20
ਮੇਰੇ ਨਾਲ ਜੰਮਣੋਂ ਪਹਿਲਾਂ ਹੀ---ਮਾਂ ਦੇ ਪੇਟ ਤੋਂ ਹੀ ਜੱਗੋਂ ਤੇਰਵ੍ਹੀਂ ਹੁੰਦੀ ਆਈ ਐ---ਇਹ ਜੱਗੋਂ ਤੇਰਵ੍ਹੀਂ ਮੇਰੇ ਇਕੱਲੀ ਨਾਲ ਨਹੀਂ ਸਗੋਂ ਮੇਰੇ ਵਰਗੀਆਂ ਲੱਖਾਂ ਔਰਤਾਂ ਨਾਲ ਹੁੰਦੀ ਆਈ ਐਪਰਹਰ ਕੋਈ ਮੇਰੇ ਵਾਂਗ ਚੁੱਪ ਕਰ ਜਾਂਦੀ ਐ---ਬੋਲ ਕੇ ਬਣਦਾ ਵੀ ਕੀ ਐ---ਔਰਤ ਨੂੰ ਬੋਲਣ ਦੀ ਬੜੀ ਭਾਰੀ ਸਜ਼ਾ ਮਿਲਦੀ ਹੈ--
ਤੁਸੀਂ ਖਾਹਮਖਾਹ ਥਾਂ ਥਾਂ ਔਰਤਾਂ ਦੀ ਹਿਫ਼ਾਜਤ ਦੇ ਢੋਂਗ ਰਚਦੇ ਹੋ---ਪ੍ਰੋਗਰਾਮ ਕਰਾਉਂਦੇ ਹੋ---ਔਰਤਾਂ ਦੀ ਸੁਰੱਖਿਆ ਲਈ ਦਮਗੱਜੇ ਮਾਰਦੇ ਹੋ---ਬੇਸਹਾਰਾ ਔਰਤਾਂ ਲਈ ਨਾਰੀ ਆਸ਼ਰਮ ਬਣਾਏ ਹੋਏ ਨੇ---ਵਿਧਵਾ ਆਸ਼ਰਮ ਚਲਾ ਰੱਖੇ ਨੇ---ਕਿਸੇ ਔਰਤ ਨਾਲ ਧੱਕੇਸ਼ਾਹੀ ਹੋਣ ਦੀ ਸੂਰਤ ਵਿੱਚ 1092 ਤੇ ਫੋਨ ਕਰਨ ਦੀ ਪ੍ਰੇਰਨਾ ਦੇ ਰੱਖੀ ਹੈ---ਲਓ ਚਲਦੇ ਚਲਦੇ ਏਸ ਫ਼ੋਨ ਦੀ ਵੀ ਕਹਾਣੀ ਸੁਣ ਲਓ---ਸਾਡੇ ਪਿੰਡ ਸਫੈਦਪੋਸ਼ਾਂ ਦਾ ਇੱਕ ਨਾਲਾਇਕ, ਸ਼ਰਾਬੀ ਨਸ਼ੇੜੀ ਤੇ ਸੱਤੇ ਐਬਾਂ ਦਾ ਧਾਰਣੀ ਸਪੂਤ ਐ---ਚੰਗਾ ਘਰ ਦਰ ਹੋਣ ਸਦਕਾ ਤੇ ਚੰਗੀ ਜ਼ਮੀਨ ਹੋਣ ਸਦਕਾ ਉਹਦਾ ਇੱਕ ਪੜ੍ਹੀ ਲਿਖੀ ਕੁੜੀ ਨਾਲ ਰਿਸ਼ਤਾ ਹੋ ਗਿਆ---ਮਹੀਨੇ ਮਗਰੋਂ ਈ ਸਾਰਾ ਭੇਤ ਪਰਦਾ ਖੁੱਲ੍ਹ ਗਿਆ---ਪਹਿਲਾਂ ਤਾਂ ਵਹੁਟੀ ਵਿਚਾਰੀ ਚੁੱਪ ਕਰ ਕੇ ਸਹਿੰਦੀ ਰਹੀ ਪਰ ਜਦੋਂ ਪਾਣੀ ਸਿਰੋਂ ਉੱਚਾ ਚਲਿਆ ਗਿਆ ਤਾਂ ਇੱਕ ਦਿਨ ਉਸ ਨੇ 1092 ਤੇ ਫ਼ੋਨ ਕਰ ਦਿੱਤਾ---ਲਓ ਜੀ ਪੁਲਸ ਆ ਗਈ---ਕੁੜੀ ਦੇ ਪੇਕੇ ਐਨੇ ਜੋਗੇ ਨਹੀਂ ਸਨ ਕਿ ਉਸਨੂੰ ਸਪੋਰਟ ਕਰ ਸਕਦੇ---ਮੁੰਡੇ ਵਾਲਿਆਂ ਨੇ ਪੁਲਸ ਨੂੰ ਪੈਸੇ ਦੇ ਦਿਵਾ ਕੇ ਕੁੜੀ ਦਾ ਉਹ ਹਾਲ ਕੀਤਾ ਕਿ ਰਹੇ ਰੱਬ ਦਾ ਨਾਂ---ਅਖ਼ੀਰ ਬਚਾਰੀ ਕਮਲੀ ਹੋ ਗਈ ਤੇ ਹੁਣ ਕਿਸੇ ਮਹਿਲਾ ਆਸ਼ਰਮ `ਚ ਰਹਿੰਦੀ ਐ---ਉਥੇ ਵਿਚਾਰੀ ਨਾਲ ਹੋਰ ਵੀ ਬੁਰੀ ਹੋਈ---ਪਤਾ ਨੀ ਕਿਸ ਦੀ ਕਾਲੀ ਕਰਤੂਤ ਸਦਕਾ ਉਹ ਬੱਚੀ ਦੀ ਮਾਂ ਬਣ ਗਈ---ਬੱਚੀ ਸਾਰੀ ਉਮਰ ਹਰਾਮ ਦੀ ਔਲਾਦ ਕਹਾਵੇਗੀ---ਦੁਨੀਆਂ ਦੇ ਤਾਅਨੇ ਮਿਹਣੇ ਸਹੇਗੀ---
ਉਂਜ ਵੀ ਆਪਾਂ ਰੋਜ਼ ਪੜ੍ਹਦੇ ਹਾਂ ਕਿ ਆਸ਼ਰਮ `ਚ ਰਹਿੰਦੀਆਂ ਬੱਚੀਆਂ ਜਾਂ ਔਰਤਾਂ ਨਾਲ ਰੋਜ਼ ਬਲਾਤਕਾਰ ਹੁੰਦੇ ਨੇ---ਧੱਕਾਸ਼ਾਹੀ ਹੁੰਦੀ ਐ---ਹੋਰ ਕਈ ਤਰ੍ਹਾਂ ਦੀ ਪੜਤਾੜਨਾ ਹੰੁਦੀ ਰਹਿੰਦੀ ਐ---ਨਾਲੇ ਉਥੇ ਕਿਹੜਾ ਇਸ ਦੁਨੀਆਂ ਤੋਂ ਬਾਹਰਲੇ ਕਿਸੇ ਹੋਰ ਸੰਸਾਰ ਦੇ ਬੰਦੇ ਰਹਿੰਦੇ ਨੇ---ਉੱਥੇ ਵੀ ਇਸ ਸੰਸਾਰ ਦੇ ਹੱਡ ਮਾਸ ਦੇ ਬਣੇ ਆਦਮੀ ਹੀ ਰਹਿੰਦੇ ਨੇ---
ਇਸ ਦੇਸ਼ ਵਿੱਚ ਤਾਂ ਔਰਤ ਹੋਣਾ ਹੀ ਗੁਨਾਹ ਹੈ---ਜੇ ਕਿਸੇ ਨੇ ਵੱਡੀ ਤੋਂ ਵੱਡੀ ਸਜ਼ਾ ਭੋਗਣੀ ਹੋਵੇ ਤਾਂ ਉਹ ਐਥੇ ਔਰਤ ਦਾ ਜਨਮ ਲੈ ਲਵੇ---ਔਰਤ ਹੋਣਾ ਆਪਣੇ ਆਪ ਵਿੱਚ
ਸਾਰੀਆਂ ਸਜ਼ਾਵਾਂ ਤੋਂ ਸਿਰਮੌਰ ਸਜ਼ਾ ਹੈ---ਧਾਰਮਿਕ ਗ੍ਰੰਥ ਪੋਥੀਆਂ ਤੇ ਧਰਮ ਪ੍ਰਚਾਰਕ ਦੱਸਦੇ ਨੇ ਬਈ ਮਰਨ ਤੋਂ ਬਾਦ ਜਮਦੂਤ ਬੰਦੇ ਨੂੰ ਤੇਲ ਦੇ ਰਿੱਝਦੇ ਕੜਾਹਿਆਂ ਵਿੱਚ ਤਲਦੇ ਹਨ---ਅੱਗ `ਚ ਸਾੜਦੇ ਨੇ---ਸ਼ੇਰ ਬਘੇਰਿਆਂ ਅੱਗੇ ਸਿੱਟ ਦਿੰਦੇ ਨੇ---ਪਰ ਇਹ ਸਾਰੇ ਤਸੀਹੇ ਔਰਤ ਹੋਣ ਦੇ ਸਰਾਪ ਨਾਲੋਂ ਹੇਠਾਂ ਹੇਠਾਂ ਨੇ---
ਹੁਣ ਤੁਸੀਂ ਸੁਆਲ ਕਰੋਗੇ ਕਿ ਕਿਤੇ ਕਿਤੇ ਔਰਤ ਵੀ ਹੁਣ ਬਹੁਤ ਵਧੀਕੀਆਂ ਕਰ ਰਹੀ ਐ---ਰੇਪ ਦੇ, ਦਾਜ ਦੇ ਝੂਠੇ ਮੁਕੱਦਮੇ ਠੋਕ ਦਿੰਦੀ ਐ---ਦਾਰੂ ਸ਼ਰਾਬ ਪੀਂਦੀ ਐ---ਤੁਸੀਂ ਠੀਕ ਸੁਆਲ ਕਰ ਰਹੇ ਹੋ ਪਰ ਉਹ ਔਰਤਾਂ ਤਾਂ ਮੁੱਠੀ ਭਰ ਹੀ ਹਨ---ਦੂਜਾ ਉਨ੍ਹਾਂ ਨੂੰ ਇਹ ਚਲਾਕੀਆਂ ਤੁਸੀਂ ਹੀ ਸਖਾਈਆਂ ਨੇ---ਤੁਸੀਂ ਔਰਤ ਨੂੰ ਖਿਡਾਉਣਾ ਸਮਝਦੇ ਰਹੋਗੇ ਤਾਂ ਉਹ ਵੀ ਕਦ ਤੱਕ ਤੁਹਾਡੇ ਇਸ਼ਾਰਿਆਂ ਉੱਤੇ ਨੱਚਦੀ ਰਹੂਗੀ---ਖੈਰ! ਮੈਂ ਉਹਨਾਂ ਚੋਂ ਨਹੀਂ ਹਾਂ---ਮੈਂ ਬਹੁ ਗਿਣਤੀ ਚੋਂ ਹਾਂ---ਕਾਸ਼! ਮੈਂ ਇਹਨਾਂ ਮੁੱਠੀ ਭਰ ਔਰਤਾਂ ਚੋਂ ਹੁੰਦੀ---ਤੇ ਤੁਹਾਨੂੰ ਉਗਲਾਂ ਤੇ ਨਚਾਉਂਦੀ ਫਿਰਦੀ---
ਇਹ ਸੱਚ ਹੈ ਕਿ ਸਰੀਫ਼ ਔਰਤ ਹੋਣਾ---ਸਰਲ ਸਿੱਧੀ ਔਰਤ ਹੋਣਾ ਵੀ ਔਰਤ ਲਈ ਸ਼ਰਾਪ ਹੈ---ਚੰਗੀ ਗੱਲ ਨਹੀਂ ਹੈ---ਖੈਰ! ਆਪਾਂ ਗੱਲ ਕਰ ਰਹੇ ਸੀਗੇ ਸਫੈਦਪੋਸ਼ਾਂ ਦੀ ਨੂੰਹ ਦੀ---ਇੱਕ ਦਿਨ ਉਸ ਦੇ ਮਾਂ ਬਾਪ ਉਹਦੀ ਬੱਚੀ ਨੂੰ ਲੈ ਕੇ ਪੰਚਾਇਤ ਜੋੜ ਕੇ ਬਹਿ ਗਏ---ਆਖਣ ਲੱਗੇ ਕਿ ਇਹ ਕੁੜੀ ਉਹਨਾਂ ਦੀ ਪਾਗਲ ਹੋ ਚੁੱਕੀ ਧੀ ਦੀ ਹੈ---ਇਸ ਦਾ ਆਪਣੇ ਬਾਪ ਦੀ ਜਾਇਦਾਦ ਵਿੱਚ ਹਿੱਸਾ ਬਣਦਾ ਹੈ---ਬਾਕੀ ਗੱਲਾਂ ਤਾਂ ਛੱਡੋਂ---ਬਈ ਕੁੜੀ ਦਾ ਕੀ ਬਣਿਆ---ਜਾਇਦਾਦ ਮਿਲੀ ਜਾਂ ਨਹੀਂ ਮਿਲੀ---ਸੋਚਣ ਵਾਲੀ ਗੱਲ ਇਹ ਹੈ ਕਿ ਮਹਿਲਾ ਆਸ਼ਰਮ ਵਿੱਚ ਇੱਕ ਪਾਗਲ ਔਰਤ ਨਾਲ ਧੱਕਾ ਕਰਨ ਵਾਲੇ ਨੂੰ ਕੀ ਸਜ਼ਾ ਮਿਲੀ---ਕਿਸੇ ਦਰਿੰਦੇ ਨੇ ਪਾਗਲ ਔਰਤ ਨੂੰ ਨਾ ਬਖਸ਼ਿਆ ਤਾਂ ਉਹ ਮੇਰੇ ਵਰਗੀ ਔਰਤ ਨਾਲ ਕਿਵੇਂ ਪੇਸ਼ ਆਵੇਗਾ---
ਔਰਤ ਮਾਂ ਦੇ ਪੇਟ ਤੋਂ ਲੈ ਕੇ ਸਿਵੇ ਵਿੱਚ ਸੜਨ ਤੱਕ ਕਿਧਰੇ ਮਹਿਫੂਜ ਨਹੀਂ ਹੈ---ਕਹਿੰਦੇ ਨੇ ਇੱਕ ਬੁੱਢੀ ਸੌ ਸਾਲ ਦੀ ਉਮਰ ਭੋਗ ਕੇ ਮਰੀ---ਘਰ ਵਾਲੇ ਉਹਦੀ ਅਰਥੀ ਸ਼ਮਸ਼ਾਨ ਘਾਟ ਲੈ ਗਏ---ਉਥੇ ਜਾ ਕੇ ਸ਼ਮਸ਼ਾਨ ਘਾਟ ਦੇ ਪੰਡਤ ਨੇ ਦੱਸਿਆ ਕਿ ਹੁਣ ਰਾਤ ਹੋ ਗਈ ਐ---ਰਾਤ ਨੂੰ ਮੁਰਦਾ ਸਾੜਨਾ ਸ਼ੁਭ ਨਹੀਂ ਹੰੁਦਾ---ਚੰਗਾ ਹੋਵੇ ਇਹਦਾ ਸੰਸਕਾਰ ਸਵੇਰੇ ਕਰੀਏ---ਘਰ ਦੇ ਜੀਅ ਮੁਰਦੇ ਨੂੰ ਸ਼ਮਸ਼ਾਨ ਘਾਟ ਦੇ ਇੱਕ ਕਮਰੇ ਵਿੱਚ ਛੱਡ ਕੇ ਘਰ ਆ ਗਏ---ਸਵੇਰੇ ਜਾ ਕੇ ਕੀ ਦੇਖਦੇ ਨੇ ਕਿ ਉਸ ਸੌ ਸਾਲ ਦੀ ਬੁੱਢੀ ਦੇ ਮ੍ਰਿਤਕ ਸਰੀਰ ਦੀ ਵੀ ਕਿਸੇ ਦਰਿੰਦੇ ਨੇ ਮਿੱਟੀ ਖਰਾਬ ਕਰ ਰੱਖੀ ਐ---ਉਹਦੀ ਇੱਜ਼ਤ ਖਰਾਬ ਕਰ ਰੱਖੀ ਐ---ਹੁਣ ਤੁਸੀਂ ਦੱਸੋ ਕਿ ਔਰਤ ਹੋਣਾ ਸ਼ਰਾਪ ਹੈ ਜਾਂ ਨਹੀਂ??
ਕਈ ਵਾਰ ਮਨ ਕਰਦਾ ਹੈ ਕਿ ਜੇ ਕਿਤੇ ਕੋਈ ਰੱਬ ਮਿਲ ਜਾਵੇ ਤਾਂ ਉਸ ਨੂੰ ਪੁੱਛਾਂ ਬਈ ਔਰਤ ਨਾਲ ਐਨਾ ਅਨਿਆਂ ਤੇ ਅੱਤਿਆਚਾਰ ਦੇਖ ਕੇ ਤੈਨੂੰ ਕੋਈ ਦੁੱਖ ਨਹੀਂ ਹੁੰਦਾ?? ਬੱਚੀ ਆਪਣੇ ਬਾਪ ਦੀ ਹਵਸ ਦਾ ਸ਼ਿਕਾਰ ਹੋ ਰਹੀ ਐ---ਰਿਸ਼ਤੇਦਾਰ ਨੋਚ ਰਹੇ ਨੇ---ਦਹੇਜ ਦੇ ਨਾਂ ਤੇ ਉਹ ਵਿਚਾਰੀ ਕੀ ਕੀ ਨਹੀਂ ਭੋਗਦੀ---ਤੇ ਰੱਬ ਵਿਚਾਰੀ ਔਰਤ ਦੀ ਦੁਰਦਸ਼ਾ ਦੇਖ ਕੇ ਵਿਗਸ ਰਿਹਾ ਹੈ---ਖੁਸ਼ ਹੋ ਰਿਹਾ ਹੈ---ਕੈਸਾ ਰੱਬ ਹੈ ਇਹ??
