ਧਰਮੀ ਮਾਪੇ (ਕਿਸ਼ਤ-10) (ਨਾਵਲ )

ਡਾ. ਚਰਨਜੀਤ    

Email: naturaltalent2008@yahoo.com
Cell: +91 79731 21742
Address: #880 Sector 9
Karnal Haryana India
ਡਾ. ਚਰਨਜੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


27

ਗੁਰੇ ਦੀ ਵਹੁਟੀ ਸਵਰਨੀ ਮੈਨੂੰ ਬੇਬੇ ਜੀ ਜਾਂ ਬੀਬੀ ਕਹਿੰਦਿਆਂ ਝਕਦੀ---ਪਰ ਉਹ ਸਮਝਦਾਰ ਤੇ ਚੰਗੀ ਬਹੂ ਸੀ---ਉਹ ਮੇਰੇ ਨਾਲ ਹਮਦਰਦੀ ਰੱਖਦੀ---ਉਹ ਮੇਰੇ ਨਾਲ ਹੁੰਦੀ ਹਰ ਤਰ੍ਹਾਂ ਦੀ ਵਧੀਕੀ ਵਿੱਚ ਮੇਰਾ ਪੱਖ ਪੂਰਦੀ---ਉਹ ਖਰੀ ਕੁੜੀ ਸੀ---ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਆਖਦੀ ਸੀ।

ਜਦੋਂ ਘਰ ਦਾ ਕੋਈ ਜੀਅ ਮੈਨੂੰ ਨਰੰਜਣ ਸਿੰਘ ਦਾ ਬਚਿਆ ਜੂਠਾ ਖਾਣਾ ਖਾਣ ਲਈ ਆਖਦਾ ਤਾਂ ਉਹ ਇਸ ਦਾ ਵਿਰੋਧ ਕਰਦੀ---ਉਹਦਾ ਮੇਰਾ ਪੱਖ ਪੂਰਨਾ ਗੁਰੇ ਨੂੰ ਫੁੱਟੀ ਅੱਖ ਨਾ ਭਾਉਂਦਾ---ਇੱਕ ਦਿਨ ਮੈਨੂੰ ਕਹਿਣ ਲੱਗੀ,

“ਬੇਬੇ, ਨਾਂ ਬੀਬੀ---ਨਹੀਂ ਮਾਸੀ---ਮਾਸੀ ਜੀ ਤੁਸੀਂ ਆਇੰ ਕਰਿਆ ਕਰੋ ਬਈ ਬਾਪੂ ਜੀ ਦਾ ਬਚਿਆ ਖਾਣਾ ਖੁਰਲੀ `ਚ ਸਿੱਟਣ ਦੀ ਬਜਾਏ ਚੋਰੀ ਚੋਰੀ ਨਾਲੀ `ਚ ਵਹਾਅ ਦਿਆ ਕਰੋ---ਖੁਰਲੀ `ਚ ਸਿੱਟਿਆ ਖਾਣਾ ਕਿਸੇ ਨਾ ਕਿਸੇ ਦੀ ਨਜ਼ਰ ਪੈ ਜਾਂਦੈ---ਨਾਲੇ ਮਰੀਜ ਦੀ ਜੂਠ ਖਾਣੀ ਔਖੀ ਲਗਦੀ ਅੇ---ਕਦੇ ਕਦੇ ਮੈਂ ਵੀ ਨਾਲੀ `ਚ ਸਿੱਟ ਆਇਆ ਕਰੂੰਗੀ---ਫੇਰ ਮਾਸੀ ਜੀ ਇੱਕ ਗੱਲ ਹੋਰ ਬਈ ਤੁਸੀਂ ਬਾਪੂ ਜੀ ਲਈ ਖਾਣਾ ਥੋੜਾ ਪਾਇਆ ਕਰੋ---ਤਾਂ ਜੋ ਬਚੇ ਈ ਨਾਅ---"

“ਸਵਰਨੀ! ਖਾਣਾ ਤਾਂ ਬੇਬੇ ਈ ਪਾ ਕੇ ਦਿੰਦੀ ਐ---ਥਾਲੀ ਉਪਰ ਤੱਕ ਭਰ ਦਿੰਦੀ ਐ---ਜੇ ਮੈਂ ਘੱਟ ਪਾਉਣ ਨੂੰ ਕਹਾਂ ਤਾਂ ਗੁੱਸਾ ਕਰਦੀ ਐ ਬਈ ਮੇਰਾ ਪੁੱਤ ਭੁੱਖਾ ਰਹਿ ਜੂ---ਮੈਂ ਉਹਦੀ ਗੱਲ ਅੱਧ ਵਿਚਾਲਿਓਂ ਕੱਟ ਕੇ ਕਿਹਾ।

“ਅੱਛਾ! ਇੱਕ ਹੋਰ ਇਲਾਜ ਐ ਇਸ ਮੁਸੀਬਤ ਦਾ---ਤੁਸੀਂ ਇੱਕ ਭਾਂਡਾ ਤੇ ਚਮਚਾ ਪਹਿਲਾਂ ਈ ਕੋਠੜੀ `ਚ ਰੱਖ ਲਿਆ ਕਰੋ---ਉਹਦੇ ਵਿੱਚ ਥੋੜਾ ਥੋੜਾ ਪਾ ਕੇ ਖੁਆ ਦਿਆ ਕਰੋ---"

ਮੈਂ ਆਖਿਆ ਸੀ ਨਾਅ ਕਿ ਸਵਰਨੀ ਸਮਝਦਾਰ ਤੇ ਸੁਘੜ ਕੁੜੀ ਐ---ਇਹ ਗੱਲ ਮੈਨੂੰ ਨਹੀਂ ਸੁੱਝੀ---ਪਰ ਮੇਰੀ ਤਾਂ ਵਕਤ ਨੇ ਮੱਤ ਮਾਰ ਰੱਖੀ ਐ---ਮੈਨੂੰ ਇਹ ਨਿੱਕੀ ਜਿਹੀ ਗੱਲ ਵੀ ਨਾ ਸੁੱਝੀ---ਸਵਰਨੀ ਦੇ ਸੁਝਾਅ ਬਾਦ ਮੈਂ ਕਿੰਨੀ ਕੁ ਸੌਖੀ ਹੋ ਗਈ, ਤੁਹਾਨੂੰ ਦੱਸ ਨਹੀਂ ਸਕਦੀ---ਘਰ ਵਾਲੇ ਦੇ ਜੂਠੇ ਚਮਚੇ ਨਾਲ ਉਹਦਾ ਜੂਠਾ ਖਾਣ ਤੋਂ ਵੀ ਛੁਟਕਾਰਾ ਮਿਲ ਗਿਆ ਤੇ ਘਰ ਦੇ ਵੀ ਖੁਸ਼---ਇੱਕ ਗੱਲ ਹੈ, ਇਹੋ ਜਿਹੀਆਂ ਗੱਲਾਂ ਉਸੇ ਬੰਦੇ ਨੂੰ ਸੁੱਝ ਸਕਦੀਆਂ ਨੇ ਜਿਹੜਾ ਮੇਰੇ ਵਾਂਗ ਕਿਸਮਤ ਦੇ ਝੱਖੜ ਝੋਲਿਆਂ ਦਾ ਸ਼ਿਕਾਰ ਨਾ ਹੋਇਆ ਹੋਵੇ---

ਜਦੋਂ ਬੰਦਾ ਹਾਦਸਿਆਂ ਵਿੱਚੋਂ ਲੰਘਦਾ ਐ ਤਾਂ ਕੋਈ ਅਤਕਥਨੀ ਨਹੀਂ ਹੁੰਦੀ---ਕਿਉਂਕਿ ਪ੍ਰਕ੍ਰਿਤੀ ਦਾ ਨਿਯਮ ਹੀ ਹੈ ਕਿ ਹਰ ਬੰਦੇ ਨੂੰ ਹਾਦਸਿਆਂ ਵਿਚੋਂ ਗੁਜਰਨਾ ਪੈਂਦਾ ਹੈ ਪਰ ਅਚੰਭਾ ਤਾਂ ਉਦੋਂ ਹੰੁਦਾ ਹੈ ਜਦੋ ਹਾਦਸੇ ਬੰਦੇ ਦੇ ਵਿਚੋਂ ਦੀ ਲੰਘਦੇ ਨੇ---ਉਹਨੂੰ ਤੋੜ ਮਰੋੜ ਕੇ---ਚੀਰ ਫਾੜ ਕੇ---ਲਤਾੜ ਕੇ ਆਪਣਾ ਰਸਤਾ ਬਣਾਉਂਦੇ ਹੋਏ ਬੰਦੇ ਦੇ ਵਿਚੋਂ ਸਰਪਟ ਲੰਘਦੇ ਨੇ---ਮੈਂ ਉਹ ਬਦਕਿਸਮਤ ਜੀਵ ਹਾਂ ਜਿਹਦੇ ਵਿਚੋਂ ਹਾਦਸੇ ਬੜੀ ਨਿਰਦੈਤਾ ਨਾਲ ਲੰਘੇ ਨੇ---ਲੰਘਦੇ ਰਹੇ ਨੇ---ਸੋ ਮੈਨੂੰ ਕਿਸ ਤਰ੍ਹਾਂ ਕਿਸੇ ਸਮੱਸਿਆ ਦਾ ਸਮਾਧਾਨ ਸੁੱਝ ਸਕਦਾ ਸੀ---ਖ਼ੈਰ ਛੱਡੋ।

ਹੁਣ ਘਰ ਦੇ ਬਾਕੀ ਜੀਅ ਵੀ ਨਿਰੰਜਣ ਸਿੰਘ ਦੀ ਬੀਮਾਰੀ ਤੋ ਅੱਕ ਜਿਹੇ ਗਏ ਸਨ---ਕਦੇ ਕਦੇ ਮੇਰਾ ਸਹੁਰਾ ਦੁਖੀ ਹੋ ਕੇ ਆਖਦਾ,

“ਕੀ ਐ ਰੱਬਾ---ਇਹੋ ਜਿਹੀ ਜ਼ਿੰਦਗ਼ੀ ਨਾਲੋਂ ਤਾਂ ਮੌਤ ਚੰਗੀ---ਜਾਂ ਤਾਂ ਮੇਰੇ ਪੁੱਤ ਨੂੰ ਠੀਕ ਕਰ ਦੇਹ---ਨਹੀਂ ਤਾਂ---ਨਹੀਂ ਤਾਂ---"ਉਹ ਅੱਖਾਂ ਪੂੰਝਦਾ ਬਾਹਰ ਨੂੰ ਤੁਰ ਜਾਦਾ।

ਘਰ ਦੇ ਬਾਕੀ ਜੀਅ ਵੀ ਮੇਰੇ ਪਤੀ ਦੀ ਇਸ ਨਖਿੱਧ ਬੀਮਾਰੀ ਤੋ ਅਤੇ ਨੀਰਸਤਾ ਭਰੀ ਜ਼ਿੰਦਗ਼ੀ ਤੋਂ ਔਖੇ ਹੋ ਕੇ ਆਖਦੇ,

“ਬੱਸ ਹੁਣ ਕੁੜੀ ਦਾ ਵਿਆਹ ਹੋ ਜੇ---ਫੇਰ ਭਾਵੇਂ ਰੱਬ ਇਹਦੀ ਮਿੱਟੀ ਸਮੇਟ ਲਵੇ---"

ਮੈਂ ਸੋਚਦੀ ਕਿ ਮਿੱਟੀ ਦੀ ਰੱਬ ਕੀ ਮਿੱਟੀ ਸਮੇਟੇਗਾ? ਇਹ ਤਾਂ ਪਹਿਲਾਂ ਈ ਮਿੱਟੀ ਦੀ ਢੇਰੀ ਐ---ਫੇਰ ਮੈਂ ਖਿਆਲਾਂ `ਚ ਖੋਈ ਸੋਚਦੀ ਕਿ ਮੈਂ ਹੁਣ ਇਸ ਮਿੱਟੀ ਦੀ ਪਤਨੀ ਹਾਂ ਤੇ ਇਹਦੀ ਮਿੱਟੀ ਸਮੇਟੀ ਜਾਣ ਬਾਦ ਮੈਂ ਇਸ ਮਿੱਟੀ ਦੀ ਵਿਧਵਾ ਬਣ ਜਾਵਾਂਗੀ---ਮੈਂ ਖਿਆਲਾਂ ਹੀ ਖਿਆਲਾਂ ਵਿੱਚ ਆਪਣੀ ਵਿਧਵਾ ਜ਼ਿੰਦਗ਼ੀ ਜੀਅ ਕੇ ਵੇਖਦੀ---ਭਲਾਂ ਕੋਈ ਲਟਲਟ ਬਲਦੀ ਜੁਆਨੀ ਵਿੱਚ ਵੀ ਆਪਣੇ ਵਿਧਵਾ ਹੋਣ ਦੀ ਕਲਪਨਾ ਕਰਦਾ ਹੈ?? ਪਰ ਮੇਰੀ ਜਵਾਨੀ ਕਦੇ ਲਟ ਲਟ ਬਲੀ ਹੀ ਨਹੀਂ---ਜਾਂ ਕਹਿ ਲਓ ਕਿ ਸਮਾਜ ਨੇ ਇਸ ਨੂੰ ਲਟ ਲਟ ਬਲਨ ਹੀ ਨਹੀਂ ਦਿੱਤਾ---ਚਾਹੁੰਦਿਆਂ ਹੋਇਆ ਵੀ ਇਹ ਜਵਾਨੀ ਲਟ ਲਟ ਕਰ ਕੇ ਬਲ ਨਾ ਸਕੀ---ਇਹਦੀ ਅੱਗ ਰਾਖ ਦੇ ਢੇਰ ਥੱਲੇ ਈ ਦਬੀ ਰਹੀ---ਫੇਰ ਕਿਸੇ ਨੇ ਇਹਦੇ ਉਪਰ ਪਿਆ ਰਾਖ ਦਾ ਢੇਰ ਫਰੋਲਣ ਦੀ ਜਹਿਮਤ ਵੀ ਨਾਂ ਉਠਾਈ---ਕਿਸੇ ਨੇ ਇਸ ਢੇਰ ਨੂੰ ਪਾਸੇ ਕਰਨ ਦੀ ਲੋੜ ਵੀ ਮਹਿਸੂਸ ਨਾ ਕੀਤੀ---

ਬਾਕੀ ਜੀਅ ਤਾਂ ਖ਼ੈਰ ਦਬੀ ਆਵਾਜ਼ ਵਿੱਚ ਹੀ ਘੁਸਰ ਮੁਸਰ ਕਰਦੇ ਪਰ ਗੁਰਾ ਕਿਸੇ ਦੀ ਧਰੀ ਢਕੀ ਨਾ ਰਹਿਣ ਦਿੰਦਾ---ਇੱਕ ਦਿਨ ਰੋਂਟੀ ਖਾਂਦਿਆਂ ਉਹ ਉੱਚੀ ਉੱਚੀ ਆਖ ਰਿਹਾ ਸੀ---ਸ਼ਾਇਦ ਮੈਨੂੰ ਸੁਣਾ ਕੇ,

“ਦੋ ਜਣਿਆਂ ਦਾ ਬੋਝਾ ਚੱਕ ਰਹੇ ਆਂ---ਇੱਕ ਤਾਂ ਬਾਪੂ ਲੋਥੜਾ ਬਣਿਆ ਪਿਐ---ਦਵਾਈ ਬੂਟੀ ਦਾ ਖਰਚਾ ਵੱਖਰਾ---ਨਾ ਮਰਦੈ ਨਾ ਠੀਕ ਹੁੰਦੈ---ਅਹੀ ਜੀ ਬਮਾਰੀ ਵੀ ਰੱਬ ਕਿਸੇ ਨੂੰ ਨਾ ਦੇਵੇ---ਬਾਪੂ ਸਦਕਾ ਇਹ ਲੰਗੜੀ ਬਾਧੂ ਦਾ ਖਰਚਾ ਬਣੀ ਬੈਠੀ ਐ---ਬਾਪੂ ਕਿਸੇ ਕਿਨਾਰੇ ਲੱਗੇ ਤਾਂ ਇਹਨੂੰ ਵੀ ਡੰਡੀ ਪਾਈਏ---ਅੱਜ ਦੇ ਮੰਘਿਆਈ ਦੇ ਜਮਾਨੇ `ਚ ਇੱਕ ਜਣਾ ਪੰਜ ਸੌ ਰੁਪਈਏ ਮਹੀਨੇ ਨੂੰ ਪੈਂਦੇ--- ਤੇ ਦੋ ਜਣਿਆਂ ਦਾ ਸਾਲ ਦਾ ਖਰਚਾ ਜੋੜ ਲਓ---ਹਜਾਰਾਂ ਰੁਪਈਏ ਬਣਦੇ ਨੇ---ਐਨੇ ਪੈਸਿਆਂ ਨਾਲ ਤਾਂ ਸਾਲ `ਚ ਜਮੀਨ ਦਾ ਕਿੱਲਾ ਖਰੀਦ ਲਿਆ ਕਰੀਏ---"

ਸ਼ੁਕਰ ਐ ਉਸ ਨੇ ਇਸ ਤਰ੍ਹਾਂ ਨਾ ਕਿਹਾ ਕਿ ਜਿੰਨੇ ਪੈਸੇ ਦੇ ਕੇ ਇਹ ਲੰਗੜੀ ਖਰੀਦੀ ਐ---ਉਨ੍ਹਾਂ ਦੇ ਵੀ ਦੋ ਕਿੱਲੇ ਖਰੀਦ ਲੈਂਦੇ---ਇਹ ਗੱਲ ਉਸ ਘੜੀ ਸ਼ਾਇਦ ਉਹਦੇ ਚੇਤੇ `ਚ ਨਹੀਂ ਸੀ ਆਈ---ਮੈਂ ਉਹਦੀਆਂ ਗੱਲਾਂ ਸੁਣੀਆਂ ਅਣਸੁਣੀਆਂ ਕਰ ਦਿੰਦੀ---ਫੇਰ ਮੇਰੇ ਪਤੀ ਦੇ ਦੂਜੇ ਦੋਵੇਂ ਨਿਆਣੇ ਵੀ ਗੁਰੇ ਨਾਲ ਰਲ ਜਾਂਦੇ---ਛੋਟਾ ਮੁੰਡਾ ਰੂਪਾ ਪਤਾ ਨੀ ਕਿਹੜੇ ਤਜ਼ਰਬੇ ਵਿਚੋਂ ਨਿਕਲ ਕੇ ਬੋਲਦਾ,

“ਬਾਈ ਸਿਆਂ---ਬਾਪੂ ਨੂੰ ਉਹਦੇ ਪਾਪਾਂ ਦਾ ਫਲ ਮਿਲ ਗਿਐ---ਧੌਲ ਦਾਹੜੀਆਂ ਚੱਲਿਆ ਸੀ ਹੂਰ ਪਰੀ ਵਿਆਹੁਣ---ਜਦ ਤੱਕ ਸਾਡੀ ਮਾਂ ਜਿਉਂਦੀ ਸੀ---ਉਦੋਂ ਤੱਕ ਤਾਂ ਸਾਨੂੰ ਪਿਆਰ ਕਰਦਾ ਰਿਹਾ---ਪਰ ਜਿਉਂ ਈ ਸਾਡੀ ਮਾਂ ਮਰ ਗਈ---ਇਹਦੇ ਵੀ ਰੰਗ ਢੰਗ ਬਦਲ ਗਏ---ਮਾਂ ਵੀ ਇਹਦੇ ਲੱਛਣਾ ਸਦਕਾ ਈ ਬਮਾਰ ਹੋ ਕੇ ਮਰੀ ਐ---ਕਦੇ ਇਹਨੇ ਮਾਂ ਨੂੰ ਤਰਜੀਹ ਨੀ ਦਿੱਤੀ---ਉਹ ਬਚਾਰੀ ਸਿੱਧੀ ਸਾਦੀ ਸੀ---ਇਹਨੂੰ ਚਾਹੀਦੀ ਸੀ ਕੋਈ ਪਟਾਕਾ---ਕੋਈ ਫੈਸਨਾਂ ਪੱਟੀ ਸ਼ਹਿਰਨ---ਮਾਂ ਤਾਂ ਇਹਨੂੰ ਕਦੇ ਵੀ ਪਸਿੰਦ ਨੀ ਸੀ---ਬਚਾਰੀ ਅੰਦਰੇ ਘੁਟ ਘੁਟ ਕੇ ਬਮਾਰ ਹੋ ਗੀ ਤੇ ਅਖੀਰ ਸਾਨੂੰ ਛੱਡ ਕੇ ਤੁਰ ਗਈ---ਟੌਹਰੀ ਨੇ ਦੋ ਮਹੀਨੇ ਨੀ ਟੱਪਣ ਦਿੱਤੇ ਘੋੜੀ ਚੜ੍ਹਨ ਦੀ ਕੀਤੀ---"

