੇਰੇ ਵਰਗੀਆਂ ਅਨੇਕਾਂ ਔਰਤਾਂ ਦੀ ਦੁਰਦਸ਼ਾ ਦੇਖ ਕੇ, ਬਦਹਾਲੀ ਦੇਖ ਕੇ ਅਤੇ ਬਦਕਿਸਮਤੀ ਦੇਖ ਕੇ ਤੂੰ ਕਿਵੇਂ ਵਿਸਮਾਦ ਵਿੱਚ ਰਹਿ ਸਕਦਾ ਹੈ?

    ਸੁਣਦੇ ਹਾਂ ਕਿ ਤੂੰ ਦੁਨੀਆਂ ਦੇ ਤਮਾਮ ਜੀਅ ਜੰਤ ਦਾ ਮਾਤਾ ਪਿਤਾ ਹੈਂ---ਕੀ ਕੋਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਐਨਾ ਦੁਖੀ ਅਤੇ ਤੜਪਦਾ ਹੋਇਆ ਦੇਖ ਕੇ ਖੁਸ਼ੀ ਮਨਾ ਸਕਦਾ ਹੈ? ਜਾਂ ਕੀ ਤੂੰ ਵੀ ਮੇਰੇੇ ਧਰਮੀ ਮਾਪਿਆਂ ਵਰਗਾ ਈ ਹੋ ਗਿਐਂ---ਨਿਰਮੋਹਾ, ਲਾਲਚੀ, ਬੇਦਰਦ?? ਇਸ ਤਰ੍ਹਾਂ ਤਾਂ ਤੇਰੀ ਹੋਂਦ ਬਾਰੇ ਵੀ ਸ਼ੰਕਾ ਪੈਂਦਾ ਹੁੰਦੀ ਹੈ---ਮਨ ਵਿੱਚ ਖਿ਼ਆਲ ਆਉਂਦਾ ਹੈ ਕਿ ਕੀ ਪਤਾ ਬੰਦਿਆਂ ਨੇ ਆਪਣੇ ਆਪ ਨੂੰ ਦਿਲਾਸਾ ਦੇਣ ਲਈ ਤੇਰੀ ਕਲਪਨਾ ਕਰ ਲਈ ਹੋਵੇ---ਤੇਰੀ ਹੋਂਦ ਰਚ ਲਈ ਹੋਵੇ---ਕਿਉਂਕਿ ਜੇ ਤੂੰ ਸੱਚ ਮੁੱਚ ਕਿਧਰੇ ਹੁੰਦਾ ਤਾਂ ਕਿਸੇ ਨੂੰ ਟੱਕਰਦਾ ਜ਼ਰੂਰ---ਦੁਨੀਆਂ ਤੈਨੂੰ ਅੱਖਾਂ ਬੰਦ ਕਰ ਕੇ ਪੁਕਾਰਦੀ ਹੈ---ਤੇਰੇ ਤਰਲੇ ਕੱਢਦੀ ਹੈ---ਨੱਕ ਰਗੜਦੀ ਹੈ---ਨਤਮਸਤਕ ਹੁੰਦੀ ਹੈ---ਸੁੱਖਾਂ ਸੁੱਖਦੀ ਹੈ---ਮੰਨਤਾਂ ਮੰਗਦੀ ਹੈ---ਚੜ੍ਹਾਵੇ ਚੜ੍ਹਾਉਂਦੀ ਹੈ---ਇੱਛਾ ਪੂਰਤੀ ਲਈ ਤੇ ਸੁੱਖਾਂ ਦੀ ਪ੍ਰਾਪਤੀ ਲਈ ਤੇਰੇ ਨਾਲ ਸੌਦੇ ਕਰਦੀ ਹੈ ਕਿ ਜੇ ਮੇਰਾ ਇਹ ਕੰਮ ਬਣ ਜਾਏ ਤਾਂ ਮੈਂ ਐਨੇ ਦਾ ਪ੍ਰਸਾਦ ਚੜ੍ਹਾਵਾਂਗਾ---ਅਖੰਡ ਪਾਠ ਕਰਾਵਾਂਗਾ---ਜਗਰਾਤਾ ਕਰਵਾਵਾਂਗਾ---ਜਾਂ ਨੰਗੇ ਪੈਰ ਤੁਰ ਕੇ ਆਵਾਂਗਾ---ਪਰ ਸੁਣਿਆ ਨਹੀਂ ਕਿ ਤੈਂ ਕਦੇ ਕਿਸੇ ਦੇ ਪ੍ਰਸ਼ਨ ਦਾ ਉੱਤਰ ਦਿੱਤਾ ਹੋਵੇ---ਕਦੇ ਕਿਸੇ ਨੂੰ ਮਿਲ ਕੇ ਗੱਲ ਬਾਤ ਕੀਤੀ ਹੋਵੇ---ਕਿਸੇ ਦੁਖੀ ਦਾ ਦੁਖ ਨਿਵਾਰਿਆ ਹੋਵੇ---ਕਿਸੇ ਦੇ ਪੱਲੇ ਖੈਰ ਪਾਈ ਹੋਵੇ---ਬੱਸ ਇਹ ਦੁਨੀਆਂ ਦੁਖਾਂ ਦੀ ਨਗਰੀ ਹੈ---ਤੇ ਦੁਖ ਭੋਗਦੀ ਜਨਤਾ ਸ਼ਾਇਦ ਥੱਕ ਹਾਰ ਕੇ ਤੇਰੀ ਅਣਦਿਸਦੀ ਹਸਤੀ, ਅਣਦਿਸਦੀ ਹੋਂਦ ਸਵੀਕਾਰ ਕਰ ਲੈਂਦੀ ਹੈ ਤੇ ਆਪਣੇ ਡਿਗਦੇ ਢਹਿੰਦੇ ਮਨ ਨੂੰ ਠੰੁਮ੍ਹਣਾ ਦੇਣ ਦਾ ਭਰਮ ਪਾਲਦੀ ਹੈ---ਆਪਣੇ ਆਪ ਨੂੰ ਭਰਮ `ਚ ਰੱਖਦੀ ਹੈ---ਤੇ ਜੇ ਤੂੰ ਸੱਚਮੁੱਚ ਕਿਤੇ ਹੈਂ ਤਾਂ ਮੇਰੇ ਸੁਆਲਾਂ ਦਾ ਜਵਾਬ ਦੇਹ---ਪਰ ਨਹੀਂ ਕਿਸੇ ਰੱਬ ਨੇ ਮੇਰੇ ਸੁਆਲਾਂ ਦਾ ਜਵਾਬ ਨਹੀਂ ਦਿੱਤਾ---ਮੇਰੀ ਦਰਾਣੀ ਨੇ ਮੇਰੀ ਤੰਦਰਾ ਤੋੜੀ,

