25
ਮੇਰੇ ਪਤੀ ਦੇ ਬੱਚੇ ਵੀ ਹੁਣ ਮੈਨੂੰ ਕਦੇ ਕਦੇ ਬੁਲਾ ਲੈਂਦੇ---ਉਹ ਮੈਨੂੰ ਜਦੋਂ ਮਾਸੀ ਕਹਿ ਕੇ ਬਲਾਉਂਦੇ ਤਾਂ ਮੇਰੀ ਸੱਸ ਉਹਨਾਂ ਨੂੰ ਫੱਟ ਟੋਕਦੀ,
“ਪੁੱਤ ਥੋਡੀ ਬੀਬੀ ਐ---ਬੀਬੀ ਕਿਹਾ ਕਰੋ---ਮਾਸੀ ਨਹੀਂ---"
ਪਰ ਬੱਚੇ ਹਮੇਸ਼ਾ ਮੈਨੂੰ ਮਾਸੀ ਕਹਿ ਕੇ ਈ ਬੁਲਾਉਂਦੇ---ਉਂਜ ਮੈਂ ਕਦੇ ਕਦੇ ਇਹ ਵੀ ਸੋਚਦੀ ਕਿ ਬੱਚਿਆਂ ਦੀ ਮੇਰੇ ਪ੍ਰਤੀ ਨਫ਼ਰਤ ਸੁਭਾਵਕ ਹੈ---ਉਹ ਆਪਣੇ ਪਿਓ ਨੂੰ ਵੀ ਇਸ ਕਰਕੇ ਨਫ਼ਰਤ ਕਰਦੇ ਹਨ ਕਿ ਉਸ ਨੇ ਐਸ ਉਮਰੇ ਵਿਆਹ ਕਿਉਂ ਰਚਾਇਆ---ਉਹ ਬਾਪ ਦੀ ਬੀਮਾਰੀ ਦਾ ਕਾਰਣ ਵੀ ਉਸ ਦੇ ਐਸ ਉਮਰੇ ਵਿਆਹ ਕਰਾਉਣ ਨੂੰ ਹੀ ਮੰਨਦੇ।
ਇਹ ਕਿਤੇ ਸ਼ਰਾਧਾਂ ਦੀ ਗੱਲ ਐ---ਨਿਰੰਜਣ ਦੀ ਪਤਨੀ ਤੇ ਮੇਰੀ ਸੌਕਣ ਦਾ ਪਹਿਲਾ ਸ਼ਰਾਧ ਸੀ---ਮੈਨੂੰ ਸੁੱਚੇ ਪਿੰਡੇ ਤੇ ਸੁੱਚੇ ਕੱਪੜਿਆਂ ਨਾਲ ਰਸੋਈ ਤਿਆਰ ਕਰਨ ਦਾ ਹੁਕਮ ਹੋਇਆ---ਸ਼ਰਾਧ ਪਾਉਣ ਵਾਲੀ ਕਾਂਸੀ ਦੀ ਥਾਲੀ ਨੂੰ ਮੇਰੇ ਪਤੀ ਦਾ ਹੱਥ ਲਵਾ ਕੇ ਜਦੋਂ ਮੇਰੀ ਸੱਸ ਗੁਰੇ ਨੂੰ ਲੈ ਕੇ ਛੱਤ `ਤੇ ਚੜ੍ਹੀ ਤਾਂ ਗੁਰੇ ਨੇ ਕਾਗ ਪੋਲੀ ਪਾਉਣ ਖਾਤਰ ਕਾਵਾਂ ਨੂੰ ਕਾਂ ਕਾਂ ਕਰ ਕੇ ਸੱਦਿਆਂ---ਬੜੀ ਦੇਰ ਤੱਕ ਉਹ ਕਾਵਾਂ ਦਾ ਆਵਾਹਨ ਕਰਦਾ ਰਿਹਾ---ਸ਼ਰਾਧਾਂ `ਚ ਕਾਂ ਵੀ ਰੋਟੀ ਖਾ ਖਾ ਕੇ ਰੱਜੇ ਹੁੰਦੇ ਹਨ---ਤੇ ਜਦੋਂ ਗੁਰੇ ਵੱਲੋਂ ਕਾਵਾਂ ਦਾ ਆਵਾਹਨ ਕਰਨ ਬਾਦ ਵੀ ਕੋਈ ਕਾਂ ਨਾ ਆਇਆ ਤਾਂ ਗੁਰੇ ਨੇ ਇਹਦਾ ਦੋਸ਼ ਮੇਰੇ ਸਿਰ ਮੜ੍ਹਦਿਆਂ ਆਖਿਆ,
“ਪਤਾ ਨੀ ਏਸ ਲੰਗੜੀ ਨੇ ਬੇਮਨੀ ਨਾਲ ਰੋਟੀ ਬਣਾਈ ਐ---ਸ਼ਰਧਾ ਨਾਲ ਨਹੀਂ ਬਣਾਈ---ਕੋਈ ਵੀ ਕਾਂ ਨਹੀਂ ਆਇਆ---ਅੱਗੋਂ ਬੇਬੇ ਤੂੰ ਈ ਸ਼ਰਾਧਾਂ ਦੀ ਰੋਟੀ ਤਿਆਰ ਕਰਨੀ ਐ---ਸਾਡੀ ਮਾਂ ਭੁੱਖੀ ਨੀ ਰਹਿਣੀ ਚਾਹੀਦੀ---"
ਮੇਰੀ ਸੱਸ ਪਤਾ ਨੀ ਕਲੇਸ ਤੋਂ ਡਰਦੀ ਮਾਰੀ ਨੀ ਬੋਲੀ ਤੇ ਪਤਾ ਨੀ ਉਹ ਗੁਰੇ ਦੀ ਗੱਲ ਨਾਲ ਸਹਿਮਤ ਹੋ ਗਈ---ਉਹ ਚੁੱਪ ਰਹੀ---ਕੁੱਤੇ ਨੂੰ ਤੇ ਗਾਂ ਨੂੰ ਰੋਟੀ ਪਾ ਕੇ ਮੁੜਦਿਆਂ ਗੁਰਾ ਮੈਨੂੰ ਮੁਖ਼ਾਤਬ ਹੋਇਆ,
“ਸਰਦਾਰਨੀ ਸੈਹਬਾਂ---ਜੇ ਤੈਂ ਸਾਡੀ ਮਾਂ ਦਾ ਸ਼ਰਾਧ ਸ਼ਰਧਾ ਨਾਲ ਪਾਉਣਾ ਹੋਇਆ ਕਰੇ ਤਾ ਠੀਕ ਐ---ਨਹੀਂ ਤਾਂ ਮਨ੍ਹਾ ਕਰ ਦੇ---ਬੇਬੇ ਪਾ ਦਿਆ ਕਰੂ---"
“ਬੇ ਕਾਹਨੂੰ ਬਚਾਰੀ ਨੂੰ ਦੂਸ਼ਣ ਲਾਉਨੈ---ਸ਼ਰਾਧਾਂ `ਚ ਜੈ ਬੱਢੀ ਦੇ ਕਾਂ ਬੀ ਰੱਜੇ ਹੁੰਦੇ ਨੇ ਬਾਹਮਣਾਂ ਵਾਂਗ---ਇਹਦਾ ਭਲਾਂ ਕੀ ਕਸੂਰ ਐ---ਊਈਂ ਉੱਘ ਦੀਆਂ ਪਤਾਲ ਮਾਰੀ ਜਾਨੈ ਖੜ੍ਹਾ---" ਮੇਰੀ ਸੱਸ ਨੇ ਦੱਬਵੀ ਆਵਾਜ਼ ਵਿੱਚ ਮੇਰਾ ਪੱਖ ਪੂਰਿਆ।
ਮੈਂ ਸੋਚਾਂ ਕਿ ਮੁਰਗੀ ਆਪਣੀ ਜਾਨ ਤੋਂ ਗਈ ਤੇ ਖਾਣ ਆਲੇ ਨੂੰ ਸੁਆਦ ਨੀ ਆਇਆ ਮੈਂ ਕਿੰਨੀ ਸ਼ਰਧਾ ਨਾਲ ਸੁੱਚੇ ਮੂੰਹ ਸ਼ਰਾਧ ਦਾ ਖਾਣਾ ਤਿਆਰ ਕੀਤਾ ਤੇ ਇਹ ਗੁਰਾ ਆਖੀ ਜਾਂਦੈ ਬਈ ਮੈਂ ਸ਼ਰਧਾ ਨਾਲ ਨਹੀਂ ਕੀਤਾ ਸਭ ਕੁੱਝ---
ਆਉਂਦੇ ਨਰਾਤਿਆਂ `ਚ ਗੁਰੇ ਦਾ ਵਿਆਹ ਸੀ---ਬੇਸ਼ੱਕ ਸ਼ਰਾਧਾਂ ਦੇ ਦਿਨਾਂ ਵਿੱਚ ਕਿਸੇ ਸੁਭ ਕੰਮ ਦੀ ਸ਼ੁਰੂਆਤ ਤਾਂ ਨਹੀਂ ਕੀਤੀ ਜਾਂਦੀ ਫੇਰ ਵੀ ਤਿਆਰੀ ਤਾਂ ਸ਼ੁਰੂ ਹੋ ਹੀ ਜਾਂਦੀ ਹੈ ਸੋ ਘਰ `ਚ ਗਹਿਮਾ ਗਹਿਮੀ ਸੀ---ਮੈਨੂੰ ਗੁਰੇ ਦੇ ਵਿਆਹ ਦਾ ਚਾਅ ਸੀ---ਇਸ ਕਰਕੇ ਨਹੀਂ ਕਿ ਮੈਂ ਵਿਆਹ ਵਿੱਚ ਮਨੋਰੰਜਨ ਕਰਨਾ ਚਾਹੰੁਦੀ ਸਾਂ---ਨੱਚਣਾ ਗਾਉਣਾ ਚਾਹੁੰਦੀ ਸਾਂ---ਸਗੋਂ ਇਸ ਕਰਕੇ ਕਿ ਘਰ `ਚ ਬਹੂ ਆਊਗੀ---ਮੇਰੇ ਨਾਲ ਕੰਮ ਵਿੱਚ ਹੱਥ ਵਟਾਇਆ ਕਰੇਗੀ---ਮੇਰੇ ਉੱਤੋਂ ਕੰਮ ਦਾ ਬੋਝ ਥੋੜਾ ਹਲਕਾ ਹੋ ਜਾਵੇਗਾ---ਮੈਂ ਸਾਰਾ ਦਿਨ ਕੰਮ ਕਰਦੀ ਥੱਕ ਟੁੱਟ ਜਾਂਦੀ ਸਾਂ---ਅੱਧੀ ਦਿਹਾੜੀ ਤਾਂ ਨਿਰੰਜਣ ਦਾ ਅੱਗਾ ਤੱਗਾ ਕਰਦਿਆਂ ਬੀਤ ਜਾਂਦੀ ਸੀ---ਮੇਰੀ ਜ਼ਿੰਦਗ਼ੀ ਬਹੁਤ ਨੀਰਸ ਬਣ ਕੇ ਰਹਿ ਗਈ ਸੀ---ਨਾ ਭਵਿੱਖ ਵਿੱਚ ਕੋਈ ਰੋਸ਼ਨੀ ਦੀ ਕਿਰਨ---ਨਾ ਕੋਈ ਆਸ ਉਮੀਦ ਤੇ ਨਾ ਕੋਈ ਸੁਪਨਾ---
ਮੇਰੇ ਕੋਲ ਕੋਈ ਭਵਿੱਖ ਨਹੀਂ ਸੀ---ਤੇ ਵਰਤਮਾਨ ਵੀ ਨਾਂ ਦੇ ਬਰਾਬਰ ਸੀ---ਮੇਰੇ ਕੋਲ ਸਿਰਫ ਮੇਰਾ ਅਤੀਤ ਸੀ---ਦੁੱਖਾਂ ਨਾਲ ਭਰਿਆ---ਖਿੱਚ ਧਰੂਹ ਕੇ ਜੀਵਿਆ ਅਤੀਤ---ਇਸ ਨੂੰ ਮੈਂ ਆਪਣੀ ਪੂੰਜੀ ਨਹੀਂ ਕਹਿ ਸਕਦੀ---ਆਪਣਾ ਸਰਮਾਇਆ ਨਹੀਂ ਮੰਨ ਸਕਦੀ---ਇਹ ਤਾਂ ਸਿਰਫ਼ ਮੇਰੀ ਮਜ਼ਬੂਰੀ ਵੱਸ ਹੰਢਾਈ ਜੂਨ ਸੀ---ਨਾ ਚਾਹੰੁਦਿਆਂ ਹੋਇਆ ਵੀ ਕੀਤੀ ਗਈ ਦਿਨ ਕਟੀ ਸੀ---
ਕਦੇ ਕਦੇ ਮੈਂ ਸੋਚਦੀ ਕਿ ਲੰਗੜੀਏ ਤੇਰੇ ਬਿਨਾ ਕੀ ਥੁੜਿਆ ਪਿਆ ਸੀ ਇਸ ਜਹਾਨ ਵਿੱਚ---ਤੈਂ ਇਥੇ ਆ ਕੇ ਮਾਪਿਆ ਦੇ, ਸਹੁਰਿਆਂ ਦੇ ਤੇ ਟਿਕਾਣੇ `ਚ ਵਸਦੇ ਧੂਤੜਿਆਂ ਦੇ ਕਰਜ਼ੇ ਹੀ ਲਾਹੇ ਨੇ---ਦੇਣਦਾਰਾਂ ਦਾ ਤਾਂ ਕੋਈ ਪਤਾ ਨਹੀਂ ਸਿਰਫ ਲਹਿਣੇਦਾਰ ਹੀ ਟੱਕਰੇ ਨੇ---ਤੈਂ ਉਹਨਾਂ ਦੇ ਰਿਣ ਉਤਾਰੇ ਨੇ---ਜ਼ਿੰਦਗ਼ੀ ਨਾ ਕਦੇ ਤੇਰੀ ਸੀ, ਨਾ ਹੈ ਤੇ ਨਾ ਹੋਣ ਦੀ ਉਮੀਦ ਹੈ।
ਕਹਿੰਦੇ ਨੇ ਬਾਰਾਂ ਸਾਲਾਂ ਬਾਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਐ ਪਰ ਐਥੇ ਮੇਰੇ ਵਰਗੀ ਰੂੜੀ ਦੀ ਕਿਸੇ ਨੇ ਸੁਣੀ ਈ ਨਹੀਂ ਤੇ ਨਾ ਕਦੇ ਸੁਣਨੀ ਹੈ---ਜਦੋਂ ਜੰਮਣ ਹਾਰੀ ਮਾਂ ਹੀ ਦੁਸ਼ਮਣ ਬਣ ਗਈ ਤਾ ਹੋਰ ਕਿਸੇ ਕੋਲੋਂ ਕੀ ਉਮੀਦ ਰੱਖੀ ਜਾ ਸਕਦੀ ਹੈ?