ਉਹਦੀ ਗੱਲ ਕੱਟ ਕੇ ਗੁਰਾ ਢਾਕਾਂ ਤੇ ਹੱਥ ਧਰ ਕੇ ਬੋਲਿਆ,“ਰੂਪੇ ਮੇਰੇ ਨਾਲ ਨਾਨੀ ਵੀ ਜਾਂਦੀ ਸੀ ਇਹਨੂੰ ਲਾੜਾ ਬਣੇ ਨੂੰ ਅਸੀਰਵਾਦ ਦੇਣ---ਉਹ ਤਾਂ ਮਾਮੇ ਨੇ ਰੋਕ ਲਈ---ਨਾਨੀ ਨੇ ਤਾਂ ਧਰ ਲਿਆ ਸੀ ਨੂਣ ਘੋਟਣਾ ਸਕੂਟਰ `ਤੇ---ਕਹਿੰਦੀ ਨੂਣ ਘੋਟਣੇ ਨਾਲ ਭਜਾਅ ਭਜਾਅ ਕੇ ਲਾਵਾਂ ਦੁਆਊਂ---ਬਣਾਊਂ ਉਥੇ ਈ ਬੰਦੇ ਦਾ ਪੁੱਤ---ਨਾਨੀ ਦੇ ਸੁਭੌਅ ਨੂੰ ਆਪਾਂ ਜਾਣਦੇ ਈ ਆ---ਜੇ ਕਿਤੇ ਮਾਮਾ ਨਾ ਰੋਕਦਾ ਤਾਂ ਉਹਨੇ ਭੜਥੂ ਪਾ ਦੇਣਾ ਸੀ ਉਥੇ ਜਾ ਕੇ---ਮੇਰੀਆਂ ਗਾਲਾਂ ਨਾਲ ਤਾਂ ਅੱਧਾ ਈ ਮਰਿਐ---ਨਾਨੀ ਨੇ ਤਾਂ ਸਾਰਾ ਮਾਰ ਕੇ ਸਾਹ ਲੈਣਾ ਸੀ---ਨਾਨੀ ਤਾਂ ਹੈਅ ਵੀ ਝੋਟੇ ਅਰਗੀ---ਕਹਿੰਦੀ ਮੂਧਾ ਪਾ ਕੇ ਪਿੱਠ ਤੇ ਬਹਿ ਕੇ ਘੋਟਣੇ ਈ ਘੋਟਣੇ ਮਾਰਨੇ ਨੇ---ਨਾਨੀ ਨੇ ਰੁਕਣਾ ਬੀ ਨੀ ਸੀ---ਉਹ ਤਾਂ ਧਾਕੜ ਐ ਪੂਰੀ---ਤੁਰਦੀ ਐ ਤਾਂ ਧਰਤੀ ਹਿਲਦੀ ਅੇ---ਕਿਸੇ ਦੀ ਮਜਾਲ ਨੀ ਉਹਨੂੰ ਕੁਸ ਕਹਿ ਜਾਵੇ---ਧਰਤੀ ਧਕੇਲ ਸੂੰ ਐ ਪੂਰੀ।"

ਤਿੰਨੋ ਬੱਚੇ ਲੋਟ ਪੋਟ ਹੋ ਰਹੇ ਸਨ---ਨਾਨੀ ਦੀ ਬਹਾਦਰੀ ਦਾ ਕਿੱਸਾ ਸੁਣਾਉਂਦਿਆ ਰੂਪਾ ਗੁਰੇ ਨੂੰ ਹੱਸਣੋਂ ਰੋਕਦਿਆਂ ਉਹਦੀ ਬਾਂਹ ਫੜ ਕੇ ਬੋਲਿਆ,

“ਬੀਰੇ! ਕੇਰਾਂ ਮੈਂ ਬੀਬੀ ਨਾਲ ਨਾਨਕੇ ਗਿਆ ਹੋਇਆ ਸੀਗਾ---ਮਾਮੀ ਦਾ ਭਰਾਅ ਆ ਕੇ ਆਖਣ ਲੱਗਾ ਬਈ ਮਾਸੀ ਥੋਡੇ ਘਰੇ ਮੇਰੀ ਭੈਣ ਬਹੁਤ ਦੁਖੀ ਐ---ਤੁਸੀਂ ਉਸ ਨੂੰ ਦਾਜ ਪਿੱਛੇ ਤੰਗ ਕਰਦੇ ਓ---ਨਾਨੀ ਸੁਣਦੀ ਰਹੀ---ਮਾਮੀ ਦੇ ਭਰਾਅ ਨੇ ਸੋਚਿਆ ਕਿ ਬੁੜ੍ਹੀ ਦਬ ਗਈ ਐ---ਚਲੋ ਹੋਰ ਵੀ ਗੁੱਭ ਗੁਲਾਟ ਕੱਢ ਲਓ---ਲੱਗਿਆ ਜੀ ਗੋਹਰੀਆਂ ਗਾਉਣ---ਅਖੇ ਅਸੀਂ ਹੁਣ ਅੱਕ ਗਏ ਆਂ---ਪੁਲਸ `ਚ ਰਪਟ ਦਿਆਂਗੇ---ਤੈਨੂੰ ਹਥ ਕੜੇ ਲਵਾ ਕੇ ਸਾਹ ਲਮਾਂਗੇ---ਮੈਂ ਹੈਰਾਨ ਕਿ ਨਾਨੀ ਇਹ ਸਾਰਾ ਕੁਸ ਕਿਵੇਂ ਬਰਦਾਸ਼ਤ ਕਰ ਰਹੀ ਐ---ਬਾਈ ਕੀ ਦੱਸਾਂ---ਨਾਨਾ ਇੱਕ ਕਿਨਾਰੇ ਬੈਠਾ ਸਣੀ ਦਾ ਰੱਸਾ ਵੱਟ ਰਿਹਾ ਸੀ---ਨਾਨੀ ਨੇ ਉਹਦੇ ਹੱਥੋਂ ਰੱਸਾ ਖੋਹ ਕੇ ਬੰਦੇ ਦੇ ਲੱਕ ਨੂੰ ਪੰਜ ਸੱਤ ਵਲੇਮੇਂ ਮਾਰੇ ਤੇ ਛੇ ਫੁੱਟੇ ਬੰਦੇ ਨੂੰ ਧੂੰਹਦੀ ਹੋਈ ਅੰਨ੍ਹੇ ਖੂਹ ਤੱਕ ਲੈ ਗਈ---ਮਾਮੀ ਹੱਥ ਜੋੜ ਜੋੜ ਕੇ ਮਾਫ਼ੀ ਮੰਗੇ---ਮਾਫ ਕਰਨ ਦੀ ਗੁਹਾਰ ਲੁਆਵੇ ਪਰ ਧਾਕੜ ਨਾਨੀ ਨੇ ਜਾ ਕੇ ਬੰਦਾ ਖੂਹ `ਚ ਵਗਾਹ ਕੇ ਮਾਰਿਆ ਤੇ ਕਮੀਜ ਨਾਲ ਹੱਥ ਪੂੰਝਦੀ ਘਰਾਂ ਨੂੰ ਵਾਪਸ ਆ ਗਈ---ਮਾਮੀ ਨੇ ਹਾਲ ਪਾਹਰਿਆ ਪਾਈ---ਲੋਕ `ਕੱਠੇ ਕੀਤੇ---ਬੰਦਾ ਖੂਹ ਚੋਂ ਬਾਹਰ ਕੱਢਿਆ---ਤੇ ਸੈਰਾ ਹੋਇਆ ਬਾ ਉਹ ਐਸਾ ਦੌੜਿਆ ਐਸਾ ਦੌੜਿਆ---ਮਾਮੀ ਨੇ ਰੋ ਰੋ ਬੁਰਾ ਹਾਲ ਕਰ ਲਿਆ---ਇਹ ਤਾਂ ਸ਼ੁਕਰ ਐ ਖੂਹ ਸੁੱਕਾ ਸੀ---ਜੇ ਕਿਤੇ ਪਾਣੀ ਹੁੰਦਾ ਤਾਂ ਸੋਚੋ ਉਹਦਾ ਕੀ ਬਣਦਾ---ਤੇ ਜੇ ਕਿਤੇ ਮਾਮੇ ਨਾਨੀ ਨੂੰ ਨਾ ਪੁਚਕਾਰਦਾ ਤਾਂ ਮਾਮੀ ਦੀ ਵੀ ਖੈਰ ਨਹੀਂ ਸੀ---ਕਈ ਦਿਨ ਨਾਨੀ ਮਾਮੀ ਕੋਲੋਂ ਹੱਥਾਂ ਦੀ ਮਾਲਸ ਕਰਾਉਂਦੀ ਰਹੀ ਅਖੇ ਤੇਰੇ ਭਾਈ ਨੂੰ ਖਿੱਚ ਕੇ ਲਜਾਣ ਸਦਕਾ ਮੇਰੇ ਹੱਥਾਂ `ਚ ਲਾਸਾਂ ਪੈ ਗਈਆਂ ਨੇ---ਬੀਰੇ ਊਂ ਤਾਂ ਮਾਮੇ ਨੇ ਨਾਨੀ ਨੂੰ ਰੋਕਣਾ ਨਹੀਂ ਸੀ---ਉਹ ਵੀ ਤੇਰੇ ਨਾਲ ਜਾਂਦੀ ਤਾਂ ਨਜਾਰੇ ਆ ਜਾਂਦੇ---ਬਾਪੂ ਦੀ ਪਿੱਠ ਤੇ ਬੈਠ ਕੇ ਨਾਨੀ ਨੇ ਸਾਹ ਨੀ ਸੀ ਆਉਣ ਦੇਣਾ---ਆਦਮੀਆਂ ਵਰਗਾ ਤਾਂ ਕੱਦ ਬੁੱਤ ਐ---" ਬੱਚੇ ਫੇਰ ਹੱਸ ਹੱਸ ਕੇ ਲੋਟ ਪੋਟ ਹੋ ਰਹੇ ਸਨ---ਉਹਨਾਂ ਨੇ ਨਾਨੀ ਦੀ ਬਹਾਦਰੀ ਦੇ ਹੋਰ ਵੀ ਕਿੱਸੇ ਸੁਣਾਏ---ਬਈ ਕਿਵੇਂ ਇੱਕ ਵਾਰੀ ਨਾਨੀ ਨੇ ਸਰਪੰਚ ਨੂੰ ਗਲਤ ਫ਼ੈਸਲਾ ਦੇਣ ਬਦਲੇ ਉਹਦੀਆਂ ਦੋਵੇਂ ਬਾਹਾਂ ਮਰੋੜ ਕੇ ਲਟਕਾਅ ਦਿੱਤੀਆਂ ਸਨ---ਕਿਵੇਂ ਪਿੰਡ ਦੇ ਬਦਮਾਸ਼ ਕਹਾਉਂਦੇ ਲੋਕ ਨਾਨੀ ਦੀ ਛਿਆਨੀ ਭਰਦੇ ਸਨ---ਕਿਵੇਂ ਹਰ ਫ਼ੈਸਲੇ ਬਾਦ ਪੰਚਾਇਤ ਪਹਿਲਾਂ ਨਾਨੀ ਦੀ ਮੋਹਰ ਲਵਾਉਂਦੀ ਐ ਫੇਰ ਫੈ਼ਸਲਾ ਲਾਗੂ ਹੁੰਦਾ ਹੈ ਤੇ ਕਿਵੇਂ ਇੱਕ ਵਾਰੀ ਨਾਨੀ ਨੇ ਭੁੱਸਰੇ ਹੋਏ ਸਾਂਢ ਦੇ ਸਿੰਗ ਫੜ ਕੇ ਉਹਨੂੰ ਡਰਾ ਕੇ ਭੱਜਣ ਤੇ ਮਜ਼ਬੂਰ ਕਰ ਦਿੱਤਾ ਸੀ। ਮੈਂ ਸਭ ਕੁੱਝ ਸੁਣ ਤਾਂ ਰਹੀ ਸਾਂ ਪਰ ਨਾ ਸੁਣਨ ਦੀ ਐਕਟਿੰਗ ਕਰ ਰਹੀ ਸਾਂ---ਤੁਸੀਂ ਕਹੋਗੇ ਕਿ ਲੰਗੜੀ ਐਕਟਿੰਗ ਵੀ ਕਰ ਲੈਂਦੀ ਹੈ? ਪਰ ਕਦੇ ਕਦੇ ਵਕਤ ਆਦਮੀ ਨੂੰ ਸਹਿਨਸ਼ੀਲਤਾ ਦਾ ਐਨਾ ਗਹਿਰਾ ਪਾਠ ਪੜ੍ਹਾ ਦਿੰਦਾ ਹੈ ਕਿ ਉਹ ਆਪ ਮੁਹਾਰੇ ਇਹੋ ਜਿਹੀ ਐਕਟਿੰਗ ਸਿੱਖ ਜਾਂਦਾ ਹੈ---ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਖਤਰੇ ਨੂੰ ਭਾਂਪ ਕੇ ਜਿਵੇਂ ਕੀੜਾ ਆਪਣੇ ਜਿਸਮ ਨੂੰ ਇਕੱਠਾ ਕਰਕੇ ਛੁਪਣ ਦੀ ਕੋਸ਼ਿਸ਼ ਕਰਦਾ ਹੈ---ਅਸੀਂ ਉਸ ਦੀ ਇਸ ਕਿਰਿਆ ਨੂੰ ਉਹਦੀ ਐਕਟਿੰਗ ਕਹਿ ਲਈਏ, ਕਮਜ਼ੋਰੀ ਕਹਿ ਲਈਏ ਜਾਂ ਮਜ਼ਬੂਰੀ ਲਾਲਾਰੀ---ਪਰ ਸਚਾਈ ਇਹ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਇਹ ਐਕਟਿੰਗ ਕਰਦਾ ਹੈ।

“ਬਾਪੂ ਤਾਂ ਮੇਰੀਆਂ ਧਮਕੀਆਂ ਤੋਂ ਈ ਐਨਾਂ ਡਰ ਗਿਆ ਬਈ ਪਤੰਦਰ ਤੋਂ ਲਾਵਾਂ ਵੀ ਪੂਰੀਆਂ ਨਾ ਲੈ ਹੋਈਆਂ---ਅੱਧ ਬਚਾਲੇ ਈ ਲੁੜ੍ਹਕ ਗਿਆ---ਮਾਮਾ ਤਾਂ ਮੈਨੂੰ ਕਹਿੰਦਾ ਸੀ ਬਈ ਜਾ ਕੇ ਜੁੰਡਿਆਂ ਤੋਂ ਫੜ ਕੇ ਹਲੂਣੇ ਦੇ ਦੇਈਂ---ਇਹ ਤਾਂ ਮੈਂ ਹੀ ਸ਼ਰਮ ਕਰ ਗਿਆ---ਮਖਿਆ ਚਲ ਕੀ ਬਾਪ ਉੱਤੇ ਹੱਥ ਚੱਕਣਾ---ਇਹ ਤਾਂ ਚਵਲ ਹੋ ਹੀ ਗਿਆ---ਮੈਂ ਤਾਂ ਥੋੜੀ ਲਿਹਾਜ ਕਰਾਂ---ਬਈ ਬਾਪ ਤਾਂ ਕੁਬਾਪ ਹੋ ਈ ਗਿਆ ਮੈਂ ਤਾਂ ਕਪੁੱਤ ਨਾ ਬਣਾਂ---"

ਉਹਦੀ ਗੱਲ ਖਤਮਾ ਹੁੰਦਿਆਂ ਮੇਰੇ ਪਤੀ ਦੀ ਧੀ ਦੀਪੋ ਨੇ ਵੀ ਆਪਣਾ ਗੁੱਭ ਗੁਲਾਟ ਕੱਢਦਿਆਂ ਆਖਿਆ,

“ਜੇ ਕਿਤੇ ਸਾਨੂੰ ਬਾਪੂ ਦੇ ਵਿਆਹ ਵੇਲੇ ਨਾਨਕੀਂ ਨਾ ਭੇਜਿਆ ਹੁੰਦਾ ਤਾਂ ਮੈ ਸਜੇ ਸੰਵਰੇ ਲਾੜੇ ਉੱਤੇ ਮਿੱਟੀ ਦਾ ਤੇਲ ਛਿੜਕ ਕੇ ਤੀਲ੍ਹੀ ਘਸਾ ਕੇ ਲਾ ਦਿੰਦੀ---ਫੇਰ ਬੁੜ੍ਹਾ ਨੱਠਿਆ ਫਿਰਦਾ---ਉਧਰ ਵਿਆਂਦਣ ਮੁਟਿਆਰ ਅੱਡੀਆਂ ਚੱਕ ਚੱਕ ਲਾੜੇ ਨੂੰਅਡੀਕਦੀ ਹੁੰਦੀ---ਖਬਰ ਈ ਪਹੁੰਚਦੀ ਬਈ ਪ੍ਰਾਹੁਣਾ ਤਾਂ ਜਿਉਂਦਾ ਏ ਸਾੜ `ਤਾ ਉਹਦੀ ਬੇਟੀ ਨੇ---ਹੁਣ ਤੂੰ ਮੌਜ ਕਰ---"

ਇੱਕ ਵਾਰੀ ਫੇਰ ਹਾਸੜ ਮਚੀ---ਅੰਦਰ ਬੈਠੀ ਦਾ ਮੇਰਾ ਵੀ ਹਾਸਾ ਨਿਕਲ ਗਿਆ---ਮੇਰਾ ਜੀਅ ਕਰੇ ਬਈ ਆਖਾਂ ਕਿ ਫੇਰ ਤਾਂ ਮੈਂ ਸੱਤ ਜਨਮਾਂ ਤੱਕ ਵੀ ਤੇਰਾ ਅਹਿਸਾਨ ਨਾ ਭੁੱਲਦੀ---ਫੇਰ ਮੈਨੂੰ ਆਹ ਨਰਕ ਵੀ ਨਾ ਭੋਗਣਾ ਪੈਂਦਾ---ਕਾਸ਼! ਦੀਪੋ ਤੂੰ ਐਂਜ ਕਰ ਦਿੱਤਾ ਹੁੰਦਾ---ਪਰ ਮੈਂ ਆਪਣੇ ਪਤੀ ਨੂੰ ਘੂਰਨ ਲੱਗ ਪਈ---ਆਪਣਾ ਧਿਆਨ ਹੋਰਥੇ ਪਾਉਣ ਲਈ!

ਬੱਚੇ ਉਸ ਦਿਨ ਮੂਡ ਵਿੱਚ ਆਏ ਹੋਏ ਸਨ---ਉਹ ਜਿਵੇਂ ਸਾਰੀ ਦੀਨ ਦੁਨੀਆਂ ਤੋਂ ਬੇਖ਼ਬਰ ਮਸਤੀ ਮਾਰ ਰਹੇ ਸਨ---ਦੀਪੋ ਨੇ ਗੁਰੇ ਨੂੰ ਪੁੱਛਿਆ,

“ਬੀਰੇ ! ਜਦੋਂ ਬਾਪੂ ਲੁੜ੍ਹਕਿਆ ਤਾਂ ਤੈਂ ਦੇਖਿਆ ਸੀ?"