    “ਭੈਣੇ ਚੱਲੀਏ---ਜੇ ਅਰਦਾਸ ਕਰ ਲਈ ਹੋਵੇ ਤਾਂ---ਦੇਰ ਹੰੁਦੀ ਐ---"

    “ਹਾਂਅ---ਹਾਂ---ਅਰਦਾਸ ਤਾਂ ਕਦੋਂ ਦੀ ਹੋ ਗਈ ਸੀਗੀ---ਮੈਂ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੀ ਸੀ---ਬਈ---ਬਈ ਗੁਰੇ ਦਾ ਬਾਪੂ ਠੀਕ ਹੋ ਜਾਵੇ---ਆਪਣੇ ਬੱਚਿਆਂ `ਚ ਹੱਸੇ ਖੇਡ੍ਹੇ---"

    ਮੈਂ ਸਰੋਸਰੀ ਝੂਠ ਬੋਲਿਆ---ਉਂਜ ਮੈਂ ਐਨੀ ਚਤੰਨ ਨਹੀਂ ਹਾਂ ਕਿ ਮੈਨੂੰ ਮੌਕੇ ਤੇ ਇਹੋ ਜਿਹਾ ਉੱਤਰ ਸੁੱਝ ਜਾਵੇ ਪਰ ਉਸ ਦਿਨ ਪਤਾ ਨੀ ਕਿਵੇਂ ਔੜ ਗਿਆ।

    ਪਤਾ ਨੀ ਰੱਬ ਵੱਲੋਂ ਕੋਈ ਜਵਾਬ ਨਾ ਦੇਣ ਸਦਕਾ ਮੈਂ ਉਹਦੇ ਨਾਲ ਖਫ਼ਾ ਸਾਂ---ਪਤਾ ਨੀ ਕਰਮਾਂ ਤੋਂ ਦੁਖੀ ਸਾਂ ਤੇ ਪਤਾ ਨੀ ਇੱਕ ਲੋਥੜੇ ਦਾ ਗੰਦ ਹੂੰਝਦੀ ਤੇ ਰੋਟੀ ਖੁਆਉਂਦੀ ਅੱਕ ਗਈ ਸਾਂ---ਉਸ ਦਿਨ ਗੁਰਦੁਆਰੇ ਤੋਂ ਘਰੇ ਆ ਕੇ ਮੈਂ ਫੇਰ ਭੂੰਜੇ ਬਹਿ ਕੇ ਕੀਰਨੇ ਪਾਉਣ ਲੱਗ ਪਈ---ਉਸ ਦਿਨ ਪਤਾ ਨੀ ਮੇਰੇ ਵਿੱਚ ਕਿੱਥੋਂ ਅੰਤਾਂ ਦਾ ਜ਼ੋਰ ਆ ਗਿਆ ਮੈਂ ਕਿਸੇ ਦੇ ਸਾਂਭਿਆਂ ਸਾਂਭੀ ਨਹੀਂ ਸਾਂ ਜਾ ਰਹੀ---

    ਸਾਰਾ ਟੱਬਰ ਮੈਨੂੰ ਕਾਬੂ ਕਰਦਾ ਰਿਹਾ---ਮੇਰੇ ਮੂੰਹ ਤੇ ਹੱਥ ਧਰ ਕੇ ਮੈਨੂੰ ਕੀਰਨੇ ਪਾਉਣੋ ਰੋਕਦਾ ਰਿਹਾ ਪਰ ਮੈਂ ਕਿੰਨੀ ਹੀ ਦੇਰ ਕੀਰਨੇ ਪਾਉਂਦੀ ਰਹੀ---ਛਾਤੀ ਪਿੱਟਦੀ ਰਹੀ---ਕੀਰਨੇ ਮੈਂ ਆਪਣੇ ਮਾਪਿਆਂ ਦੇ ਨਾਂ ਦੇ ਵੀ ਪਾਏ---ਆਪਣੇ ਪਤੀ ਪਰਮੇਸ਼ਰ ਦੇ ਨਾਂ ਦੇ ਵੀ ਪਾਏ ਤੇ ਆਪਣੇ ਨਾਂ ਦੇ ਵੀ ਪਾਏ---