ਮੈਂ ਆਪਣੀ ਸੌਕਣ ਦੇ ਸ਼ਰਾਧ ਵਿੱਚ ਕਾਵਾਂ ਦੀ ਨਾ-ਆਮਦ ਨੂੰ ਯਾਦ ਕਰਦਿਆ ਅਗਲੇ ਕਿਸੇ ਸ਼ਰਾਧ `ਚ ਰੋਟੀ ਨਾ ਪਕਾਈ---ਮੇਰੀ ਸੱਸ ਨੇ ਵੀ ਸ਼ਾਇਦ ਗੁਰੇ ਦੀ ਗੱਲ ਦਾ ਸੱਚ ਮੰਨ ਲਿਆ ਸੀ---ਤਿੰਨ ਕੁ ਦਿਨਾਂ ਬਾਦ ਮੇਰੇ ਦਾਦਸਰੇ ਦਾ ਸ਼ਰਾਧ ਸੀ---ਉਸ ਦਿਨ ਰੋਟੀ ਮੇਰੀ ਸੱਸ ਨੇ ਤੇ ਦਰਾਣੀਆਂ ਜਠਾਣੀਆਂ ਨੇ ਤਿਆਰ ਕੀਤੀ---ਉਸ ਦਿਨ ਮੈਂ ਰਸੋਈ `ਚ ਵੜੀ ਤੱਕ ਨਾ---ਪਰ ਚਾਲਾ ਐਸਾ ਹੋਇਆ ਕਿ ਉਸ ਦਿਨ ਵੀ ਲੱਖ ਕੋਸ਼ਿਸ਼ ਕਰਨ ਦੇ ਬਾਵਜ਼ੂਦ ਕੋਈ ਕਾਂ ਕਾਗ ਪੋਲੀ ਖਾਣ ਨਾ ਆਇਆ।
ਗੁਰਾ ਤੇ ਮੇਰੀ ਸੱਸ ਉਸ ਦਿਨ ਬਹੁਤ ਸ਼ਰਮਿੰਦਾ ਹੋਏ---ਸ਼ਾਇਦ ਉਹਨਾਂ ਨੂੰ ਮੇਰੇ ਉਤੇ ਲਾਈ ਝੂਠੀ ਊਜ ਦਾ ਪਛਤਾਵਾ ਹੋ ਰਿਹਾ ਸੀ---ਉਹ ਉਸ ਦਿਨ ਕਾਵਾਂ ਦੇ ਨਾ ਆਉਣ ਦਾ ਪੱਜ ਲੱਭਣ ਵਿੱਚ ਅਸਫ਼ਲ ਹੋ ਗਏ ਸਨ---ਪਰ ਇਹ ਇੱਜ਼ਤ ਬੇਇਜ਼ਤੀ ਦੇ ਮਸਲੇ ਹੁਣ ਮੈਨੂੰ ਪੋਂਹਦੇ ਨਹੀਂ ਸਨ---ਇਹ ਮੇਰੇ ਲਾਗ ਲਾਗ ਨੂੰ ਲੰਘ ਜਾਂਦੇ ਸਨ।
ਅੱਛਾ ਤੁਸੀਂ ਇਹ ਜਾਨਣ ਦੀ ਉਤਸੁਕਤਾ ਈ ਨੀ ਜ਼ਾਹਰ ਕੀਤੀ ਕਿ ਮੇਰੇ ਵਰਤਾਂ ਦਾ ਕੀ ਬਣਿਆ---ਟਿਕਾਣੇ ਵਾਲੀ ਘਟਨਾ ਤੋਂ ਬਾਦ ਮੇਰਾ ਵਰਤਾਂ ਵਾਲਾ ਝੰਜਟ ਵੀ ਖ਼ਤਮ ਹੋ ਗਿਆ---ਉਸ ਤੋਂ ਬਾਦ ਸ਼ਾਇਦ ਸਾਰੇ ਜਣੇ ਵਰਤਾਂ ਵਾਲੀ ਗੱਲ ਭੁੱਲ ਈ ਗਏ---ਜਾਂ ਉਹਨਾਂ ਨੇ ਇਹ ਵਰਤਾਂ ਵਾਲੀ ਗੱਲ ਗ਼ੈਰ ਜ਼ਰੂਰੀ ਸਮਝ ਲਈ ਪਰ ਉਸ ਤੋਂ ਬਾਦ ਨਾ ਮੈਨੂੰ ਕਿਸੇ ਨੇ ਵਰਤਾਂ ਬਾਬਤ ਕੁੱਝ ਕਿਹਾ ਤੇ ਨਾ ਮੈਂ ਵਰਤ ਰੱਖੇ---ਮੈਂ ਤਾਂ ਪਹਿਲਾਂ ਈ ਨੀ ਚਾਹੁੰਦੀ ਸਾਂ ਭੁੱਖਿਆਂ ਮਰਨਾ---।
ਵਿੱਚ ਵਿੱਚ ਮੇਰੀ ਨਣਦ ਆ ਜਾਂਦੀ---ਉਹ ਭਰਾ ਦੀ ਹਾਲਤ ਦੇਖ ਕੇ ਝੂਰਦੀ---ਉਸ ਨੂੰ ਭਾਈ ਦੀ ਹਾਲਤ ਨਜ਼ਰ ਆਉਂਦੀ ਸੀ ਪਰ ਮੇਰੀ ਹਾਲਤ, ਮੇਰਾ ਦਰਦ ਉਸ ਨੂੰ ਕਦੇ ਨਜ਼ਰ ਨਾ ਆਇਆ---ਉਲਟਾ ਉਹ ਜਦੋਂ ਵੀ ਆਉਂਦੀ ਮੈਨੂੰ ਮਿੱਠੀ ਮਿੱਠੀ ਨਸੀਹਤ ਕਰਕੇ ਜਾਂਦੀ ਅਖੇ ਬੀਰੇ ਨੂੰ ਤਾਜੀ ਦਾਲ ਸਬਜ਼ੀ ਦਿਆ ਕਰ---ਚੰਗੀ ਤਰ੍ਹਾਂ ਚੂਰ ਲਿਆ ਕਰ---ਸਫ਼ਾਈ ਦਾ ਧਿਆਨ ਰੱਖਿਆ ਕਰ---ਇਹਨੂੰ ਪਾਸਾ ਦੁਆਉਂਦੀ ਰਿਹਾ ਕਰ ਨਹੀਂ ਤਾਂ ਇੱਕ ਪਾਸੇ ਪਿਆਂ ਪਿਆਂ ਜ਼ਖ਼ਮ ਹੋ ਜਾਣਗੇ---ਇਹਦੀ ਤੰਦਰੁਸਤੀ ਲਈ ਪਾਠ ਕਰਿਆ ਕਰ---ਮੈਂ ਹਾਂ ਹਾਂ ਕਰਦੀ ਰਹਿੰਦੀ---ਉਂਜ ਮੇਰਾ ਜੀ ਕਰਦਾ ਕਿ ਕਦੇ ਮੇਰੇ ਅੰਦਰ ਵੀ ਝਾਤੀ ਮਾਰ ਲਿਆ ਕਰੋ---ਮੈਂ ਕੋਈ ਮਸ਼ੀਨ ਨਹੀਂ ਹਾਂ---ਆਖ਼ਰ ਹੱਡ ਮਾਸ ਦੀ ਬਣੀ ਹੋਈ ਔਰਤ ਹਾਂ---।
ਮੈਂ ਇਹ ਵੀ ਕਹਿਣਾ ਚਾਹੰੁਦੀ ਸਾਂ ਕਿ ਤੁਸੀਂ ਇੱਕ ਦਿਨ ਵੀ ਇਹਦੀ ਸੇਵਾ ਕਰ ਕੇ ਦਿਖਾਓ---ਨਸੀਹਤਾਂ ਕਰਨੀਆਂ ਬਹੁਤ ਆਸਾਨ ਨੇ ਪਰ ਕਾਰ ਕਮਾਉਣੀ ਬਹੁਤ ਔਖੀ ਐ---ਪਰ ਮੈਂ ਸਿਰਫ਼ ਹਾਂ ਹਾਂ ਕਰਦੀ ਰਹਿੰਦੀ---ਐਤਕੀਂ ਮੇਰੀ ਨਣਦ ਭਤੀਜੇ ਦੇ ਵਿਆਹ ਸਦਕਾ ਅਖੀਰਲੇ ਸ਼ਰਾਧ ਨੂੰ ਈ ਆ ਗਈ---ਬਾਕੀ ਟੱਬਰ ਦੇ ਕੱਪੜੇ ਸੰਵਾਏ ਗਏ ਤੇ ਮੇਰੇ ਲਈ ਵੀ ਸ਼ੂਟ ਸੰਵਾਇਆ ਗਿਆ---ਬਿਲਕੁਲ ਫਿੱਕੇ ਰੰਗ ਦਾ---ਮਿੱਟੀ ਰੰਗਾ---ਸਭ ਨੇ ਸਲਾਹ ਕੀਤੀ ਕਿ ਹੁਣ ਇਹ ਸੱਸ ਬਣ ਜਾਵੇਗੀ ਤੇ ਕੋਈ ਵੀ ਮਾਂ ਆਪਣੇ ਪੁੱਤ ਦੇ ਵਿਆਹ ਵਿੱਚ ਭੜਕੀਲੇ ਕੱਪੜੇ ਨਹੀਂ ਪਾਉਂਦੀ ਹੁੰਦੀ---
ਜਦੋਂ ਮੇਰੀ ਨਣਦ ਨੇ ਐਨੇ ਫਿੱਕੇ ਸ਼ੂਟ ਦੀ ਫਿੱਕੀ ਚੁੰਨੀ ਦੇਖੀ ਤਾਂ ਉਸ ਨੇ ਹੋਰ ਈ ਵਹਿਮ ਪਾ ਦਿੱਤਾ---ਅਖੇ ਸੁਹਾਗਣ ਭਾਗਣ ਹੋ ਕੇ ਇਹ ਜੇ ਐਨੀ ਫਿੱਕੀ ਚੁੰਨੀ ਲਵੇਗੀ ਤਾਂ ਕਿਤੇ ਨਿਰੰਜਣ ਸੂੰ ਨੂੰ ਨਾ ਕੁਸ ਹੋ ਜਾਵੇ---ਉਹਦੀ ਵੀ ਤਾਂ ਸੁੱਖ ਮੰਗਣੀ ਹੈ---ਤੇ ਫ਼ੈਸਲਾ ਹੋਇਆ ਕਿ ਮੈਂ ਸ਼ੂਟ ਤਾਂ ਫਿੱਕੇ ਰੰਗ ਦਾ ਹੀ ਪਹਿਨਾਂਗੀ ਪਰ ਚੁੰਨੀ ਗੂਹੜੇ ਰੰਗ ਦੀ ਲਵਾਂਗੀ ਭਾਵੇਂ ਇਹ ਸ਼ੂਟ ਨਾਲ ਬੇ-ਮੇਚੀ ਹੀ ਕਿਉ਼ਂ ਨਾ ਹੋਵੇ---ਮੇਰੇ ਪਤੀ ਦੀ ਉਮਰ ਨੂੰ ਢਾਅ ਨਹੀਂ ਲੱਗਣੀ ਚਾਹੀਦੀ।
ਮੈਂ ਤਾਂ ਇੱਕ ਮੋਹਰਾ ਸਾਂ---ਇੱਕ ਗੋਟੀ ਸਾਂ ਜਿਸ ਨੂੰ ਖੇਡਣ ਵਾਲੀਆਂ ਦੋਵੇਂ ਧਿਰਾਂ ਰਜ਼ਾਮੰਦੀ ਨਾਲ ਜਿੱਥੇ ਚਾਹੰੁਦੀਆਂ ਫਿੱਟ ਕਰ ਦਿੰਦੀਆਂ---ਆਪਣੇ ਸੁਆਰਥ ਦੀ ਸਿੱਧੀ ਲਈ ਮੈਨੂੰ ਸਿੱਧਾ ਪੁੱਠਾ ਆਡਾ ਤਿਰਛਾ, ਜਿਵੇਂ ਚਾਹੁੰਦੀਆਂ ਚਲਾ ਲੈਂਦੀਆਂ---ਤੇ ਮੇਰੀ ਸਤਰੰਜ ਦੀ ਗੋਟੀ ਦੀ ਕੀ ਮਜ਼ਾਲ ਕਿ ਮੈਂ ਨਾਹ ਨੁੱਕਰ ਕਰਦੀ। ਇਹ ਲੰਗੜੀ ਬੜੀਆਂ ਦੁਖ ਦੇਣੀਆਂ ਘਟਨਾਵਾਂ ਨਾਲ ਦੋ ਚਾਰ ਹੋਈ ਐ---ਪਰ ਹੈ ਢੀਠ---ਹੈ ਬੇਸ਼ਰਮ---ਜਮ੍ਹਾਂ ਨੀ ਡੋਲੀ, ਜਮਾਂ ਨੀ ਧਿਫੀ---ਤੇ ਜਮਾਂ ਨੀ ਥੱਕੀ ਹਾਰੀ---ਪਹਿਲੇ ਨਰਾਤੇ ਵਾਲੇ ਦਿਨ ਗੁਰੇ ਦੇ ਨਾਨਕੇ ਉਹਦੇ ਵਿਆਹ ਦੀ ਬਾਗੜ ਲੈ ਕੇ ਜਾਣਾ ਸੀ---ਸਾਰਾ ਦਿਨ ਸਲਾਹ ਮਸ਼ਵਰਾ ਹੁੰਦਾ ਰਿਹਾ ਕਿ ‘ਦਲੇਰ ਕੁਰ` ਨੂੰ ਲੈ ਕੇ ਜਾਲਿਆ ਜਾਵੇ ਜਾਂ ਨਾ---ਮੇਰੇ ਪੱਖ ਵਿੱਚ ਇੱਕ ਵੀ ਵੋਟ ਨਹੀਂ ਸੀ ਭੁਗਤ ਰਹੀ---ਕੋਈ ਜਣਾ ਕਹੇ ਕਿ ਗੁਰੇ ਦੇ ਨਾਨਕੇ ਪਹਿਲਾ ਈ ਨਿਰੰਜਣ ਸੂੰ ਦੇ ਵਿਆਹ ਸਦਕਾ ਖਫ਼ਾ ਨੇ ਕਿਤੇ ਹੋਰ ਨਾ ਕੋਈ ਕਲੇਸ ਪੈ ਜਾਵੇ---ਕੋਈ ਕਹੇ ਕਿ ਕੀ ਜ਼ਰੂਰਤ ਐ ਉਥੇ ਸਾਰੇ ਪਿੰਡ ਨੂੰ ਇਹ “ਸ਼ੀਸ਼ਾ" ਦਖਾਉਣ ਦੀ---ਲੋਕ ਹੱਸਣਗੇ---
ਉਹਨਾਂ ਦੀ ਗੱਲ ਸੱਚ ਵੀ ਸੀ---ਮੈਂ ਸਰੀਰਕ ਪੱਖੋਂ ਬਦਸ਼ਕਲ ਸਾਂ---ਬੱਜ ਮਾਰੀ ਸਾਂ---ਇਹ ਗੱਲ ਤਾਂ ਮੰਨਣ ਵਾਲੀ ਹੈ ਈ ਸੀ---ਪਰ ਆਪਣੇ ਪਤੀ ਨੂੰ ਸਾਂਭਣ ਅਤੇ ਘਰ ਦਾ ਕੰਮ ਕਾਰ ਕਰਨ ਲਈ ਮੈਂ ਤਕੜੀ ਸਾਂ ਸੋ ਮੈਂ ਜਿੱਥੇ ਫਿੱਟ ਹੋ ਸਕਦੀ ਸਾਂ ਉਥੇ ਨੀ ਕਰਨੀ ਸਾਂ---
ਦੂਜਾ ਮੈਂ ਖੁਦ ਵੀ ਉਥੇ ਜਾ ਕੇ ਜਲੀਲ ਨਹੀਂ ਸਾਂ ਹੋਣਾ ਚਾਹੰੁਦੀ---ਕੌਣ ਮਾਪੇ ਆਪਣੀ ਧੀ ਦੀ ਸੌਕਣ ਨੂੰ ਬਰਦਾਸ਼ਤ ਕਰਦੇ ਹਨ---ਨਾਲੇ ਬਚਪਨ ਤੋਂ ਹੀ ਮੈਂ ਆਪਣੀ ਔਕਾਤ ਵਿੱਚ ਰਹਿਣ ਦੀ ਕਲਾ ਜਾਣਦੀ ਹਾਂ---ਮੈਨੂੰ ਆਪਣੀ ਹੋਂਦ ਅਤੇ ਹੈਸੀਅਤ ਦਾ ਚੰਗੀ ਤਰ੍ਹਾਂ ਅਹਿਸਾਸ ਹੈ। ਮੈਨੂੰ ਇਹ ਵੀ ਪਤਾ ਸੀ ਕਿ ਗੁਰੇ ਦੇ ਨਾਨਕੇ ਡਾਢੇ ਬੰਦੇ ਨੇ---ਸੋ ਮੇਰੀ ਸੱਸ, ਨਣਦ ਤੇ ਨਿੱਕਾ ਦਿਉਰ ਗੁਰੇ ਦੇ ਨਾਨਕਿਆਂ ਨੂੰ ਨਿਉਂਦਣ ਚਲੇ ਗਏ---ਬਾਗੜ ਲੈ ਕੇ ਚਲੇ ਗਏ।
ਸੱਤਵੇਂ ਨਰਾਤੇ ਦੀ ਗੁਰੇ ਦੀ ਬਰਾਤ ਸੀ---ਘਰ `ਚ ਗਹਿਮਾ ਗਹਿਮੀ ਸੀ---ਕੰਮਾਂ ਦਾ ਗਾਹ ਪਿਆ ਹੋਇਆ ਸੀ---ਭੱਜੋ ਭੱਜ ਸੀ ਚਾਰੇ ਪਾਸੇ---ਰਾਤ ਨੂੰ ਗੌਣ ਬਠਾਇਆ ਗਿਆ---ਪਿੰਡ ਦੀਆਂ ਔਰਤਾਂ ਨੇ ਲੰਮੀ ਤੇ ਚਿਲਕਵੀਂ ਆਵਾਜ਼ ਵਿੱਚ ਪਹਿਲਾਂ ਸੱਤ ਘੋੜੀਆਂ ਗਾਈਆਂ ਤੇ ਫੇਰ ਬਿਰਹੜੇ ਗਾਉਣੇ ਸ਼ੁਰੂ ਕਰ ਲਏ---ਉਹਨਾਂ ਨੇ ਮੈਨੂੰ ਵੀ ਗਾਉਣ ਲਈ ਮਜ਼ਬੂਰ ਕੀਤਾ---ਮੈਂ ਕਦੇ ਗੀਤ ਗਾਏ ਤਾਂ ਨਹੀਂ ਸਨ ਪਰ ਉਸ ਦਿਨ ਸੋਚਿਆ ਕਿ ਜੇ ਨਾ ਗਾਇਆ ਤਾਂ ਲੋਕ ਸੋਚਣਗੇ ਬਈ ਮਤੇਰ ਹੈ---ਇਸ ਕਰਕੇ ਮਤੇਰ ਪੁੱਤ ਦੇ ਵਿਆਹ `ਚ ਖੁਸ਼ ਨਹੀਂ ਹੈ---ਸੋ ਮੈਂ ਇੱਕ ਬਿਰਹੜਾ ਗਾਇਆ,
ਕਿੱਥੇ ਤਾਂ ਵੱਸੇ ਧਰਮੀ ਬੀਰਨਾ ਕਿਥੇ ਤਾਂ ਵੱਸਣ ਧਰਮੀ ਮਾਪੇ---ਏ---ਏ---ਖੂਹ `ਚ ਡਿੱਗਿਆ ਧਰਮੀ ਬੀਰਨਾਂ ਨਰਕਾਂ `ਚ ਵੱਸਣ ਧਰਮੀ ਮਾਪੇ---ਏ---ਏ---ਇੱਕ ਤਾਂ ਲਿਖੀਆਂ ਲੇਖਾਂ ਦੀਆਂ ਦੂਜੇ ਬੇਈਮਾਨ ਮਾਪੇ ਏ---ਏ---