ਔਰਤ ਨੂੰ ਲੋਕ ਆਟੇ ਦਾ ਦੀਵਾ ਵੀ ਆਖਦੇ ਨੇ---ਅਖੇ ਘਰ ਦੇ ਅੰਦਰ ਰੱਖੋ ਤਾਂ ਚੂਹੇ ਖਾਂਦੇ ਨੇ---ਬਾਹਰ ਰੱਖੋ ਤਾਂ ਕਾਂ ਕੁੱਤੇ ਬਿੱਲੇ ਨਹੀਂ ਛੱਡਦੇ---ਕਾਂ ਕੁੱਤੇ ਬਿੱਲੇ ਤਾਂ ਖਾ ਜਾਣ ਪਰ “ਚੂਹੇ"??? ਜਦੋਂ ਵਾੜ ਈ ਖੇਤ ਨੂੰ ਖਾਣ ਲੱਗ ਜਾਵੇ ਤਾਂ ਰੱਬ ਈ ਰਾਖਾ---।
ਮੈਂ ਥੋਨੂੰ ਪਿੱਛੇ ਦੱਸਿਆ ਸੀ ਨਾਅ---ਬਈ ਮੈਂ ਹਾਲਾਤਾਂ ਤੋਂ ਦੁਖੀ ਹੋਈ ਤੀਜੀ ਵਾਰ ਕੀਰਨੇ ਪਾ ਕੇ ਆਪਣਾ ਗੁੱਭ ਗੁਲ੍ਹਾਟ ਕੱਢ ਬੈਠੀ ਸਾਂ ਤੇ ਤੁਹਾਨੂੰ ਮੈਂ ਇਹ ਵੀ ਦੱਸਿਆਂ ਸੀ ਕਿ ਜਦੋਂ ਗੁਰਾ ਮੇਰੀ ਇਸ ਫਰਸਟ੍ਰੇਸ਼ਨ ਦਾ ਗਲਤ ਮਤਲਬ ਕੱਢ ਰਿਹਾ ਸੀ ਤਾਂ ਘਰ ਦੇ ਬਾਕੀ ਜੀਆਂ ਨੇ ਵੀ ਕੰਨ ਖੜ੍ਹੇ ਕਰ ਲਏ ਸਨ ਤੇ ਗੁਰੇ ਦੀ ਗੱਲ ਵੱਲ ਵਿਸ਼ੇਸ਼ ਤਵੱਜੋ ਵੀ ਦਿੰਦੇ ਨਜ਼ਰ ਆ ਰਹੇ ਸਨ।
ਉਸ ਦਿਨ ਦੀ ਘਟਨਾ ਤੋਂ ਦੋ ਕੁ ਦਿਨਾਂ ਬਾਦ ਮੇਰੀਆਂ ਦਰਾਣੀਆਂ ਜਠਾਣੀਆਂ ਨੇ ਮੈਨੂੰ ਕਾਮ ਤ੍ਰਿਪਤੀ ਅਤੇ ਮਾਂ ਬਣਨ ਦੇ ਕੁੱਝ ਅਜੀਬੋ ਗਰੀਬ, ਘਟੀਆ, ਘਿਨਾਉਣੇ, ਹੈਰਾਨੀ ਜਨਕ ਅਤੇ ਮੇਰੇ ਵਰਗੀ ਅਪਾਹਜ ਔਰਤ ਲਈ ਮੂਲੋਂ ਅਸੰਭਵ ਤੌਰ ਤਰੀਕੇ ਸਮਝਾਏ---ਮੈਂ ਐਨੀ ਬੇਸ਼ਰਮ ਨਹੀਂ ਹੋ ਸਕਦੀ ਕਿ ਮੈਂ ਇਹਨਾਂ ਤਰੀਕਿਆਂ ਦਾ ਤੁਹਾਡੇ ਨਾਲ ਜ਼ਿਕਰ ਕਰਾਂ---ਪਰ ਤੁਸੀਂ ਇੰਨਾ ਜ਼ਰੂਰ ਸਮਝ ਜਾਣਾ ਕਿ ਉਹਨਾਂ ਨੇ ਮੇਰੇ ਕੀਰਨਿਆਂ ਨੂੰ ਮੇਰੀ ਕਾਮ ਅਤ੍ਰਿਪਤੀ ਦੀ ਅਵਸਥਾ ਸਮਝ ਕੇ ਮੈਨੂੰ ਕਾਮ ਤ੍ਰਿਪਤੀ ਦੇ ਅਤੀ ਗਿਰੇ ਹੋਏ ਢੰਗ ਤਰੀਕੇ ਅਜ਼ਮਾਉਣ ਲਈ ਪ੍ਰੇਰਿਤ ਕੀਤਾ---ਸੁਣ ਕੇ ਮੈਂ ਸ਼ਰਮ ਨਾਲ ਡੁੱਬ ਮੋਈ ਸਾਂ---ਮੈਂ ਮਿੱਟੀ ਦੀ ਢੇਰੀ ਹੋ ਗਈ ਸਾਂ ਤੇ ਸੱਚ ਮੰਨਿਓ ਉਸ ਦਿਨ ਤੋਂ ਬਾਦ ਮੈਨੂੰ ਉਹਨਾਂ ਨਾਲ ਸਖ਼ਤ ਨਫ਼ਰਤ ਹੋ ਗਈ ਸੀ---ਮੈਂ ਉਨ੍ਹਾਂ ਦੇ ਮਸ਼ਵਰੇ ਦਿੰਦੇ ਮੂੰਹਾਂ ਵੱਲ ਤੱਕਦੀ ਨੇ ਇੱਕ ਵਾਰੀ ਆਪਣੇ ਪਤੀ ਵੱਲ ਤੱਕਿਆ, ਤੇ ਫੇਰ ਆਪਣੇ ਅੱਧੇ ਅਧੂਰੇ ਸਰੀਰ ਵੱਲ ਨਿਗਾਹ ਮਾਰੀ---ਮੇਰੀਆਂ ਦਰਾਣੀਆਂ ਜਠਾਣੀਆਂ ਇਸ ਤਰ੍ਹਾਂ ਦੇ ਲੱਚਰ ਮਸ਼ਵਰੇ ਵੀ ਦੇ ਸਕਦੀਆਂ ਨੇ---ਆਪਣੇ ਲੋਥ ਬਣੇ ਪਤੀ ਦੀ ਕਾਮ ਵਾਸਨਾਂ ਨੂੰ ਉਕਸਾਉਣ ਲਈ ਗੰਦੇ ਤਰੀਕੇ ਅਪਨਾਉਣ ਦੀ ਰਾਇ ਵੀ ਦੇ ਸਕਦੀਆਂ ਨੇ---ਇਹ ਤਾ ਮੈ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ---
ਮੈਂ ਕਿਸ ਤਰ੍ਹਾਂ ਉਹਨਾਂ ਨੂੰ ਆਪਣਾ ਕਲੇਜਾ ਚੀਰ ਕੇ ਦਖਾਉਂਦੀ ਕਿ ਮੇਰੇ ਕੀਰਨਿਆਂ ਦਾ ਮਤਲਬ ਇਹ ਬਿਲਕੁਲ ਨਹੀਂ---ਮੇਰੇ ਮਨ ਵਿੱਚ ਇਹੋ ਜਿਹਾ ਕੋਈ ਸ਼ੌਕ, ਕੋਈ ਇੱਛਾ ਕੋਈ ਅਰਮਾਨ ਹੈ ਈ ਨਹੀਂ---ਜਦੋਂ ਉਹ ਮੈਨੂੰ ਇਹੋ ਜਿਹੇ ਪੁੱਠੇ ਸਿੱਧੇ ਮਸ਼ਵਰੇ ਦੇਣੋਂ ਹਟੀਆਂ ਈ ਨਾ ਤਾਂ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਮੈਂ ਰੋਣਹਾਕੀ ਹੋ ਕੇ ਬੋਲੀ,
“ਭੈਣ ਜੀ ਮੇਰੇ ਉਤੇ ਇਹੋ ਜਹੀਆਂ ਊਜਾਂ ਨਾ ਲਓ---ਮੈਂ ਤਾਂ ਪਹਿਲਾਂ ਹੀ ਕਿਸਮਤ ਦੀ ਮਾਰੀ ਹੋਈ ਆਂ---ਮੈਨੂੰ ਕਿਸੇ ਕਿਸਮ ਦੀ ਇੱਛਾ ਜਗਿਆਸਾ ਨਹੀਂ---ਮੈਂ ਤਾਂ ਆਪਣੇ ਕਰਮਾਂ ਨੂੰ ਰੋਨੀ ਆਂ---ਤੁਸੀਂ ਮੇਰੀ ਥਾਂ ਖੜ੍ਹੀਆਂ ਹੋ ਕੇ ਸੋਚੋ ਬਈ ਮੇਰੇ ਵਰਗੀ ਫੁੱਟੇ ਕਰਮਾਂ ਵਾਲੀ ਔਰਤ ਕੋਈ ਸੋਹਲ ਇੱਛਾ ਕਿਵੇਂ ਪਾਲ ਸਕਦੀ ਐ---ਮੈਂ ਤਾਂ ਮੁਰਦਾ ਹਾਂ---ਮੁਰਦਾ ਜਿਸਮ ਦਾ ਬੋਝਾ ਢੌਂਦੀ ਹੋਈ ਮੈਂ ਜੋ ਬਹਿ ਕੇ ਕਦੇ ਕਦੇ ਕੀਰਨੇ ਪਾਉਣ ਲੱਗ ਜਾਨੀ ਆਂ---ਉਹ ਤਾਂ ਮੈਂ ਮਰੀ ਹੋਈ ਲੰਗੜੀ ਦੇ ਨਾਂ ਦੇ ਪਾਉਨੀ ਆਂ---ਸਾਲ ਹੋਣ ਆਇਐ ਮੈਨੂੰ ਉਰੇ ਆਇਆਂ---ਕਿਸੇ ਨੇ ਮੇਰੇ `ਚ ਕੋਈ ਇਹੋ ਜਿਹੀ ਹਰਕਤ ਦੇਖੀ ਐ? ਮਿਹਰਬਾਨੀ ਕਰੋ---ਰਹਿਮ ਕਰੋ---ਮੈਨੂੰ ਹੋਰ ਨਾ ਤਪਾਓ---ਮੈ ਤਾਂ ਪਹਿਲਾਂ ਈ ਸੜੀ ਬਲੀ ਪਈ ਆਂ------ਪਹਿਲਾਂ ਈ---।"
ਮੇਰੀਆਂ ਅੱਖਾਂ ਚੋਂ ਪਾਣੀ ਵਹਿ ਰਿਹਾ ਸੀ---ਮੇਰੀਆਂ ਦਰਾਣੀਆਂ ਜਠਾਣੀਆਂ ਪਤਾ ਨੀ ਡਰ ਗਈਆਂ---ਪਤਾ ਨੀ ਉਹਨਾਂ ਨੂੰ ਮੇਰੇ ਉਤੇ ਰਹਿਮ ਆ ਗਿਆ---ਪਤਾ ਨੀ ਉਹਨਾਂ ਨੇ ਮੇਰੀ ਗੱਲ ਉਤੇ ਭਰੋਸਾ ਕਰ ਲਿਆ---ਤੇ ਪਤਾ ਨੀ ਉਹ ਆਪਣੇ ਦਿੱਤੇ ਹੋਏ ਊਟ ਪਟਾਂਗ ਮਸ਼ਵਰਿਆਂ ਤੋਂ ਸ਼ਰਮਿੰਦਾ ਹੋ ਗਈਆਂ---ਉਹ ਵੀ ਰੋਣ ਲੱਗ ਪਈਆਂ---ਚੁੱਪ ਉਹਨਾਂ ਨੇ ਮੈਨੂੰ ਕਰਾਉਣਾ ਸੀ ਉਲਟਾ ਮੈਨੂੰ ਉਹਨਾਂ ਨੂੰ ਵਰਾਉਣਾ ਪੈ ਗਿਆ---ਮੈਨੂੰ ਲੱਗਿਆ ਕਿ ਇਸ ਸਭ ਕਾਸੇ ਲਈ ਮੈਂ ਹੀ ਜ਼ਿੰਮੇਵਾਰ ਹਾਂ---ਮੈਂ ਹੀ ਦੋਸ਼ੀ ਹਾਂ---
ਕਦੇ ਕਦੇ ਮੈਨੂੰ ਲਗਦਾ ਕਿ ਨਿਰੰਜਣ ਸਿੰਘ ਦੀ ਇਸ ਦੁਰਦਸ਼ਾ ਲਈ ਵੀ ਮੈਂ ਹੀ ਜ਼ਿੰਮੇਵਾਰ ਹਾਂ---ਕੀ ਪਤਾ ਸਾਡੇ ਗ੍ਰਹਿ ਈ ਨਾ ਮਿਲਦੇ ਹੋਣ---ਕੀ ਪਤਾ ਮੈਂ ਮੰਗਲੀਕ ਹੋਵਾਂ---ਤੇ ਆਪਣੇ ਪਤੀ ਉਤੇ ਭਾਰੂ ਹੋ ਗਈ ਹੋਵਾਂ---ਉਹਨਾਂ ਦਿਨਾਂ `ਚ ਲੋਕ ਘੱਟ ਈ ਜਨਮ ਪੱਤਰੀਆਂ ਮਿਲਾਉਂਦੇ ਹੁੰਦੇ ਸਨ---ਫੇਰ ਮੈਨੂੰ ਸੀਤਾ ਰਾਮ ਦੇ ਜੀਵਨ ਦੀ ਯਾਦ ਆਈ---ਉਹਨਾਂ ਦਾ ਸਾਹਾ ਤੇਤੀ ਕਰੋੜ ਦੇਵੀ ਦੇਵਤਿਆਂ ਨੇ ਸੁਧਾਇਆਂ ਸੀ---ਉਹਨਾਂ ਨੇ ਕੀ ਸੁਖ ਪਾਇਆ---ਬਣਾਂ `ਚ ਰੁਲਦੇ ਰਹੇ---ਸੀਤਾ ਨੂੰ ਅਗਨੀ ਪ੍ਰੀਖਿਆ ਦੇਣੀ ਪਈ---ਦੁੱਖਾਂ ਨੇ ਵਿਚਾਰਿਆਂ ਦਾ ਪਿੱਛਾ ਨਹੀਂ ਛੱਡਿਆ---ਇਹ ਸਭ ਵਹਿਮ ਭਰਮ ਨੇ---ਮੇਰੀ ਦਰਾਣੀ ਨੇ ਮੈਨੂੰ ਘੁੰਮਣ ਘੇਰੀ ਚੋਂ ਬਾਹਰ ਕੱਢਿਆ,
“ਅਸੀਂ ਤਾਂ ਤੇਰੇ ਭਲੇ ਲਈ ਆਖਿਆ ਸੀ---ਜੇ ਤੈਨੂੰ ਬੁਰਾ ਲੱਗਿਆ ਤਾਂ ਅਸੀਂ ਮਾਫ਼ੀ ਮੰਗਦੀਆਂ ਹਾਂ---"
“ਮੇਰੇ ਭਲੇ ਲਈ ਤੁਸੀਂ ਕੁੱਝ ਨਾ ਕਹੋ---ਕੁੱਝ ਨਾ ਕਰੋ---ਮੈਨੂੰ ਮੇਰੇ ਹਾਲ ਉੱਤੇ ਛੱਡ ਦਿਓ---ਨਾਲੇ ਤੁਸੀਂ ਮੇਰੇ ਬਾਰੇ ਸੋਚ ਕੇ ਦੁਖੀ ਵੀ ਨਾ ਹੋਵੋ---ਪ੍ਰਮਾਤਮਾ ਦੀ ਮੇਹਰ ਨਾਲ ਮੇਰੇ ਕੋਲ ਤਿੰਨ ਬੱਚੇ ਹੈਗੇ ਨੇ---ਰੱਬ ਉਹਨਾਂ ਨੂੰ ਭਾਗ ਲਾਵੇ---ਲੰਮੀ ਉਮਰ ਬਕਸ਼ੇ---ਰਾਜੀ ਬਾਜੀ ਰਹਿਣ---ਜੁਆਨੀਆਂ ਮਾਨਣ---"ਮੈਂ ਕੋਰਾ ਜਿਹਾ ਜਵਾਬ ਦਿੱਤਾ।
ਮੇਰਾ ਕੋਈ ਗੁਨਾਹ ਵੀ ਨਹੀਂ ਸੀ---ਮੈਂ ਕੋਈ ਗਲਤੀ ਵੀ ਨਹੀਂ ਸੀ ਕੀਤੀ---ਪਰ ਮੇਰੇ ਉਪਰ ਇੱਕ ਧੱਬਾ ਲੱਗ ਗਿਆ---ਇੱਕ ਕਲੰਕ---ਤੁਸੀਂ ਦੇਖੋ, ਮੈਂ ਰੋ ਵੀ ਨਹੀਂ ਸਾਂ ਸਕਦੀ---ਮੈਂ ਰੋ ਕੇ ਆਪਣਾ ਮਨ ਹਲਕਾ ਵੀ ਨਹੀਂ ਸਾਂ ਕਰ ਸਕਦੀ---ਤੇ ਫੇਰ ਤੁਸੀਂ ਭਾਈ ਕਿਹੜੇ ਨਾਰੀ ਸ਼ਕਤੀਕਰਣ ਦੀ ਗੱਲ ਕਰਦੇ ਹੋ?? ਰੋਣ ਤੱਕ ਦਾ ਤਾਂ ਅਧਿਕਾਰ ਨਹੀਂ ਦਿੰਦੇ---ਤੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਹੋ---
ਤੇ ਉਸ ਦਿਨ ਤੋਂ ਬਾਦ ਮੈਂ ਸੁਚੇਤ ਹੋ ਗਈ ਬਈ ਮੈਂ ਹੁਣ ਮਰੀ ਹੋਈ ਲੰਗੜੀ ਦੇ ਤੇ ਮਰੇ ਹੋਏ ਮਾਪਿਆਂ ਦੇ ਨਾਂ ਤੇ ਕੀਰਨੇ ਨਹੀਂ ਪਾਉਣੇ---ਜੇ ਕਦੇ ਮੇਰਾ ਭੜਾਸ ਕੱਢਣ ਨੂੰ ਮਨ ਕਰਦਾ ਤਾਂ ਮੈ ਇਹ ਟਿਕੀ ਰਾਤ `ਚ ਕੱਢਦੀ---ਮੂਕ ਰੋਣਾ ਰੋਂਦੀ---ਆਵਾਜ਼ ਨਾ ਕੱਢਦੀ---ਮਤੇ ਮੇਰੀਆਂ ਦਰਾਣੀਆਂ ਜਠਾਣੀਆਂ ਫੇਰ ਮੈਨੂੰ ਗਲਤ ਸਮਝ ਕੇ ਮੇਰੇ ਉਪਰ ਝੂਠੇ ਸੱਚੇ ਇਲਜ਼ਾਮ ਥੋਪਣ---ਪੁੱਠੇ ਸਿੱਧੇ ਸ਼ੱਕ ਕਰਨ---ਤੇ ਮੈਨੂੰ ਮੇਰੀਆਂ ਈ ਨਜ਼ਰਾਂ ਵਿੱਚ ਗਿਰਾਉਣ ਲਈ ਪੁੱਠੀਆਂ ਸਿੱਧੀਆਂ ਤੇ ਉਲਟੀਆਂ ਪੁਲਟੀਆਂ ਮੱਤਾਂ ਦੇਣ---ਹੁਣ ਮੈਂ ਸੁਚੇਤ ਹੋ ਗਈ---ਨਾ ਟੱਬਰ ਨੂੰ ਮੇਰਾ ਰੋਣਾ ਪਿੱਟਣਾਂ ਗਵਾਰਾ ਹੋਇਆ ਤੇ ਹੁਣ ਮੇਰੀ ਚੁੱਪ ਵੀ ਉਹਨਾਂ ਨੂੰ ਸਤਾਉਣ ਲੱਗ ਪਈ---ਉਹ ਮੈਨੂੰ ਆਪਣੇ ਰੀਮੋਟ ਨਾਲ ਚਲਾਉਣਾ ਚਾਹੁੰਦੇ ਸਨ---ਆਪਣੀਆਂ ਸ਼ਰਤਾਂ ਉਤੇ ਮੈਨੂੰ ਜੀਣ ਦੇਣਾ ਚਾਹੰੁਦੇ ਸਨ।
ਮੇਰੀ ਚੁੱਪ ਐਨੀ ਗਹਿਰੀ ਸੀ ਕਿ ਇਸ ਨੇ ਘਰ ਦੇ ਜੀਆਂ ਨੂੰ ਸੋਚੀਂ ਪਾ ਦਿੱਤਾ। ਘਰ ਵਿੱਚ ਹੁਣ ਹੋਰ ਈ ਤਰ੍ਹਾਂ ਦੀਆਂ ਘੜਤਾਂ ਮੜਤਾਂ ਹੋਣ ਲੱਗੀਆਂ---ਕੋਈ ਕਹੇ ਇਹਨੂੰ ਕੀਤਾ ਕਰਾਇਆ ਹੈ---ਕੋਈ ਕਹੇ ਇਹਨੂੰ ਪਰੀਆਂ ਦੀ ਪਕੜ ਹੋ ਗਈ ਹੈ---ਇਹ ਦੇ ਆਉਣ ਤੇ ਘਰ ਵਿੱਚ ਵੱਡੇ ਵਡੇਰਿਆਂ ਦੀ ਮੰਨ ਮਨੌਤੀ ਨਹੀਂ ਹੋਈ ਉਹਨਾਂ ਦੀ ਕਰੋਪੀ ਐ---ਕੋਈ ਕਹੇ ਪਿੱਤਰ ਦੋਸ਼ ਲੱਗ ਗਿਐ---।
ਤੇ ਹੁਣ ਮੇਰੇ ਭੂਤ ਕੱਢਣ ਲਈ ਉਪਾਅ ਹੋਣ ਲੱਗੇ---ਕਿੰਨੇ ਈ ਟੂਣੇ ਟੋਟਕੇ ਹੋਣ ਲੱਗੇ---ਝਾੜ ਫੂਕ ਕਰਵਾਈ ਗਈ---ਸਾਧਾਂ ਕੋਲੋਂ ਧਾਗੇ ਤਵੀਤ ਕਰਵਾਏ ਗਏ---ਕਿਸੇ ਪਾਧੇ ਪੰਡਤ ਕੋਲੋਂ ਮੇਰੇ ਹੱਥਾਂ ਦੀਆਂ ਰੇਖਾਵਾਂ ਪੜ੍ਹਵਾਈਆਂ ਗਈਆਂ---ਤੇ ਮੈਂ ਉਸ ਵੇਲੇ ਕਠਪੁਤਲੀ ਬਣ ਗਈ ਸਾਂ---ਕਠਪੁਤਲੀ, ਜਿਸ ਦੀਆਂ ਡੋਰਾ ਮੇਰੇ ਪ੍ਰੀਵਾਰ ਨੇ ਫੜੀਆਂ ਹੋਈਆਂ ਸਨ---ਹੁਣ ਮੈ ਘਰ ਵਿੱਚ ਬਿਲਕੁਲ ਅਣਗੌਲੀ ਹੋ ਗਈ---ਸਾਰੇ ਮੈਨੂੰ ਅਣਦੇਖੀ ਕਰ ਦਿੰਦੇ।
ਇਸ ਗੱਲ ਦਾ ਮੈਨੂੰ ਇੱਕ ਫ਼ਾਇਦਾ ਤਾਂ ਹੋਇਆ---ਹੁਣ ਮੈਂ ਆਪਣੀਆਂ ਸ਼ਰਤਾਂ ਉੱਤੇ ਜੀ ਰਹੀ ਸਾਂ---ਕਿਸੇ ਦੀ ਦਖਲ ਅੰਦਾਜ਼ੀ ਨਹੀਂ---ਕਿਸੇ ਦਾ ਮਸ਼ਵਰਾਂ ਨਹੀਂ---ਕਿਸੇ ਦੀ ਰੜ ਰੜ ਨਹੀਂ ਕਿਸੇ ਦੀ ਖੜ ਖੜ ਨਹੀਂ।
21
ਉਨ੍ਹੀਂ ਦਿਨੀ ਮੇਰੇ ਪੇਕਿਆਂ ਤੋਂ ਇੱਕ ਲਾਗੀ ਆਇਆ---ਉਹਨੇ ਦੱਸਿਆ ਕਿ ਮੇਰੀ ਮਾਂ ਮਰ ਗਈ ਐ---ਮੈਨੂੰ ਸੰਸਕਾਰ ਉੱਤੇ ਬੁਲਾਇਆ ਹੈ---ਕਈ ਚਿਰ ਤਾਂ ਮੈਂ ਉਸ ਬੰਦੇ ਦੇ ਮੂੰਹ ਵੱਲ ਤੱਕਦੀ ਰਹੀ ਕਿ ਇਹ ਕੀ ਆਖ ਰਿਹਾ ਹੈ---ਪਤਾ ਨੀ ਮੇਰੀ ਜ਼ੁਬਾਨ ਨੇ ਕਿਵੇਂ ਐਡਾ ਵੱਡਾ ਹੌਸਲਾ ਕਰ ਕੇ ਆਖਿਆ,
“ਭਾਈ ਮੇਰੀ ਕੋਈ ਮਾਂ ਨਹੀਂ ਹੈ---ਮੈਂ ਕਿਸੇ ਮਾਂ ਨੂੰ ਨਹੀਂ ਜਾਣਦੀ---ਇਹ ਕਿਸੇ ਹੋਰ ਦੀ ਮਾਂ ਮਰੀ ਹੋਣੀ ਐ---ਤੂੰ ਗਲਤ ਥਾਂ ਸੁਨੇਹਾ ਲੈ ਕੇ ਆ ਗਿਐਂ---ਮੈਂ ਤਾਂ ਬਿਨਾਂ ਮਾਪਿਆਂ ਦੇ ਜਨਮੀ ਹੋਈ ਅਣਚਾਹੀ ਧੀ ਹਾਂ---ਮੇਰਾ ਕੋਈ ਮਾਈ ਬਾਪ ਨੀ ਹੈ---"