    ਘਰ ਵਿੱਚ ਇੱਕ ਅਜੀਬ ਜਿਹਾ ਮਾਹੌਲ ਬਣ ਗਿਆ---ਕੀਰਨੇ ਪਾਉਂਦੀ ਤੇ ਰੋਂਦੀ ਦੀ ਚੰੁਨੀ ਸਿਰੋਂ ਲੱਥ ਗਈ---ਮੇਰੇ ਜੇਠਾਂ ਅਤੇ ਸਹੁਰੇ ਨੇ ਮੈਨੂੰ ਵਿਲਕਦਿਆਂ ਦੇਖ ਲਿਆ---ਖਿੱਚਾਤਾਣੀ ਵਿੱਚ ਮੇਰੇ ਸਿਰੋਂ ਚੁੰਨੀ ਲੱਥੀ ਦੇਖ ਕੇ ਇੱਕ ਵਾਰੀ ਤਾਂ ਸਾਰਿਆਂ ਨੇ ਮੂੰਹ ਪਰ੍ਹਾਂ ਕਰ ਲਿਆ ਸੀ---ਜਦੋਂ ਮੈਂ ਆਪੇ ਤੋਂ ਬਾਹਰ ਹੋ ਕੇ ਕੀਰਨੇ ਪਾਉਣੋ ਹਟੀ ਹੀ ਨਾ ਤਾਂ ਗੁਰਾ ਬੁੜ੍ਹਕਿਆ,

    “ਬੇਬੇ, ਆਹ ਪਖੰਡ ਕਰਦੀ ਐ---ਇਹ ਚਾਹੰੁਦੀ ਤਾਂ ਕੁਸ ਹੋਰ ਈ ਐ---ਲੰਗੜੇ ਪਿੰਗੜੇ ਬੰਦੇ ਦੀ ਇੱਕ ਰਗ ਬਾਧੂ ਹੁੰਦੀ ਐ---ਇਹ ਚਾਹੰੁਦੀ ਐ---ਇਹ ਚਾਹੁੰਦੀ ਐ---"

    ਉਹਦੀ ਗੱਲ ਕੱਟ ਕੇ ਮੇਰੀ ਦਰਾਣੀ ਨੇ ਉਹਨੂੰ ਘੂਰਿਆ,

    “ਕੀ ਚਾਹੰੁਦੀ ਐ ਇਹ ਬਚਾਰੀ? ਉਈਂ ਨਾ ਮਗਜੌਈ ਮਾਰੀ ਜਾਇਆ ਕਰ---ਸਾਰਾ ਦਿਨ ਕੋਹਲੂ ਕੇ ਬੈਲ ਵਾਂਗ ਕੰਮ ਕਰਦੀ ਐ---ਥੋਨੂੰ ਆਪਣਾ ਬਾਪ ਚਾਰ ਦਿਨ ਸਾਂਭਣਾ ਪੈ ਜੇ ਨਾਅ ਤਾਂ ਹੋਸ਼ ਟਕਾਣੇ ਆ ਜਾਣ---ਆਇਆ ਬੜਾ ਖੱਬੀਖਾਨ---"

    “ਚਾਚੀ ਇਹ ਨਿਆਣੇ ਜੰਮਣੇ ਚਾਹੰੁਦੀ ਐ---ਥੋਨੂੰ ਨੀ ਪਤਾ---ਇਹ ਖੇਖਣ ਕਰਦੀ ਐ---ਮੈਂ ਇਹਦੀ ਰਗ ਰਗ ਤੋਂ ਵਾਕਫ ਆਂ---"

    ਇਹ ਸਭ ਤਾਂ ਮੇਰੇ ਚਿੱਤ ਚੇਤੇ ਵੀ ਨਹੀਂ ਸੀ---ਇਹ ਇਛਾਵਾਂ ਤਾਂ ਚੰਗੇ ਭਲੇ ਹਾਲਾਤਾਂ ਵਿੱਚ ਜਾਗ ਸਕਦੀਆਂ ਨੇ---ਮੇਰੇ ਵਰਗੇ ਹਾਲਾਤਾਂ ਵਿੱਚ ਬੰਦੇ ਨੂੰ ਸਾਹ ਮੋਕਲਾ ਆਈ ਜਾਵੇ ਉਹੀ ਗਨੀਮਤ ਐ---ਮੈਂ ਸ਼ਰਮ ਨਾਲ ਲਾਲ ਹੋ ਗਈ---ਬਹੁਤ ਕੁਸ ਕਹਿਣਾ ਚਾਹੰੁਦੀ ਸਾਂ ਪਰ ਕਿਸ ਆਸਰੇ??