ਮੇਰੀ ਨਣਦ ਮੈਨੂੰ ਬਾਹੋਂ ਫੜ ਕੇ ਅੰਦਰ ਲੈ ਗਈ---ਉਂਜ ਤਾਂ ਸਭ ਜਾਣਦੀਆਂ ਸਨ ਕਿ ਇਹ ਗੌਣ ਮੇਰੇ ਅੰਦਰੋਂ ਮੱਲੋ ਮੱਲੀ ਫੁੱਟ ਵਗਿਆ ਦਰਦਾਂ ਦਾ ਵਹਿਣ ਹੈ---ਇਹ ਗੌਣ ਰੂਪੀ ਬਿਰਹੜਾ ਗੌਣਾਂ ਨਾਲੋਂ ਵੱਧ ਕੀਰਨਾ ਲੱਗ ਰਿਹਾ ਸੀ---ਮੈਂ ਅੱਖਾਂ `ਚ ਆਏ ਹੰਝੂਆਂ ਨੂੰ ਪੁਤਲੀਆਂ ਫੈਲਾਅ ਕੇ ਅੰਦਰੇ ਸਮੇਟਣ ਦੀ ਕੋਸ਼ਿਸ਼ ਕੀਤੀ।
ਮੇਰੀ ਨਣਦ ਨੇ ਮੈਨੂੰ ਨਾਲ ਘੁੱਟ ਕੇ ਮੇਰੀ ਪਿੱਠ ਥਾਪੜਦਿਆਂ ਹੌਸਲਾ ਦਿੱਤਾ---ਮੈਂ ਮੰਜੀ ਤੇ ਬੈਠੀ ਸੋਚ ਰਹੀ ਸਾਂ ਕਿ ਕਿਉਂ ਮੈਂ ਬਾਰ ਬਾਰ ਇਹੋ ਜਿਹੀਆਂ ਗਲਤੀਆਂ ਕਰਦੀ ਹਾਂ---ਕਿਉਂ ਮੈਂ ਇਹ ਨਾਲਾਇਕੀਆਂ ਦੁਹਰਾਉਣ ਤੋਂ ਬਾਜ ਨਹੀਂ ਆਉਂਦੀ---ਤੇ ਕਿਉਂ ਮੈਂ ਬਾਰ ਬਾਰ ਇਹੋ ਜਿਹੀ ਮੂਰਖਤਾ ਕਰ ਕੇ ਬਾਦ ਵਿੱਚ ਪਛਤਾਉਂਦੀ ਹਾਂ---ਬਾਹਰ ਅਜੇੇ ਵੀ ਔਰਤਾਂ ਗਾਂ ਰਹੀਆਂ ਸਨ,
ਭੈਣਾਂ ਦਿਆ ਬੇ ਸੁਣ ਸਰਬਣਾਂ ਬੀਰਾ
ਵੇ ਭੱਠੀਓਂ ਦਾਣੇ ਭੁਨਾਏ ਹੋਏ ਨੇ
ਛੇਤੀ ਘਰਾਂ ਨੂੰ ਤੂੰ ਆ ਜਾ ਵੇ ਬੀਰਾ
ਵੇ ਘਰ ਦੋਸਤ ਆਏ ਹੋਏ ਨੇ---ਏ---
ਭੈਣਾਂ ਦਿਆ ਬੇ ਸੁਣ ਲਾਡਲਿਆ ਬੀਰਾ
ਮਿੱਠੇ ਚੌਲ ਚੜ੍ਹਾਏ ਹੋਏ ਨੇ
ਛੇਤੀ ਘਰਾਂ ਨੂੰ ਤੂੰ ਆ ਜਾ ਵੇ ਬੀਰਾ
ਬੇ ਘਰ ਦੋਸਤ ਆਏ ਹੋਏ ਨੇ---ਏ---
ਭੈਣਾਂ ਦਿਆ ਬੇ ਸੁਣ ਅਨਮੋਲਕ ਬੀਰਾ
ਬੇ ਸਿੱਟੇ ਸੁੱਕਣੇ ਪਾਏ ਹੋਏ ਨੇ
ਛੇਤੀ ਘਰਾਂ ਨੂੰ ਤੂੰ ਆ ਜਾ ਬੇ ਬੀਰਾ
ਬੇ ਘਰ ਦੋਸਤ ਆਏ ਹੋਏ ਨੇ---ਏ---
ਔਰਤਾਂ ਨੇ ਤਾਂ ਸਹਿਜ ਸੁਭਾਅ ਈ ਇਹ ਗੀਤ ਗਾਇਆ---ਪਰ ਮੈਨੂੰ ਸਾਮਰਤੱਖ ਉਹ ਘੜੀ ਯਾਦ ਆ ਗਈ ਜਦੋਂ ਬੀਰੇ ਦੇ ਦੋਸਤਾਂ ਨੇ ਸਾਡੇ ਘਰ ਆ ਕੇ ਮੇਰੀਆਂ ਭੈਣਾਂ ਨਾਲ ਬਦਸਲੂਕੀ ਕੀਤੀ ਸੀ---ਉਹ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਅੱਗਿਓਂ ਲੰਘਿਆ ਤੇ ਇੱਕ ਵਾਰੀ ਫੇਰ ਮੈਂ ਉਸ ਦ੍ਰਿਸ਼ ਦੀ ਪੀੜ ਆਪਣੇ ਮਨ ਦੇ ਕੋਮਲ ਕੂਲੇ ਪਿੰਡੇ ਉਤੇ ਜਰੀ---ਮੈਂ ਉਸ ਦ੍ਰਿਸ਼ ਨੂੰ ਸੱਚ ਮੁੱਚ ਜੀਵਿਆ---ਤੁਸੀਂ ਜਾਣਦੇ ਹੀ ਹੋ ਕਿ ਕਿਸੇ ਅਪ੍ਰਿਯ ਘਟਨਾ ਦੀ ਯਾਦ---ਕਿਸੇ ਅਣਸੁਖਾਵੀਂ ਘਟਨਾ ਦਾ ਚੇਤਾ ਵੀ ਉਸ ਨੂੰ ਸੱਚ ਮੁੱਚ ਜੀਣ ਜਿੰਨਾ ਹੀ ਕਸ਼ਟ ਦਾਇਕ ਹੁੰਦਾ ਹੈ। ਮੇਰੇ ਕੰਨਾਂ ਵਿੱਚ ਔਰਤਾਂ ਵੱਲੋਂ ਗਾਏ ਜਾ ਰਹੇ ਗੀਤ ਦੀ ਆਵਾਜ਼ ਕੱਚ ਦੀਆਂ ਕਿਰਚਾਂ ਵਾਂਗ ਚੁਭਣ ਲੱਗੀ, ਉਹ ਗਾ ਰਹੀਆਂ ਸਨ,
ਮਾਏ ਰੁੱਗ ਪੈਸਿਆਂ ਦਾ ਲੈ ਕੇ ਬੁੱਢੜਾ ਸਹੇੜ ਛੱਡਿਆ ਆ---
ਧੀਏ ਲੈ ਲੈ ਬੁੱਢੇ ਨਾਲ ਲਾਵਾਂ ਮਾਪਿਆਂ ਦੀ ਲਾਜ ਰੱਖ ਲੈ---ਐ---
ਜਦੋਂ ਲਈਆਂ ਬੁੱਢੇ ਨਾਲ ਲਾਵਾਂ ਧਰਤ ਸਮਾਨ ਕੰਬਿਆ ਆ---
ਧੀਏ ਵੱਸ ਨਾ ਗਰੀਬਣੀ ਦਾ ਕੋਈ ਕਰਜੇ ਨੇ ਮਾਰ ਛੱਡਿਆ ਆ---
ਜਦੋਂ ਤੁਰ ਪਈ ਬੁੱਢੇ ਦੀ ਡੋਲੀ ਖੁਸ਼ੀ ਵਿੱਚ ਛਾਲਾਂ ਮਾਰਦਾ---
ਧੀਏ ਹੁਣ ਹੈ ਸੁਹਾਗ ਬੁੱਢਾ ਤੇਰਾ ਲੱਖ ਲੱਖ ਸੁੱਖ ਮੰਗ ਲੈ---ਐ---
ਜਦੋਂ ਵਾਰਿਆ ਬੁੱਢੇ ਦੀ ਮਾਂ ਨੇ ਪਾਣੀ ਕੁੜੀਆਂ ਨੇ ਹਾਸੀ ਚੱਕ ਲੀ ਈ---
ਧੀਏ ਕੁੱਟ ਕੇ ਬਦਾਮ ਖੁਆਈਂ ਬੁੱਢੜਾ ਜੁਆਨ ਕਰ ਲਈਂ---ਈ---
ਜਦੋਂ ਦੇਖਿਆ ਬੁੱਢੇ ਦਾ ਧੌਲਾ ਦਾੜਾ ਕਰਮਾਂ ਨੂੰ ਮੈਂ ਪਿੱਟਦੀ ਈ---
ਧੀਏ ਜਰਮ ਦਿੱਤਾ ਤੇਰੀ ਮਾਂ ਨੇ ਲੇਖ ਬਿੱਧ ਮਾਤਾ ਲਿਖਦੀ ਈ---
ਪਤਾ ਨੀ ਮੈਨੂੰ ਕਿਉਂ ਵਹਿਮ ਹੋ ਗਿਆ ਕਿ ਇਹ ਔਰਤਾਂ ਮੈਨੂੰ ਚਿੜਾਅ ਰਹੀਆਂ ਹਨ---ਇਹ ਮੇਰੇ ਹਾਲਾਤਾਂ ਨਾਲ ਮਿਲਦੇ ਹੋਏ ਗੀਤ ਜਾਣ ਬੁੱਝ ਕੇ ਗਾ ਰਹੀਆਂ ਨੇ---ਉਹ ਅਜੇ ਵੀ ਗਾ ਰਹੀਆਂ ਸਨ,
ਬੁੱਢਾ ਵਰ ਦਿੰਕੀਏ ਮਾਏ ਨੀ ਤੇਰੇ ਕੀ ਮਨ ਆਈ
ਮੈਂ ਪੰਜ ਬਰਸੀ ਨਾਜ਼ਕ ਨੀ ਸੱਠ ਸਾਲੇ ਲੜ ਲਾਈ ਈ---
ਤੇਰੇ ਮਰਨ ਬਚੋਲਿਅ ਬੱਚੜੇ ਵੇ ਜਾਵੇ ਦੁਨੀਆਂ ਤੋਂ ਖਾਲੀ
ਤੈਂ ਸੱਠ ਸਾਲੇ ਬੁੱਢੜੇ ਦੀ ਮੇਰੇ ਪਿਓ ਨੂੰ ਦੱਸ ਪਾਈ---ਈ---
ਤੇਰੇ ਕੀੜੇ ਪੈ ਜਾਣ ਨਾਈਆ ਵੇ ਮਰ ਜਾਵੇਂ ਬਿਨ ਆਈ
ਤੈਂ ਸੱਠ ਸਾਲੇ ਦੀ ਝੋਲੀ ਵੇ ਚਿੱਠੀ ਸ਼ਗਨਾਂ ਦੀ ਪਾਈ ਈ---
ਤੂੰ ਮਰੇ ਬਾਹਮਣਾਂ ਕੜਮਿਆਂ ਵੇ ਜਾਵੇਂ ਨਰਕਾਂ ਦੇ ਰਾਹੇ
ਜਿਹਨੇ ਸੱਠ ਸਾਲੇ ਬੁੱਢੇ ਨਾਲ ਕੀਤੀ ਲਾਮਾਂ ਫਿਰਾਈ ਈ---
ਤੇਰੇ ਮਰਨ ਕਹਾਰਾ ਬੱਚੜੇ ਵੇ ਜਾਵੇਂ ਦੁਨੀਆਂ ਤੋਂ ਖਾਲੀ
ਜੀਹਨੇ ਮੈਂ ਡੋਲੀ ਵਿੱਚ ਪਾ ਕੇ ਬੁੱਢੜੇ ਘਰ ਵੇ ਪਚਾਈ ਈ---
ਸੱਠ ਸਾਲੇ ਬੁੱਢੇ ਦੇ ਪਾਵਾਂ ਬਹਿ ਕੇ ਵਿਹੜੇ ਕੀਰਨੇ
ਬੁੱਢਾ ਮਰ ਜਾਏ ਮਾਏਂ ਨੀ ਕਿਸੇ ਹੋਰ ਦੀ ਆਈ---ਈ---
ਹੁਣ ਤਾਂ ਮੈਨੂੰ ਪੱਕ ਹੋ ਗਿਆ ਕਿ ਇਹ ਔਰਤਾਂ ਮੇਰੀ ਸਥਿਤੀ ਉੱਤੇ ਹੀ ਗੀਤ ਗਾ ਰਹੀਆਂ ਨੇ---ਇਹ ਕੋ-ਇਨਸੀਡੈਂਟ ਨਹੀਂ ਹੈ---ਇਹ ਮੇਰੇ ਵਿਰੁੱਧ ਸ਼ੁੜਯੰਤਰ ਹੈ---ਮੈਂ ਰੋਣਹਾਕੀ ਹੋ ਗਈ---ਉਨ੍ਹੀ ਦਿਨੀ ਲੋਕੀਂ ਅਕਸਰ ਕੁੜੀਆਂ ਦੇ ਪੈਸਾ ਲੈ ਕੇ ਬੇਜੋੜ ਵਰ ਨਾਲ ਵਿਆਹ ਦਿੰਦੇ ਸਨ ਤੇ ਪੁੱਤਾਂ ਲਈ ਜਾਇਦਾਦ ਖਰੀਦ ਲੈਂਦੇ ਸਨ---ਫੇਰ ਮੈਂ ਆਪਣਾ ਮਨ ਸਮਝਾਇਆ ਕਿ ਲੰਗੜੀਏ ਤੂੰ ਇਕੱਲੀ ਥੋੜਾ ਈ ਬੇਚੀ ਗਈ ਐਂ---ਤੇਰੇ ਵਰਗੀਆਂ ਪਤਾ ਨੀ ਕਿੰਨੀਆਂ ਹੀ ਧੀਆਂ ਦੇ ਕੁਧਰਮੀ ਕੁਮਾਪਿਆਂ ਨੇ ਉਹਨਾਂ ਨਾਲ ਤੇਰੇ ਵਰਗੀ ਬੇਹੋਈ ਕੀਤੀ ਹੈ---ਮੈਂ ਜਾਂ ਤਾਂ ਆਪਣੇ ਮਨ ਨੂੰ ਠੰੁਮਣਾ ਦੇਣ ਵਿੱਚ ਮਗਨ ਹੋ ਗਈ ਤੇ ਜਾਂ ਮੇਰੀ ਅੱਖ ਲੱਗ ਗਈ---ਫੇਰ ਮੈਨੂੰ ਔਰਤਾਂ ਦਾ ਗੌਣ ਸੁਣਾਈ ਨਾ ਦਿੱਤਾ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਹੜੇ ਵੇਲੇ ਗੀਤ ਗਾ ਕੇ ਗੁੜ ਦੀ ਰੋੜੀ ਰੋੜੀ ਲੈ ਕੇ ਆਪੋ ਆਪਣੇ ਘਰੀਂ ਤੁਰ ਗਈਆਂ।
ਫੇਰ ਅਗਲੇ ਤਿੰਨ ਦਿਨ ਤੱਕ ਕੁੜੀਆਂ ਗੀਤ ਗਾਉਣ ਆਉਂਦੀਆਂ ਰਹੀਆਂ---ਪਰ ਹੁਣ ਮੈਨੂੰ ਕੋਈ ਵੀ ਗੀਤ ਗਾਉਣ ਲਈ ਨਹੀਂ ਸੀ ਆਖਦੀ---ਸ਼ਾਇਦ ਉਹ ਮੇਰੀ ਮਨੋਸਥਿਤੀ ਜਾਣ ਗਈਆਂ ਸਨ---ਤੇ ਉਹਨਾਂ ਨੇ ਮੁੜ ਕੋਈ ਐਸਾ ਗੀਤ ਨਾ ਗਾਇਆ ਜਿਸ ਵਿੱਚ ਬੁਢੜੇ ਵਰ ਦਾ ਜਿਕਰ ਹੋਵੇ ਜਾਂ ਮਾਪਿਆਂ ਵੱਲੋਂ ਧੀਆਂ ਦੇ ਵੇਚਣ ਦਾ ਜਿਕਰ ਹੋਵੇ---ਹੁਣ ਉਹ ਗਾ ਰਹੀਆਂ ਸਨ,
ਜਿੱਦਣ ਬਾਬਲ ਘਰ ਬੇਟੀ ਜਾਈ ਹੋਈ ਬੱਜਰ ਦੀ ਰਾਤ ਸਈਓ
ਬਾਬਲ ਦਾ ਸਮਲਾ ਨਿਵ ਏ ਗਿਆ---ਆ---
ਕਿਸੇ ਨਾ ਆਖਿਆ ਜੀ ਆਇਆਂ ਧੀ ਨੂੰ ਨਾ ਪੁੱਛੀ ਮਾਂ ਦੀ ਬਾਤ ਸਈਓ
ਬਾਬਲ ਦਾ ਸਮਲਾ ਨਿਵ ਏ ਗਿਆ---ਆ---
ਟੁੱਟੀ ਮੰਜੀ ਧੀ ਦੀ ਮਾਤਾ ਸੁੱਤੀ ਬਾਬਲ ਦਾ ਟੁੱਟ ਗਿਆ ਗਾਤ ਸਈਓ
ਬਾਬਲ ਦਾ ਸਮਲਾ ਨਿਵ ਏ ਗਿਆ ਆ---
ਨੌ ਸੌ ਦੀਵਾ ਧਰਿਆ ਮੰਡੇਰੇ ਫੇਰ ਵੀ ਨੇਰ੍ਹੀ ਦੀ ਨੇਰ੍ਹੀ ਰਾਤ ਸਈਓ
ਬਾਬਲ ਦਾ ਸ਼ਮਲਾ ਨਿਵ ਏ ਗਿਆ---ਆ---
ਜਿੱਦਣ ਬਾਬਲ ਘਰ ਬੇਟਾ ਜਾਇਆ ਹੋਈ ਚੰਨਣ ਮੰਨਣ ਦੀ ਰਾਤ ਸਈਓ
ਗਿੱਠ ਉੱਚਾ ਸ਼ਮਲਾ ਹੋਇਆ ਬਾਪ ਦਾ ---ਆ---
ਲੱਖ ਲੱਖ ਹੋਈ ਵਧਾਈ ਨੀ ਭੈਣਾ ਬਾਬਲ ਲੱਡੂਆ ਦੀ ਵੰਡੇ ਪਰਾਤ ਸਈਓ
ਗਿੱਠ ਉੱਚਾ ਸ਼ਮਲਾ ਹੋਇਆ ਬਾਪ ਦਾ ਆ---
ਰੱਤੇ ਪਲੰਗ ਬੇਬੇ ਦੀ ਮਾਤਾ ਸੁੱਤੀ ਖੁਸ਼ੀਆਂ ਮਨਾਵੇ ਉਹਦਾ ਬਾਪ ਸਈਓ
ਗਿੱਠ ਉੱਚਾ ਸ਼ਮਲਾ ਹੋਇਆ ਬਾਪ ਦਾ ਆ---
ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਗੀਤ ਛੋਹਿਆ,
ਨੇ੍ਹਰੀ ਕੋਠੜੀ ਨੂੰਹ ਸਹੁਰੇ ਦੀ
ਮਨ ਵਿੱਚ ਕਰੇ ਵਿਚਾਰਾਂ ਜੀ
ਦੇਈ ਤਾਂ ਦੇਈ ਰੱਬਾ ਪੁੱਤਾਂ ਦੀ ਜੋੜੀ
ਧੀ ਤਾਂ ਦੇਵੀਂ ਅਗਲੀ ਵਾਰਾਂ ਜੀ
ਸੋਚੀਂ ਪਈ ਨੂੰ ਸੱਸ ਦੇਵੇ ਦਲਾਸਾ