ਇਹ ਮੈਂ ਨਹੀਂ, ਸਿਰਫ ਮੇਰੀ ਜ਼ੁਬਾਨ ਨੇ ਕਿਹਾ---ਉਸ ਬੰਦੇ ਸਮੇਤ ਘਰ ਦੇ ਸਾਰੇ ਜੀ ਹੈਰਾਨ---ਇਹ ਕੀ ਆਖ ਰਹੀ ਐ? ਸ਼ਾਇਦ ਸੋਚ ਰਹੇ ਹੋਣ ਕਿ ਇਹ ਕਿਹੋ ਜਿਹੀ ਨਿਰਦੈਣ ਧੀ ਹੈ---ਸੰਵੇਦਨਹੀਣ, ਜੋ ਕਿ ਮਾਂ ਦੀ ਮੌਤ ਦਾ ਅਫ਼ਸੋਸ ਮਨਾਉਣ ਦੀ ਬਜਾਇ ਊਟ ਪਟਾਂਗ ਗੱਲਾਂ ਕਰੀ ਜਾ ਰਹੀ ਹੈ---ਮੈਨੂੰ ਉਹਨਾਂ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ---ਪਰ ਮੇਰੇ ਕਠੋਰ ਮਨ ਉੱਤੇ ਉਹਨਾਂ ਦੀ ਕਿਸੇ ਸਮਝੌਤੀ ਦਾ ਕੋਈ ਅਸਰ ਨਾ ਹੋਇਆ---ਜਾਂ ਕਹਿ ਲਓ ਕਿ ਮੈਂ ਅਸਰ ਹੋਣ ਹੀ ਨਾ ਦਿੱਤਾ---ਲਾਗੀ ਉਦਾਸ ਹੋ ਕੇ ਵਾਪਸ ਪਰਤ ਗਿਆ।
ਇਸ ਘਟਨਾ ਦਾ ਇੱਕ ਚੰਗਾ ਅਸਰ ਇਹ ਹੋਇਆ ਕਿ ਮੇਰੇ ਪ੍ਰਤੀ ਟੱਬਰ ਦਾ ਰਵੱਈਆ ਫੇਰ ਨਰਮ ਹੋ ਗਿਆ---ਉਹਨਾਂ ਦੀ ਬੇਰੁੱਖੀ ਹਮਦਰਦੀ ਵਿੱਚ ਬਦਲ ਗਈ। ਜਦੋਂ ਮੈਂ ਆਪਣੀ ਮਾਂ ਦੀ ਮੌਤ ਉੱਤੇ ਕੀਰਨੇ ਨਾ ਪਾਏ ਤਾਂ ਸਾਰੇ ਇਹ ਵੀ ਸਮਝ ਗਏ ਕਿ ਮੈਂ ਜੋ ਕੀਰਨੇ ਪਾਉਂਦੀ ਹਾਂ ਉਹ ਮੇਰੀ ਕਿਸੇ ਪ੍ਰਕਾਰ ਦੀ ਜਿਸਮਾਨੀ ਜ਼ਰੂਰਤ ਦਾ ਨਤੀਜ਼ਾ ਨਹੀਂ ਸਗੋਂ ਮੇਰੇ ਅੰਦਰਲੇ ਦੁਖਾਂ ਦੀ ਭੜਾਸ ਮਾਤਰ ਹੈ।
ਉਂਜ ਗੱਲ ਇਹ ਵੀ ਨਹੀਂ ਸੀ ਕਿ ਮੈਂ ਆਪਣੀ ਜਨਮ ਦਾਤੀ ਦੀ ਮੌਤ ਉੱਤੇ ਰੋਣਾ ਨਹੀਂ ਸਾਂ ਚਾਹੰੁਦੀ---ਪਰ ਪਤਾ ਨੀ ਕਿਉਂ ਮੇਰੇ ਮਨ ਉੱਤੇ ਉਸ ਦੀ ਮੌਤ ਦਾ ਰਤੀ ਜਿੰਨਾ ਵੀ ਅਸਰ ਨਾ ਹੋਇਆ---ਮੈਂ ਜਨਮ ਤੋਂ ਲੈ ਕੇ ਉਸ ਦਿਨ ਤੱਕ ਕਦੇ ਮਾਂ ਦੀ ਮਮਤਾ ਮਹਿਸੂਸ ਹੀ ਨਹੀਂ ਸੀ ਕੀਤੀ---ਕਦੇ ਉਹਦਾ ਪਿਆਰ ਮਾਣਿਆ ਹੀ ਨਹੀਂ ਸੀ---ਮੈਨੂੰ ਤਾਂ ਅੱਜ ਤੱਕ ਵੀ ਨਹੀਂ ਪਤਾ ਕਿ ਮਾਂ ਦੀ ਮਮਤਾ ਕਿਹੋ ਜਿਹੀ ਹੁੰਦੀ ਹੈ---ਮਾਂ ਦਾ ਪਿਆਰ---ਉਹਦੀ ਧੀਆਂ ਨਾਲ ਸਾਂਝ ਮੈਂ ਕਦੇ ਮਹਿਸੂਸ ਹੀ ਨਹੀਂ ਸੀ ਕੀਤੀ।
ਮੈਂ ਤੁਹਾਨੂੰ ਦੱਸਣਾਂ ਭੁੱਲ ਗਈ---ਜਾਂ ਸ਼ਾਇਦ ਦੱਸਣ ਦਾ ਕੋਈ ਉਪਯੁਕਤ ਮੌਕਾ ਹੀ ਨਹੀਂ ਆਇਆ---ਮੇਰੀਆਂ ਭੈਣਾਂ ਦੀ ਮੌਤ ਉਤੇ ਵੀ ਮੈਂ ਮਾਂ ਨੂੰ ਦਿਲੋਂ ਰੋਂਦਿਆਂ ਨਹੀਂ ਦੇਖਿਆ ਉਸ ਨੇ ਬੱਸ ਜੋ ਦੁਖ ਦਾ ਪ੍ਰਗਟਾਵਾ ਕੀਤਾ ਉਹ ਲੋਕ ਲਾਜ ਲਈ ਹੀ ਕੀਤਾ---ਉਂਜ ਉਸ ਨੂੰ ਮੇਰੀਆਂ ਭੈਣਾਂ ਦੀ ਮੌਤ ਦਾ ਕੋਈ ਅਫ਼ਸੋਸ ਨਹੀਂ ਸੀ ਹੋਇਆ।
ਜਿਹੜਾ ਲਾਗੀ ਮੇਰੀ ਮਾਂ ਦੀ ਮੌਤ ਦੀ ਖ਼ਬਰ ਲੈ ਕੇ ਆਇਆ ਸੀ, ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸਾਂ ਕਿ ਸਾਡੇ ਕੁਲਦੀਪਕ ਦਾ ਕੀ ਹਾਲ ਹੈ---ਜਿਸ ਕੁਲ ਦੇ ਦੀਪਕ ਪਿੱਛੇ ਮੇਰੇ ਮਾਪਿਆਂ ਨੇ ਤਿੰਨੋਂ ਧੀਆਂ ਵੇਚ ਦਿੱਤੀਆਂ, ਉਸ ਦਾ ਹਾਲ ਪੁੱਛਣ ਦੀ ਮੇਰੇ ਮਨ ਵਿੱਚ ਬਹੁਤ ਉਤਸੁਕਤਾ ਸੀ---ਪਰ ਮਾਹੌਲ ਹੀ ਐਸਾ ਸੀ ਕਿ ਮੈਂ ਉਸ ਤੋਂ ਕੁੱਝ ਵੀ ਨਾ ਪੁੱਛ ਸਕੀ।
ਕਹਿੰਦੇ ਨੇ ਕਿ ਧੀਆਂ ਹਮੇਸ਼ਾ ਮਾਪਿਆਂ ਦੇ ਘਰ ਦੀ ਸੁੱਖ ਭਾਲਦੀਆਂ ਨੇ---ਭਲਾ ਚਾਹੁੰਦੀਆਂ ਨੇ---ਪਰ ਸ਼ਾਇਦ ਮੈਂ ਉਹਨਾਂ ਧਰਮੀ ਧੀਆਂ ਚੋਂ ਨਹੀਂ ਹਾਂ---ਮੈਂ ਉਹਨਾਂ ਧੀਆਂ ਧਿਆਣੀਆਂ ਵਰਗੀ ਨਹੀਂ ਹਾਂ---ਮੈਂ ਤਾਂ ਪੇਕਿਆ ਦਾ ਨਾ ਕਦੇ ਭਲਾ ਚਾਹਿਆ ਹੈ ਨਾ ਬੁਰਾ---ਬੱਸ ਉਹਨਾਂ ਦੀ ਹੋਂਦ ਮੇਰੇ ਲਈ ਐਨੀ ਕੁ ਅਹਿਮ ਸੀ ਕਿ ਉਹਨਾਂ ਨੇ ਚਾਹੰੁਦਿਆਂ ਨਾ ਚਾਹੰੁਦਿਆਂ ਮੈਨੂੰ ਇਹ ਦੁਨੀਆਂ ਦਿਖਾਈ ਹੈ---ਜੰਮਣੋਂ ਪਹਿਲਾਂ ਹੀ ਦੁੱਖਾਂ ਦੇ ਰੂਬ-ਰੂ ਕਰਵਾ ਦਿੱਤਾ---ਬਾ-ਵਾਸਤਾ ਕਰਵਾ ਦਿੱਤਾ---ਖੈਰ! ਜੋ ਵੀ ਹੈ, ਹੈਣ ਤਾਂ ਧਰਮੀ ਮਾਪੇ ਹੀ ਨਾ।
ਮੇਰੀ ਮਾਂ ਦੀ ਮੌਤ ਦੀ ਖ਼ਬਰ ਆਂਢ ਗੁਆਂਢ ਵਿੱਚ ਅੱਗ ਵਾਂਗ ਫੈਲ ਗਈ---ਸੋ ਸ਼ਾਮੀ ਮੁਹੱਲੇ ਦੀਆਂ ਤੀਵੀਆਂ ਗਿੱਠ ਗਿੱਠ ਲੰਮੇ ਘੁੰਡ ਕੱਢ ਕੇ ਅਫ਼ਸੋਸ ਨੂੰ ਆ ਧਮਕੀਆਂ---ਮੇਰੀ ਸੱਸ ਨੇ ਭੂੰਜੇ ਦੋੜੇ ਵਿਛਾ ਦਿੱਤੇ---ਔਰਤਾਂ ਮੇਰੇ ਗਲ ਲੱਗ ਲੱਗ ਕੇ ਕੀਰਨੇ ਪਾਉਣ ਲੱਗੀਆਂ---ਮੇਰੀ ਅੰਮੜੀ ਦੇ ਨਾਂ ਦੇ ਕੀਰਨੇ---ਪਰ ਮੈਂ ਸੁੰਨ।
ਉਹ ਮੈਨੂੰ ਦਿਲਾਸਾ ਦੇਣ ਲੱਗੀਆਂ---ਮੈਂ ਆਲ ਮਾਲ ਜਿਹੀ ਹੋ ਗਈ---ਇਹ ਕੀ? ਇਹ ਮੈਨੂੰ ਕਿਉਂ ਦਿਲਾਸੇ ਦੇ ਰਹੀਆਂ ਨੇ---ਮੈਂ ਚਾਹ ਕੇ ਵੀ ਰੋ ਨਾ ਸਕੀ---ਮੈਂ ਸੋਚਾਂ ਕਿ ਮੇਰੇ ਉੱਤੇ ਇਹੋ ਜਿਹਾ ਕਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਐ---?? ਇਹ ਔਰਤਾਂ ਕਿਉਂ ਵੈਣ ਪਾ ਰਹੀਆਂ ਨੇ?
ਫੇਰ ਮੈਂ ਸੋਚਿਆ ਕਿ ਇਹਨਾਂ ਵਿਚਾਰੀਆਂ ਦਾ ਤਾ ਕੋਈ ਦੋਸ਼ ਨਹੀਂ---ਮੇਰਾ ਕੇਸ ਹੀ ਅਜੀਬ ਹੈ---ਮੇਰੀ ਹੋਣੀ ਹੀ ਵੱਖਰੀ ਹੈ---ਇਹ ਤਾਂ ਆਪਣਾ ਧਰਮ ਨਿਭਾਅ ਰਹੀਆਂ ਨੇ---ਮੈਂ ਆਪਣਾ ਮਨ ਬਹੁਤ ਸਮਝਾਇਆ ਕਿ ਮਨਾ ਲੋਕ ਲਾਜ ਈ ਰੱਖ ਲੈ---ਪਰ ਨਹੀਂ ਮੇਰੀਆਂ ਅੱਖਾਂ `ਚ ਇੰਝ ਨਾ ਆਈ---ਔਰਤਾਂ ਨੇ ਸੋਚਿਆ ਕਿ ਸ਼ਾਇਦ ਮੈਨੂੰ ਗਹਿਰਾ ਸਦਮਾ ਲੱਗਿਆ ਹੈ---ਮੈਂ ਇਸ ਕਰਕੇ ਡੁੰਨ ਬਾਟਾ ਬਣ ਗਈ ਹਾਂ---ਮੈਨੂੰ ਮੁਤਰ ਮੁਤਰ ਤੱਕਦਿਆਂ ਦੇਖ ਕੇ ਇੱਕ ਗੁਆਂਢਣ ਬੋਲੀ,
“ਭਾਈ ਨਿਰੰਜਣ ਸੂੰ ਦੀ ਬਹੂ ਨੂੰ ਰੁਆਓ---ਕਿਤੇ ਊਈਂ ਨਾ ਦਿਮਾਗ `ਚ ਗਮ ਦਾ ਡਿੰਬ੍ਹਰਾ ਬੰਨ੍ਹ ਜੇ---ਇਹ ਤਾਂ ਪੱਥਰ ਈ ਬਣ ਗਈ ਐ---ਕਿਤੇ ਊਈਂ ਦਮਾਗ ਦੀ ਕੋਈ ਨਾੜੀ ਨਾ ਫਟ ਜਾਏ---"
ਪਰ ਮੈਨੂੰ ਪਤਾ ਸੀ ਕਿ ਮੈਨੂੰ ਕੋਈ ਗਮ ਈ ਨਹੀਂ ਹੈ---ਆਥਣ ਤੱਕ ਔਰਤਾਂ ਮਾਂ ਦਾ ਅਫਸੋਸ ਕਰਨ ਆਉਂਦੀਆਂ ਰਹੀਆਂ---ਮੈਨੂੰ ਗਲ ਲੱਗ ਕੇ ਵੈਣ ਪਾਉਂਦੀਆਂ ਰਹੀਆਂ---ਇੱਕ ਔਰਤ ਨੇ ਰੋਣਾ ਬੰਦ ਕਰ ਕੇ ਪੁੱਛਿਆ,
“ਕਿੰਨੀ ਕੁ ਉਮਰ ਦੀ ਸੀ ਭਾਈ ਤੇਰੀ ਬੇਬੇ?"
“ਲੈ---ਉਹ ਕਿਹੜਾ ਬੁੜ੍ਹੀ ਹੋ ਗੀ ਤੀਘੀ---ਪਹਿਲਾਂ ਤਾਂ ਨਿਆਣ ਪਤੇ `ਚ ਈ ਬਿਆਹ ਹੋ ਜਾਂਦੇ ਸੀ---ਨਾਲ ਦੀ ਨਾਲ ਜੁਆਕ ਹੋ ਜਾਂਦੇ---ਅਜੇ ਤਾਂ ਇਹਦਾ ਭਾਈ ਕਮਾਰਾ ਐ---ਇਹਦੀ ਮਾਂ ਨੂੰ ਤਾਂ ਭਾਈ ਧੀਆਂ ਦਾ ਦੁਖ ਖਾ ਗਿਆ---ਦੋਵੇਂ ਕੱਠੀਆਂ ਹੀ ਮਰ ਗੀਆਂ---"
ਮੇਰੀ ਥਾਵੇਂ ਮੇਰੀ ਸੱਸ ਨੇ ਜਵਾਬ ਦਿੱਤਾ---ਉਹਨੇ ਬਖੂਬੀ ਗੱਲ ਸੰਭਾਲਦਿਆ ਅੱਗੇ ਆਖਿਆ,
“ਇਹ ਤਾਂ ਬਚਾਰੀ ਸੁਣ ਕੇ ਪੱਥਰ ਈ ਹੋ ਗਈ---ਆਖਰ ਨੂੰ ਮਾਂ ਤਾ ਮਾਂ ਹੀ ਹੁੰਦੀ ਐ---"
“ਫੇਰ ਪੁੱਤ ਤੂੰ ਚਲੀ ਜਾਂਦੀ---ਜਾਂਦੀ ਬਾਰ ਦੇ ਦਰਸਣ ਤਾਂ ਕਰ ਲੈਂਦੀ---ਮਾਪੇ ਤਾਂ ਰੁੱਤ ਰੁੱਤ ਦਾ ਮੇਵਾ ਹੁੰਦੇ ਨੇ---ਇੱਕ ਵਾਰੀ ਗਏ, ਫੇਰ ਨੀ ਬਹੁੜਦੇ" ਉਸ ਔਰਤ ਨੇ ਮੈਨੂੰ ਜਿਵੇਂ ਮਸ਼ਵਰਾ ਦਿੱਤਾ, ਉਹਦੀ ਗੱਲ ਕੱਟ ਕੇ ਗੱਲ ਨੂੰ ਦੋਬਾਰਾ ਸਾਂਭਦਿਆਂ ਮੇਰੀ ਸੱਸ ਨੇ ਫਟਾਕ ਜਵਾਬ ਦਿੱਤਾ,
“ਕੀ ਕਰਦੀ ਬਚਾਰੀ---ਨਿਰੰਜਣ ਸੂੰ ਨੂੰ ਛੱਡ ਕੇ ਕਿਵੇਂ ਜਾਂਦੀ---ਘਰਾਣੇ ਘਰ ਦੀ ਐ---ਆਪਣਾ ਫਰਜ ਸਮਝਦੀ ਐ---ਅਸੀਂ ਤਾਂ ਬਥੇਰਾ ਕਿਹਾ ਬਈ ਤੂੰ ਚਲੀ ਜਾਹ---ਅਸੀਂ ਬੀ ਨਾਲ ਚਲਦੇ ਹਾਂ---ਆਖਣ ਲੱਗੀ ਬਈ ਨਹੀਂ ਬੇਬੇ ਜੀ---ਫੇਰ ਇਹਦੀ ਦੇਖ ਭਾਲ ਕੌਣ ਕਰੂ---ਹੁਣ ਭੋਗ ਤੇ ਈ ਜਾਮਾਂਗੇ ਭਾਈ---"
ਰਾਤ ਨੂੰ ਮੈਂ ਸੌ ਨਾ ਸਕੀ---ਬੇਚੈਨ ਰਹੀ---ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਇੱਕ ਅੱਧੀ ਘਟਨਾ ਹੀ ਯਾਦ ਆ ਜਾਵੇ ਜਦੋਂ ਮੇਰੀ ਮਾਂ ਨੇ ਮੈਨੂੰ ਪਿਆਰ ਕਰਿਆ ਹੋਵੇ---ਪਰ ਮੈਨੂੰ ਇੱਕ ਵੀ ਅਜਿਹੀ ਘਟਨਾ ਯਾਦ ਨਾ ਆਈ---ਕਦੇ ਖਿਆਲ ਆਵੇ ਕਿ ਮੈਂ ਕਿੰਨੀ ਨਿਰਮੋਹੀ ਹਾਂ---ਆਖਰ ਮੇਰੀ ਮਾਂ ਮਰੀ ਹੈ---ਮੈਨੂੰ ਚਲੇ ਜਾਣਾ ਚਾਹੀਦਾ ਸੀ---ਪਰ ਨਹੀਂ ਉਹ ਮੇਰੀ ਮਾਂ ਕਦੋਂ ਸੀ? ਉਹ ਤਾਂ ਬੀਰੇ ਦੀ ਮਾਂ ਹੈ---ਸਾਡੀ ਤਿੰਨਾਂ ਭੈਣਾਂ ਦੀ ਤਾਂ ਕੋਈ ਮਾਂ ਹੈ ਈ ਨਹੀਂ---ਅਸੀਂ ਤਾਂ ਬਿਨਾਂ ਮਾਂ ਦੀਆਂ ਧੀਆਂ ਹਾਂ---।
ਨੌ ਦਸ ਮਹੀਨੇ ਮੈਨੂੰ ਸਹੁਰੇ ਆਇਆ ਹੋ ਗਏ ਸਨ---ਪਰ ਮੈਂ ਕਦੇਂ ਕਿਸੇ ਨਾਲ ਆਪਣੇ ਪੇਕਿਆਂ ਬਾਰੇ ਜ਼ਿਕਰ ਨਹੀਂ ਸੀ ਕੀਤਾ---ਹੁਣ ਮਾਂ ਦੀ ਮੌਤ ਬਾਦ ਤਾਂ ਮੈਂ ਉੱਕਾ ਚੁੱਪ ਹੋ ਗਈ---ਜੇ ਮੈਨੂੰ ਕੋਈ ਬੁਲਾਉਂਦਾ ਤਾਂ ਜਿਵੇਂ ਮੈਨੂੰ ਸੁਣਦਾ ਹੀ ਨਾ---ਮੈਂ ਹੱਥ `ਚ ਰੋਟੀ ਦੀ ਬੁਰਕੀ ਫੜੀ ਕਿੰਨੀ ਕਿੰਨੀ ਦੇਰ ਬੈਠੀ ਰਹਿੰਦੀ---ਖੜ੍ਹੀ ਖੜ੍ਹੀ ਦੂਰ ਖਿਲਾਅ `ਚ ਤੱਕਦੀ ਰਹਿੰਦੀ---ਮੇਰੇ ਇਸ ਰਵੱਈਏ ਨੇ ਮੇਰੇ ਸਹੁਰੇ ਪ੍ਰੀਵਾਰ ਨੂੰ ਉੱਕਾ ਪ੍ਰੇਸ਼ਾਨ ਕਰ ਦਿੱਤਾ।
ਮੇਰੇ ਉੱਤੇ ਇੱਕ ਹੋਰ ਸ਼ੱਕ ਵੀ ਕੀਤਾ ਜਾਣ ਲੱਗਿਆ---ਮੇਰੇ ਸਹੁਰੇ ਪ੍ਰੀਵਾਰ ਨੂੰ ਵਹਿਮ ਹੋ ਗਿਆ ਕਿ ਕਿਤੇ ਮੈਂ ਕਿਸੇ ਦਾਲ ਸਬਜ਼ੀ `ਚ ਜ਼ਹਿਰ ਮਿਲਾ ਕੇ ਸਾਰੇ ਟੱਬਰ ਨੂੰ ਖਤਮ ਈ ਨਾ ਕਰ ਦਿਆਂ---ਪਰ ਉਹ ਉੱਕਾ ਕਮਲੇ ਸਨ---ਬੇਵਕੂਫ---।
ਮੇਰੇ ਕੋਲ ਜ਼ਹਿਰ ਕਿੱਥੋ ਆਉਣੀ ਸੀ---ਮੈਂ ਘਰੋਂ ਬਾਹਰ ਨਿਕਲ ਨਹੀਂ ਸਾਂ ਸਕਦੀ---ਸਹੁਰੇ ਘਰ ਜਾਂ ਆਂਢ ਗੁਆਂਢ ਮੇਰਾ ਕੋਈ ਐਸਾ ਸੁਭਚਿੰਤਕ ਨਹੀਂ ਸੀ ਜੋ ਮੈਨੂੰ ਕਿਤੋਂ ਜ਼ਹਿਰ ਲਿਆ ਦਿੰਦਾ ਪਰ ਘਰ ਵਾਲਿਆ ਨੂੰ ਕੌਣ ਸਮਝਾਵੇ---ਮੈਂ ਉਨ੍ਹੀ ਦਿਨੀਂ ਨੋਟ ਕਰ ਰਹੀ ਸਾਂ ਕਿ ਮੈਂ ਜੋ ਵੀ ਖਾਣਾ ਬਦਾਉਂਦੀ ਮੇਰੀ ਸੱਸ ਜਾਂ ਦਰਾਣੀਆਂ ਜਠਾਣੀਆਂ ਮੈਨੂੰ ਆਖਦੀਆਂ ਕਿ ਮੈਂ ਪਹਿਲਾਂ ਟੇਸਟ ਕਰ ਲਵਾ ਬਈ ਨੂਣ ਮਿਰਚ ਜਾਂ ਮਿੱਠਾ ਸਹੀ ਹੈ ਜਾਂ ਨਾ---ਕਦੇ ਕਦੇ ਮੈਨੂੰ ਇਕੋ ਸਾਹੇ ਸਾਰਾ ਕੁੱਝ ਟੇਸਟ ਕਰਨ ਨੂੰ ਦੇ ਦਿੱਤਾ ਜਾਂਦਾ ਤੇ ਮੈਂ ਇਹ ਸਭ ਟੇਸਟ ਕਰਦੀ ਕਰਦੀ ਤੰਗ ਆ ਜਾਂਦੀ---ਪਹਿਲਾਂ ਤਾਂ ਕਦੇ ਕੋਈ ਇਸ ਤਰ੍ਹਾਂ ਨਹੀਂ ਸੀ ਕਰਦਾ---ਤੇ ਹੁਣ ਇਹਨਾਂ ਨੂੰ ਕੀ ਹੋ ਗਿਐ??
