23
ਉਸ ਦਿਨ ਘਰੇ ਆ ਕੇ ਮੇਰੀ ਸੱਸ ਨੇ ਕੋਈ ਗੱਲ ਨਾ ਚਤਾਰੀ---ਉਹਨੇ ਮੈਨੂੰ ਟਕਾਣੇ ਬਾਰੇ ਕੁੱਝ ਨਾ ਪੁੱਛਿਆ---ਪੰਜ ਚਾਰ ਦਿਨ ਨਿਕਲ ਗਏ ਤਾਂ ਇੱਕ ਦਿਨ ਮੇਰੀ ਸੱਸ ਨੇ ਪੰਡਤਾਣੀ ਨੂੰ ਸੱਦਿਆ---ਪੰਡਤਾਣੀ ਤਾਂ ਪਹਿਲਾਂ ਹੀ ਖਿਝੀ ਬੈਸੀ ਸੀ---ਦਾੜ ਦਾੜ ਕਰਦੀ ਉੱਚੀ ਜਿਹੀ ਘੱਗਰੀ ਪਾ ਕੇ ਸਾਡੇ ਘਰ ਆ ਧਮਕੀ ਪੰਡਤਾਣੀ ਆਕੜ ਕੇ ਬੋਲੀ,
“ਦੇਖ ਜਜਮਾਨਣੀਏ---ਇੱਕ ਗੱਲ ਮੈਂ ਖਰੀ ਖਰੀ ਦੱਸਣ ਲੱਗੀ ਆਂ---ਹੈਅ ਤਾਂ ਖੈਰ ਥੋਡੇ ਘਰ ਦਾ ਮਾਮਲਾ---ਜੇ ਥੋਡੀ ਬਹੂ ਕੋਲ ਜੁਆਕ ਹੋ ਜੂ ਤਾਂ ਮੈਂ ਕਿਹੜਾ ਉਹਦੀਆਂ ਕਮਾਈਆਂ ਖਾਣੀਆਂ ਨੇ---ਮੈਂ ਤਾਂ ਊਈਂ ਰਹਿਮ ਕਰਕੇ ਸੋਚਿਆ ਸੀ ਬਈ ਚਲੋ ਕਿਸੇ ਦਾ ਭਲਾ ਹੋ ਜੇ---ਕੋਈ ਪੁੰਨ ਦਾ ਕੰਮ ਕਰ ਲਈਏ---ਪਰ ਭੈਣੇ ਥੋਡੀ ਬਹੂ ਤਾਂ ਬਹੁਤੀ ਓ ਬੋਲ ਭੜਾਕ ਨਿਕਲੀ---ਐਡੇ ਪਹੰੁਚੇ ਹੋਏ ਸੰਤਾਂ ਮੁਹਰੇ ਇਹਨੇ ਕਤਰ ਕਤਰ ਜਬਾਨ ਚਲਾਈ---ਸਾਡੀ ਦੋਹਾਂ ਦੀ ਬੀ ਸਰਮ ਨਾ ਕੀਤੀ---ਭਾਈ ਅਸੀਂ ਤਾਂ ਊਈਂ ਨੀ ਬੱਡਿਆਂ ਅੱਗੇ ਕਦੇ ਉੱਚੀ ਆਵਾਜ਼ `ਚ ਬੋਲੇ---ਅੱਜ ਕੱਲ੍ਹ ਦੀ ਪਨੀਰੀ ਤੋਂ ਤਾ ਭਾਈ ਰੱਬ ਈ ਬਕਸੇ---ਬਈ ਜੇ ਮੈਂ ਆਖ ਈ ਦਿੱਤਾ ਸੀਘਾ ਬਈ ਬਹੂ ਨੂੰ ਅਲਾਦ ਦੀ ਇੱਛਾ ਐ ਤਾਂ ਕੀ ਬੁਰਾ ਕਰ `ਤਾ ਸੀਘਾ---ਫੱਟ ਮੇਰੀ ਗੱਲ ਕੱਟ ਕੇ ਮੇਰੀ ਲਾਹ ਪਾਹ ਕਰ `ਤੀ---ਮੈਂ ਤਾਂ ਭਾਈ ਢਾਈ ਹੱਥ ਜੋੜੇ---ਆਪੇ ਜਾਓ ਨਾ ਜਾਓ---ਮੈਂ ਤਾਂ ਧਿਆਈ ਅਤੇ `ਜੇ ਪੁੰਨ ਖੱਟਣ ਤੋਂ ਰਾਮ ਰਾਮ---ਨਾਲੇ ਥੋਡੀ ਬਹੂ ਪੜ੍ਹੀ ਲਿਖੀ ਐ---ਆਪਣਾ ਭਲਾ ਬੁਰਾ ਚੰਗੀ ਤਰ੍ਹਾਂ ਸਮਝਦੀ ਐ---"
ਮੈਂ ਆਪਣੀ ਸੱਸ ਦਾ ਸਿਰ ਝੱਸ ਰਹੀ ਸਾਂ---ਉਹਦੀ ਗੱਲ ਸੁਣ ਕੇ ਮੇਰੀ ਸੱਸ ਵਾਲਾਂ ਨੂੰ ਕੱਠਿਆਂ ਕਰਦੀ ਹੋਈ ਬੋਲੀ,
“ਪੰਡਤੈਣ! ਜਮਾਨਾ ਬਲਾਈਂ ਬੁਰਾ ਆ ਗਿਐ---ਸੰਤਾਂ ਮਹਾਤਮਾਂ ਅੱਗੇ ਜਬਾਨ ਚਲਾਉਣ ਦਾ ਮਤਲਬਾ ਐ ਘਰ ਨੂੰ ਸਰਾਫ ਲਵਾਉਣਾ---ਅਸੀਂ ਤਾਂ ਪਹਿਲਾਂ ਈ ਰੱਬ ਦੇ ਮਾਰੇ ਪਏ ਐਂ---ਉਪਰੋਂ ਬਹੂ ਮਹੰਤ ਅੱਗੇ ਕਾੜ ਕਾੜ ਬੋਲ ਕੇ ਆ ਗਈ---ਹੁਣ ਕੀ ਕਹੀਏ ਇਸ ਮੂਰਖਣੀ ਨੂੰ?"
“ਬੇਬੇ ਮੈਂ ਤਾਂ ਸੱਚ ਬੋਲ ਰਹੀ ਸਾਂ---ਜੇ ਸੱਚ ਬੋਲਣ ਨੂੰ ਤੁਸੀਂ ਮਾੜਾ ਸਮਝਦੇ ਓ ਤਾਂ ਮੈਂ ਮਾਫ਼ੀ ਮੰਗਦੀ ਆਂ---ਮੈਂ ਮਹੰਤ ਕੋਲੋ ਵੀ ਭੁੱਲ ਬਕਸ਼ਾਅ ਲਊਂਗੀ---ਪਰ ਤੁਸੀਂ ਨਰਾਜ਼ ਨਾ ਹੋਵੋ" ਮੈਂ ਬੇਨਤੀ ਕੀਤੀ।
“ਕਮਾਨੋ ਨਿਕਲਿਆ ਤੀਰ ਤੇ ਜਬਾਨੋ ਨਿਕਲੀ ਗੱਲ ਦਬਾਰਾ ਨੀ ਮੁੜਦੇ---ਹੁਣ ਪਤਾ ਨੀ ਸੰਤਾਂ ਦੀ ਕਰੋਪੀ ਕੀ ਕਹਿਰ ਬਰਤਾਊਗੀ---" ਮੇਰੀ ਸੱਸ ਦੇ ਚਿਹਰੇ ਉੱਤੇ ਚਿੰਤਾ ਸਾਫ਼ ਝਲਕ ਰਹੀ ਸੀ। ਮੈਂ ਅੰਦਰ ਤੱਕ ਦੁਖ ਗਈ---ਮੇਰਾ ਜੀਅ ਕਰੇ ਕਿ ਕਲੇਸ ਦੀ ਜੜ ਪੰਡਤਾਣੀ ਨੂੰ ਕਹਾਂ ਕਿ ਮੁੜ ਸਾਡੇ ਘਰ ਪੈਰ ਨਾ ਪਾਵੇ---ਪਰ ਨਹੀਂ---ਇਹ ਘਰ ਮੇਰਾ ਨਹੀਂ ਸੀ---ਇਹ ਘਰ ਮੇਰੇ ਸਹੁਰਿਆਂ ਦਾ ਸੀ---ਮੇਰੇ ਮਾਲਕਾਂ ਦਾ ਘਰ---ਮੈਂ ਇਸ ਘਰ ਦੀ ਗੋਲੀ ਬਾਂਦੀ, ਮੁੱਲ ਖਰੀਦ ਗੁਲਾਮ ਇਹ ਕਿਵੇਂ ਕਹਿ ਸਕਦੀ ਸਾਂ---ਪੰਡਤਾਣੀ ਉਤੇ ਮੇਰੀ ਨਿਮਰਤਾ ਦਾ ਅਸਰ ਹੋ ਗਿਆ ਉਹ ਮੇਰੀ ਸੱਸ ਨੂੰ ਚਿੰਤਾ ਗ੍ਰਸਤ ਦੇਖ ਕੇ ਬੋਲੀ,
“ਚਲ ਜਜਮਾਨਣੀਏ! ਐ ਤਾਂ ਕਾਹਨੂੰ ਡਰਦੀ ਐਂ---ਸੰਤ ਮਹਾਤਮਾ ਦਿਆਲੂ ਹੁੰਦੇ ਨੇ---ਉਹ ਕਾਹਨੂੰ ਕਿਸੇ ਨੂੰ ਸਰਾਫ ਦਿੰਦੇ ਨੇ---ਉਹ ਤਾਂ ਸਰਬੱਤ ਦਾ ਭਲਾ ਚਾਹੁੰਦੇ ਨੇ---ਤੂੰ ਮਨ ਦੁਖੀ ਦਾ ਕਰ---"
ਮੈਂ ਸੁਖ ਦਾ ਸਾਹ ਲਿਆ---ਚਲੋ ਮਾਹੌਲ ਦੀ ਤਣਾਤਣੀ ਘਟ ਗਈ ਸੀ---ਮੈਂ ਹੁੱਬ ਕੇ ਬੋਲੀ,
“ਬੇਬੇ ਮੈਂ ਦਬਾਰਾ ਚੱਲ ਪਊਂ---ਤੁਸੀਂ ਮੇਰੇ ਭਲੇ ਖਾਤਰ ਈ ਸਭ ਜੱਫਰ ਜਾਲ ਰਹੇ ਓ---ਨਾਲੇ ਮੈਂ ਵਾਅਦਾ ਕਰਦੀ ਆਂ ਬਈ ਹੁਣ ਨੀ ਮੈਂ ਕੁਸ ਪੁੱਠਾ ਸਿੱਧਾ ਬੋਲਦੀ ਮਹੰਤ ਜੀ ਅੱਗੇ---ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਜੁੱਕਰੇ ਕਰੂੰਗੀ---ਸਹੁੰ ਭਾਈ ਦੀ---"
ਸ਼ਾਇਦ ਦੋਹਾਂ ਉੱਤੇ ਮੇਰੀ ਬੇਨਤੀ ਦਾ ਪ੍ਰਭਾਵ ਪੈ ਗਿਆ---ਦੋਹਾਂ ਨੇ ਪੂਰਨਮਾਸ਼ੀ ਨੂੰ ਜਾਣਾ ਮਿੱਥ ਲਿਆ---ਦੋਬਾਰਾ ਮਹੰਤਾਂ ਕੋਲ ਜਾਣ ਦੀ ਪੱਕੀ ਕਰ ਕੇ ਪੰਡਤਾਣੀ ਕੜ੍ਹੇ ਹੋਏ ਦੁੱਧ ਦਾ ਡੋਲੂ ਭਰਾਅ ਕੇ ਤੁਰਦੀ ਬਣੀ
ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੰੁਨੀ ਆਂ ਕਿ ਮੇਰੇ ਪਤੀ ਦੇ ਬੱਚੇ ਇਸ ਸਾਰੇ ਡਰਾਮੇ ਨੂੰ ਇਨਜੁਆਇ ਕਰ ਰਹੇ ਸਨ---ਮੇਰੀ ਮਜ਼ਬੂਰੀ ਦੇ ਮਜ਼ੇ ਲੈ ਰਹੇ ਸਨ---ਤੇ ਮੈਂ ਮਿੱਟੀ ਦੀ ਢੇਲੀ, ਕੋਈ ਜਿੱਥੇ ਚਾਹੇ ਧਰ ਦੇਵੇ ਤੇ ਜਿੱਥੇ ਚਾਹੇ ਸਿੱਟ ਦੇਵੇ---ਮੈਂ ਦੇਖ ਰਹੀ ਸਾਂ ਕਿ ਬੱਚੇ ਮੇਰੇ ਵੱਲ ਇਸ਼ਾਰੇ ਕਰ ਕਰ ਕੇ ਹੱਸਦੇ ਰਹਿੰਦੇ ਜਾਂ ਮੈਨੂੰ ਚਿੜਾਉਂਦੇ ਰਹਿੰਦੇ---ਪਰ ਮੈਂ ਉਹਨਾਂ ਨੂੰ ਪੂਰਨ ਅਣਦੇਖਿਆਂ ਕਰ ਦਿੰਦੀ
ਮੈਂ ਘਰਦਿਆਂ ਦੀ ਨਾਰਾਜ਼ਗੀ ਮੁੱਲ ਨਹੀਂ ਸਾਂ ਲੈ ਸਕਦੀ---ਸੋ ਆਉਂਦੇ ਐਤਵਾਰ ਨੂੰ ਪੂਰਨਮਾਸ਼ੀ ਮੈਂ ਹਰ ਹਭੀ ਨਭੀ ਝੱਲਣ ਲਈ ਮਨ ਪੱਕਾ ਕਰ ਲਿਆ---ਤੇ ਨਾਲ ਦੀ ਨਾਲ ਕਣਕ `ਚ ਪਾਉਣ ਵਾਲੀਆਂ ਸਲਫ਼ਾਸ ਦੀਆਂ ਗੋਲੀਆਂ ਵਾਲੀ ਡੱਬੀ ਵੀ ਆਪਣੇ ਬਟੂਏ `ਚ ਰੱਖ ਲਈ---ਮੈਂ ਬਟੂਏ ਵਿੱਚ ਪੈਸਾ ਤਾਂ ਕਦੇ ਰੱਖਿਆ ਹੀ ਨਹੀਂ---ਬੱਸ ਕਦੇ ਕਦਾਈਂ ਰੁਮਾਲ ਜ਼ਰੂਰ ਰੱਖ ਲੈਂਦੀ ਸਾਂ---
ਤੇ ਅਖੀਰ ਐਤਵਾਰ ਆ ਹੀ ਗਿਆ---ਐਤਕੀਂ ਵਾਰੀ ਦੁੜੰਗੇ ਮਾਰਦਾ ਨਹੀਂ ਸਗੋਂ ਮਰੀ ਮਰੀ ਚਾਲੇ ਤੁਰਦਾ ਆਇਆ---ਬੜੇ ਨਖਰਿਆਂ ਨਾਲ---ਮਟਕ ਮਟਕ ਕੇ---ਉਂਜ ਮੈਨੂੰ ਇਹਦੀ ਮੱਠੀ ਚਾਲ ਚੈਨ ਵੀ ਦੇ ਰਹੀ ਸੀ ਤੇ ਘਬਰਾਹਟ ਵੀ---ਕਦੇ ਮੈਂ ਸੋਚਦੀ ਕਿ ਇਹ ਐਨਾ ਹੌਲੀ ਕਿਉਂ ਤੁਰ ਰਿਹਾ ਹੈ?? ਤੇ ਕਦੇ ਸੋਚਦੀ ਕਿ ਚੰਗਾ ਹੈ---ਹੌਲੀ ਹੌਲੀ ਆ ਰਿਹੈ---ਕੁੱਲ ਮਿਲਾ ਕੇ ਟਿਕਾਣੇ ਜਾਣ ਦਾ ਭੈਅ ਮੇਰੇ ਧੁਰ ਅੰਦਰ ਤੱਕ ਫੈਲਿਆ ਹੋਇਆ ਸੀ---
ਤੇ ਆਪਣੇ ਨਿਸ਼ਚਿਤ ਸਮੇਂ ਐਤਵਾਰ ਚੁੱਪ ਚੁਪੀਤਾ ਮੇਰੇ ਸਾਹਮਣੇ ਆ ਕੇ ਖਲੋਅ ਗਿਆ---ਜਾਂ ਕਹਿ ਲਓ ਕਿ ਡਟ ਕੇ ਖਲੋਅ ਗਿਆ---ਮੈਂ ਆਥਣ ਹੋਣ ਤੱਕ ਪਤਾ ਨੀ ਕੀ ਕੁੱਝ ਸੋਚ ਗਈ---ਕੀ ਕੀ ਕਲਪਨਾ ਕਰ ਗਈ ਤੇ ਕੀ ਕੁੱਝ ਜੀਅ ਗਈ---ਕਲਪਨਾ ਹੀ ਕਲਪਨਾ ਵਿੱਚ ਮੈਂ ਸੰਤਾਂ ਨੂੰ ਆਪਣੇ ਨਾਲ ਧੱਕਾ ਕਰਦਿਆਂ ਦੇਖ ਲਿਆ---ਬਿਨਾ ਪਾਣੀ ਦੇ ਸਲਫ਼ਾਸ ਨਿਗਲਦਿਆਂ ਤੇ ਤੜਪ ਤੜਪ ਕੇ ਜਾਨ ਦਿੰਦਿਆਂ ਦੇਖ ਲਿਆ---ਮੇਰੀ ਮੌਤ ਬਾਦ ਸਹੁਰੇ ਪ੍ਰੀਵਾਰ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਦੇਖ ਕੇ ਮਨ ਸਰਸਰਾ ਕਰ ਲਿਆ---ਮਹੰਤ ਨੂੰ, ਪੰਡਤਾਣੀ `ਤੇ ਆਪਣੀ ਸੱਸ ਨੂੰ ਕਟਹਿੜੇ `ਚ ਖੜ੍ਹੇ ਦੇਖ ਲਿਆ---ਅਖੀਰ ਆਪਣਾ ਕੋਈ ਵਾਲੀ ਵਾਰਸ ਨਾ ਹੋਣ ਦੀ ਹੈਸਅਤ ਵਿੱਚ ਆਪਣੀ ਮੌਤ ਵਰਗੀ ਘਟਨਾ ਉੱਤੇ ਮਿੱਟੀ ਪਈ ਦੇਖ ਕੇ ਮਨ ਮਸੋਸ ਲਿਆ---ਫੇਰ ਭੂਤ ਬਣ ਕੇ ਅਤੇ ਔਤ ਪ੍ਰੇਤ ਬਣਨ ਦੇ ਡਰੋਂ ਮੈਂ ਆਪਣੇ ਕਿਰਿਆ ਕਰਮ ਹੁੰਦੇ, ਗਤੀਆਂ ਮੁਕਤੀਆਂ ਹੁੰਦੀਆਂ ਤੇ ਸ਼ਰਾਧ ਪੈਂਦੇ ਦੇਖ ਕੇ ਆਥਣ ਕਰ ਲਈ---ਆਖਰ ਜਮਦੂਤ ਪੰਡਤਾਣੀ ਸਾਹਮਣੇ ਆ ਕੇ ਖੜ੍ਹੀ ਹੋ ਗਈ।
ਉਸ ਦਿਨ ਫੇਰ ਅਸੀਂ ਤਿੰਨੋ ਜਣੀਆਂ ਸੰਤਾਂ ਦੇ ਟਿਕਾਣੇ ਪਹੰੁਚ ਗਈਆਂ---ਉਹੀ ਪਹਿਲਾਂ ਵਰਗਾ ਮਾਹੌਲ---ਭੰਗ ਘੋਟਦੇ ਸਾਧ---ਪਿੰਡੇ ਤੇ ਭਬੂਤੀਆਂ ਰਮਾਈ ਮਸਤੀ `ਚ ਝੂਮਦੇ ਚੇਲੇ---ਖੜਾਵਾਂ ਪਹਿਨੀ ਟਿਕਾਅ ਟਿਕਾਅ ਕੇ ਪੈਰ ਧਰਦੇ ਸਾਧ ਤੇ ਉਹੀ ਗੋਲ ਸਿਰਾਹਣੇ ਦਾ ਢਾਸਣਾ ਲਾਈ ਅਤੇ ਅੱਧ ਮੀਟੀਆਂ ਅੱਖਾਂ ਨਾਲ ਮਾਲਾ ਦੇ ਮਣਕੇ ਘੁੰਮਾਉਂਦਾ ਮਹੰਤ।
ਪੰਡਤਾਣੀ ਨੇ ਅਡੋਲ ਬੈਠੇ ਮਹੰਤ ਦੇ ਪੋਲੇ ਜਿਹੇ ਚਰਨ ਛੂਹੇ ਤੇ ਹੱਥ ਮੱਥੇ ਨੂੰ ਛੁਹਾਏ---ਸੰਤ ਜੀ ਨੇ ਨੇਤਰ ਪੂਰੇ ਖੋਲ੍ਹੇ---ਹੱਥ ਉੱਚਾ ਕਰ ਕੇ ਸਾਨੂੰ ਆਸ਼ੀਰਵਾਦ ਦੇਣ ਦੀ ਮੁਦਰਾ ਬਣਾਈ---ਅਸੀਂ ਦੋਹਾਂ ਨੇ ਵੀ ਮਹੰਤ ਦੇ ਪੈਰੀਂ ਪੈਣਾ ਕੀਤਾ---ਮਹੰਤ ਸਿੱਧਾ ਹੋ ਕੇ ਬਹਿ ਗਿਆ---ਆਸੀਂ ਤਿੰਨੋ ਜਣੀਆਂ ਭੂੰਜੇ ਵਿਛੀ ਦਰੀ ਉਤੇ ਬੈਠ ਗਈਆਂ---ਉਹ ਆਪਣੇ ਸਾਂਢ ਵਰਗੇ ਸਰੀਰ ਨੂੰ ਧਰੂੰਦਿਆਂ ਹੋਇਆ ਉਠਿਆ---ਪੰਡਤਾਣੀ ਨੇ ਝੱਟ ਉਠ ਕੇ ਸੰਤਾਂ ਦੇ ਭਾਰੀ ਭਰਕਮ ਤੇ ਬੇਢਬੀਆਂ ਉਂਗਲਾਂ ਵਾਲੇ ਪੈਰਾਂ `ਚ ਖੜਾਵਾਂ ਅੜਾਈਆਂ---ਦੋ ਤਿੰਨ ਮਿੰਟ ਮਹੰਤ ਚੁੱਪ ਚੁਪੀਤਾ ਮਾਲਾ ਫੇਰਦਾ ਰਿਹਾ ਤੇ ਫੇਰ ਖੰਘੂਰਾ ਮਾਰ ਕੇ ਗਲਾ ਸਾਫ਼ ਕਰਦਿਆਂ ਬੋਲਿਆ,
“ਬੀਬੀ ਬਾਹਰ ਸੇ ਰਾਮ ਨਿਵਾਸ ਭਗਤ ਕੋ ਬੁਲਾ ਕੇ ਲਾਓ---" ਪੰਡਤਾਣੀ ਛੋਹਲੀ ਛੋਹਲੀ ਜਾ ਕੇ ਭਗਤ ਨੂੰ ਸੱਦ ਕੇ ਲਿਆਈ---ਉਹ ਹੱਥ ਜੋੜ ਕੇ ਤੇ ਸਿਰ ਝੁਕਾਅ ਕੇ ਮਹੰਤ ਦੇ ਅੱਗੇ ਖੜ੍ਹਾ ਹੋ ਗਿਆ---ਫੇਰ ਉਹ ਬਹੁਤ ਹੀ ਨਲੀਮੀ ਨਾਲ ਬੋਲਿਆ,
“ਹੁਕਮ ਮਹਾਰਾਜ!"