ਰੰਗਲਾ ਤਾਂ ਪਲੰਗ ਡਹਾਮਾਂ ਜੀ
ਨੂੰਹੇਂ ਨੀ ਮੱਤ ਸੋਚ ਕਰੀਂ ਤੂੰ
ਮੈਂ ਝੱਟ ਪੱਟ ਦਾਈ ਬਲਾਮਾਂ ਜੀ
ਦੀਵਾ ਬੱਤੀ ਕਰਾਂ ਚਾਅ ਮੱਤੀ ਮੈਂ
ਸਾਰੇ ਪੀਰ ਪਖੀਰ ਧਿਆਮਾਂ ਜੀ
ਯੱਗ ਕਰਾਊ ਨੂੰਹੇ ਸਹੁਰਾ ਨੀ ਤੇਰਾ
ਨੀ ਮੈਂ ਨਗਰ ਢੰਡੋਰਾ ਫਿਰਾਮਾ ਜੀ
ਲਾਲ ਜੰਮੇ ਨੀ ਮਾਏ ਹੀਰਿਆਂ ਵਰਗੇ
ਨੀ ਮੈਂ ਲੱਖ ਲੱਖ ਸੁਕਰ ਮਨਾਮਾਂ ਜੀ
ਤੁਸੀਂਂ ਦੇਖੋ---ਸਭ ਗੀਤ---ਸਭ ਸੋਹਲੇ ਮਰਦਾਂ ਦੀ ਵਡਿਆਈ ਲਈ ਹੀ ਗਾਏ ਜਾਂਦੇ ਹਨ---ਇਹ ਮੰਗਲ ਗੀਤ, ਇਹ ਘੋੜੀਆਂ ਸੁਹਾਗ ਬਿਰਹੜੇ ਔਰਤ ਨੇ ਰਚੇ ਹਨ---ਪਰ ਜਨਮਾਂ ਜਨਮਾਤਰਾਂ ਦੀ ਦਬੀ ਕੁਚਲੀ ਨੇ ਇਹਨਾਂ ਗੀਤਾਂ ਵਿੱਚੋਂ ਵੀ ਆਪਣੇ ਆਪ ਨੂੰ ਮਨਫ਼ੀ ਕਰ ਲਿਆ---ਮਰਦ ਦੀ ਸੁੱਖ ਮੰਗੀ, ਉਹਦੀ ਸਰਦਾਰੀ ਕਬੂਲੀ ਤੇ ਖੁਦ ਸਵੈ ਰਚਿਤ ਗੀਤਾਂ ਵਿੱਚੋਂ ਵੀ ਮਨਫ਼ੀ ਹੀ ਰਹੀ---
26
ਵਿਆਹ `ਚ ਗੁਰੇ ਦੇ ਨਾਨਕੇ ਗੱਜ ਵੱਜ ਕੇ ਆਏ---ਨਾਨਕੀ ਛੱਕ ਵੀ ਬਹੁਤ ਵਧੀਆਂ ਲਿਆਏ---ਉਹਨਾਂ ਨੇ ਆਪਣੇ ਜਵਾਈ ਦੀ ਬੀਮਾਰੀ ਦਾ ਕੋਈ ਖਾਸ ਮਣਖ ਨਾ ਕੀਤਾ ਸਗੋਂ ਨੱਚ ਨੱਚ ਕੇ ਵਿਹੜਾ ਪੱਟ ਸਿੱਟਿਆ---ਉਹਨਾਂ ਨੇ ਨਿਰੰਜਣ ਦੀ ਬੀਮਾਰੀ ਲਈ ਮੈਨੂੰ ਈ ਜ਼ਿੰਮੇਵਾਰ ਠਹਿਰਾਇਆ।
ਗੁਰੇ ਦੀਆਂ ਮਾਮੀਆਂ ਮਾਸੀਆਂ, ਨਾਨੀ ਨਾਨਾ ਮਾਮੇ ਸਭ ਮੈਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਕਰਨ---ਮੈਂ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਦੂਰੀ ਬਣਾ ਕੇ ਰੱਖਦੀ---ਗੁਰੇ ਦੀ ਨਾਨੀ ਮੈਨੂੰ ਗੱਲੇ ਗੱਲੇ ਕੁਬੋਲੀਆ ਸੁਣਾਇਆ ਕਰੇ---ਇੱਕ ਦਿਨ ਗੁਰੇ ਦੀ ਮਾਸੀ ਕਹਿਣ ਲੱਗੀ,
“ਊਂ ਤਾਂ ਚੰਗਾ ਹੋਇਆ ਨਿਰੰਜਣ ਨੂੰ ਰੱਬ ਦੇ ਸਜਾ ਦਿੱਤੀ---ਜੁਆਨ ਜਹਾਨ ਜੁਆਕਾਂ ਦਾ ਮੋਹ ਤਿਆਗ ਕੇ ਰਾਜਕੁਮਾਰੀ ਵਿਆਹੁਣ ਚੱਲਿਆ ਸੀ---ਨਾਲੇ ਹੁਣ ਏਸ ਨਵਾਬਜਾਦੀ ਨੂੰ ਵੀ ਪਤਾ ਲੱਗ ਗਿਆ ਹੋਣਾ ਬਈ ਕਿਵੇਂ ਕਿਸੇ ਬਾਪ ਕੋਲੋਂ ਨਿਆਣਿਆਂ ਦੀ ਮਮਤਾ ਖੋਹੀਂਦੀ ਐ---ਕਰਦੀ ਐ ਨਾ ਸੇਵਾ! ਚੱਕਦੀ ਐ ਦੋ ਟੈਮ ਗੰਦ!! ਦੇ ਰਹੀ ਨਾ ਲੇਖੇ ਜੋਖੇ!! ਆਪਣਾ ਕੀਤਾ ਭੁਗਤ ਰਹੀ ਐ---"
ਪਰ ਤੁਸੀਂ ਮੈਨੂੰ ਈਮਾਨਦਾਰੀ ਨਾਲ ਦੱਸਣਾ ਕਿ ਮੈਂ ਇਸ ਸਾਰੀ ਕਹਾਣੀ ਵਿੱਚ ਕਿਧਰੇ ਜਿਉਂਦੀ ਜਾਗਦੀ ਪਾਤਰ ਰਹੀ ਹਾਂ? ਤੁਹਾਨੂੰ ਕਿਤੇ ਮੇਰੀ ਹੋਂਦ ਨਜਰ ਆਈ ਐ?? ਫੇਰ ਮੈਂ ਕਿਹੜਾ ਭੱਜ ਕੇ ਆ ਗਈ ਸੀ ਨਿਰੰਜਣ ਸਿੰਘ ਨਾਲ---ਮੇਰੀ ਕਦੋਂ ਕੋਈ ਮਰਜੀ ਸੀ ਇਸ ਵਿਆਹ ਲਈ?? ਕਦੋਂ ਮੇਰੀ ਸ਼ਮੂਲੀਅਤ ਸੀ ਇਸ ਵਿਆਹ ਵਿੱਚ? ਮੇਰੀ ਕਦੋਂ ਕਿਸੇ ਨੇ ਰਾਇ ਲਈ ਸੀ ਇਸ ਵਿਆਹ ਲਈ??
ਪਰ ਇਹਨਾਂ ਨੂੰ ਕੌਣ ਸਮਝਾਵੇ? ਮੇਰਾ ਕੋਈ ਮਾਈ ਬਾਪ, ਸੰਗੀ ਸਾਥੀ, ਕੋਈ ਲਗਵੰਤੀ ਕੋਈ ਹਮਦਰਦੀ ਕੋਈ ਸਾਕ ਸੰਬੰਧੀ ਜਾਂ ਭੈਣ ਭਾਈ ਨਹੀਂ ਸੀ ਜਿਹੜਾ ਮੇਰੀ ਸਹਾਇਤਾ ਕਰਦਾ---ਮੈਂ ਤਾਂ ਰੋਹੀਆਂ `ਚ ਉੱਗੀ ਕੰਡਿਆਈ ਸਾਂ---ਜਿਹੜੀ ਝਾਫਾ ਬਣ ਕੇ ਇਸ ਪ੍ਰੀਵਾਰ ਨੂੰ ਚੰਬੜ ਗਈ ਸਾਂ---ਆਪਣੀ ਮਰਜ਼ੀ ਨਾਲ ਨਹੀਂ ਸਗੋਂ ਹਨੇਰੀ ਦੇ ਤੇਜ ਝੋਂਕੇ ਨਾਲ ਉਡਦੀ ਭੌਂਦੀ ਇਹਨਾਂ ਨੂੰ ਚਿੰਬੜ ਗਈ ਸਾਂ---ਰਾਹ ਜਾਂਦੀ ਬਲਾਅ ਗਲ ਪੈ ਗਈ ਸਾਂ---ਪਰ ਨਹੀਂ---ਇਹ ਗੱਲ ਵੀ ਨਹੀਂ---ਇਹਨਾਂ ਨੇ ਮੈਨੂੰ ਬਲਾਅ ਨੂੰ, ਕੰਡਿਆਈ ਦੇ ਝਾਫੇ ਨੂੰ ਮੁੱਲ ਖਰੀਦਿਆ ਹੈ---ਮਰਜ਼ੀ ਨਾਲ ਖਰੀਦ ਕੇ ਲਿਆਏ ਹਨ---ਮੈਂ ਰਾਹ ਜਾਂਦੀ ਬਲਾਅ ਇਹਨਾਂ ਦੇ ਗਲ ਨਹੀਂ ਪਈ---ਸਗੋਂ ਇਹਨਾਂ ਨੇ ਧੱਕੇ ਨਾਲ ਗਲ ਲਾਈ ਹਾਂ---ਗਲੇ ਤੋਂ ਫੜ ਕੇ ਆਪਣੇ ਨਾਲ ਚਮੇੜੀ ਹਾਂ---
ਮੈਂ ਗੁਰੇ ਦੇ ਨਾਨਕਿਆਂ ਦਾ ਪਲ ਪਲ ਕੋਪ ਭਾਜਨ ਬਣਦੀ ਰਹੀ---ਉਹਨਾਂ ਨੇ ਨਿਰੰਜਣ ਸਿੰਘ ਦੀ ਬੀਮਾਰੀ ਨਾਲ ਕੋਈ ਹਮਦਰਦੀ ਨਹੀਂ ਦਿਖਾਈ ਸਗੋਂ ਉਹਨਾਂ ਨੇ ਇਹ ਜ਼ਾਹਰ ਕੀਤਾ ਕਿ ਪ੍ਰਮਾਤਮਾ ਨੇ ਨਿਰੰਜਣ ਨੂੰ ਉਹਦੀ ਗਲਤੀ ਦੀ ਸਜ਼ਾ ਦਿੱਤੀ ਹੈ।
ਮੈਨੂੰ ਮੇਰੀ ਸੱਸ ਨੇ ਨਾਨਕਿਆਂ ਦੀ ਆਮਦ ਵੇਲੇ ਸੁਆਗਤ ਵੱਜੋ ਦਰਵਾਜ਼ੇ ਮੁਹਰੇ ਖੜੋ ਕੇ ਸੇਵਾ ਲੜੀ ਕਰਨ ਲਈ ਕਿਹਾ ਸੀ---ਇਹ ਰਿਵਾਜ਼ ਸੀ ਕਿ ਪੇਕਿਆਂ ਦਾ ਸੁਆਗਤ ਧੀ ਵੱਲੋਂ ਹੀ ਕੀਤਾ ਜਾਂਦਾ ਹੈ---ਹੁਣ ਉਹਨਾਂ ਦੀ ਧੀ ਦੀ ਥਾਵੇਂ ਮੈਂ ਹੀ ਇਹ ਰਸਮ ਨਿਭਾਉਣੀ ਸੀ ਸੋ ਹੁਕਮ ਦੀ ਬੱਧੀ ਰੁੱਧੀ ਗੁਲਾਮ ਇੱਕ ਬੁੱਤ ਬਣ ਕੇ ਹੱਥ ਵਿੱਚ ਲੱਡੂਆਂ ਅਤੇ ਖੰਮ੍ਹਣੀਆਂ ਵਾਲੀ ਥਾਲੀ ਫੜੀ ਖਲੋਅ ਗਈ ਸਾਂ---
ਮੈਂ ਇੱਕ ਹੱਥ ਵਿੱਚ ਥਾਲੀ ਫੜੀ ਹੋਈ ਸੀ ਤੇ ਦੂਜੇ ਹੱਥ ਨਾਲ ਕਮਜ਼ੋਰ ਲੱਤ ਨੂੰ ਠੰੁਮ੍ਹਣਾ ਦਿੱਤਾ ਹੋਇਆ ਸੀ---ਮੇਰੇ ਸਿਰੋਂ ਚੁੰਨੀ ਫਿਸਲ ਗਈ---ਇਹ ਚੁੰਨੀ ਫਿਸਲਦੀ ਵੀ ਬਹੁਤ ਸੀ---ਮੈਂ ਲੱਤ ਵਾਲਾ ਹੱਥ ਚੁੰਨੀ ਸਿਰ ਤੇ ਲੈਣ ਲਈ ਉਤਾਂਹ ਚੁੱਕਿਆ ਹੀ ਸੀ ਕਿ ਗੁਰੇ ਦੀ ਨਾਨੀ ਭੁੜਕੀ,
“ਊਆ ਕੁੜੇ! ਕੀ ਲੋਹੜਾ ਆਇਐ---ਮੰਤੇਰ, ਮਤੇਰ ਈ ਰਹੀ---ਸੁੱਖੀਂ ਸਾਂਦੀ ਨੰਗੇ ਸਿਰ ਸਾਡੀ ਸੇਵਾ ਲੜੀ ਕਰਨ ਲੱਗੀ ਐ---ਫਿਟਲਾਹਣਤ ਅਹੀ ਜੀ ਮਤੇਰ ਨੂੰ ਤੇ ਦੁਰ ਫਿਟੇ ਮੂੰਹ ਅਹੀ ਜੀ ਸੇਵਾ ਲੜੀ ਦੇ---"
ਮੈਂ ਤੁਹਾਨੂੰ ਦੱਸਿਆ ਸੀ ਨਾ, ਬਈ ਮੇਰਾ ਸ਼ੂਟ ਤਾਂ ਫਿੱਕੇ ਰੰਗ ਦਾ ਸੀ ਕਿਉਂਕਿ ਮੈਂ ਸੱਸ ਬਣਨ ਜਾ ਰਹੀ ਸਾਂ---ਪਰ ਚੁੰਨੀ ਗੂਹੜੇ ਰੰਗ ਦੀ---ਕਿਉਂਕਿ ਫਿੱਕੀ ਚੁੰਨੀ ਲੈਣ ਨਾਲ ਮੇਰੇ ਪਤੀ ਦੀ ਉਮਰ ਨੂੰ ਕੁੱਝ ਹੋ ਸਕਦਾ ਸੀ---ਤੇ ਇਹ ਚੁੰਨੀ ਐਨੀ ਫਿਸਲਨੀ ਸੀ ਕਿ ਇਹਨੂੰ ਕੋਈ ਵੀ ਔਰਤ ਸਿਰ ਤੇ ਟਿਕਾਅ ਨਹੀਂ ਸੀ ਸਕਦੀ---ਮਾਹੌਲ ਵਿੱਚ ਤਣਾਅ ਆ ਗਿਆ---ਫੇਰ ਗੁਰੇ ਦੀ ਨਾਨੀ ਮੇਰੀ ਸੱਸ ਨੂੰ ਟੱਕਰੀ,
“ਭੈਣ ਜੀ ਇਹ ਤਾਂ ਖੈਰ ਹੈ ਈ ਮਤੇਰ---ਪਰ ਤੁਸੀਂ ਤਾਂ ਮਤੇਰ ਨਹੀਂ ਸੀਘੇ---ਤੁਸੀਂ ਏ ਇਹਨੂੰ ਮੱਤ ਦਿੰਦੇ---ਬਈ ਨੰਗੇ ਝਾਟੇ ਨਾਲ ਨਾਨਕਿਆਂ ਦਾ ਸੁਆਗਤ ਨਹੀਂ ਕਰੀਦਾ---ਹੁੰਦੀ ਮੇਰੀ ਧੀ ਨਛੱਤਰ ਕੁਰ---ਸਿਰ ਤੇ ਦੋਸ੍ਹੜਾ ਲੈ ਕੇ ਖਿੜੇ ਮੱਥੇ ਸਾਡਾ ਸੁਆਗਤ ਕਰਦੀ---ਇਹ ਮੱਥਾ ਸੜੀ ਕਾਸਤੋਂ ਖੜ੍ਹੀ ਕਰ ਤੀ ਥਾਲੀ ਫੜਾ ਕੇ---ਚਲ ਲੋਕ ਲਾਜ ਈ ਰੱਖ ਲੈਂਦੀ---"
ਮੇਰੀ ਸੱਸ ਨੇ ਮੇਰੇ ਹੱਥੋਂ ਥਾਲੀ ਫੜ ਕੇ ਬਿਨ੍ਹਾਂ ਕੁਸ ਕਿਹਾਂ ਉਹਨਾਂ ਦੀ ਸੇਵਾਲੜੀ ਸੁਰੂ ਕਰ ਦਿੱਤੀ, ਕੁੜੀਆਂ ਸਿੱਠਣੀਆਂ ਦੇਣ ਲੱਗੀਆਂ
ਬੂਹੇ ਉੱਤੇ ਤੇਲ ਚੁਆ ਬੀਬੀ
ਇਹਨਾਂ ਪੇਕਿਆਂ ਦੇ ਸ਼ਗਨ ਮਨਾ ਬੀਬੀ
ਮਾਮੀਆਂ ਨੂੰ ਪੱਲਾ ਪੁੜੀ ਪਾ ਬੀਬੀ
ਭਤੀਜਿਆਂ ਨੂੰ ਗਲ ਨਾਲ ਲਾ ਬੀਬੀ
ਊਠੀਂ ਨੀ ਬੀਬੀ ਸੁੱਤੀਏ ਨੀ ਤੇਰੇ ਬੀਰਨ ਆਏ
ਨਾਲ ਸੋਂਹਦੀਆਂ ਭਾਬੀਆਂ ਬੀਰੇ ਅੰਮੜੀ ਦੇ ਜਾਏ
ਤੇਰੇ ਮੋਹ ਦੇ ਬੱਧੇ ਨੀ ਵਾਟਾਂ ਝਾਗ ਕੇ ਆਏ
ਆਇਆਂ ਦੇ ਸ਼ਗਨ ਮਨਾ ਬੀਬੀ ਭਲੇ ਕਾਰਜ ਆਏ
ਮੈਂ ਭੀੜ ਵਿੱਚ ਹੀ ਕਿਧਰੇ ਖੋ ਗਈ---ਜਾਣ ਬੁੱਝ ਕੇ ਪਿੱਛੇ ਹੋ ਕੇ ਇੱਕ ਤਰ੍ਹਾਂ ਨਾਨਕਿਆਂ ਦੀਆਂ ਨਜ਼ਰਾਂ ਤੋਂ ਛੁਪ ਗਈ---ਕੁੜੀਆਂ ਨੇ ਅੰਦਰ ਵੜਦੀਆਂ ਨਾਨਕੀਆਂ ਨੂੰ ਸਿੱਠਣੀਆਂ ਦੇਣੀਆਂ ਸੁਰੂ ਕਰ ਦਿੱਤੀਆਂ,
ਨਾਨਕੀਆਂ ਨੂੰ ਖਲ ਕੁੱਟ ਦਿਓ ਜੀ
ਜਿਹਨਾਂ ਧੌਣ ਪੱਚੀ ਸੇਰ ਖਾਣਾ
ਸਾਨੂੰ ਲੈਚੀਆਂ ਜੀ
ਜਿਹਨਾਂ ਮੁਸ਼ਕ ਲਿਆਂ ਰੱਜ ਜਾਣਾ
ਇਹਨਾਂ ਨਾਨਕੀਆਂ ਨੇ ਮਣ ਮਣ ਖਾਧੇ ਮੰਡੇ
ਇਹਨਾਂ ਨਾਨਕੀਆਂ ਦੇ ਧਰੋ ਮੌਰਾਂ ਵਿੱਚ ਡੰਡੇ