“ਨਾਅ---ਮੈਂ ਤਾਂ ਉਹਦੀ ਬੇਇਜ਼ਤੀ ਕਰ ਕੇ ਵਾਪਸ ਆ ਗਿਆ ਸੀਗ੍ਹਾ---ਮਗਰੋਂ ਈ ਪਿਆ ਦੌਰਾ---ਊ ਆਪਾਂ ਨੂੰ ਬਾਪੂ ਦੇ ਵਿਆਹ ਵੇਲੇ ਨਾਨਕੀਂ ਨੀ ਸੀ ਜਾਣਾ ਚਾਹੀਦਾ---ਆਪਾਂ ਬਾਪੂ ਦੀ ਬਰਾਤ ਚੜ੍ਹਦੇ---ਭੰਗੜਾ ਪਾਉਂਦੇ ਜਾਂਦੇ---ਨਾਲੇ ਆਖਦੇ ਜਾਂਦੇ ਬਈ ਅਸੀਂ ਆਪਣੇ ਬਾਪ ਨੂੰ ਬਿਆਹੁਣ ਆਏ ਆਂ---"

ਇੱਕ ਝਟਕਾ ਖਾ ਕੇ ਰੂਪਾ ਲੋਟ ਪੋਟ ਹੁੰਦਾ ਹੋਇਆ ਉਠਿਆ ਤੇ ਦੂਹਰਾ ਤੀਹਰਾ ਹੁੰਦਾ ਹੋਇਆ ਬੋਲਿਆ,

“ਉਇ ਹਾਂ ਬੀਰਿਆ---ਆ ਤਾਂ ਆਪਾਂ ਬੜੀ ਭਾਰੀ ਗਲਤੀ ਕਰ ਬੈਠੇ---ਜਰਾ ਸੋਚ ਕੇ ਦੇਖੋ ਬਈ ਆਪਾਂ ਬਰਾਤ ਦੇ ਮੁਹਰੇ ਮੁਹਰੇ ਨੱਚਦੇ ਜਾਂਦੇ---ਨਾਲੇ ਗਾਉਂਦੇ ਜਾਂਦੇ ਕਿ ਆਜ ਹਮਾਰੇ ਬਾਪ ਕੀ ਸ਼ਾਦੀ ਹੈ---ਬਾਪ ਕੀ ਸ਼ਾਦੀ ਹੈ ਹਮਾਰੀ ਤੋਂ ਬਰਬਾਦੀ ਹੈ---ਆਜ ਹਮਾਰੇ ਬਾਪ ਕੀ ਸ਼ਾਦੀ ਹੈ---ਉਸ ਨੇ ਠੁਮਕਾ ਲਾ ਕੇ ਐਕਟਿੰਗ ਕਰਦਿਆਂ ਡਾਂਸ ਕੀਤਾ। ਨਾਲ ਦੀ ਨਾਲ ਦੀਪੋ ਨੇ ਉਹਨਾਂ ਦੇ ਗਿਆਨ ਵਿੱਚ ਵਾਧਾ ਕੀਤਾ,

“ਬੀਰੇ ! ਥੋਨੂੰ ਪਤੈ ਬਈ ਬਾਪੂ ਐਥੋਂ ਤਾਂ ਗਿਆਰਾ ਬੰਦਿਆਂ ਨੂੰ ਲੈ ਕੇ ਸਧਾਰਣ ਜਿਹਾ ਬਣ ਕੇ ਵਿਆਹੁਣ ਤੁਰਿਆ ਸੀ---ਪਰ ਰਾਹ `ਚ ਆਪਣੇ ਇੱਕ ਜਿਗਰੀ ਯਾਰ ਦੇ ਘਰੇ ਤਿਆਰ ਬਰ ਤਿਆਰ ਹੋ ਕੇ ਸਿਹਰੇ ਬੰਨ੍ਹ ਕੇ ਪੂਰੀ ਸਜ ਧਜ ਨਾਲ ਬਰਾਤ ਲੈ ਕੇ ਗਿਆ---ਇਹ ਮੈਨੂੰ ਚਾਚੀ ਦੱਸਦੀ ਸੀ---ਅਖੇ ਤੇਰੇ ਬਾਪੂ ਦੀ ਮਨਸਾ ਤਾਂ ਇਹ ਸੀ ਬਈ ਪੂਰੀ ਠਾਠ ਬਾਠ ਨਾਲ ਘੋੜੀ ਚੜ੍ਹ ਕੇ ਵਿਆਹੁਣ ਜਾਇਆ ਜਾਵੇ---ਪਰ ਸਿਆਣੇ ਲੋਕਾਂ ਨੇ ਉਹਨੂੰ ਮੱਤ ਦਿੱਤੀ---ਬਈ ਤੇਰੇ ਨਿਆਣੇ ਜੁਆਨ ਨੇ ਤੂੰ ਸਰਮ ਕਰ---ਜੇ ਨਹੀਂ ਰਹਿ ਹੁੰਦਾ ਤੀਮੀਂ ਬਿਨਾਂ ਤਾਂ ਚੁੱਪ ਚੁਪੀਤਾ ਤੁਰ ਜਾ ਚਾਰ ਬੰਦੇ ਲੈ ਕੇ ---"

“ਬੁੜ੍ਹਾ ਆਪਣਾ ਠਰਕੀ ਐ ਪੂਰਾ---ਕੇਰਾਂ ਇਹਨੇ ਮਹਿਤੀ ਨੈਣ ਛੇੜ `ਤੀ ਦਾਰੂ ਪੀ ਨੇ---ਉਹਨੇ ਰੌਲਾ ਪਾ ਕੇ ਪਚੱਘ `ਕੱਠਾ ਕਰ ਲਿਆ---ਹੱਥ ਜੋੜ ਕੇ ਛੁਟਿਆ---ਉਥੇ ਭੈਣ ਜੀ ਭੈਣ ਜੀ ਕਰਦਾ ਫਿਰੇ---ਨਾਈ ਆ `ਗੇ ਕੱਠੇ ਹੋ ਕੇ---ਲੱਠਾਂ ਲੈ ਕੇ---ਇਹ ਤਾਂ ਬਚਾਅ ਹੋ ਗਿਆ---ਮੈਂ ਬਾਪੂ ਦੇ ਨਾਲ ਈ ਸੀਘਾ ਉਦੋਂ---ਪਰ ਮੈਂ ਹਜੇ ਛੋਟਾ ਜਿਹਾ ਈ ਸਾਂ---"

28

ਬੱਚੇ ਬਹੁਤ ਦੇਰ ਬਾਪੂ ਦੀਆਂ ਗੱਲਾਂ ਕਰ ਕਰ ਕੇ ਚਸਕੇ ਲੈਂਦੇ ਰਹੇ। ਸਵਰਨੀ ਦੀ ਮੈਨੂੰ ਮੌਰਲ ਸਪੋਰਟ ਸੀ---ਉਹ ਮੇਰੀ ਬਹੁਤ ਰਈ ਕਰਦੀ---ਹਰ ਥਾਂ ਮੇਰੀ ਧਿਰ ਬਣ ਖਲੋਂਦੀ---ਮੇਰੇ ਲਈ ਹਰ ਇੱਕ ਨਾਲ ਆਢਾ ਲਾ ਲੈਂਦੀ---ਮੇਰਾ ਦੁਖ ਸਿਰਫ਼ ਉਹ ਸਮਝਦੀ ਸੀ---ਉਹ ਮੈਨੂੰ ਦਿਲੋਂ ਪਿਆਰ ਵੀ ਕਰਦੀ ਸੀ---ਧੱਕੇ ਨਾਲ ਮੇਰੀ ਲੱਤ ਦੀ ਮਾਲਸ਼ ਕਰਨ ਲੱਗ ਜਾਂਦੀ---ਕਦੇ ਮੇਰਾ ਸਿਰ ਝੱਸਣ ਲੱਗ ਜਾਂਦੀ---ਉਹ ਮੇਰਾ ਦੁਖ ਸੁਖ ਸੁਣ ਵੀ ਲੈਂਦੀ---ਹਮ ਉਮਰ ਹੋਣ ਦੇ ਬਾਵਜ਼ੂਦ ਉਹ ਮੈਨੂੰ ਮਾਂ ਵਾਂਗ ਪਿਆਰ ਕਰਦੀ---ਬਿਲਕੁਲ ਉਵੇਂ ਜਿਵੇਂ ਇੱਕ ਧੀ ਆਪਣੀ ਮਾਂ ਨੂੰ ਕਰਦੀ ਹੰੁਦੀ ਹੈ---

ਉਹ ਖਰੀ ਲੜਕੀ ਸੀ---ਪਿਛੋ ਵੀ ਚੰਗੇ ਘਰ ਦੀ ਸੀ---ਗੁਰਾ ਚਾਹ ਕੇ ਵੀ ਉਸ ਨੂੰ ਕੁੱਝ ਨਾ ਕਹਿ ਸਕਦਾ---ਸ਼ੁਰੂ ਸ਼ੁਰੂ ਵਿੱਚ ਉਸ ਨੂੰ ਗੁਰਾ ਮਜਾਕ ਕਰਦਾ ਕਿ ਤੂੰ ਤਾਂ ਵਿਆਹ ਈ ਲੰਗੜੀ ਨਾਲ ਕਰਾਇਐ--- ਪਰ ਸਵਰਨੀ ਨੇ ਗੁਰੇ ਨੂੰ ਤਰੀਕੇ ਨਾਲ ਸਮਝਾਅ ਦਿੱਤਾ ਕਿ ਲੰਗੜੀ ਵੀ ਇਸ ਘਰ ਦੀ ਮੈਂਬਰ ਹੈ---ਉਹਦੇ ਵੀ ਇਸ ਘਰ ਦੇ ਬਾਕੀ ਮੈਂਬਰਾਂ ਵਾਂਗ ਅਧਿਕਾਰ ਹਨ---ਹੋਰ ਵੀ ਜਦੋਂ ਗੁਰਾ ਮੈਨੂੰ ਪੁੱਠਾ ਸਿੱਧਾ ਬੋਲਦਾ ਤਾਂ ਸਵਰਨੀ ਉਹਨੂੰ ਫਟਕਾਰਦੀ ਤੇ ਮੇਰੇ ਪੱਖ ਵਿੱਚ ਵੋਟ ਭੁਗਤਦੀ---

ਸਵਰਨੀ ਦੇ ਆਉਣ ਨਾਲ ਮੈਂ ਥੋਹੜੀ ਮਹਿਫ਼ੂਜ ਮਹਿਸੂਸ ਕਰਨ ਲੱਗ ਪਈ ਸਾਂ---ਕਦੇ ਕਦੇ ਉਹ ਮੈਨੂੰ ਮਾਂ ਵਾਂਗ ਪਿਆਰ ਕਰਦੀ ਤੇ ਕਦੇ ਕਦੇ ਧੀ ਵਾਂਗ---ਮੈਂ ਜ਼ਿੰਦਗ਼ੀ ਵਿੱਚ ਇਹੋ ਜਿਹੇ ਸੱਚੇ ਤੇ ਨਿਰਸੁਆਰਥ ਵਾਲੇ ਪਿਆਰ ਨਾਲ ਪਹਿਲੀ ਵਾਰੀ ਰੁ-ਬ-ਰੂ ਹੋਈ ਸਾਂ---ਹੁਣ ਮੈਨੂੰ ਕੰਮ ਕਰਨ ਬਾਦ ਥਕਾਵਟ ਨਹੀਂ ਸੀ ਹੰੁਦੀ---ਮੈਂ ਹੌਸਲੇ ਵਿੱਚ ਰਹਿੰਦੀ---ਮੈਨੂੰ ਜ਼ਿੰਦਗ਼ੀ ਪਹਿਲਾਂ ਜਿੰਨੀ ਨੀਰਸ ਅਤੇ ਬੋਝਲ ਨਹੀਂ ਸੀ ਲਗਦੀ---ਮੈਨੂੰ ਪਿਆਰ ਨਾਂ ਦੀ ਵਸਤੂ ਦਾ ਜ਼ਿੰਦਗ਼ੀ ਵਿੱਚ ਪਹਿਲੀ ਵਾਰ ਅਹਿਸਾਸ ਹੋਇਆ।

ਜਿਵੇਂ ਮੇਰੇ ਸਰੀਰ ਦੀ ਤਾਕਤ ਵਧ ਗਈ ਸੀ---ਮੈਨੂੰ ਆਪਣੀ ਲੱਤ ਦਾ ਬੱਜ ਵੀ ਵਿਸਰ ਗਿਆ ਸੀ---ਤੁਸੀਂ ਸ਼ਾਇਦ ਇਸ ਖੁਸ਼ੀ ਖੇੜੇ ਦੀ ਮਹੱਤਤਾ ਮੇਰੇ ਵਾਂਗ ਮਹਿਸੂਸ ਨਾ ਕਰ ਸਕੋ ਕਿਉਂਕਿ ਤੁਸੀਂ ਮੇਰੇ ਵਾਂਗ ਇਸ ਨਿਆਮਤ ਤੋਂ ਵਾਂਝੇ ਨਹੀਂ ਰਹੇ ਹੋ---ਜਦੋਂ ਕਿਸੇ ਨੂੰ ਕੋਈ ਚੀਜ਼ ਗੋਡੇ ਰਗੜ ਰਗੜ ਕੇ ਮਿਲੇ---ਉਸ ਦੀ ਕੀਮਤ ਤਾਂ ਹੀ ਜਾਣੀ ਜਾ ਸਕਦੀ ਹੈ---

ਇਸ ਗੱਲ ਦਾ ਸਾੜਾ ਮੇਰੇ ਪਤੀ ਦੇ ਤਿੰਨਾਂ ਬੱਚਿਆਂ ਨੂੰ ਹੋਇਆ---ਸਾਨੂੰ ਇਕੱਠੀਆਂ ਬੈਠੀਆਂ ਦੇਖ ਕੇ ਤਿੰਨੋ ਸੜ ਭੁੱਜ ਜਾਂਦੇ---ਗੁਰੇ ਦਾ ਵੱਸ ਨਹੀਂ ਸੀ ਚਲਦਾ ਨਹੀਂ ਤਾਂ ਉਹ ਮੈਨੂੰ ਗੋਲੀ ਮਾਰ ਦਿੰਦਾ---ਪਰ ਸਵਰਨੀ ਉਹਨੂੰ ਕੁਸਕਣ ਨਾ ਦਿੰਦੀ---ਦੀਪੋ ਤੇ ਰੂਪੇ ਨੂੰ ਵੀ ਉਹ ਕਸ ਕੇ ਰੱਖਦੀ---ਉਹ ਮੈਨੂੰ ਰੱਬ ਦਾ ਜੀਅ ਆਖਦੀ---ਮੇਰੇ ਲਈ ਤਾਂ ਉਹ ਮੇਰੇ ਸੱਸ ਸਹੁਰੇ ਨਾਲ ਵੀ ਭਿੜ ਜਾਂਦੀ---।

ਉਹ ਮੇਰੇ ਨਾਲ ਲੱਗ ਕੇ ਨਿਰੰਜਣ ਸਿੰਘ ਨੂੰ ਖਾਣਾ ਖੁਆ ਦਿੰਦੀ---ਮੇਰੇ ਨਾਲ ਲੱਗ ਕੇ ਫ਼ਟਾ ਫ਼ਟ ਰੋਟੀ ਟੁੱਕ ਦਾ ਕੰਮ ਨਿਬੜਾਅ ਦਿੰਦੀ---ਮੁੱਕਦੀ ਗੱਲ ਉਹ ਮੇਰਾ ਬਹੁਤ ਖਿਆਲ ਰੱਖਦੀ ਤੇ ਮੇਰੀ ਹਰ ਤਰਾਂ ਨਾਲ ਢਾਲ ਬਣ ਕੇ ਰਹਿੰਦੀ। ਦਿਨ ਉਡਦੇ ਜਾ ਰਹੇ ਸਨ---ਮੇਰਾ ਜਿਵੇਂ ਜ਼ਿੰਦਗ਼ੀ ਵਿੱਚ ਮੋਹ ਜਿਹਾ ਜਾਗ ਪਿਆ ਸੀ।

ਸਵਰਨੀ ਮਾਂ ਬਣਨ ਵਾਲੀ ਸੀ---ਉਹਦੀ ਸਿਹਤ ਠੀਕ ਨਾ ਰਹਿੰਦੀ---ਮੈਂ ਉਸ ਦੀ ਆਪਣੀ ਧੀ ਵਾਂਗ ਸੇਵਾ ਕਰਦੀ---ਉਹਨੂੰ ਮਨ ਭਾਉਂਦਾ ਖਾਣ ਨੂੰ ਦਿੰਦੀ---ਉਹਦੀ ਨਿੱਕੀ ਨਿੱਕੀ ਖ਼ਵਾਹਿਸ਼ ਦਾ ਧਿਆਨ ਰੱਖਦੀ---ਜਿੰਨੇ ਕੁ ਜੋਗੀ ਸਾਂ ਉਹਦੀ ਦੱਬ ਘੁੱਟ ਵੀ ਕਰਦੀ।

ਮੈਂ ਥੋਨੂੰ ਪਹਿਲਾਂ ਈ ਦੱਸਿਆ ਹੈ ਕਿ ਮੇਰੇ ਪਤੀ ਦੇ ਬੱਚਿਆਂ ਨੂੰ ਖਾਸ ਕਰ ਗੁਰੇ ਨੂੰ ਸਾਡੀ ਨੇੜਤਾ ਤੇ ਸਾਂਝ ਫੁੱਟੀ ਅੱਖ ਨਹੀਂ ਸੀ ਭਾਉਂਦੀ---ਗੁਰਾ ਇੱਕ ਦਿਨ ਸਵਰਨੀ ਨੂੰ ਬੋਲਿਆ,

“ਨੀ ਮੂਰਖੇ ! ਮਤੇਰ ਦਾ ਭਰੋਸਾ ਨੀ ਕਰੀਦਾ---ਤੈਨੂੰ ਖਾਣੇ `ਚ ਮਿਲਾ ਕੇ ਅੱਕ ਧਤੂਰਾ ਖੁਆ ਦੂ---ਜਾਂ ਪਾਰਾ ਦੇ ਦੂ---ਮਰੀਂ ਫੇਰ ਫੁੱਟ ਫੁੱਟ ਕੇ---ਜਦ ਦੇਖੋ ਇਹਦੀ ਸਕੀ ਬਣੀ ਰਹੂ---ਜਦ ਦੇਖੋ ਇਹਦੇ ਵਿੱਚ ਵੜੀ ਰਹੂ---ਖਤਾ ਖਾਮੇਗੀ ਖਤਾ---ਮਗਰੋਂ ਪਛਤਾਮੇਂਗੀ---ਇਹ ਜੁਆਕ ਨੂੰ ਏ ਨਾ ਆਪਣੇ ਵਰਗਾ ਟੇਢਾ ਮੇਢਾ ਕਰ ਦੇਵੇ---"

“ਰੱਬ ਤੋਂ ਡਰ ਬੰਦਿਆ---ਇਹਦੇੇ ਵਰਗਾ ਦਰਵੇਸ ਹੋਣਾ ਮੁਸ਼ਕਲ ਐ---ਇਹ ਤਾਂ ਧਰਮਾਤਮਾ ਜੀਵ ਐ---ਜੇ ਇਹਨੇ ਜਹਿਰ ਦੇਣੀ ਹੁੰਦੀ ਤਾਂ ਦੋ ਸਾਲ ਹੋਣ ਨੂੰ ਆਏ ਨੇ ਇਹਨੂੰ ਐਥੇ ਆਈ ਨੂੰ---ਇਸ ਨੇ ਪਹਿਲਾਂ ਈ ਥੋਨੂੰ ਜਹਿਰ ਦੇ ਕੇ ਮਾਰ ਦਿੱਤਾ ਹੁੰਦਾ---ਤੁਸੀਂ ਪਾਗਲ ਕਰੇ ਹੁੰਦੇ---ਇਹੇ `ਜੇ ਦੂਸਣ ਲਾਉਂਦਿਆਂ ਥੋਨੂੰ ਰੱਬ ਤੋਂ ਡਰ ਨੀ ਲਗਦਾ ਮੈਂ ਵੀ ਸਵਰਨੀ ਨੂੰ ਸਮਝਾਉਂਦੀ ਕਿ ਤੂੰ ਗੁਰੇ ਨੂੰ ਨਰਾਜ਼ ਨਾ ਕਰਿਆ ਕਰ---ਜਿਵੇਂ ਉਹ ਆਖਦਾ ਹੈ ਉਵੇਂ ਈ ਕਰਿਆ ਕਰ ਪਰ ਸਵਰਨੀ ਮਾਂ ਦੀ ਧੀ ਕਿਸੇ ਦੀ ਪ੍ਰਵਾਹ ਹੀ ਨਹੀਂ ਸੀ ਕਰਦੀ---ਉਹਦਾ ਪਿਛੋਕੜ ਮਜ਼ਬੂਤ ਸੀ---ਕਹਿੰਦੇ ਨੇ ਕਿੱਲੇ ਦੇ ਜੋਰ ਕੱਟਾ ਤਿੰਘੜਦਾ ਹੰੁਦੈ---ਖ਼ੈਰ।

ਉਹ ਪੇਕੇ ਚਲੀ ਗਈ---ਸਾਰੇ ਸ਼ਗਨ ਮਨਾ ਕੇ---ਮੁੰਡਾ ਹੋਣ ਦੀਆਂ ਢੇਰ ਸਾਰੀਆਂ ਅਸੀਸਾਂ ਦੇ ਕੇ ਉਸ ਨੂੰ ਪੇਕੀਂ ਤੋਰਿਆ ਗਿਆ---ਉਹਦੇ ਜਾਣ ਮਗਰੋਂ ਘਰ ਸੁੰਨਾ ਸੁੰਨਾ ਹੋ ਗਿਆ---

ਤੇ ਫੇਰ ਉਸ ਦਿਨ ਗੁਰੇ ਦੇ ਸਹੁਰਿਆਂ ਤੋਂ ਜਿਹੜਾ ਫੋਨ ਆਇਆ ਉਸ ਵਿੱਚ ਬੜੀ ਮਨਹੂਸ ਖ਼ਬਰ ਸੀ---ਗੁਰੇ ਦੇ ਘਰ ਬੇਟੀ ਆਈ ਸੀ---ਕੁੜੀ ਦੀ ਖ਼ਬਰ ਸੁਣ ਕੇ ਸਾਰਿਆਂ ਨੂੰ ਗੋਤਾ ਪੈ ਗਿਆ---ਸੁਣ ਕੇ ਟੱਬਰ ਢੇਰੀ ਹੋ ਗਿਆ---ਮੇਰੇ ਸੱਸ ਸਹੁਰੇ ਦਾ ਸੋਨੇ ਦੀ ਪੌੜੀ ਚੜ੍ਹ ਕੇ ਸੁਰਗਾਂ ਨੂੰ ਜਾਣ ਦਾ ਸੁਪਨਾ ਚਕਨਾਚੂਰ ਹੋ ਗਿਆ---ਸਾਡੇ ਇਲਾਕੇ ਵਿੱਚ ਅੰਧ ਵਿਸ਼ਵਾਸ਼ ਹੈ ਕਿ ਪੜਪੋਤਾ ਜੰਮਣ ਨਾਲ ਪੜਦਾਦਾ ਪੜਦਾਦੀ ਮਰਨ ਬਾਦ ਸੋਨੇ ਦੀ ਪੌੜੀ ਚੜ੍ਹ ਕੇ ਸੁਰਗਾਂ ਨੂੰ ਜਾਂਦੇ ਨੇ---ਤੇ ਪੜਪੋਤੀ ਦੇ ਜੰਮਣ ਨਾਲ ਤਾਂ ਬਚਾਰਿਆਂ ਨੂੰ ਪਤਾ ਨਹੀ ਬਾਂਸ ਦੀ ਝੋਲੇ ਖਾਂਦੀ ਤੇ ਅਨਘੜ ਜਿਹੀ ਪੌੜੀ ਵੀ ਨਸੀਬ ਹੁੰਦੀ ਹੈ ਜਾਂ ਨਹੀਂ---।