“ਰਾਮ ਨਿਵਾਸ, ਜੋ ਦਵਾਈ ਹਮ ਨੇ ਕੱਲ੍ਹ ਤਿਆਰ ਕਰੀ ਹੈ---ਉਸੇ ਲੇਕਰ ਭੋਰੇ ਕੀ ਗੁਫਾ ਮੇਂ ਚਲੋ---ਮੋਰ ਪੰਖ ਔਰ ਸਾਰੀ ਸਾਮੱਗਰੀ ਭੀ ਸਾਥ ਲੇ ਲੋ---ਬੀਬੀ ਕੋਲੇ ਜਾਓ ਔਰ ਸੁੱਧੀ ਕਰੋ---ਜਬ ਸੁੱਧੀ ਹੋ ਜਾਏ ਤੋਂ ਮੁਝੇ ਬੁਲਾ ਲੇਨਾ---"
ਤੁਸੀਂ ਮੇਰੀ ਥਾਂ ਖੜ੍ਹੇ ਹੋਕੇ ਸੋਚੋ---ਆਪਣੇ ਆਪ ਨੂੰ ਮੇਰੀ ਥਾਵੇਂ ਖੜ੍ਹਾ ਕਰੋ---ਕਿ ਮਹੰਤ ਦੀ ਸ਼ੁੱਧੀ ਵਾਲੀ ਗੱਲ ਸੁਣ ਕੇ ਮੇਰੇ ਉੱਤੇ ਕੀ ਵਾਪਰ ਰਹੀ ਹੋਣੀ ਐ---ਮੈਂ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੋਵਾਂਗੀ---ਮੇਰੇ ਉਤੇ ਕੀ ਬੀਤ ਰਹੀ ਹੋਵੇਗੀ---
ਮੇਰੇ ਉਤੇ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ---ਮੈਂ ਠੰਢੀ ਹੋ ਗਈ---ਮੇਰੀ ਸ਼ੁੱਧੀ ਕਿਸ ਤਰ੍ਹਾਂ ਹੋਵੇਗੀ?? ਤੇ ਮੈਂ ਅਸ਼ੁੱਧ ਕਦੋਂ ਹਾਂ?? ਮੇਰੀ ਸ਼ੁੱਧੀ ਦੀ ਥੋੜ ਵੀ ਕੀ ਐ---ਇਹ ਕਿਹੋ ਜਿਹੀ ਦਵਾਈ ਐ ਜਿਹੜੀ ਔਰਤ ਦੀ ਸ਼ੁੱਧੀ ਕਰ ਕੇ ਦਿੱਤੀ ਜਾਂਦੀ ਹੈ?? ਮੈਂ ਪਹਿਲਾਂ ਕਦੇ ਸੁਣਿਆ ਨਹੀਂ ਸੀ ਕਿ ਕਿਸੇ ਦਵਾਈ ਲਈ ਸ਼ੁੱਧੀ ਦੀ ਜ਼ਰੂਰਤ ਹੁੰਦੀ ਹੈ---ਤੁਸੀਂ ਸੁਣਿਆ ਹੈ ਕਦੇ???
ਸੱਚ ਮੁੱਚ ਇੱਕ ਮੁੱਲ ਖਰੀਦ ਗ਼ੁਲਾਮ ਵਾਂਗ ਜਾਂ ਕਹਿ ਲਓ ਕਿ ਕਿਸੇ ਬੱਧੇ ਰੁੱਧੇ ਜਾਨਵਰ ਵਾਂਗ ਮੈਂ ਰਾਮ ਨਿਵਾਸ ਦੇ ਮਗਰ ਮਗਰ ਤੁਰ ਪਈ---ਸ਼ੁੱਧ ਹੋਣ ਲਈ---ਸ਼ੁੱਧ ਹੋਣ ਲਈ---ਸ਼ੁੱਧ ਹੋਣ ਲਈ---ਉਫ! ਸ਼ੁੱਧ ਹੋਣ ਲਈ ਜਾਂ ਅਸ਼ੁੱਧ ਹੋਣ ਲਈ???
ਤੁਰੇ ਜਾਂਦੇ ਰਾਮ ਨਿਵਾਸ ਦੀਆਂ ਖੜਾਵਾਂ ਦੀ ਠੱਕ ਠੱਕ ਮੇਰੇ ਕੰਨਾਂ ਵਿੱਚ ਸੀਸੇ ਦੀਆਂ ਕਿਰਚਾਂ ਵਾਂਗ ਵੱਜ ਰਹੀ ਸੀ---ਮੈਂ ਤੁਰੀ ਨਹੀਂ ਸਾਂ ਜਾ ਰਹੀ ਬਲਕਿ ਘਸੀਟੀ ਜਾ ਰਹੀ ਸਾਂ---ਪੌੜੀਆਂ ਉਤਰ ਕੇ ਭੋਰੇ ਦੀ ਗੁਫ਼ਾ ਤੱਕ ਪਹੁੰਚਦਿਆਂ ਜਿਵੇਂ ਮੈਨੂੰ ਕਈ ਜਨਮ ਲੱਗ ਗਏ---ਇਹ ਗੁਫ਼ਾ ਧੂਫ਼ਾਂ ਦੇ ਧੂੰਏਂ ਨਾਲ ਭਰੀ ਪਈ ਸੀ---ਸਾਹ ਵੀ ਔਖਾ ਆ ਰਿਹਾ ਸੀ---ਇੱਕ ਅਜੀਬ ਜਿਹਾ ਅਹਿਸਾਸ ਦੇਣ ਵਾਲੀ ਹਵਾੜ ਸਿਰ ਨੂੰ ਚੜ੍ਹਦੀ ਜਾ ਰਹੀ ਸੀ---
ਮੈਨੂੰ ਰਾਮ ਨਿਵਾਸ ਨੇ ਇੱਕ ਚੌਂਕੀ ਉੱਤੇ ਬਿਠਾ ਦਿੱਤਾ---ਮੋਰ ਪੰਖਾਂ ਦੀ ਝਾੜੂ ਹੱਥ `ਚ ਫੜ ਕੇ ਉਸ ਨੇ ਮੇਰੇ ਦੁਆਲੇ ਕਈ ਚੱਕਰ ਕੱਟੇ---ਹਰ ਚੱਕਰ ਬਾਦ ਉਹ ਝਾੜੂ ਮੇਰੇ ਸਿਰ ਵਿੱਚ ਮਾਰਦਾ ਜਾ ਕਹਿ ਲਓ ਛੁਹਾਉਂਦਾ ਪਰ ਝਾੜੂ ਮੇਰੇ ਸਿਰ ਵਿੱਚ ਇੱਟ ਵਾਂਗ ਵੱਜਦਾ---ਫੇਰ ਉਸ ਨੇ ਇੱਕ ਕਮੰਡਲ ਵਿੱਚੋਂ ਪਾਣੀ ਦੀ ਚੂਲੀ ਭਰ ਕੇ ਮੇਰੇ ਉਤੇ ਹੌਲੀ ਹੌਲੀ ਤਰੌਕੇ ਮਾਰੇ---ਇਹ ਸਭ ਕਰਦਾ ਹੋਇਆ ਉਹ ਨਾਲ ਨਾਲ ਮੰਤਰੋ ਚਾਰਣ ਵੀ ਕਰ ਰਿਹਾ ਸੀ।
ਐਨੇ ਨੂੰ ਟਿਕਾਣੇ ਦੀ ਪਾਲਤੂ ਬਿੱਲੀ ਆ ਕੇ ਰਾਮ ਨਿਵਾਸ ਨਾਲ ਲਾਡ ਲਡਾਉਣ ਲੱਗ ਪਈ---ਉਹ ਕਦੇ ਮੇਰੀ ਸ਼ੁੱਧੀ ਕਰਦੇ ਰਾਮ ਨਿਵਾਸ ਦੇ ਪੈਰਾਂ ਉੱਤੇ ਚੜ੍ਹੇ---ਕਦੇ ਪੂਛ ਹਿਲਾਉਂਦੀ ਹੋਈ ਉਹਦੀਆਂ ਲੱਤਾਂ `ਚ ਉਲਝ ਜਾਵੇ ਤੇ ਕਦੇ ਉਹਦੀ ਧੋਤੀ ਦਾ ਲੜ ਖਿੱਚਣ ਲੱਗ ਜਾਵੇ---ਮੈਂ ਦੇਖ ਰਹੀ ਸਾਂ ਕਿ ਬਿੱਲੀ ਰਾਮ ਨਿਵਾਸ ਦੇ ਕੰਮ `ਚ ਵਿਘਨ ਪਾ ਰਹੀ ਐ---ਆਪਣੀ ਸ਼ੁੱਧੀ ਭੁੱਲ ਕੇ ਪਤਾ ਨੀ ਮੈਨੂੰ ਕੀ ਸੁੱਝੀ ਕਿ ਮੈਂ ਅੱਖਾ ਬੰਦ ਕਰੀ ਮੰਤਰੋਚਾਰਨ ਕਰਦੇ ਰਾਮ ਨਿਵਾਸ ਦੇ ਪੈਰਾਂ ਚੋਂ ਬਿੱਲੀ ਨੂੰ ਚੱਕ ਕੇ ਬਾਹਰ ਛੱਡ ਆਈ---ਇਸ ਬਹਾਨੇ ਮੈਂ ਦੋ ਚਾਰ ਸਾਹ ਵੀ ਸਾਫ ਹਵਾ ਚੋਂ ਲੈ ਲਏ---ਪਰ ਇਹ ਕੀ, ਬਿੱਲੀ ਮੈਥੋਂ ਪਹਿਲਾ ਜਾ ਕੇ ਦੋਬਾਰਾ ਰਾਮ ਨਿਵਾਸ ਦੇ ਪੈਰਾਂ ਨੂੰ ਚੱਟਣ ਲੱਗ ਗਈ---ਉਹ ਅੱਖਾਂ ਝਪਕ ਝਪਕ ਕੇ ਜਿਵੇਂ ਮੈਨੂੰ ਚਿੜਾਅ ਰਹੀ ਸੀ---ਰਾਮ ਨਿਵਾਸ ਨੇ ਅੱਖਾਂ ਖੋਲੀਆਂ ਤੇ ਦੇਖਿਆ ਕਿ ਮੈਂ ਚੌਕੀ ਉੱਤੇ ਬੈਠੀ ਹੀ ਨਹੀਂ ਹਾਂ---ਉਹ ਤ੍ਰਭਕਿਆ---ਉਸ ਨੇ ਮੇਰੇ ਵੱਲ ਹੈਰਾਨੀ ਨਾਲ ਤੱਕ ਕੇ ਅੱਖਾਂ ਅੱਧ ਮੀਟੀਆਂ ਕਰ ਕੇ ਸਿਰ ਹਿਲਾਇਆ
“ਬਾਬਾ ਜੀ, ਆਹ ਬਿੱਲੀ ਥੋਨੂੰ ਤੰਗ ਕਰ ਰਹੀ ਸੀ---ਮੈਂ ਸੋਚਿਆ ਇਹਨੂੰ ਬਾਹਰ ਛੱਡਿਆਵਾਂ---ਮੈਂ ਇਹਨੂੰ ਬਾਹਰ ਛੱਡਣ ਚਲੀ ਗਈ ਸਾਂ---ਪਰ ਇਹ ਤਾਂ ਮੈਥੋਂ ਪਹਿਨਾ ਈ ਮੈਥੋਂ ਪਹਿਲਾਂ---"
“ਉਹ ਹੋ ਬਾਲਿਕੇ! ਆਪ ਨੇ ਤੋਂ ਸਭ ਖੰਡਿਤ ਕਰ ਦੀਅ---ਸਭ ਗਲਤ ਮਲਤ ਕਰ ਕੇ ਰੱਖ ਦੀਆਂ---ਮੈਂ ਯਹਾਂ ਆਪ ਕੇ ਲਿਏ ਭਗਵਾਨ ਸੇ ਬੱਚਾ ਮਾਂਗ ਰਹਾ ਥਾ ਔਰ ਜਬ ਭਗਵਾਨ ਆਪ ਕੋ ਫਲ ਦੇਨੇ ਪਹੰੁਚੇ ਤੋਂ ਆਪ ਯਹਾਂ ਥੀ ਹੀ ਨਹੀਂ---ਅਨਰਥ---ਘੋਰ ਅਨਰਥ---ਅਬ ਦੋਬਾਰਾ ਭਗਵਾਨ ਜੀ ਥਾ ਆਵਾਹਨ ਕਰਨਾ ਪੜੇਗਾ---ਆਪ ਕੋ ਕਿਸੀ ਭੀ ਹਾਲਤ ਮੇਂ ਉਠਨਾ ਨਹੀਂ ਹੈ---ਯੇਹ ਤੋਂ ਯਹਾਂ ਕੀ ਪਾਲਤੂ ਬਿੱਲੀ ਐ---ਇਸ ਸੇ ਡਰਨੇ ਕੀ ਜਰੂਰਤ ਨਹੀਂ ਹੈ---ਯੇਹ ਤੋ ਹਮ ਸੇ ਹਿਲੀ ਮਿਲੀ ਹੈ---ਕੋਈ ਨੁਕਸਾਨ ਨਹੀਂ ਕਰਤੀ---ਪਿਆਰ ਕਰਤੀ ਹੈ---ਆਪ ਇਸ ਕੀ ਤਰਫ ਧਿਅਨ ਨਾ ਦੇਨਾ---"
ਰਾਮ ਨਿਵਾਸ ਨੇ ਮੇਰੀ ਗੱਲ ਕੱਟ ਕੇ ਕਿਹਾ---ਮੈਂ ਉਹਦੀ ਗੱਲ ਸੁਣ ਕੇ ਸੁਚੇਤ ਹੋ ਕੇ ਦੋਬਾਰਾ ਚੌਂਕੀ ਉੱਤੇ ਬਹਿ ਗਈ---ਮੈਂ ਝਾੜੂ ਘੁਮਾਉਂਦੇ ਰਾਮ ਨਿਵਾਸ ਅੱਗੇ ਬੇਨਤੀ ਕੀਤੀ,
“ਮਹਾਤਮਾ ਜੀ---ਮਾਫ਼ ਕਰ ਦਿਉ---ਮੈਂ ਅਣਜਾਣ ਜੀਵ ਹਾਂ---ਆਪ ਬਖਸ਼ਣਹਾਰ ਹੋ---ਹੁਣ ਮੈਂ ਆਗਿਆ ਦਾ ਪਾਲਣ ਕਰੂੰਗੀ---ਹੁਣ ਨੀ ਮੈਂ ਪੂਜਾ `ਚ ਵਿਘਨ ਪਾਉਂਦੀ---"
“ਠੀਕ ਹੈ ਬਾਲਿਕੇ---ਅਬ ਕਿਸੀ ਪ੍ਰਕਾਰ ਨਾ ਵਿਘਨ ਨਹੀਂ ਡਾਲਨਾ---ਬਾਰ ਬਾਰ ਆਾਵਾਹਨ ਕਰਨੇ ਸੇ ਭਗਵਾਨ ਨਾਰਾਜ ਹੋਤੇ ਹੈ---ਅਬ ਹਮ ਉਨਕਾ ਦੋਬਾਰਾ ਆਵਾਹਨ ਕਰੇਂਗੇ---ਔਰ ਵੋ ਹਮਾਰੇ ਭੀਤਰ ਪ੍ਰਵੇਸ਼ ਕਰੇਗੇ ਔਰ---"
“ਕੌਣ ਆਪ ਕੇ ਭੀਤਰ ਪ੍ਰਵੇਸ਼ ਕਰੇਗੇ ਮਹਾਰਾਜ?? ਮੈਂ ਡਰਦੀ ਨੇ ਪੁੱਛਿਆ।
“ਭਗਵਾਨ ਸਿਵ---ਰਾਮ, ਕ੍ਰਿਸ਼ਨ ਸਾਰੇ ਭਗਵਾਨ---ਵੋ ਕਿਸੀ ਕੋ ਵੀ ਭੇਜ ਸਕਦੇ ਹੈਂ---ਕਹਿਨੇ ਨਾ ਅਭਿਪ੍ਰਾਯ ਯੇ ਹੈ ਕਿ ਵੋ ਕਿਸੀ ਔਰ ਦੇਵੀ ਦੇਵਤੇ ਕੋ ਭੀ ਭੇਜ ਸਕਤੇ ਹਂੈ---ਇਹ ਤੋਂ ਭਗਵਾਨ ਕੀ ਇੱਛਾ ਹੈ ਬਾਲਿਕੇ---"