ਇੱਕ ਦਿਨ ਮੈਂ ਖੀਰ ਬਣਾਈ---ਉਹ ਥੋੜੀ ਵਧੇਰੇ ਹੀ ਕੜ੍ਹ ਗਈ ਤੇ ਉਹਦਾ ਰੰਗ ਬਿਸਕੁਟੀ ਜਿਹਾ ਹੋ ਗਿਆ---ਮੈਨੂੰ ਤਿੰਨ ਵਾਰੀ ਇਹ ਖੀਰ ਟੇਸਟ ਕਰਾਈ ਗਈ---ਤਾਂ ਵੀ ਘਰਦਿਆਂ ਨੂੰ ਸ਼ੱਕ ਹੀ ਰਿਹਾ ਕਿ ਇਹਦੇ ਵਿੱਚ ਜ਼ਰੂਰ ਕੋਈ ਜ਼ਹਿਰੀਲੀ ਸੈਅ ਮਿਲੀ ਹੋ ਹੈ---ਸੱਚ ਮੰਨਿਓ ਉਹ ਖੀਰ ਕਿਸੇ ਨਾ ਖਾਧੀ ਤਿੰਨੋ ਡੰਗ ਖਾ ਕੇ ਮੈਂ ਹੀ ਖਤਮ ਕੀਤੀ---ਮੈਨੂੰ ਉਸੇ ਸ਼ਾਮ ਮੇਰੇ ਜੇਠ ਅਤੇ ਗੁਰੇ ਦੀ ਵਾਰਤਾਲਾਪ ਸੁਣਾਈ ਦਿੱਤੀ, ਗੁਰਾ ਆਖ ਰਿਹਾ ਸੀ,
“ਤਾਏ---ਇਹ ਲੰਗੜੀ ਟੱਬਰ ਨੂੰ ਜ਼ਹਿਰ ਦੇ ਕੇ ਮਾਰੂ ਕਿਸੇ ਦਿਨ---ਅੱਜ ਖੀਰ ਦਾ ਰੰਗ ਦੇਖਿਆ ਕਿਵੇਂ ਲਾਲ ਜਿਹਾ ਸੀਗਾ---ਇਹਨੂੰ ਰਸੋਈ `ਚ ਰੋਟੀ ਬਣਾਉਣ ਭੇਜਿਆ ਈ ਨਾ ਕਰੀਏ---ਇਹ ਬਾਹਰਲੇ ਕੰਮ ਟਿਪਟਾਵੇ---ਗੋਹਾ ਕੂੜਾ ਕਰੇ---ਪਾਥੀਆਂ ਪੱਥੇ ਤੇ ਡੰਗਰ ਬੱਛਾ ਸੰਭਾਲੇ---"
“ਹਾਂਅ---ਗੁਰੇ---ਤੇਰੀ ਗੱਲ ਤੇ ਵੀ ਗੌਰ ਕਰਨੀ ਬਣਦੀ ਐ---ਕਿਤੇ ਜਾਹ ਜਾਂਦੀ ਹੋ ਜੇ---ਊਈਂ ਤੇਰੇ ਬਾਪੂ ਨੇ ਪੰਗਾ ਲੈ ਲਿਆ ਵਿਆਹ ਕਰਾਉਣ ਦਾ---ਪਰ ਜੋ ਹੋਣਾ ਹੁੰਦੈ ਹੋ ਕੇ ਈ ਰਹਿੰਦੈ---"
ਮੈਂ ਸਭ ਕੁੱਝ ਸੁਣ ਕੇ ਬੱਸ ਉਪਰ ਅਸਮਾਨ ਵੱਲ ਤੱਕਿਆ---ਸ਼ਾਇਦ ਕਿਸੇ ਰੱਬ ਨਾ ਦੀ ਚੀਜ਼ ਨੂੰ ਉਲਾਂਭਾ ਦੇਣਾ ਚਾਹੰੁਦੀ ਸਾਂ---ਉਸ ਤੋਂ ਅਗਲੇ ਦਿਨ ਮੇਰੀ ਡਿਊਟੀ ਬਦਲ ਗਈ---ਮੇਰਾ ਪੋਰਟਫੋਲੀਓ ਬਦਲ ਗਿਆ---ਹੁਣ ਮੈਨੂੰ ਰਸੋਈ ਚੁੱਲਾ, ਚੌਂਕਾ ਕਰਨ ਦੀ ਬਜਾਇ ਗੋਹਾ ਕੂੜਾ ਕਰਨ ਲਾ ਦਿੱਤਾ ਗਿਆ---
ਇੱਕ ਦਿਨ ਉਹੀ ਪੰਡਤਾਣੀ ਜਿਹਨੂੰ ਸਾਰੇ ਡਕੈਂਤਣ ਆਖਦੇ ਸਨ, ਸਾਡੇ ਘਰ ਆਈ, ਜਿਹੜੀ ਮੈਨੂੰ ਵਰਤਾਂ ਦੇ ਜੱਭਖਾਨੇ `ਚ ਪਾ ਗਈ ਸੀ---ਅੱਛਿਆ ਮੈਂ ਪਿੱਛੇ ਦੱਸਣਾ ਭੁੱਲ ਗਈ ਕਿ ਮੈਂ ਹੁਣ ਵਰਤ ਰੱਖ ਕੇ ਚੋਰੀ ਚੋਰੀ ਮੌਕਾ ਦੇਖ ਕੇ ਕੁੱਝ ਨਾ ਕੁੱਝ ਖਾ ਲੈਂਦੀ ਸਾਂ---ਕਿਉਂਕਿ ਨਾ ਤਾਂ ਮੇਰੀ ਵਰਤਾਂ `ਚ ਕੋਈ ਸ਼ਰਧਾ ਸੀ ਤੇ ਨਾ ਮੈਂ ਆਪਣੇ ਪਤੀ ਦੇ ਠੀਕ ਹੋਣ ਲਈ ਕੋਈ ਅਰਾਧਨਾ ਕਰਨੀ ਚਾਹੰੁਦੀ ਸਾਂ---ਜਦੋਂ ਘਰ ਦੇ ਜੀਅ ਇਧਰ ਉਧਰ ਹੁੰਦੇ ਤਾਂ ਮੈਂ ਚੁੱਪ ਚੁਪੀਤੇ ਕੁੱਝ ਨਾ ਕੁੱਝ ਖਾਣ ਪੀਣ ਦਾ ਦਾਅ ਮਾਰ ਜਾਂਦੀ---।
ਤੇ ਫੇਰ ਇੱਕ ਦਿਨ ਉਹੀ ਡਕੈਂਤਣ ਆ ਧਮਕੀ---ਮੈਂ ਸੋਚਿਆ ਕਿ ਹੁਣ ਇਹ ਕੋਈ ਹੋਰ ਕਠਨ ਤਪੱਸਿਆ ਕਰਨ ਦਾ ਮਸ਼ਵਰਾ ਨਾ ਦੇ ਮਾਰੇ---ਕਿਤੇ ਕੋਈ ਧੂਣੀਆਂ ਤਪਾਉਣ ਦੀ, ਇੱਕ ਲੱਤ ਦੇ ਭਾਰ ਖੜ੍ਹੇ ਹੋ ਕੇ ਤਪੱਸਿਆ ਕਰਨ ਦੀ, ਪੁੱਠੇ ਹੋ ਕੇ ਲਟਕਣ ਦੀ ਜਾਂ ਇਸ ਪ੍ਰਕਾਰ ਦੀ ਕੋਈ ਹੋਰ ਤਪੱਸਿਆ ਕਰਨ ਦੀ ਰਾਇ ਨਾ ਦੇ ਜਾਵੇ।
ਉਹ ਦਲ੍ਹਾਨ `ਚ ਪਿਆ ਮੂੜ੍ਹਾ ਡਾਹ ਕੇ ਨਿੱਠ ਕੇ ਬਹਿ ਗਈ---ਸਰਸਰੀ ਗੱਲਾਂ ਕਰਦੀ ਰਹੀ---ਮੇਰੀ ਸੱਸ ਵੀ ਝੂਰਦੀ ਰਹੀ---ਉਸ ਨੂੰ ਪਤਾ ਨੀ ਕਿਉਂ ਮੇਰੇ ਬੱਚਾ ਨਾ ਹੋਣ ਦੀ ਚਿੰਤਾ ਲੱਗੀ ਹੋਈ ਸੀ---ਜਦੋਂ ਮੇਰੀ ਸੱਸ ਨੇ ਦੱਸਿਆ ਕਿ ਅਸੀਂ ਤਾਂ ਨਿਰੰਜਣ ਸੂੰ ਦੇ ਠੀਕ ਹੋਣ ਲਈ ਤੇ ਬੱਚਾ ਹੋਣ ਲਈ ਸਾਰੇ ਟੋਟਕੇ ਕਰ ਲਏ---ਮੰਨਤਾਂ ਮਨੌਤੀਆਂ ਮੰਨ ਲਈਆਂ---ਪਿੱਤਰ ਜਠੇਰੇ ਪੂਜ ਲਏ---ਮੰਦਰ ਮਾੜੀਆਂ ਗੁਰਦੁਆਰੇ ਸਭ ਧਿਆ ਲਏ ਤਾਂ ਡਕੈਂਤਣ ਦੀਆਂ ਅੱਖਾਂ ਵਿੱਚ ਚਮਕ ਆ ਗਈ---ਉਹਨੇ ਆਪਣੀ ਸਮਝ ਮੁਤਾਬਕ ਕਿਹਾ,
“ਦੇਖ ਜਜਮਾਨਣੀਏ! ਹੁਣ ਹਾਅ ਤਾਂ ਸੋਲਾਂ ਆਲੇ ਸੱਚ ਐ---ਬਈ ਨਿਰੰਜਣ ਸੂੰ `ਚ ਤਾਂ ਕੋਈ ਕਮੀ ਹੈ ਨੀ---ਜੇ ਉਹਦੇ `ਚ ਕਮੀ ਹੁੰਦੀ ਤਾਂ ਉਹਦੀ ਪਹਿਲੀ ਪਤਨੀ `ਚੋਂ ਤਿੰਨ ਜੁਆਕ ਕਿਵੇਂ ਹੋ ਗਏ---ਕਮੀ ਤਾਂ ਹੁਣ ਬਹੂ `ਚ ਈ ਐ---ਇਹਨੂੰ ਭਾਈ ਕਿਸੇ ਵੈਦ ਹਕੀਮ ਨੂੰ ਦਖਾਓ---ਨਹੀਂ ਤਾਂ ਟਕਾਣੇ ਆਲੇ ਮਹੰਤ ਕੋਲ ਲੈ ਚੱਲੋ---ਤੂੰ ਤਾਂ ਜਾਣਦੀ ਏ ਹੋਮੇਗੀ---ਸਪੈਦਪੋਸ਼ਾਂ ਦੀ ਨੂੰਹ ਨੂੰ ਟਕਾਣੇ ਤੋਂ ਈ ਪੁੱਤ ਦੀ ਦਾਤ ਮਿਲੀ ਹੋਈ ਐ---ਮਹੰਤਾਂ ਦੀ ਬੜੀ ਮਹਿਮਾ ਸੁਣੀਂਦੀ ਐ---"
“ਹਾਂਅ ਪੰਡਤੈਣ---ਬੱਸ ਹੁਣ ਕਾਹਨੂੰ ਯਾਦ ਦੁਆਉਨੀ ਐਂ ਨਛੱਤਰ ਕੁਰ ਦੀ---ਭਲੈ ਮਾਣਸ ਸੀ ਬਚਾਰੀ---ਰੱਬ ਨੇ ਧੱਕੇ ਨਾਲ ਈ ਖੋਹ ਲਈ---ਨਾ ਉਹ ਮਰਦੀ ਤੇ ਨਾ ਇਹ ਦਿਨ ਦੇਖਣੇ ਪੈਂਦੇ---ਤੇਰੀ ਮਹੰਤਾਂ ਵਾਲੀ ਗੱਲ ਮੇਰੇ ਮਨ ਲਗਦੀ ਐ---ਪਰ ਇਹ ਉਪਰਾਲਾ ਬੀ ਤੈਨੂੰ ਏ ਕਰਨਾ ਪਊ---ਮੈਂ ਤਾਂ ਊਈਂ ਉੱਲੂ ਬਾਟਾ ਹਾਂ---"
“ਕੋਈ ਨੀ ਮੈਂ ਚੱਲੂੰ ਨਾਲ---ਬਹੁਤ ਪਹੁੰਚੇ ਹੋਏ ਮਹੰਤ ਨੇ ਟਕਾਣੇ ਆਲੇ---ਮੇਰੀ ਦੇਖਤ ਦੀਆਂ ਗੱਲਾਂ ਨੇ---ਕਈਆਂ ਨੂੰ `ਲਾਦ ਬਕਸੀ ਐ ਉਹਨਾਂ ਨੇ---ਕੀ ਪਤਾ ਮਹੰਤਾਂ ਕੋਲੋਂ ਈ ਜੜ ਲੱਗ `ਜੇ ਬਚਾਰੀ ਦੀ---ਊਂ ਤਾਂ ਸੁੱਖ ਨਾਲ ਜਿਉਂਦੇ ਰਹਿਣ ਤਿੰਨੋ ਜੁਆਕ ਉਹ ਬੀ ਇਹਦੇ ਈ ਨੇ---ਪਰ ਤੀਵੀਂ ਵਾਸਤੇ ਆਪਣੀ ਅਣਸ ਬੀ ਜਰੂਰੀ ਐ---ਇਹਦਾ ਮਨ ਪਰਚਿਆ ਰਿਹਾ ਕਰੂ---"
ਮੈਂ ਉਹਨਾਂ ਦੀ ਵਾਰਤਾਲਾਪ ਸੁਣ ਰਹੀ ਸਾਂ---ਮੈਂ ਥੋਨੂੰ ਦੱਸਿਆ ਸੀ ਨਾ---ਬਈ ਇਹ ਡਕੈਂਤਣ ਜਰੂਰ ਕੋਈ ਨਵਾਂ ਸਿਆਪਾ ਖੜ੍ਹਾ ਕਰੂਗੀ---ਉਹ ਮੈਨੂੰ ਮੁਖਾਤਬ ਹੁੰਦਿਆਂ ਬੋਲੀ,
“ਭਾਈ ਬਹੂ ਰਾਣੀ---ਤੂੰ ਬਰਤ ਤਾਂ ਰੱਖਦੀ ਹੋਵੇਂਗੀ---ਸ਼ਰਧਾ ਨਾਲ---"
“ਹਾਂਅ ਜੀ---ਮੈਂ ਤਾਂ ਪੂਰੀ ਸ਼ਰਧਾ ਨਾਲ ਬਰਤ ਰੱਖਦੀ ਆਂ---ਜਿਵੇਂ ਤੁਸੀਂ ਸਮਝਾ ਕੇ ਗਏ ਸੀਗੇ---ਨਿਰਾਹਾਰ ਰਹਿ ਕੇ ਵਰਤ ਕਰਦੀ ਆਂ---" ਮੈਂ ਕੋਰਾ ਝੂਠ ਬੋਲਿਆ “ਚਲ ਫੇਰ ਆਪਾਂ ਟਕਾਣੇ ਆਲੇ ਮਹੰਤ ਕੋਲ ਚੱਲਾਂਗੇੇ---ਤੂੰ ਉਦਾਸ ਨਾ ਹੋ---ਰੱਬ ਤੇਰੀ ਮੁਰਾਦ ਪੂਰੀ ਕਰੂਗਾ---ਤੇਰੀ ਗੋਦ ਹਰੀ ਕਰੂਗਾ---ਪੁੱਤ ਬਕਸੂਗਾ---ਸਮਾਂ ਦੀ ਪੁੱਤਾਂ ਦੀ ਜੋੜੀ ਦਊਗਾ---ਟਕਾਣੇ ਤੋਂ ਨੀ ਕੋਈ ਖਾਲੀ ਮੁੜਦਾ---ਇਹ ਤਾਂ ਮੈਂ ਗਰੰਟੀ ਨਾਲ ਆਖਦੀ ਆਂ"
ਗੋਡਿਆਂ ਉੱਤੇ ਹੱਥ ਧਰ ਕੇ ਉਠਦੀ ਦਾ ਉਹਦਾ ਚਿਹਰਾ ਪੀੜ ਮਹਿਸੂਸ ਕਰਦਾ ਹੋਇਆ ਕਸਿਆ ਗਿਆ ਸੀ---ਜਾਂਦੀ ਜਾਂਦੀ ਉਹ ਮੈਨੂੰ ਇੱਕ ਤਾਕੀਦ ਹੋਰ ਕਰ ਗਈ,
“ਤੂੰ ਆਪਦੇ ਪਤੀ ਪਨਮੇਸ਼ਰ ਦੀ ਮਾਲਸ ਕਰਿਆ ਕਰ ਖੋਪੇ ਦੇ ਤੇਲ ਨਾਲ---ਖੋਪੇ ਦਾ ਤੇਲ ਬੰਦੇ ਦੀਆਂ ਨਸਾਂ ਖੋਲ੍ਹ ਦਿੰਦਾ ਐ---ਜਿੱਥੇ ਭਾਈ ਤੂੰ ਐਨੀ ਸੇਵਾ ਕਰਦੀ ਐਂ ਨਰਿੰਜਣ ਸੂੰ ਦੀ ਉਥੇ ਘੰਟਾ ਖੰਡ ਮਾਲਸ ਬੀ ਕਰ ਦਿਆ ਕਰ---ਤੇਰੀ ਮਿਹਨਤ ਸਫਲ ਹੋਉਗੀ---"
22
ਵਿਡੰਬਨਾ ਦੇਖੋ---ਮੈਂ ਸਾਰੀ ਕਹਾਣੀ ਤੁਹਾਨੂੰ ਸੱਚੋ ਸੱਚ ਸੁਣਾ ਰਹੀ ਆਂ---ਤੁਸੀ ਜੀਵਨ ਗਾਥਾ ਦੇ ਚਸ਼ਮਦੀਦ ਗਵਾਹ ਹੋ---ਭਲਾਂ ਪੰਡਤਾਣੀ ਦੀ ਗੱਲ ਸੱਚ ਐ??? ਉਹ ਕਹਿੰਦੀ ਐ ਬਈ ਨਿਰੰਜਣ ਸੂੰ `ਚ ਤਾਂ ਕੋਈ ਕਮੀ ਹੈ ਈ ਨੀ---ਉਹ ਤਾਂ ਬੱਚੇ ਪੈਦਾ ਕਰਨ ਦੇ ਸਮਰੱਥ ਹੈ---ਮੈਂ ਹੀ ਅਸਮਰੱਥ ਹਾਂ---ਕਮੀ ਮੇਰੇ ਵਿੱਚ ਹੀ ਦਿਖਾਈ ਦਿੰਦੀ ਐ---ਦੱਸੋ ਜਿਹੜਾ ਬੰਦਾ ਕੌਮਾਂ `ਚ ਚਲਿਆ ਗਿਆ---ਜਿਸ ਨੂੰ ਆਪਣੀ ਹੋਸ਼ ਨਹੀਂ---ਉਹ ਤਾਂ ਬੱਚੇ ਪੈਦਾ ਕਰਨ ਦੇ ਸਮਰੱਥ ਹੈ ਤੇ ਮੈਂ ਨਹੀਂ---? ਹੈ ਕੋਈ ਜੱਜ ਕੋਈ ਮੁਨਸਫ਼ ਜਿਹੜਾ ਮੇਰੇ ਪੱਖ `ਚ ਫੈਸਲਾ ਸੁਣਾ ਦੇਵੇ---?? ਹੈ ਕੋਈ ਵਕੀਲ ਜਿਹੜਾ ਮੇਰੇ ਕਰਮਾ ਮਾਰੀ ਦਾ ਕੇਸ ਲੜੇ---ਮੈਨੂੰ ਇਨਸਾਫ਼ ਦੁਆਵੇ??
ਜਿਸ ਦਿਨ ਮੇਰੀਆਂ ਦਰਾਣੀਆਂ ਜਠਾਣੀਆਂ ਨੇ ਮੈਨੂੰ ਬੱਚਾ ਪੈਦਾ ਕਰਨ ਲਈ ਉਲਟੇ ਸਿੱਧੇ ਤਰੀਕੇ ਸੁਝਾਏ ਸਨ, ਉਸ ਦਿਨ ਮੈਂ ਜਾਣੇ ਅਣਜਾਣੇ ਉਹਨਾਂ ਨੂੰ ਬਦਦੁਆ ਦਿੱਤੀ ਸੀ ਕਿ ਕਾਸ਼ ਤੁਹਾਡੇ ਨਾਲ ਜਾਂ ਤੁਹਾਡੀਆਂ ਧੀਆਂ ਨਾਲ ਮੇਰੇ ਵਰਗੀ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਲੰਗੜੀ ਨੂੰ ਕਿਵੇਂ ਉਹ ਪਟਾਂਗ ਮਸ਼ਵਰੇ ਦਈਦੇ ਨੇ---
ਤੇ ਹੁਣ ਪਤਾ ਨੀ ਆਹ ਡਕੈਂਤਣ ਮੈਨੂੰ ਕਿਹੜੇ ਅੰਨ੍ਹੇ ਖੂਹ `ਚ ਧੱਕਾ ਦਊਗੀ---ਕਦੇ ਕਦੇ ਮੈਨੂੰ ਅਚੰਭਾ ਹੁੰਦਾ ਕਿ ਭਲਾਂ ਈ ਇਸ ਬੁੱਢੜੀ ਨੂੰ ਮੇਰੇ ਬੱਚਾ ਨਾ ਹੋਣ ਦੀ ਐਡੀ ਚਿੰਤਾ ਕਿਉਂ ਐ---ਇਹਨੂੰ ਮੈਂ ਕਦੇ ਕਿਸੇ ਪ੍ਰਕਾਰ ਦਾ ਰੋਣਾ ਨਹੀਂ ਰੋਇਆ---ਕਦੇ ਕੁੱਝ ਪੁੱਛਿਆ ਦੱਸਿਆ ਨਹੀਂ---ਕਿਸੇ ਪ੍ਰਕਾਰ ਦਾ ਕੋਈ ਜ਼ਿਕਰ ਨਹੀਂ ਕੀਤਾ---ਕਦੇ ਕੋਈ ਸਹਾਇਤਾ ਨਹੀਂ ਮੰਗੀ---ਫਿਰ ਇਹ ਕਿਉਂ ਮੇਰੇ ਲਈ ਐਨਾ ਤੜਪਦੀ ਐ---
ਤੁਸੀਂ ਦੱਸੋ ਕਿ ਟਿਕਾਣੇ ਵਾਲੇ ਮਹੰਤ ਨੇ ਕੀ ਕਰ ਲੈਣਾ ਸੀ---ਮੇਰੀ ਸਮੱਸਿਆ ਕਿਸੇ ਵੀ ਮਹੰਤ ਦੇ ਸੁਲਝਾਉਣ ਦੀ ਨਹੀਂ ਸੀ---ਮਹੰਤ ਤਾਂ ਕੀ ਦੁਨੀਆਂ ਦਾ ਕੋਈ ਵੀ ਵੈਦ ਹਕੀਮ, ਪੰਡਤ ਪਾਧਾ, ਜੋਤਸ਼ੀ ਮੇਰੀ ਇਸ ਮਾਮਲੇ ਵਿੱਚ ਮੇਰੀ ਸਹਾਇਤਾ ਨਹੀਂ ਸੀ ਕਰ ਸਕਦਾ---ਇਹ ਗੱਲ ਤੁਸੀਂ ਤਾਂ ਸਮਝਦੇ ਹੋ ਨਾਅ?
