30
ਅਜੇ ਕੁੱਬੀ ਛੇ ਮਹੀਨਿਆਂ ਦੀ ਮਸਾਂ ਹੋਈ ਹੋਵੇਗੀ---ਸੱਚ, ਤੁਸੀਂ ਕਹੋਗੇ ਕਿ ਮੈ ਤਾਂ ਕੁੜੀ ਨੂੰ ਕੁੱਬੀ ਨਾ ਕਿਹਾ ਕਰਾਂ---ਪਰ ਹੁਣ ਸਾਰੇ ਉਸ ਕੁੜੀ ਨੂੰ ਕੁੱਬੀ ਕੁੱਬੀ ਕਹਿ ਕੇ ਬੁਲਾਉਂਦੇ ਸਨ ਤੇ ਮੈਨੂੰ ਵੀ ਮਜ਼ਬੂਰੀ ਵੱਸ ਕੁੱਬੀਓ ਕਹਿ ਕੇ ਬੁਲਾਉਣੀ ਪੈਂਦੀ ਸੀ---ਡਰਦੀ ਸਾਂ ਕਿ ਕਿਤੇ ਘਰ ਦਾ ਕੋਈ ਜੀਅ ਮੈਨੂੰ ਘੁਰਕ ਨਾ ਦੇਵੇ।
ਹਾਂ---ਹਲੇ ਉਹ ਛਿਆਂ ਮਹੀਨਿਆਂ ਦੀ ਹੋਈ ਸੀ ਤਾਂ ਘਰਦਿਆਂ ਵੱਲੋਂ ਸਵਰਨੀ ਉਤੇ ਦੂਜੇ ਬੱਚੇ ਲਈ ਦਬਾਓ ਪੈਣਾ ਸ਼ੁਰੂ ਹੋ ਗਿਆ---ਜਲਦੀ ਤੋਂ ਜਲਦੀ ਜਾਇਦਾਦ ਦਾ ਵਾਰਸ ਚਾਹੀਦਾ ਸੀ---ਸਵਰਨੀ ਨੂੰ ਰੋਜ ਨੰਗੇ ਪੈਰ ਗੁਰਦੁਆਰੇ ਜਾ ਕੇ ਸੇਵਾ ਕਰਨ ਦਾ ਹੁਕਮ ਹੋਇਆਂ---ਪੰਡਤਾਣੀ ਹੁਣ ਸਾਡੇ ਘਰ ਤਾਂ ਕਦੇ ਨਹੀਂ ਸੀ ਆਈ ਪਰ ਮੇਰੀ ਸੱਸ ਉਸ ਕੋਲੋਂ ਜਾ ਕੇ ਪੜਪੋਤਾ ਹੋਣ ਦੇ ਟੋਟਕੇ ਜ਼ਰੂਰ ਸਿੱਖ ਕੇ ਆਉਂਦੀ---
ਐਤਕੀਂ ਪਿੰਡ ਦੇ ਵੈਦ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਪਹਿਲਾਂ ਪਤਾ ਨੀ ਦਵਾਈ ਦੇਣ ਵਿੱਚ ਤੈਥੋਂ ਕੀ ਗਲਤੀ ਹੋ ਗਈ ਸੀ---ਐਤਕੀ ਅਹਿਤਿਆਤ ਨਾਲ ਦਵਾਈ ਦੇਣੀ---ਵੈਦ ਨੂੰ ਆਪਣੀ ਦੁਕਾਨਦਾਰੀ ਬੰਦ ਹੋਣ ਦੀ ਚਿੰਤਾ ਸੀ---ਉਸ ਕੋਲ ਕੋਈ ਇਹੋ ਜਿਹੀ ਇਲਾਹੀ ਦਵਾਈ ਜਾਂ ਚਮਤਕਾਰੀ ਜੜੀ ਬੂਟੀ ਨਹੀਂ ਸੀ ਜਿਸ ਨਾਲ ਸਿਰਫ਼ ਪੁੱਤਰ ਹੀ ਪੈਦਾ ਹੋਣ---