ਰਾਮ ਨਿਵਾਸ ਫੇਰ ਆਰਾਧਨਾ ਦੀ ਮੁਦਰਾ `ਚ ਖੜ੍ਹਾ ਹੋ ਗਿਆ---ਮੈਂ ਸੋਚਿਆ---ਵੇਦ ਵਿਆਸ ਨੇ ਅੰਬਾ ਅੰਬਿਕਾ ਅੰਬਾਲਿਕਾ ਨੂੰ ਪੁੱਤ ਬਕਸ਼ੇ---ਫੇਰ ਕੁੰਤੀ ਨੇ ਅਤੇ ਮਾਦਰੀ ਨੇ ਦੇਵਤਿਆਂ ਦਾ ਆਵਾਹਨ ਕੀਤਾ---ਅਤੇ ਪੰਜ ਪਾਂਡਵਾਂ ਨੂੰ ਜਨਮ ਦਿੱਤਾ---ਯੁਦਿਸ਼ਟਰ, ਭੀਮ, ਅਰਜੁਨ, ਨਕੁਲ ਤੇ ਸੀਹਦੇਵ---ਪਰ ਇੱਕ ਗੱਲ ਤਾਂ ਪੱਕੀ ਐ ਕਿ ਬਿਨਾ ਸ਼ਰੀਰਕ ਸੰਬੰਧ ਦੇ ਇਹ ਬੱਚੇ ਪੈਦਾ ਨੀ ਹੋ ਸਕਦੇ---ਜੇ ਕਿਸੇ ਦਿੱਬ ਦ੍ਰਿਸ਼ਟੀ ਨਾਲ ਐਂਜ ਪੁੱਤਰਾਂ ਦੀ ਦਾਤ ਬਕਸ਼ਣ ਦਾ ਚਲਨ ਹੋਵੇ ਤਾਂ ਦੁਨੀਆਂ ਵਿੱਚ ਕੋਈ ਬਾਂਝ ਰਹੇ ਹੀ ਨਾ---ਮੈਂ ਇਹ ਸੋਚ ਕੇ ਵੀ ਹੈਰਾਨ ਹੋਈ ਕਿ ਸਾਰੇ ਦੇਵਤਿਆਂ ਨੇ ਕੁੰਤੀ ਤੇ ਮਾਦਰੀ ਨੂੰ ਪੁੱਤਰ ਹੀ ਬਕਸ਼ੇ---ਧੀ ਕਿਸੇ ਨੇ ਨਾ ਬਕਸ਼ੀ---ਇਸ ਲਈ ਇਹ ਸਭ ਆਧਾਰਹੀਣ ਤੇ ਮਨਘੜੰਤ ਕਹਾਣੀਆਂ ਨੇ---ਜੇ ਪਿੰਡੇ ਤੋਂ ਵੱਟਣੇ ਦੀਆਂ ਬੱਤੀਆਂ ਤਾਰ ਕੇ ਮੁੰਡਾ ਬਣ ਸਕਦਾ ਹੋਵੇ ਤਾਂ ਸਾਰੀਆ ਹੀ ਔਰਤਾਂ ਇਸ ਤਰ੍ਹਾਂ ਪੁੱਤਰ ਬਣਾ ਲਿਆ ਕਰਨ ਖੈਰ! ਰਾਮ ਨਿਵਾਸ ਨੇ ਇੱਕ ਬਹੁਤ ਲੰਮਾ ਸਾਹ ਲਿਆ।
ਅੰਬਾ ਅੰਬਿਕਾ ਅੰਬਾਲਿਕਾ, ਕੁੰਤੀ ਜਾਂ ਅੰਜਨੀ ਵੀ ਸ਼ਾਇਦ ਉਸ ਵੇਲੇ ਮੇਰੇ ਵਾਂਗ ਹੀ ਡਰ ਰਹੀਆਂ ਹੋਣ---ਭੈਅ ਭੀਤ ਹੋ ਰਹੀਆਂ ਹੋਣ---ਕੀ ਪਤਾ ਧਾਰਮਿਕ ਗ੍ਰੰਥਾਂ ਦੇ ਰਚਣਹਾਰਿਆਂ ਨੇ ਉਹਨਾਂ ਦੀ ਦਹਿਸ਼ਤ ਸਮਝੀ ਹੀ ਨਾ ਹੋਵੇ---ਖੈਰ।
ਮੈਂ ਬਟੂਏ `ਚ ਧਰੀ ਸਲਫ਼ਾਸ ਦੀਆਂ ਗੋਲੀਆਂ ਵਾਲੀ ਸ਼ੀਸ਼ੀ ਟੋਹੀ---ਸਹੀ ਸਲਾਮਤ ਸੀ---ਰਾਮ ਨਿਵਾਸ ਉੱਚੀ ਉੱਚੀ ਮੰਤਰੋਚਾਰਣ ਕਰ ਰਿਹਾ ਸੀ---ਇੱਕ ਬੱਝਵੀਂ ਲੈਅ ਵਿੱਚ ਉਚਾਰੇ ਮੰਤਰ ਗੁਫ਼ਾ ਦੀ ਸਾਂਤੀ ਭੰਗ ਕਰ ਰਹੇ ਸਨ---ਮੈਨੂੰ ਪਾਣੀ ਦੀ ਪਿਆਸ ਤਾਂ ਉੱਕਾ ਨਹੀਂ ਸੀ ਪਰ ਮੈਂ ਪਾਣੀ ਦਾ ਮਟਕਾ ਜਾਂ ਕੋਈ ਹੋਰ ਬਰਤਨ ਲੱਭਣ ਲਈ ਨਿਗ੍ਹਾ ਇੱਧਰ ਉੱਧਰ ਘੁੰਮਾਈ ਪਰ ਮੈਨੂੰ ਪਾਣੀ ਕਿਤੇ ਨਜ਼ਰ ਨਾ ਪਿਆ। ਫੇਰ ਪਤਾ ਨੀ ਘਬਰਾਹਟ ਵਿੱਚ ਮੇਰੇ ਮੂੰਹੋਂ ਅਚੇਤ ਈ ਨਿਕਲ ਗਿਆ,
“ਬਾਬਾ ਜੀ ਮਹਾਰਾਜ! ਮੈਂ ਬਾਰ ਬਾਰ ਆਪ ਦੀ ਅਰਾਧਨਾ ਵਿੱਚ ਖਲਲ ਪਾ ਰਹੀ ਹਾਂ---ਪਰ ਮੈਨੂੰ ਪਾਣੀ ਦੀ ਬਹੁਤ ਤੇਹ ਲੱਗੀ ਹੋਈ ਐ---ਮੇਰਾ ਹਲਕ ਸੁੱਕਦਾ ਜਾ ਰਿਹੈ---ਜੇ ਕਿਤੇ ਪਾਣੀ ਮਿਲ ਜੇ---"
ਅੱਖਾਂ ਖੋਲ੍ਹ ਕੇ ਇੱਕ ਲੰਮਾ ਸਾਹ ਖਿੱਚਦਿਆਂ ਚੇਹਰੇ ਉਤੇ ਇੱਕ ਅਜੀਬ ਜਿਹਾ ਭਾਵ ਲਿਆ ਕੇ ਰਾਮ ਨਿਵਾਸ ਨੇ ਮੱਥੇ `ਤੇ ਹੱਥ ਮਾਰਿਆ---ਉਹ ਸਿਰ ਪਟਕਦਿਆਂ ਹੋਇਆ ਖਿਝ ਕੇ ਬੋਲਿਆ,
“ਬਾਲਿਕੇ ਕਿਆ ਕਰਤੀ ਹੋ---ਯਹ ਆਪ ਨੇ ਦੂਸਰੀ ਬਾਰ ਪੂਜਾ ਮੇ ਬਿਘਨ ਡਾਲ ਦੀਆ---ਲਗਤਾ ਹੈ ਆਪ ਕੇ ਭਾਗਯ ਮੇ ਬੱਚਾ ਨਹੀਂ ਹੈ---ਯੇ ਤੋ ਅਪਸ਼ਗਨ ਹੋ ਰਹੇ ਹੈ---ਤਨਿਕ ਰੁਕੋ, ਮੈਂ ਪਾਨੀ ਲਾਤਾ ਹੂੰ---"
ਸੱਚ ਜਾਣਿਓ ਮੈਂ ਉਹਦੀ ਗੱਲ ਸੁਣ ਕੇ ਗਦਗਦ ਹੋ ਗਈ---ਚੰਗਾ ਹੈ ਜੇ ਮੇਰੇ ਭਾਗਾਂ ਵਿੱਚ ਬੱਚਾ ਨਹੀਂ ਹੈ ਕਿਉਂਕਿ ਮੈਂ ਜਾਣਦੀ ਸਾਂ ਕਿ ਇਹ ਮਹੰਤ ਮੈਨੂੰ ਕਿਸ ਤਰੀਕੇ ਨਾਲ ਬੱਚਾ ਬਖਸ਼ੇਗਾ---ਇਹ ਤਾਂ ਮੇਰੇ ਮਨ ਭਾਉਂਦੀ ਗੱਲ ਹੋ ਗਈ।
ਰਾਮ ਨਿਵਾਸ ਪਾਣੀ ਦਾ ਗਲਾਸ ਲੈ ਕੇ ਸਾਹਮਣੇ ਖੜ੍ਹਾ ਸੀ---ਮੈਂ ਬੜੀ ਸ਼ਰਧਾ ਨਾਲ ਦੋਹਾਂ ਹੱਥਾਂ ਨਾਲ ਗਲਾਸ ਫੜਿਆ ਤੇ ਚੌਂਕੀ ਹੇਠ ਧਰ ਲਿਆ---ਰਾਮ ਨਿਵਾਸ ਹੈਰਾਨ ਜਿਹਾ ਹੋ ਕੇ ਮੇਰੇ ਵੱਲ ਝਾਕਿਆ ਜਿਵੇਂ ਕਹਿ ਰਿਹਾ ਹੋਵੇ ਕਿ ਤੈਨੂੰ ਤਾਂ ਬੜੀ ਜੋਰ ਦੀ ਪਿਆਸ ਲੱਗੀ ਹੋਈ ਸੀ---ਫੇਰ ਤੈਂ ਪਾਣੀ ਪੀਤਾ ਕਿਉਂ ਨੀ? ਗਲਾਸ ਚੌਕੀ ਦੇ ਹੇਠ ਕਿਉਂ ਧਰ ਲਿਆ? ਮੈਂ ਉਹਦੀ ਅਣਕਹੀ ਜਿਗਿਆਸਾ ਸਾਂਤ ਕਰਨ ਲਈ ਪਾਣੀ ਦਾ ਗਲਾਸ ਚੁੱਕਣ ਲਈ ਹੱਥ ਥੱਲੇ ਕੀਤਾ---ਘਬਰਾਹਟ ਅਤੇ ਹਨੇਰੇ ਸਦਕਾ ਮੈਥੋਂ ਗਲਾਸ ਨੂੰ ਹੱਥ ਵੱਜ ਗਿਆ ਤੇ ਸਾਰਾ ਪਾਣੀ ਡੁੱਲ ਗਿਆ---ਰਾਮ ਨਿਵਾਸ ਦੀਆਂ ਤਣੀਆਂ ਹੋਈਆਂ ਭਵਾਂ ਮੈਨੂੰ ਸਾਫ਼ ਨਜ਼ਰ ਆ ਰਹੀਆਂ ਸਨ---ਮੈਂ ਰੋਣਹਾਕੀ ਹੋ ਗਈ---ਕਸੇ ਹੋਏ ਭਰਵੱਟਿਆਂ ਨਾਲ ਜਲਿਆ ਭੁੰਨਿਆ ਰਾਮ ਨਿਵਾਸ ਦੋਬਾਰਾ ਪਾਣੀ ਦਾ ਗਲਾਸ ਲੈ ਕੇ ਆਇਆ ਤੇ ਬੁਝੀ ਬੁਝੀ ਆਵਾਜ ਵਿੱਚ ਬੋਲਿਆ,
“ਬਾਲਿਕੇ ਸਾਰੇ ਅਪਸ਼ਗਨ ਹੋ ਰਹੇ ਹੈ---ਮਹੂਰਤ ਭੀ ਨਿਕਲਾ ਜਾ ਰਹਾ ਹੈ---ਐਸੇ ਭਯੰਕਰ ਅਪਸ਼ਗੁਨ ਤੇ ਆਜ ਤੱਕ ਕਿਸੀ ਕੇ ਨਹੀਂ ਹੂਏ---ਹਮਨੇ ਨਾ ਜਾਨੇ ਕਿਤਨੀ ਔਰਤੋਂ ਕੀ ਸ਼ੁੱਧੀ ਕੀ ਹੋਗੀ---ਕਿਸੀ ਦੇ ਸਾਥ ਕੋਈ ਬਦਸ਼ਗਨੀ ਨਹੀਂ ਹੋਈ---ਬੱਸ ਏਕ ਆਪ ਕੇ ਸਾਥ ਹੀ ਯੇਹ ਹੋ ਰਹਾ ਹੈ---ਭਗਵਾਨ ਕੋ ਮਨਜੂਰ ਹੀ ਨਹੀਂ ਕਿ ਆਪ ਪੁੱਤਰਵਤੀ ਹੋਂ---ਹਰੇ ਕ੍ਰਿਸ਼ਨਾ---ਕ੍ਰਿਸ਼ਨਾ ਕ੍ਰਿਸ਼ਨਾ---ਹਰੇ ਹਰੇ---"
ਮੈਂ ਬੌਂਦਲ ਗਈ---ਗਲਾਸ ਫੇਰ ਮੈਂ ਬਿਨਾਂ ਪਾਣੀ ਪੀਤਿਆਂ ਥੱਲੇ ਧਰ ਦਿੱਤਾ---ਇਸ ਵਾਰ ਰਾਮ ਨਿਵਾਸ ਜਿਵੇਂ ਦੁਖੀ ਹੋ ਗਿਆ ਸੀ---ਉਸ ਨੇ ਮੈਨੂੰ ਪਾਣੀ ਪੀਣ ਨੂੰ ਕਹਿਣ ਦੀ ਬਜਾਇ ਬੜੇ ਤਹੱਮਲ ਨਾਲ ਕਿਹਾ,
“ਬਾਲਿਕੇ---ਯੇਹ ਆਖਰੀ ਮੌਕਾ ਹੈ---ਅਗਰ ਆਪ ਪੁੱਤਰਵਤੀ ਹੋਨਾ ਮਾਂਗਤੀ ਹੈਂ---ਵੈਸੇ ਮੁਝੇ ਲਗਤਾ ਤੋ ਨਹੀਂ---ਫਿਰ ਭੀ ਚਲੋ ਏਕ ਪ੍ਰੀਤਸ਼ਤ ਮਾਨ ਲੇਤੇ ਹੈਂ---ਅਗਰ ਆਪ ਸੱਚ ਮੇ ਹੀ ਪੁੱਤਰ ਪ੍ਰਾਪਤ ਕਰਨਾ ਚਾਹਤੀ ਹੈਂ ਤੋ ਇਸ ਬਾਰ ਕੋਈ ਬਿਘਨ ਨਹੀਂ ਡਲਨਾ ਚਾਹੀਏ---ਨਹੀਂ ਤੋਂ ਅਨਿਸ਼ਟ ਹੋ ਜਾਏਗਾ---ਘੋਰ ਅਨਿਸ਼ਟ---ਭਗਵਾਨ ਰੁਸ਼ਟ ਹੋ ਜਾਏਂਗੇ---ਔਰ ਐਸਾ ਸ਼ਾਪ ਦੇਂਗੇ ਕਿ---ਕਿ---ਕਿ---"
“ਹਾਂਅ---ਹਾਂਅ ਬਾਬਾ ਜੀ---ਇਸ ਬਾਰ ਕੋਈ ਬਿਘਨ ਨਹੀਂ ਪੈਣਾ---ਮੈਂ ਹੁਣ ਸ਼ਾਂਤੀ ਨਾਲ ਟਿਕ ਕੇ ਬੈਠਾਂਗੀ---ਤੁਸੀਂ ਆਰਾਧਨਾ ਸੁਰੂ ਕਰੋ---ਮੇਰੀ ਸ਼ੁੱਧੀ ਸੁਰੂ ਕਰੋ---"
ਮੈਂ ਸੱਚਮਿਚ ਬੌਖਲਾਅ ਗਈ ਸਾਂ---ਰਾਮ ਨਿਵਾਸ ਨੇ ਫੇਰ ਮੁੱਢੋਂ ਸੁੱਢੋਂ ਮੇਰੀ ਸ਼ੁੱਧੀ ਕਰਨੀ ਸੁਰੂ ਕੀਤੀ---ਹੁਣ ਸਭ ਕੁੱਝ ਠੀਕ ਠਾਕ ਚਲ ਰਿਹਾ ਸੀ---ਸ਼ਾਂਤੀ ਸੀ---ਹਵਾ ਵੀ ਜਿਵੇਂ ਥਾਏਂ ਖਲੋਅ ਗਈ ਸੀ---ਐਨੇ ਨੂੰ ਬਦਕਿਸਮਤੀ ਨਾਲ ਇੱਕ ਭਾਣਾ ਹੋਰ ਵਰਤ ਗਿਆ---ਸ਼ਾਇਦ ਰਾਮ ਨਿਵਾਸ ਠੀਕ ਹੀ ਕਹਿ ਰਿਹਾ ਸੀ ਕਿ ਮੇਰੇ ਭਾਗਾਂ ਵਿੱਚ ਪੁੱਤਰਵਤੀ ਹੋਣਾ ਲਿਖਿਆ ਹੀ ਨਹੀਂ ਸੀ--- ਟਿਕਾਣੇ ਦਾ ਪਾਲਤੂ ਕੁੱਤਾ ਭੱਜਿਆ ਭੱਜਿਆ ਜਾਂ ਕਹਿ ਲਓ ਸ਼ੂਕਦਾ ਹੋਇਆ ਆਇਆ ਤੇ ਕੁੱਤੇ ਦੀ ਆਮਦ ਦੇਖ ਕੇ ਬਿੱਲੀ ਨੇ ਵੀ ਸ਼ੂਟ ਵੱਟੀ---ਦੋਵੇਂ ਅੱਗੜ ਪਿੱਛੜ---ਦੋਵੇਂ ਐਨੀ ਵਾਹੋ ਦਾਹੀ ਭੱਜੇ ਫਿਰ ਰਹੇ ਸਨ ਕਿ ਅਚਾਨਕ ਪੰਡਤ ਜੀ ਦੀਆਂ ਲੱਤਾਂ ਵਿੱਚ ਉਲਝ ਗਏ---ਪੰਡਤ ਦਾ ਐਸਾ ਸੰਤੁਲਨ ਵਿਗੜਿਆ ਕਿ ਉਹ ਲੜਖੜਾ ਕੇ ਮੇਰੇ ਉੱਤੇ ਡਿੱਗ ਪਿਆ---ਜਿਵੇਂ ਉਸ ਨੂੰ ਕਰੰਟ ਵੱਜ ਗਿਆ ਹੋਵੇ---ਰਾਮ ਨਿਵਾਸ ਸੁਚੇਤ ਹੋ ਕੇ ਬੋਲਿਆ,