ਘਰ ਵਿੱਚ ਕਈ ਦਿਨ ਮਰਗਤ ਵਰਗਾ ਸੋਗ ਛਾਇਆ ਰਿਹਾ---ਆਂਢ ਗੁਆਂਢ ਵੀ ਵਧਾਈ ਦੇਣ ਦੀ ਆੜ ਵਿੱਚ ਅਫ਼ਸੋਸ ਜਿਹਾ ਕਰਨ ਆਇਆ---ਕੋਈ ਆਖੇ ਬਈ ਕੋਈ ਗੱਲ ਨੀ ਘਰ `ਚ ਲੱਛਮੀ ਆ `ਗੀ---ਕੋਈ ਕਹੇ ਬਈ ਉਹ ਜਾਣੇ ਦਿਲ ਛੋਟਾ ਨਾ ਕਰੋ ਰੱਬ ਪੁੱਤ ਵੀ ਦਿਊਗਾ---ਇੱਕ ਜਣੀ ਕਹਿ ਰਹੀ ਸੀ---ਬਈ ਲੈ ਗੁਰੇ ਦੇ ਘਰ ਪੱਥਰ ਆ ਗਿਆ---ਅਜੇ ਕੱਲ੍ਹ ਦਾ ਜੁਆਕ ਐ---ਧੀ ਦੇ ਭਾਰ ਹੇਠ ਦਬ ਗਿਆ---ਧੀ ਜੰਮ ਪਈ ਜਮਾਈ ਵਾਲਾ ਹੋ ਗਿਆ ਟਸਰੀ ਨਾ ਬੰਨ੍ਹ ਮੁੰਡਿਆ---ਜਿਵੇਂ ਧੀ ਨਾ ਆਈ ਕੋਈ ਆਫ਼ਤ ਆ ਗਈ ਹੋਵੇ---ਕੋਈ ਹਉਕਾ ਲੈ ਕੇ ਕਿਹਾ ਕਰੇ, ਕੋਈ ਨਾ ਭਾਈ ਜਿੱਥੇ ਹਨੇਰੀ ਆਈ ਐ ਉਥੇ ਮੀਂਹ ਵੀ ਆਊਂਗਾ---ਭਾਵ ਜਿੱਥੇ ਧੀ ਆਈ ਐ ਉੱਥੇ ਪੁੱਤ ਵੀ ਆਊਗਾ---ਲੋਕ ਧੀ ਨੂੰ ਹਨੇਰੀ ਨਾਲ ਤੇ ਪੁੱਤ ਨੂੰ ਮੀਂਹ ਨਾਲ ਤੁਲਨਾ ਦਿੰਦੇ ਨੇ---ਪਹਿਲੀ ਧੀ ਵੀ ਲੋਕਾਂ ਲਈ ਮੁਸੀਬਤ ਹੁੰਦੀ ਹੈ---ਔਰਤਾਂ ਸੁੱਚੇ ਮੂੰਹ ਵਾਪਸ ਪਰਤਦਿਆਂ ਹੋਇਆਂ ਆਖਦੀਆਂ,

“ਚਲ ਕੋਈ ਨਾ ਭੈਣੇ---ਅਗਲੀ ਬਾਰ ਗੁਰੇ ਨੂੰ ਰੱਬ ਪੁੱਤਾਂ ਦੀ ਜੋੜੀ ਦਿਊ---ਫੇਰ ਕਰਾਂਗੀਆਂ ਮੂੰਹ ਮਿੱਠਾ---ਲੱਡੂ ਖਾਵਾਂਗੀਆਂ---"

ਸੁਣ ਕੇ ਦੀਪੋ ਬਹੁਤ ਰੋਂਦੀ---ਅਖੇੇ ਸਾਡੀ ਮਾਂ ਦੀ ਆਤਮਾ ਵੀ ਕਲਪਦੀ ਹੋਊ---ਪੋਤੀ ਦੀ ਖ਼ਬਰ ਸੁਣ ਕੇ ਬਚਾਰੀ ਰੋਂਦੀ ਹੋਊਗੀ---ਰੱਬ ਨੂੰ ਪਤਾ ਨੀ ਮੁੰਡਾ ਦਿੰਦੇ ਨੂੰ ਕੀ ਦੰਦਲ ਪੈਂਦੀ ਸੀ---

ਮੈਨੂੰ ਮੁੰਡੇ ਜਾਂ ਕੁੜੀ ਵਿੱਚ ਕੋਈ ਦਿਲਚਸਪੀ ਨਹੀਂ ਸੀ---ਕੁੜੀ ਹੋਣ ਦੀ ਨਾ ਕੋਈ ਖੁਸ਼ੀ ਸੀ ਨਾ ਗਮ---ਪਰ ਮੈਨੂੰ ਸਵਰਨੀ ਨਾਲ ਮੋਹ ਹੋਣ ਸਦਕਾ ਇਹ ਦੁਖ ਜ਼ਰੂਰ ਸੀ ਕਿ ਜੇ ਮੁੰਡਾ ਹੋ ਜਾਂਦਾ ਤਾਂ ਉਹਦੇ ਘਰ `ਚ ਪੈਰ ਜਮ ਜਾਂਦੇ---ਉਹਦੇ ਨਾਲ ਮੈਨੂੰ ਦਿਲੋਂ ਹਮਦਰਦੀ ਸੀ---

ਮੈਂ ਆਪਣੇ ਮਨ ਦੀ ਭਾਵਨਾ ਕਿਸੇ ਨੂੰ ਦੱਸ ਵੀ ਨਹੀਂ ਸਾਂ ਸਕਦੀ---ਜੇ ਮੈਂ ਖੁਸ਼ ਹੁੰਦੀ ਤਾਂ ਆਖਣਾ ਸੀ ਕਿ ਮਤੇਰ ਐ---ਇਹਨੇ ਤਾਂ ਕੁੜੀ ਜੰਮਣ ਤੇ ਖੁਸ਼ ਹੋਣਾ ਹੀ ਸੀ---ਤੇ ਜੇ ਦੁਖੀ ਹੁੰਦੀ ਤਾਂ ਇਲਜ਼ਾਮ ਲਗਦਾ ਕਿ ਮਤੇਰਾਂ ਨੇ ਵੀ ਕਦੇ ਬੱਚੇ ਦੀ ਖੁਸ਼ੀ ਮਨਾਈ ਐ? ਇਸ ਕਰ ਕੇ ਮੈ ਤਾਂ ਚੁੱਪ ਈ ਰਹਿੰਦੀ---ਚਿਹਰੇ ਉਤੇ ਕਿਸੇ ਪ੍ਰਕਾਰ ਦਾ ਕੋਈ ਹਾਵ ਭਾਵ ਲਿਆਉਂਦੀ ਹੀ ਨਾ---ਤੁਸੀਂ ਸੋਚੋ ਕਿ ਬਿਨਾ ਹਾਵ ਭਾਵ ਦੇ ਮੇਰਾ ਚਿਹਰਾ ਕਿਸ ਤਰਾਂ ਲਗਦਾ ਹੋਣਾ---ਨੀਰਸ, ਰੁੱਖਾ ਰੁੱਖਾ, ਫਿੱਕਾ ਫਿੱਕਾ---

ਪਰ ਸਵਰਨੀ ਲਈ ਮੈਂ ਚਿੰਤਤ ਸਾਂ---ਉਧਰ ਗੁਰੇ ਦਾ ਸੁਭਾਅ ਵੀ ਅੱਥਰਾ ਸੀ---ਮੈਨੂੰ ਆਪਣੇ ਪੇਕੇ ਪਿੰਡ ਦੇ ਚੀਨੀਆਂ ਦੇ ਘਰ ਦੀ ਕਹਾਣੀ ਯਾਦ ਆ ਜਾਦੀ---ਉਹਨਾਂ ਨੇ ਪੁੱਤ ਵਿਆਹਿਆ---ਬਹੂ ਦੇ ਤਿੰਨ ਕੁੜੀਆਂ ਹੋ ਗਈਆਂ---ਘਰ `ਚ ਬੁੜ੍ਹਿਆਂ ਨੇ ਕਲੇਸ ਝੋ ਦਿੱਤਾ---ਅਖੇ ਇਹ ਤਾਂ ਬੇਭਾਗ ਐ ਹਰ ਸਾਲ ਕੁੜੀ ਜੰਮ ਦਿੰਦੀ ਐ---ਧੱਕੇ ਨਾਲ ਮੁੰਡਾ ਦੋਬਾਰਾ ਵਿਆਹ ਲਿਆ---ਪੰਜ ਕੁੜੀਆਂ ਉਸ ਕੋਲ ਹੋਈਆਂ---ਫੇਰ ਵੰਸ ਤੋਰਨ ਲਈ ਇੱਕ ਪੂਰਬਣੀ ਮੁੱਲ ਲਿਆਂਦੀ---ਦੋ ਕੁੜੀਆਂ ਉਸ ਦੇ ਹੋਈਆ---ਬੰਦੇ ਨੂੰ ਕੌਣ ਸਮਝਾਵੇ ਕਿ ਕੁੜੀਆਂ ਕਿਸ ਦੇ ਭਾਗ ਦੀਆਂ ਹੁੰਦੀਆਂ ਨੇ ਤੇ ਮੁੰਡੇ ਕਿਸ ਦੇ ਭਾਗ ਦੇ---ਬੱਸ ਮੈਂ ਇਹੀ ਸੋਚਾਂ ਕਿ ਕਿਤੇ ਗੁਰਾ ਵੀ ਸਵਰਨੀ ਨਾਲ ਇਹੀ ਕੁੱਝ ਨਾ ਕਰੇ---ਮੈਂ ਆਪਣੇ ਲਈ ਤਾਂ ਕਿਸੇ ਰੱਬ ਤੋਂ ਕਦੇ ਕੁੱਝ ਮੰਗਿਆ ਨਹੀਂ ਸੀ ਪਰ ਸੱਚ ਜਾਣਿਓ ਸਵਰਨੀ ਲਈ ਮੈਂ ਰੱਬ ਅੱਗੇ ਅਰਦਾਸ ਕੀਤੀ---ਕਿ ਉਹਦੀ ਜ਼ਿੰਦਗ਼ੀ ਵਿੱਚ ਖੁਸ਼ੀ ਬਰਕਰਾਰ ਰਹੇ।

ਅਗਲੇ ਦਿਨ ਗੁਰੇ ਤੇ ਦੀਪੋ ਨੂੰ ਪੰਜੀਰੀ ਦੇ ਕੇ ਸਵਰਨੀ ਦੇ ਪੇਕੇ ਭੇਜਿਆ ਗਿਆ---ਆਥਣੇ ਦੋਵੇਂ ਭੈਣ ਭਰਾ ਰੋਂਦੇ ਕੁਰਲਾਉਂਦੇ ਘਰ ਵੜੇ---ਸਾਰਾ ਟੱਬਰ ਡਰ ਗਿਆ---ਬਈ ਪਤਾ ਨੀ ਕੀ ਅਣਹੋਣੀ ਹੋ ਗਈ---ਸਾਰੇ ਜਣੇ ਘਬਰਾਏ ਹੋਏ ਰੋਣ ਦਾ ਕਾਰਣ ਪੁੱਛੀ ਜਾਣ---ਪਰ ਉਹ ਕੋਲੋਂ ਦੋਵੇਂ ਚੁੱਪ ਈ ਨਾ ਹੋਣ---ਅਖੀਰ ਮੇਰੀ ਸੱਸ ਨੇ ਗੁਰੇ ਨੂੰ ਗੋਦੀ `ਚ ਲੈ ਕੇ ਪੁੱਛਿਆ,

“ਪੁੱਤ ਜੇ ਮੂੰਹੋਂ ਬੋਲ ਕੇ ਕੋਈ ਗੱਲ ਦੱਸੇਂਗਾ ਤਾਂ ਸਾਨੂੰ ਗੱਲ ਦਾ ਪਤਾ ਚੱਲੂ---ਤੇਰੇ ਸਹੁਰੇ ਸੁੱਖ ਤਾਂ ਹੈ ਨਾ---ਤੇਰੀ ਬਹੂ ਤੇ ਗੁੱਡੀ ਠੀਕ ਠਾਕ ਨੇ---?"

“ਬੇਬੇ ਕੀ ਦੱਸਾਂ---ਮਾੜੇ ਭਾਗ ਮੇਰੇ---ਏਸ ਲੰਗੜੀ ਦਾ ਪੜਛਾਮਾਂ ਪੈ ਗਿਆ ਗੁੱਡੀ ਉਤੇ---ਉਹ ਵੀ ਬੇਬੇ---" ਗੁਰੇ ਦੀ ਧਾਅ ਨਿਕਲ ਗਈ ਤੇ ਮੇਰੇ ਸ਼ਰੀਰ ਦਾ ਸਾਹ ਸਤ ਖ਼ਤਮ ਹੋ ਗਿਆ।

“ਕੀ ਬਕੀ ਜਾਨੈ?? ਐਵੇਂ ਊਟ ਪਟਾਂਗ ਬੋਲਣ ਲੱਗਿਐ---ਕੋਈ ਚੱਜ ਦਾ ਸਨੇਹਾ ਦੇਹ---"

“ਨਹੀਂ ਬੇਬੇ ! ਮੈਂ ਊਟ ਪਟਾਂਗ ਨੀ ਬਕਦਾ---ਆਪਣੀ ਗੁੱਡੀ ਵੀ ਲੰਗੜੀ ਐ---ਉਹਦੀ ਇੱਕ ਲੱਤ ਵੱਡੀ ਤੇ ਇੱਕ ਛੋਟੀ ਐ---ਨਾਲੇ ਕੁੱਬ ਵੀ ਐ"

“ਚਲ ਝੂਠਾ ਕਿਤੋਂ ਦਾ---ਤੈਨੂੰ ਭਲੇਖਾ ਲੱਗਿਆ ਹੋਊ---ਅਜੇ ਅੱਠ ਦਿਨਾਂ ਦੀ ਹੋਈ ਐ ਸਾਰੀ---ਵੱਡੀ ਹੋ ਕੇ ਠੀਕ ਹੋ ਜੂ---" ਮੇਰੀ ਸੱਸ ਨੇ ਗੁਰੇ ਦੇ ਹੰਝੂ ਪੂੰਝਦਿਆਂ ਦਿਲਾਸਾ ਦਿੱਤਾ ਪਰ ਹਵਾਈਆਂ ਉਹਦੇ ਮੂੰਹ ਤੇ ਵੀ ਉਡ ਰਹੀਆਂ ਸਨ।

“ਨਹੀਂ ਬੇਬੇ ਉਹਦੀ ਇੱਕ ਲੱਤ ਚਾਰ ਉਂਗਲ ਛੋਟੀ ਤੇ ਦੂਜੀ ਵੱਡੀ ਐ---ਉਹਦੇ ਕੁੱਬ ਵੀ ਐ---ਬੇਬੇ ਗੁੱਡੀ ਦੀ ਗਰਦਨ ਤਾਂ ਹੈ ਈ ਨਹੀਂ---ਅੰਦਰ ਨੂੰ ਧਸੀ ਹੋਈ ਐ---ਮੈਂ ਸਵਰਨੀ ਨੂੰ ਬਥੇਰਾ ਹਟਕਦਾ ਰਿਹਾ ਬਈ ਤੂੰ ਨਾ ਲੰਗੜੀ ਦੇ ਨੇੜੇ ਜਾਇਆ ਕਰ---ਨਾ ਬਹੁਤੀ ਇਹਦੇ ਲਾਗ ਲਾਗ ਰਿਹਾ ਕਰ---ਪਰ ਉਹ ਮੰਨਦੀ ਨੀ ਸੀ ਬੇਬੇ---ਨਹੀਂ ਸੀ ਮੰਨਦੀ---ਦੇਖ ਲੈ ਇਹਦਾ ਪੜਛਾਮਾਂ ਪੈ ਈ ਗਿਆ ਨਾ ਅਖੀਰ ਨੂੰ---" ਗੁਰੇ ਨੇ ਸਿਰ ਇਧਰ ਉਧਰ ਪਟਕਿਆ---ਪਾਗਲਾਂ ਵਾਂਗ ਹੱਥ ਪੈਰ ਛੰਡਕੇ।

ਮੈਂ ਅੰਦਰ ਤੱਕ ਡਰ ਗਈ---ਸੋਚਿਆ, ਲੰਗੜੀਏ ਹੁਣ ਤੇਰੀ ਖ਼ੈਰ ਨੀ ਹੈ---ਘਰ ਦੇ ਸਾਰੇ ਜੀਆਂ ਨੂੰ ਜਿਵੇਂ ਝੋਲਾ ਮਾਰ ਗਿਆ---ਮੇਰਾ ਜੇਠ ਖੰਘੂਰਾ ਮਾਰ ਕੇ ਬੋਲਿਆ,

“ਦੇਖ ਗੁਰੇ ! ਇਹੋ ਜਿਹੀਆਂ `ਨਪੜਾਂ ਵਾਲੀਆਂ ਗੱਲਾਂ ਨੀ ਕਰੀਦੀਆਂ ਹੰੁਦੀਆਂ---ਜੇ ਐਂ ਪੜਛਾਵੇਂ ਪੈਣ ਲੱਗੇ ਤਾਂ ਸਾਰੇ ਅਪੰਗਾਂ ਦੇ ਘਰ ਅਪੰਗ ਹੀ ਪੈਂਦਾ ਹੋਣ---ਨਾਅ ਤੂੰ ਆਇੰ ਦੱਸ---ਬਈ ਘਰ `ਚ ਤੇਰੀ ਮਾਸੀ ਨੂੰ ਛੱਡ ਕੇ ਬਾਕੀ ਜੀਅ ਵੀ ਤਾਂ ਹੈਗੇ ਈ ਨੇ---ਉਹਨਾਂ ਦਾ ਪੜਛਾਮਾਂ ਕਿਉਂ ਨਾ ਪਿਆ ਕੁੜੀ ਉਤੇ? ਜਿਹੜਾ ਦੇਖੂ ਏਸ ਬਚਾਰੀ ਦਲੇਰ ਕੁਰ `ਤੇ ਤੋੜਾ ਝਾੜ ਦੂ---ਯਾਰ ਜੇ ਇਹਦੇ ਮਾਪੇ ਕਾਸੇ ਜੋਗੇ ਹੈ ਨੀ ਤਾਂ ਇਹਨੂੰ ਰੋਲ ਕੇ ਈ ਮਾਰ ਦੇਣੇ? ਰੱਬ ਤੋਂ ਡਰਿਆ ਕਰ---ਨਾਲੇ ਬਹੁਤਾ ਸਿਆਣਾ ਬੀ ਨਾ ਬਣਿਆ ਕਰ---ਇਹਦੀ ਦਰਵੇਸਣੀ ਦੀ ਹਾਅ ਤੋਂ ਡਰੋ---ਮੂੰਹੋ ਤਾਂ ਇਸ ਨੇ ਕੋਈ ਬੋਲ ਕਬੋਲ ਕਹਿਣਾ ਏ ਨੀ---ਪਰ ਇਹਦੀ ਆਤਮਾਂ ਤਾਂ ਕਲਪਦੀ ਹੋਣੀ ਐ---ਮਾੜੇ ਬੰਦੇ ਦਾ ਕੀ ਮਾਰਨਾ ??"