ਇਹ ਤਾਂ ਰੱਬੋਂ ਈ ਜਿਸ ਕੋਲ ਮੁੰਡਾ ਹੋ ਜਾਂਦਾ ਤਾਂ ਉਹ ਵੈਦ ਦੇ ਗੁਣ ਗਾਉਂਦਾ---ਤੇ ਜਿਸ ਦੇ ਧੀ ਹੋ ਜਾਂਦੀ ਉਸ ਨੂੰ ਵੈਦ ਆਖਦਾ ਕਿ ਭਾਈ ਗਊ ਦੇਸੀ ਨੀ ਹੋਣੀ---ਜਿਹਦੇ ਦੁੱਧ ਨਾਲ ਦਵਾਈ ਲਈ ਸੀ---ਜਾਂ ਉਹਦੇ ਮਗਰ ਵੱਛਾ ਨੀ ਹੋਣਾ---ਵੱਛੀ ਹੋਊਗੀ---ਤੇ ਜਾਂ ਤੁਸੀਂ ਦੱਸੇ ਅਨੁਸਾਰ ਵਿਧੀ ਵੱਤ ਦਵਾਈ ਨੀ ਖਾਧੀ ਹੋਣੀ ਬਗੈਰਾ ਬਗੈਰਾ।
ਐਤਕੀਂ ਵੈਦ ਜੀ ਨੂੰ ਘਰ ਬੁਲਾ ਕੇ ਉਹਦੇ ਸਾਹਮਣੇ ਦਵਾਈ ਦਿੱਤੀ ਗਈ---ਉਸ ਨੂੰ ਨਾਲ ਲਿਜਾ ਕੇ ਦੁੱਧ ਲਿਆਂਦਾ ਗਿਆ---ਐਤਕੀਂ ਕੁੱਝ ਵਧੇਰੇ ਸ਼ਰਧਾ ਨਾਲ ਦੇਵ ਦੇਵਤੇ ਧਿਆਏ ਗਏ---ਵੱਡ ਵਡੇਰੇ ਮਨਾਏ ਗਏ---ਮੜ੍ਹੀਆਂ ਮਸਾਣਾਂ ਸਤੀਆਂ ਪੂਜੀਆਂ ਗਈਆਂ---ਦੇਵੀਂ ਦੇਵਤਿਆਂ ਨਮਿੱਤ ਸੁੱਚੇ ਲਾਲ ਕੱਪੜੇ ਦੇ ਕੋਨਿਆਂ `ਚ ਐਡਵਾਂਸ ਪੈਸੇ ਬੰਨ੍ਹ ਕੇ ਰੱਖੇ ਗਏ---ਖੁਆਜੇ ਦੀ ਸੀਰਨੀ ਸੁੱਖੀ ਗਈ---
ਅੱਛਾ---ਇਸ ਵਾਰ ਪੰਡਤਾਣੀ ਨੇ ਇੱਕ ਹੋਰ ਵਹਿਮ ਪਾ ਦਿੱਤਾ---ਉਹ ਆਖਣ ਲੱਗੀ ਕਿ ਤੁਸੀਂ ਨਿਰੰਜਣ ਦੀ ਬਹੂ ਨੂੰ ਸੌਕਣ ਮੋਹਰਾ ਨੀ ਪਵਾਇਆ---ਭਾਈ ਮਰੇ `ਵੇ ਕਿਸੇ ਦੇ ਮਿੱਤ ਨਹੀਂ ਹੁੰਦੇ---ਮਰੇ ਬੰਦੇ ਦੀ ਆਤਮਾ ਉਹਦੇ ਘਰ `ਚ ਘੁੰਮਦੀ ਹੁੰਦੀ ਐ ---ਇਹ ਮ੍ਰਿਤਕ ਆਤਮਾਵਾਂ ਬੋਲ ਨਹੀਂ ਸਕਦੀਆਂ---ਪਰ ਸਮਝਦੀਆਂ ਸਭ ਕੁੱਝ ਨੇ---ਨਛੱਤਰ ਕੁਰ ਦੀ ਆਤਮਾ ਵੀ ਥੋਡੇ ਘਰ `ਚ ਈ ਘੁੰਮਦੀ ਹੋਊ---ਤੀਵੀਂ ਤਾਂ ਮਰ ਕੇ ਵੀ ਆਪਣੇ ਘਰ ਵਾਲੇ ਦੀ ਦੂਜੀ ਤੀਵੀਂ ਨੂੰ ਬਰਦਾਸ਼ਤ ਨੀ ਕਰਦੀ---ਉਹ ਜੋਰ ਕਰਦੀ ਐ ---ਏਸ ਕਰਕੇ ਭਾਈ ਨਰੰਜਣ ਦੀ ਬਹੂ ਦੇ ਗਲ `ਚ ਸੌਕਣ ਮੋਹਰਾ ਕਰਾ ਕੇ ਪਾਓ---