“ਰਾਮ ਰਾਮ---ਹਰੇ ਹਰੇ---ਹਰੇ ਕ੍ਰਿਸ਼ਨਾ---ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ---ਅਰੇ ਤੁਮ ਲੋਗੋਂ ਨੇ ਕਿਆ ਉਤਪਾਤ ਮਚਾ ਰੱਖਾ ਹੈ---ਨਾਲਾਇਕ---ਭਾਗੋ ਯਹਾਂ ਸੇ---ਆਰਾਧਨਾ ਮੇਂ ਬਿਘਨ ਡਾਲ ਦੀਆ---"ਉਹ ਕਿਨਾਰੇ ਧਰਿਆ ਚਿਮਟਾ ਚੱਕ ਕੇ ਦੋਹਾਂ ਨੂੰ ਭਜਾਉਣ ਲੱਗਿਆ---ਤੁਸੀਂ ਸੋਚ ਹੀ ਸਕਦੇ ਹੋ ਕਿ ਉਸ ਘੜੀ ਪੰਡਤ ਜੀ ਦਾ ਕੀ ਹਾਲ ਹੋਵੇਗਾ---ਪੰਡਤ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ---ਅਖੀਰ ਉਸ ਨੇੇ ਉਫ਼ ਕਹਿੰਦਿਆਂ ਇੱਕ ਲੰਮਾ ਸਾਹ ਲਿਆ---ਤੇ ਸਿਰ ਪਟਕਦਾ ਹੋਇਆ ਬੋਲਿਆ,
“ਮਾਫ ਕਰਨਾ ਬਾਲਿਕੇ---ਇਨ ਕੁੱਤੇ ਬਿੱਲੀ ਨੇ ਹਮਾਰਾ ਸੰਤੁਲਨ ਖੋ ਦਿਆ---ਔਰ ਹਮ ਆਪ ਕੀ ਤਰਫ ਲੁੜਕ ਗਏ---ਹਮਾਰੀ ਮਨਸਾ ਬਹੁਤ ਸੁੱਧ ਹੈ ਬਾਲਿਕੇ---ਏਕ ਦਮ ਗੰਗਾ ਮਈਆਂ ਕੀ ਤਰ੍ਹਾਂ---ਲੇਕਿਨ ਆਪ ਕਾ ਭਾਗਯ ਅੱਛਾ ਨਾ ਹੈ ਬਾਲਿਕੇ---ਬਾਰ ਬਾਰ ਬਿਘਨ ਪੜਨਾ ਔਰ ਅਪਸ਼ਗਨ ਹੋਣਾ---ਇਸਕਾ ਮਤਲਬ---ਭਗਵਾਨ ਕੀ ਮਰਜੀ ਨਾ ਹੋਨਾ---ਇਸ ਸੇ ਪਹਿਲੇ ਬਾਲਿਕੇ ਕਭੀ ਐਸਾ ਨਹੀਂ ਹੁਆ---ਮੁਝੇ ਤੋ ਖੁਦ ਕੋ ਭੈਅ ਆਨੇ ਲਗਾ ਹੈ---"
“ਬਾਬਾ ਜੀ---ਬਾਬਾ ਜੀ---" ਮੈਂ ਕਹਿਣਾ ਚਾਹੁੰਦੀ ਸਾਂ ਕਿ ਬਾਬਾ ਜੀ ਤੁਸੀਂ ਵੱਡੇ ਮਹੰਤ ਨੂੰ ਬੋਲ ਦਿਓ ਕਿ ਮੇਰੀ ਸ਼ੁੱਧੀ ਹੋ ਚੁੱਕੀ ਹੈ---ਪਰ ਇਹ ਸਭ ਮੇਰੇ ਗਲੇ `ਚ ਈ ਅਟਕ ਕੇ ਰਹਿ ਗਿਆ---ਮੈਂ ਨੀਮੀਂ ਪਾ ਕੇ ਬਹਿ ਗਈ---ਕੁੱਤੇ ਬਿੱਲੀ ਦੀ ਦੌੜ ਨੇ ਰਾਮ ਨਿਵਾਸ ਨੂੰ ਉੱਕਾ ਹਤਾਸ਼ ਕਰ ਦਿੱਤਾ ਸੀ---ਹੁਣ ਉਸ ਦੇ ਸਬਰ ਦਾ ਪਿਆਲਾ ਉਛਲਨਾ ਸੁਰੂ ਹੋ ਗਿਆ---ਉਹਨੇ ਗੁਫ਼ਾ ਦਾ ਦਰਵਾਜਾ ਬੰਦ ਕਰ ਦਿੱਤਾ---ਤਾਂ ਜੋ ਬਾਹਰੋਂ ਹੁਣ ਕੋਈ ਬਲਾਅ ਅੰਦਰ ਆ ਕੇ ਆਰਾਧਨਾ `ਚ ਵਿਘਨ ਨਾ ਪਾਵੇ---ਗੁਫਾ ਵਿੱਚ ਕੋਈ ਦਰਵਾਜ਼ਾ ਖਿੜਕੀ ਨਾ ਹੋਣ ਕਰਕੇ ਗੁਫ਼ਾ ਵਿੱਚ ਘੁੱਪ ਹਨੇਰਾ ਹੋ ਗਿਆ---ਰਾਮ ਨਿਵਾਸ ਵੀ ਸਕਪਕਾਅ ਗਿਆ---ਤੇ ਮੈਂ ਵੀ ਡਰ ਗਈ---ਉਹਨੇ ਦਰਵਾਜ਼ਾ ਅੱਧਾ ਕੁ ਖੋਲ੍ਹ ਕੇ ਬਿੱਲੀ ਕੁੱਤੇ ਨੂੰ ਫਟਕਾਰਿਆ, “ਖਬਰਦਾਰ ਅਗਰ ਅੰਦਰ ਗੁਫਾ ਕੀ ਤਰਫ਼ ਝਾਂਕੇ ਭੀ---ਚਲੋ ਉਪਰ---ਅਬ ਤੁਮੇ ਕਈ ਦਿਨੋਂ ਤੱਕ ਭੂਖਾ ਰੱਖੂੰਗਾ ਨਾਅ---ਤੋਂ ਤੁਮਾਰੇ ਹੋਸ਼ ਪਰਤੇਂਗੇ---ਉਤਪਾਤ ਮਚਾ ਰੱਖਾ ਹੈ ਨਿਗੋੜੋਂ ਨੇ---ਮੂਰਖ ਕਹੀ ਕੇ---ਸ਼ਰਾਰਤ ਕਰਨੇ ਕਾ ਬੀ ਕੋਈ ਸਮਯ ਹੋਤਾ ਹੈ ਯਾ ਸਾਰਾ ਦਿਨ ਉਛਲ ਕੂਦ ਮਚਾ ਕੇ ਰੱਖਤੇ ਹੈ---??" ਕੁੱਤਾ ਤੇ ਬਿੱਲੀ ਬਾਬੇ ਦੀ ਗੱਲ ਸੁਣ ਕੇ ਪਿਛਲੇ ਪੈਰਾਂ ਭਾਰ ਹੋ ਕੇ ਬੜੇ ਆਗਿਆਕਾਰ ਪ੍ਰਾਣੀ ਬਣ ਕੇ ਦਰਵਾਜ਼ੇ ਤੋਂ ਬਾਹਰ ਈ ਬਹਿ ਗਏ---ਐਂਜ ਜਿਵੇਂ ਉਹਨਾਂ ਨੂੰ ਰਾਮ ਨਿਵਾਸ ਦੀ ਸਾਰੀ ਗੱਲ ਸਮਝ ਆ ਗਈ ਹੋਵੇ---ਕੁੱਤਾ ਉਬਾਸੀਆਂ ਲੈਣ ਲੱਗਾ ਤੇ ਬਿੱਲੀ ਅੱਖਾਂ ਝਪਕ ਰਹੀ ਸੀ।
“ਭਗਵਾਨ ਨੇ ਤੁਮਾਰੀ ਹਰਕਤੋਂ ਕੀ ਵਜ੍ਹਾ ਸੇ ਤੁਮੇ ਜਾਨਵਰੋ ਕਾ ਜਾਮਾ ਦੀਆ ਹੈ---ਅਗਰ ਯੇਹ ਖੁਰਾਫਾਤ ਨਾ ਮਚਾਤੇ ਤੋ ਸ਼ਾਇਦ ਇਨਸਾਨ ਕੀ ਜੂਨ ਮਿਲੀ ਹੋਤੀ---ਮੇਰੀ ਤਰ੍ਹਾ---ਕਿਸੀ ਕੀ ਸ਼ੁੱਧੀ ਕਰਨੇ ਕੀ ਕਲਾ ਸੀਖ ਚੁੱਕੇ ਹੋਤੇ---ਅਬ ਸਾਂਤ ਬੈਠਨਾ---ਨਹੀਂ ਤੋਂ ਏਕ ਏਕ ਠੋਕੂੰਗਾ ਦੋਨੋਂ ਕੋ---"ਫੇਰ ਉਹ ਮੈਨੂੰ ਮੁਖ਼ਾਤਬ ਹੋਇਆ,
“ਬਾਇਕੇ ਆਪ ਕੋ ਪਿਆਸ ਲਗੀ ਥੀ---ਅਗਰ ਪਾਣੀ ਪੀਨਾ ਹੋ ਤੋ ਅਭੀ ਪੀਲੋ---ਫਰ ਬੀਚ ਮੇ ਨਹੀਂ ਮਿਲਨਾ---"
“ਜੀ ਨਹੀਂ---ਮੈਨੂੰ ਪਿਆਸ ਤਾਂ ਨੀ ਸੀ ਲੱਗੀ ਹੋਈ---ਉਹ ਤਾਂ ਮੈ ਕਿਸੇ ਹੋਰ ਮਕਸਦ ਲਈ ਪਾਣੀ ਰੱਖਿਆ ਹੋਇਐ---ਜੇ ਲੋੜ ਪੈ ਗਈ ਤਾਂ---" ਮੈਂ ਪਤਾ ਨੀ ਕੀ ਊਟ ਪਟਾਂਗ ਬੋਲ ਗਈ---ਏਨੇ ਨੂੰ ਇੱਕ ਹੋਰ ਚੇਲਾ ਪੋਲੇ ਪੋਲੇ ਪੈਰ ਧਰਦਾ ਹੋਇਆ ਆਇਆ ਤੇ ਦਰਵਾਜ਼ਾ ਥੋੜਾ ਜਿਹਾ ਖੋਹਲ ਕੇ ਬੋਲਿਆ,
“ਮਹਾਤਮਨ---ਬਹੁਤ ਦੇਰ ਲਗਾ ਦੀ ਸ਼ੁੱਧੀ ਕਰਨੇ ਕੋ---ਦੇਖੋ ਹਨੇਰਾ ਪਸਰਨੇ ਲਗਾ ਹੈ---ਭਗਵਨ ਪੂਛ ਰਹੇ ਹੈ ਇਤਨੀ ਦੇਰ ਕਿਉਂ ਲਗਾ ਦੀ---ਤਨ ਮਨ ਦੋਨੋਂ ਕੀ ਸ਼ੁੱਧੀ ਕਰ ਦੀ---??ਕਹੀਂ ਅਕੇਲੇ ਅਕੇਲੇ ਹੀ ਤੋ ਮਜਾ ਨਹੀਂ ਚਖ ਰਹੇ---"
“ਅਰੇ ਕਹਾਂ---ਅਭੀ ਤੋਂ ਸੁਰੂ ਕੀ ਹੈ---ਕਾ ਬਤਾਏਂ---ਆਪ ਕੋ---ਕਿ ਆਜ ਕਿਆ ਕਿਆ ਅਪਸ਼ਗਨ ਹੋ ਰਹੇ ਹੈ---"
ਫੇਰ ਰਾਮ ਨਿਵਾਸ ਨੇ ਮੁੱਢੋ ਸੁੱਢੋ ਸਾਰੀ ਕਹਾਣੀ ਉਸ ਚੇਲੇ ਨੂੰ ਦੱਸੀ---ਚੇਲਾ ਵੀ ਹੈਰਾਨ ਪ੍ਰੇਸ਼ਾਨ---ਸ਼ਰਾਰਤੀ ਰੌਅ ਵਿੱਚ ਅੱਖ ਦਬਾਅ ਕੇ ਬੋਲਿਆ
“ਯੇ ਤੋ ਸੁਭ ਨਹੀਂ ਹੈ ਬਾਵਾ ਰੇ---ਭਗਵਾਨ ਦੀ ਮਰਜੀ ਨਾ ਹੈ ਸ਼ੈਤ---"
“ਆਪ ਭਗਵਨ ਕੋ ਜਾ ਕੇ ਸਾਰੀ ਕਹਾਨੀ ਬਤਾ ਦੋ---ਔਰ ਕਹਿਨਾ ਕਿ ਅਭੀ ਤੋ ਤਨ ਮਨ ਦੋਨੋਂ ਕੀ ਸ਼ੁੱਧੀ ਬਾਕੀ ਹੈ---"ਰਾਮ ਨਿਵਾਸ ਨੇ ਬੇਰੁਖੀ ਨਾਲ ਚੇਲੇ ਨੂੰ ਹਿਦਾਇਤ ਦਿੱਤੀ।
ਚੇਲਾ ਮੈਨੂੰ ਨਿਹਾਰਦਾ ਤੇ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਬੋਲਦਾ ਵਾਪਸ ਪਰਤ ਗਿਆ---ਰਾਮ ਨਿਵਾਸ ਫੇਰ ਆਰਾਧਨਾ `ਚ ਰੁੱਝ ਗਿਆ---ਬਾਹਰ ਚੰਗਾ ਹਨੇਰਾ ਹੋ ਗਿਆ ਸੀ---ਰਾਮ ਨਿਵਾਸ ਬਾਰ ਬਾਰ ਮੇਰੇ ਸਿਰ ਨੂੰ ਝਾੜੂ ਵੀ ਛੂਹਾਅ ਰਿਹਾ ਸੀ ਤੇ ਉਛਲ ਵੀ ਰਿਹਾ ਸੀ---ਸ਼ਾਇਦ ਉਹਦੇ ਕਹਿਣ ਮੁਤਾਬਕ ਸਿਵ ਜੀ ਭਗਵਾਨ ਉਹਦੇ ਸਰੀਰ `ਚ ਪ੍ਰਵੇਸ਼ ਕਰ ਚੁੱਕੇ ਸਨ---ਮੈਂ ਦੇਖਿਆ ਕਿ ਇੱਕ ਹੋਰ ਚੇਲਾ ਗੁਫ਼ਾ ਵਿੱਚ ਝਾਤੀ ਮਾਰ ਕੇ ਵਾਪਸ ਪਰਤ ਗਿਆ---ਮੈਨੂੰ ਉਸ ਦੀ ਗੱਲ ਸੁਣਾਈ ਦਿੱਤੀ।
“ਅਭੀ ਤੋਂ ਸ਼ੁੱਧੀ ਸੁਰੂ ਬੀ ਨਹੀਂ ਹੋਈ---ਯੇਹ ਰਾਮ ਨਿਵਾਸ ਕਿਆ ਕਰਤਾ ਰਹਾ ਇਤਨੀ ਦੇਰ ਤੱਕ---ਇਤਨੀ ਦੇਰ ਮੇਂ ਤੋਂ ਸਭ ਨਿਬਟ ਜਾਨਾ ਚਾਹੀਏ ਥਾ---"
ਰਾਮ ਨਿਵਾਸ ਨੇ ਬੁੜਬੁੜਾਉਣਾ ਤੇ ਉਛਲਣਾ ਬੰਦ ਕਰ ਦਿੱਤਾ---ਝਾੜੂ ਵੀ ਇੱਕ ਪਾਸੇ ਟਿਕਾਅ ਦਿੱਤਾ---ਉਸ ਨੇ ਧੂਫ਼ ਵਿੱਚ ਕੁੱਝ ਮਿਲਾ ਕੇ ਪੂਜਾ ਵਾਲੀ ਥਾਲੀ `ਚ ਰੱਖਿਆ---ਫੇਰ ਮੇਰੇ ਉਤੇ ਪਾਣੀ ਦੇ ਤਰੌਂਕੇ ਮਾਰਦਿਆਂ ਬੋਲਿਆ,
“ਬਾਲਿਕੇ---ਅਬ ਹਮ ਯੇਹ ਧੂਪ ਜਲਾਏਂਗੇ---ਇਸ ਕੇ ਧੂਏਂ ਸੇ ਆਦਮੀ ਕੀ ਸੁਰਤ ਤ੍ਰਿਕਟੀ ਪਹੰੁਚ ਜਾਤੀ ਹੈ---ਵਹਾਂ ਪਰ ਭਗਵਾਨ ਸੇ ਮਿਲਾਪ ਹੋਤਾ ਹੈ---ਤ੍ਰਿਕੁਟੀ ਹਮਾਰੀ ਆਖੋਂ ਕੇ ਮੱਧਯ ਮੇ ਸਥਿਤ ਹੈ---ਵਹਾਂ ਪਰ ਤਮਾਮ ਦੇਵੀ ਦੇਵਤੇ ਔਰ ਭਗਵਾਨ ਬਿਰਾਜਮਾਨ ਹੈ---ਇਸ ਧੂਪ ਕੀ ਖੁਸਬੋਅ ਅਬ ਆਪ ਕੋ ਅਜੀਬ ਖੁਮਾਰੀ ਦੇਗੀ---ਏਹ ਭਗਵਾਨ ਕਾ ਪ੍ਰਿਯ ਪ੍ਰਸਾਦ ਹੈ---ਆਪ ਕੀ ਗੋਦ ਮੇਂ ਬੱਚਾ ਦੇ ਰਹੇ ਹੈਂ---ਇੱਕ ਸੰੁਦਰ ਸਲੋਨਾ ਬੇਟਾ---ਔਰ ਆਪ ਬੜੀ ਸ਼ਰਧਾ ਸੇ ਭਗਵਾਨ ਕਾ ਦੀਆਂ ਹੂਆ ਯੇ ਬੱਚਾ ਆਪਨੀ ਗੋਦ ਮੇ ਬਿਠਾ ਲੇਤੀ ਹਂੈ---ਔਰ ਖੁਸ਼ੀ ਸੇ ਝੁਮਨੇ ਲਗਤੀ ਹੈ---ਮੈ ਤਬ ਤੱਕ ਭਗਵਨ ਕੋ, ਮਾਅਨੇ ਮਹੰਤ ਕੋ ਬੁਲਾ ਲੂੰਗਾ---" ਉਸ ਨੇ ਮੇਰੇ ਗਲੇ ਤੇ ਹੱਥ ਰੱਖ ਕੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ---ਮੈਂ ਚੁਕੰਨੀ ਹੋ ਕੇ ਬਹਿ ਗਈ---ਉਹਦਾ ਹੱਥ ਪਰ੍ਹਾਂ ਕਰ ਕੇ ਚੌਂਕੀ ਥੋੜੀ ਪਿੱਛੇ ਸਰਕਾਅ ਲਈ---ਜਿਉਂ ਹੀ ਰਾਮ ਨਿਵਾਸ ਨੇ ਧੂਫਂ ਜਲਾਉਣ ਲਈ ਮਾਚਸ ਦੀ ਤੀਲੀ ਜਲਾਈ ਮੈਂ ਉਸ ਨੂੰ ਰੋਕਦਿਆਂ ਬੇਨਤੀ ਕੀਤੀ,