ਮੈਂ ਉਸ ਘੜੀ ਪਤਾ ਨੀ ਪ੍ਰਮਾਤਮਾ ਦਾ ਸੁਕਰੀਆਂ ਅਦਾ ਕੀਤਾ ਤੇ ਪਤਾ ਨੀ ਆਪਣੇ ਜੇੇਠ ਦਾ---ਪਰ ਮੇਰੇ ਹੱਥ ਸ਼ੁਕਰਾਨੇ ਵਜੋਂ ਜੁੜੇ ਹੋਏ ਸਨ---ਅੱਖਾਂ ਮੀਚੀਆਂ ਹੋਈਆਂ ਤੇ ਸਿਰ ਉਤਾਂਹ ਚੱਕਿਆ ਹੋਇਆ---ਕਿਸੇ ਪ੍ਰਮਾਤਮ ਨਾਂ ਦੀ ਸ਼ਕਤੀ ਵੱਲ। ਮੇਰੀ ਦਰਾਣੀ ਵੀ ਆਖਣ ਲੱਗੀ,

“ਜਿਹੜੇ ਘਰਾਂ `ਚ ਕੋਈ ਅਪਾਹਜ ਨੀ ਹੁੰਦਾ ਉਥੇ ਵੀ ਕਦੇ ਕਦੇ ਅਪਾਹਜ ਬੱਚੇ ਪੈਦਾ ਹੋ ਈ ਜਾਂਦੇ ਨੇ---ਇਹ ਪੜਛਾਮੇ ਵਾਲੀ ਗੱਲ ਤਾਂ ਤੇਰਾ ਵਹਿਮ ਐ---ਨਾਲੇ ਇਹ ਦੱਸ ਕਿ ਤੇਰੀ ਕੁੜੀ ਉਤੇ ਤਾਂ ਮਾਸੀ ਦਾ ਪੜਸ਼ਾਮਾ ਪੈ ਗਿਆ ਤੇ ਤੇਰੀ ਮਾਸੀ ਤੇ ਕੀਹਦਾ ਪਿਆ ਸੀਗ੍ਹਾ---ਇਹਨਾਂ ਦੇ ਘਰ `ਚ ਤਾਂ ਕੋਈ ਅਪਾਹਜ ਸੁਣਿਆ ਨੀ---ਇਹਨੇ ਜਿੰਨੀ ਸੇਵਾ ਸਵਰਨੀ ਦੀ ਕੀਤੀ ਐ ਐਨੀ ਤਾਂ ਕੋਈ ਮਾਂ ਵੀ ਆਪਣੀ ਧੀ ਦੀ ਨਹੀਂ ਕਰਦੀ ਹੋਣੀ---ਤੂੰ ਇਹਦਾ ਗੁਣ ਤਾਂ ਦੀ ਜਾਣਨਾ ਸੀ ਉਲਟਾ ਇਹਦੇ ਉਪਰ ਇਲਜ਼ਾਮ ਲਾਉਣ ਲੱਗ ਪਿਆ---"

ਗੁਰੇ ਦਾ ਮੂੰਹ ਦੇਖਣ ਵਾਲਾ ਸੀ---ਉਹਨੇ ਤਾਂ ਸੋਚਿਆ ਸੀ ਕਿ ਸਾਰਾ ਟੱਬਰ ਉਹਦੀ ਰਈ ਕਰੂਗਾ ਤੇ ਉਹਦੀ ਗੱਲ ਸੁਣ ਕੇ ਲੰਗੜੀ ਨੂੰ ਬੁਰਾ ਭਲਾ ਕਹੂਗਾ ਪਰ ਇਹ ਤਾਂ ਗੱਲ ਈ ਉਲਟੀ ਹੋ ਗਈ---ਉਹ ਹੱਕਾ ਬੱਕਾ ਰਹਿ ਗਿਆ।

ਮੈਂ ਆਪਣੇ ਅਪਾਹਜ ਹੋਣ ਦਾ ਖ਼ਮਿਆਜ਼ਾ ਬਚਪਨ ਤੋਂ ਭੁਗਤਦੀ ਆ ਰਹੀ ਸਾਂ---ਏਸ ਕਰਕੇ ਸੱਚ ਮੰਨਿਓ---ਮੈਨੂੰ ਗੁਰੇ ਦੀ ਬੱਚੀ ਦੇ ਅਪਾਹਜ ਹੋਣ ਬਾਰੇ ਸੁਣ ਕੇ ਬਹੁਤ ਜ਼ਿਆਦਾ ਦੁਖ ਹੋਇਆ---ਮੈਨੂੰ ਲੱਗਿਆ ਕਿ ਹੁਣ ਇੱਕ ਹੋਰ ਲੰਗੜੀ ਮੇਰੇ ਵਾਲਾ ਸੰਤਾਪ ਭੋਗੇਗੀ---ਮੈਨੂੰ ਫੇਰ ਬਸੰਤੀ ਦਾਈ ਦੀ ਗੱਲ ਯਾਦ ਆ ਗਈ---ਉਹ ਇੱਕ ਵਾਰੀ ਦੱਸ ਰਹੀ ਸੀ ਕਿ ਸਿਮ੍ਰਤੀਆਂ ਵਿੱਚ ਲਿਖਿਆ ਹੋਇਆ ਹੈ ਕਿ ਅੰਗ ਵਿਕਾਰ ਵਾਲੀ,ਅਧਿਕ ਅੰਗਾਂ ਵਾਲੀ ਭਾਵ ਛੇ ਉਂਗਲਾਂ ਵਾਲੀ ਛਾਂਗੀ, ਰੋਮ ਰਹਿਤ, ਬਹੁਤੇ ਰੋਮਾਂ ਵਾਲੀ ਅਤੇ ਬਹੁਤਾ ਬੋਲਣ ਵਾਲੀ ਕੰਨਿਆ ਮਨਹੂਸ ਹੁੰਦੀ ਹੈ---ਇਸੇ ਤਰ੍ਹਾਂ ਨਛੱਤਰ, ਰੁੱਖ, ਨਦੀ, ਮਲੇਛ, ਪਹਾੜ, ਪੰਛੀ, ਸੱਪ, ਦਾਸੀ ਜਾਂ ਭਿਆਨਕ ਨਾਮ ਵਾਲੀ ਕੰਨਿਆ ਨਾਲ ਭੁੱਲ ਕੇ ਵੀ ਵਿਆਹ ਨਾ ਕੀਤਾ ਜਾਵੇ---ਇਵੇਂ ਹੀ ਕਿਸੇ ਅੰਗ ਤੋਂ ਹੀਣ ਕੁੜੀ ਵੀ ਨਹਿਸ਼ ਹੁੰਦੀ ਹੈ---ਇਹ ਸਾਰਾ ਕੁੱਝ ਸਿਰਫ਼ ਕੁੜੀਆਂ ਉਤੇ ਹੀ ਲਾਗੂ ਹੁੰਦਾ ਹੈ---ਲੜਕਿਆਂ ਲਈ ਐਸਾ ਕੋਈ ਵਿਧੀ ਵਿਧਾਨ ਨਹੀਂ ਹੈ---

ਮੈਂ ਸੋਚ ਰਹੀ ਸਾਂ ਕਿ ਜੇ ਪ੍ਰਮਾਤਮਾ ਧੀ ਦੇਵੇ ਤਾਂ ਚੰਗੀ ਭਲੀ ਤੰਦਰੁਸਤ ਤੇ ਸੋਹਣੀ ਦੇਵੇ---ਕਦਰ ਵਾਲੀ ਥਾਂ, ਲੋੜਵੰਦ ਮਾਪਿਆਂ ਘਰ ਦੇਵੇ---ਪਰ ਮੈਨੂੰ ਧੀ ਲਈ ਲੋੜਵੰਦ ਮਾਪੇ ਦੂਰ ਦੂਰ ਤੱਕ, ਜਿੱਥੋਂ ਤੱਕ ਮੇਰੀ ਸੋਚ ਜਾ ਸਕਦੀ ਸੀ, ਕਿਤੇ ਵੀ ਨਜ਼ਰ ਨਾ ਆਏ, ਇਸ ਲਈ ਧੀ ਤਾਂ ਹਮੇਸਾਂ ਹੀ ਬੇਲੋੜੀ ਤੇ ਅਣਚਾਹੀ ਹੁੰਦੀ ਹੈ---ਸੱਚ ਮੰਨਿਓ ਕਿ ਜੇ ਪ੍ਰਕਿਰਤੀ ਦਾ ਕਾਨੂੰਨ ਹੋਵੇ ਕਿ ਹਰ ਮਾਂ ਬਾਪ ਨੂੰ ਪੁੱਛ ਲਿਆ ਜਾਵੇ ਬਈ ਤੁਹਾਨੂੰ ਧੀ ਦਈਏ ਜਾਂ ਪੁੱਤ-ਤਾਂ ਮੈਨੂੰ ਨੀ ਲਗਦਾ ਏਥੇ ਕੋਈ ਇੱਕ ਜਣਾ ਵੀ ਧੀ ਲੈਣ ਲਈ ਝੋਲੀ ਅੱਡੇਗਾ---ਕੋਈ ਇੱਕ ਵੀ ਨਹੀਂ---ਅਜਮਾਅ ਕੇ ਦੇਖ ਲਓ---ਧੀ ਦੇ ਨਾਂ ਤੋਂ ਹੀ ਤ੍ਰਹਿੰਦੇ ਨੇ ਲੋਕ---ਉਪਰੋਂ ਉਪਰੋਂ ਬੇਸ਼ੱਕ ਨਾਟਕ ਕਰਨ ਪਰ ਅੰਦਰੋਂ ਉਹਨਾਂ ਨੂੰ ਪੁੱਤ ਹੀ ਚਾਹੀਦੇ ਹੁੰਦੇ ਹਨ। ਪੁੱਤ ਵੀ ਇੱਕ ਨਹੀਂ ਸਗੋਂ ਪੁੱਤਾਂ ਦੀਆਂ ਜੋੜੀਆਂ---ਲੋਕ ਸਤਪੁੱਤੜੀ ਦੀ ਕਲਪਨਾ ਕਰਦੇ ਹਨ---ਆਪਦੇ ਘਰ ਬੇਟਾ ਪੈਦਾ ਹੋਣਾ ਚਾਹੀਦਾ ਹੈ ਤੇ ਧੀ ਕਿਸੇ ਹੋਰ ਘਰ--- ਹੁਣ ਤਾਂ ਕਹਿੰਦੇ ਨੇ ਕਲਜੁਗ ਐ---ਘੋਰ ਕਲਜੁਗ---ਲੋਕ ਧੀਆਂ ਨੂੰ ਜੰਮਣ ਹੀ ਨਹੀਂ ਦਿੰਦੇ---ਤੇ ਸਤਜੁਗ ਵਿੱਚ ਵੀ ਕਿਹੜਾ ਲੋਕ ਧੀਆਂ ਨੂੰ ਪੁੱਤਾਂ ਬਰਾਬਰ ਸਮਝਦੇ ਸਨ---ਧੀ ਜਨਮ ਦੀ ਅਨਿੱਛਾ ਪ੍ਰਾਚੀਨ ਕਾਲ ਦੇ ਸਾਹਿਤ ਵਿੱਚ ਵੀ ਪੜ੍ਹਨ ਨੂੰ ਮਿਲਦੀ ਹੈ---ਸੋਲਾਂ ਸੰਸਕਾਰਾਂ ਵਿੱਚ ਪੁੰਸਵਨ ਸੰਸਕਾਰ ਇੱਕ ਬਹੁਤ ਹੀ ਮਹੱਤਵਪੂਰਣ ਸੰਸਕਾਰ ਮੰਨਿਆ ਜਾਂਦਾ ਸੀ---ਇਸ ਸੰਸਕਾਰ ਸਮੇਂ ਪੂਰੇ ਵਿਧੀ ਵਿਧਾਨ ਨਾਲ ਪੁੱਤਰ ਜਨਮ ਲਈ ਅਨੁਸ਼ਠਾਨ ਕੀਤਾ ਜਾਂਦਾ ਸੀ---ਇਹ ਸੰਸਕਾਰ ਗਰਭ ਦੇ ਦੂਜੇ ਜਾਂ ਤੀਜੇ ਮਹੀਨੇ ਬੜੀ ਸ਼ੁੱਧੀ, ਸ਼ਰਧਾ, ਆਸਥਾ ਅਤੇ ਵਿਧੀ ਪੂਰਵਕ ਗਿਆਨੀ ਪੰਡਤਾਂ ਰਾਹੀਂ ਮੰਤਰੋਚਾਰਣ ਕਰ ਕੇ ਅਤੇ ਯੱਗ ਆਦਿ ਕਰ ਕੇ ਸੰਪੰਨ ਕੀਤਾ ਜਾਂਦਾ ਸੀ---ਇਸ ਸੰਸਕਾਰ ਦਾ ਉਦੇਸ਼ ਇਹ ਹੰੁਦਾ ਸੀ ਕਿ ਪੈਦਾ ਹੋਣ ਵਾਲੀ ਸੰਤਾਨ ਪੁੱਤਰ ਹੀ ਹੋਵੇ---ਗਰਭਵਤੀ ਇਸਤਰੀ ਨੂੰ ਸੂ ਬਦਲਣ ਦੀ ਦਵਾਈ ਵੀ ਖੁਆਈ ਜਾਂਦੀ ਸੀ---ਹੁਣ ਵੀ ਸਮਾਜ ਵਿੱਚ ਬਹੁਤੇ ਲੋਕ ਇਸ ਦਵਾਈ ਨੂੰ ਲੈਣ ਲਈ ਅਨਪੜ੍ਹ ਚੁਸਤ ਤੇ ਠੱਗ ਬਾਬਿਆਂ ਜਾਂ ਹਕੀਮਾਂ ਕੋਲ ਜਾ ਕੇ ਨੱਕ ਰਗੜਦੇ ਹਨ---ਤਕਰੀਬਨ ਹਰ ਪਿੰਡ ਵਿੱਚ ਇਹ ਸੂ ਬਦਲਣ ਭਾਵ ਮੁੰਡਾ ਹੋਣ ਦੀ ਦਵਾਈ ਦੇਣ ਵਾਲਾ ਕੋਈ ਨਾ ਕੋਈ ਸਿਆਣਾ ਉਪਲਭਦ ਹੁੰਦਾ ਹੈ---ਤੁਸੀਂ ਹੈਰਾਨ ਹੋਵੋਗੇ ਕਿ ਜਿਹਨਾਂ ਔਰਤਾਂ ਕੋਲ ਪਹਿਲਾਂ ਮੰੁਡਾ ਹੁੰਦਾ ਹੈ ਉਹ ਵੀ ਇਹ ਸੂ ਬਦਲਣ ਦੀ ਦਵਾਈ ਖਾਂਦੀਆਂ ਨੇ---ਉਹਨਾਂ ਨੂੰ ਪੁੱਛਿਆ ਜਾਵੇ ਕਿ ਸੂ ਬਦਲਣ ਦਾ ਮਤਲਬ ਹੁੰਦਾ ਹੈ ਬਈ ਜੇਕਰ ਪਹਿਲਾਂ ਲੜਕੀ ਹੋਵੇ ਤਾਂ ਸੂ ਭਾਵ ਲਿੰਗ ਬਦਲਣ ਦੀ ਦਵਾਈ ਖਾਣ ਵਾਲੀ ਗੱਲ ਤਾਂ ਥੋੜੀ ਬਹੁਤੀ ਸਮਝ ਆਉਂਦੀ ਹੈ ਪਰ ਮੁੰਡੇ ਤੋਂ ਬਾਦ ਇਸ ਦਵਾਈ ਦੀ ਕੀ ਤੁੱਕ? ਪਰ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ? ਜੇ ਕਿਤੇ ਪੁੱਤਾਂ ਦੀ ਲੁੱਟ ਪੈ ਜਾਵੇ---ਤਾਂ ਸੱਚ ਮੰਨਿਓ ਕਿ ਲੋਕ ਪੁੱਤਾਂ ਨਾਲ ਭਾਂਡਾ ਭਾਂਡਾ ਭਰ ਲੈਣ---।

29

ਸਵਰਨੀ ਢਾਈ ਮਹੀਨੇ ਦੀ ਕੁੜੀ ਨੂੰ ਲੈ ਕੇ ਵਾਪਸ ਆ ਗਈ---ਕੁੜੀ ਸੱਚੀਂ ਅਪਾਹਜ ਸੀ---ਬੇਢਬੀ ਸੀ---ਉਹਦਾ ਕੁੱਬ ਸਾਫ਼ ਨਜ਼ਰ ਆਉਂਦਾ ਸੀ---ਉਹ ਕਰੂਪ ਹੋਣ ਦੇ ਨਾਲ ਨਾਲ ਰੋਂਦੜ ਵੀ ਸੀ---ਸਾਰਾ ਦਿਨ ਚਿਆਂਕਦੀ ਰਹਿੰਦੀ---ਗੋਦੀ ਚੱਕੀ ਹੋਈ ਵੀ ਰੀਂ ਰੀਂ ਕਰਦੀ ਰਹਿੰਦੀ---ਸ਼ਾਇਦ ਉਸ ਨੂੰ ਕੋਈ ਅੰਦਰੂਨੀ ਤਕਲੀਫ਼ ਸੀ---ਬੱਚੇ ਨਾਲ ਘਰ ਵਿੱਚ ਕੰਮ ਵੀ ਵਧ ਗਿਆ ਸੀ---ਸਵਰਨੀ ਦਾ ਇਹ ਹਾਲ ਸੀ ਕਿ ਉਹ ਕੁੜੀ ਨੂੰ ਦੇਖ ਦੇਖ ਝੂਰਦੀ ਰਹਿੰਦੀ---ਇੱਕ ਕਹਾਵਤ ਹੈ ਕਿ ਬੱਚੇ ਵਾਲੀ ਦਾ ਤਾਂ ਇਹ ਹਾਲ ਹੁੰਦਾ ਹੈ ਬਈ ਤੂੰ ਮੇਰਾ ਨਿਆਣਾ ਖਿਡਾਅ ਮੈਂ ਤੇਰੇ ਮੰਡੇ ਥੱਪੂੰ---ਜੇ ਸਵਰਨੀ ਕੋਈ ਕੰਮ ਕਰਦੀ ਤਾਂ ਕੋਈ ਦੂਜਾ ਉਹਦੀ ਕੁੜੀ ਨੂੰ ਖਿਡ੍ਹਾਉਂਦਾ---ਸੋਹਣੇ ਸੁਨੱਖੇ ਤੇ ਤੰਦਰੁਸਤ ਬੱਚੇ ਦਾ ਤਾਂ ਸਾਰਿਆਂ ਨੂੰ ਪਿਆਰ ਆਉਂਦੈ---ਉਹ ਸਾਰਿਆਂ ਦਾ ਧਿਆਨ ਖਿੱਚਦਾ ਐ---ਸਾਰੇ ਉਸਨੂੰ ਖਿਡ੍ਹਾਉਣਾ ਵੀ ਚਾਹੰੁਦੇ ਨੇ ਪਰ ਸਵਰਨੀ ਦੀ ਬਦਸ਼ਕਲ, ਅਪਾਹਜ ਤੇ ਰੋਣੀ ਸੂਰਤ ਧੀ ਨੂੰ ਭਲਾ ਕੌਣ ਚੱਕਦਾ? ਕੌਣ ਖਿਡਾਉਂਦਾ?

ਕਿਸੇ ਨੂੰ ਤਾਂ ਕੁੜੀ ਨਾਲ ਸੰਵੇਦਨਾ ਕੀ ਹੋਣੀ ਸੀ---ਇਹਦੀ ਜੰਮਣਹਾਰੀ ਇਸ ਨੂੰ ਦੁਰਪਰੇ ਕਰਦੀ ਰਹਿੰਦੀ---ਉਹ ਇਹਨੂੰ ਨਾਲ ਸੁਲਾਉਣ ਨੂੰ ਤਿਆਰ ਨਹੀਂ ਸੀ---ਅੱਛਿਆ ! ਤੁਸੀਂ ਇੱਕ ਗੱਲ ਦੱਸੋ ਬਈ ਜੇ ਮੈਂ ਨਾ ਹੁੰਦੀ---ਜੇ ਇਹ ਲੰਗੜੀ ਪਿੰਗੜੀ ਉਸ ਘਰ ਵਿੱਚ ਨਾ ਹੁੰਦੀ ਤਾਂ ਇਸ ਕੁੜੀ ਦਾ ਕੀ ਬਲਣਾ? ਇਹ ਰੁਲ ਰੁਲ ਕੇ ਮਰ ਜਾਂਦੀ `ਕ ਨਾਅ?