    “ਤੁਸੀਂ ਸਮਝਦੇ ਕਿਉਂ ਨੀ---ਦੂਸਰੇ `ਕ ਦਿਨ ਕੀਰਨੇ ਪਾਉਣ ਬਹਿਜੂ---ਇਹ ਡਰਾਉਣ ਦਾ ਪਖੰਡ ਕਰਦੀ ਐ ਸਾਰਾ---ਬਈ ਅਸੀਂ ਇਹਦੇ ਪਿੱਟ ਸਿਆਪੇ ਨੂੰ ਦੇਖ ਕੇ ਡਰ ਜਾਂਗੇ---ਨਾਲੇ ਤੂੰ ਕੰਨ ਖੋਲ੍ਹ ਕੇ ਸੁਣ ਲੈ ਲੰਗੜੀਏ---ਜੇ ਤੂੰ ਸੋਚਦੀ ਹੋਵੇਂ ਬਈ ਡਾਕਟਰ ਨੇ ਤੈਨੂੰ ਪੁਲਸ ਨੂੰ ਇਤਲਾਹ ਕਰਨ ਦੀ ਪੜ੍ਹਤੀ ਪੜ੍ਹਾਈ ਸੀ---ਤੇ ਤੂੰ ਪੁਲਸ ਨੂੰ ਖ਼ਬਰ ਕਰ ਦਏਂਗੀ---ਅੱਧੇ ਸਰੀਰ ਦੀ ਮਾਲਕ ਐਂ ਤੂੰ---ਇੱਕ ਮੁੱਕੇ ਦੀ ਮਾਰ ਨੀ ਹੈਅ ਤੂੰ---ਭਲੀਮਾਣਸ ਬਣ ਕੇ ਬਾਪੂ ਦੀ ਸੇਵਾ ਕਰਦੀ ਰਹਿ---ਤੈਨੂੰ ਅਸੀਂ ਨਿਆਣੇ ਜੰਮਣ ਲਈ ਨਹੀਂ ਸੀ ਮੁੱਲ ਖਰੀਦਿਆਂ---ਆਪਣੀ ਔਕਾਤ `ਚ ਰਹਿ---ਜੇ ਅੱਜ ਤੋਂ ਬਾਦ ਕੀਰਨੇ ਪਾਉਣ ਦਾ ਪਖੰਡ ਕੀਤਾ ਤਾਂ ਜਿਉਂਦੀ ਨੂੰ ਈ ਧਰਤੀ `ਚ ਗੱਡ ਦੂੰ---"

    ਗੁਰਾ ਬੇਸ਼ਰਮੀ ਉਤੇ ਉੱਤਰ ਆਇਆ ਸੀ---ਮੈਂ ਉਹਦੇ ਅੱਗੇ ਹੱਥ ਜੋੜ ਕੇ ਕਿਹਾ,

    “ਗੁਰੇ ਆਹ ਗੱਲ ਨੀ ਹੈ---ਮੈਂ ਤਾਂ ਮਰ ਮੁੱਕ ਚੁੱਕੀ ਲੰਗੜੀ ਤੇ ਮਰ ਮੁੱਕ ਚੁੱਕੇ ਉਹਦੇ ਮਾਪਿਆਂ ਦੇ ਨਾਂ ਦੇ ਕੀਰਨੇ ਪਾਉਂਦੀ ਸੀਘੀ---ਲੰਗੜੀ ਮਰ ਗਈ ਐ ਨਾਂ---ਤੇ ਉਹਦੇ ਧਰਮੀ ਮਾਪੇ ਵੀ ਮਰ ਗਏ ਨੇ---ਮੈਂ ਸੋਚਿਆ ਜਾਂਦੀ ਬਾਰ ਦੇ ਉਹਨਾਂ ਦੇ ਨਾਂ ਦੇ ਕੀਰਨੇ ਈ ਪਾ ਦਿਆਂ---ਤੂੰ ਮੇਰੇ ਉੱਤੇ ਇਲਜ਼ਾਮ ਨਾ ਲਾ---ਝੂਠੀ ਊਜ ਨਾ ਲਾ---"