“ਮਹਾਰਾਜ ਮੈਂ---ਮੈਂ---ਮੈਂ---ਰੁਕੋ ਮਹਾਰਾਜ---ਮੈਂ ਤੁਹਾਡੇ ਕੋਲੋਂ ਪਾਣੀ ਮੰਗਾਇਆ ਸੀ---ਮਹਾਰਾਜ ਮੈਂ ਦਵਾਈ ਲੈਣੀ ਐ---ਜੇ ਆਗਿਆ ਹੋਵੇ ਤਾਂ ਮੈਂ ਪਹਿਲਾਂ ਦਵਾਈ ਲੈ ਲਵਾਂ---"
“ਹਾਂਅ ਹਾਂਅ ਬਾਲਿਕੇ---ਕਿਉਂ ਨਹੀਂ---ਆਪ ਦਵਾਈ ਖਾ ਸਕਤੀ ਹੈਂਅ---ਪਰ ਜਲਦੀ ਕਰੋ" ਮੈਂ ਫਟਾਫਟ ਡੱਬੀ ਚੋਂ ਗੋਲੀ ਕੱਢੀ---ਮੂੰਹ `ਚ ਪਾ ਕੇ ਪਾਣੀ ਨਾਲ ਅੰਦਰ ਲੰਘਾ ਲਈ---ਗੋਲੀ ਅੰਦਰ ਜਾਂਦਿਆਂ ਈ ਮੇਰੇ ਢਿੱਡ `ਚ ਅੱਗ ਮੱਚਣ ਲੱਗ ਪਈ---ਹੋਰ ਗੋਲੀ ਖਾਣ ਦੀ ਹਿੰਮਤ ਈ ਨਾ ਹੋਈ---ਇਕੋ ਗੋਲੀ ਨੇ ਮੇਰੀ ਮੱਤ ਮਾਰ ਦਿੱਤੀ---
24
ਤੀਜੇ ਦਿਨ ਹੋਸ਼ ਆਉਣ ਤੇ ਮੈਨੂੰ ਪਤਾ ਲੱਚਿਆ ਕਿ ਮੈਂ ਹਸਪਤਾਲ `ਚ ਦਾਖਲ ਹਾਂ---ਮੇਰੇ ਸਲਫ਼ਾਸ ਦੀ ਗੋਲੀ ਖਾਣ ਬਾਦ ਟਕਾਣੇ ਵਿੱਚ ਕੋਹਰਾਮ ਮੱਚ ਗਿਆ ਸੀ---ਮਹੰਤ ਨੇ ਦਵਾਈ ਦੇ ਕੇ ਤੇ ਨੂਣ ਵਾਲਾ ਪਾਣੀ ਪਿਲਾ ਕੇ ਮੈਨੂੰ ਉਲਟੀਆਂ ਕਰਾਈਆਂ---ਇਸ ਤਰ੍ਹਾਂ ਕੁੱਝ ਜ਼ਹਿਰ ਤਾਂ ਨਿਕਲ ਗਈ ਤੇ ਕੁੱਝ ਅਸਰ ਕਰ ਗਈ---ਟਿਕਾਣੇ ਵਾਲੇ ਸਾਧ ਹੀ ਮੈਨੂੰ ਹਸਪਤਾਲ ਲੈ ਕੇ ਆਏ---ਪਹਿਲਾਂ ਤਾਂ ਡਾਕਟਰ ਕੇਸ ਨਾ ਫੜਨ---ਫੇਰ ਮਹੰਤ ਜੀ ਦੇ ਮਿਨਤਾਂ ਕਰਨ ਬਾਦ ਉਹਨਾਂ ਨੇ ਮੇਰਾ ਇਲਾਜ ਸੁਰੂ ਕੀਤਾ---
ਮੇਰੇ ਸਹੁਰਿਆਂ ਨੂੰ ਵੀ ਹੱਥਾਂ ਪੈਰਾਂ ਦੀਆਂ ਪੈ ਗਈਆਂ---ਮੈਨੂੰ ਪਤਾ ਲੱਗਿਆ ਕਿ ਸਾਰਿਆਂ ਨੇ ਮੇਰੀ ਬਹੁਤ ਫਿਕਰ ਕੀਤੀ---ਮੇਰੇ ਪਤੀ ਦੇ ਬੱਚਿਆਂ ਨੂੰ ਵੀ ਮੇਰੀ ਬਹੁਤ ਚਿੰਤਾ ਹੋਈ---ਉਹਨਾਂ ਸਾਰਿਆਂ ਦੀ ਚਿੰਤਾ ਦਾ ਕਾਰਣ ਇਹ ਨਹੀਂ ਸੀ ਕਿ ਉਹ ਮੇਰੇ ਨਾਲ ਕੋਈ ਮੋਹ ਤੇਹ ਰੱਖਦੇ ਸਨ ਸਗੋਂ ਉਹਨਾਂ ਦੀ ਫਿ਼ਕਰ ਦਾ ਕਾਰਣ ਇਹ ਸੀ ਕਿ ਮੁਫ਼ਤ ਵਿੱਚ ਮਿਲੀ ਗੋਲੀ ਬਾਂਦੀ ਹੱਥੋਂ ਖੁਸ ਜਾਣੀ ਹੈ---ਦੂਜਾ ਪੁਲਸ ਕਚਹਿਰੀਆਂ ਦਾ ਡਰ ਤੇ ਤੀਜਾ ਸਮਾਜ ਵਿੱਚ ਨੱਕ ਨਮੂਜ ਰੱਖਣ ਦਾ ਮਸਲਾ---ਇਸ ਕਰਕੇ ਉਹਨਾਂ ਨੂੰ ਮੇਰੀ ਚਿੰਤਾ ਪਈ ਹੋਈ ਸੀ---ਸੁਣਨ `ਚ ਆਇਆ ਕਿ ਗੁਰਾ ਮੇਰੇ ਠੀਕ ਹੋਣ ਲਈ ਡਾਕਟਰਾਂ ਨੂੰ ਮਿਨਤਾਂ ਕਰਦਾ ਰਿਹਾ---
ਟਿਕਾਣੇ ਵਾਲੇ ਸੰਤਾਂ ਦੀ ਅੱਡ ਹਾਲਤ ਪਤਲੀ ਹੋਈ ਪਈ ਸੀ---ਉਹਨਾਂ ਦੇ ਖਾਹਮਖਾਹ ਮੁਸੀਬਤ ਗਲੇ ਪੈ ਗਈ---ਕਹਿੰਦੇ ਵੱਡੇ ਮਹੰਤ ਨੇ ਰਾਮ ਨਿਵਾਸ ਨੂੰ ਬਹੁਤ ਫਿਟਕਾਰਾਂ ਪਾਈਆਂ---ਸਾਰਾ ਭਾਂਡਾ ਉਸ ਨੇ ਰਾਮ ਨਿਵਾਸ ਦੇ ਸਿਰ ਹੀ ਭੰਡਿਆ---ਮੇਰੇ ਹੋਸ਼ `ਚ ਆਉਣ ਤੇ ਪੁਲਿਸ ਨੇ ਮੇਰੇ ਬਿਆਨ ਲਏ---ਮੈਂ ਆਪਣੀ ਆਤਮ ਹੱਤਿਆ ਦੀ ਕੋਸ਼ਿਸ਼ ਲਈ ਕਿਸੇ ਨੂੰ ਜ਼ਿਮੇਵਾਰ ਨਾ ਠਹਿਰਾਇਆ---ਇਸ ਗੱਲ ਦਾ ਪਛਤਾਵਾ ਮੈਨੂੰ ਤਾ ਉਮਰ ਰਿਹਾ ਕਿ ਮੈ ਉਸ ਵਕਤ ਸਚਾਈ ਕਿਉਂ ਨਾ ਦੱਸੀ---ਘੱਟੋ ਘੱਟ ਅੱਗੋਂ ਤਾਂ ਟਿਕਾਣੇ ਚ ਕੋਈ ਹੋਰ ਔਰਤ ਪ੍ਰੇਸ਼ਾਨ ਨਾ ਹੁੰਦੀ---ਮੈਂ ਹੌਸਲਾ ਕਰ ਕੇ ਪੁਲਸ ਨੂੰ ਸਾਰੀ ਸਚਾਈ ਦੱਸ ਸਕਦੀ ਸਾਂ---ਪਰ ਤੁਹਾਨੂੰ ਦੱਸਿਆ ਹੈ ਨਾ, ਕਿ ਮੈ ਦਬੀ ਕੁਚਲੀ ਔਰਤ ਹੌਸਲਾ ਨਹੀਂ ਸਾਂ ਕਰ ਸਕਦੀ---ਪਰ ਮੈਂ ਬਾਕੀ ਸਮੁੱਚੀ ਲਾਰੀ ਜਾਤ ਨੂੰ ਸੁਚੇਤ ਕਰਨਾ ਚਾਹੰੁਦੀ ਹਾਂ ਕਿ ਉਹ ਮੇਰੇ ਦਬੂ ਹੋਣ ਦੇ ਨਤੀਜਿਆਂ ਤੋਂ ਕੁੱਝ ਸਿੱਖਣ---ਸਬਕ ਲੈਣ---ਉਹ ਆਪਣੇ ਖਿਲਾਫ ਹੁੰਦੀ ਬੇਇਨਸਾਫੀ, ਧੱਕੇਸ਼ਾਹੀ ਅਤੇ ਜਿਆਦਹੀ ਪ੍ਰਤੀ ਆਵਾਜ਼ ਉਠਾਉਣ---ਅਵਾਜ਼ ਹੀ ਹੌਲੀ ਨਹੀਂ ਸਗੋਂ---ਬਹੁਤ ਉੱਚੀ---ਬਹੁਤ ਉੱਚੀ--- ਤਾਂ ਜੋ ਮੇਰੇ ਵਾਂਗ ਬਹਾਦਰ ਜਦੋਂ ਪੁਲਸ ਮੇਰੇ ਬਿਆਨ ਲੈ ਰਹੀ ਸੀ ਤਾਂ ਉਹਨਾਂ ਨੇ ਮੈਨੂੰ ਇਸ ਘਟਨਾ ਲਈ ਜ਼ਿੰਮੇਵਾਰੀ ਵਿਅਕਤੀਆਂ ਦਾ ਨਾ ਦੱਸਣ ਲਈ ਜ਼ੋਰ ਪਾਇਆ---ਤਾਂ ਮੈਂ ਕਿਹਾ ਕਿ ਮੇਰੀ ਇਸ ਹਰਕਤ ਲਈ ਪ੍ਰਮਾਤਮਾ ਜ਼ਿੰਮੇਵਾਰ ਹੈ---ਉਸ ਨੂੰ ਫੜ ਕੇ ਸਜ਼ਾ ਦਿਓ---ਉਹ ਮੇਰੇ ਵਰਗੀਆਂ ਲੱਖਾਂ ਧੀਆਂ ਦਾ ਦੋਸ਼ੀ ਐ---ਲੱਖਾਂ ਕੁੜੀਆਂ ਦਾ ਗੁਨਾਹਗਾਰ ਹੈ---ਉਹਨੂੰ ਭਰੇ ਬਜਾਰ ਸਜ਼ਾ ਮਿਲਣੀ ਚਾਹੀਦੀ ਹੈ---।
ਮੇਰੀ ਸੱਸ ਨੇ ਸੁਖ ਦਾ ਸਾਹ ਲਿਆ---ਉਹ ਡਰੀ ਬੈਠੀ ਸੀ ਕਿ ਕਿਤੇ ਮੈਂ ਸਾਰੀ ਗੱਲ ਸੱਚ ਸੱਚ ਨਾ ਦੱਸ ਦਿਆਂ---ਉਂਜ ਕਿਸੇ ਨੂੰ ਇਹ ਇਲਮ ਨਹੀਂ ਸੀ ਕਿ ਮੇਰੇ ਨਾਲ ਗੁਫ਼ਾ ਵਿੱਚ ਕੀ ਕੀ ਵਾਪਰਿਆ---ਲਾਗੇ ਚਾਗੇ ਦੇ ਪਿੰਡਾਂ ਵਿੱਚ ਇਹ ਖ਼ਬਰ ਅੱਗ ਵਾਂਗ ਫੈਲ ਗਈ---ਟਿਕਾਣੇ ਵਾਲੇ ਮਹੰਤਾਂ ਦੀ ਖਾਹਮਖਾਹ ਬਦਨਾਮੀ ਹੋਈ---ਲੋਕ ਟਿਕਾਣੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਨ---ਮਹੰਤ ਨੇ ਪੰਡਤਾਣੀ ਦੀ ਵੀ ਚੰਗੀ ਫ਼ਜੀਹਤ ਕੀਤੀ---ਮਹੰਤ ਆਖਣ ਕਿ ਜਦੋਂ ਬਹੂ ਮੰਨਦੀ ਨਹੀਂ ਸੀ ਤਾਂ ਨੂੰ ਕਿਉਂ ਧੱਕੇ ਨਾਲ ਇਸ ਨੂੰ ਲੈ ਕੇ ਆਈ---ਤੇਰੇ ਸਦਕਾ ਸਾਡੀ ਮਹੰਤਾਂ ਦੀ ਤੇ ਟਿਕਾਣੇ ਦੀ ਛਵੀ ਖਰਾਬ ਹੋਈ ਐ---ਅੱਜ ਤੱਕ ਇਲਾਕੇ `ਚ ਟਿਕਾਣੇ ਦੀ ਲੋਕੀਂ ਮਾਨਤਾ ਮੰਨਦੇ ਸਨ---ਇਹ ਲੋਕਾਂ ਦੀ ਸ਼ਰਧਾ ਦਾ ਕੇਂਦਰ ਵੀ ਸੀ
ਜਦੋਂ ਮੇਰੇ ਜੇਠ ਨੂੰ ਇਸ ਸਾਰੀ ਕਹਾਣੀ ਦੀ ਸਚਾਈ ਪਤਾ ਲੱਗੀ ਤਾਂ ਉਸ ਨੇ ਮੇਰੀ ਸੱਸ ਨੂੰ ਬਹੁਤ ਫਿਟਕਾਰਾਂ ਪਾਈਆਂ---ਅਖੇ ਸਾਡੀ ਮਾਂ ਸਿਆਣੀ ਬਿਆਣੀ ਹੋ ਕੇ ਪਾਗਲ ਹੋ ਗਈ---ਇਹਨੂੰ ਇਹ ਨੀ ਪਤਾ ਬਈ ਮੇਰਾ ਲੜਕਾ ਕਿਹੜੀ ਹਾਲਤ `ਚ ਐ---ਬਚਾਰੀ ਬਹੂ ਨੂੰ ਧੱਕੇ ਨਾਲ ਦਵਾਈ ਦੁਆਉਣ ਤੁਰ ਗਈ---ਦਵਾਈ ਨੇ ਉਥੇ ਕੀ ਕਰ ਲੈਣਾ ਸੀ---ਬੁੜੀ ਦੇ ਨਾਲ ਡਕੈਂਤਣ ਵੀ ਪਗਲਾਅ ਗਈ---ਖਾਹਮਖਾਹ ਬਦਨਾਮੀ ਹੋਈ---
ਉਧਰ ਪੰਡਤਾਣੀ ਦੇ ਘਰ ਵਾਲਿਆਂ ਨੇ ਉਹਦੀ ਚੰਗੀ ਖੁੰਭ ਠੱਪੀ---ਖਰੀ ਛਿੱਤਰ ਪਰੇਡ ਹੋਈ ਵਿਚਾਰੀ ਦੀ---ਮੁੜ ਉਹ ਕਦੇ ਸਾਡੇ ਘਰ ਨੀ ਆਈ---ਮੇਰੀ ਸੱਸ ਵੀ ਬਹੁਤ ਸਹਿਮ ਗਈ---ਕੋਈ ਮਹੀਨਾ ਭਰ ਇਸ ਵਾਰਦਾਤ ਦਾ ਕਚ੍ਹੀਰਾ ਹੋਇਆ---ਜਿੰਨੇ ਮੂੰਹ ਉਨੀਆਂ ਗੱਲਾਂ---ਮੇਰੀ ਇਸ ਹਰਕਤ ਸਦਕਾ ਟਿਕਾਣੇ ਨੂੰ ਤੇ ਮੇਰੇ ਸਹੁਰੇ ਪ੍ਰੀਵਾਰ ਨੂੰ ਨਮੋਸ਼ੀ ਝੱਲਣੀ ਪਈ---ਲੋਕਾਂ ਦੀ ਚਰਚਾ ਦਾ ਸ਼ਿਕਾਰ ਹੋਣਾ ਪਿਆ---