ਨਾਲੇ ਇੱਕ ਗੱਲ ਹੋਰ---ਇਹਨਾਂ ਲੋਕਾਂ ਨੂੰ ਮੇਰੀ ਫਿ਼ਕਰ ਕਿਉ ਸਤਾ ਰਹੀ ਸੀ---ਇਹ ਕਿਉਂ ਮੇਰੇ ਐਨੇ ਹਮਦਰਦ ਬਣਨ ਦਾ ਨਾਟਕ ਕਰ ਰਹੇ ਨੇ---ਜਦੋਂ ਮੈਂ ਕਿਸੇ ਨੂੰ ਆਪਣੀ ਕੋਈ ਚਿੰਤਾ ਦੱਸੀ ਹੀ ਨਹੀਂ ਤਾਂ ਇਹ ਲੋਕ ਕਿਉਂ ਮੇਰੇ ਬਾਰੇ ਐਨੇ ਫਿ਼ਕਰਮੰਦ ਨੇ---ਤੁਹਾਨੂੰ ਲਗਦੈ ਕਿ ਮੈਂ ਬੱਚੇ ਨੂੰ ਲੈ ਕੇ ਫਿ਼ਕਰਮੰਦ ਹਾਂ??
ਪਹਿਲਾਂ ਤੋਂ ਤਹਿ ਪ੍ਰੋਗਰਾਮ ਮੁਤਾਬਕ ਕੋਈ ਤੀਜੇ ਚੌਥੇ ਦਿਨ ਪੰਡਤਾਣੀ ਚੁੰਨੀ ਦੀ ਪੁੱਠੀ ਬੁੱਕਲ ਸੰਮਾਰਦੀ ਹੋਈ ਤੇ ਬਿੱਲੀ ਵਾਂਗ ਪੋਲੇ ਪੋਲੇ ਪੈਰ ਧਰਦੀ ਹੋਈ ਸਾਡੇ ਘਰੇ---ਨਾ ਸੱਚ ਮੇਰੇ ਸਹੁਰਿਆਂ ਦੇ ਘਰ ਆ ਧਮਕੀ।
“ਲੈ ਜਜਮਾਨਣੀ! ਕਰ ਲੈ ਤਿਆਰ ਬਹੂ ਨੂੰ---ਅੱਜ ਬੁੱਧਬਾਰ ਐ---ਬੁੱਧ ਕੰਮ ਸੁੱਧ---ਲੈ ਦੇਖੀ ਕੁਦਰਤ ਦੇ ਰੰਗ---ਸਾਲ ਦੇ ਅੰਦਰ ਅੰਦਰ ਵਿਹੜੇ `ਚ ਪੋਤਿਆਂ ਦੀ ਜੋੜੀ ਖੇਡ੍ਹਦੀ ਫਿਰੂਗੀ---"
ਮੇਰੀ ਸੱਸ ਨੇ ਹੱਥ ਜਿਹੇ ਮਲਦਿਆਂ ਮੈਨੂੰ ਤਿਆਰ ਹੋਣ ਲਈ ਕਿਹਾ---ਮੈਂ ਅਜੇ ਆਪਣੇ ਪਤੀ ਪਨਮੇਸ਼ਰ ਨੂੰ ਨੁਹਾ ਕੇ ਹਟੀ ਹੀ ਸਾਂ---ਮੈਂ ਬਾਹਰ ਆਉਦਿਆਂ ਝਕਦੀ ਝਕਦੀ ਨੇ ਸਾਰੇ ਜਿਸਮ ਦੀ ਤਾਕਤ ਇਕੱਠੀ ਕਰ ਕੇ ਬੇਬੇ ਨੂੰ ਕਿਹਾ,
“ਬੇਬੇ ਜੀ---ਤੁਸੀਂ ਤਾਂ ਜਾਣ ਓਂ---ਇਹ ਮਾਸ ਦਾ ਲੋਥੜਾ, ਬੇਸੁਧ, ਬੇਜਾਨ ਪਿਐ---ਮਹੰਤ ਨੇ ਕੀ ਕਰ ਲੈਣੈ---ਨਾਲੇ ਮੇਰੇ ਕੋਲ ਤਿੰਨ ਬੱਚੇ ਹੈਗੇ ਨੇ---ਮੈਨੂੰ ਹੋਰ ਬੱਚਿਆਂ ਦੀ ਕੋਈ ਚਾਹਨਾ ਨਹੀਂ---ਤੁਸੀਂ ਤਾਂ ਬਹੁਤ ਸਮਝਦਾਰ ਹੋ---ਮੈਂ ਭਲਾਂ ਜੁਆਨ ਜਹਾਨ ਬੱਚਿਆਂ ਦੀ ਮਾਂ ਹੋ ਕੇ ਹੁਣ ਹੋਰ ਬੱਚੇ ਪੈਦਾ ਕਰੂੰ? ਇਹ ਕੋਈ ਚੰਗੀ ਗੱਲ ਨਹੀਂ---"
“ਬਹੂ ਰਾਣੀ! ਸੁਣ---ਪਹਿਲਾਂ ਮੇਰੀ ਸੁਣ---ਇਹ ਤਾਂ ਤੇਰਾ ਬਡੱਪਣ ਐ---ਤੇਰੀ ਨੇਕਨਾਮੀ ਐ ਬਈ ਤੂੰ ਆਪਣੀ ਸੌਕਣ ਦੇ ਨਿਆਣਿਆ ਨੂੰ ਆਵਦੇ ਸਮਝਦੀ ਐਂ---ਪਰ ਪੁੱਤ ਫੇਰ ਵੀ ਤੇਰੇ ਕੋਲ ਆਵਦਾ ਵੀ ਇੱਕ ਜੁਆਕ ਹੋਵੇ---ਤੇਰਾ ਚਿੱਤ ਪਰਚਿਆ ਰਿਹਾ ਕਰੂਗਾ---ਤੇਰੇ ਇਹ ਨਿਆਣੇ ਬੀ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣ---ਨਾਲੇ ਤੈਂ ਹਾਅ ਕੀ ਗੱਲ ਕਹੀ---ਬਈ ਤੇਰਾ ਘਰ ਆਲਾ ਲੋਥ ਮਾਂਗ ਪਿਐ---ਤੂੰ ਤਾਂ ਪੜ੍ਹੀ ਲਿਖੀ ਐ---ਇਹਨਾਂ ਸੰਤਾਂ ਮਹਾਤਮਾਵਾਂ ਕੋਲ ਅਗੰਮ ਅਗੋਚਰ ਦੀਆਂ ਸ਼ਕਤੀਆਂ ਹੁੰਦੀਆਂ ਨੇ---ਇਹਨਾਂ ਨੂੰ ਰੱਬ ਵੱਲੋਂ ਵਰਦਾਨ ਮਿਲਿਆਂ ਹੁੰਦੈ---ਇਹ ਪਹੰੁਚੇ ਹੋਏ ਪਖੀਰ ਹੁੰਦੇ ਨੇ---ਹੋਰ ਕਿਤੇ ਐਮੀਂ ਲੋਕ ਇਹਨਾਂ ਦੀ ਪੂਜਾ ਕਰਦੇ ਨੇ---ਸੰਤ ਮਹਾਤਮਾ ਤਾਂ ਨਿਰਾ ਰੱਬ ਦਾ ਰੂਪ ਹੁੰਦੇ ਨੇ---ਇਨ੍ਹਾਂ ਵਾਸਤੇ ਕੁੱਝ ਵੀ ਅਸੰਭਵ ਨਹੀਂ---ਇਹ ਤਾਂ ਜੇ ਚਾਹੁਣ ਤਾਂ ਸਮੁੰਦਰਾਂ ਦਾ ਪਾਣੀ ਡੀਕ ਲਾ ਕੇ ਪੀ ਜਾਣ---ਸੂਰਜ ਨੂੰ ਹੱਥ ਦੇ ਕੇ ਥਾਏਂ ਖੜ੍ਹਾ ਕਰ ਲੈਣ---ਹਵਾ ਦਾ ਰੁਖ ਮੋੜ ਦੇਣ---ਏਸ ਕਰਕੇ ਤੂੰ ਫਿਕਰ ਨਾ ਕਰ---ਤਿਆਰ ਹੋ ਜਾ ਦਬੜਸੱਟ---ਪੰਡਤੈਣ ਬੀ ਬਚਾਰੀ ਟੈਮ ਖਰਾਬ ਕਰ ਕੇ ਆਈ ਐ---"
ਸਾਡੀ ਸਾਰੀ ਗੱਲ ਬਾਤ ਪੰਡਤਾਣੀ ਸੁਣ ਰਹੀ ਸੀ---ਉਸ ਨੇ ਆਪਣਾ ਗਿਆਨ ਪ੍ਰਗਟ ਕਰਦਿਆਂ ਮੈਨੂੰ ਮਹਾਭਾਰਤ ਦੀ ਕਥਾ ਸੁਣਾਈ,
“ਦੇਖ ਭਾਈ---ਤੂੰ ਤਾਂ ਪੜ੍ਹੀ ਲਿਖੀ ਐ---ਅਸੀਂ ਤਾਂ ਹੋਏ `ਨਪੜ੍ਹ ਢੋਰ ਡੰਗਰ---ਮਹਾਂਭਾਰਤ `ਚ ਇੱਕ ਕਥਾ ਆਉਂਦੀ ਐ ਬਈ ਜਦ ਰਾਜਾ ਸਾਂਤਨੂੰ ਮਰ ਗਿਆ ਤਾਂ ਉਹਦੀਆਂ ਰਾਣੀਆਂ ਨੂੰ ਵੇਦ ਬਿਆਸ ਰਿਸ਼ੀ ਨੇ ਪੁੱਤਾਂ ਦੀ ਦਾਤ ਬਕਸੀ ਸੀ---ਉਹਨੇ ਧਿਰਤਰਾਸ਼ਟਰ, ਪਾਂਡੂ ਤੇ ਬਿਦਰ ਬਰਗੇ ਮਹਾਨ ਪੁੱਤ ਦਿੱਤੇ---ਇਹ ਰਿਸ਼ੀ ਦੀ ਚਮਤਕਾਰੀ ਸ਼ਕਤੀ ਸਦਕਾ ਈ ਹੋਇਆ---ਉਹਨਾਂ ਦਾ ਤਾਂ ਪਤੀ ਈ ਨਹੀਂ ਸੀ---ਤਾਂ ਵੀ ਰਿਸ਼ੀ ਦੀ ਕ੍ਰਿਪਾ ਨਾਲ ਪੁੱਤਰਵਤੀ ਹੋਈਆਂ---ਤੇਰਾ ਤਾਂ ਸੁੱਖ ਨਾਲ ਜਿਉਂਦਾ ਐ---"
ਮੈਨੂੰ ਪੰਡਤਾਣੀ ਉਤੇ ਖਿਝ ਆ ਰਹੀ ਸੀ---ਆਈ ਬੜੀ ਮਹਾਂਭਾਰਤ ਦੀ ਜਾਣੂ---ਮੈਂ ਇੱਕ ਹੋਰ ਪੈਂਤੜਾ ਵਰਤਦਿਆਂ ਬੇਬੇ ਨੂੰ ਕਿਹਾ,
“ਬੇਬੇ ਜੀ---ਹਜੇ ਤਾਂ ਮੈਂ ਗੁਰੇ ਦੇ ਬਾਪੂ ਨੂੰ ਰੋਟੀ ਖੁਆਉਣੀ ਐ---ਉਥੇ ਪਤਾ ਨੀ ਕਿੰਨਾ ਕੁ ਟੈਮ ਲੱਗ ਜਾਏ---"
“ਚਲ ਤੂੰ ਪਹਿਲਾਂ ਇਹਨੂੰ ਰੋਟੀ ਖੁਆ ਲੈ---ਅਸੀਂ ਅਡੀਕ ਲੈਨੀਆਂ ਆਂ---ਮੈਂ ਪੰਡਤਾਣੀ ਨੂੰ ਜਾਂਦੀ ਹੋਈ `ਵਾਜ ਮਾਰ ਲਊਂ---" ਮੇਰੀ ਸੱਸ ਨੇ ਦਲੀਲ ਦਿੱਤੀ। ਉਹਦੀ ਬਾਹਰ ਜਾਂਦੀ ਦੀ ਦੁਖੱਲੀ ਜੁੱਤੀ ਦੀ ਚੀਂ ਚੀਂ ਮੇਰੇ ਕੰਨਾਂ `ਚ ਕੰਕਰਾਂ ਵਾਂਗ ਚੁਭ ਰਹੀ ਸੀ---ਮੈਂ ਅੰਦਰ ਕੋਠੜੀ `ਚ ਵੜ ਕੇ ਦਰਵਾਜ਼ੇ ਦੀ ਕੁੰਡੀ ਲਾ ਲਈ---ਮੰਜੀ ਤੇ ਮੂਧੇ ਮੂੰਹ ਡਿੱਗ ਕੇ ਮੈਂ ਬਹੁਤ ਰੋਈ---ਮੇਰਾ ਜੀਅ ਕਰੇ ਕਿ ਮੈਂ ਨਿਰੰਜਣ ਦਾ ਗਲਾ ਨੱਪ ਦਿਆਂ---ਮੈਂ ਉੱਠੀ ਵੀ ਉਹਦੇ ਗਲੇ ਨੂੰ ਹੱਥ ਵੀ ਪਾਇਆ ਪਰ ਹਿੰਮਤ ਨਾ ਹੋਈ---ਮੈਂ ਆਪਣੀ ਛਾਤੀ ਪਿੱਟੀ---ਵਾਲ ਪੱਟੇ---ਪਿੱਟ ਸਿਆਪਾ ਕੀਤਾ---ਹੌਲੀ ਹੌਲੀ ਵੈਣ ਵੀ ਪਾਏ---ਪਰ ਸੁਚੇਤ ਹੋ ਕੇ ਬਈ ਕਿਤੇ ਕੋਈ ਸੁਣ ਨਾ ਲਵੇ---ਮੈਂ ਰੋ ਰੋ ਕੇ ਹੰਭ ਗਈ---ਅੱਖਾਂ ਪੂੰਝ ਕੇ ਤੇ ਵਾਲ ਸਮੇਟ ਕੇ ਬਾਹਰ ਆਈ---ਮੇਰੀ ਸੱਸ ਤੇ ਪੰਡਤਾਣੀ ਬੜੀ ਉਤਸੁਕਤਾ ਨਾਲ ਮੇਰਾ ਇੰਤਜ਼ਾਰ ਕਰ ਰਹੀਆਂ ਸਨ---ਮੈਂ ਬੇਮਨੀ ਨਾਲ ਉਹਨਾਂ ਦੇ ਮਗਰ ਮਗਰ ਤੁਰ ਪਈ---
“ਪੁੱਤ ਘੰੁਡ ਨੀਮਾਂ ਕਰ ਲੈ---"
ਮੇਰੀ ਸੱਸ ਨੇ ਮੈਨੂੰ ਨੰਗੇ ਮੂੰਹ ਤੁਰੀ ਜਾਂਦੀ ਨੂੰ ਚੇਤਾ ਦਵਾਇਆ---ਮੈਂ ਤਾਂ ਬੇਸੁਧ ਜਿਹੀ ਬਿਨਾ ਘੁੰਡ ਕੱਢਿਆਂ ਈ ਤੁਰੀ ਜਾ ਰਹੀ ਸਾਂ ---ਇਹ ਪਹਿਲੀ ਵਾਰ ਹੋਇਆ ਸੀ। ਸਾਰੇ ਰਸਤੇ ਪੰਡਤਾਣੀ ਮਹੰਤਾਂ ਦੇ ਚਮਤਕਾਰਾਂ ਦੀਆਂ ਮਨਘੜੰਤ, ਬੇਤੁਕੀਆਂ, ਬੇਸਿਰ ਪੈਰੀਆਂ ਅਤੇ ਕਿਸੇ ਅਲੌਕਿਕ ਸੰਸਾਰ ਦੀਆਂ ਕਥਾ ਕਹਾਣੀਆਂ ਸੁਣਾਉਂਦੀ ਗਈ---ਅਖੇ ਫਲਾਣੇ ਦੀ ਨੂੰਹ ਸੱਠਾਂ ਸਾਲਾਂ ਦੀ ਉਮਰ `ਚ ਮਹੰਤਾਂ ਦੀ ਕਿਰਪਾ ਨਾਲ ਮਾਂ ਬਣ ਗਈ---ਫਲਾਣਿਆਂ ਦਾ ਮੁੰਡਾ ਛੇ ਸਾਲ ਤੋਂ `ਮਰੀਕਾ ਰਹਿੰਦਾ ਸੀ---ਮਗਰੋਂ ਮਹੰਤਾਂ ਦੀ ਦਿਆ ਨਾਲ ਲਗਰ ਵਰਗੇ ਦੋ ਮੰੁਡੇ ਹੋ ਗਏ---ਫਲਾਣੀ ਦੇ ਘਰ ਵਾਲੇ ਨੂੰ ਮਰਿਆਂ ਦੋ ਸਾਲ ਹੋ ਚੱਲੇ ਸਨ---ਲੇਖੇ ਨਾਲ ਹੋਈ ਤਾਂ ਕੁੜੀ---ਪਰ ਉਹ ਜਾਣੇ ਢਿੱਡ ਤਾਂ ਫੁੱਟਿਆ---ਤੇ ਉਹ ਹੋਰ ਵੀ ਕਈ ਅਚੰਭੇ ਭਰੀਆਂ ਕਹਾਣੀਆਂ ਸੁਣਾਉਂਦੀ ਗਈ।
ਇੱਥੇ ਥੋਨੂੰ ਇੱਕ ਗੱਲ ਹੋਰ ਸਪਸ਼ਟ ਕਰ ਦਿਆਂ ਕਿ ਮੇਰੇ ਸਹੁਰੇ ਪ੍ਰੀਵਾਰ ਨੂੰ ਮੇਰੇ ਬੱਚਾ ਹੋਣ ਜਾਂ ਨਾ ਹੋਣ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਸੀ ਕਿਉਂਕਿ ਨਿਰੰਜਣ ਸੂੰ ਦੀ ਨਿਊਂ ਜੜ ਤਾਂ ਪਹਿਲਾਂ ਈ ਲੱਗੀ ਹੋਈ ਸੀ---ਉਹਦੇ ਤਿੰਨ ਬੱਚੇ ਸਨ---ਮੇਰੇ ਬੱਚਾ ਹੋਣ ਪਿੱਛੇ ਉਹਨਾਂ ਦਾ ਸਿਰਫ਼ ਇਹ ਲਾਲਚ ਸੀ ਕਿ ਇੱਕ ਤਾਂ ਮੈਂ ਬੱਚੇ ਦੇ ਮੋਹ `ਚ ਫਸੀ ਹੋਈ ਨਾ ਚਾਹੁੰਦਿਆ ਹੋਇਆ ਵੀ ਜਿਊਂਦੀ ਰਹਾਂਗੀ---ਹਾਲਾਤਾਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਵਰਗਾ ਭਿਆਨਕ ਖਿ਼ਆਲ ਵੀ ਮਨ ਵਿੱਚ ਨਹੀਂ ਲਿਆਵਾਂਗੀ---ਕਿਉਂਕਿ ਮੇਰੀਆਂ ਹਰਕਤਾਂ ਤੋਂ ਉਹਨਾਂ ਨੂੰ ਵਹਿਮ ਹੋ ਗਿਆ ਸੀ ਕਿ ਮੈਂ ਕਿਸੇ ਵੇਲੇ ਆਤਮ ਹੱਤਿਆ ਹੀ ਲਾ ਕਰ ਲਵਾਂ---ਦੂਜਾ ਏਸ ਬਹਾਨੇ ਮੈਂ ਗਧੀ ਬਣ ਕੇ ਸਾਰੇ ਟੱਬਰ ਦੀ, ਖਾਸ ਕਰ ਨਿਰੰਜਣ ਸੂੰ ਦੀ ਸੇਵਾ ਕਰਦੀ ਰਹੂੰਗੀ---ਸਚਾਈ ਤਾਂ ਇਹੀਓ ਸੀ।
ਤੁਸੀਂ ਮੈਨੂੰ ਇਹ ਸੁਆਲ ਨਹੀਂ ਕਰਿਆਂ ਬਈ ਉਸ ਜ਼ਮਾਨੇ ਦੀ ਦਸਵੀਂ ਪਾਸ ਹੋ ਕੇ ਮੈਂ ਇਹਨਾਂ ਬੇਬੁਨਿਆਦ ਗੱਲਾਂ ਦਾ ਵਿਰੋਧ ਕਿਉਂ ਨਾ ਕੀਤਾ---ਸ਼ਾਇਦ ਤੁਸੀਂ ਜਾਣਦੇ ਈ ਹੋ ਕਿ ਮੇਰੀ ਦਸਵੀਂ ਕਿਵੇਂ ਹੋਈ---ਕਿਸ ਲਾਲਚ ਸਦਕਾ ਧਰਮੀ ਮਾਪਿਆਂ ਨੇ ਮੈਨੂੰ ਸਕੂਲ ਭੇਜਿਆ---ਬੀਰੇ ਨੇ ਮੇਰਾ ਸਰਟੀਫਿਕੇਟ ਵੀ ਫਾੜ ਦਿੱਤਾ---ਹੁਣ ਮੈਂ ਪੜ੍ਹੀ ਲਿਖੀ ਹੋ ਕੇ ਵੀ ਅਨਪੜ੍ਹ ਹੀ ਸਾਂ---ਨਾ ਕੋਈ ਸਬੂਤ ਨਾ ਕਾਗਜ਼।
ਦੂਜਾ ਮੈਂ ਸਾਰੀ ਉਮਰ ਹੀਣ ਭਾਵਨਾ ਦੀ ਸ਼ਿਕਾਰ ਵੀ ਰਹੀ ਹਾਂ---ਪੇਕੇ ਘਰ ਵਿੱਚ ਮਾਹੌਲ ਹੀ ਇਸ ਤਰ੍ਹਾਂ ਦਾ ਰਿਹਾ ਕਿ ਮੈਂ ਕਦੇ ਜੀ ਭਰ ਕੇ ਸਾਹ ਵੀ ਨਹੀਂ ਲੈ ਸਕੀ---ਫੇਰ ਇੱਥੇ ਸਹੁਰੇ ਘਰ ਵਿੱਚ ਤਾਂ ਮੇਰਾ ਅਧਿਕਾਰ ਹੀ ਕੋਈ ਨਹੀਂ---ਇੱਥੇ ਮੈ ਘਰ ਦੀ ਮਾਲਕਣ ਕਦੇ ਵੀ ਨਾ ਬਣ ਸਕੀ---ਜੇ ਮੇਰਾ ਪਤੀ ਠੀਕ ਹੁੰਦਾ, ਤਾਂ ਵੀ ਮੈਂ ਘਰ ਦੀ ਮਾਲਕਣ ਨਹੀਂ ਸਾਂ ਬਣ ਸਕਣਾ---ਕਿਉਂਕਿ ਮੇਰੇ ਪਤੀ ਨੇ ਮੈਨੂੰ ਵਿਆਹਿਆ ਨਹੀਂ, ਮੁਲ ਖਰੀਦਿਆ ਸੀ---ਤੇ ਮੁੱਲ ਖਰੀਦ ਔਰਤ ਕਦੇੇ ਆਪਣਾ ਕੋਈ ਅਧਿਕਾਰ ਜਤਾ ਤੱਕ ਨਹੀਂ ਸਕਦੀ---ਸੋ ਏਸ ਕਰਕੇ---ਏਸ ਕਰਕੇ---ਏਸ ਕਰਕੇ---।
ਪੰਡਤਾਣੀ ਸਿੱਧੀ ਪਹੀ ਪਹੀ ਜਾਣ ਦੀ ਬਜਾਇ ਬਿਚਪਟੇ ਨੂੰ ਹੋ ਗਈ---ਅਖੇ ਇਹ ਰਾਹ ਛੋਟਾ ਪਊਗਾ---ਛੇਤੀ ਪਹੁੰਚ ਜਾਂਵਾਂਗੀਆਂ---ਪਰ ਮੈਨੂੰ ਤਾਂ ਰਾਹ ਦੇ ਛੋਟਾ ਵੱਡਾ ਹੋਣ ਨਾਲ ਜਾਂ ਛੇਤੀ ਪਹੁੰਚਣ ਨਾਲ ਕੋਈ ਸਰੋਕਾਰ ਈ ਨਹੀਂ ਸੀ---ਮੈਂ ਤਾਂ ਬੱਸ ਹੁਕਮ ਵਜਾਉਣ ਖਾਤਰ ਇਹਨਾਂ ਦੇ ਪਿੱਛੇ ਪਿੱਛੇ ਤੁਰੀ ਗਈ। ਆਪਣੀ ਮਰਜ਼ੀ ਦੇ ਖਿਲਾਫ਼।