ਇਹਨਾਂ ਨਾਨਕੀਆਂ ਨੇ ਮਣ ਮਣ ਖਾਧੇ ਛੋਲੇ
ਇਹਨਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ
ਕੁੜੀਓ ਪਰਾਂਦੀਆਂ ਤਣ ਲਓ ਨੀ
ਡੋਰਾਂ ਬੱਟ ਕੇ ਸੁੱਚੀਆਂ
ਗੁਰੇ ਤੇਰੀਆਂ ਨਾਨਕੀਆਂ
ਅਸਲੋਂ ਨੰਗੀਆਂ ਤੇ ਬੁੱਚੀਆਂ
ਫਿਰਦੀਆਂ ਨੰਗ ਧੜੰਗੀਆਂ ਨੀ
ਇਹ ਸਿਰੇ ਦੀ ਲੁੱਚੀਆਂ
ਛੱਜ ਉਹਲੇ ਛਾਣਨੀ ਪਰਾਤ ਉਹਲੇ ਤਵਾ ਵੇ
ਨਾਨਕਿਆਂ ਦਾ ਮੇਲ ਆਇਆ ਸੂਰੀਆਂ ਦਾ ਰਵਾ ਵੇ
ਛੱਜ ਉਹਲੇ ਛਾਨਣੀ ਪਰਾਤ ਉਹਲੇ ਡੋਈ ਵੇ
ਨਾਨਕਿਆਂ ਦਾ ਮੇਲ ਆਇਆ ਚੱਜ ਦਾ ਨਾ ਕੋਈ ਵੇ
ਗੁਰੇ ਦੀ ਵੱਡੀ ਮਾਮੀ ਕੁੱਝ ਜਿਆਦਾ ਈ ਮਜਾਜਣ ਸੀ---ਮਟਕ ਮਟਕ ਕੇ ਤੁਰਦੀ---ਕੁੜੀਆਂ ਨੇ ਉਹ ਘੇਰ ਲਈ ਤੇ ਸਿੱਠਣੀਆਂ ਦੇਣ ਲੱਗੀਆਂ,
ਮਾਮੀ ਮੰਗਦੀ ਐ
ਮੰਗਦੀ ਐ ਅੜੀਓ ਮਸਤ ਕਲੰਦਰ
ਅਸੀਂ ਘੁੰਮ ਲਿਆ ਨੀ
ਘੁੰਮ ਲਿਆ ਬੀਬੀ ਸਾਰਾ ਜਲੰਧਰ
ਸਾਨੂੰ ਮਿਲਿਆ ਈ ਨਾ
ਮਿਲਿਆ ਨਾ ਬੀਬੀ ਮਸਤ ਕਲੰਦਰ
ਮਾਮੀ ਨਖਰੋ ਦੇ ਚੰੁਨ ਮਚੁੰਨੇ ਦੀਦੇ
ਫਿੱਡਾ ਨੱਕ ਕੁੜੀਓ
ਮਾਮਾ ਹੋਰ ਲਿਆਉਣ ਨੂੰ ਫਿਰਦਾ
ਫੱਟੇ ਚੱਕ ਕੁੜੀਓ
ਮਾਮੀ ਨਖਰੋ ਦਾ ਟੇਢਾ ਮੇਢਾ ਬੂਥਾ
ਮੀਣਾ ਮੱਥਾ ਕੁੜੀਓ
ਮਾਮਾ ਹੋਰ ਲਿਆਉਣ ਨੂੰ ਫਿਰਦਾ
ਮਾਮੀ ਤੋਂ ਮਨ ਲੱਥਾ ਕੁੜੀਓ
ਇਹ ਸਿੱਠਣੀਆਂ ਦਾ ਸਿਲਸਿਲਾ ਬੜੀ ਦੇਰ ਚੱਲਿਆ---ਕਦੇ ਨਾਨਕੀਆਂ ਤੇ ਕਦੇ ਦਾਦਕੀਆਂ ਇੱਕ ਦੂਜੀ ਨੂੰ ਸਿੱਠਣੀ ਰਾਹੀਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ---ਫੇਰ ਪਤਾ ਨੀ ਗੁਰੇ ਦੀ ਮਾਮੀ ਨੂੰ ਕੀ ਸੁੱਝੀ, ਉਹ ਬਾਂਹ ਉਚੀ ਕਰ ਕੇ ਬੋਲੀ,
“ਨੀ ਕਿੱਥੇ ਐ ਮੁੰਡੇ ਦੀ ਮਾਂ---? ਲਿਆਓ ਉਹਨੂੰ ਸਾਹਮਣੇ---ਉਹਦੀ ਵੀ ਸੇਵਾ ਲੜੀ ਕਰੀਏ---ਕਿੱਥੇ ਲੁਕ ਗਈ---?"
ਮੈਂ ਭੀੜ ਨੂੰ ਚੀਰਦੀ ਸਾਮਣੇ ਆ ਕੇ ਖੜੋ ਗਈ---ਨਾਨਕੀਆਂ ਨੇ ਮੈਨੂੰ ਦੇਖ ਕੇ ਹਾਸੜ ਚੱਕ ਲਈ---ਕਿੰਨੀ ਈ ਦੇਰ ਉਹ ਮੈਨੂੰ ਦੇਖ ਕੇ ਹੱਸੀ ਗਈਆਂ---ਹੱਸੀ ਗਈਆਂ---ਅਖੀਰ ਇੱਕ ਜਣੀ ਲੇ ਮੇਰੀ ਬਾਂਹ ਫੜ ਕੇ ਹੇਕ ਲਾਈ,
ਮੁੰਡੇ ਦਾ ਬਾਪੂ ਝੋਲੇ ਦਾ ਮਾਰਿਆ
ਕੰਜਰ ਦਾ ਬਹਿ ਗਿਆ ਲੱਗ ਖੂੰਜੇ
ਕੌਣ ਤਾਂ ਉਹਦਾ ਅੱਗਾ ਪਿੱਛਾ ਧੋਊ
ਕੌਣ ਤਾਂ ਉਹਦਾ ਅੱਗਾ ਪਿੱਛਾ ਧੋਊ
ਕੌਣ ਤਾਂ ਉਹਦੀਆਂ ਨਲੀਆਂ ਪੂੰਝੇ
ਲੰਗੜੀ ਤਾਂ ਉਹਦਾ ਅੱਗਾ ਪਿੱਛਾ ਚੱਟੇ
ਮੁੱਲ ਖਰੀਦੀ ਨਲੀਆਂ ਪੂੰਝੇ
ਸਿਰਫ਼ ਨਾਨਕੀਆਂ ਤੇ ਨਿਰੰਜਣ ਸੂੰ ਦੇ ਬੱਚੇ ਹੀ ਹਸ ਰਹੇ ਸਨ---ਬਾਕੀ ਔਰਤਾਂ ਨੂੰ ਇਹੋ ਜਿਹਾ ਭੱਦਾ ਮਜ਼ਾਕ ਚੰਗਾ ਨਹੀਂ ਸੀ ਲੱਗ ਰਿਹਾ---ਉਹ ਮੇਰੇ ਵੱਲ ਹਮਦਰਦੀ ਭਰੀਆਂ ਨਜ਼ਰਾਂ ਨਾਲ ਤੱਕ ਰਹੀਆਂ ਸਨ।
ਮੇਰੀਆਂ ਦਰਾਣੀਆਂ ਜਠਾਣੀਆਂ ਨੂੰ ਵੀ ਉਹਨਾਂ ਦਾ ਇਹ ਹੋਛਾ ਮਜ਼ਾਕ ਭਾਅ ਨਹੀਂ ਸੀ ਰਿਹਾ ਪਰ ਉਹ ਮਾਹੌਲ ਨੂੰ ਖਰਾਬ ਨਹੀਂ ਸਨ ਹੋਣ ਦੇਣਾ ਚਾਹੁੰਦੀਆਂ---ਸੋ ਚਾਹੁੰਦਿਆਂ ਹੋਇਆਂ ਵੀ ਕੁੱਝ ਨਾ ਬੋਲੀਆਂ।
ਮੇਰੇ ਅਪਾਹਜ ਹੋਣ ਅਤੇ ਮੁੱਲ ਖਰੀਦ ਔਰਤ ਹੋਣ ਨੂੰ ਲੈ ਕੇ ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਸਿੱਠਣੀਆਂ ਰੂਪੀ ਗੌਣ ਗਾਏ,
ਧੀਆਂ ਵੇਚ ਕੇ ਦੰਮਾ ਦੀ ਬੋਰੀ ਭਰ ਲਈ
ਧਰਮੀ ਮਾਪਿਆਂ ਨੇ
ਤੈਨੂੰ ਲੰਗੜੀ ਨੂੰ ਕੀਹਨੇ ਸੀ ਵਿਆਹੁਣਾ
ਸੀਸਾ ਦੇਖ ਬੱਚੀਏ
ਸੁੱਤੀ ਪਈ ਦੇ ਸਿਰਹਾਣੇ ਰਿੱਛ ਬੰਨ੍ਹ ਕੇ
ਨੋਟਾਂ ਦੀ ਭਰਾਅ ਲਈ ਉੱਖਲੀ
ਜੇ ਮੈਂ ਜਾਣਦੀ ਦੁਹਾਜੂ ਵਰ ਚੁੱਕਣਾ
ਬੇਦੀ ਨੂੰ ਪੁੱਟ ਸਿੱਟਦੀ
ਬੇਦੀ ਪੱਟਣ ਲੱਗੀ ਨੂੰ ਬਾਪੂ ਰੋਕਦਾ
ਧੀਏ ਮੇਰੀ ਲਾਜ ਰੱਖ ਲੈ---
ਫੇਰ ਪਤਾ ਨੀ ਗੁਰੇ ਦੀ ਮਾਸੀ ਨੂੰ ਕੀ ਸੁੱਝੀ ਉਹ ਮੇਰੀ ਬਾਂਹ ਫੜ ਕੇ ਗਾਉਣ ਲੱਗੀ,
ਛੱਡ ਖਹਿੜਾ ਬੁੱਢੜੇ ਦਾ
ਤੈਨੂੰ ਸਹਿੰਸੀ ਮੁੰਡੇ ਦੀ ਦੱਸ ਪਾਵਾਂ
ਉਹ ਮੇਰੀ ਬਾਂਹ ਫੜ ਕੇ ਨੱਚੀ ਗਈ---ਨੱਚੀ ਹੀ ਗਈ---ਫੇਰ ਮੇਰੀ ਨਣਦ ਨੇ ਮੈਨੂੰ ਬਾਹੋਂ ਫੜ ਕੇ ਗਿੱਧੇ ਦੇ ਪਿੜ ਚੋਂ ਬਾਹਰ ਕੱਢਿਆ---ਉਹ ਮੈਨੂੰ ਗੋਦੀ `ਚ ਲੈ ਕੇ ਅੰਦਰ ਕੋਠੜੀ `ਚ ਛੱਡ ਆਈ---ਮੇਰੀਆਂ ਅੱਖਾਂ ਨਮ ਹੋ ਗਈਆਂ---ਉਹ ਮੇਰੇ ਸਿਰ ਤੇ ਹੱਥ ਧਰਦਿਆਂ ਬੋਲੀ,
“ਕੋਈ ਗੱਲ ਨੀ---ਮੰਡ੍ਹਾ ਚੜ੍ਹੇ ਤੋਂ ਇਹਾ ਜਿਹਾ ਮਜਾਕ ਮੇਲਣਾ ਕਰ ਈ ਲੈਂਦੀਆਂ ਨੇ---ਦੇਖ ਅਸੀਂ ਤਾਂ ਤੈਨੂੰ ਕਦੇ ਕੁਸ ਨੀ ਕਿਹਾ---ਇਹ ਭੂਤਰੀਆਂ ਹੋਈਆਂ ਨੇ---ਤੂੰ ਇਹਨਾਂ ਦੀ ਗਲ ਵੱਲ ਧਿਆਨ ਨਾ ਦੇਹ"
“ਭੈਣ ਜੀ---ਮੈਂ ਤਾਂ ਕਿਸੇ ਦੀ ਗੱਲ ਦਾ ਗੁੱਸਾ ਨੀ ਕਰਦੀ---ਤੁਸੀਂ ਮੇਰੀ ਫਿ਼ਕਰ ਨਾ ਕਰੋ---ਮੈਨੂੰ ਤਾਂ ਇਹੋ ਜਿਹੇ ਭੱਦੇ ਮਜ਼ਾਕ ਸਹਿਣ ਦੀ ਆਦਤ ਪਈ ਹੋਈ ਐ---"
ਮੇਰੀ ਨਣਦ ਬਾਹਰ ਤੁਰ ਗਈ---ਬਾਹਰ ਅਜੇ ਵੀ ਮੇਲਣਾਂ ਨੱਚ ਰਹੀਆਂ ਸਨ---ਮੈਂ ਸੋਚ ਰਹੀ ਸਾਂ ਕਿ ਮੈਂ ਇੱਕ ਵਸਤੂ ਹਾਂ---ਤੇ ਵਸਤੂ ਜਦੋਂ ਵੇਚੀ ਖਰੀਦੀ ਜਾਂਦੀ ਹੈ ਤਾਂ ਇਸ ਖਰੀਦੋ ਫਰੋਖਤ ਦਾ ਲਾਭ ਵਸਤੂ ਨੂੰ ਤਾਂ ਨਹੀਂ ਹੁੰਦਾ---ਇਹਦਾ ਫ਼ਾਇਦਾ ਤਾਂ ਖਰੀਦੋ ਫਰੋਖਤ ਕਰਨ ਵਾਲਿਆ ਨੂੰ ਈ ਹੁੰਦਾ ਐ---ਵਸਤੂ ਤਾਂ ਨਿਰਜੀਵ ਹੁੰਦੀ ਐ---ਕੋਈ ਵਸਤੂ ਨੂੰ ਤਾਅਨੇ ਮਿਹਣੇ ਵੀ ਨਹੀਂ ਮਾਰਦਾ---ਪਰ ਇਹ ਨਾਨਕੀਆਂ ਮੈਨੂੰ ਕਿਉਂ ਤਾਅਨੇ ਮਾਰ ਰਹੀਆਂ ਨੇ---
ਅਜੇ ਵੀ ਭੂਤਰੀਆਂ ਨਾਨਕੀਆਂ ਮੈਨੂੰ ਲੈ ਕੇ ਹੱਸ ਰਹੀਆਂ ਸਨ---ਉਹ ਮੇਰੇ ਵਾਂਗ ਲੰਗੜੀਆਂ ਲੰਗੜੀਆਂ ਤੁਰ ਕੇ ਦਿਖਾ ਰਹੀਆਂ ਸਨ---ਗੁਰੇ ਦੀ ਨਾਨੀ ਵੀ ਇਹਨਾਂ ਨਾਨਕੀਆਂ ਨੂੰ ਦੇਖ ਦੇਖ ਕੇ ਖੁਸ਼ ਹੋ ਰਹੀ ਸੀ।
ਮੇਰੀ ਨਣਦ ਪਾਣੀ ਦੇ ਗਲਾਸ ਦੇ ਬਹਾਨੇ ਕੋਠੜੀ `ਚ ਆਈ ਤੇ ਮੈਨੂੰ ਪਾਣੀ ਪਿਲਾਉਂਦੀ ਹੋਈ ਆਖਣ ਲੱਗੀ,
“ਤੂੰ ਵਿਆਹ ਤੱਕ ਇਹਨਾਂ ਦੀਆਂ ਗੱਲਾਂ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਦਿਆ ਕਰ---ਆਪੇ ਚੁੱਪ ਕਰ ਰਹਿਣਗੀਆਂ---"
ਨਾਨਕੀਆਂ ਨੇ ਆਪਣੇ ਵੱਲੋਂ ਮੇਰੀ ਲਾਹ ਪਾਹ ਕਰਨ ਵਿੱਚ ਕੋਈ ਕਸਰ ਨਾ ਛੱਡੀ---ਮੈਂ ਰੋ ਵੀ ਨਹੀਂ ਸਾਂ ਸਕਦੀ---ਗੁੱਸਾ ਵੀ ਨਹੀਂ ਸਾਂ ਕਰ ਸਕਦੀ---ਉਹਨਾਂ ਨੂੰ ਕੁੱਝ ਕਹਿ ਵੀ ਨਹੀਂ ਸਾਂ ਸਕਦੀ---ਕਿਉਂਕਿ ਮੈਂ ਤਾਂ ਪਹਿਲਾਂ ਹੀ ਅਧਿਕਾਰ ਰਹਿਤ ਜੀਵ ਸਾਂ ਤੇ ਹੁਣ ਤਾਂ ਬੋਲਣ ਦੀ ਜਾਹ ਈ ਕੋਈ ਨਹੀਂ ਸੀ---ਸਾਰਿਆਂ ਨੇ ਆਖਣਾ ਸੀ ਕਿ ਮੰਡ੍ਹੇ ਹੇਠ ਕਾਹਦਾ ਗੁੱਸਾ? ਵਿਆਹ ਸ਼ਾਦੀ `ਚ ਤਾਂ ਸਭ ਤਰ੍ਹਾਂ ਦੀ ਸਿੱਠਣੀ ਤੇ ਟਿੱਚਰ ਮਖੌਲ ਜਾਇਜ਼ ਹੁੰਦਾ ਹੈ---ਮੈਨੂੰ ਔਰਤਾਂ ਨੇ ਆਖਣਾ ਸੀ ਕਿ ਜੇ ਇਹ ਤੈਨੂੰ ਸਿੱਠਣੀਆਂ ਰਾਹੀਂ ਜਲੀਲ ਕਰ ਰਹੀਆਂ ਨੇ ਤਾਂ ਤੂੰ ਵੀ ਕਰ ਲੈ---ਪਰ ਮੈਂ ਕੀ ਕਰਦੀ---ਹੈਡਮਾਸਟਰ ਮੇਵਾ ਸਿੰਘ ਜਿਹੜਾ ਨੈਤਿਕਤਾ ਦਾ ਪਾਠ ਪੜ੍ਹਾਇਆ ਹੋਇਆ ਹੈ ਉਹ ਮੈਨੂੰ ਕਦੇ ਵੀ ਬਦਤਮੀਜ਼ੀ ਨਹੀਂ ਕਰਨ ਦਿੰਦਾ
ਨਾਨਕੀਆਂ ਵੱਲੋਂ ਮੇਰੀ ਕੀਤੀ ਜਾ ਰਹੀ ਬੇਇਜ਼ਤੀ ਬਾਕੀ ਔਰਤਾਂ ਨੂੰ ਵੀ ਚੰਗੀ ਨਹੀਂ ਸੀ ਲੱਗ ਰਹੀ---ਪਰ ਕਿਸੇ ਦੂਸਰੇ ਦੇ ਫੱਟੇ ਵਿੱਚ ਕੌਣ ਟੰਗ ਅੜਾਉਂਦਾ ਹੈ? ਉਸ ਵੇਲੇ ਮੇਰੀ ਛਿੱ ਹਾਸੀ ਪਿੱਛੇ ਸੱਚ ਮੁੱਚ ਇੱਕ ਉਦਾਸੀ ਉਤਰ ਕੇ ਬਹਿ ਗਈ---ਪਰ ਮੇਰਾ ਕੋਈ ਸੁਣਨ ਵਾਲਾ ਨਹੀਂ ਸੀ---ਮੈਂ ਕਿੱਥੇ ਜਾ ਕੇ ਗੁਹਾਰ ਲਾਉਂਦੀ? ਮੇਰੀ ਕਿਸ ਨੇ ਸੁਣਨੀ ਸੀ?