ਮੇਰੇ ਨਾਲ ਇਸ ਬਾਰੇ ਕਿਸੇ ਨੇ ਕੋਈ ਜ਼ਿਕਰ ਨਾ ਕੀਤਾ---ਨਾ ਮੈਨੂੰ ਇਸ ਘਟਨਾ ਬਾਰੇ ਕਿਸੇ ਨੇ ਕੁੱਝ ਪੁੱਛਿਆ---ਹਾਲਾਤ ਪਹਿਲਾਂ ਵਾਂਗ ਪਟੜੀ ਤੇ ਆ ਰਹੇ ਸਨ---ਇਸ ਘਟਨਾ ਦਾ ਇੱਕ ਵੱਡਾ ਅਸਰ ਇਹ ਹੋਇਆ ਕਿ ਹੁਣ ਮੇਰੇ ਉਪਰ ਬੱਚਾ ਪ੍ਰਾਪਤੀ ਦੀ ਤੀਵਰ ਇੱਛਾ ਦਾ ਇਲਜ਼ਾਮ ਲੱਗਣਾ ਬੰਦ ਹੋ ਗਿਆ---ਸ਼ਾਇਦ ਹੁਣ ਸਾਰਿਆਂ ਨੂੰ ਸਮਝ ਲੱਗ ਚੁੱਕੀ ਸੀ ਕਿ ਮੇਰੀ ਸਮੱਸਿਆ ਕੁੱਝ ਹੋਰ ਹੀ ਹੈ---ਸ਼ਰੀਰਕ ਸੁਖ ਭੋਗਣ ਦੀ ਵੀ ਮੇਰੀ ਕੋਈ ਲਾਲਸਾ ਨਹੀਂ ਹੈ---ਇੱਕ ਦਿਨ ਮੇਰੇ ਪਤੀ ਦੀ ਧੀ ਮੇਰੀ ਸੱਸ ਨੂੰ ਆਖ ਰਹੀ ਸੀ,
“ਅੰਮਾ ਕਾਹਨੂੰ ਬਚਾਰੀ ਨੂੰ ਤੰਗ ਕਰਦੇ ਓਂ---ਚੰਗੀ ਭਲੀ ਬਾਪੂ ਦੀ ਸੇਵਾ ਸੰਭਾਲ ਕਰੀ ਜਾਂਦੀ ਐ---ਹੋਰ ਆਪਣੇ ਚੋਂ ਕਿਸੇ ਦੀ ਹੈ ਐਨੀ ਹਿੰਮਤ ਤੇ ਜਿਗਰਾ ਜਿਹੜਾ ਬਾਪੂ ਨੂੰ ਸਾਂਭ ਸਕੇ---ਉਹਦਾ ਗੰਦ ਹੂੰਝ ਸਕੇ---ਇਹਦੇ ਬੇਹੋਸ਼ ਹੋਣ ਦੇ ਪੰਜ ਸੱਤ ਦਿਨਾ `ਚ ਈ ਨੱਕ `ਚ ਦਮ ਆ ਗਿਆ ਸਾਰਿਆ ਦੇ ਹੁਣ ਨਾਂ ਦੋਬਾਰਾ ਕੋਈ ਪੰਗਾ ਖੜ੍ਹਾ ਕਰ ਦਈਂ---"
“ਨਾ ਪੁੱਤ ਨਾਅ---ਮੈਂ ਤਾਂ ਲੱਤਾਂ ਹੇਠ ਦੀ ਕੰਨ ਫੜਦੀ ਆਂ---ਜਿਹੜੀ ਗਲਤੀ ਮੈਂ ਕਰ ਬੈਠੀ---ਦਬਾਰਾ ਸੱਤ ਜਰਮਾਂ `ਚ ਨੀ ਦੁਹਰਾਉਂਦੀ---"
ਨਿਰੰਜਣ ਸੂੰ ਦੇ ਹੋਸ਼ `ਚ ਆਉਣ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ ਸਨ---ਹੁਣ ਤਾਂ ਉਹ ਬੱਸ ਅੰਨ ਦਾ ਖਾਜਾ ਬਣ ਕੇ ਰਹਿ ਗਿਆ ਸੀ---ਉਹਦੀ ਸਿਹਤ ਵੀ ਗਿਰਦੀ ਜਾ ਰਹੀ ਸੀ---ਪਰ ਮੈਨੂੰ ਉਸ ਦੀ ਸਿਹਤ ਦੇ ਗਿਰਨ ਦੀ ਕੋਈ ਖਾਸ ਫਿ਼ਕਰ ਨਹੀਂ ਸੀ---ਮੈਂ ਤਾਂ ਉਹਦਾ ਕਿਸੇ ਜਨਮ ਦਾ ਕਰਜ਼ਾਂ ਲਾਹ ਰਹੀ ਸਾਂ।
ਉਨ੍ਹੀ ਦਿਨੀ ਇੱਕ ਕਮਾਲ ਦੀ ਘਟਨਾ ਘਟੀ---ਮੇਰਾ ਅਖਾਉਤੀ ਬਾਪੂ ਤੇ ਬੀਰਾ ਪੰਜਾ ਸੱਤ ਬੰਦਿਆਂ ਨੂੰ ਲੈ ਕੇ ਮੇਰੇ ਸਹੁਰੇ ਪਿੰਡ ਦੀ ਪੰਚਾਇਤ ਕੋਲ ਅੱਪੜ ਗਏ---ਅਖੇ ਮੇਰੇ ਕੁੜਮਾਂ ਨੇ ਦਾਜ ਦੇ ਲੋਭ `ਚ ਆ ਕੇ ਸਾਡੀ ਕੁੜੀ ਨੂੰ ਜ਼ਹਿਰ ਦੇ ਦਿੱਤੀ---ਮੇਰੇ ਸਹੁਰੇ ਘਰ ਦੇ ਬਾਹਰ ਚੰਗਾ ਖਾਸਾ ਕੱਠ ਹੋ ਗਿਆ---ਮਾਮਲੇ ਨਾਲ ਗੰਭੀਰ ਵਾਸਤਾ ਰੱਖਣ ਵਾਲੇ ਲੋਕਾਂ ਦੇ ਨਾਲ ਨਾਲ ਨਮਾਸ਼ਬੀਨਾਂ ਦੀ ਭੀੜ ਵੀ ਸੀ---ਪੰਚਾਇਤ ਜੁੜੀ ਬੈਠੀ ਸੀ---ਮੇਰਾ ਬੀਰਾ ਨਸ਼ੇ ਦੀ ਲੋਰ ਵਿੱਚ ਇਕੋ ਗੱਲ ਆਖੀ ਜਾਵੇ ਬਈ ਅਸੀਂ ਤਾਂ ਪੈਸੇ ਲੈ ਕੇ ਫ਼ੈਸਲਾ ਕਰਾਂਗੇ---ਸਾਡੀ ਭੈਣ ਮਾਰ `ਤੀ ਸੀ---ਪੈਸੇ ਦੁਆਓ---ਲੋਕ ਉਹਦੀਆਂ ਗੱਲਾ ਸੁਣ ਕੇ ਹੈਰਾਨ ਵੀ ਹੋ ਰਹੇ ਸਨ ਬਈ ਇਹ ਕਿਹੇ ਜੇ ਮਾਪੇ ਨੇ --- ਕੋਈ ਸੁਆਦ ਵੀ ਲੈ ਰਹੇ ਸਨ---ਸਰਪੰਚ ਨੇ ਉਹਨੂੰ ਬਾਹੋਂ ਫੜ ਕੇ ਆਖਿਆ,
“ਉਇ ਐਨੇ ਕਮੀਨੇ ਤਾਂ ਕੰਜਰ ਵੀ ਨੀ ਹੁੰਦੇ---ਤੂੰ ਥੋੜੀ ਬਹੁਤੀ ਪੰਚਾਇਤ ਦੀ ਓ ਸ਼ਰਮ ਕਰ ਲੈ---ਨਾਲੇ ਤੈਨੂੰ ਚੌਧਰੀ ਨੂੰ ਕਿਸ ਗੱਲ ਦੇ ਪੈਸੇ??"
ਮੇਰਾ ਸਹੁਰਾ ਵੀ ਪਹਿਲਾਂ ਤਾਂ ਬੀਰੇ ਦੀ ਬਕਵਾਸ ਸੁਣਦਾ ਰਿਹਾ ਪਰ ਜਦੋਂ ਬਾਪੂ ਤੇ ਬੀਰਾ ਬਹੁਤੇ ਈ ਖਿੱਲਰਨ ਲੱਗ ਪਏ---ਉਹਨਾਂ ਨੇ ਹੱਦ ਕਰ ਦਿੱਤੀ ਤੇ ਉੱਕਾ ਨੰਗੇ ਹੋਣ ਤੇ ਆ ਗਏ ਤਾਂ ਉਹਨੂੰ ਗੁੱਸਾ ਆ ਗਿਆ---ਉਹ ਖੜ੍ਹਾ ਹੋ ਕੇ ਬੋਲਿਆ,
“ਉਇ ਚੌਧਰੀਓ ਕਿਉਂ ਸ਼ਰਮ ਬੇਚ ਖਾਧੀ ਐ---ਤੁਸੀਂ ਪਹਿਲੀਆ ਦੋ ਕੁੜੀਆਂ ਵੀ ਪੈਸੇ ਲੈ ਕੇ ਬਿਆਹੀਆਂ---ਤੇ ਜਦੋਂ ਉਹ ਮਰ ਗਈਆਂ ਤਾਂ ਤੁਸੀਂ ਉਥੇ ਵੀ ਪੰਚੈਤ ਲੈ ਕੇ ਮੁਆਵਜਾ ਲੈਣ ਪਹੰੁਚ ਗਏ ਸੀਗ੍ਹੇ---ਉਥੋਂ ਕੁੱਤੇ ਖਾਣੀ ਕਰਾ ਕੇ ਵਾਪਸ ਮੁੜੇ---ਸਾਡੀ ਤੇਰੇ ਕੁੜਮਾਂ ਨਾਲ ਦੂਰੋਂ ਪਾਰੋਂ ਰਿਸ਼ਤੇਦਾਰੀ ਪੈਂਦੀ ਐ---ਸਾਨੂੰ ਉਹਨਾਂ ਨੇ ਸਾਰੀ ਗੱਲ ਦੱਸ ਰੱਖੀ ਐ---ਫੇਰ ਤਂੈ ਸਾਥੋਂ ਰੁਪੱਈਆਂ ਦੀ ਪੰਡ ਲੈ ਕੇ ਕੁੜੀ ਬਿਆਹੀ---ਇਹ ਤਾਂ ਸਾਡੀ ਮਜ਼ਬੂਰੀ ਸੀ ਬਈ ਅਸੀਂ ਤੇਰੇ ਵਰਗੇ ਚਵਲ ਦੀ ਧੀ ਦਾ ਰਿਸ਼ਤਾ ਲਿਆ---ਅਖੇ ਥੋੜੀ ਤੂੜੀ ਗਲਦੀ ਸੀ ਸਾਡੀ ਮੈਸ ਭੁੱਖੀ ਮਰਦੀ ਸੀ---ਅਸੀਂ ਤੇਰੇ ਨਾਲ ਰਿਸ਼ਤਾ ਜੋੜਨਾ ਸੀ? ਹੁਣ ਆਇੰ ਕਰਦੇ ਆਂ---ਆਪਾਂ ਕੁੜੀ ਨੂੰ ਪੁੱਛ ਲੈਨੇ ਆਂ ਬਈ ਅਸੀਂ ਉਹਦੇ ਕੋਲੋਂ ਕਦੇ ਦਾਜ ਮੰਗਿਆ ਹੈ ਜਾ ਨਾ---"
ਮੈਂ ਬੀਰੇ ਤੇ ਬਾਪੂ ਨੂੰ ਨਿਰਲੱਜ ਹੋ ਕੇ ਬੜਬੜ ਬੋਲਦਿਆਂ ਦੇਖ ਸੁਣ ਰਹੀ ਸਾਂ---ਐਨਾ ਨਿੱਘਰ ਗਏ ਸਨ ਦੋਵੇ ਕਿ ਮੇਰਾ ਜੀਅ ਕਰੇ ਬਈ ਦੋਹਾਂ ਨੂੰ ਚੁੱਲ੍ਹੇ `ਚ ਡਾਹ ਦਿਆਂ---ਮੈਨੂੰ ਬਾਹਰ ਸੱਦਿਆ ਗਿਆ---ਮੈਂ ਘੰੁਡ ਕੱਢ ਕੇ ਪੰਚਾਇਤ ਸਾਹਮਣੇ ਹਾਜ਼ਰ ਹੋਈ---ਘੁੰਡ ਦੀ ਪੇਂਡੂ ਸਮਾਜ ਵੱਲੋਂ ਸਥਾਪਤ ਮਰਿਆਦਾ ਦਾ ਪਾਲਣ ਕਰਨ ਲਈ ਨਹੀਂ---ਸਗੋਂ ਧਰਮੀ ਬਾਬਲ ਤੇ ਧਰਮੀ ਬੀਰੇ ਦੀ ਸ਼ਕਲ ਨਾ ਦੇਖਣ ਤੇ ਆਪਣੀ ਸ਼ਕਲ ਉਹਨਾਂ ਨੂੰ ਨਾ ਦਖਾਉਣ ਦੀ ਮਨਸ਼ਾਂ ਨਾਲ ਮੈਂ ਘੁੰਡ ਕੱਢ ਕੇ ਬਾਹਰ ਆਈ---ਮੈਨੂੰ ਬਾਹਰ ਆਈ ਦੇਖ ਕੇ ਤੇ ਮੇਰਾ ਜਵਾਬ ਸੁਣਨ ਦੀ ਉਤਸੁਕਤਾ ਨਾਲ ਸੈਕੜੇ ਲੋਕਾਂ ਦੀ ਭੀੜ ਸਾਹ ਰੋਕ ਕੇ ਖੜ੍ਹੀ ਹੋ ਗਈ---ਇੱਥੋਂ ਤੱਕ ਕਿ ਔਰਤਾਂ ਨੇ ਰੋਂਦੇ ਹੋਏ ਨਿੱਕੇ ਬੱਚਿਆਂ ਦੇ ਮੂੰਹਾਂ ਉੱਤੇ ਵੀ ਹੱਥ ਧਰ ਲਿਆ---ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ਉਤੇ ਤਿਆਰ ਬਰ ਤਿਆਰ ਕਰ ਕੇ ਬੋਲੀ,
“ਪੰਚਾਇਤ ਦੇ ਰਸੂਖਦਾਰ ਤੇ ਆਦਰਯੋਗ ਬੰਦਿਆਂ ਸਾਹਮਣੇ ਮੈਨੂੰ ਇਸ ਤਰ੍ਹਾਂ ਬਦਤਮੀਜ਼ੀ ਨਾਲ ਬੋਲਣਾ ਤਾਂ ਨਹੀਂ ਚਾਹੀਦਾ ਪਰ ਕਦੇ ਕਦੇ ਮਜ਼ਬੂਤੀਆਂ ਤੇ ਅੱਤ ਦਰਜੇ ਦੀਆਂ ਵਧੀਕੀਆਂ ਆਦਮੀ ਨੂੰ ਬੋਲਣ ਲਈ ਮਜ਼ਬੂਰ ਕਰ ਦਿੰਦੀਆਂ ਨੇ---ਇਹ ਮੇਰਾ ਧਰਮੀ ਬਾਬਲ ਤੇ ਧਰਮੀ ਬੀਰਾ---ਮੈਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਆਪ ਸਭ ਨੂੰ ਦੱਸਣ ਲੱਗੀ ਹਾਂ---ਮੇਰੀ ਦੁਰਦਸ਼ਾ ਦੇ ਅਤੇ ਪਿਛਲੇ ਮਹੀਨੇ ਹੋਈ ਦੁਖਦਾਈ ਘਟਨਾ ਦੇ ਲਈ ਇਹ ਜ਼ਿੰਮੇਵਾਰ ਨੇ---ਇਹਨਾਂ ਨੇ ਜੋ ਜੋ ਜ਼ੁਲਮ ਸਾਡੇ ਤਿੰਨਾ ਭੈਣਾਂ ਉੱਤੇ ਕੀਤੇ ਉਹ ਜ਼ਬਾਨ ਨਾਲ ਬਿਆਨ ਨਹੀਂ ਕੀਤੇ ਜਾ ਸਕਦੇ---"