ਮੇਰੀ ਸੱਸ ਦੇ ਖਾਨਿਓਂ ਗਈ---ਆਹ ਭਲਾਂ ਦੀ ਉਹਨੂੰ ਕਿਵੇਂ ਵਿਸਰ ਗਿਆ---ਕਹਿਣ ਲੱਗੀ---
“ਬੁੱਜ ਈ ਨਿਕਲੀ ਮੈਂ ਵੀ---ਸੌਕਣ ਮੋਹਰਾ ਤਾਂ ਬਹੂ ਦੀ ਡੋਲੀ ਤਾਰਦਿਆਂ ਈ ਉਹਦੇ ਗਲ `ਚ ਪਾ ਦੇਣਾ ਚਾਹੀਦਾ ਸੀ---ਤਾਂ ਹੀ---ਸੈਂਤ---ਤਾਂ ਹੀ ਗੁਰੇ ਘਰ ਅਪਾਹਜ ਧੀ ਪੈਂਦਾ ਹੋ ਗਈ ਐ ---ਜ਼ਰੂਰ ਨਛੱਤਰੋ ਦੀ ਕਰੋਪੀ ਮਾਰ ਗਈ---ਉਹ ਨਰਾਜ਼ ਹੋਣੀ ਐ ---ਹੋਣਾ ਈ ਸੀ ਭਾਈ---ਤੀਵੀਂ ਕਿੱਥੇ ਬਰਦਾਸ਼ ਕਰਦੀ ਐ ਸੌਕਣ ਨੂੰ---ਪਰ ਮੇਰਾ ਵੀ ਕਸੂਰ ਨੀ ਹੈਗਾ---ਬਹੂ ਦੀ ਡੋਲੀ ਤਾਂ ਘਰੇ ਉਤਰੀ ਈ ਨੀ---ਮੈਂ ਕਦੋਂ ਪਾਉਂਦੀ ਸੌਕਣ ਮੋਹਰਾ ਉਹਦੇ ਗਲ---" ਤੇ ਫੇਰ ਉਸੇ ਦਿਨ ਸੁਨਿਆਰ ਕੋਲੋਂ ਸੌਕਣ ਮੋਹਰਾ ਬਣਵਾ ਕੇ ਮੇਰੇ ਗਲ `ਚ ਪਾ ਦਿੱਤਾ ਗਿਆ---ਜਾਂ ਕਹਿ ਲਓ ਲਟਕਾਅ ਦਿੱਤਾ ਗਿਆ---ਇਸ ਉਤੇ ਇੱਕ ਪਾਸੇ ਮੇਰੀ ਸੌਂਕਣ ਦੀ ਫੋਟੋ ਬਣੀ ਹੋਈ ਸੀ ਤੇ ਦੂਜੇ ਪਾਸੇ ਉਸ ਦਾ ਨਾਂ ਲਿਖਿਆ ਹੋਇਆ ਸੀ---ਉਂਜ ਸਾਰੇ ਸੌਕਣ ਮੋਹਰਿਆਂ ਉੱਤੇ ਇੱਕੋ ਔਰਤ ਦੀ ਸੂਰਤ ਉੱਕਰੀ ਹੁੰਦੀ ਸੀ---
ਇਹ ਸੌਕਣ ਮੋਹਰਾ ਗਲ `ਚ ਲਟਕਾ ਕੇ ਮੈਨੂੰ ਲੱਗਿਆ ਜਿਵੇਂ ਮੈਂ ਚਾਂਦੀ ਦਾ ਇਹ ਸਿੱਕਾ ਜਿਹਾ ਨਹੀਂ ਸਗੋਂ ਆਪਣੀ ਸੌਕਣ ਗਲ `ਚ ਲਟਕਾਅ ਲਈ ਹੋਵੇ---ਮੈਂ ਥੋਨੂੰ ਆਪਣੇ ਪਾਗਲਪੁਣੇ ਦੀ ਹੱਦ ਦੱਸ ਰਹੀ ਹਾਂ---ਮੈਂ ਹੁਣ ਆਪਣੀ ਸੌਕਣ ਨਾਲ ਗੱਲ ਬਾਤ ਕਰ ਲਿਆ ਕਰਦੀ ਸਾਂ---ਉਹਨੂੰ ਸਾਰਾ ਦੁਖ ਦਰਦ ਦੱਸ ਲੈਂਦੀ ਸਾਂ---ਉਹ ਬੇਸ਼ੱਕ ਹੁੰਗਾਰਾ ਨਹੀਂ ਸੀ ਭਰਦੀ ਹੁੰਦੀ---ਬੇਸ਼ੱਕ ਬੋਲਦੀ ਕੂੰਦੀ ਨਹੀਂ ਸੀ ਹੁੰਦੀ ਪਰ ਮੈਨੂੰ ਲਗਦਾ ਕਿ ਉਹ ਬੜੇ ਧਿਆਨ ਨਾਲ ਮੇਰੀ