ਉਂਜ ਜੇ ਦੇਖਿਆ ਜਾਵੇ ਤਾਂ ਉਹ ਗਲਤ ਵੀ ਕੀ ਕਹਿ ਰਹੀਆਂ ਸਨ? ਉਹ ਝੂਠ ਵੀ ਕੀ ਰਹਿ ਰਹੀਆਂ ਸਨ---ਉਹ ਤਾਂ ਸਭ ਕੁੱਝ ਸੱਚ ਗਾ ਰਹੀਆਂ ਸਨ---ਮੈਂ ਬੜੀ ਮੁਸ਼ਕਲ ਨਾਲ ਆਪਣੀ ਕੋਠੜੀ `ਚ ਆਪਣੇ ਆਪ ਨੂੰ ਸਾਵਾ ਕਰਨ ਦੀ ਕੋਸ਼ਿਸ਼ ਕਰਦੀ ਰਹੀ---ਬਾਹਰ ਖੁਸ਼ੀਆਂ ਸਨ ਰੌਣਕ ਮੇਲਾ ਸੀ---ਵਿਆਹ ਦਾ ਰੰਗਲ ਮੰਗਲ ਸੀ ਪਰ ਅੰਦਰ ਕੋਠੜੀ ਵਿੱਚ ਸੰਨਾਟਾ ਸੀ---ਸਿਰਫ਼ ਨਿਰੰਜਣ ਸਿੰਘ ਦੇ ਸਾਹ ਲੈਣ ਦੀ ਆਵਾਜ਼ ਆ ਰਹੀ ਸੀ---ਮੈਂ ਪਹਿਲੀ ਵਾਰ ਆਪਣੇ ਪਤੀ ਨੂੰ ਇਸ ਤਰ੍ਹਾਂ ਮੁਖ਼ਾਤਿਬ ਹੋਈ, “ਨਿਰੰਜਣ ਸਿਆਂ---ਅੱਜ ਤੇਰੇ ਪੁੱਤ ਦਾ ਵਿਆਹ ਐ---ਭਲਕੇ ਬਰਾਤ ਜਾਣੀ ਐ---ਤੂੰ ਹਿੰਮਤ ਕਰ---ਉਠ---ਆਪਣੇ ਪੁੱਤ ਦਾ ਵਿਆਹ ਦੇਖ---ਕਹਿਣ ਨੂੰ ਤੂੰ ਮੇਰਾ ਪਤੀ ਪਨਮੇਸ਼ਰ ਐਂ---ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰਾ ਘਰ ਵਾਲਾ---ਪਰ ਆਪਾਂ ਆਪਣੇ ਰਿਸ਼ਤੇ ਬਾਰੇ ਜਾਣਦੇ ਈ ਆਂ---ਸਾਡਾ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਨਾਤਾ ਨਹੀਂ ਹੈ---ਚੱਲ ਉਂਜ ਤਾਂ ਐਂ ਵੀ ਕੀ ਕਹਿਣਾ---ਆਪਣਾ ਮਾਲਕ ਗੁਲਾਮ ਵਾਲਾ ਰਿਸ਼ਤਾ ਤਾਂ ਹੈ ਈ ਐ ਨਾਅ---ਇਸ ਰਿਸ਼ਤੇ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ"---ਫੇਰ ਪਤਾ ਨੀ ਕਿਉਂ ਮੈਂ ਭਰੀ ਪੀਤੀ ਨੇ ਆਪਣੇ ਪਤੀ ਨੂੰ ਬਾਹੋਂ ਫੜ ਕੇ ਝੰਜੋੜਿਆ---ਉਹ ਬੁਰੀ ਤਰ੍ਹਾਂ ਤ੍ਰਭਕਿਆ---ਮੈਂ ਡਰ ਗਈ---ਸ਼ਾਇਦ ਮੈਂ ਉਸ ਨੂੰ ਕੁੱਝ ਵਧੇਰੇ ਈ ਝੰਜੋੜ ਦਿੱਤਾ ਸੀ---
ਹੁਣ ਵਿਆਹ ਵਿੱਚ ਮਾਂ ਵੱਲੋਂ ਨਭਾਈਆਂ ਜਾਣ ਵਾਲੀਆਂ ਸਾਰੀਆਂ ਰੀਤਾਂ ਤੇ ਸਾਰੇ ਸ਼ਗਨ ਸ਼ਾਸਤਰ ਮੇਰੀ ਸੱਸ ਹੀ ਨਿਭਾਅ ਰਹੀ ਸੀ---ਬਰਾਤ ਚੜ੍ਹੀ ਤੋਂ ਬਾਦ ਰਾਤ ਨੂੰ ਮੇਲਣਾਂ ਨੇ ਖਾਸ ਕਰ ਨਾਨਕੀਆਂ ਨੇ ਰੱਜ ਕੇ ਗਿੱਧਾ ਪਾਇਆ---ਛੱਜ ਤੋੜਿਆ---ਬੰਬੀਹਾ ਬੁਲਾਇਆ---ਤੇ ਸੁਆਗ਼ ਰਚਾਏ---ਸਾਡੇ ਇਲਾਕੇ ਵਿੱਚ ਬਰਾਤ ਚੜ੍ਹਨ ਬਾਦ ਰਾਤ ਨੂੰ ਲਾੜੇ ਲਾੜੀ ਦਾ ਸੁਆਂਗ ਰਚਾਉਣ ਦੀ ਰਸਮ ਨਿਭਾਉਣ ਦਾ ਰਿਵਾਜ਼ ਸੀ---ਇਹ ਰਸਮ ਬੜੇ ਸ਼ਗਨਾਂ ਨਾਲ ਨਿਭਾਈ ਜਾਂਦੀ ਸੀ।
ਰਾਤ ਨੂੰ ਨਾਨਕੀਆਂ ਨੇ ਇਹ ਰਸਮ ਨਿਭਾਉਣ ਹਿੱਤ ਸੁਆਂਗ ਰਚਾਇਆ---ਮੈਂ ਵੀ ਗਿੱਧਾ ਦੇਖਣ ਲਈ ਗੋਲ ਘੇਰੇ `ਚ ਖੜ੍ਹੀ ਸਾਂ---ਮੇਲਣਾ ਨੇ ਨੱਚ ਨੱਚ ਕੇ ਧਰਤੀ ਪੱਟ ਦਿੱਤੀ---ਫੇਰ ਗੁਰੇ ਦੀ ਮਾਮੀ ਲਾੜੀ ਬਣੀ ਤੇ ਮਾਸੀ ਲਾੜਾ---ਇਸ ਝੂਠ ਮੂਠ ਦੇ ਵਿਆਹ ਨੂੰ ਦੇਖ ਕੇ ਮੈਨੂੰ ਆਪਣਾ ਵਿਆਹ ਯਾਦ ਆ ਗਿਆ---ਜਦੋਂ ਭਾਈ ਜੀ ਬਣੀ ਮੇਰੀ ਨਣਦ ਉਹਨਾਂ ਦੇ ਫੇਰੇ ਕਰਾਉਣ ਲੱਗੀ ਤਾਂ ਪਤਾ ਨੀ ਲਾੜਾ ਬਣੀ ਮਾਸੀ ਨੂੰ ਕੀ ਸੁੱਝੀ ਕਿ ਉਹ ਸਹੀ ਢਾਈ ਲਾਵਾਂ ਬਾਦ ਬੇਹੋਸ਼ੀ ਦਾ ਢੋਂਗ ਰਚਾਉਂਦੀ ਹੋਈ ਡਿੱਗ ਪਈ ਤੇ ਬੜੀ ਲੈਅ ਨਾਲ ਹਾਇ ਹਾਇ ਕਰਨ ਲੱਗ ਪਈ---ਸਾਰੇ ਪਾਸੇ ਹਾਸੜ ਮੱਚ ਗਈ---ਸਭ ਔਰਤਾਂ ਸਮਝ ਗਈਆਂ ਕਿ ਇਹ ਸਾਰਾ ਤਮਾਸ਼ਾ ਮੈਨੂੰ ਚਿੜਾਉਣ ਲਈ ਹੀ ਕੀਤਾ ਜਾ ਰਿਹ ਹੈ---ਮਾਸੀ ਬੋਲ ਰਹੀ ਸੀ,
“ਭਾਈ ਇਹਨਾਂ ਦੇ ਘਰ ਬੱਸ ਢਾਈ ਲਾਵਾਂ ਬਾਦ ਦੀ ਬਹੂ ਘਰੇ ਲਿਆਉਣ ਦਾ ਰਬਾਜ ਐ---ਏਸ ਕਰਕੇ ਬੱਸ, ਢਾਈ ਲਾਵਾਂ ਈ ਬਥੇਰੀਆਂ ਨੇ---ਹੁਣ ਮੈ" ਉਹ ਪਲ ਕੁ ਚੁੱਪ ਹੋ ਕੇ ਲੰਗੜੀ ਲੰਗੜੀ ਤੁਰਨ ਦਾ ਨਾਟਕ ਕਰਦਿਆਂ ਅੱਗੇ ਬੋਲੀ, “ਹੁਣ ਮੈਂ ਲਾੜੀ ਘਰੇ ਲੈ ਜਾਣੀ ਐ---ਇਹ ਮੇਰੀ ਸੇਵਾ ਕਰਿਆ ਕਰੂ---ਮੇਰਾ ਗੂੰਹ ਮੂਤ ਹੁੰਝਿਆ ਕਰੂ---"ਇਸ ਤੋ ਬਾਦ ਉਸ ਨੇ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ---ਮੇਲਣਾਂ ਹੱਸ ਹੱਸ ਕੇ ਲੋਟ ਪੋਟ ਹੋ ਰਹੀਆਂ ਸਨ---ਪਰ ਮੈਂ ਇਹ ਸੁਆਂਗ ਦੇਖ ਕੇ ਅੰਦਰ ਤੱਕ ਦੁਖ ਗਈ---ਵਲੂੰਧਰੀ ਗਈ---ਇਹ ਸੁਆਂਗ ਇਹਨਾਂ ਨਾਨਕੀਆਂ ਨੂੰ ਮੈਨੂੰ ਸੜਾਉਣ ਖਾਤਰ, ਚਿੜਾਉਣ ਖਾਤਰ, ਮੇਰੀ ਹੇਠੀ ਕਰਨ ਖਾਤਰ ਤੇ ਮੈਨੂੰ ਜਲੀਲ ਕਰਨ ਖਾਤਰ ਈ ਕੀਤਾ ਸੀ---ਪਰ ਮੈਂ ਭਾਵੇਂ ਉਤਲੇ ਮਨੋਂ ਈ ਸਹੀ ਉਹਨਾਂ ਦੇ ਹਾਸੇ ਮਜਾਕ `ਚ ਸ਼ਾਮਲ ਹੋਣ ਦਾ ਨਾਟਕ ਕਰਦੀ ਰਹੀ---ਬਾਕੀ ਮੇਲਣਾਂ ਦੇ ਨਾਲ ਹੱਸਣ ਦੀ ਕੋਸ਼ਿਸ਼ ਕਰਦੀ ਰਹੀ---ਫੇਰ ਲਾੜੀ ਬਣੀ ਮਾਮੀ ਨੇ ਮੋੜਵਾਂ ਉੱਤਰ ਦਿੱਤਾ,
“ਦੇਖ ਬਈ ਲਾਣੇਦਾਰਾ---ਹੁਣ ਤੂੰ ਮੇਰੇ ਕਿਸੇ ਕੰਮ ਦਾ ਨੀ ਰਿਹਾ---ਮੈਂ ਨੀ ਜਾਣਾ ਤੇਰੇ ਨਾਲ---ਨਾਲੇ ਤੂੰ ਹੁਣ ਮੇਰੀ ਡੋਲੀ ਘਰੇ ਤਾਂ ਲਿਜਾ ਨੀ ਸਕਦਾ---ਤੈਂ ਜਾਣੈ ਸਿੱਧਾ ਹਸਪਤਾਲ---ਮੈਂ ਅਧਮਰੇ ਆਦਮੀ ਨਾਲ ਜਾਣ ਦੀ ਬਜਾਏ ਕਮਾਰੀ ਰਹਿ ਕੇ ਬਾਪ ਦੇ ਘਰ ਰਹਿ ਲਊਂ---ਤੈਨੂੰ ਮੇਰਾ ਦੂਰੋਂ ਸਲਾਮ---ਤੂੰ ਆਵਦੀ ਗੱਡੀ ਖਾਲੀ ਮੋੜ ਕੇ ਲੈ ਜਾ---ਜਾਂ ਫੇਰ ਗੱਡੀ `ਚ ਇੱਟ ਧਰ ਕੇ ਲੈ ਜਾ---"
“ਨਹੀਂ ਭਾਗਮਾਨੇ! ਦੇਖ ਆਪਣਾ ਬਿਆਹ ਤਾਂ ਹੋ ਗਿਆ---ਇਹਨਾਂ ਕੰਜਰਾਂ ਦੇ ਘਰ ਤਾਂ ਢਾਈ ਲਾਵਾਂ ਬਾਦ ਅਧਰੰਗ ਮਾਰੇ ਬੰਦੇ ਨਾਲ ਵਿਦਾ ਹੋ ਕੇ ਜਾਣ ਦਾ ਰਵਾਜ ਐ---ਨਾਲੇ ਬੀਬੀ---ਈ---ਈ---ਜੇ ਤੂੰ ਮੇਰੇ ਨਾਲ ਨਾ ਗਈ---ਤਾਂ ਮੇਰਾ ਗੂੰਹ ਮੂਤ ਕੌਣ ਸਾਫ ਕਰੂ---ਸੇਵਾ ਸੰਭਾਲ ਕੌਣ ਕਰਿਆ ਕਰੂ---"
“ਨਾਂਅ ਬਾਬਾ---ਮੈਂ ਨੀ ਜਾਂਦੀ ਤੇਰੇ ਨਾਲ---ਨਾਲੇ ਮੇਰੇ ਬਾਪ ਨੇ ਕਿਹੜਾ ਤੈਥੋਂ ਰੁਪੱਈਏ ਲਏ ਨੇ---ਮੈਂ ਕਿਹੜਾ ਮੇਰੇ ਮਾਪਿਆ ਨੇ ਬੇਚੀ ਆਂ ਤੈਨੂੰ---ਪੁੰਨ ਦੀ ਬਿਆਹੀ ਜਾਣਾ ਸੀ ਮੈਂ---ਜੇ ਤੈਂ ਮੇਰੇ ਬਾਪੂ ਨੂੰ ਰੁਪੱਈਆਂ ਦੀ ਥੈਲੀ ਦਿੱਤੀ ਹੁੰਦੀ ਫੇਰ ਤਾਂ ਭਾਈ ਤੇਰਾ ਮੈਨੂੰ ਲਜਾਣ ਦਾ ਅਧਕਾਰ ਬਣਦਾ ਸੀ---ਹੁਣ ਤੂੰ ਧੱਕੇ ਨੀ ਕਰ ਸਕਦਾ---ਮੈਂ ਤੇਰੀ ਮੁੱਲ ਖਰੀਦੀ ਹੋਈ ਨਹੀਂ ਆਂ---ਮੈਂ ਨੀ ਜਾਂਦੀ ਤੇਰੇ ਨਾਲ---"
ਹੱਸ ਹੱਸ ਕੇ ਲੋਟ ਪੋਟ ਹੁੰਦੀਆਂ ਮੇਲਣਾਂ ਨਾਲ ਰਲਦਿਆਂ ਮੈਂ ਉਹਨਾਂ ਦੀ ਗੱਲ ਦਾ ਭੋਰਾ ਮਾਖਤਾ ਨਾ ਕੀਤਾ---ਨਾਲੇ ਉਹ ਕਿਹੜਾ ਝੂਠ ਬੋਲ ਰਹੀਆਂ ਸਨ---ਉਹ ਤਾਂ ਸੋਲਾਂ ਆਨੇ ਸੱਚ ਬੋਲ ਰਹੀਆਂ ਸਨ---