ਖ਼ੈਰ ! ਗੁੱਡੀ ਮੇਰੇ ਨਾਲ ਈ ਸੌਂਦੀ---ਮੇਰੇ ਨਾਲ ਤੇਹ ਵੀ ਬਹੁਤ ਕਰਦੀ---ਮੈਨੂੰ ਲਿਪਟ ਲਿਪਟ ਜਾਂਦੀ---ਮੈਂ ਇੱਕ ਹੋਰ ਗੱਲ ਦੱਸਾਂ?? ਮੈਂ ਇਸ ਕਰਮਾਂ ਮਾਰੀ ਕੁੱਬੀ ਨੂੰ ਰਾਤੀਂ ਲੋਰੀਆਂ ਸੁਣਾਉਂਦੀ---ਪਰ ਬਹੁਤ ਹੌਲੀ---ਇਹ ਮੈਨੂੰ ਤੇ ਗੁੱਡੀ ਨੂੰ ਈ ਸੁਣਦੀਆਂ---ਮੈਂ ਲੋਰੀਆਂ ਯਾਦ ਕਰਦੀ ਤਾਂ ਸਾਰੀਆਂ ਈ ਲੋਰੀਆਂ ਮੁੰਡਿਆਂ ਵਾਸਤੇ ਹੁੰਦੀਆ---ਫੇਰ ਮੈਂ ਕੁੱਬੀ ਲਈ ਕੁੱਝ ਲੋਰੀਆਂ ਆਪੇ ਰਚ ਲਈਆਂ ਜਿਹੜੀ ਮੈਂ ਉਸ ਨੂੰ ਸੌਣ ਤੋਂ ਪਹਿਲਾਂ ਸੁਣਾਉਂਦੀ ਤੇ ਨਾਲ ਨਾਲ ਸੋਚਦੀ ਕਿ ੳਂੁਜ ਤਾਂ ਮੁੰਡੇ ਜਾਂ ਕੁੜੀ ਪ੍ਰਤੀ ਆਪਣੇ ਗਹਿਰੇ ਸਨੇਹ ਦਾ ਇਜ਼ਹਾਰ ਕਰਦਿਆਂ ਬੱਚੇ ਦੀ ਦਾਦੀ ਨਾਨੀ ਮਾਂ ਜਾਂ ਹੋਰ ਰਿਸ਼ਤੇਦਾਰਨੀਆਂ ਕੁੱਝ ਅਜਿਹੇ ਮਿਠਾਸ ਅਤੇ ਪਿਆਰ ਭਰੇ ਬੋਲ ਉਚਾਰਦੀਆਂ ਹਨ ਜਿਹਨਾਂ ਦਾ ਕੋਈ ਸਾਰਥਕ ਅਰਥ ਤਾਂ ਹੰੁਦਾ ਹੀ ਹੈ ਨਾਲ ਦੀ ਨਾਲ ਇਹ ਬੋਲ ਬੱਚੇ ਦੀ ਅਨਭੋਲ ਉਮਰ ਦੇ ਹਾਣੀ ਹੋਣ ਸਦਕਾ ਬੱਚੇ ਨੂੰ ਬੇਹੱਦ ਖੁਸ਼ੀ ਦਿੰਦੇ ਹਨ ਅਤੇ ਇਹਨਾਂ ਦਾ ਬੱਚੇ ਦੇ ਸੁਭਾਅ ਅਤੇ ਕਿਰਿਆ ਕਲਾਪਾਂ ਉੱਤੇ ਸਾਕਾਰਾਤਮਕ ਅਸਰ ਹੁੰਦਾ ਹੈ---ਇਹਨਾਂ ਤੋਤਲੀ ਭਾਸ਼ਾ ਵਿੱਚ ਉਚਾਰੇ ਗਏ ਉਦਗਾਰਾਂ ਨੂੰ ਲੋਰੀਆਂ ਕਿਹਾ ਜਾਂਦਾ ਹੈ---ਅਸਲ ਵਿੱਚ ਬੱਚੇ ਦੀ ਮਾਸੂਮ ਉਮਰ ਅਤੇ ਮਾਸੂਮ ਸਮਝ ਵਾਂਗ ਇਹ ਲੋਰੀਆਂ ਵੀ ਮਾਸੂਮੀਅਤ ਨਾਲ ਲਬਰੇਜ਼ ਕਾਵਿ ਤੁਕਾਂ ਹੁੰਦੀਆਂ ਹਨ ਜਿਹਨਾਂ ਰਾਹੀਂ ਗਾਇਕਾ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦੀ ਜਾਂਦੀ ਹੈ ਅਤੇ ਬੱਚੇ ਦਾ ਮਨ ਪ੍ਰਚਾਵਾ ਵੀ ਕਰਦੀ ਜਾਂਦੀ ਹੈ---ਪਰ ਇਹ ਸਭ ਲੋਰੀਆਂ ਸਿਰਫ਼ ਤੇ ਸਿਰਫ਼ ਮੁੰਡਿਆ ਲਈ ਹੀ ਕਿਉਂ ਰਚੀਆਂ ਗਈਆਂ ਨੇ---??

ਕੀ ਇਹ ਇਸ ਗੱਲ ਦਾ ਸਬੂਤ ਨਹੀਂ ਕਿ ਸਮਾਜ ਵਿੱਚ ਧੀ ਦੀ ਜਗ੍ਹਾਂ ਨਹੀਂ ਹੈ---ਉਸ ਦੀ ਲੋੜ ਈ ਹੈ ਨੀ---ਤੇ ਮੈਨੂੰ ਯਾਦ ਕਰਨ ਦੇ ਬਾਵਜੂਦ ਗੁੱਡੀ ਲਈ ਕੋਈ ਲੋਰੀ ਨਾ ਲੱਭਦੀ---ਮੈਂ ਸਵੈ ਰਚਿਤ ਲੋਰੀ ਗਾਉਂਦੀ---

ਸਾਡੀ ਗੁੱਡੀ ਦੇ ਬੰਭੇ ਬੰਭੇ ਬਾਲ

ਝੁੱਲ ਮੱਥੇ ਤੇ ਆਏ

ਬਿੱਲੀ ਨੇ ਕੀਤੀ ਕੰਘੀ

ਵਾਲਾਂ ਦੇ ਕੁੰਡਲ ਬਣਾਏ

ਜਾਂ

ਜੰਗਲ ਸੌਂ ਗਏ ਪਰਬਤ ਸੌਂ ਗਏ

ਸੌਂ ਗਏ ਸਭ ਦਰਿਆ

ਗੁੱਡੀ ਅਜੇ ਜਾਗਦੀ

ਨਿੰਦੀਏ ਛੇਤੀ ਛੇਤੀ ਆ

ਮੈਂ ਇਹ ਲੋਰੀਆਂ ਰਚ ਕੇ ਤਸੱਲੀ ਵੀ ਮਹਿਸੂਸ ਕਰਦੀ---ਮੈਨੂੰ ਲਗਦਾ ਕਿ ਮੁੰਡਿਆਂ ਵਾਸਤੇ ਤਾਂ ਸਭ ਦੁਨੀਆਂ ਲੋਰੀਆਂ ਗਾਉਂਦੀ ਹੈ ਪਰ ਮੈਂ ਕੁੜੀਆਂ ਵਾਸਤੇ ਲੋਰੀਆਂ ਰਚ ਕੇ ਇੱਕ ਵਧੀਆਂ ਕੰਮ ਕੀਤਾ ਹੈ---ਮੈਂ ਇੱਕ ਹੋਰ ਲੋਰੀ ਗੁੱਡੀ ਵਾਸਤੇ ਗਾਈ,

ਗੁੱਡੀ ਮੇਰੀ ਬੀਬੀ ਰਾਣੀ

ਸੌਂ ਜਾ ਮੇਰੀ ਲਾਡੋ ਰਾਣੀ

ਲਾਲ ਚੰੁਨੀ ਰੰਗਣੀ

ਗੁੱਡੀ ਦੀ ਹੋਈ ਮੰਗਣੀ

ਖੀਰ ਪੂੜੇ ਖਾਹ

ਗੁੱਡੀ ਦਾ ਹੋਣਾ ਵਿਆਹ

ਧੀ ਧਿਆਣੀ ਲਾਡੋ ਮੇਰੀ

ਆਊਗੀ ਬਰਾਤ ਤੇਰੀ

ਤੇਰਾ ਵਿਆਹ ਰਚਾਵਾਂਗੇ

ਸੱਤ ਪਕਵਾਨੀ ਪਕਾਵਾਂਗੇ

ਗਹਿਣਿਆਂ ਦਾ ਛੱਜ ਪਾਵਾਂਗੇ

ਡੋਲੀ `ਚ ਬਠਾਵਾਂਗੇ

ਸੱਸ ਵਾਰਨੇ ਵਾਰੂਗੀ

ਡੋਲੀ ਵਿਚੋਂ ਤਾਰੂਗੀ

ਮਮਤਾ ਨਾਲ ਲਬਰੇਾਂ ਇਹਨਾਂ ਲੋਰੀਆਂ ਦਾ ਪ੍ਰਯੋਜਨ ਬੱਚੇ ਨੂੰ ਸਿਰਫ਼ ਧਿਆਨੇ ਲਾਉਣਾ ਹੀ ਨਹੀਂ ਹੁੰਦਾ ਸਗੋਂ ਉਸ ਨੂੰ ਸੁਰ ਤਾਲ ਦੀ ਮੁਢਲੀ ਜਾਣਕਾਰੀ ਦੇਣਾ ਵੀ ਹੰੁਦਾ ਹੈ---ਸ਼ਾਇਦ ਇਸੇ ਕਰ ਕੇ ਲੋਰੀ ਸਿਰਫ਼ਮੁੰਡੇ ਲਈ ਹੰੁਦੀ ਹੈ---ਕਿਉਂਕਿ ਸੁਰ ਤਾਲ ਦੀ ਜਾਣਕਾਰੀ ਕੁੜੀਆਂ ਲਈ ਵਰਜਿਤ ਹੁੰਦੀ ਹੈ---

ਸਵਰਨੀ ਕਿਹੋ ਜਿਹੀ ਮਾਂ ਸੀ---ਮੇਰੀ ਮਾਂ ਵਰਗੀ ਹੀ ਸੀ---ਜਿਹੜੀ ਆਪਣੀ ਹੀ ਧੀ ਨੂੰ ਪਿਆਰ ਨਹੀਂ ਸੀ ਕਰਦੀ---ਬੱਚੇ ਨਾਲ ਮਾਂ ਦੇ ਰਿਸ਼ਤੇ ਨੂੰ ਸ਼ਬਦਾਂ ਰਾਹੀਂ ਵਰਨਣ ਕਰਨਾ ਅਸੰਭਵ ਹੈ---ਇਸ ਰਿਸ਼ਤੇ ਦੀ ਨਿੱਘ ਮੂਕ ਰਹਿ ਕੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ---ਪਰ ਗੁੱਡੀ ਨੇ ਸ਼ਾਇਦ ਹੀ ਕਦੇ ਇਹ ਨਿੱਘ ਮਹਿਸੂਸ ਕੀਤੀ ਹੋਵੇੇ---

 

ਮਾਂ ਬੱਚੇ ਨੂੰ ਬਾਰ ਬਾਰ ਇਹ ਨਹੀਂ ਕਹਿੰਦੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਸਗੋਂ ਉਸ ਦੀ ਮਮਤਾ ਬਿਨਾਂ ਕੁੱਝ ਆਖਿਆਂ ਉਮ੍ਹਲ ਉਮ੍ਹਲ ਪੈਂਦੀ ਹੈ---ਪਰ ਸ਼ਾਇਦ ਇਹ ਮੁੰਡਿਆਂ ਵਾਸਤੇ ਹੀ ਹੰੁਦਾ ਹੋਵੇ---ਕੁੜੀਆਂ ਵਾਰੀ ਪਿਆਰ ਦਾ ਕੋਈ ਝਰਨਾ ਮਾਂ ਦੇ ਦਿਲ ਵਿਚੋਂ ਫੁੱਟਦਾ ਈ ਨਾ ਹੋਵੇ ਬੱਚੇ ਦੀ ਤੋਤਲੀ ਆਵਾਜ਼ ਵਿੱਚ ਗੁਣਗੁਣਾਉਂਦਿਆਂ ਮਾਂ ਬੱਚੇ ਦੇ ਹਾਣ ਦੀ ਹੋ ਕੇ ਉਸ ਨਾਲ ਵੱਧ ਤੋਂ ਵੱਧ ਲਾਡ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸਿਰਫ਼ ਪੁੱਤਾਂ ਦੇ ਮਾਮਲੇ ਵਿੱਚ---ਕੁੜੀਆਂ ਲਈ ਸ਼ਾਇਦ ਮਾਂ ਵੀ ਨਿਰਮੋਹੀ ਹੋ ਜਾਂਦੀ ਹੈ---ਮੇਰੀ ਮਾਂ ਵਾਂਗ ਤੇ ਗੁੱਡੀ ਦੀ ਮਾਂ ਵਾਂਗ।

ਗੁੱਡੀ ਰੋਜ ਰਾਤ ਨੂੰ ਮੇਰੇ ਕੋਲੋਂ ਲੋਰੀਆਂ ਸੁਣਦੀ ਸੁਣਦੀ ਸੌ ਜਾਂਦੀ

ਸੋ ਕੁੜੀ ਮੇਰੇ ਚਿਪਕਾਅ ਦਿੱਤੀ ਗਈ---ਮੇਰੇ ਸਿਰ ਹੁਣ ਪਤੀ ਦੀ ਸਾਂਭ ਸੰਭਾਲ ਦੇ ਨਾਲ ਨਾਲ ਕੁੜੀ ਦੀ ਸੰਭਾਲ ਦਾ ਵੀ ਬੋਝਾ ਆ ਟਿਕਿਆ---ਰੋਣੀ ਸੂਰਤ ਕੁੜੀ ਨੂੰ ਕੋਈ ਹੋਰ ਸਾਂਭਣ ਲਈ ਤਿਆਰ ਈ ਨਾ ਹੁੰਦਾ---ਇੱਕ ਕੁੜੀ ਉਤੋਂ ਬੱਜ ਮਾਰੀ---

ਹਲੇ ਤੱਕ ਕਿਸੇ ਨੇ ਕੁੜੀ ਦਾ ਨਾਂ ਨਹੀਂ ਸੀ ਧਰਿਆ---ਮੈਂ ਅੰਦਰੋਂ ਅੰਦਰ ਡਰਦੀ ਸਾਂ ਕਿ ਕਿਤੇ ਇਹ ਕੁੜੀ ਵੀ ਮੇਰੇ ਵਾਂਗ ਨਾਮ ਵਿਹੂਣੀ ਹੀ ਨਾ ਰਹਿ ਜਾਵੇ---ਕਿਤੇ ਇਸ ਨੂੰ ਵੀ ਲੰਗੜੀ ਜਾਂ ਕੁੱਬੀ ਕਹਿ ਕੇ ਈ ਨਾ ਕੰਮ ਸਾਰ ਲਿਆ ਜਾਵੇ।

ਜੇ ਇਹ ਧੀ ਨਾ ਹੁੰਦੀ---ਪੁੱਤ ਹੰੁਦਾ ਤਾਂ ਫੇਰ ਭਾਵੇਂ ਕੱਜ ਬੱਜ ਮਾਰਿਆ ਈ ਹੰੁਦਾ---ਘੱਟੋ ਘੱਟ ਗੁਰਦੁਆਰੇ ਜਾ ਕੇ ਇਹਦਾ ਨਾਂ ਜ਼ਰੂਰ ਕਢਾਇਆਂ ਜਾਂਦਾ---ਪਰ ਹੁਣ ਇਸ ਕੁੜੀ ਨੂੰ ਸਾਰੇ ਗੁੱਡੀ ਕਹਿ ਕੇ ਈ ਕੰਮ ਸਾਰੀ ਜਾਂਦੇ---ਮੈਂ ਰੋਜ ਰੋਜ ਕਹਿਣ ਨੂੰ ਹੁੰਦੀ ਕਿ ਕੁੜੀ ਦਾ ਕੋਈ ਚੰਗਾ ਜਿਹਾ ਨਾਂ ਧਰ ਲਿਆ ਜਾਵੇ ਪਰ ਗੁਰੇ ਤੋਂ ਡਰਦੀ ਮਾਰੀ ਚੁੱਪ ਈ ਰਹਿੰਦੀ---ਮਤੇ ਉਹ ਮੇਰੀ ਇਸ ਭਾਵਨਾ ਦਾ ਕੋਈ ਹੋਰ ਈ ਅਰਥ ਨਾ ਲੈ ਲਵੇ---ਉਹ ਮੇਰੇ ਨਾਲ ਬਹੁਤ ਖੁੰਧਕ ਰੱਖਦਾ ਸੀ।

ਮੇਰੇ ਵਾਂਗ ਗੁੱਡੀ ਦੀ ਵੀ ਘਰ ਵਿੱਚ ਕੋਈ ਕਦਰ ਨਹੀਂ ਸੀ---ਇਹ ਬੀਮਾਰ ਹੋ ਜਾਂਦੀ ਤਾਂ ਚੱਜ ਨਾਲ ਇਹਦਾ ਦਵਾ ਦਾਰੂ ਵੀ ਨਾ ਕੀਤਾ ਜਾਂਦਾ---ਬੱਸ ਘਰੇ ਈ ਦੇਸੀ ਟੋਟਕੇ ਅਪਣਾਅ ਲਏ ਜਾਂਦੇ---ਜੜੀ ਬੂਟੀ ਜਾਂ ਜਮੈਣ ਬਗੈਰਾ ਦੇ ਕੇ ਪੋਤ ਪੂਰਾ ਕਰ ਲਿਆ ਜਾਂਦਾ---ਕਦੇ ਕਦੇ ਮੈਂ ਮਹਿਸੂਸ ਕਰਦੀ ਕਿ ਅਪਾਹਜ ਹੋਣ ਸਦਕਾ ਸਵਰਨੀ ਵੀ ਇਹਤੋਂ ਪਿੱਛਾ ਛੁਡਾਉਣਾ ਚਾਹੰੁਦੀ ਸੀ---ਉਹ ਖੁਦ ਵੀ ਚਿੜਚਿੜੀ ਹੋ ਗਈ ਸੀ।

ਮੈਂ ਤਾਂ ਸ਼ੁਰੂ ਤੋਂ ਹੀ ਧੀਆਂ ਨੂੰ ਰੁਲ ਖੁਲ ਕੇ, ਵੀਰਿਆਂ ਦੀ ਜੂਠ ਖਾ ਕੇ ਤਿਲ ਤਿਲ ਮਰਦਿਆਂ ਤੱਕਿਆਂ ਹੈ---ਮੈਂ ਉਹਨਾਂ ਨੂੰ ਧਰਮੀ ਮਾਪਿਆਂ ਵੱਲੋਂ ਤ੍ਰਿਸਕਾਰਿਤ ਹੁੰਦਿਆਂ ਦੇਖਿਆ ਹੈ---ਧੀਆਂ ਨੂੰ ਭੁੱਖੀਆਂ ਮਰਦੀਆਂ, ਦਵਾਈ ਅਤੇ ਪਰਵਰਿਸ਼ ਦੇ ਤੋੜੇ `ਚ ਮਰਦੀਆਂ ਅਤੇ ਬੇਕਦਰੀ ਨਾਲ ਮਰਦੀਆਂ ਦੇਖਿਆ ਹੈ

ਪੁੱਤਰ ਦੇ ਜਨਮ ਦੀਆਂ ਰੀਤਾਂ ਤਾਂ ਚਾਵਾਂ ਮਲ੍ਹਾਰਾਂ ਨਾਲ ਸੱਤ ਸ਼ਗਨ ਵਿਚਾਰ ਕੇ ਕੀਤੀਆਂ ਜਾਂਦੀਆਂ ਹਨ ਜਿਵੇਂ ਗੁੜ੍ਹਤੀ ਦੇਣੀ, ਨਜਰ ਟਪਾਰ ਤੋਂ ਬਚਾਅ ਕੇ ਰੱਖਣਾ, ਟੂਣੇ ਟੋਟਕੇ ਕਰਨੇ ਆਦਿ---ਪਰ ਧੀ ਜੰਮਣ ਤੇ ਸੱਤ ਸ਼ਗਨਾਂ ਦੀ ਥਾਂ ਸੈਂਕੜੇ ਬਦਸ਼ਗਨੀਆਂ ਕੀਤੀਆਂ ਜਾਂਦੀਆਂ ਹਨ---ਉਹਨੂੰ ਦੁਰ ਫਿੱਟੇ ਮੂੰਹ ਕਿਹਾ ਜਾਂਦਾ ਹੈ---ਮੁੰਡੇ ਦੇ ਜਨਮ ਸਮੇਂ ਔਲ ਨੂੰ ਬੜੇ ਸ਼ਗਨਾਂ ਨਾਲ ਦੱਬਿਆ ਜਾਦਾ ਹੈ ਤਾਂ ਜੋ ਪੁੱਤ ਹਰ ਤਰ੍ਹਾਂ ਦੀ ਬੀਮਾਰੀ ਜਾਂ ਜਾਦੂ ਟੂਣੇ ਤੋਂ ਮਹਿਫ਼ੂਜ਼ ਰਹੇ---ਕਿਉਂਕਿ ਲੋਕੀ ਵਹਿਮ ਕਰਦੇ ਨੇ ਕਿ ਜੇ ਕੋਈ ਤਾਂਤਰਿਕ ਬੱਚੇ ਦੀ ਔਲ ਨੂੰ ਕੱਢ ਕੇ ਟੂਣਾ ਟਾਮਣ ਕਰ ਦੇਵੇ ਤਾਂ ਬੱਚੇ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ---ਪਰ ਧੀਆਂ ਵਾਰੀ ਕਿਸੇ ਕਿਸਮ ਦੀ ਅਹਿਤਿਆਤ ਵਰਤਣ ਦੀ ਜਹਿਮਤ ਨਹੀਂ ਉਠਾਈ ਜਾਂਦੀ---ਤੇ ਫੇਰ ਤੁਹਾਨੂੰ ਮੰਨਣਾ ਪਵੇਗਾ ਕਿ ਧੀਆਂ ਜੰਮਦਿਆਂ ਹੀ ਐਨੀਆਂ ਮਜ਼ਬੂਤ ਹੁੰਦੀਆਂ ਨੇ ਕਿ ਉਹਨਾਂ ਉੱਤੇ ਕਿਸੇ ਕਿਸਮ ਦੇ ਕਾਲੇ ਜਾਦੂ ਦਾ ਅਸਰ ਈ ਨਹੀਂ ਹੁੰਦਾ---।

ਫੇਰ ਉਹੀ ਗੱਲ ਹੋਈ ਜਿਸਦਾ ਮੈਨੂੰ ਡਰ ਸੀ---ਇੱਕ ਦਿਨ ਗੁੱਡੀ ਕੁੱਝ ਜ਼ਿਆਦਾ ਈ ਰੀਂ ਰੀਂ ਕਰ ਰਹੀ ਸੀ---ਉਹ ਸਵੇਰ ਦੀ ਰਿਹਾੜ ਕਰ ਰਹੀ ਸੀ---ਗੁਰੇ ਨੇ ਉਹਨੂੰ ਘੂਰਿਆ,