ਪਹੀ ਵਾਲਾ ਰਾਹ ਥੋਹੜਾ ਪੱਧਰਾ ਸੀ ਪਰ ਇਹਨਾਂ ਵੱਟਾਂ ਉੱਤੇ ਤੁਰਨਾ ਮੈਨੂੰ ਔਖਾ ਲੱਗ ਰਿਹਾ ਸੀ---ਉੱਭੜ ਖਾਭੜ ਡੌਲਾਂ ਉੱਤੇ ਤੁਰਨ ਲਈ ਮੈਨੂੰ ਮਿਹਨਤ ਕਰਨੀ ਪੈ ਰਹੀ ਸੀ ਕਿਉਂਕਿ ਸ਼ਰੀਰਕ ਪੱਖੋਂ ਅਧਮਾਣਸ ਹੋਣ ਕਰਕੇ ਮੈਨੂੰ ਸੰਤੁਲਨ ਬਣਾਉਣ ਵਿੱਚ ਔਖ ਲੱਗ ਰਹੀ ਸੀ---ਕਦੇ ਕਦੇ ਮੈਂ ਫਿਸਲ ਵੀ ਜਾਂਦੀ।
ਖੈਰ! ਟਿਕਾਣੇ ਦਾ ਵੱਡ ਆਕਾਰੀ ਦਰਵਾਜ਼ਾ ਨਜ਼ਰ ਆਉਣ ਲੱਗਾ---ਕੋਈ ਚਾਰ ਪੰਜ ਕਿੱਲਿਆਂ ਵਿੱਚ ਫੈਲਿਆ ਇਹ ਟਿਕਾਣਾ ਸਾਧਾਂ ਦਾ ਗੜ੍ਹ ਸੀ---ਇਹਨਾਂ ਸਾਰਿਆਂ ਦਾ ਮੋਹਰੀ ਮਹੰਤ ਕਹਾਉਂਦਾ ਸੀ---
ਦਰਵਾਜ਼ੇ ਤੋਂ ਅੰਦਰ ਲੰਘਦਿਆਂ ਮੈਂ ਪਤਾ ਨੀ ਕਿਉਂ ਰੱਬ ਨੂੰ ਅਰਦਾਸ ਕੀਤੀ ਕਿ ਤੇ ਪ੍ਰਮਾਤਮਾ ਮੇਰੀ ਸਹਾਇਤਾ ਕਰਨੀ---ਮੈਂ ਇਹਨਾਂ ਅਖਾਉਂਤੀ ਬਾਬਿਆਂ ਬਾਰੇ ਕਈ ਤਰ੍ਹਾਂ ਦੇ ਗਲਤ ਮਲਤ ਕਿੱਸੇ ਕਹਾਣੀਆਂ ਸੁਣ ਚੁੱਕੀ ਸਾਂ---ਇਸ ਕਰਕੇ ਥੋੜੀ ਸਹਿਮੀ ਹੋਈ ਸਾਂ---ਨਾਲੇ ਇੱਕ ਗੱਲ ਸਿਰ ਵਿੱਚ ਹਥੋੜੇ ਵਾਂਗ ਵੱਜ ਰਹੀ ਸੀ ਕਿ ਬਿਨਾ ਪਤੀ ਦੇ ਬੱਚੇ ਦਾ ਜਨਮ ਹੋ ਹੀ ਨਹੀਂ ਸਕਦਾ! ਇਹ ਮਹੰਤ ਭਾਵੇ ਕਿੰਨਾ ਵੀ ਚਮਤਕਾਰੀ ਕਿਉਂ ਨਾ ਹੋਵੇ ਪਰ ਉਹ ਸਾਇੰਸ ਨੂੰ ਫੈਲ ਨਹੀਂ ਕਰ ਸਕਦਾ---
ਇੱਕ ਪਾਸੇ ਲੱਗੇ ਹੋਏ ਨਲਕੇ ਤੋਂ ਹੱਥ ਮੂੰਹ ਧੋ ਕੇ ਤੇ ਚੰਗੀ ਤਰ੍ਹਾਂ ਚੰੁਨੀਆਂ ਦੀ ਬੁੱਕਲ ਮਾਰ ਕੇ ਅਸੀਂ ਇੱਕ ਕਮਰੇ ਵਿੱਚ ਦਾਖ਼ਲ ਹੋਈਆ---ਕਮਰੇ ਵਿੱਚ ਇੱਕ ਪਾਸੇ ਪਾਥੀਆਂ ਦੀ ਧੂਣੀ ਧੁਖੀ ਹੋਈ ਸੀ---ਪਾਥੀਆਂ ਦੇ ਧੂੰਏ ਦੀ ਅਜੀਬ ਜਿਹੀ ਗੰਧ ਕਮਰੇ ਦੇ ਇੱਕ ਕੋਨੇ ਵਿੱਚ ਰੱਖੀਆਂ ਹੋਈਆਂ ਦੇਵੀ ਦੇਵਤਿਆਂ ਦੀਆਂ ਮੂਰਤਾਂ ਮੁਹਰੇ ਧੁਖਦੀ ਧੂਫ `ਚ ਮਿਲ ਕੇ ਦਿਮਾਗ ਨੂੰ ਚੜ੍ਰ ਹੀ ਸੀ---ਐਸੇ ਮੌਕੇ ਬੰਦੇ ਦੇ ਦਿਲ ਦੀ ਧੜਕਣ ਵਧ ਜਾਂਦੀ ਐ ਪਰ ਸੱਚ ਮੰਨਿਓ ਉਸ ਘੜੀ ਮੇਰੇ ਦਿਲ ਦੀ ਧੜਕਣ ਲਗਪਗ ਰੁਕੀ ਹੋਈ ਸੀ---ਸਾਹ ਵੀ ਕਸਵਾਂ ਆ ਰਿਹਾ ਸੀ।
ਬੜੀ ਸ਼ਰਧਾ ਨਾਲ ਪੰਡਤਾਣੀ ਤੇ ਮੇਰੀ ਸੱਸ ਨੇ ਨੱਕ ਰਗੜ ਕੇ ਪਹਿਲਾਂ ਤਾਂ ਦੇਵੀ ਦੇਵਤਿਆ ਮੁਹਰੇ ਮੱਥਾ ਟੇਕਿਆ---ਫੇਰ ਧੂਣੀ ਚੋਂ ਸੁਆਹ ਦੀ ਚੁਟਕੀ ਚੁਟਕੀ ਲੈ ਕੇ ਮੱਥੇ ਨੂੰ ਲਾਉਂਦਿਆਂ ਬਚੀ ਸੁਆਹ ਦਾ ਭੋਗ ਮੂੰਹ ਨੂੰ ਲਾਇਆ---ਮੈਂ ਉਹਨਾਂ ਦੀ ਨਕਲ ਕਰਦੀ ਰਹੀ---ਪਰ ਉਪਰੋਂ ਉਪਰੋਂ---ਬੱਸ ਇੱਕ ਢੋਂਗ ਜਿਹਾ ਕਰਦੀ ਰਹੀ।
ਇੱਕ ਪਾਸੇ ਚੌਂਕੀ ਉਤੇ ਖੜਾਵਾਂ ਰੱਖੀਆਂ ਹੋਈਆਂ ਸਨ---ਮੈਂ ਸਮਝ ਗਈ ਕਿ ਇਹ ਇਸ ਟਿਕਾਣੇ ਦੇ ਸੰਸਥਾਪਕ ਮਹੰਤ ਦੀਆਂ ਜੁੱਤੀਆਂ ਹੋਣੀਆ---ਜਿਹੜੀਆਂ ਭਗਤਾਂ ਨੇ ਸ਼ਰਧਾ ਵਜੋਂ ਪੂਜਾ ਵਾਸਤੇ ਚੌਕੀਂ ਉੱਤੇ ਸਜਾ ਲਈਆਂ ਹਨ---ਧੂਣੀ ਵਿੱਚ ਜਿਹੜਾ ਤਰਸ਼ੂਲ ਗੱਡਿਆ ਹੋਇਆ ਸੀ---ਉਹਦੀ ਟੀਸੀ ਉਤੇ ਲਾਲ ਰੰਗ ਦੀ ਚੁੰਨੀ ਬੰਨ੍ਹੀ ਹੋਈ ਸੀ ਜਿਹੜੀ ਧੂਣੀ ਦੇ ਧੂੰਏਂ ਨਾਲ ਧੁਆਂਖੀ ਗਈ ਸੀ---ਇੱਕ ਪਾਸੇ ਤਖਤਪੋਸ਼ ਉੱਤੇ ਢੋਲਕੀ ਛੈਣੇ, ਖੜਤਾਲਾਂ ਤੇ ਇੱਕ ਪੁਰਾਣਾ ਜਿਹਾ ਹਰਮੋਨੀਅਮ ਧਰਿਆ ਹੋਇਆ ਸੀ।
ਤਖਤਪੋਸ਼ ਦੇ ਪਾਵੇ ਜਰਜਰ ਹੋਏ ਪਏ ਸਨ---ਇੱਕ ਪਾਵਾ ਘੁਣ ਲੱਗਣ ਸਦਕਾ ਭੁਰ ਗਿਆ ਸੀ---ਇਹਨੂੰ ਇੱਕ ਇੱਟ ਦਾ ਠੰਮ੍ਹਣਾ ਦਿੱਤਾ ਹੋਇਆ ਸੀ---ਮੈਂ ਕਮਰੇ ਦੇ ਸਮਾਨ ਨੂੰ ਧਿਆਨ ਨਾਲ ਇਸ ਕਰਕੇ ਦੇਖ ਰਹੀ ਸਾਂ ਕਿਉਂਕਿ ਮੈਨੂੰ ਇਸ ਸਮਾਨ ਤੋਂ ਮਹੰਤ ਦੀ ਰੁਚੀ ਦਾ ਅਨੁਮਾਨ ਲਾਉਣਾ ਸੌਖਾ ਹੋ ਰਿਹਾ ਸੀ।
ਕੋਈ ਅੱਧੇ ਘੰਟੇ ਬਾਦ ਇੱਕ ਭਗਵੇਂ ਵੇਸ ਵਾਲਾ ਚੇਲਾ ਆਇਆ---ਉਹਦੀ ਉਮਰ ਮਸੀਂ ਇੱਕੀ ਬਾਈ ਸਾਲ ਦੀ ਹੋਵੇਗੀ---ਪੰਡਤਾਣੀ ਨੇ ਉਸ ਦੇ ਪੈਰੀਂ ਹੱਥ ਲਾਏ---ਤੇ ਇੱਕੋ ਸਾਹੇ ਕਈ ਸੁਆਲ ਦਾਗ ਦਿੱਤੇ,
“ਬਾਬਾ ਜੀ, ਮਹੰਤ ਜੀ ਕਦੋਂ ਮਿਲਣਗੇ---ਐਥੇ ਈ ਨੇ ਜਾਂ ਕਿਤੇ ਪਧਾਰੇ ਹੋਏ ਨੇ---ਅੱਜ ਹੋਰ ਵੀ ਸੰਗਤ ਪੁੱਛਿਆ ਲੈਣ ਆਈ ਐ ਜਾਂ ਨਹੀਂ---ਅੱਜ ਸਾਨੂੰ ਮਹਾਤਮਾ ਦੇ ਦਰਸ਼ਨ ਹੋ ਜਾਣਗੇ ਜਾਂ ਨਹੀਂ---ਬਗੈਰ ਦਰਸ਼ਨ ਤਾਂ ਅਸੀਂ ਮੁੜਨਾ ਨੀ"
“ਮਾਤਾ ਮਹਾਤਮਾ ਜੀ ਭੋਜਨ ਕਰ ਰਹੇ ਹੈਂ---ਆਪ ਬੈਠੋ ਆਣੇ ਵਾਲੇ ਹੈਂ---ਮੈਂ ਉਨ੍ਹੇ ਬਤਲਾਅ ਦੇਤਾ ਹੂੰ ਕਿ ਕੋਈ ਦਰਸ਼ਨ ਅਭਿਲਾਸ਼ੀ ਆਏ ਹੂਏ ਹੈਂ---" ਚੇਲੇ ਨੇ ਸਾਡੇ ਵੱਲ ਤੱਕੇ ਬਿਨਾਂ ਈ ਉਤਰ ਦਿੱਤਾ ਤੇ ਬਾਹਰ ਚਲਿਆ ਗਿਆ।
ਅਸੀਂ ਦਰੀ ਉਪਰ ਬੈਠ ਗਈਆਂ---ਮੈਂ ਮਹਿਸੂਸ ਕੀਤਾ ਕਿ ਇਸ ਧਾਰਮਿਕ ਸਥਾਨ ਵਿੱਚੋ ਦਿਮਾਗ ਨੂੰ ਇੱਕ ਅਜੀਬ ਜਿਹਾ ਨਸ਼ਾ ਦੇਣ ਵਾਲੀ ਗੰਧ ਫੈਲੀ ਹੋਈ ਹੈ---ਬਾਹਰ ਭਗਵੀਆਂ ਧੋਤੀਆਂ ਤੇ ਮੋਟੀਆਂ ਤੋਂਦਾਂ ਵਾਲੇ ਚੇਲੇ ਚਪਟੇ ਕੁੰਡਿਆਂ ਵਿੱਚ ਘੂੰਗਰੂਆਂ ਵਾਲੇ ਸੋਟਿਆਂ ਨਾਲ ਕੁੱਝ ਰਗੜੀ ਜਾ ਰਹੇ ਹਨ---ਸ਼ਾਇਦ ਉਹ ਸੁੱਕੇ ਮੇਵੇ ਪਾ ਕੇ ਭੰਗ ਰਗੜ ਰਹੇ ਸਨ---ਉਹਨਾਂ ਦੀਆਂ ਅੱਖਾਂ ਨਸ਼ਿਆਈਆਂ ਹੋਈਆਂ ਸਨ---ਅੱਧ ਮੀਚੇ ਨੇਤਰਾਂ ਨਾਲ ਉਹਨਾਂ ਕੋਲੋਂ ਸੋਟੇ ਕੰੁਡੇ ਦੇ ਕੰਢਿਆਂ ਉੱਤੇ ਹੀ ਵੱਜਦੇ ਰਹਿੰਦੇ---ਤੇ ਫੇਰ ਉਹ ਸੁਚੇਤ ਹੋ ਕੇ ਅੱਖਾਂ ਖੋਲ੍ਹ ਕੇ ਰਗੜਾਈ ਕਰਨ ਲੱਗ ਜਾਂਦੇ---ਇੱਕ ਚੇਲੇ ਨੂੰ ਐਸੀ ਮਸਤੀ ਚੜ੍ਹੀ ਹੋਈ ਸੀ ਕਿ ਉਹਨੇ ਇੱਕ ਹੱਥ ਨਾਲ ਫੜਿਆ ਹੋਇਆ ਸੋਟਾ ਕੁੰਡੀ ਦੇ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸੋਟਾ ਠਾਹ ਉਹਦੀਆਂ ਉਂਗਲਾਂ ਤੇ ਵੱਜਿਆ---ਪੀੜ ਸਦਕਾ ਉਹਨੇ ਹਾਲ ਪਾਹਰਿਆ ਪਾ ਦਿੱਤੀ---ਸਾਰੇ ਜਣੇ ਆਪਣਾ ਆਪਣਾ ਕੰਮ ਛੱਡ ਕੇ ਉਹਦੇ ਦੁਆਲੇ ਆ ਜੁੜੇ---ਉਹਦੀਆਂ ਉਂਗਲਾਂ ਚਿੱਥੀਆਂ ਗਈਆਂ ਸਨ---ਹਫੜਾ ਦਫੜੀ ਜਿਹੀ ਮੱਚ ਗਈ---ਇੱਕ ਚੇਲੇ ਨੇ ਆਪਣੀ ਧੋਤੀ ਨਾਲੋਂ ਕੰਨੀ ਫਾੜ ਕੇ ਉਹਦੀਆਂ ਉਂਗਲਾਂ ਉੱਤੇ ਲਪੇਟ ਦਿੱਤੀ ਤੇ ਉਸ ਨੂੰ ਇੱਕ ਥੜ੍ਹੇ ਉੱਤੇ ਲਿਟਾ ਦਿੱਤਾ---
ਦੋਬਾਰਾ ਫੇਰ ਰਗੜਾਈ ਸ਼ੁਰੂ ਹੋ ਗਈ---ਚੇਲਿਆਂ ਦੇ ਸਿਰ ਟੁੱਲ ਲੈ ਰਹੇ ਸਨ---ਐਂ ਲਗਦਾ ਸੀ ਜਿਵੇਂ ਉਹਨਾਂ ਦਾ ਆਪਣੇ ਸਿਰਾਂ ਉੱਤੇ ਕੋਈ ਕੰਟਰੋਲ ਹੀ ਨਾ ਰਿਹਾ ਹੋਵੇ।ਉਹਨਾਂ ਦਾ ਸਿਰ ਝੂੰਮਦਾ ਥੱਲੇ ਲੁੜਕ ਜਾਂਦਾ ਤੇ ਇੱਕ ਝਟਕਾ ਖਾ ਕੇ ਉਹ ਸੂਤ ਸਿਰ ਹੋ ਕੇ ਦੋਬਾਰਾ ਭੰਗ ਰਗੜਨੀ ਸੁਰੂ ਕਰਦੇ---।
ਮੇਰੀ ਸੱਸ ਤੇ ਪੰਡਤਾਣੀ ਚੁੱਪ ਚਾਪ ਬੈਠੀਆਂ ਸਨ---ਇਹ ਚੁੱਪ ਬੜੀ ਭਿਆਨਕ ਹੰੁਦੀ ਜਾ ਰਹੀ ਸੀ---ਐਨੀ ਭਿਆਨਕ ਕਿ ਮੇਰੇ ਕੋਲੋਂ ਸਹਿਣ ਕਰਨੀ ਦੁੱਭਰ ਹੋ ਰਹੀ ਸੀ---ਹੁਣ ਚੇਲਿਆਂ ਦੇ ਸੋਟਿਆਂ ਦੇ ਘੁੰਗਰੂਆਂ ਦੀ ਆਵਾਜ਼ ਵੀ ਬੇਸੁਰੀ ਹੋ ਰਹੀ ਸੀ---ਬੇਤਾਲੀ। ਮੈਂ ਇਸ ਭਿਆਨਕ ਮਾਹੌਲ ਤੋਂ ਘਬਰਾਅ ਕੇ ਬੋਲੀ,
“ਬੇਬੇ ਜੀ---ਸਾਧ ਕੋਈ ਦਵਾਈ ਬੂਟੀ ਦਊਗਾ? ਨਾਲੇ ਬੇਬੇ---ਬੇਬੇ---ਮੈਨੂੰ ਕੱਲੀ ਨਾ ਛੱਡਿਓ ਸਾਧ ਕੋਲ---ਜਦੋਂ ਉਹ ਦਵਾਈ ਦਿਊਗਾ ਤਾਂ ਤੁਸੀਂ ਵੀ ਮੇਰੇ ਨਾਲ ਹੀ ਰਹਿਣਾ---ਮੈਨੂੰ ਡਰ ਲੱਗ ਰਿਹੈ---"
“ਲੈ ਮੈਂ ਸਦਕੇ ਪੁੱਤ---ਸੰਤਾਂ ਕੋਲੋਂ ਕਾਹਦਾ ਡਰ?---ਸੰਤ ਤਾਂ ਰੱਬ ਦਾ ਰੂਪ ਹੁੰਦੇ ਨੇ---ਇਹਨਾਂ ਬਾਸਤੇ ਤਾਂ ਜੀਵ ਸਿਰਫ਼ ਆਤਮਾ ਹੰੁਦੀ ਐ---ਇਹ ਤਾਂ ਨਿਰਲਿਪਤ ਹੁੰਦੇ ਨੇ---ਇਹਨਾਂ ਨੇ ਕਾਮ ਕਰੋਧ ਲੋਭ ਮੋਹ ਹੰਕਾਰ ਨੂੰ ਮਾਰ ਲਿਆ ਹੁੰਦੈ---ਤਾਂ ਹੀ ਕਿਤੇ ਜਾ ਕੇ ਮਹੰਤ ਬਣਦੇ ਨੇ---ਸਾਧਨਾ ਕਰੀ ਹੰੁਦੀ ਐ ਇਹਨਾਂ ਨੇ---ਧੂਣੀਆਂ ਤਪੀਆਂ ਹੁੰਦੀਆਂ ਨੇ---ਇਹ ਤਾਂ ਇੱਕ ਤਰਾਂ ਸਿਵ ਜੀ ਭਗਮਾਨ ਦਾ ਰੂਪ ਹੰੁਦੇ ਨੇ---"
ਪੰਡਤਾਣੀ ਮੇਰੇ ਸਿਰ ਉਤੇ ਹੱਥ ਧਰਦਿਆਂ ਬੋਲੀ---ਫੇਰ ਵੀ ਮੈਂ ਕਿਸੇ ਅਣਜਾਣੇ ਭੈਅ ਤੋਂ ਭੈਅਭੀਤ ਹੋ ਰਹੀ ਸਾਂ---ਜੇ ਸੰਤਾਂ ਨੇ ਮੈਨੂੰ ਕੁੱਝ ਗਲਤ ਮਲਤ ਕਰਨ ਲਈ ਕਿਹਾ ਫੇਰ ਕੀ ਬਣੂੰ??---ਜੇ ਮੈਂ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਕਿਤੇ ਊਂਈ ਨਾਂ ਉਲਟਾ ਮੇਰੇ ਉਤੇ ਈ ਕੋਈ ਇਲਜ਼ਾਮ ਲੱਗ ਜਾਵੇ---ਪਰ ਮੈਂ ਸਾਧ ਦੀ ਕੋਈ ਗਲਤ ਗੱਲ ਨਹੀਂ ਮੰਨਣੀ---ਭਾਵੇਂ ਕੁੱਝ ਹੋ ਜਾਵੇ।
ਹੁਣ ਸਾਰੇ ਚੇਲੇ ਇੱਕ ਵੱਡੇ ਪਿੱਪਲ ਦੇ ਤਣੇ ਦੁਆਲੇ ਬਣੇ ਵਿਸ਼ਾਲ ਥੜ੍ਹੇ ਉਤੇ ਬੈਠ ਕੇ ਚਿਲਮਾਂ ਪੀ ਰਹੇ ਸਨ---ਉਹਨਾਂ ਦੀਆਂ ਧੋਤੀਆਂ ਚੋਂ ਕਈਆਂ ਦਾ ਨੰਗੇਜ਼ ਨਜ਼ਰ ਆ ਰਿਹਾ ਸੀ---ਤੇ ਸ਼ਾਇਦ ਨਸ਼ੇ ਦੀ ਲੋਰ ਵਿੱਚ ਉਹਨਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ---ਮੈਨੂੰ ਬਹੁਤ ਝਾਕਾ ਆਇਆ---ਮੈਂ ਮੂੰਹ ਦੂਜੇ ਪਾਸੇ ਭੰਵਾਅ ਲਿਆ---
ਅੰਦਰੋਂ ਮੈਂ ਬਹੁਤ ਡਰੀ ਹੋਈ ਸਾਂ---ਇਹ ਮਹੰਤ ਰੋਟੀ ਖਾਣ ਲਈ ਐਨਾ ਸਮਾਂ ਕਿਉਂ ਬਰਬਾਦ ਕਰ ਰਿਹੈ?? ਇਹ ਮਹੰਤ ਦਾ ਬੱਚਾ ਸਾਨੂੰ ਬੁਲਾਉਂਦਾ ਕਿਉਂ ਨੀ---ਮੈਨੂੰ ਇਸ ਧਾਰਮਿਕ ਸਥਾਨ ਦਾ ਮਾਹੌਲ ਵੀ ਭਿਆਨਕ ਤੇ ਡਰਾਉਣਾ ਲੱਗ ਰਿਹਾ ਸੀ---ਐਨੇ ਸਾਰੇ ਸਾਧਾਂ ਦੇ ਹੁੰਦਿਆਂ ਵੀ ਮਾਹੌਲ ਸੁੰਨਸਾਨ ਤੇ ਉਜਾੜ ਨਜ਼ਰ ਆ ਰਿਹਾ ਸੀ