ਅੱਧੀ ਰਾਤ ਤੱਕ ਗਿੱਧਾ ਪੈਂਦਾ ਰਿਹਾ---ਨਾਨਕੀਆਂ ਹਰ ਬੋਲੀ ਵਿੱਚ ਤੇ ਹਰ ਤਮਾਸ਼ੇ ਵਿੱਚ ਮੇਰਾ ਮੌਜੂ ਉਡਾਉਂਦੀਆਂ ਰਹੀਆਂ---ਮੈਂ ਉਹਨਾਂ ਦੀ ਕਿਸੇ ਹਰਕਤ ਦਾ ਬੁਰਾ ਨਾ ਮਨਾਇਆ---ਪਰ ਇੱਕ ਗੱਲ ਹੈ ਕਿ ਉਹਨਾਂ ਦੀਆਂ ਮੈਨੂੰ ਚਿੜਾਉਣ ਲਈ ਕੀਤੀਆਂ ਹਰਕਤਾਂ ਕਿਸੇ ਨੂੰ ਵੀ ਪਸੰਦ ਨਹੀਂ ਸਨ ਆ ਰਹੀਆਂ---ਉਹਨਾਂ ਦੇ ਮੇਰੇ ਉਤੇ ਕੀਤੇ ਸਿੱਧੇ ਹਮਲੇ ਸਾਰੀਆਂ ਔਰਤਾਂ ਨੂੰ ਚੁਭ ਰਹੇ ਸਨ---ਪਰ ਕੋਈ ਬੋਲ ਨਹੀਂ ਸੀ ਰਹੀ---ਬੱਸ ਮੇਰੀ ਦਰਾਣੀ ਨੇ ਈ ਬੋਲਣ ਦੀ ਹਿੰਮਤ ਦਖਾਈ,
“ਨੀ ਭਾਈ ਨਾਨਕੀਓ---ਕਿਉਂ ਬਚਾਰੀ ਬਹੂ ਨੂੰ ਮਸ਼ਕਰੀਆਂ ਕਰਦੀਆਂ ਓ---ਰੱਬ ਦੀ ਲਾਠੀ ਤੋਂ ਡਰੋ---ਪਤਾ ਨੀ ਉਹ ਕਿਹੜੇ ਰੰਗਾਂ `ਚ ਰਾਜੀ ਐ---"
ਪਰ ਉਹਦੀ ਗੱਲ ਸਭ ਨੇ ਅਣਸੁਣੀ ਕਰ ਦਿੱਤੀ---ਅਗਲਾ ਸਾਰਾ ਦਿਨ ਵੀ ਗਹਿਮਾ ਗਹਿਮੀ ਰਹੀ---ਮੇਲਣਾਂ ਸਿਰ ਤੋਂ ਪੈਰਾਂ ਤੱਕ ਗਹਿਣਿਆਂ ਨਾਲ ਲੱਦੀਆਂ ਹੋਈਆਂ ਹੁਲਾਸ `ਚ ਆਈਆਂ ਮਸਤੀ ਮਾਰ ਰਹੀਆਂ ਸਨ---ਇੱਕ ਮੈਂ ਈ ਸਾਂ ਜਿਸ ਨੂੰ ਸੱਸ ਹੋਣ ਦੀ ਹੈਸੀਅਤ ਵਿੱਚ ਹਾਰ ਸ਼ਿੰਗਾਰ ਵਰਜਿਤ ਸੀ---ਇੱਕ ਗੱਲ ਹੋਰ, ਗੁਰੇ ਦੀ ਨਾਨੀ ਵੀ ਰੇਸ਼ਮੀ ਸ਼ੂਟ ਪਾਈ ਚਮਕੀ ਦੁਮਕੀ ਫਿਰ ਰਹੀ ਸੀ---ਤਿੰਨ ਮੰਜਲੇ ਕਾਂਟੇ ਪਾ ਕੇ ਤੇ ਦੰਦਾਸਾ ਮਲ ਕੇ ਮਟਕਦੀ ਫਿਰ ਰਹੀ ਸੀ---ਪਰ ਮੈਨੂੰ ਸ਼ਾਇਦ ਇਹ ਸਭ ਕੁੱਝ ਕਰਨ ਦੀ ਮਨਾਹੀ ਸੀ---ਕਿਉਂਕਿ ਸੱਸ ਬਣਨ ਬਾਦ ਔਰਤ ਨੂੰ ਬੁੱਢੀ ਲੱਗਣਾ ਤਾਂ ਲਾਜ਼ਮੀ ਹੁੰਦਾ ਹੀ ਸੀ---ਉਹ ਦਾਨੀ ਸਾਨੀ ਸਿਆਣੀ ਸੁਘੜ ਤੇ ਸਿੰਪਲ ਵੀ ਦਿਖਣੀ ਚਾਹੀਦੀ ਸੀ
ਆਥਣੇ ਡੋਲੀ ਆ ਗਈ---ਬਾਜੇ ਵਾਲਿਆਂ ਨੇ ਮਾਹੌਲ ਨੂੰ ਖੁਸ਼ਨੁਮਾ ਸ਼ੋਰ ਸ਼ਰਾਬੇ ਤੇ ਹੁਲਾਸ ਨਾਲ ਭਰ ਦਿੱਤਾ---ਇੱਕ ਪਾਸੇ ਬਾਜੇ ਦਾ ਰੌਲਾ ਦੂਜੇ ਪਾਸੇ ਨਵੀਂ ਬਹੂ ਦੇ ਸੁਆਗਤ ਵਿੱਚ ਮੰਗਲ ਗੀਤ, ਸਿੱਠਣੀਆਂ, ਵਧਾਵੇ ਤੇ ਗਿੱਧੇ ਦਾ ਰੌਲਾ ਰੱਪਾ---ਕੰਨ ਪਈ ਨਹੀਂ ਸੀ ਸੁਣਾਈ ਦਿੰਦੀ---ਸੇਵਾ ਲੜੀ ਕਰ ਕੇ, ਸਿਰੋਂ ਪਾਣੀ ਵਾਰ ਕੇ ਤੇ ਹੋਰ ਸ਼ਗਨ ਮਨਾ ਕੇ ਵਹੁਟੀ ਅੰਦਰ ਲਿਆਂਦੀ ਗਈ---ਸਾਡੇ ਇਲਾਕੇ ਵਿੱਚ ਨਵੀਂ ਬਹੂ ਦੇ ਆਉਣ ਬਾਦ ਥਾਪੇ ਲਾਉਣ ਅਤੇ ਜੋਤ ਦੀ ਰੋਟੀ ਕਰਨ ਦਾ ਰਿਵਾਜ਼ ਐ---ਸਾਰੇ ਰਿਸ਼ਤੇਦਾਰ, ਮੇਲੀ ਗੇਲੀ ਪਿੰਡ ਦੇ ਵਰਤੋਂ ਵਾਲੇ ਘਰ ਅਤੇ ਪ੍ਰੀਵਾਰ ਦੇ ਜੀਅ ਇਕੱਠੇ ਮਿਲ ਕੇ ਥਾਪੇ ਲਾਉਂਦੇ ਹਨ---ਇਹਨਾਂ ਥਾਪਿਆਂ ਪਿੱਛੇ ਇੱਕ ਲੰਮੀ ਕਹਾਣੀ ਹੈ---਼ਤੇ ਇਹ ਰੀਤ ਹੁਣ ਉਸ ਕਬੀਲੇ ਯੁੱਗ ਦੀ ਕਹਾਣੀ ਦੀ ਰਹਿੰਦ ਮਾਤਰ ਹੈ---।
ਕਬੀਲੇ ਯੁੱਗ ਵਿੱਚ ਹਾਲੇ ਜਦੋਂ ਸੱਭਿਆ ਸਮਾਜ ਦੀ ਸਥਾਪਨਾ ਨਹੀਂ ਸੀ ਹੋਈ ਤਾਂ ਇੱਕ ਕਬੀਲੇ ਦੇ ਲੋਕ ਪ੍ਰੀਵਾਰ ਚਲਾਉਣ ਲਈ ਦੂਜੇ ਕਬੀਲੇ ਦੀਆਂ ਔਰਤਾਂ ਨੂੰ ਉਧਾਲ ਕੇ ਭਾਵ ਜ਼ੋਰ ਜ਼ਬਰਦਸਤੀ ਨਾਲ ਚੱਕ ਕੇ ਲੈ ਆਉਂਦੇ ਸਨ---ਉਹ ਹਥਿਆਰਾਂ ਨਾਲ ਲੈਸ ਹੋ ਕੇ ਹਾਥੀ ਘੋੜਿਆਂ ਉੱਤੇ ਚੜ੍ਹ ਕੇ ਜਾਂਦੇ ਸਨ---ਜਿਸ ਵਿਅਕਤੀ ਲਈ ਔਰਤ ਉਧਾਲ ਕੇ ਲਿਆਉਣੀ ਹੁੰਦੀ ਸੀ ਉਸ ਦੀ ਵਿਸ਼ੇਸ਼ ਸੁਰੱਖਿਆ ਵਜੋਂ ਉਸ ਦਾ ਮੂੰਹ ਸਿਰ ਚੰਗੀ ਤਰ੍ਹਾਂ ਕੱਪੜੇ ਜਾ ਰੱਸੇ ਨਾਲ ਲਪੇਟਿਆ ਹੰੁਦਾ ਸੀ ਤਾਂ ਜੋ ਉਸ ਨੂੰ ਸੱਟ ਫੇਟ ਜਾਂ ਹਥਿਆਰਾਂ ਦੇ ਵਾਰ ਤੋਂ ਬਚਾਇਆ ਜਾ ਸਕੇ ਫੇਰ ਵੀ ਉਹਦੇ ਕਿਸੇ ਹਾਦਸੇ ਵਿੱਚ ਮਾਰੇ ਜਾਣ ਦੀ ਸੂਰਤ ਵਿੱਚ ਦੂਜੇ ਬੰਦੇ ਨੂੰ ਉਸੇ ਤਰ੍ਹਾਂ ਤਿਆਰ ਕਰ ਕੇ ਨਾਲ ਲਿਜਾਇਆ ਜਾਂਦਾ ਸੀ---ਇਹ ਬੰਦਾ ਅੱਜ ਬਰਾਤੀਆਂ ਨਾਲ ਸਿਹਰੇ ਬੰਨ ਕੇ ਵਿਆਹੁਣ ਢੁਕਦਾ ਹੈ ਤੇ ਕਬੀਲੇ ਯੁਗ ਵਿੱਚ ਨਾਲ ਗਿਆ ਬੰਦਾ ਹੁਣ ਸਰਵਾਲਾ ਬਣ ਗਿਆ ਹੈ।
ਉਧਾਲ ਕੇ ਲਿਆਂਦੀ ਔਰਤ ਦੀ ਸ਼ਨਾਖਤ ਰੱਖਣ ਲਈ ਕਬੀਲੇ ਯੁੱਗ ਵਿੱਚ ਉਸ ਦੇ ਹੱਥਾਂ ਦੇ ਨਿਸ਼ਾਨ ਕੰਧ ਉਤੇ ਲਵਾ ਲਏ ਜਾਂਦੇ ਸਨ---ਤਾਂ ਜੋ ਔਰਤ ਦੇ ਆਪਣੇ ਕਬੀਲੇ ਵਿੱਚ ਭੱਜ ਜਾਣ ਦੀ ਸੂਰਤ ਵਿੱਚ ਉਸ ਦੇ ਹੱਥਾਂ ਦੇ ਨਿਸ਼ਾਨਾਂ ਦਾ ਮਿਲਾਨ ਕਰ ਕੇ ਉਸ ਨੂੰ ਵਾਪਸ ਲਿਆਂਦਾ ਜਾਵੇ---ਹੁਣ ਇਹ ਉਸ ਕਬੀਲਾ ਯੁੱਗ ਦੀ ਇਸ ਪ੍ਰਥਾ ਦੀ ਰਹਿੰਦ ਮਾਤਰ ਹੈ---ਹੁਣ ਜਿਵੇਂ ਅੰਗੂਠਾ ਜਾ ਹੱਥਾਂ ਦੇ ਨਿਸ਼ਾਨ ਕਾਨੂੰਨੀ ਮਾਮਲਿਆਂ ਵਿੱਚ ਅਹਿਮੀਅਤ ਰੱਖਦੇ ਹਨ ਇਸੇ ਤਰਾਂ ਕਬੀਲੇ ਯੁੱਗ ਵਿੱਚ ਇਨ੍ਹਾਂ ਹੱਥਾਂ ਦੇ ਨਿਸ਼ਾਨਾਂ ਦੀ ਅਹਿਮੀਅਤ ਸੀ---ਹੁਣ ਇਹ ਰੀਤ ਮਾਤਰ ਇੱਕ ਸ਼ਗਨ ਵੱਜੋਂ ਨਿਭਾਈ ਜਾਂਦੀ ਹੈ---।
ਪਰਾਤ ਵਿੱਚ ਪੀਸੇ ਹੋਏ ਚੌਲਾਂ ਦਾ ਅਤੇ ਹਲਦੀ ਦਾ ਗਾਹੜਾ ਘੋਲ ਤਿਆਰ ਕੀਤਾ ਜਾਂਦਾ ਹੈ---ਸਾਰੇ ਜਣੇ ਇਸ ਘੋਲ ਵਿੱਚ ਹੱਥ ਲਬੇੜ ਕੇ ਕੰਧ ਉੱਤੇ ਥਾਪੇ ਲਾਉਂਦੇ ਜਾਂਦੇ ਹਨ---ਲਾੜਾ ਲਾੜੀ ਵੀ ਥਾਪੇ ਲਾਉਂਦੇ ਹਨ---ਫੇਰ ਸਾਲ ਤੱਕ ਇਸ ਕੰਧ ਉੱਤੇ ਪੋਚਾ ਜਾਂ ਪਾਂਡੂ ਸਫੇਦੀ ਨਹੀਂ ਕੀਤੀ ਜਾਂਦੀ---
ਗੁਰੇ ਦੀ ਵਹੁਟੀ ਵੀ ਥਾਪੇ ਲਾਉਣ ਲਈ ਬੈਠ ਗਈ---ਸਾਰਾ ਕਬੀਲਾ ਤੇ ਮੇਲ ਵੀ ਜੁੜ ਗਿਆ---ਐਡੇ ਸ਼ਗਨਾਂ ਨਾਲ---ਐਨੀਆਂ ਰੀਝਾਂ ਨਾਲ ਤੇ ਐਨੇ ਖੁਸ਼ਨੁਮਾ ਸ਼ੋਰ ਸ਼ਰਾਬੇ ਵਾਲੇ ਮਾਹੌਲ ਵਿੱਚ ਵਿਆਹ ਹੁੰਦਾ ਮੈਂ ਪਹਿਲੀ ਵਾਰ ਦੇਖਿਆ ਸੀ---ਮੈਂ ਵੀ ਘੁੰਡ ਕੱਢੀ ਇੱਕ ਪਾਸੇ ਬੈਠੀ ਸਾਂ---ਮੇਰੀਆਂ ਦੋਵੇਂ ਭੈਣਾ ਦਾ ਤੇ ਮੇਰਾ ਵਿਆਹ ਤਾਂ ਮਜ਼ਬੂਰੀ ਵੱਸ ਨਿਭਾਈ ਗਈ ਰਸਮ ਸੀ---ਪੈਸੇ ਵੱਟਣ ਦਾ ਸਾਧਨ---ਸਾਨੂੰ ਗਲੋਂ ਲਾਹੁਣ ਦਾ ਇੱਕ ਮੌਕਾ---
ਮੈਂ ਗੁਰੇ ਦੇ ਵਿਆਹ ਨੂੰ ਭਾਵੇਂ ਦੂਜਿਆਂ ਵਾਂਗ ਮਾਣ ਤਾਂ ਨਹੀਂ ਸਾਂ ਰਹੀ ਪਰ ਅੰਦਰੋਂ ਮੈਨੂੰ ਇਹ ਰੌਣਕ ਮੇਲਾ ਚੰਗਾ ਚੰਗਾ ਲੱਗ ਰਿਹਾ ਸੀ---ਸਾਰਿਆਂ ਨੇ ਥਾਪੇ ਲਾਏ---ਇੱਥੋਂ ਤੱਕ ਕਿ ਮੇਰਾ ਦਿਉਰ ਮੇਰੇ ਪਤੀ ਨੂੰ ਘਨੇੜੀ ਚੱਕ ਕੇ ਲਿਆਇਆ ਤੇ ਉਸ ਕੋਲੋਂ ਵੀ ਔਖੇ ਸੌਖੇ ਹੋ ਕੇ ਥਾਪੇ ਲਵਾਏ ਗਏ---ਪਰ ਮੈਨੂੰ ਕਿਸੇ ਨੇ ਇਸ ਰਸਮ ਵਿੱਚ ਸ਼ਾਮਲ ਹੋਣ ਲਈ ਨਾ ਕਿਹਾ---ਮੈਂ ਸਿਰਫ਼ ਦਰਸ਼ਕ ਬਣੀ ਸਭ ਰਸਮ ਨਿਭਦੀ ਦੇਖ ਰਹੀ ਸਾਂ---ਜੋਤ ਦੀ ਰੋਟੀ ਤੋਂ ਬਾਦ ਗੋਤ ਕਨਾਲੇ ਦੀ ਰਸਮ ਹੋਣੀ ਸੀ---ਮਿੱਠੇ ਚੌਲ ਰਿੰਨ੍ਹ ਕੇ ਸਾਰੇ ਸ਼ਰੀਕੇ ਦੀਆਂ ਔਰਤਾਂ ਨੇ ਇੱਕੋ ਥਾਲੀ ਵਿੱਚ ਪਾ ਕੇ `ਕੱਠੀਆਂ ਨੇ ਖਾਣੇ ਸਨ---ਇਸ ਤਰ੍ਹਾਂ ਇੱਕ ਦੂਜੀ ਦੇ ਜੂਠੇ ਚੌਲ ਖਾ ਕੇ ਉਹਨਾਂ ਨੇ ਨਵੀਂ ਬਹੂ ਨੂੰ ਆਪਣੇ ਗੋਤ ਵਿੱਚ ਮਿਲਾਉਣਾ ਸੀ---ਆਪਣੇ ਗੋਤ ਵਿੱਚ ਰਲਾਉਣਾ ਸੀ---ਹੁਣ ਨਵੀਂ ਵਿਆਹੁਲੀ ਨੇ ਆਪਣੇ ਬਾਪ ਦਾ ਗੋਤ ਆਪਣੇ ਨਾਂ ਮਗਰੋਂ ਲਾਹ ਕੇ ਆਪਣੇ ਪਤੀ ਦਾ ਗੋਤ ਟੰਗ ਲੈਣਾ ਸੀ---ਨਾ ਪਹਿਲਾਂ ਉਸ ਦੀ ਕੋਈ ਪਹਿਚਾਣ ਸੀ ਤੇ ਨਾ ਹੁਣ ਉਸ ਦੀ ਕੋਈ ਪਛਾਣ ਹੈ---ਪਹਿਲਾ ਉਹ ਫਲਾਣੇ ਦੀ ਧੀ ਸੀ---ਫਲਾਣੇ ਦੀ ਭੈਣ ਸੀ ਤੇ ਹੁਣ ਉਹ ਗੋਤ ਕਨਾਲੇ ਦੀ ਰਸਮ ਬਾਦ ਫਲਾਣੇ ਦੀ ਨੂੰਹ ਬਣ ਗਈ---ਫਲਾਣੇ ਦੀ ਪਤਨੀ ਜਾਂ ਕਹਿ ਲਓ ਫਲਾਣੇ ਦੀ ਨਿੱਜੀ ਜਾਇਦਾਦ ਬਣ ਗਈ---ਪਰਸਨਲ ਪ੍ਰਾਪਰਟੀ ਬਣ ਗਈ।