ਫੇਰ ਮੈਂ ਆਪਣੇ ਜਨਮ ਤੋਂ ਲੈ ਕੇ ਉਸ ਦਿਨ ਤੱਕ ਸਾਡੇ ਤਿੰਨਾਂ ਭੈਣਾਂ ਉੱਤੇ ਹੋਹੇ ਅੱਤਿਆਚਾਰ, ਬੇਇਨਸਾਫੀ ਅਤੇ ਮਾਪਿਆਂ ਦੇ ਲਾਲਚ ਦੀ ਸਾਰੀ ਕਹਾਣੀ ਵਿਸਥਾਰ ਨਾਲ ਦੁਹਰਾਈ---ਧਰਮੀ ਮਾਪਿਆਂ ਦੀਆਂ ਸਾਰੀਆਂ ਕਰਤੂਤਾਂ ਪੰਚਾਇਤ ਅੱਗੇ ਖੋਲ੍ਹ ਕੇ ਸੁਣਾਈਆਂ ਮੈਨੂੰ ਇਹ ਸਭ ਕੁੱਝ ਦੱਸਣ ਵਿੱਚ ਪੌਣਾ ਘੰਟਾ ਲੱਗ ਗਿਆ---ਮੈਨੂੰ ਰੋਹ `ਚ ਆਈ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਮੇਰਾ ਘੁੰਡ ਸਰਕ ਗਿਆ ਤੇ ਚੁੰਨੀ ਮੇਰੇ ਸਿਰੋਂ ਲੱਥ ਕੇ ਗਲੇ `ਚ ਆ ਅਟਕੀ---ਲੋਕ ਮੂੰਹ `ਚ ਉਂਗਲਾਂ ਦੇ ਕੇ ਹੈਰਾਨੀ ਪ੍ਰਗਟ ਕਰ ਰਹੇ ਸਨ---ਮੇਰੀ ਗੱਲ ਖਤਮ ਹੋਣ ਤੇ ਪੰਚਾਇਤ ਨੇ ਮੇਰੇ ਬਾਪੂ ਅਤੇ ਬੀਰੇ ਨੂੰ ਉਹ ਛਿੱਬੀਆਂ ਦਿੱਤੀਆਂ---ਉਹ ਬੇਇਜਤੀ ਕੀਤੀ ਕਿ ਦੋਨੋ ਘਸੇ ਹੋਏ ਛਿੱਤਰ ਵਾਂਗ ਫਿੱਟ ਫਿੱਟ ਕਰਦੇ ਵਾਪਸ ਪਰਤ ਗਏ---ਉਹਨਾਂ ਨੂੰ ਉੱਕਾ ਉਮੀਦ ਨਹੀਂ ਸੀ ਕਿ ਕਦੇ ਲੰਗੜੀ ਇਸ ਤਰ੍ਹਾਂ ਵੀ ਉਹਨਾਂ ਦੀ ਮਿੱਟੀ ਪਲੀਤ ਕਰ ਸਕਦੀ ਐ---ਇਹ ਤਾਂ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ---ਪੰਚਾਇਤ ਨੇ ਤੇ ਲੋਕਾਂ ਨੇ ਸੱਚ ਦਾ ਸਾਥ ਦੇਣ ਸਦਕਾ ਮੇਰੀਆਂ ਬਹੁਤ ਤਾਰੀਫ਼ਾਂ ਕੀਤੀਆਂ---ਮੈਨੂੰ ਸ਼ਾਬਾਸ਼ੀ ਦਿੱਤੀ---ਮੇਰੇ ਸਹੁਰੇ ਨੇ ਭਰੀ ਪੰਚਾਇਤ ਵਿੱਚ ਮੇਰੇ ਪੈਰੀਂ ਹੱਥ ਲਾਏ---ਮੈਂ ਬਹੁਤ ਅਦਬ ਨਾਲ ਉਨ੍ਹਾਂ ਦੇ ਹੱਥ ਮੱਥੇ ਨੂੰ ਛੂਹਾਏ।
ਸਾਰੇ ਆਖ ਰਹੇ ਸਨ ਕਿ ਬਹੂ ਬਹੁਤ ਸਿਆਣੀ ਐ---ਇਹਨੇ ਸੱਚ ਦਾ ਸਾਥ ਦਿੱਤਾ---ਬਹੁਤ ਦਲੇਰ ਐ ਬਹੂ---ਬਹੁਤ ਦਲੇਰ---ਇੱਧਰ ਮੈਂ ਵੀ ਆਪਣੇ ਦਿਲ ਦਿਮਾਗ ਤੋਂ ਮਣਾਂ ਮੂੰਹੀ ਬੋਝ ਉਤਰ ਗਿਆ ਮਹਿਸੂਸ ਕਰ ਰਹੀ ਸਾਂ---ਨਾਲ ਦੀ ਨਾਲ ਮਨ ਵਿੱਚ ਕਿਤੇ ਅਪਰਾਧ ਬੋਧ ਦੀ ਭਾਵਨਾ ਵੀ ਸਿਰ ਚੱਕ ਰਹੀ ਸੀ---ਇੱਕ ਸਰੀਫ਼ ਧੀ ਭੈਣ ਨੂੰ ਇਸ ਤਰ੍ਹਾਂ ਆਪਣੇ ਧਰਮੀ ਮਾਪਿਆਂ ਦੀ ਮਿੱਟੀ ਪਲੀਤ ਨਹੀਂ ਕਰਨੀ ਚਾਹੀਦੀ---ਸੁਣਦੇ ਹਾਂ ਕਿ ਔਲਾਦ ਕੁਲਾਦ ਹੋ ਸਕਦੀ ਐ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ---ਲੇਕਿਨ ਮੇਰੇ ਕੇਸ ਵਿੱਚ ਉਲਟਾ ਹੈ---ਇਥੇ ਮਾਪੇ ਕੁਮਾਪੇ ਹੋ ਗਏ ਨੇ ਤੇ ਉਹਨਾਂ ਨੇ ਔਲਾਦ ਨੂੰ ਕੁਲਾਦ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ---ਫੇਰ ਵੀ ਮੇਰੀਆਂ ਅੱਖਾਂ ਨਮ ਹੋ ਗਈਆਂ---ਮੈਂ ਅੰਦਰੇ ਅੰਦਰ ਆਪਣੇ ਆਪ ਨੂੰ ਫਿਟ ਲਾਹਣਤਾਂ ਵੀ ਪਾਈਆਂ ਕਿ ਲੰਗੜੀ ਤੈਨੂੰ ਐਂ ਨਹੀਂ ਸੀ ਕਰਨਾ ਚਾਹੀਦਾ ਪਰ ਇੱਕ ਬੁਲੰਦ ਆਵਾਜ਼ ਮੇਰੇ ਅੰਦਰੋਂ ਇਹ ਵੀ ਆਈ ਕਿ ਜੇ ਮੈਂ ਇਹ ਸੱਚ ਨਾ ਦੱਸਿਆ ਹੁੰਦਾ ਤਾਂ ਮੇਰੇ ਸਹੁਰਿਆਂ ਦੀ ਮਿੱਟੀ ਪਲੀਤ ਹੋਣੀ ਸੀ---ਤੇ ਝੂਠ ਬੋਲ ਕੇ ਸਾਰੀ ਉਮਰ ਹੀਣ ਭਾਵਨਾ ਦਾ ਸ਼ਿਕਾਰ ਹੋਈ ਰਹਿੰਦੀ---।
ਨਾਲੇ ਇੱਕ ਗੱਲ ਹੋਰ ਕਿ ਮੈਂ ਕਿਧਰੇ ਮਾਸਾ ਵੀ ਝੂਠ ਨੀ ਬੋਲਿਆ---ਮੈਂ ਸੋਚ ਰਹੀ ਸਾਂ ਕਿ ਮੇਰੇ ਮਾਪਿਆਂ ਦੀ ਕਰਤੂਤ ਸੁਣ ਕੇ ਲੋਕ ਸੁਚੇਤ ਹੋ ਜਾਣਗੇ---ਸ਼ਾਇਦ ਉਹ ਆਪਣੀ ਧੀ ਨਾਲ ਇਸ ਤਰ੍ਹਾਂ ਨਾ ਕਰਨ---ਉਹ ਮੇਰੇ ਕੇਸ ਤੋਂ ਕੁੱਝ ਸਬਕ ਲੈ ਲੈਣ---
ਮੈਂ ਇਸ ਘਟਨਾ ਤੋਂ ਬਾਦ ਕਈ ਦਿਨ ਗੁੰਮ ਸੁੰਮ ਜਿਹੀ ਰਹੀ---ਖੋਈ ਖੋਈ ਜਿਹੀ---ਇਸ ਘਟਨਾ ਨੇ ਇੱਕ ਹੋਰ ਚਮਤਕਾਰ ਵੀ ਕੀਤਾ---ਮੇਰੇ ਵਿਆਹ ਨੂੰ ਭਾਵੇਂ ਇਹ ਅੱਧਾ ਅਧੂਰਾ ਹੀ ਸੀ, ਸਾਲ ਹੋ ਚੱਲਿਆ ਸੀ ਪਰ ਮੇਰਾ ਕਿਸੇ ਨੂੰ ਨਾਮ ਨਹੀਂ ਸੀ ਪਤਾ---ਸਾਰੇ ਮੈਨੂੰ ਬਹੂ ਰਾਣੀ, ਤਾਈ ਚਾਚੀ, ਭਾਬੀ ਆਦਿ ਲਗਦੇ ਰਿਸ਼ਤੇ ਨਾਲ ਬੁਲਾ ਕੇ ਕੰਮ ਚਲਾ ਰਹੇ ਸਨ---ਨਾ ਕਿਸੇ ਨੇ ਮੇਰਾ ਨਾਂ ਪੁੱਛਣ ਦੀ ਖੇਚਲ ਕੀਤੀ ਤੇ ਨਾ ਹੀ ਸ਼ਾਇਦ ਇਸ ਦੀ ਲੋੜ ਪਈ।
ਇਸ ਘਟਨਾ ਤੋਂ ਬਾਦ ਘਰਦਿਆਂ ਦੀ ਉਤਸੁਕਤਾ ਜਾਗੀ ਕਿ ਐਡੀ ਦਲੇਰ ਔਰਤ ਦਾ ਨਾਂ ਕੀ ਹੋ ਸਕਦਾ ਐ---ਜਦੋਂ ਇੱਕ ਦਿਨ ਮੇਰੀ ਸੱਸ ਨੇ ਮੈਥੋਂ ਮੇਰਾ ਨਾਂ ਪੁੱਛਿਆਂ ਤਾਂ ਮੇਰੇ ਲਈ ਬੜੀ ਅਜੀਬ ਜਿਹੀ ਸਥਿਤੀ ਹੋ ਗਈ---ਮੈਂ ਨਾ ਤਾਂ ਇਸ ਸੁਆਲ ਲਈ ਤਿਆਰ ਸਾਂ ਤੇ ਨਾ ਹੀ ਇਸ ਦਾ ਮੇਰੇ ਕੋਲ ਕੋਈ ਜਵਾਬ ਹੀ ਸੀ---ਮੈਂ ਅੱਭੜਵਾਹੀ ਨੇ ਜਵਾਬ ਦਿੱਤਾ,
“ਮੇਰਾ ਨਾਂ---ਮੇਰਾ ਨਾਂ---ਨਾਂਅ---ਮੇਰਾ ਨਾਓਂ ਬੇਬੇ ਲੰਗੜੀ ਈ ਐ---ਸਾਰੇ ਮੈਨੂੰ ਇਸੇ ਨਾਮ ਨਾਲ ਸੱਦਦੇ ਹੁੰਦੇ ਸੀਘੇ---"
ਪਲ ਕੁ ਰੁਕ ਕੇ ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਧਰਦਿਆਂ ਕਿਹਾ, “ਫਿਟੇ ਮੂੰਹ ਅਤੇ ਜੇ ਮਾਪਿਆ ਦੇ---ਜਿਹਨਾਂ ਨੇ ਤੇਰਾ ਨਾਂ ਤੱਕ ਧਰਨ ਦੀ ਖੇਚਲ ਨੀ ਕੀਤੀ---ਚਲ ਫੇਰ ਅੱਜ ਤੋਂ ਬਾਦ ਤੇਰਾ ਨਾਂ ਦਲੇਰ ਕੁਰ ਰੱਖਿਆ---ਤੂੰ ਤਾਂ ਹੈਂ ਈ ਦਲੇਰ---ਜੇ ਹੁਣ ਕੋਈ ਤੈਨੂੰ ਤੇਰਾ ਨਾਂ ਪੁੱਛੇ ਤਾਂ ਤੈਂ ਦਲੇਰ ਕੁਰ ਈ ਦੱਸਣੈ---ਨਾਲੇ ਪੁੱਤ ਤੈਂ ਸੱਚ ਬੋਲ ਕੇ ਸਾਡੀ ਇੱਜਤ ਬੀ ਬਚਾਈ ਤੇ ਦਲੇਰੀ ਵੀ ਦਖਾਈ---ਅਸੀਂ ਤਾਂ ਤੇਰੇ ਰਿਣੀ ਹੋ ਗੇ---"
ਮੈਂ ਸੋਚ ਰਹੀ ਸਾਂ ਕਿ ਮੈਂ ਕਤਾਂ ਮਾਰੀ, ਕਰਮਾਂ ਸੜੀ, ਅਣਗੋਲੀ ਤੇ ਨਿਰਭਾਗ ਔਰਤ ਕਿੱਧਰੋਂ ਦਲੇਰ ਹੋ ਗਈ---ਜੇ ਮੈਂ ਦਲੇਰ ਹੁੰਦੀ ਤਾਂ ਬਚਪਨ ਤੋਂ ਆਪਣੇ ਨਾਲ ਹੁੰਦੀ ਬੇਇਨਸਾਫ਼ੀ ਦਾ ਵਿਰੋਧ ਕਰਦੀ---ਆਪਣੇ ਬੀਰੇ ਦੀਆਂ ਵਧੀਕੀਆਂ ਖਿਲਾਫ਼ ਆਵਾਜ਼ ਉਠਾਉਂਦੀ---ਜਦ ਬਾਪੂ ਨੇ ਪੈਸੇ ਲੈ ਕੇ ਮੇਰਾ ਨਿਰੰਜਣ ਨਾਲ ਰਿਸ਼ਤਾ ਕਰ ਦਿੱਤਾ ਸੀ ਮੈਂ ਉਦੋਂ ਉਹਨੂੰ ਰੋਕਦੀ---ਫੇਰ ਅੱਧੇ ਅਧੂਰੇ ਵਿਆਹ ਬਾਦ ਡੋਲੀ `ਚ ਬਿਠਾ ਕੇ ਤੋਰਨ ਸਮੇਂ ਬਾਪੂ ਨੂੰ ਫਾੜ ਫਾੜ ਸੁਣਾਉਂਦੀ---ਪਰ ਮੈਂ ਤਾਂ ਡਰਪੋਕ ਜੀਵ ਹਾਂ---ਦੱਬਿਆ ਕੁਚਲਿਆ ਜੀਵ ਹਾਂ---ਇਹ ਦਲੇਰੀ ਤਾਂ ਊਈਂ ਸ਼ਿਕਾਰੀ ਦੇ ਪੈਰ ਹੇਠ ਬਟੇਰਾ ਆਉਣ ਵਾਲੀ ਗੱਲ ਹੋ ਗਈ---ਦਲੇਰ ਔਰਤਾਂ ਤਾਂ ਕਿਸੇ ਹੋਰ ਈ ਜਹਾਨ ਦੀਆਂ ਵਾਸੀ ਹੁੰਦੀਆਂ ਨੇ---ਕਿਸੇ ਹੋਰ ਲੋਕ ਦੀਆਂ ਵਾਸੀ ਹੁੰਦੀਆਂ ਹੋਣਵੀਆਂ---ਇੱਥੇ ਤਾਂ ਔਰਤ ਡਰਪੋਕ, ਡਰੀ ਸਹਿਮ ਤੇ ਦਬੀ ਕੁਚਲੀ ਹੀ ਮਿਲਦੀ ਹੈ---ਮੇਰੀ ਸੱਸ ਨੇ ਮੇਰਾ ਧਿਆਨ ਤੋੜਿਆ,
“ਤੇਰੇ ਨਾਲ ਹੋਈਆਂ ਵਧੀਕੀਆਂ ਦਾ ਮੈਨੂੰ ਬਹੁਤ ਦੁਖ ਐ---ਨਾਲੇ ਮੈਂ ਪੰਡਤੈਣ ਦੀਆਂ ਗੱਲਾਂ `ਚ ਆ ਕੇ ਤੈਨੂੰ ਦੁਖੀ ਕੀਤਾ---ਹੁਣ ਤੂੰ ਇਸ ਗੱਲ ਨੂੰ ਮਨੋ ਭੁਲਾ ਦੇਹ---ਚਿੱਤ `ਚ ਨਾ ਰੱਖੀਂ ਕੋਈ ਗੱਲ---ਊਂ ਜਾਣੀ ਦੀ ਮੈਂ ਸੋਚਿਆਂ ਤਾਂ ਤੇਰੇ ਭਲੇ ਖਾਤਰ ਈ ਸੀਗ੍ਹਾ---ਪਰ ਗੱਲ ਪੁੱਠੀ ਪੈ ਗਈ---"
“ਕੋਈ ਨਾ ਬੇਬੇ---ਜੋ ਕਰਮਾਂ `ਚ ਲਿਖਿਆ ਹੁੰਦੈ---ਉਹੀ ਹੋਣਾ ਹੁੰਦਾ ਐ---"
ਮੈਂ ਅੱਖਾਂ `ਚ ਆਇਆ ਪਾਣੀ ਵਾਪਸ ਮੋੜਨ ਲਈ ਮੂੰਹ ਉਤਾਂਹ ਨੂੰ ਚੱਕ ਲਿਆ---ਮੇਰੀਆਂ ਨਜ਼ਰਾਂ ਸਾਹਮਣੇ ਟਿਕਾਣੇ `ਚ ਹੋਈ ਬੀਤੀ ਸਾਰੀ ਘਟਨਾ ਫਿ਼ਲਮ ਦੀ ਸਕਰੀਨ ਵਾਂਗ ਘੁੰਮਣ ਲੱਗੀ---ਮੈਂ ਦਹਿਸ਼ਤ ਤੋਂ ਪਿੱਛਾ ਛੁਡਾਉਣ ਲਈ ਅੰਦਰ ਕੋਠੜੀ `ਚ ਜਾ ਕੇ ਆਪਣੇ ਪਤੀ ਦਾ ਗੰਦ ਸਾਫ਼ ਕਰਨ `ਚ ਰੁੱਝ ਗਈ