ਗੱਲ ਸੁਣ ਰਹੀ ਹੈ ---ਸੱਚ ਮੰਨਿਓ---ਕਦੇ ਕਦੇ ਤਾਂ ਮੈਨੂੰ ਐਂਜ ਮਹਿਸੂਸ ਹੁੰਦਾ ਜਿਵੇਂ ਉਹ ਮੇਰੀ ਪਿੱਠ ਉਤੇ ਹੱਥ ਫੇਰ ਰਹੀ ਪੈ ਤੇ ਮੈਨੂੰ ਸਾਂਤਵਨਾ ਵੀ ਦੇ ਰਹੀ ਐ ---
ਉਂਜ ਨਾ ਮੈਂ ਉਸ ਦੀ ਸੌਕਣ ਸਾਂ ਤੇ ਨਾ ਉਹ ਮੇਰੀ---ਕਿਉਂਕਿ ਢਾਈ ਲਾਵਾਂ ਬਾਦ ਮੈਂ ਤੇ ਨਿਰੰਜਣ ਪਤੀ ਪਤਨੀ ਨਹੀਂ ਸਾਂ ਬਣ ਗਏ---ਦੂਜਾ ਉਹ ਅਪਾਹਜ ਹੋਣ ਸਦਕਾ ਕੌਮਾਂ ਚ ਚਲੇ ਜਾਣ ਸਦਕਾ ਮੇਰਾ ਕਦੇ ਅਖਾਉਤੀ ਪਤੀ ਵੀ ਨਹੀਂ ਸੀ ਬਣਿਆ---ਮੈਂ ਉਹਦੀ ਸਾਂਭ ਸੰਭਾਲ ਕਰਨ ਵਾਲੀ---ਸੇਵਾ ਕਰਨ ਵਾਲੀ ਸਿਰਫ਼ ਤੇ ਸਿਰਫ਼ ਇੱਕ ਗੋਲੀ ਬਾਂਦੀ ਸਾਂ---ਨਾਲੇ ਇੱਕ ਗੱਲ ਹੋਰ ਕਿ ਪੈਸੇ ਦੇ ਕੇ ਖਰੀਦੀ ਹੋਈ ਔਰਤ ਕਦੇ ਘਰ ਵਾਲੀ ਨਹੀਂ ਬਣ ਸਕਦੀ---ਇਸ ਤਰ੍ਹਾਂ ਕਿਸੇ ਵੀ ਲਿਹਾਜ਼ ਨਾਲ ਮੈਂ ਤੇ ਨਛੱਤਰ ਕੁਰ ਸੌਕਣਾਂ ਸੌਕਣਾਂ ਨਹੀਂ ਸਾਂ---ਪਰ ਘਰਦਿਆਂ ਦੀ ਮਰਜੀ ਨੂੰ ਟਾਲਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਸੋ ਸੌਕਣ ਮੋਹਰਾ ਗਲ `ਚ ਲਟਕਾਅ ਨੂੰ ਲਿਆ---ਪਰ ਲਟਕਾਇਆ ਗਲ ਫਰਾਹੇ ਵਾਂਗ ਹੀ---
ਹੁਣ ਘਰਦਿਆਂ ਨੂੰ ਪੂਰੀ ਤਸੱਲੀ ਸੀ ਕਿ ਹੁਣ ਗੁਰੇ ਦੇ ਘਰ ਮੁੰਡਾ ਹੋਣ ਵਿੱਚ ਕੋਈ ਅੜਿੱਕਾ ਨਹੀਂ ਲੱਗ ਸਕਦਾ---ਹੁਣ ਉਹਦੇ ਘਰ ਜਾਇਦਾਦ ਦਾ ਵਾਰਸ ਪੈਦਾ ਹੋਣਾ ਹੀ ਹੋਣਾ ਹੈ ---ਹੁਣ ਕੁਲਦੀਪਕ ਨੇ ਜਨਮ ਲੈ ਹੀ ਲੈਣਾ ਹੈ।