ਖ਼ੈਰ! ਗੋਤ ਕਨਾਲੇ ਦੀ ਰਸਮ ਵੇਲੇ ਮੇਰੀ ਸੱਸ ਨੇ ਮੈਨੂੰ ਵੀ ਨਾਲ ਰਲ ਕੇ ਚੌਲ ਖਾਣ ਲਈ ਕਿਹਾ---ਗੁਰੇ ਦੀ ਨਾਨੀ ਨੂੰ ਮੈਨੂੰ ਜਲੀਲ ਕਰਨ ਦਾ ਫੇਰ ਮੌਕਾ ਮਿਲ ਗਿਆ---ਉਹਨੇ ਸਭ ਨੂੰ ਸੁਣਾਅ ਕੇ ਕਿਹਾ,
“ਚਲੋ ਅੜੀਓ! ਨਿਰੰਜਣ ਸੂੰ ਦੀ ਘਰ ਵਾਲੀ ਤੇ ਨੂੰਹ ਦਾ ਕੱਠਾ ਈ ਗੋਤ ਕਨਾਲਾ ਹੋ ਗਿਆ---ਨੂੰਹ ਦੇ ਪੱਜ ਅੱਜ ਇਹ ਵੀ ਥੋਡੇ ਗੋਤ `ਚ ਰਲ ਗਈ---ਥੋਡੇ ਪ੍ਰਵਾਰ ਦੀ ਮੈਂਬਰ ਬਣ ਗਈ---ਹੁਣ ਤੱਕ ਤਾਂ ਬਚਾਰੀ ਅੱਧ ਵਿਚਕਾਰ ਦੀ ਲਟਕੀ ਹੋਈ ਸੀ---ਢਾਈ ਲਾਵਾਂ ਤੋਂ ਬਾਦ ਬਾਪ ਦਾ ਗੋਤ ਮਗਰੋਂ ਲਗਿਆ ਤੇ ਅੱਗਿਓਂ ਪਤੀ ਦਾ ਗੋਤ ਨਾਲ ਨਾ ਜੁੜਿਆ---ਕਿਉਂਕਿ ਇਹਦਾ ਕਿਹੜਾ ਗੋਤ ਕਨਾਲਾ ਹੋਇਆ ਸੀ---ਰਸਮ ਕਿੱਥੋ ਹੋਣੀ ਸੀ---ਬਚਾਰੀ ਦੀ ਡੋਲੀ ਜੁ ਜਾ ਕੇ ਸਿੱਧੀ ਹਸਪਤਾਲ ਉੱਤਰੀ---ਚਲ ਦੇਰ ਆਵੇ ਦਰੁਸਤ ਆਵੇ---ਦੋਵੇਂ ਸੱਸ ਨੂੰਹਾਂ `ਕੱਠੀਆਂ ਈ ਥੋਡੇ ਗੋਤ `ਚ ਰਲ ਗੀਆਂ---"
“ਭੈਣ ਜੀ ਇਹ ਤਾਂ ਗਊ ਐ---ਤੁਸੀਂ ਜੋ ਮਰਜੀ ਕਹੀ ਜਾਓ---ਇਹਨੇ ਕਿਹੜਾ ਥੋਡੀ ਗੱਲ ਦਾ ਜਵਾਬ ਦੇਣੈ---ਇਹ ਤਾਂ ਰੱਬ ਦਾ ਜੀਅ ਐ---ਅਹੇ ਜੇ ਬੰਦਿਆਂ ਦੀ ਬਦੌਲਤ ਈ ਧਰਤੀ ਟਿਕੀ ਖੜ੍ਹੀ ਐ---ਇਹ ਦਰਵੇਸ ਥੋਡੀਆਂ ਸਾਰੀਆਂ ਠਿਲਸਾਂ ਖਿੜੇ ਮੱਥੇ ਸਵੀਕਾਰ ਕਰ ਰਹੀ ਐ---ਹੁਣ ਬੱਸ ਕਰੋ---ਇਹਦਾ ਕੀ ਕਸੂਰ ਐ---ਐਨਾ ਬੀ ਜਲੀਲ ਨਾ ਕਰੋ ਬਚਾਰੀ ਨੂੰ---"ਮੇਰੀ ਦਰਾਣੀ ਨੇ ਮੇਰਾ ਬਚਾਅ ਕਰਦਿਆਂ ਕਿਹਾ।
“ਲੈ ਕਸੂਰ ਕਿਉਂ ਨੀ?? ਮੇਰੀ ਧੀ ਦਾ ਸਿਵਾ ਨੀ ਠੰਢਾ ਹੋਣ ਦਿੱਤਾ---ਬਣ ਕੇ ਬਹਿ ਗੀ ਘਰ ਦੀ ਮਾਲਕਣ---ਅਜੇ ਨਿਆਣੇ ਜੰਮਣ ਨੂੰ ਫਿਰਦੀ ਐ---ਮੇਰੇ ਦੋਹਤੇ ਦੋਹਤੀ ਦੀ ਜੈਦਾਤਨੀ ਜਰੀ ਗਈ ਇਹਦੇ ਕੋਲੋਂ---"
ਮੇਰੀ ਦਰਾਣੀ ਚੁੱਪ ਹੋ ਗਈ---ਸ਼ਾਇਦ ਸਮਝ ਗਈ ਸੀ ਕਿ ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ---ਖ਼ੈਰ! ਮੈਂ ਅੱਜ ਸਾਲ ਬਾਦ ਆਪਣੇ ਸਹੁਰਿਆਂ ਦੇ ਗੋਤ `ਚ ਰਲੀ ਸਾਂ---ਪਰ ਮੇਰੀ ਬਦਕਿਸਮਤੀ ਦੇਖੋ---ਸਾਰਾ ਧਿਆਨ ਮੇਰੇ ਵੱਲ ਕਰ ਕੇ ਸੁਣੋ---ਮੇਰੇ ਕੋਲ ਨਾ ਧਰਮੀ ਮਾਪਿਆਂ ਦਾ ਗੋਤ ਲਾਉਣ ਲਈ ਕੋਈ ਨਾਂ ਸੀ ਤੇ ਨਾ ਸਹੁਰਿਆਂ ਦਾ ਗੋਤ ਟੰਗਣ ਲਈ ਕੋਈ ਨਾਂ ਹੈ---ਲੰਗੜੀ ਤਾਂ ਸਾਰੇ ਮੈਨੂੰ ਲੱਤ `ਚ ਬੱਜ ਹੋਣ ਸਦਕਾ ਆਖਦੇ ਨੇ---ਇਹ ਕੋਈ ਨਾਂ ਥੋੜਾ ਈ ਐ---ਇਹ ਤਾਂ ਅੱਲ ਐ---ਇੱਕ ਤਰ੍ਹਾਂ ਦਾ ਕੁਨਾਂਅ ਹੈ---ਛੇੜ ਹੈ---।
ਨਾਲੇ ਜਿਹੜੇ ਮਾਪਿਆਂ ਨੇ ਮੇਰਾ ਨਾਂ ਤੱਕ ਰੱਖਣ ਦੀ ਜਹਿਮਤ ਨਹੀਂ ਉਠਾਈ ਉਹਨਾਂ ਦਾ ਗੋਤ ਮੈਂ ਕੀ ਕਰਨਾ ਸੀ? ਤੇ ਇੱਧਰ ਸਹੁਰਿਆਂ ਨੂੰ ਮੇਰੇ ਨਾਂ ਨਾਲ ਕੋਈ ਸਰੋਕਾਰ ਹੀ ਨਹੀਂ ਸੀ---ਇੱਥੇ ਸਾਰੇ ਮੈਨੂੰ ਲਗਦੇ ਰਿਸ਼ਤੇ ਨਾਲ ਬੁਲਾਅ ਕੇ ਕੰਮ ਸਾਰ ਲੈਂਦੇ ਸਨ---ਮੇਰੀ ਸੱਸ ਨੇ ਜੋ ਮੇਰੀ ਲਾਚਾਰੀ ਨੂੰ ਦਲੇਰੀ ਸਮਝ ਕੇ ਮੈਨੂੰ “ਦਲੇਰ ਕੁਰ" ਨਾਂ ਦਿੱਤਾ ਸੀ ਉਹ ਸ਼ਾਇਦ ਮੇਰੇ ਮੇਚ ਦ ਨਹੀਂ ਸੀ---ਉਹ ਮੇਰੇ ਕੱਦ ਬੁੱਤ ਅਤੇ ਔਕਾਤ ਨਾਲੋਂ ਕਿਤੇ ਉੱਚਾ ਸੀ---ਇਹ ਨਾਂ ਮੈਨੂੰ ਮੇਚ ਈ ਨਾ ਆਇਆ---ਸ਼ਾਇਦ ਮੇਰੀ ਸੱਸ ਵੀ ਭੁੱਲ ਭੁਲਾਅ ਈ ਗਈ ਹੋਵੇ ਕਿ ਉਸ ਨੇ ਕਦੇ ਮੇਰਾ ਨਾਂ ਦਲੇਰ ਕੁਰ ਧਰਿਆ ਸੀ---
ਖ਼ੈਰ ਕੀ ਫਰਕ ਪੈਣਾ ਸੀ---ਮੈਂ ਉਸ ਦਿਨ ਸਹੁਰਿਆਂ ਦੇ ਗੋਤ ਵਿੱਚ ਰਲ ਕੇ ਵੀ ਕਿਹੜਾ ਹੂਰ ਪਰੀ ਬਣ ਗਈ ਸਾਂ---ਮੈਂ ਲੰਗੜੀ ਹੀ ਰਹਿਣਾ ਸੀ ਸੋ ਲੰਗੜੀ ਈ ਰਹੀ---ਸੱਚ ਹੁਣ ਮੇਰਾ ਰੁਤਬਾ ਉੱਚਾ ਹੋ ਗਿਆ ਸੀ---ਹੁਣ ਮੈਂ ਸੱਸ ਬਣ ਗਈ ਸਾਂ---ਮੈਂ ਗੁਰੇ ਦੇ ਵਿਆਹ ਤੋਂ ਬਾਦ ਬਹੂ ਰਾਣੀ ਨਾ ਰਹਿ ਕੇ ਬੇਬੇ ਜੀ ਬਣ ਗਈ ਸਾਂ---
ਜ਼ਿੰਦਗੀ ਵਿੱਚ ਪਹਿਲੀ ਵਾਰ ਇਹ ਰੀਝ ਮਨ ਵਿੱਚ ਜਾਗੀ ਕਿ ਜੇ ਮੈਂ ਲੰਗੜੀ ਨਾ ਹੁੰਦੀ---ਜੇ ਮੈਂ ਲੋੜਵੰਦ ਮਾਂ ਬਾਪ ਘਰ ਪੈਦਾ ਹੋਈ ਹੁੰਦੀ ਤਾਂ ਮੇਰੇ ਵਿਆਹ `ਚ ਵੀ ਇਹ ਸਾਰੇ ਸ਼ਗਨ ਹੋਣੇ ਸਨ---ਰੌਣਕਾਂ ਲੱਗਣੀਆਂ ਸਨ---ਤੇ ਪਹਿਲੀ ਵਾਰ ਹੀ ਮੈਂ ਆਪਣੇ ਆਪ ਨੂੰ ਇੱਕ ਖ਼ੂਬਸੂਰਤ ਤੇ ਤੰਦਰੁਸਤ ਕੁੜੀ ਦੇ ਰੂਪ ਵਿੱਚ ਦੇਖਣ ਦੀ ਚਾਹ ਪ੍ਰਗਟ ਕੀਤੀ---ਪਰ ਇਹ ਪਲ ਛਿਨ ਦਾ ਹੀ ਅਹਿਸਾਸ ਸੀ---ਅਗਲੇ ਦੀ ਪਲ ਸਭ ਛਾਈਂ ਮਾਈ ਹੋ ਗਿਆ ਤੇ ਮੈਂ ਲੰਗੜੀ ਵਿਆਹ `ਚ ਆਏ ਮੇਲ ਦੇ ਮੰਜੇ ਬਿਸਤਰਿਆਂ ਦਾ ਇੰਤਜ਼ਾਮ ਕਰਨ ਲੱਗੀ ਹੋਈ ਸਾਂ।
ਅਗਲੇ ਦਿਨ ਗੁਰੇ ਦੀ ਵਹੁਟੀ ਨੂੰ ਥਾਨਾਂ ਫਿਰਾਇਆ ਗਿਆ---ਸਾਰੇ ਪੂਜਣ ਯੋਗ ਸਥਾਨਾਂ ਉਤੇ ਮੱਥਾ ਟੇਕ ਕੇ ਨਵੀਂ ਬਹੂ ਦੇ ਸਤਪੁੱਤੀ ਅਤੇ ਬੁੱਢਸੁਹਾਗਣ ਹੋਣ ਦੀ ਅਸੀਸ ਮੰਗੀ ਗਈ---ਉਸ ਨੂੰ ਮਾਨਸਿਕ ਤੌਰ ਉੱਤੇ ਬਹੁਤ ਸਾਰੇ ਪੁੱਤਾਂ ਦੀ ਮਾਂ ਹੋਣ ਲਈ ਅਤੇ ਪਤੀ ਨੂੰ ਪਨਮੇਸ਼ਰ ਮੰਨਣ ਲਈ ਤਿਆਰ ਕੀਤਾ ਗਿਆ।
ਛਟੀਆਂ ਖੇਡ੍ਹ ਕੇ ਜਠੇਰੇ ਪੂਜ ਕੇ ਤੇ ਸੁੱਖਾਂ ਸਰੀਹਣੀਆਂ ਮੰਨ ਕੇ ਸ਼ਗਨਾ ਨਾਲ ਮੇਲਣਾਂ ਗੁਰੇ ਦੀ ਵਹੁਟੀ ਨੂੰ ਘਰੇ ਲੈ ਆਈਆਂ---ਕੰਗਣਾ ਖੇਡ੍ਹਣ ਲਈ ਜੁੜੀਆਂ ਔਰਤਾਂ ਮੈਨੂੰ ਜਿਵੇਂ ਨਜ਼ਰਾਂ ਈ ਨਜ਼ਰਾ ਰਾਹੀਂ ਆਖ ਰਹੀਆਂ ਸਨ ਕਿ ਹੁਣ ਤੂੰ ਪਿੱਛੇ ਹੀ ਰਹੀਂ---ਕਿਉਂ ਬਾਰ ਬਾਰ ਜਲੀਲ ਹੁੰਨੀ ਐਂ---ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਐ---ਤੇ ਫੇਰ ਮੈਂ ਵੀ ਉਹਨਾਂ ਦੀਆਂ ਨਜ਼ਰਾਂ ਦੀ ਭਾਸ਼ਾ ਸਮਝਦੀ ਹੋਈ ਪਿੱਛੇ ਪਿੱਛੇ ਹੀ ਰਹੀ---ਕੰਗਣਾਂ ਖੇਡ੍ਹਦਿਆਂ ਵੀ ਜਿੱਥੋਂ ਤੱਕ ਪਾਰ ਵਸਦੀ, ਗੁਰੇ ਦੀਆਂ ਨਾਨਕੀਆਂ ਮੈਨੂੰ ਚੋਭਾਂ ਮਾਰਨੋਂ ਨਾ ਹਟਦੀਆਂ---ਇਸ ਵਿਆਹ ਵਿੱਚ ਹੋਈ ਜ਼ਲਾਲਤ ਦੇ ਬਾਵਜ਼ੂਦ ਮੈਂ ਇਸ ਮੌਕੇ ਨੂੰ ਰੱਜ ਕੇ ਮਾਣਿਆ---ਸ਼ਾਇਦ ਦੋ ਘੜੀ ਜ਼ਿੰਦਗ਼ੀ ਦੀਆਂ ਤਲਖੀਆਂ ਭੁੱਲ ਗਈਆਂ ਤੇ ਸ਼ਾਇਦ ਗੁਰੇ ਦੇ ਵਿਆਹ ਵਿੱਚ ਇਹ ਕਲੰਕ ਘੱਟ ਹੀ ਮੱਥੇ ਲੱਗਿਆ ਕਿ ਮਤੇਰ ਮਾਂ ਵਿਆਹ ਵਿੱਚ ਖੁਸ਼ ਨਹੀਂ ਹੋਈ---ਕੁੱਝ ਵੀ ਸਮਝੋ ਪਰ ਮੈਂ ਇਸ ਵਿਆਹ ਵਿੱਚ ਖੁਸ਼ੀ ਖੁਸ਼ੀ ਭੱਜੀ ਫਿਰੀ।
--ਚਲਦਾ--