ਮੇਰੇ ਮਨ ਵਿੱਚ ਬੁਰੇ ਬੁਰੇ ਖਿਆਲ ਆ ਰਹੇ ਸਨ---ਮੈਂ ਸੋਚ ਰਹੀ ਸਾਂ ਕਿ ਜੇ ਮਹੰਤ ਨੇ ਕੋਈ ਗਲਤ ਹਰਕਤ ਕੀਤੀ ਤਾਂ ਮੈਂ ਕੰਧ ਨਾਲ ਸਿਰ ਪਟਕ ਪਟਕ ਕੇ ਮਰ ਜਾਵਾਂਗੀ---ਫੇਰ ਮੈਂ ਉਸ ਤੋਂ ਬਾਦ ਦੇ ਮਾਹੌਲ ਦੀ ਕਲਪਨਾ ਕੀਤੀ---ਮੇਰੀ ਲਹੂ ਲੁਹਾਨ ਲਾਸ਼ ਪਈ ਐ---ਮਹੰਤ ਤੇ ਉਹਦੇ ਚੇਲੇ ਚਪਟੇ ਘਬਰਾਅ ਗਏ ਨੇ---ਅਣਚਾਹੀ ਲੰਗੜੀ ਦੀ ਮੌਤ ਉਤੇ ਕੋਈ ਅਫ਼ਸੋਸ ਨਹੀਂ ਮਨਾ ਰਿਹਾ---ਮੇਰੇ ਸੰਸਕਾਰ ਦੀ ਤਿਆਰੀ ਹੋ ਰਹੀ ਐ---ਅਰਥੀ ਸਜਾਈ ਜਾ ਰਹੀ ਐ---ਲੋਕ ਮੇਰੇ ਅੰਤਮ ਦਰਸ਼ਨ ਕਰਨ ਦਾ ਨਾਟਕ ਕਰ ਰਹੇ ਨੇ---ਦਬੀ ਆਵਾਜ਼ ਵਿੱਚ ਲੋਕ ਮੇਰੇ ਬਾਪੂ ਨੂੰ ਸੱਦਣ ਲਈ ਆਖ ਰਹੇ ਹਨ---ਐਨੇ ਨੂੰ ਬਾਪੂ ਕੁੱਝ ਖੜਪੰਚਾਂ ਨੂੰ ਲੈ ਕੇ ਆ ਧਮਕਿਆ---ਲੱਗਾ ਨਾਟਕ ਕਰਨ---ਅਖੇ ਮੇਰੀ ਧੀ ਮਾਰ ਦਿੱਤੀ ਐ---ਮੈਂ ਇਹਦਾ ਸੰਸਕਾਰ ਨੀ ਹੋਣ ਦੇਣਾ, ਪੁਲਸ ਨੂੰ ਬੁਲਾ ਕੇ ਸਭ ਨੂੰ ਅੰਦਰ ਕਰਾਊਂ---ਅਖੀਰ ਵਾਦ ਵਿਵਾਦ ਮਘਣ ਬਾਦ ਬਾਪੂ ਕਮੀਣਗੀ ਤੇ ਉਤਰ ਆਇਆ---ਆਖਣ ਲੱਗਾ ਕਿ ਤੁਸੀਂ ਮੇਰੀ ਧੀ ਮਾਰ ਦਿੱਤੀ ਐ---ਤੁਸੀਂ ਮੇਰੀ ਧੀ ਦੇ ਕਾਤਲ ਹੋ---ਮੈਂ ਲੱਖਾਂ ਰੁਪੱਏ ਖਰਚ ਕਰਕੇ ਵਿਆਹ ਕੀਤਾ ਸੀ ਤੇ ਦਾਜ ਦਿੱਤਾ ਸੀ---ਬਾਪੂ ਚੀਕ ਰਿਹਾ ਸੀ---ਅਖੀਰ ਸਮਝੌਤਾ ਹੋਇਆ ਕਿ ਵੀਹ ਹਜ਼ਾਰ ਰੁਪੱਈਏ ਲੈ ਕੇ ਬਾਪੂ ਚੁੱਪ ਕਰ ਜਾਵੇ---ਉਸ ਸਮੇਂ ਵੀਹ ਹਜ਼ਾਰ ਰੁਪੱਈਏ ਇੱਕ ਮੋਟੀ ਰਕਮ ਹੁੰਦੀ ਸੀ---ਬਾਪੂ ਨੇ ਰੁਪੱਈਏ ਗੀਝੇ `ਚ ਪਾਏ ਤੇ ਬਿਨਾਂ ਸੰਸਕਾਰ ਦੇਖੇ ਈ ਵਾਪਸ ਪਰਤ ਗਿਆ---
ਕਮਰੇ ਦੇ ਬਾਹਰ ਖੜ੍ਹੀ ਗਊ ਰੰਭੀ ਤੇ ਮੈਂ ਮਰੀ ਹੋਈ ਇਕਦਮ ਜਿੰਦਾ ਹੋ ਗਈ---ਗਊ ਲਗਾਤਾਰ ਰੰਭੀ ਜਾ ਰਹੀ ਸੀ---ਇੱਕ ਜਟਾਧਾਰੀ ਚੇਲਾ ਪਿੰਡੇ ਤੇ ਭਬੂਤ ਰਗਾਈ ਤੇ ਸਿਰਫ ਲੰਗੋਟ ਵਿੱਚ ਗਊ ਦੇ ਪਿੰਡੇ ਤੇ ਹੱਥ ਫੇਰ ਕੇ ਉਸਨੂੰ ਪਲੋਸਣ ਲੱਗ ਪਿਆ---ਸਾਨੂੰ ਬੈਠੀਆਂ ਨੂੰ ਜੁੱਗੜੇ ਬੀਤ ਗਏ---ਮਹੰਤ ਪਤਾ ਨੀ ਕਿੰਨੀ ਦੇਰ ਵਿੱਚ ਰੋਟੀ ਖਤਮ ਕਰੂਗਾ---ਕੀ ਪਤਾ ਰੋਟੀ ਖਾ ਕੇ ਸੌਂ ਗਿਆ ਹੋਵੇ।
ਮੈਂ ਸੋਚ ਰਹੀ ਸਾਂ ਕਿ ਇਹ ਪੰਡਤਾਣੀ ਵੀ ਪਤਾ ਨੀ ਕਿਉਂ ਹੱਥ ਧੋ ਕੇ ਮੇਰੇ ਮਗਰ ਪਈ ਹੋਈ ਐ---ਮੈਂ ਨਿਆਣੇ ਕੀ ਕਰਨੇ ਨੇ? ਮੇਰੇ ਪੈਰਾਂ ਹੇਠ ਮੇਰੀ ਆਪਣੀ ਧਰਤੀ ਨਹੀਂ ਹੈ---ਮੈਂ ਤਾਂ ਖੁਦ ਗੁਲਾਮ ਹਾਂ---ਨਾਲੇ ਇਹ ਸਭ ਅਸੰਭਵ ਕਾਰਾ ਵਰਤਾਰਾ ਮੇਰੀ ਸਮਝ ਤੋਂ ਬਾਹਰ ਸੀ
ਮੈਂ ਪੰਡਤਾਣੀ ਦੀ ਮਹਾਂਭਾਰਤ ਵਾਲੀ ਉਦਾਹਰਣ ਤੋਂ ਥੋੜਾ ਹੋਰ ਅਗਾਹ ਜਾ ਕੇ ਕੁੰਤੀ ਅਤੇ ਮਾਦਰੀ ਦੇ ਪੰਜ ਪੁੱਤਰਾਂ ਦੇ ਜਨਮ ਬਾਰੇ ਸੋਚ ਰਹੀ ਸਾਂ---ਉਨ੍ਹਾਂ ਨੇ ਪੰਜ ਦੇਵਤਿਆਂ ਦਾ ਆਵਾਹਣ ਕੀਤਾ ਤੇ ਪੰਜੋ ਦੇਵਤਿਆਂ ਵੱਲੋਂ ਉਨ੍ਹਾਂ ਨੂੰ ਮੰਤਰਾਂ ਨਾਲ ਬਖਸ਼ੇ ਪੁੱਤਾਂ ਦੀ ਕਥਾ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ---ਮੈਨੂੰ ਇਹ ਸਭ ਕਥਾਵਾਂ ਮਨ ਪ੍ਰਚਾਵੇ ਦਾ ਸਾਧਨ ਲਗਦੀਆਂ ਹਨ---ਨਾਲੇ ਪੰਡਤਾਂ ਨੇ ਆਪਣੇ ਇਹਨਾਂ ਦੇਵੀ ਦੇਵਤਿਆਂ ਨੂੰ ਪਤਿਤ ਹੋਣ ਤੋਂ ਬਚਾਉਣ ਲਈ ਬਹੁਤ ਕਮਾਲ ਦੀਆਂ ਕਥਾਵਾਂ ਰਚ ਦਿੱਤੀਆਂ ਤੇ ਭੋਲੀ ਭਾਲੀ ਜਨਤਾ ਨੇ ਇਹਨਾਂ ਮਨ ਘੜੰਤ ਕਥਾਵਾਂ ਨੂੰ ਅੱਖਾਂ ਬੰਦ ਕਰ ਕੇ ਸੱਚ ਮੰਨ ਲਿਆ---ਤਰਕ ਦੀ ਕਸੌਟੀ ਉੱਤੇ ਪਰਖਣ ਦੀ ਬਜਾਏ ਪੰਡਤਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ---
ਮੈਨੂੰ ਉਬਾਸੀਆਂ ਆਉਣ ਲੱਗੀਆਂ---ਸੁਸਤੀ ਵੀ ਸਰੀਰ ਨੂੰ ਤੋੜ ਰਹੀ ਸੀ---ਬਿਲਕੁਲ ਚੁੱਪ ਬੈਠ ਕੇ ਸਮਾਂ ਬਤੀਤ ਕਰਨਾ ਕਿੱਡਾ ਭਿਆਨਕ ਹੁੰਦਾ ਹੈ, ਇਹ ਮੈਨੂੰ ਉਸ ਦਿਨ ਮਹਿਸੂਸ ਹੋਇਆ।
ਹੁਣ ਤਾਂ ਜ਼ਮਾਨਾ ਬਹੁਤ ਤਰੱਕੀ ਕਰ ਗਿਆ ਹੈ---ਸਾਡੇ ਵੇਲਿਆਂ `ਚ ਲੋਕ ਭੋਲੇ ਤੇ ਅਨਪੜ੍ਹ ਹੁੰਦੇ ਸਨ---ਜਿਵੇਂ ਪੰਡਤਾਣੀ ਨੇ ਦੱਸਿਆਂ ਕਿ ਕਿਵੇਂ ਵੇਦ ਵਿਆਸ ਨੇ ਸਾਂਤਨੂੰ ਦੀਆਂ ਵਿਧਵਾ ਨੂੰਹਾਂ ਨੂੰ ਪੁੱਤਰਾਂ ਦੀ ਦਾਤ ਬਖਸ਼ੀ---ਉਦੋਂ ਲੋਕੀਂ ਇਹੋ ਜਿਹੀਆਂ ਗ਼ੈਰ ਵਿਗਿਆਨਕ ਤੇ ਕੰਨ ਰਸ ਦੇਣ ਵਾਲੀਆਂ ਕਥਾ ਕਹਾਣੀਆਂ ਉੱਤੇ ਅੱਖਾਂ ਬੰਦ ਕਰ ਕੇ ਇਤਬਾਰ ਕਰ ਲੈਂਦੇ ਸਨ---ਜਦੋਂ ਤੱਕ ਮਹੰਤ ਜੀ ਭੋਜਨ ਕਰਦੇ ਰਹੇ ਅਸੀਂ ਕਮਰੇ `ਚ ਬੈਠੀਆਂ ਇੰਤਜ਼ਾਰ ਕਰਦੀਆਂ ਰਹੀਆਂ---ਮੈਨੂੰ ਧਿਆਨੇ ਲਾਉਣ ਲਈ ਪੰਡਤਾਣੀ ਨੇ ਇੱਕ ਹੋਰ ਕਥਾ ਸੁਣਾਈ, ਆਖਣ ਲੱਗੀ,
“ਦੇਖੋਂ ਸਿਬ ਜੀ ਭਗਵਾਨ ਦੀ ਇੱਕ ਕਥਾ ਆਉਂਦੀ ਐ---ਜਦੋਂ ਸਿਬ ਜੀ ਸਮਾਧੀ ਲਾ ਕੇ ਬੈਠ ਗਏ ਤਾਂ ਪਾਰਬਤੀ ਨੇ ਆਪਣੇ ਪਿੰਡੇ ਤੇ ਮਲੇ ਬੱਟਣੇ ਦੀਆਂ ਬੱਤੀਆਂ ਤਾਰ ਤਾਰ ਕੇ ਪੁਤਲਾ ਬਣਾ ਲਿਆ ਤੇ ਉਹਦੇ ਵਿੱਚ ਜਾਨ ਫੂਕ ਦਿੱਤੀ---ਇਸ ਤਰ੍ਹਾਂ ਦੀਆਂ ਚਮਤਕਾਰੀ ਘਟਨਾਵਾਂ ਬਥੇਰੀਆਂ ਮਿਲਦੀਆਂ ਨੇ---"
ਮੈਂ ਪੰਡਤਾਣੀ ਦੀ ਗੱਲ ਬੜੇ ਧਿਆਨ ਨਾਲ ਸੁਣ ਰਹੀ ਸਾਂ---ਮੇਰਾ ਜੀ ਕੀਤਾ ਕਿ ਉਸ ਨੂੰ ਕਹਾਂ ਬਈ ਇਹ ਸਭ ਅਚੰਭੇ ਭਰੀਆਂ ਤੇ ਪਰਾਭੌਤਿਕ ਸੰਸਾਰ ਦੀਆਂ ਗੈਰ ਵਿਗਿਆਨਕ ਕਥਾ ਕਹਾਣੀਆਂ ਤੁਸੀਂ ਹੀ ਆਪਣੇ ਲਾਲਚ ਨੂੰ ਘੜੀਆਂ ਹੋਈਆਂ ਨੇ---ਪਰ ਮੇਰਾ ਟਾਈਮ ਪਾਸ ਹੋ ਰਿਹਾ ਸੀ ਤੇ ਮੇਰਾ ਧਿਆਨ ਘਬਰਾਹਟ ਤੋਂ ਥੋੜਾ ਹਟ ਗਿਆ ਸੀ---ਸੋ ਮੈਂ ਚੁੱਪ ਚੁਪੀਤੀ ਉਹਦੀਆਂ ਕਹਾਣੀਆਂ ਸੁਣਦੀ ਰਹੀ
ਸੰਤਾਂ ਨੇ ਇੱਕ ਚੇਲੇ ਨੂੰ ਭੇਜ ਕੇ ਸਾਨੂੰ ਅੰਦਰ ਬੁਲਾਇਆ---ਸੰਤਾਂ ਨੇ ਤਾਜੀ ਤਾਜੀ ਮਾਲਸ਼ ਕਰਾਈ ਲਗਦੀ ਸੀ---ਉਹ ਭਗਵੇਂ ਕੱਪੜਿਆਂ `ਚ ਸੁੰਦਰ ਤੇ ਆਰਾਮ ਦਾਇਕ ਸਰ੍ਹਾਣਿਆਂ ਦਾ ਸਹਾਰਾ ਲੈ ਕੇ ਅੱਧ ਲੇਟਿਆ ਪਿਆ ਸੀ---ਉਸ ਦੀਆਂ ਅੱਖਾਂ ਵੀ ਅਧਮੀਟੀਆਂ ਸਨ---ਪੰਡਤਾਣੀ ਨੇ ਬੜੀ ਸ਼ਰਧਾ ਨਾਲ ਉਹਨਾਂ ਦੇ ਚਰਨ ਸਪਰਸ਼ ਕਰ ਕੇ ਮੱਥੇ ਨੂੰ ਲਾਏ---ਅਸੀਂ ਦੋਹਾਂ ਨੇ ਵੀ ਉਸ ਦੇ ਪੈਰ ਛੂਹੇ---
“ਮਹਾਤਮਾ ਜੀ ਥੋਡੀ ਇਲਾਕੇ `ਚ ਬੜੀ ਪਰਚੋਂ ਐ---ਇਹ ਨਿਰੰਜਣ ਸੂੰ ਦੇ ਘਰੋਂ ਐ---ਤੁਸੀਂ ਜਾਣਦੇ ਈ ਹੋਮੋਗੇ ਉਹਦੀ ਪਹਿਲੀ ਪਤਨੀ ਗੁਜਰ ਗਈ ਸੀ---ਤੇ ਇਹ ਦੋਬਾਰਾ ਬਿਆਹ ਕੇ ਲਿਆਂਦੀ ਐ---ਨਿਰੰਜਣ ਸੂੰ ਵਿਆਹ ਦੇ ਅੱਧ ਬਚਾਲੇ ਈ ਬੇਹੋਸ਼ ਹੋ ਗਿਆ ਸੀਗ੍ਹਾ---ਉਹਨੂੰ ਹੋਸ ਹਵਾਸ ਨਹੀਂ---ਡਾਕਟਰ ਕਹਿੰਦੇ ਨੇ ਬਈ ਉਹ ਕੁੰਮੇ `ਚ ਚਲਿਆਂ ਗਿਐ---ਕੋਹੜੀ ਨਾ ਬੋਲ ਸਕਦੈ ਨਾ ਹਿਲਡੁਲ ਸਕਦੈ---ਲੋਥੜੇ ਮੰਗਣਾਂ ਪਿਐ ਬਿਸਤਰੇ `ਚ ਇਹ ਬਚਾਰੀ ਕਰਮਾਂ ਮਾਰੀ ਪ੍ਰੇਸ਼ਾਨ ਐ---ਇਹਦਾ ਬੀ ਕਸੂਰ ਨੀ ਮਹਾਤਮਾ ਜੀ---ਬਾਲ ਬੱਚੇ ਤਾਂ ਦੇਵੀ ਦੇਵਤਿਆਂ ਦੇ ਵੀ ਹੋਏ ਨੇ---ਸੰਤਾਂ ਮਹਾਤਮਾਂ ਰਿਸ਼ੀਆਂ ਮੁਨੀਆਂ ਦੇ ਵੀ ਅਲਾਦ ਹੋਈ ਐ---ਬਿਨਾਂ ਅਲਾਦ ਦੇ ਸ਼੍ਰਿਸ਼ਟੀ ਕਿਵੇਂ ਚੱਲ ਸਕਦੀ ਐ---ਸੋ ਇਸ ਨੂੰ ਵੀ ਬੱਚੇ ਦੀ ਚਾਹਨਾ ਐ---ਬਿਨਾਂ ਬੱਚੇ ਦੇ ਤਾਂ ਔਰਤ ਅਧੂਰੀ ਐ---ਇਹ ਬਚਾਰੀ ਬਹੁਤ ਰੋਂਦੀ ਐ---ਮੈਨੂੰ ਕਿੰਨੇ ਦਿਨਾਂ ਤੋਂ ਮਿਨਤਾਂ ਕਰ ਰਹੀ ਐ ਬਈ ਮੈਨੂੰ ਟਕਾਣੇ ਆਲੇ ਮਹੰਤਾਂ ਕੋਲ ਲੈ ਚੱਲੋ---ਇਹਨੇ ਵੀ ਕਿਤਿਓ ਥੋਡੀ ਮਹਿਮਾ ਸੁਣੀ ਹੋਣੀ ਐ---ਆਖਦੀ ਐ ਬਈ ਜਿਵੇਂ ਕਰੋ ਮੈਨੂੰ ਬੱਚੇ ਦੀ ਦਾਤ ਬਕਸਾਓ---ਨਾਲੇ ਮਹਾਰਾਜ ਇਹਦੇ ਪਤੀ `ਚ ਤਾਂ ਕੋਈ ਨੁਕਸ ਨੀ---ਉਹਦੇ ਪਹਿਲੀ ਪਤਨੀ ਚੋਂ ਤਿੰਨ ਬੱਚੇ ਨੇ---ਇਸੇ ਨੂੰ ਕਿਸੇ ਦਵਾਈ ਬੂਟੀ ਦੀ ਜਰੂਰਤ ਐ---ਮਹੰਤ ਜੀ ਤੁਸੀਂ ਤਾਂ ਸਾਕਸਾਤ ਬ੍ਰਹਮਾ ਦਾ ਅਵਤਾਰ ਹੋ---ਥੋਡੇ ਲਈ ਤਾਂ ਕੁਸ ਵੀ ਅਸੰਭਵ ਨਹੀਂ---ਇਹਨੂੰ ਪੁੱਤ ਦੀ ਦਾਤ ਬਕਸੋ---ਬਚਾਰੀ ਦਾ ਭਲਾ ਹੋ ਜੇ---" ਪੰਡਤਾਣੀ ਨੇ ਖੜ੍ਹੀ ਨੇ ਈ ਕਹਾਣੀ ਘੜ ਲਈ---ਮੈਂ ਉਸ ਦੀ ਗੱਲ ਸੁਣ ਕੇ ਹੱਕੀ ਬੱਕੀ ਰਹਿ ਗਈ---ਪਤਾ ਨੀ ਬੌਦਲੀ ਹੋਈ ਨੇ ਕਿਵੇਂ ਉਸ ਦੀ ਗੱਲ ਕੱਟ ਕੇ ਆਖਿਆ,
“ਮੈਂ ਕਦੋਂ ਕਿਹਾ ਸੀ ਬੇਬੇ ਤੈਨੂੰ---ਬਈ ਤੁਸੀਂ ਮੈਨੂੰ ਮਹੰਤ ਕੋਲ ਟਕਾਣੇ ਲੈ ਕੇ ਚੱਲੋ---ਇਹ ਤਾਂ ਤੁਸੀਂ ਓ ਮੈਨੂੰ ਧੱਕੇ ਨਾਲ ਲਿਆਏ ਓ ਐਥੇ---ਤੁਸੀਂ ਈ ਕਿੰਨੇ ਦਿਨਾਂ ਦੇ ਮੈਨੂੰ ਮਜ਼ਬੂਰ ਕਰ ਰਹੇ ਸੀਗੇ---ਤੇ ਨਾਲੇ ਮੈਂ ਕਦੋਂ ਬੱਚੇ ਦੀ ਚਾਹਨਾ ਕੀਤੀ ਐ---ਤੁਸੀਂ ਝੂਠ ਕਿਉਂ ਬੋਲ ਰਹੇ ਓਂ---ਸਿਆਣੀ ਬਿਆਣੀ ਹੋ ਕੇ ਕੋਰਾ ਝੂਠ ਬੋਲਣ ਲੱਗੀ ਐਂ---"
ਪਤਾ ਨੀ ਇਹ ਸਭ ਮੇਰੇ ਕੋਲੋਂ ਕਿਵੇਂ ਕਹਿ ਹੋ ਗਿਆ---ਮਹੰਤ ਜੀ ਇੱਕ ਝਟਕੇ ਨਾਲ ਸੁਚੇਤ ਹੋ ਕੇ ਬਹਿ ਗਏ---ਮੇਰੀ ਸੱਸ ਭੌਂ ਚੱਕੀ ਜਿਹੀ ਰਹਿ ਗਈ---ਇਹ ਕੀ ਬੋਲ ਰਹੀ ਐ---ਉਸ ਨੂੰ ਮੇਰੇ ਕੋਲੋਂ ਇਸ ਤਰ੍ਹਾਂ ਦੇ ਵਿਦਰੋਹ ਦੀ ਉੱਕਾ ਆਸ ਨਹੀਂ ਸੀ।
“ਬੱਚਾ---ਕਿਸੀ ਦੀ ਮਰਜੀ ਕੇ ਖਿਲਾਫ਼ ਉਸੇ ਮਜ਼ਬੂਰੀ ਨਹੀਂ ਕਰਨਾ ਚਾਹੀਏ---ਆਪ ਇਸ ਬੱਚੀ ਕੋ ਕਿਉਂ ਮਜ਼ਬੂਰੀ ਕਰ ਰਹੇ ਹੋ---ਜਬ ਇਸੇ ਬੱਚਾ ਚਾਹੀਏ ਹੀ ਨਹੀਂ ਤੋਂ ਇਸ ਕੇ ਸਾਥ ਜੋਰ ਜਬਰਦਸਤੀ ਨਾ ਕਰੋ---" ਮਹੰਤ ਨੇ ਬਹੁਤ ਹਲੀਮੀ ਨਾਲ ਟਿਕਾਅ ਟਿਕਾਅ ਕੇ ਜਵਾਬ ਦਿੱਤਾ।
“ਨਹੀਂ ਮਹਾਰਾਜ! ਇਹ ਹਲੇ ਜੁਆਕੜੀ ਐ---ਇਹਦੀ ਗਲਤੀ ਮਾਫ ਕਰ ਦਿਓ---ਇਹ ਡਰ ਗਈ ਐ ਹੋਰ ਕੋਈ ਬਾਤ ਨਹੀਂ---" ਪੰਡਤਾਣੀ ਨੇ ਗੱਲ ਸਾਂਭੀ
“ਡਰ ਕਿਸ ਬਾਤ ਕਾ?? ਦੇਖੋ ਬੱਚਾ ਜਬ ਯੇਹ ਖੁਦ ਬੱਚਾ ਪ੍ਰਾਪਤ ਕਰਨੇ ਕੇ ਲਿਏ ਮਨ ਬਨਾਏਗੀ---ਤਭੀ ਹਮ ਦਾਤ ਬਖਸ ਸਕੇਂਗੋ---ਐਸੇ ਧੱਕੇ ਸੇ ਜੋਰ ਜਬਰਦਸਤੀ ਹਮ ਕੈਸੇ ਕਿਸੀ ਕੋ ਬੱਚੇ ਕੀ ਦਾਤ ਬਕਸ ਦੇਂ---ਆਪ ਪਹਿਲੇ ਬੱਚੀ ਕੋ ਤਿਆਰ ਕਰੋ---ਤਭੀ ਦਵਾ ਦੇਂਗੇ ਹਮ---"
ਮੈਨੂੰ ਪਤਾ ਸੀ ਕਿ ਮੇਰੀ ਇਸ ਹਰਕਤ ਸਦਕਾ ਮੇਰੀ ਸੱਸ ਮੇਰੇ ਨਾਲ ਨਾਰਾਜ਼ ਹੋਵੇਗੀ ਪਰ ਹੁਣ ਜ਼ਬਾਨੋ ਨਿਕਲੀ ਗੱਲ ਮੁੜ ਮੂੰਹ `ਚ ਤਾ ਨੀ ਪੈ ਸਕਦੀ---ਹੁਣ ਤਾਂ ਤੀਰ ਕਮਾਨ ਚੋਂ ਨਿਕਲ ਚੁੱਕਿਆ ਸੀ---ਇੱਕ ਅਸਹਿ ਚੁੱਪ ਪਸਰ ਗਈ---ਸੰਤਾਂ ਨੇ ਇਸ ਚੁੱਪ ਨੂੰ ਤੋੜਦਿਆਂ ਕਿਹਾ,
“ਬੇਟਾ ਏਕ ਤਰਫ਼ ਆਪ ਕਹਿ ਰਹੇ ਹੋ ਕਿ ਇਸ ਕਾ ਘਰ ਵਾਲਾ ਬੇਸੁਧ ਹੈ---ਲੋਥੜਾ ਮਾਤਰ ਹੈ---ਕੁੰਮਾ ਮੇ ਚਲਾ ਗਿਆ ਹੈ---ਤੋਂ ਫਿਰ ਬੱਚਾ ਕੈਸੇ??"