    ਮੈਨੂੰ ਉਸ ਦਿਨ ਗੁਰੇ ਤੋਂ ਡਰ ਨਾ ਲੱਗਿਆ---ਸੋਚਿਆ ਚੰਗਾ ਹੈ ਜੇ ਮਾਰ ਦੇਵੇ ਤਾਂ---ਜਿਉਂਦਿਆਂ ਕਿਹੜਾ ਮੈਂ ਪਾਲਕੀਆਂ ਝੂਟਦੀ ਹਾਂ---ਚੰਗਾ ਹੈ ਇਸ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਹੋਊ---ਇੱਕ ਗੱਲ ਹੋਰ, ਹੁਣ ਗੁਰੇ ਨੂੰ ਘਰ ਦਾ ਕੋਈ ਜੀਅ ਹਟਕ ਨਹੀਂ ਸੀ ਰਿਹਾ---ਸ਼ਾਇਦ ਉਹਨਾਂ ਦੀ ਗੁਰੇ ਨਾਲ ਨੀਮ ਰਾਜ਼ਾਮੰਦੀ ਹੋ ਗਈ ਸੀ---ਸਾਰੇ ਜਣੇ ਮੈਨੂੰ ਹੋਰ ਹੋਰ ਨਜ਼ਰਾਂ ਨਾਲ ਤੱਕ ਰਹੇ ਸਨ---ਜਿਵੇਂ ਮੈਂ ਕੋਈ ਘੋਰ ਪਾਪ ਕਰ ਦਿੱਤਾ ਹੋਵੇ---ਗੁਰਾ ਬੁੜਬੁੜ ਕਰਦਾ ਬਾਹਰ ਨਿਕਲ ਗਿਆ---

    ਮੈਂ ਘਰਦਿਆਂ ਨੂੰ ਬਾਰ ਬਾਰ ਸਫ਼ਾਈ ਦਿੰਦੀ ਰਹੀ ਕਿ ਇਸ ਤਰਾਂ ਦੀ ਕੋਈ ਗੱਲ ਨਹੀਂ---ਮੇਰੇ ਉੱਤੇ ਬੇਕਾਰ ਦਾ ਸ਼ੱਕ ਮੱਤ ਕਰੋ---ਪਰ ਕੋਈ ਜਿਵੇਂ ਮੇਰੀ ਗੱਲ ਉਤੇ ਭਰੋਸਾ ਨਹੀਂ ਸੀ ਕਰ ਰਿਹਾ---ਮੈਂ ਹੀਣ ਭਾਵਨਾ ਦਾ ਸ਼ਿਕਾਰ ਹੋ ਗਈ---ਮੈਂ ਹਾੜੇ ਕੱਢ ਰਹੀ ਸਾਂ ਕਿ ਮੇਰੇ ਉੱਤੇ ਝੂਠੇ ਇਲਜ਼ਾਮ ਨਾ ਲਾਓ---ਪਰ ਮੈਨੂੰ ਇਸ ਹਾਲਤ ਵਿੱਚ ਛੱਡ ਕੇ ਸਭ ਜਣੇ ਬਾਹਰ ਚਲੇ ਗਏ---ਇੱਕ ਮੇਰੀ ਸੱਸ ਈ ਮੇਰੇ ਕੋਲ ਰੁਕੀ ਹੋਈ ਸੀ---ਸ਼ਾਇਦ ਡਰ ਰਹੀ ਸੀ ਕਿ ਕਿਤੇ ਮੈਂ ਕੋਈ ਹੋਰ ਬਖੇੜਾ ਨਾ ਖੜ੍ਹਾ ਕਰ ਦੇਮਾਂ।

    --ਚਲਦਾ--