“ਚੁੱਪ ਕਰ ਜਾ ਕੁੱਬੀਏ---ਘਰ `ਚ ਪਹਿਲਾਂ ਇੱਕ ਬੱਜ ਮਾਰੀ ਲੰਗੜੀ ਸੀ ਦੂਈ ਇਹ ਕੁੱਬੀ ਆ ਵੜੀ---ਘਰ ਨੂੰ ਬਿੰਗੇ ਬੌਲਿਆਂ, ਟੇਢੇ ਮੇਢਿਆਂ ਤੇ ਅੰਗਹੀਣਾਂ ਦਾ ਅੱਡਾ ਬਣਾ `ਤਾ---ਬਿਨਾਂ ਗੱਲ ਦੇ ਰੋਈ ਜਾਨੀ ਐ---ਧਰਤੀ ਨਾਲ ਪਟਕਾ ਕੇ ਮਾਰੂੰ---ਕੁੱਬੀ ਜੀ ਕਦੇ ਖੇਡ੍ਹਦੀ ਈ ਨੀ---"

ਤੇ ਉਸ ਦਿਨ ਤੋਂ ਗੁੱਡੀ ਦਾ ਨਾਂ ਕੁੱਬੀ ਪੱਕ ਗਿਆ---ਮੈਂ ਇਸ ਗੱਲ ਦਾ ਵਿਰੋਧ ਕਰਨਾ ਚਾਹੰੁਦੀ---ਮੈਂ ਦੱਸਣਾ ਚਾਹੁੰਦੀ ਕਿ ਜਦੋਂ ਇਹਨੂੰ ਸਕੂਲੇ ਪੜ੍ਹਨ ਪਾਇਆ ਤਾਂ ਮਾਸਟਰ ਜੀ ਇਹਦਾ ਨਾਂ ਪੁੱਛੇਗਾ ---ਤੇ ਜਦੋਂ ਇਹਦਾ ਵਿਆਹ ਹੋਇਆ ਤਾਂ ਭਾਈ ਜੀ ਅਰਦਾਸ ਕਰਨ ਲਈ ਇਦਾ ਨਾਂ ਪੁੱਛੇਗਾ ਤਾਂ ਸਥਿਤੀ ਬੜੀ ਹਾਸੋਹੀਣੀ ਹੋ ਜਾਣੀ ਹੈ---ਮੈਂ ਆਪਣੇ ਵਿਆਹ ਦੀ ਉਦਾਹਰਣ ਦੇ ਕੇ ਸਮਝਾਉਣਾ ਚਾਹੰੁਦੀ ਸਾਂ---ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਹਿੰਮਤ ਨਾ ਕਰ ਸਕੀ---ਤੇ ਪੱਕਦਾ ਪੱਕਦਾ ਗੁੱਡੀ ਦਾ ਨਾਂ ਕੁੱਬੀ ਪੱਕ ਗਿਆ---ਸਾਰੇ ਉਹਨੂੰ ਕੁੱਬੀ ਕਹਿ ਕੇ ਬੁਲਾਉਣ ਲੱਗ ਪਏ---ਸਵਰਨੀ ਵੀ ਉਹਨੂੰ ਕੁੱਬੀ ਕਹਿ ਕੇ ਸੱਦਿਆ ਕਰੇ---ਇੱਕ ਮੈਂ ਸਾਂ ਜੋ ਉਹਨੂੰ ਡਰਦੀ ਮਾਰੀ ਗੁੱਡੀ ਕਹਿ ਨਹੀਂ ਸਾਂ ਸਕਦੀ ਤੇ ਕੁੱਬੀ ਮੈਥੋਂ ਕਹਿ ਨਹੀਂ ਸੀ ਹੁੰਦਾ---ਮੈਂ ਉਸ ਨੂੰ ਬਿਨਾਂ ਨਾਂ ਦੇ ਬੁਲਾ ਕੇ ਹੀ ਕੰਮ ਚਲਾ ਰਹੀ ਸਾਂ---

ਜਦੋਂ ਸਵਰਨੀ ਨੂੰ ਇਹ ਕੁੜੀ ਹੋਣ ਵਾਲੀ ਸੀ---ਤਾਂ ਮੇਰੇ ਸਹੁਰੇ ਪ੍ਰੀਵਾਰ ਨੇ ਮੁੰਡਾ ਹੋਣ ਲਈ ਹਰ ਸੰਭਵ ਯਤਨ ਕੀਤਾ---ਪਿੰਡ ਵਿੱਚ ਲੜਕਾ ਹੋਣ ਦੀ ਦਵਾਈ ਦੇਣ ਵਾਲੇ ਵੈਦ ਕੋਲੋਂ ਤਿੰਨ ਪੁੜੀਆਂ ਲੈ ਕੇ ਖੁਆਈਆਂ ਗਈਆਂ---ਇਹ ਪੁੜੀਆਂ ਗਰਭਵਤੀ ਇਸਤ੍ਰੀ ਨੂੰ ਦੇਸੀ ਗਊ ਦੇ ਦੁੱਧ ਨਾਲ ਤਿੰਨ ਦਿਨ ਨਿਰਨੇ ਕਾਲਜੇ ਖੁਆਉਣੀਆਂ ਹੁੰਦੀਆਂ ਨੇ---ਗਊ ਦੇ ਮਗਰ ਵੱਛਾ ਹੋਣਾ ਲਾਜ਼ਮੀ ਐ---ਫੇਰ ਮੇਰਾ ਜੇਠ ਖੁਦ ਜਾ ਕੇ ਆਪਣੀਆਂ ਨਜਰਾਂ ਦੇ ਸਾਹਮਣੇ ਵੱਛੇ ਵਾਲੀ ਦੇਸੀ ਗਊ ਦਾ ਦੁੱਧ ਚੁਆ ਕੇ ਲਿਆਉਂਦਾ ਰਿਹਾ ਸੀ---ਮੇਰੀ ਸੱਸ ਨੇ ਪੂਰੀ ਅਹਿਤਿਆਤ ਨਾਲ ਸਵਰਨੀ ਨੂੰ ਇਹ ਪੁੜੀਆਂ ਖਵਾਈਆਂ ਸਨ---ਵੈਦ ਜੀ ਦੇ ਦੱਸੇ ਵਿਧੀ ਵਿਧਾਨ ਅਨੁਸਾਰ ਦਵਾਈ ਦਿੱਤੀ ਸੀ।

ਮੇਰੀ ਸੱਸ ਨੇ ਬਿੱਧ ਮਾਤਾ ਨੂੰ ਮਨਾਉਣ ਲਈ ਚੌਂਕੀ ਵੀ ਡਾਹੀ ਸੀ---ਔਰਤਾਂ ਨੇ ਬਿੱਧ ਮਾਤਾ ਨੂੰ ਪੁੱਤਰ ਦੇਣ ਲਈ ਰਾਜੀ ਕੀਤਾ ਸੀ---ਮੈਂ ਇਸ ਮੌਕੇ ਦੀ ਚਸ਼ਮਦੀਦ ਗਵਾਹ ਹਾਂ ਕਿ ਉਸ ਦਿਨ ਸਾਡੇ ਘਰ ਬੁੱਢੀਆਂ ਠੇਰੀਆਂ ਨੇ ਇਕੱਠੀਆਂ ਹੋ ਕੇ ਬਿੱਧ ਮਾਤਾ ਕੋਲੋਂ ਸਵਰਨੀ ਲਈ ਤਾਂ ਪੁੱਤ ਮੰਗਿਆ ਈ ਮੰਗਿਆ ਸੀ---ਨਾਲ ਦੀ ਨਾਲ ਉਹਨਾਂ ਨੇ ਆਪਣੀਆਂ ਨੂੰਹਾਂ ਧੀਆਂ ਲਈ ਵੀ ਪੁੱਤਰਾਂ ਦੀ ਦਾਤ ਮੰਗੀ ਸੀ ਸਾਰੀਆਂ ਔਰਤਾਂ ਪੁੱਤਾਂ ਦੀ ਪ੍ਰਾਪਤੀ ਲਈ ਕਮਲੀਆਂ ਹੋਈਆਂ ਪਈਆਂ ਸਨ।

ਮੇਰੀ ਸੱਸ ਪੜ੍ਹਨਾ ਲਿਖਣਾ ਤਾਂ ਨਹੀਂ ਸੀ ਜਾਣਦੀ ਪਰ ਉਸ ਨੂੰ ਇਹੋ ਜਿਹੇ ਮੰਤਰ ਜਾਂ ਟੋਟਕੇ ਜਬਾਨੀ ਯਾਦ ਸਨ ਜਿਹੜੇ ਪੁੱਤਰ ਪ੍ਰਾਪਤੀ ਲਈ ਉਚਾਰੇ ਜਾਂਦੇ ਸਨ। ਫਿਰ ਇੱਕ ਦਿਨ ਘੁੰਮਦਾ ਘੁਮਾਉਂਦਾ ਕਿਤੇ ਤਿੰਨ ਲੋਕਾਂ ਦੀਆਂ ਜਾਨਣਹਾਰ ਨੰਦੀ ਬੈਲ ਸਾਡੇ ਬੂਹੇ ਅੱਗੇ ਆ ਖਲੋਇਆ---ਸਾਰਾ ਮਹੱਲਾ ਕੱਠਾ ਹੋ ਗਿਆ---ਲੋਕਾਂ ਨੇ ਮੁੱਠ ਵਿੱਚ ਦਾਣੇ ਲੈ ਕੇ ਉਹਦੇ ਕੋਲੋ ਪੁੱਛਾਂ ਪਵਾਈਆ---ਮੇਰੀ ਸੱਸ ਨੇ ਵੀ ਸਵਰਨੀ ਦੇ ਇੱਕ ਹੱਥ ਵਿੱਚ ਦਾਣੇ ਦੇ ਕੇ ਮੁੱਠੀਆਂ ਬੰਦ ਕਰਾ ਕੇ ਪੁੱਛ ਪਵਾਈ---ਨੰਦੀ ਬੈਲ ਦੇ ਮਾਲਕ ਨੇ ਉਸਨੂੰ ਚਾਰੋਂ ਕੂੰਟਾਂ ਘੁੰਮ ਕੇ ਅਤੇ ਸ਼ਿਵਜੀ ਨਾਲ ਵਿਚਾਰ ਵਿਮਰਸ਼ ਕਰ ਕੇ ਸਵਰਨੀ ਲਈ ਸਹੀ ਭਵਿੱਖਬਾਣੀ ਕਰਨ ਲਈ ਹੁਕਮ ਦਿੱਤਾ,

ਹੇ ਸਿਬਜੀ ਦੇ ਨੰਦੀ ਬੈਲ ਜਗਤ ਜਾਨਣਹਾਰ

ਚਾਰੋਂ ਕੂੰਟਾਂ ਘੁੰਮ ਕੇ ਸਿਬ ਨਾਲ ਕਰੀਂ ਵਿਚਾਰ

ਜੋ ਬੀਬੀ ਦੀ ਇੱਛਾ ਦੇਈਂ ਸੱਚੋ ਸੱਚ ਨਿਤਾਰ

ਇੱਛਾ ਕਰ ਦਈਂ ਪੂਰੀ ਨੰਦੀ ਕੁਲਾਂ ਦੇਈਂ ਤਾਰ

ਬੀਬੀ ਨੂੰ ਪੁੱਤਾਂ ਦੀ ਜੋੜੀ ਬਕਸ਼ੀਂ ਕਰ ਦਈ ਚਮਤਕਾਰ

ਦਾਣਿਆਂ ਆਲੀ ਮੁੱਠੀ ਨੂੰ ਮੂੰਹ ਲਾ ਕੇ ਖੁਸ਼ ਕਰੀਂ ਪਰਬਾਰ

ਤੇਰਾ ਹੱਕ ਜਰੂਰ ਮਿਲੂਗਾ ਬੀਬੀ ਨੇ ਕੀਤਾ ਕੌਲ ਕਰਾਰ

ਤੁਸੀਂ ਵੀ ਜਾਣਦੇ ਹੀ ਹੋ ਕਿ ਇਹ ਨੰਦੀ ਬੈਲ ਲੋਕਾਂ ਦੀ ਹਮਦਰਦੀ ਅਤੇ ਵਿਸ਼ਵਾਸ਼ ਜਿੱਤਣ ਲਈ ਆਮ ਬੈਲਾਂ ਨਾਲੋਂ ਨਿਆਰੀ ਸ਼ਕਲ ਦਾ ਲਿਆ ਜਾਂਦਾ ਹੈ---ਇਹ ਬੈਲ ਜਾਂ ਤਾਂ ਸਰੀਰਕ ਪੱਖੋਂ ਵਿਕ੍ਰਿਤੀ ਵਾਲਾ ਹੁੰਦਾ ਹੈ ਜਿਵੇਂ ਪੰਜ ਲੱਤਾਂ ਵਾਲਾ---ਤਿੰਨ ਕੰਨਾਂ ਵਾਲਾ ਜਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਸ਼ਰੀਰਕ ਕਮੀ ਵਾਲਾ ਹੁੰਦਾ ਹੈ।

 

ਇਹ ਵੱਖਰੀ ਕਿਸਮ ਦੀ ਦਿੱਖ ਸੱਚ ਮੁੱਚ ਲੋਕ ਮਨ ਨੂੰ ਪ੍ਰਭਾਵਿਤ ਅਤੇ ਆਕ੍ਰਸ਼ਿਤ ਕਰਦੀ ਹੈ---ਇਸ ਬੈਲ ਉਤੇ ਕੌਡੀਆਂ ਵਾਲਾ ਝੁੱਲ ਦਿੱਤਾ ਜਾਂਦਾ ਹੈ---ਮੱਥਾ ਸੰਧੂਰ ਨਾਲ ਰੰਗਿਆ ਹੁੰਦਾ ਹੈ---ਗਲ ਵਿੱਚ ਟੱਲ ਪਾਏ ਹੁੰਦੇ ਹਨ---ਇਹ ਸਾਰੇ ਪਖੰਡ ਇਸਦਾ ਮਾਲਕ ਜਾਣ ਬੁੱਝ ਕੇ ਕਰਦਾ ਹੈ---ਇਸ ਨਿਆਰੀ ਦਿੱਖ ਵਾਲੇ ਬੈਲ ਨੂੰ ਦੇਖ ਕੇ ਕੁੱਤੇ ਬੁਰੀ ਤਰ੍ਹਾਂ ਭੌਕਦੇ ਹਨ---ਟੱਲ ਖੜਕਦੇ ਹਨ ਜਿਹਨਾਂ ਦੇ ਸ਼ੋਰ ਸ਼ਰਾਬੇ ਨੂੰ ਸੁਣ ਕੇ ਲੋਕੀਂ ਘਰਾਂ ਤੋਂ ਬਾਹਰ ਨਿਕਲ ਕੇ ਇਸ ਦੇ ਦੁਆਲੇ ਗੋਲ ਘੇਰੇ ਵਿੱਚ ਜੁੜ ਜਾਂਦੇ ਨੇ---ਇਹੀ ਇਸ ਦੇ ਮਾਲਕ ਦੀ ਮਨਸ਼ਾ ਹੁੰਦੀ ਹੈ।

ਇਹੋ ਜਿਹੀ ਦਿੱਖ ਵਾਲਾ ਇਹ ਨੰਦੀ ਬੈਲ ਤੇ ਹੱਟਾ ਕੱਟਾ ਇਹਦਾ ਮਾਲਕ ਸਾਡੇ ਬੂਹੇ ਅੱਗੇ ਖੜ੍ਹੇ ਸਨ---

ਸਵਰਨੀ ਵੀ ਇੱਕ ਮੁੱਠੀ ਦਾਣਿਆਂ ਦੀ ਭਰੀ ਤੇ ਦੂਜੀ ਖਾਲੀ ਲੈ ਕੇ ਘੇਰੇ `ਚ ਖੜ੍ਹੀ ਹੋ ਗਈ---ਜਾਣੀ ਜਾਣ ਬੈਲ ਨੇ ਹਮੇਸ਼ਾਂ ਵਾਂਗ ਉਹਦੀ ਦਾਣਿਆਂ ਨਾਲ ਭਰੀ ਮੁੱਠੀ ਨੂੰ ਮੂੰਹ ਲਾ ਦਿੱਤਾ---ਮੇਰੇ ਸਹੁਰੇ ਪ੍ਰੀਵਾਰ ਦੇ ਭਾਣੇ ਨੰਦੀ ਬੈਲ ਨੇ ਉਹਨਾਂ ਦੀ ਇੱਛਾ ਪੂਰਤੀ ਦਾ ਸੰਕੇਤ ਦੇ ਦਿੱਤਾ ਹੈ ਪਰ ਅਸਲ ਵਿੱਚ ਗੱਲ ਇਹ ਹੈ ਕਿ ਦਾਣਿਆਂ ਦੀ ਮਹਿਕ ਨੰਦੀ ਬੈਲ ਦੀ ਇਸ ਕਰਮਾਤਾ ਦਾ ਕਾਰਣ ਹੁੰਦੀ ਹੈ---ਪਰ ਮੇਰੇ ਸਹੁਰੇ ਪ੍ਰੀਵਾਰ ਦਾ ਵਿਸ਼ਵਾਸ਼ ਪੁਖਤਾ ਹੋ ਗਿਆ ਕਿ ਨੰਦੀ ਬੈਲ ਨੇ ਵੀ ਸਵਰਨੀ ਦੀ ਦਾਣਿਆਂ ਵਾਲੀ ਮੁੱਠੀ ਨੂੰ ਮੂੰਹ ਲਾ ਕੇ ਮੁੰਡਾ ਹੋਣ ਦੀ ਭਵਿੱਖਬਾਣੀ ਕਰ ਦਿੱਤੀ---

ਤੇ ਫੇਰ ਕੁੜੀ ਹੋਈ ਦਾ ਪਤਾ ਲੱਗਣ ਤੇ ਗੁਰਾ ਇਸ ਨੰਦੀ ਬੈਲ ਨੂੰ ਤੇ ਇਹਦੇ ਮਾਲਕ ਨੂੰ ਨੰਗੀਆਂ ਗਾਲਾਂ ਦਿੰਦਾ ਰਿਹਾ---ਅਖੇ ਕਿੱਤੇ ਟੱਕਰ ਜਾਵੇ ਸਹੀ---ਦੋਹਾਂ ਨੂੰ ਢੱਠੇ ਖੂਹ `ਚ ਕਿਹੜਾ ਨਾ ਸਿੱਟ ਕੇ ਆਵਾਂ---

ਮੇਰੀ ਸੱਸ ਨੇ ਮੈਨੂੰ ਵੀ ਦਾਣਿਆਂ ਦੀ ਮੁੱਠੀ ਭਰ ਕੇ ਨੰਦੀ ਬੈਲ ਕੋਲ ਜਾਣ ਲਈ ਕਿਹਾ ਸੀ---ਪਰ ਮੈਂ ਆਖ ਦਿੱਤਾ ਕਿ ਬੇਬੇ ਮੈਂ ਕਿਹੜੀ ਪੁੱਛਿਆ ਲੈਣੀ ਹੈ? ਫੇਰ ਮੇਰੀ ਸੱਸ ਸਮੇਤ ਸਾਰੇ ਟੱਬਰ ਨੇ ਨੰਦੀ ਕੋਲੋਂ ਪੁੱਛਿਆ ਲਈ ਸੀ ਤੇ ਉਸ ਨੇ ਸਾਰਿਆਂ ਦੀ ਦਾਣਿਆਂ ਵਾਲੀ ਮੁੱਠੀ ਨੂੰ ਹੀ ਮੂੰਹ ਲਾਇਆ ਸੀ---ਉਸ ਘੜੀ ਮੇਰੇ ਸਹੁਰੇ ਪ੍ਰੀਵਾਰ ਨੇ ਜੋ ਜੋ ਕੁੱਝ ਨੰਦੀ ਕੋਲੋਂ ਮੰਗਿਆ ਉਹੀ ਕੁੱਝ ਨੰਦੀ ਨੇ ਦਾਣਿਆਂ ਵਾਲੀ ਮੁੱਠੀ ਨੂੰ ਮੂੰਹ ਲਾ ਕੇ ਉਹਨਾਂ ਦੀ ਝੋਲੀ `ਚ ਪਾ ਦਿੱਤਾ---।

ਸ਼ਾਇਦ ਮੇਰੀ ਸੱਸ ਨੇ ਮੇਰੇ ਲਈ ਪੁੱਤ ਮੰਗਿਆ ਹੋਵੇ---ਆਪਣੇ ਪੁੱਤ ਦੀ ਤੰਦਰੁਸਤੀ ਮੰਗੀ ਹੋਵੇ---ਘਰ `ਚ ਪੈਸੇ ਅਤੇ ਖੁਸ਼ੀ ਦੀਆਂ ਲਹਿਰਾਂ ਬਹਿਰਾਂ ਮੰਗੀਆਂ ਹੋਣ---ਤੇ ਹੋਰ ਵੀ ਪਤਾ ਨੀ ਉਸ ਨੇ ਕੀ ਕੀ ਮੰਗਿਆ ਹੋਵੇ---ਤੇ ਨੰਦੀ ਦੀ ਮਿਹਰ ਸਦਕਾ ਸਭੇ ਮੁਰਾਦਾਂ ਪੂਰੀਆਂ ਹੋ ਗਈਆਂ ਪਰ ਸਿਰਫ਼ ਕਲਪਨਾ ਕਲਪਨਾ ਵਿੱਚ ਹੀ।