ਉਨ੍ਹੀ ਦਿਨੀਂ ਮੇਰੀ ਸੱਸ ਦੇ ਵਤੀਰੇ ਵਿੱਚ ਇੱਕ ਵੱਡਾ ਬਦਲਾਓ ਆਇਆ---ਉਹ ਆਨੀਂ ਬਹਾਨੀਂ ਮੇਰੇ ਘਰ ਵਾਲੇ ਦੇ ਕੋਲ ਬਹਿ ਕੇ ਰੁਦਨ ਕਰਦੀ ਰਹਿੰਦੀ---ਆਖਦੀ ਰਹਿੰਦੀ ਬਈ ਇਹਦੀ ਬਮਾਰੀ ਰੱਬ ਮੈਨੂੰ ਈ ਦੇ ਦਿੰਦਾ---ਮੈਂ ਤਾਂ ਸਭ ਖਾ ਹੰਢਾਅ ਲਿਆ ਸੀ---ਇਹਦੀ ਅਜੇ ਖਾਣ ਹੰਢਾਉਣ ਦੀ ਉਮਰ ਐ---ਕਦੇ ਕਦੇ ਉਹ ਉੱਚੀ ਉੱਚੀ ਕੀਰਨੇ ਪਾਉਣ ਲੱਗ ਜਾਂਦੀ---ਮੈਂ ਉਸਨੂੰ ਹੌਸਲਾ ਦਿੰਦੀ---ਚੁੱਪ ਕਰਾਉਂਦੀ---ਉਹ ਮੈਨੂੰ ਲਗਾਤਾਰ ਅਸੀਸਾਂ ਦਈ ਜਾਂਦੀ---ਮੇਰਾ ਸਿਰ ਪਲੋਸੀ ਜਾਂਦੀ---ਕਦੇ ਕਦੇ ਠੰਢੇ ਸਾਹ ਭਰਦੀ ਹੋਈ ਰੱਬ ਨੂੰ ਕੋਸੀ ਜਾਂਦੀ---
ਅੱਜ ਕੱਲ੍ਹ ਉਹ ਮੈਨੂੰ ਮੋਹ ਵੀ ਕੁੱਝ ਜ਼ਿਆਦਾ ਈ ਕਰਨ ਲੱਗ ਪਈ ਸੀ---ਮੇਰਾ ਵਿਸ਼ੇਸ਼ ਧਿਆਨ ਰੱਖਦੀ---ਪਰ ਉਹਦੀ ਇੱਕ ਗੱਲ ਮੈਨੂੰ ਬਹੁਤ ਖ਼ਰਾਬ ਲਗਦੀ---ਉਹ ਮੇਰੇ ਪਤੀ ਦੇ ਬਚੇ ਖਾਣੇ ਨੂੰ ਸਿੱਟਣ ਦੀ ਬਜਾਏ ਮੈਨੂੰ ਖਾਣ ਲਈ ਮਜ਼ਬੂਰ ਕਰਦੀ---
“ਪੁੱਤ ਇਸ ਖਿਚੜੀ `ਚ ਤਾਂ ਸ਼ੁਧ ਦੇਸੀ ਘੀ ਪਿਆ ਹੋਇਐ---ਨਾਲੇ ਪਤੀ ਪਤਨੀ ਦੀ ਆਪਸ `ਚ ਕਾਹਦੀ ਜੂਠ ਸੂਚ ਹੁੰਦੀ ਐ---ਪਤੀ ਤਾਂ ਪਨਮੇਸ਼ਰ ਹੁੰਦੈ---ਉਹ ਤੀਮੀ ਤਾਂ ਭਾਗਾਂ ਆਲੀ ਹੁੰਦੀ ਐ ਜਿਸ ਦੇ ਹਿੱਸੇ ਪਤੀ ਦੀ ਜੂਠ ਆਵੇ---ਇਸ ਤਰਾਂ ਆਪਸ `ਚ ਪਿਆਰ ਵੀ ਵਧਦਾ ਐ---"
ਉਫ਼!! ਮੇਰਾ ਜੀ ਕਰੇ ਕਿ ਆਖਾਂ ਬਈ ਮਾਈ ਫੇਰ ਪ੍ਰਮਾਤਮਾ ਸਾਰੀਆਂ ਔਰਤਾਂ ਦੀ ਕਿਸਮਤ ਮੇਰੇ ਵਰਗੀ ਲਿਖ ਦੇਵੇ---ਪਰ ਮੈਂ ਸਿਰਫ ਇਹੀ ਆਖ ਸਕਦੀ,
“ਬੇਬੇ ਜੀ ਡਾਕਟਰਾਂ ਨੇ ਕਿਹਾ ਸੀ ਕਿ ਮਰੀਜ਼ ਦਾ ਜੂਠਾ ਕੋਈ ਹੋਰ ਨਾ ਖਾਵੇ---ਨਾਲੇ ਜੇ ਮੈਂ ਠੀਕ ਰਹੂੰ ਤਾਂ ਹੀ ਇਹਦੀ ਸੇਵਾ ਕਰ ਸਕਾਂਗੀ---"
ਬੇਬੇ ਮੇਰੇ ਮੂੰਹੋਂ ਝੱਟ ਗੱਲ ਫੜਦਿਆਂ ਆਖਦੀ,
“ਨਾ ਪੁੱਤ---ਨਿਰੰਜਣ ਸਿੰਘ ਦੀ ਬਮਾਰੀ ਲਾਗ ਦੀ ਬਮਾਰੀ ਨੀ ਹੈਗੀ---ਲਾਗ ਦੀ ਬਮਾਰੀ ਤਾਂ ਜਖਾਮ ਖਾਂਸੀ ਬਗੈਰਾ ਹੁੰਦੀ ਐ---ਖਾ ਲੈ ਮੇਰੀ ਧੀ---"
ਮੈਂ ਫੇਰ ਕਿੰਨੀ ਹੀ ਦੇਰ ਆਪਣੇ ਪਤੀ ਦੇ ਮੂੰਹ ਵਾਲੇ ਚਮਚੇ ਨੂੰ ਦੇਖਦੀ ਰਹਿੰਦੀ---ਝੂਰਦੀ ਰਹਿੰਦੀ ਪਰ ਬੁੱਢੀ ਜਮਦੂਤ ਬਣੀ ਇੰਤਜ਼ਾਰ ਕਰਦੀ ਰਹਿੰਦੀ ਕਿ ਮੈਂ ਕਦੋਂ ਇਹ ਬਚਿਆ ਖਾਣਾ ਖਾਊਂਗੀ---ਮੇਰੇ ਪਤੀ ਦਾ ਖਾਣਾ ਜ਼ਿਆਦਾ ਈ ਤਰਲ ਹੰੁਦਾ ਸੀ---ਇਹ ਹੱਥਾਂ ਨਾਲ ਨਹੀਂ ਸਗੋਂ ਚਮਚੇ ਨਾਲ ਈ ਖਾਧਾ ਜਾ ਸਕਦਾ ਸੀ---ਇਕ ਦਿਨ ਮੈ ਚਮਚੇ ਨਾਲ ਖਾਣ ਦੀ ਬਜਾਏ ਛੰਨਾ ਈ ਮੂੰਹ ਨੂੰ ਲਾ ਲਿਆ---ਬੁੱਢੀ ਕੋਲੋਂ ਇਹ ਬਰਦਾਸ਼ਤ ਨਾ ਹੋਇਆ---ਉਹ ਛੰਨਾ ਮੇਰੇ ਮੂੰਹ ਤੋਂ ਪਰ੍ਹਾਂ ਕਰਦਿਆਂ ਬੋਲੀ,
“ਪੁੱਤ ਘਰਾਣੇ ਘਰ ਦੀਆਂ ਧੀਆਂ ਬਹੂਆਂ ਛੰਨਾ ਥਾਲੀ ਮੂੰਹ ਨੂੰ ਨੀ ਲਾਉਂਦੀਆਂ ਹੁੰਦੀਆਂ---ਇਹ ਤਾਂ ਮਰਦਾਂ ਦੀ ਆਦਤ ਹੁੰਦੀ ਐ---ਸਾਡੇ ਬਜ਼ੁਰਗ ਰਹਿੰਦੇ ਹੁੰਦੇ ਸੀਗੇ ਬਈ ਜੇ ਤੀਵੀਂ ਥਾਲੀ ਛੰਨੇ ਨੂੰ ਮੂੰਹ ਲਾ ਕੇ ਅੰਨ ਖਾਵੇ ਤਾਂ ਉਹਦੇ ਦਾੜ੍ਹੀ ਮੁੱਛਾ ਉਗ ਆਉਂਦੀਆਂ ਨੇ---"
ਉਹਦੀ ਗੱਲ ਸੁਣ ਕੇ ਮੈਂ ਸੋਚਦੀ ਕਿ ਸਭ ਅਧਿਕਾਰ ਸਿਰਫ਼ ਮਰਦ ਨੂੰ ਹੀ ਕਿਉਂ? ਫੇਰ ਮੈਂ ਆਪਣੇ ਮੂੰਹ ਉੱਤੇ ਦਾਹੜੀ ਮੁੱਛ ਉਗੀ ਹੋਈ ਵੇਖਦੀ ਤੇ ਮੇਰਾ ਹੱਥ ਆਪ ਮੁਹਾਰੇ ਈ ਠੋਡੀ ਟੋਹਣ ਲੱਗ ਜਾਂਦਾ---ਪਰ ਪਤੀ ਦੇ ਮੂੰਹ ਵਾਲਾ ਜੂਠਾ ਚਮਚਾ ਮੂੰਹ `ਚ ਪਾਉਂਦਿਆ ਮੈਨੂੰ ਕਚਹਿਣ ਆਉਂਦੀ---ਨਾਲੇ ਕਿਹੜਾ ਪਤੀ?? ਤੁਸੀਂ ਨਿਰੰਜਣ ਸਿੰਘ ਨੂੰ ਕਿਸੇ ਵੀ ਪੱਖ ਤੋਂ ਮੇਰਾ ਪਤੀ ਸਿੱਧ ਕਰ ਸਕਦੇ ਹੋ---? ਈਮਾਨਦਾਰੀ ਨਾਲ ਦੱਸਣਾ।
ਮੇਰੇ ਹਿਸਾਬ ਨਾਲ ਤਾਂ ਨਿਰੰਜਣ ਮੇਰਾ ਪਤੀ ਨਹੀਂ ਹੈ---ਸ਼ਾਇਦ ਇਸੇ ਕਰਕੇ ਉਹਦੇ ਮੂੰਹ ਵਾਲੇ ਚਮਚੇ ਨਾਲ ਉਹਦਾ ਜੂਠਾ ਖਾਣਾ ਖਾਣ ਵਕਤ ਮੈਨੂੰ ਘਿਣ ਆਉਂਦੀ---ਧੁੜਧੁੜੀ ਆਉਂਦੀ ਇਹ ਚਮਚਾ ਮੂੰਹ ਦੇ ਲਾਗੇ ਲਿਜਾਂਦਿਆਂ ਮੈਨੂੰ ਸੂਗ ਆਉਂਦੀ---ਮੈਂ ਫੇਰ ਬਹਾਨਾ ਲਾ ਦਿੰਦੀ ਕਿ ਅਜੇ ਮੈਨੂੰ ਭੁੱਖ ਨਹੀਂ ਹੈ---ਠਹਿਰ ਕੇ ਖਾਊਂਗੀ---ਮੈਂ ਮੌਕਾ ਤਾੜਦੀ ਰਹਿੰਦੀ ਕਿ ਕਦੋਂ ਸਭ ਤੋਂ ਅੱਖ ਬਚਾ ਕੇ ਮੈਂ ਇਸ ਨੂੰ ਪਸ਼ੂਆਂ ਦੀ ਖੁਰਲੀ `ਚ ਸਿੱਟ ਆਵਾਂ---ਤੁਸੀਂ ਦੱਸੋ ਕਿ ਮੈਂ ਠੀਕ ਸਾਂ ਜਾਂ ਗਲਤ? ਕਿਸੇ ਨੂੰ ਵੀ ਇਸ ਖਾਣੇ ਤੋਂ ਗਲਿਆਣ ਆਉਣੀ ਸੁਭਾਵਕ ਹੈ। ਉਂਜ ਤਾਂ ਮੈਂ ਬਹੁਤ ਸੁਚੇਤ ਰਹਿੰਦੀ ਸਾਂ---ਆਪਣੇ ਹੱਕਾਂ ਪ੍ਰਤੀ ਨਹੀਂ ਸਿਰਫ਼ ਤੇ ਸਿਰਫ਼ ਆਪਣੇ ਫ਼ਰਜਾਂ ਪ੍ਰਤੀ ਪਰ ਫੇਰ ਵੀ ਕਿਤੇ ਕਿਤੇ ਕਮਲ ਮਿੱਧ ਦਿੰਦੀ ਸਾਂ---ਇੱਕ ਦਿਨ ਮੇਰੀ ਸੱਸ ਮੈਨੂੰ ਨਿਰੰਜਣ ਸਿੰਘ ਦਾ ਬਚਿਆ ਖਾਣਾ ਖਾਣ ਲਈ ਪ੍ਰੇਰਿਤ ਕਰਦਿਆਂ, ਸੀਤਾ ਦੇ ਤਿਆਗ ਦੀ ਉਦਾਹਰਣ ਦਿੰਦਿਆਂ ਸਮਝਾ ਰਹੀ ਸੀ ਕਿ ਮੈਂ ਇਹ ਜੂਠ ਖਾਵਾਂ ਤਾਂ ਪਤਾ ਨੀ ਮੇਰੇ ਮੂੰਹੋਂ ਕਿਉ ਇਹ ਨਿਕਲ ਗਿਆ,
“ਬੇਬੇ ਇਹਦੇ ਨਾਲ ਤੇਰਾ ਵੀ ਤਾਂ ਖੂਨ ਦਾ ਰਿਸ਼ਤਾ ਹੈ---ਤੇਰਾ ਪੁੱਤ ਹੈ---ਸਭ ਤੋਂ ਨਜ਼ਦੀਕੀ ਰਿਸ਼ਤਾ ਬੰਦੇ ਦਾ ਮਾਂ ਨਾਲ ਹੰੁਦੈ---ਲੈ ਇੱਕ ਚਮਚਾ ਤੂੰ ਵੀ ਖਾਹ---ਖੋਲ੍ਹ ਮੂੰਹ---"
ਜਿਉਂ ਹੀ ਮੈਂ ਚਮਚਾ ਬੇਬੇ ਦੇ ਮੂੰਹ ਦੇ ਨਜ਼ਦੀਕ ਕੀਤਾ ਉਹ ਧੁੜਧੁੜੀ ਲੈ ਕੇ ਦੋ ਕਦਮ ਪਿੱਛੇ ਹਟ ਗਈ---ਮੇਰੀ ਇਸ ਮੂਰਖਤਾ ਭਰੀ ਹਿੰਮਤ ਨੂੰ ਦੇਖ ਕੇ ਉਹਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ---ਪਰ ਇੱਕ ਗੱਲ ਐ---ਉਸ ਦਿਨ ਤੋਂ ਬਾਦ ਮੇਰੀ ਸੱਸ ਨੇ ਮੈਨੂੰ ਇਹ ਜੂਠ ਖਾਣ ਲਈ ਨਾ ਕਿਹਾ ਤੇ ਇਸ ਘਟਨਾ ਤੋਂ ਮੈਂ ਇਹ ਵੀ ਸਿੱਖਿਆ ਲਈ ਕਿ ਆਪਣੇ ਹੱਕਾਂ ਲਈ ਤੇ ਆਪਣੇ ਉਤੇ ਹੰੁਦੇ ਅਨਿਆਂ ਲਈ ਥੋਹੜੀ ਜਿਹੀ ਹਿੰਮਤ ਦੀ ਜਰੂਰਤ ਹੈ---ਬੱਸ ਇੱਕ ਚੁਟਕੀ ਹਿੰਮਤ ਦੀ---
ਬੇਬੇ ਨੇ ਛਿੱਥੀ ਜਿਹੀ ਪੈਂਦਿਆਂ ਆਖਿਆ,
“ਬੇਦਾਂ ਸਾਸਤਰਾਂ `ਚ ਪਤਨੀ ਲਈ ਸਾਰੇ ਤੀਰਥਾਂ ਉੱਤੇ ਜਾਣ ਦੇ ਫਲ ਬਰਾਬਰ ਪਤੀ ਦੀ ਚਰਨਾਮਤ ਨੂੰ ਮੰਨਿਆ ਗਿਆ ਹੈ---ਜਿਸ ਇਸਤ੍ਰੀ ਨੂੰ ਤੀਰਥਾਂ ਉੱਤੇ ਇਸ਼ਨਾਨ ਕਰਨ ਦੀ ਇੱਛਾ ਹੋਵੇ---ਉਹਨੂੰ ਪਤੀ ਦੇ ਪੈਰ ਧੋ ਕੇ ਉਹਦਾ ਚਰਨਾਮਤ ਪੀ ਲੈਣਾ ਚਾਹੀਦੈ---ਇਸ ਨਾਲ ਉਹਨੂੰ ਸਾਰੇ ਤੀਰਥਾਂ ਦੇ ਨਾਹੁਣ ਦਾ ਫਲ ਪ੍ਰਾਪਤ ਹੋ ਜਾਂਦੈ---ਪਤੀ ਦਾ ਜੂਠਾ ਖਾ ਕੇ ਤਾਂ ਪਤਨੀ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਐ---"
“ਬੇਬੇ ਆਪਾਂ ਕਿਹੜਾ ਵੇਦ ਪੜ੍ਹੇ ਨੇ---ਇਹ ਵੀ ਬਾਹਮਣਾਂ ਨੇ ਆਪਣੇ ਸੁਆਰਥ ਲਈ ਲਿਖ ਮਾਰੇ ਨੇ---" ਬੇਬੇ ਨਿਰੁੱਤਰ ਹੋ ਕੇ ਕੋਠੜੀ `ਚੋਂ ਬਾਹਰ ਚਲੀ ਗਈ---
--ਚਲਦਾ--