“ਨਹੀਂ ਜੀ---ਉਹ ਭਾਵੇਂ ਕੋਮੇ `ਚ ਚਇਆ ਗਿਐ---ਅੰਨ ਪਾਣੀ ਖਾ ਲੈਂਦੈ---ਸਰੀਰ ਕੰਮ ਕਰਦੈ---ਅਹੀ ਜੀ ਗੱਲ ਨਹੀਂ---ਇਹ ਪੰਡਤਾਣੀ ਨੂੰ ਵਹਿਮ ਹੋ ਗਿਆ ਸ਼ੈਂਤ---ਇਹ ਕਿਹੜਾ ਰੋਜ ਸਾਡੇ ਘਰ ਆ ਕੇ ਦੇਖਦੀ ਐ---" ਮੇਰੀ ਸੱਸ ਦੀਆਂ ਤਿਉੜੀਆਂ ਦੱਸ ਰਹੀਆਂ ਸਨ ਕਿ ਪੰਡਤਾਣੀ ਦੀ ਬੇਤੁਕੀ ਬੇਵਕਤੀ ਗੱਲ ਉਸ ਨੂੰ ਉੱਕਾ ਪਸੰਦ ਨਹੀਂ ਸੀ ਆਈ---ਉਹ ਪੰਡਤਾਣੀ ਨੂੰ ਵੀ ਘੂਰ ਰਹੀ ਸੀ। ਸ਼ਾਇਦ ਪੰਡਤਾਣੀ ਵੀ ਆਪਣੀ ਮੂਰਖਤਾ ਉਤੇ ਪਛਤਾਅ ਰਹੀ ਸੀ---ਉਹ ਵੀ ਸੋਚ ਰਹੀ ਸੀ ਕਿ ਉਸਨੂੰ ਇਹੋ ਜਹੀ ਵਾਹਯਾਤ ਗੱਲ ਕਰਨ ਦੀ ਲੋੜ ਨਹੀਂ ਸੀ---ਭਲਾ ਕੀ ਲੋੜ ਸੀ ਇਹ ਕਹਿਣ ਈ ਕਿ ਇਹਦਾ ਘਰ ਵਾਲਾ ਬੇਸੁੱਧ ਐ ਤੇ ਕੌਮਾ `ਚ ਚਲਿਆ ਗਿਐ---ਉਹ ਗੱਲ ਸਾਂਭਦਿਆਂ ਬੋਲੀ,
“ਮਹਾਰਾਜ ਤੁਸੀਂ ਤਾਂ ਅੰਤਰਜਾਮੀ ਓ---ਦੇਖੋ ਬੇਦ ਬਿਆਸ ਨੇ ਅੰਬਾ ਅੰਬਕਾ ਤੇ ਅੰਬਾਲਿਕਾ ਨੂੰ ਪੁੱਤ ਬਕਸੇ ਸੀਘੇ---ਉਹ ਵੀ ਕੇਵਲ ਦ੍ਰਿਸ਼ਟੀ ਪਾ ਕੇ---ਫੇਰ ਤੁਸੀਂ ਤਾ ਬੇਦ ਬਿਆਸ ਤੋਂ ਵੀ ਗਾਹਾਂ ਪਹੁੰਚੇ ਬੇ ਓਂ---ਤੁਸੀਂ ਤਾਂ ਖ਼ਬਰ ਨੀ ਕਿੰਨੇ ਕਿੰਨੇ ਸਾਲ ਧੂਣੀਆਂ ਤਪਾਈਆਂ ਨੇ---"
ਪਤਾ ਨੀ ਮਹੰਤ ਨੂੰ ਆਪਣੀ ਤਾਰੀਫ਼ ਚੰਗੀ ਲੱਗੀ---ਉਹ ਬਹੁਤ ਨਿਮਰਤਾ ਨਾਲ ਬੋਲੇ,
“ਬੱਚਾ ਕਰਨੇ ਕਰਾਨੇ ਵਾਲਾ ਤੋਂ ਭਗੁਆਨ ਐ---ਸੰਤ ਤੋਂ ਬੱਸ ਜਰੀਆ ਬਨ ਜਾਤੇ ਹੈਂ---ਚਲੋ ਆਪ ਪਣੁਆਸੀ(ਪੂਰਨਮਾਸ਼ੀ) ਵਾਲੇ ਦਿਨ ਆਨਾ ਜਬ ਦੋ ਵਕਤ ਮਿਲਤੇ ਹੋਂ ਤਬ ਆਨਾ---ਸ਼ਾਮ ਕੇ ਵਕਤ---ਭਗੁਆਨ ਨੇ ਚਾਹਾ ਤੋ---ਕਿਰਪਾ ਹੋ ਜਾਏਗੀ---ਵੈਸੇ ਇਨ ਕੇ ਪਤੀ ਕੋ ਹੂਆ ਕਿਆ ਥਾ?"
ਫੇਰ ਪੰਡਤਾਣੀ ਤੇ ਮੇਰੀ ਸੱਸ ਨੇ ਮੇਰੇ ਪਤੀ ਦੇ ਬੀਮਾਰ ਹੋਣ ਤੋਂ ਲੈ ਕੇ ਉਸ ਦਿਨ ਤੱਕ ਦੀ ਸਾਰੀ ਕਹਾਣੀ ਸੁਣਾਈ---ਮਹੰਤ ਵਿੱਚ ਵਿੱਚ ਹੁੰਗਾਰਾ ਭਰਦਾ ਰਿਹਾ---ਪਰ ਪੰਡਤਾਣੀ ਨੇ ਬਾਰ ਬਾਰ ਜ਼ੋਰ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਨਿਰੰਜਣ ਸੂੰ ਉਠਦਾ ਬੈਠਦਾ ਹੈ---ਗੱਲਬਾਤ ਕਰਦਾ ਹੈ---ਬਮਾਰੀ ਸਦਕਾ ਕਮਜ਼ੋਰੀ ਐ---ਸ਼ਾਇਦ ਉਹ ਆਪਣੀ ਪਹਿਲੀ ਗਲਤੀ ਧੋਣਾ ਚਾਹੰੁਦੀ ਸੀ---
ਇਹ ਮਹੰਤ ਪੱਕੇ ਰੰਗ ਦਾ ਮਾਤਾ ਦੇ ਦਾਗਾਂ ਵਾਲਾ ਬਦਸੂਰਤ ਅਤੇ ਬੇਢਬਾ ਬੰਦਾ ਸੀ---ਤੋਂਦ ਵਧੀ ਹੋਈ ਤੇ ਕਸੀ ਹੋਈ ਸੀ---ਅਧਖੜ ਜਿਹੀ ਉਮਰ ਦਾ ਇਹ ਮਹੰਤ ਇੱਕ ਹੱਥ ਨਾਲ ਮਾਲਾ ਫੇਰ ਰਿਹਾ ਸੀ---ਇਸ ਮਹੰਤ ਦਾ ਓਰਾ ਵੀ ਵਧੀਆ ਅਹਿਸਾਸ ਨਹੀਂ ਸੀ ਦੇ ਰਿਹਾ---ਇਸ ਦੇ ਜਿਸਮ ਦੀਆਂ ਕਾਸਮਿਕ ਰੇਜ਼ ਵੀ ਨੈਗੇਟਿਵ ਸਨ---ਦੇਖਣ ਨੂੰ ਅਜੀਬ ਜਿਹੀ ਦਿੱਖ ਵਾਲਾ ਇਹ ਮਹੰਤ ਮੈਨੂੰ ਉੱਕਾ ਚੰਗਾ ਨਹੀਂ ਸੀ ਲੱਗ ਰਿਹਾ---ਮੈਂ ਦੋਬਾਰਾ ਇਸ ਕੋਲ ਆਉਣਾ ਨਹੀਂ ਸਾਂ ਚਾਹੰੁਦੀ---ਮੈਂ ਅੱਜ ਈ ਕਹਾਣੀ ਖ਼ਤਮ ਕਰ ਦੇਣੀ ਚਾਹੰੁਦੀ ਸਾਂ---ਮੈਂ ਹੱਥ ਜੋੜ ਕੇ ਬੇਨਤੀ ਕੀਤੀ,
“ਮਹਾਰਾਜ ਅੱਜ ਈ ਦੇ ਦਿਓ ਦਵਾਈ---ਮੇਰਾ ਪਤੀ ਬਮਾਰ ਐ---ਦੋਬਾਰਾ ਆਉਣਾ ਪੈਣਾ ਐ---"
“ਬੇਟੀ ਦਵਾਈ ਤਿਆਰ ਕਰਨੀ ਪੜਤੀ ਹੈ---ਕਈ ਤਰ੍ਹਾਂ ਕੀ ਭਸਮ ਮਾਰਨੀ ਪੜਤੀ ਹੈ---ਸੋਨੇ ਕੀ ਭਸਮ, ਹੀਰੇ ਕੀ ਭਸਮ, ਬਾਰਾ ਸਿੰਗੀ, ਸਿਵਲਿੰਗੀ ਔਰ ਭੀ ਨਾ ਜਾਨੇ ਕਿਆ ਕਿਆ ਡਾਲ ਕਰ ਦਵਾਈ ਬਨਾਨੀ ਪੜੇ ਹੈ---ਇਸੇ ਤਿਆਰ ਕਰਨੇ ਮੇਂ ਸਮਯ ਲਗਦਾ ਹੈ---"ਸੰਤ ਜੀ ਨੇ ਸ਼ਾਂਤੀ ਨਾਲ ਜਵਾਬ ਦਿੱਤਾ।
ਮੈਂ ਨਿਰੁੱਤਰ ਹੋ ਗਈ---ਚੁੱਪ ਚੁਪੀਤੀ ਆਪਣੀ ਸੱਸ ਅਤੇ ਪੰਡਤਾਣੀ ਦੇ ਨਕਸ਼ੇ ਕਦਮਾਂ ਉੱਤੇ ਚਲਦੀ ਹੋਈ ਨੇ ਪਹਿਲਾਂ ਤਾਂ ਮਹੰਤ ਦੇ ਚਰਨੀ ਮੱਥਾ ਟੇਕਿਆ---ਫੇਰ ਪਿਛਲ ਖੁਰੀਆਂ ਸ਼ਰਧਾ ਨਾਲ ਸਿਰ ਝੁਕਾਈ ਉਹਦੇ ਕਮਰੇ ਚੋਂ ਬਾਹਰ ਆ ਗਈ---ਸੰਤਾਂ ਵੱਲ ਪਿੱਠ ਕਰ ਕੇ ਆਉਣਾ ਉਹਨਾਂ ਦੀ ਤੌਹੀਨ ਸੀ---ਬੇਕਦਰੀ ਸੀ---ਉਹਨਾਂ ਦਾ ਨਿਰਾਦਰ ਸੀ---ਉਹ ਪੰਡਤਾਣੀ ਅਨੁਸਾਰ ਪਹੁੰਚੇ ਹੋਏ ਮਹਾਤਮਾ ਜੁ ਸਨ---ਰੱਬ ਦਾ ਰੂਪ ਜੋ ਸਨ---ਟਿਕਾਣੇ ਦੇ ਮਹੰਤ ਸਨ---ਟਕਾਣੇ ਤੋਂ ਬਾਹਰ ਨਿਕਲਦਿਆਂ ਈ ਮੇਰੀ ਸੱਸ ਨੇ ਪੰਡਤਾਣੀ ਘੇਰ ਲਈ---ਉਹ ਪੂਰੇ ਰੋਹ `ਚ ਆਈ ਹੋਈ ਆਖਣ ਲੱਗੀ,
“ਨਾ ਊਂ ਭਲਾ ਪੰਡਤੈਣ ਤੂੰ ਹੈਂਅ ਤਾਂ ਸਮਝਦਾਰ---ਪਰ ਅੱਜ ਤੈਂ ਜਿਹੜੀ ਮੂਰਖਤਾ ਦਖਾਈ ਉਹਨੇ ਤੇਰੀ ਸਿਆਣਪ `ਤੇ ਪਾਣੀ ਫੇਰ ਦਿੱਤਾ---ਨਾਅ ਭਲਾ ਤੈਨੂੰ ਕੀ ਲੋੜ ਪਈ `ਤੀ ਮਗਜੌਲੀ ਮਾਰਨ ਦੀ ਬਈ ਨਿਰੰਜਣ ਸੂੰ ਕੁੰਮੇ `ਚ ਚਲਿਆ ਗਿਐ---ਅੱਜ ਤਾਂ ਤੈਂ ਕਮਾਲ ਈ ਕਰ `ਤੀ---ਮੈਂ ਤਾਂ ਸੋਚ ਬੀ ਨੀ ਤੀ ਸਕਦੀ ਬਈ ਤੂੰ ਐਨੀ ਝੱਲੜ ਐਂ---ਹੈਂਅ---ਦੱਸ---ਕਮਲ ਘੋਟ ਤਾ ਉੱਕਾ"
“ਕੀ ਕਰਾਂ ਭਾਈ---ਕਦੇ ਕਦੇ ਬੰਦੇ ਦੀ ਮੱਤ ਮਾਰੀ ਜਾਂਦੀ ਐ---ਮੈਂ ਤਾਂ ਖੁਦ ਹਰਾਨ ਹੋਈ ਬਈ ਮੈਂ ਇਹ ਬੇਤੁੱਕੀ ਗੱਲ ਕਰੀ ਕਿਵੇਂ? ਸੰਤਾਂ ਨੂੰ ਕਿਹੜਾ ਪਤਾ ਲੱਗਣਾ ਤੀਘਾ ਬਈ ਨਿਰੰਜਣ ਸੂੰ ਕੁੰਮੇ `ਚ ਚਲਿਆ ਗਿਐ---ਉਹ ਕਿਹੜਾ ਘਰੇੇ ਆ ਕੇ ਦੇਖਣ ਜਾਂਦਾ---ਕਦੇ ਕਦੇ ਅਨਪੜ੍ਹ ਆਦਮੀ ਅਹੀ ਜੀ ਗਲਤੀ ਕਰ ਬੈਠਦਾ ਐ---"
ਪੰਡਤਾਣੀ ਦੀ ਗੱਲ ਸੁਣ ਕੇ ਮੈਂ ਉਹਦਾ ਝੂਠ ਫੜਿਆ---ਉਹ ਤਾਂ ਦਾਅਵੇ ਨਾਲ ਆਖਦੀ ਹੁੰਦੀ ਐ ਬਈ ਮਹੰਤ ਸਭ ਜਾਣੀ ਜਾਣ ਐ---ਉਹ ਅਗੰਮ ਅਗੋਚਰ ਦੀਆਂ ਵੀ ਜਾਣਦਾ ਹੈ---ਰੱਬ ਦਾ ਰੂਪ ਐ---ਪਹੰੁਚਿਆ ਹੋਇਆ ਹੈ ਫੇਰ ਉਸ ਕੋਲੋਂ ਝੂਠ ਬੋਲ ਕੇ ਕੋਈ ਗੱਲ ਕਿਵੇਂ ਛੁਪਾਈ ਜਾ ਸਕਦੀ ਹੈ? ਮੈਂ ਪੁੱਛ ਹੀ ਲਿਆ,
“ਬੇਬੇ ਨਾਲੇ ਤੁਸੀਂ ਆਖਦੇ ਓਂ ਮਹੰਤ ਜਾਣੀ ਜਾਣ ਨੇ---ਰੱਬੀ ਅਵਤਾਰ ਨੇ---ਫੇਰ ਉਹ ਥੋਡਾ ਝੂਠ ਫੜ ਨਾ ਲੈਂਦੇ?? ਉਹ ਤਾਂ ਤ੍ਰਿਕਾਲ ਦਰਸ਼ੀ ਨੇ---ਘਟ ਘਟ ਦੀਆਂ ਜਾਣਨਹਾਰ ਨੇ---ਨਾਲੇ ਝੂਠ ਕਿਉਂ ਬੋਲਣਾ ਸੀ ਤੁਸੀਂ??
ਪੰਡਤਾਣੀ ਸਕਪਕਾਅ ਗਈ---ਉਹਨੂੰ ਨਹੀਂ ਸੀ ਪਤਾ ਕਿ ਮੈਂ ਇਸ ਤਰ੍ਹਾਂ ਦਾ ਸੁਆਲ ਵੀ ਕਰ ਸਕਦੀ ਹਾਂ---ਉਹ ਬੌਂਦਲ ਗਈ---ਆਪਣੀ ਜਾਣੇ ਉਹ ਚੁਸਤ ਬਣਦੀ ਸੀ ਪਰ ਹੁਣ ਉਹ ਭਿੱਜੀ ਬਿੱਲੀ ਬਣ ਗਈ ਸੀ---ਹੁਣ ਉਸ ਨੂੰ ਸੰਤਾਂ ਦੇ ਬਚਾਅ ਵਿੱਚ ਕੋਈ ਸ਼ਬਦ ਨਹੀਂ ਸਨ ਲੱਭ ਰਹੇ---ਨਾਲੇ ਉਹ ਮੈਨੂੰ ਕੌੜ ਕੌੜ ਝਾਕ ਰਹੀ ਸੀ ਬਈ ਮੈਂ ਇਹੋ ਜਿਹੇ ਬੇਤੁਕੇ ਸੁਆਲ ਪੁੱਛਦੀ ਹੀ ਕਿਉਂ ਹਾਂ।