ਲੇਕਿਨ ਅਸਲ ਵਿੱਚ ਕੋਈ ਵੀ ਮੁਰਾਦ ਪੂਰੀ ਨਾ ਹੋਈ---ਨਾ ਮੇਰੇ ਬੱਚਾ ਹੋਇਆ---ਨਾ ਮੇਰਾ ਪਤੀ ਪਨਮੇਸ਼ਰ ਠੀਕ ਹੋਇਆ ਤੇ ਨਾ ਘਰ `ਚ ਕਿਸੇ ਹੋਰ ਤਰ੍ਹਾਂ ਦਾ ਬਦਲਾਅ ਹੀ ਆਇਆ---ਨੰਦੀ ਜੀ ਲੋਕਾਂ ਕੋਲੋਂ ਦਾਨ ਦੱਛਣਾ ਬਟੋਰ ਕੇ ਔਹ ਗਏ---ਔਹ ਗਏ---

ਮੇਰੀ ਸੱਸ ਨੇ ਸਵਰਨੀ ਨੂੰ ਪੁੱਤਰ ਪੈਦਾ ਕਰਨ ਲਈ ਕੋਈ ਕੋਰ ਕਸਰ ਬਾਕੀ ਨਹੀਂ ਸੀ ਛੱਡੀ---ਨੰਦੀ ਬੈਲ ਤੋਂ ਪੁੱਛਿਆ ਪਵਾ ਕੇ ਵੀ ਹਾਲੇ ਉਹਦੀ ਤਸੱਲੀ ਨਾ ਹੋਈ---ਉਸ ਨੇ ਲਾਗਲੇ ਪਿੰਡ ਤੋਂ ਇੱਕ ਜੋਤਸ਼ੀ ਪਾਧੇ ਨੂੰ ਸੱਦ ਕੇ ਸਵਰਨੀ ਦੇ ਮੁੰਡਾ ਹੋਣ ਲਈ ਪੂਜਾ ਅਰਚਨਾ ਵੀ ਕਰਵਾਈ ਸੀ---

ਮੈਨੂੰ ਯਾਦ ਹੈ ਕਿ ਚਿੱਟੇ ਧੋਤੀ ਕੁੜਤੇ ਵਿੱਚ ਜਦੋਂ ਪੰਡਤ ਜੀ ਚੌਂਕੀ ਉੱਤੇ ਬਿਰਾਜਮਾਨ ਹੋਏ ਤਾਂ ਉਹਨਾਂ ਨੇ ਮੇਰੀ ਸੱਸ ਨੂੰ ਕਾਗਜ਼ ਦਾ ਇੱਕ ਟੁਕੜਾ ਦਿੰਦਿਆਂ ਆਖਿਆ,

“ਮਾਤਾ ਜੀ ਮੈਂ ਇਸ ਕਾਗਜ਼ ਉੱਪਰ ਕੋਈ ਮੰਤਰ ਲਿਖਿਆ ਹੈ---ਘਰ `ਚ ਕੋਈ ਪੜ੍ਹਿਆ ਲਿਖਿਆ ਬੰਦਾ ਇਸ ਦਾ ਪੰਜ ਵਾਰ ਉਚਾਰਣ ਕਰੇ---ਪਰ ਗਲਤੀ ਨੀ ਹੋਣੀ ਚਾਹੀਦੀ---ਮੰਤਰ ਲੈਅ ਵਿੱਚ ਪੜ੍ਹਨਾ ਹੈ---"

ਉਸ ਦਿਨ ਸਾਰੇ ਟੱਬਰ ਨੇ ਮੈਨੂੰ ਸਤਿਕਾਰ ਨਾਲ ਦੇਖਿਆ ਤੇ ਮੇਰੀ ਸੱਸ ਨੇ ਮੈਨੂੰ ਇਹ ਕਾਗਜ਼ ਲੈ ਕੇ ਪੰਜਾ ਵਾਰ ਪੜ੍ਹਨ ਲਈ ਕਿਹਾ---ਮੈਂ ਲੰਗੜੀ ਨੇ ਅਪਾਹਜ ਲੰਗੜੀ ਨੇ ਇਹ ਕਾਗਜ਼ ਲੈ ਕੇ ਅਜੇ ਖੋਲਣ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਗੁਰਾ ਗਰਜਿਆ ਸੀ,

“ਨਹੀਂ ਨਹੀਂ ਬੇਬੇ---ਐਨੀ ਕੁ ਤਾਂ ਜੋਤਸ ਦੀ ਮੈਨੂੰ ਵੀ ਸਮਝ ਐ---ਬਈ ਸ਼ਰੀਰਕ ਪੱਖੋਂ ਅਪੰਗ ਬੰਦਾ ਕੋਈ ਮੰਤਰ ਨੀ ਪੜ੍ਹ ਸਕਦਾ---ਕਿਤੇ ਊਈਂ ਨਾ ਆਉਣ ਵਾਲਾ ਬੱਚਾ ਵੀ ਅਪੰਗ ਪੈਦਾ ਹੋ `ਜੇ---ਲਿਆ ਮੈਂ ਪੜ੍ਹ ਕੇ ਸੁਣਾਮਾਂ---"

ਉਹ ਜੁੱਤੀ ਲਾਹ ਕੇ ਪੰਡਤ ਜੀ ਦੇ ਕੋਲ ਬਹਿ ਗਿਆ ਤੇ ਉਸ ਨੇ ਕਾਗਜ਼ ਦਾ ਟੁਕੜਾ ਖੋਹਲ ਕੇ ਪੜ੍ਹਨਾ ਸ਼ੁਰੂ ਕੀਤਾ---ਭਾਵ ਪੰਜ ਵਾਰ ਮੰਤਰ ਪੜ੍ਹਿਆ,

ਬਾਹਮਣ ਚੌਂਕੀ ਬੈਠਿਆ ਕੋਈ ਪੱਤਰੀ ਲਓ ਜੀ ਖੋਲ੍ਹ

ਬਹੂ ਰਾਣੀ ਨੂੰ ਤੀਆ ਮਹੀਨਾ ਸੁਭ ਬਚਨ ਕੋਈ ਬੋਲ

ਕਹਿ ਦਿਓ ਜਰਮੇਂਗੇ ਨੰਦ ਲਾਲ, ਕੰਨਾਂ ਵਿੱਚ ਰਸ ਘੋਲ

ਬਣਦਾ ਸਰਦਾ ਲਾਗ ਦਿਆਂਗੇ ਤੱਕੜੀ ਬੱਟੇ ਤੋਲ

ਪੰਜ ਬਾਰ ਮੰਤਰ ਉਚਾਰ ਕੇ ਗੁਰੇ ਨੇ ਪੰਡਤ ਕੋਲੋਂ ਧੱਕੇ ਨਾਲ ਨੰਦ ਲਾਲ ਜੰਮਣ ਦੀ ਭਵਿੱਖ ਬਾਣੀ ਕਰਾਈ---ਤੇ ਬਚਾਰੇ ਪੰਡਤ ਦੀ ਕੀ ਮਜਾਲ ਕਿ ਉਹ ਕੁੜੀ ਜੰਮਣ ਦੀ ਮਨਹੂਸ ਗੱਲ ਮੂੰਹੋਂ ਕੱਢ ਦੇਵੇ---

ਤੇ ਹੁਣ ਮੈਂ ਕਿਸੇ ਪ੍ਰਮਾਤਮਾਂ ਨਾ ਦੀ ਚੀਜ਼ ਦਾ ਕੋਟਿ ਕੋਟਿ ਧੰਨਵਾਦ ਕਰਦੀ ਹਾਂ ਕਿ ਉਸ ਨੇ ਗੁਰੇ ਦੇ ਮਨ ਮਿਹਰ ਪਾਈ ਬਈ ਇਹ ਟੋਟਕਾ ਜਾਂ ਮੰਤਰ ਮੇਰੇ ਹੱਥੋਂ ਕਾਗਜ਼ ਫੜ ਕੇ ਉਸੇ ਨੇ ਉਚਾਰਿਆ---ਨਹੀਂ ਤਾਂ ਸੌ ਪ੍ਰਤੀਸ਼ਤ ਮੇਰੇ ਉੱਤੇ ਗਾਜ ਗਿਰਨੀ ਸੀ---ਬਈ ਇਸ ਬੱਜ ਮਾਰੀ ਨੇ ਮੰਤਰ ਪੜ੍ਹਿਆ ਤਾਂ ਸਾਡੀ ਧੀ ਅਪਾਹਜ ਜੰਮੀ---ਖੈਰ!

ਇਹ ਸਾਰੇ ਢਕਵੰਜ ਕਰਨ ਉਪਰੰਤ ਵੀ ਘਰ ਵਾਲਿਆਂ ਦੀ ਤਸੱਲੀ ਨਾ ਹੋਈ---ਪਿੰਡ ਵਿੱਚ ਨਾਈਆਂ ਦੀ ਇੱਕ ਮੰਦ ਬੁੱਧੀ ਕੰਨਿਆਂ ਸੀ---ਸਾਰੇ ਲੋਕ ਉਸਦੀ ਪੂਜਾ ਕਰਦੇ ਸਨ ਤੇ ਕੋਈ ਵੀ ਸ਼ੁਭ ਕਾਰਜ ਕਰਨ ਤੋ ਪਹਿਲਾਂ ਉਸ ਨੂੰ ਪੁੱਛਿਆ ਜਾਂਦਾ ਸੀ---ਤੁਸੀਂ ਹੈਰਾਨ ਹੋਵੋਗੇ ਕਿ ਉਸਦਾ ਵੀ ਕਿਸੇ ਨੇ ਨਾਂ ਧਰਨ ਦੀ ਜਹਿਮਤ ਨਹੀਂ ਸੀ ਉਠਾਈ---ਉਸ ਨੂੰ ਸਾਰੇ ਕੰਜਕ ਕਹਿ ਕੇ ਹੀ ਬੁਲਾਉਂਦੇ ਸਨ---ਮੇਰੀ ਸੱਸ ਨੇ ਵੀ ਇੱਕ ਦਿਨ ਉਸ ਨੂੰ ਘਰੇ ਸੱਦ ਕੇ ਉਹਦੇ ਪੈਰ ਧੋ ਕੇ ਉਹਨੂੰ ਖੀਰ ਖੁਆ ਕੇ ਪੁੱਛਿਆ ਸੀ,

“ਦੇਵੀ! ਦੱਸ ਸਾਡੇ ਕੋਠੇ ਉਤੇ ਚਿੜਾ ਹੈ ਜਾਂ ਚਿੜੀ---"

ਤੇ ਕੁੜੀ ਨੇ ਝੱਟ ਕਿਹਾ “ਚਿੜੀ"

ਮੇਰੀ ਸੱਸ ਦੇ ਮੂੰਹ ਤੇ ਹਵਾਈਆਂ ਉਡਦੀਆਂ ਸਾਫ਼ ਦੇਖੀਆਂ---ਮੇਰੀ ਸੱਸ ਨੇ ਇਸ ਕੰਜਕ ਨੂੰ ਕਈ ਦਿਨ ਘਰੇ ਬੁਲਾ ਕੇ ਇਹੀ ਸੁਆਲ ਪੁੱਛਿਆ ਤੇ ਪਤਾ ਨੀ ਕਿਉਂ ਇਸ ਕੰਜਕ ਨੇ ਹਰ ਵਾਰ ਚਿੜੀ ਹੀ ਜਵਾਬ ਦਿੱਤਾ---ਸੁਣ ਕੇ ਸਾਰਿਆਂ ਦਾ ਮੂੰਹ ਉਤਰ ਜਾਂਦਾ---ਤੀਜੇ ਦਿਨ ਗੁਰੇ ਨੇ ਕਚੀਚੀ ਲਂੈਦਿਆਂ ਆਖਿਆਂ ਕਿ ਇਸ ਮਨਹੂਸ ਨੂੰ ਕਿਉਂ ਰੋਜ ਦਿਹਾੜੀ ਸੱਦ ਲੈਨੇ ਲਓ---ਪਾਗਲ ਨੂੰ ਕੀ ਪਤਾ ਬਈ ਕੀ ਆਖਣੈ---ਫੇਰ ਉਸ ਨੇ ਕੰਜਕ ਨੂੰ ਆਖਿਆ,

“ਨੀ ਕੁੜੀਏ---ਆਖ ਥੋੜੇ ਕੋਠੇ ਉਛੇ ਚਿੜਾ ਐ---ਚਿੜਾ---ਆਖ ਚਿੜਾ---"

ਤੇ ਕੁੜੀ ਨੇ ਸਹਿਮੀ ਸਹਿਮੀ ਨੇ ਬਹੁਤ ਹੀ ਹੌਲੀ ਕਿਹਾ, ਚਿੜਾ ਚਿੜੀ---ਚਿੜਾ---ਤੇ ਸਾਰਾ ਟੱਬਰ ਖੁਸ਼ ਹੋ ਗਿਆ ਬਈ ਸਵਰਨੀ ਦੇ ਜੌੜੇ ਬੱਚੇ ਹੋਣਗੇ---ਇੱਕ ਮੁੰਡਾ ਤੇ ਇੱਕ ਕੁੜੀ---ਕਿਉਂਕਿ ਕੰਜਕ ਨੇ ਚਿੜਾ ਵੀ ਕਿਹਾ ਤੇ ਚਿੜੀ ਵੀ---ਮੈਂ ਤੁਹਾਨੂੰ ਕਿਸੇ ਲੱਗ ਲਪੇਟ ਤੋਂ ਬਿਨਾਂ ਸਿਰਫ਼ ਸੱਚ ਦੱਸ ਰਹੀ ਹਾਂ---

ਸਰਕਾਰ ਵੱਲੋਂ ਮੰੁਡਾ ਜਾ ਕੁੜੀ ਹੋਣ ਦਾ ਟੈਸਟ ਕਰਨ ਵਾਲੇ ਡਾਕਟਰਾਂ ਉਤੇ ਸਖ਼ਤ ਕਾਰਵਾਈ ਦਾ ਕਾਨੂੰਨ ਬਣਾ ਦਿੱਤਾ ਸੀ ਜਿਸ ਕਰਕੇ ਸਵਰਨੀ ਦਾ ਇਹ ਟੈਸਟ ਕਰਾਉਣਾ ਸੌਖਾ ਨਹੀਂ ਸੀ---ਇਸ ਕਰਕੇ ਇਹ ਟੈਸਟ ਨਾ ਹੋ ਸਕਿਆ।

ਮੇਰੀ ਸੱਸ ਨੇ ਹੋਰ ਵੀ ਕਈ ਸਾਰੀਆਂ ਸੁੱਖਾਂ ਸਰ੍ਹੀਣੀਆਂ ਸੁੱਖੀਆਂ ਸਨ---ਕਿੰਨੀਆਂ ਹੀ ਮੰਨਤਾਂ ਮੰਨੀਆਂ ਸਨ---ਤਜ਼ਰਬੇਕਾਰ ਅਤੇ ਪਾਰਖੂ ਨਜਰ ਰੱਖਣ ਵਾਲੀਆਂ ਬੁੱਢੀਆਂ ਦਾਈਆਂ ਮਾਈਆਂ ਕੋਲੋਂ ਸ਼ਵਰਨੀ ਦੀ ਚਾਲ ਢਾਲ, ਸੁਭਾਅ `ਚ ਆਈ ਤਬਦੀਲੀ, ਖਾਣ ਪੀਣ ਦੀਆਂ ਆਦਤਾਂ ਦੇਖ ਕੇ ਅਤੇ ਖਾਸ ਕਰ ਉਸ ਦੇ ਪਹਿਲਾਂ ਸੱਜਾ ਜਾਂ ਖੱਬਾ ਪੈਰ ਅਗਾਂਹ ਪੁੱਟਣ ਨੂੰ ਭਾਂਪ ਕੇ ਅਨੁਮਾਨ ਲਾਉਣ ਵਾਲੀਆਂ ਗੁਣੀ ਗਿਆਨੀ ਔਰਤਾਂ ਕੋਲੋਂ ਵੀ ਪੁੱਤਰ ਹੋਣ ਪੱਕ ਕਰਵਾਈ ਗਈ ਸੀ---ਐਨੇ ਲਟੈਟਣ ਕਰਨ ਦੇ ਬਾਵਜ਼ੂਦ ਸਵਰਨੀ ਕੋਲ ਧੀ ਜੰਮ ਪਈ ਸੀ---ਚਲੋ ਧੀ ਪੈਦਾ ਹੋ ਜਾਂਦੀ ਤਾਂ ਵੀ ਟੱਬਰ ਦਿਲ ਤੇ ਪੱਥਰ ਧਰ ਕੇ ਬਰਦਾਸ਼ਤ ਕਰ ਜਾਂਦਾ ਪਰ ਅਪਾਹਜ ਕੁੱਬੀ ਧੀ ਜੰਮ ਪਈ---ਇਹ ਬਰਦਾਸ਼ਤ ਕਰਨਾ ਔਖਾ ਸੀ

ਮੇਰੇ ਸਹੁਰੇ ਪ੍ਰੀਵਾਰ ਦੇ ਸਾਰੇ ਜੀਅ ਕੁੜੀ ਨੂੰ ਫਿ਼ਟਕਾਰਾਂ ਪਾਉਂਦੇ ਰਹਿੰਦੇ---ਬਦਅਸੀਸਾਂ ਦਿੰਦੇ ਰਹਿੰਦੇ---ਸ਼ਾਇਦ ਕੁੜੀ ਦੇ ਭਵਿੱਖ ਬਾਰੇ ਵੀ ਉਹ ਚਿੰਤਾ ਕਰਦੇ ਸਨ---ਅੱਜ ਕੱਲ ਚੰਗੀ ਭਲੀ ਧੀ ਭੈਣ ਨੂੰ ਵਸਾਉਣ ਦਾ ਜ਼ਮਾਨਾ ਨਹੀਂ ਹੈ---ਕੋਝੀ ਅਪਾਹਜ ਦਾ ਤਾਂ ਹਾਲ ਈ ਕੋਈ ਨਹੀਂ।

ਘਰ ਵਿੱਚ ਕੋਈ ਵੀ ਇਸ ਕੁੜੀ ਨੂੰ ਤਵੱਜੋ ਨਾ ਦਿੰਦਾ---ਪਰ ਮੈਨੂੰ ਇਸ ਉਪਰ ਦਇਆ ਆਉਂਦੀ---ਮੈਂ ਹੀ ਇਸ ਨੂੰ ਗੋਦੀ ਚੱਕਦੀ---ਰੋਂਦੀ ਨੂੰ ਚੁੱਪ ਕਰਾਉਂਦੀ---ਤੇ ਪਿਆਰ ਕਰਦੀ---ਕੁੜੀ ਵੀ ਮੇਰਾ ਹੇਜ ਕਰਦੀ---ਮੇਰੇ ਦੁਆਲੇ ਦੁਆਲੇ ਤੱਕਦੀ ਰਹਿੰਦੀ---ਗੁਰਾ ਕਦੇ ਕਦੇ ਸਾਨੂੰ ਦੇਖ ਕੇ ਆਖਦਾ ਰਾਮ ਮਲਾਈ ਜੋੜੀ ਇੱਕ ਅੰਨ੍ਹਾਂ ਇੱਕ ਕੋਹੜੀ---ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਗੱਲ ਉਹ ਹਾਸੇ `ਚ ਨਹੀਂ ਸੀ ਕਹਿੰਦਾ---ਸਗੋਂ ਦੁਖੀ ਹੋਇਆ ਹੀ ਆਖਦਾ ਸੀ---

ਕਦੇ ਕਦੇ ਮੈਨੂੰ ਉਹਦੇ ਉਤੇ ਤਰਸ ਵੀ ਆਉਂਦਾ---ਉਹਦੀ ਮੇਰੇ ਪ੍ਰਤੀ ਨਫ਼ਰਤ ਤਾਂ ਸੁਭਾਵਕ ਸੀ ਪਰ ਉਹ ਹੋਰ ਤਾਂ ਕਿਸੇ ਨੂੰ ਕੁੱਝ ਨਹੀਂ ਸੀ ਕਹਿੰਦਾ---ਮੇਰੇ ਨਾਲ ਈ ਖੁੰਧਕ ਖਾਂਦ ਸੀ---ਉਹ ਜਦੋਂ ਫੁੱਟ ਫੁੱਟ ਕੇ ਰੋਂਦਾ ਤਾਂ ਮੇਰਾ ਜੀਅ ਕਰਦਾ ਕਿ ਉਹਨੂੰ ਹੌਸਲਾ ਦਿਆਂ---ਪਰ ਇਹ ਮੇਰਾ ਅਧਿਕਾਰ ਨਹੀਂ ਸੀ।


--ਚਲਦਾ--