ਕਦੇ ਕਦੇ ਮੇਰਾ ਜੀਅ ਕਰਿਆ ਕਰੇ ਕਿ ਮੈਂ ਆਪਣੀ ਸੱਸ ਨੂੰ ਯਾਦ ਕਰਾਮਾਂ ਬਈ ਬਾਕੀ ਸਾਰੀ ਵਾਹ ਬੇਲਾ ਤੁਸੀਂ ਲਾ ਲਈ ਹੈ ---ਸਵਰਨੀ ਨੂੰ ਟਕਾਣੇ ਵੀ ਲੈ ਜਾਓ---ਪਰ ਨਹੀਂ---ਮੈਂ ਇਹ ਨਹੀਂ ਸਾਂ ਆਖ ਸਕਦੀ---ਬਿਲਕੁਲ ਨਹੀ---ਸੋਚ ਵੀ ਨਹੀਂ ਸਾਂ ਸਕਦੀ---ਉਫ਼---ਟਿਕਾਣਾ---
ਮੇਰੇ ਕਹਿਣ ਦੀ ਨੌਬਤ ਈ ਨਾ ਆਈ---ਇੱਕ ਦਿਨ ਗੁਰੇ ਤੇ ਮੇਰੀ ਸੱਸ ਨੇ ਪੰਡਤਾਣੀ ਦੇ ਘਰ ਜਾ ਕੇ ਪਤਾ ਨੀ ਕੀ ਮਸ਼ਵਰਾ ਕੀਤਾ ਕਿ ਅਗਲੇ ਦਿਨ ਪੰਡਤਾਣੀ ਤੇ ਮੇਰੀ ਸੱਸ ਟਿਕਾਣੇ ਜਾਣ ਦੀ ਸਲਾਹ ਕਰਨ ਲੱਗੀਆਂ---ਸਵਰਨੀ ਬੇਸ਼ੱਕ ਇਸ ਗੱਲ ਤੇ ਭਰੋਸਾ ਨਹੀਂ ਸੀ ਕਰਦੀ ਤੇ ਸ਼ਾਇਦ ਪੂਰੇ ਮਨ ਨਾਲ ਜਾਣ ਲਈ ਤਿਅਰ ਵੀ ਨਹੀਂ ਸੀ ਪਰ ਤੁਸੀਂ ਜਾਣਦੇ ਹੀ ਹੋ ਕਿ ਪੁੱਤਰ ਲਾਲਸਾ ਕਿਸੇ ਵੀ ਔਰਤ ਦੀ ਕਮਜ਼ੋਰੀ ਹੁੰਦੀ ਹੈ ---ਸੋ ਸਵਰਨੀ ਨੇ ਅਣਮਨੀ ਨਾਲ ਨੀਮ ਰਜ਼ਾਮੰਦੀ ਦੇ ਦਿੱਤੀ---ਮੇਰੀ ਸੱਸ ਮੈਨੂੰ ਸੁਣਾ ਕੇ ਆਖਿਆ ਕਰੇ ਬਈ ਦਲੇਰ ਕੁਰ ਦੀ ਗੱਲ ਹੋਰ ਸੀ---ਉਹਦਾ ਤਾਂ ਪਤੀ ਕੌਮਾ `ਚ ਗਿਆ ਹੋਇਐ---ਪਰ ਸਵਰਨੀ ਦੀ ਕਹਾਣੀ ਹੋਰ ਐ ---ਗੁਰਾ ਤਾਂ ਸੁੱਖ ਨਾਲ ਚੰਗਾ ਭਲਾ ਐ ---ਸੋ ਸਵਰਨੋ ਨੂੰ ਟਕਾਣੇ ਲਿਜਾਣ ਵਿੱਚ ਕੋਈ ਬੁਰਾਈ ਨਹੀਂ---ਤੇ ਮੈਂ ਆਪਣੀ ਸੱਸ ਦੀ ਗੱਲ ਸੁਣੀ ਅਣਸੁਣੀ ਕਰ ਦਿੰਦੀ।
ਫੇਰ ਮੈਂ ਇਹ ਵੀ ਸੋਚਦੀ ਕਿ ਸਵਰਨੀ ਮੇਰੇ ਨਾਲ ਬਹੁਤ ਮੋਹ ਤੇਹ ਕਰਦੀ ਹੈ ---ਮੈਂ ਉਸ ਨੂੰ ਸੁਚੇਤ ਕਰ ਦਿਆਂ---ਪਰ ਤੁਸੀਂ ਜਾਣਦੇ ਹੀ ਹੋ ਕਿ ਜੇ ਮੇਰੇ ਸੁਚੇਤ ਕਰਨ ਤੇ ਉਹ ਨਾ ਗਈ ਤੇ ਫੇਰ ਲੜਕੀ ਪੈਦਾ ਹੋ ਗਈ ਤਾਂ ਮੇਰੀ ਖ਼ੈਰ ਨਹੀਂ ਸੀ ਹੋਣੀ---ਸੋ ਮੈਂ ਦਰਸ਼ਕ ਬਣੀ ਸਾਰਾ ਨਾਟਕ ਦੇਖਦੇ ਰਹਿਣ ਵਿੱਚ ਹੀ ਭਲਾਈ ਸਮਝੀ।
ਜਾਣ ਤੋਂ ਇੱਕ ਦਿਨ ਪਹਿਲਾਂ ਸਵਰਨੀ ਨੇ ਮੈਨੂੰ ਐਨੀ ਗੱਲ ਜ਼ਰੂਰ ਆਖੀ ਕਿ ਮਾਸੀ ਮੈਂ ਜਾਣਾ ਤਾਂ ਨੀ ਚਾਹੰੁਦੀ ਪਰ ਬੇਬੇ ਤੇ ਗੁਰਾ ਮੈਨੂੰ ਮਜ਼ਬੂਰ ਕਰ ਰਹੇ ਨੇ---ਜੇ ਮੈਂ ਨਾ ਕੀਤੀ ਤਾ ਕਲੇਸ਼ ਕਰਨ ਗੇ---ਊਂ ਤਾਂ ਮੈਨੂੰ ਪਤੈ ਬਈ ਇਹੋ ਜਿਹੇ ਪਖੰਡੀ ਸਾਧਾਂ ਲਵੇ ਕੁਸ ਨੀ ਹੁੰਦਾ---ਪਰ ਗੁਰੇ ਦੇ ਸਭੌਅ ਦਾ ਤੈਨੂੰ ਪਤਾ ਹੀ ਐ ---ਮੈਂ ਉਹਦੀ ਗੱਲ ਸਿਰਫ਼ ਸੁਣੀ ਹੀ ਸੀ---ਕੋਈ ਪ੍ਰਤੀਕਿਰਿਆ ਨਹੀਂ ਸੀ ਦਿੱਤੀ।
ਤੇ ਫੇਰ ਜੇਠੇ ਐਤਵਾਰ ਨੂੰ ਮੇਰੀ ਸੱਸ ਸਵਰਨੀ ਨੂੰ ਜੈਦਾਦ ਦਾ ਵਾਰਸ ਦੁਆਉਣ ਲਈ ਟਿਕਾਣੇ ਲੈ ਗਈ---ਮੈਨੂੰ ਪੰਡਤਾਣੀ ਬੁੱਧਵਾਰ ਲੈ ਕੇ ਗਈ ਸੀ---ਅਖੇ ਬੁੱਧ ਕੰਮ ਸੁੱਧ---ਤੇ ਸਵਰਨੀ ਨੂੰ ਐਤਵਾਰ ਨੂੰ ਲੈ ਕੇ ਗਈ ਸੀ---ਆਖਣ ਲੱਗੀ ਕਿ ਐਤਵਾਰ ਸਾਰੇ ਈ ਦੇਵਤਿਆਂ ਦਾ ਸਾਂਝਾ ਦਿਨ ਹੁੰਦੈ ---। ਪੰਡਤਾਣੀ ਦੀਆਂ ਪੰਡਤਾਣੀ ਈ ਜਾਣੇ---
ਉਹਨਾਂ ਦੇ ਜਾਣ ਬਾਦ ਮੈਨੂੰ ਟਿਕਾਣੇ `ਚ ਹੋ ਰਹੀ ਆਪਣੀ ਸ਼ੁੱਧੀ ਦਾ ਪੂਰਾ ਸੀਨ ਯਾਦ ਆ ਗਿਆ---ਇੱਕ ਵਾਰੀ ਸੋਚਾਂ ਹੀ ਸੋਚਾਂ ਵਿੱਚ ਜਿਵੇਂ ਮੈਂ ਉਸ ਸਾਰੇ ਘਟਨਾਕ੍ਰਮ ਵਿਚੋਂ ਦੋਬਾਰਾ ਨਿਕਲੀ---ਮੇਰੇ ਮੱਥੇ ਉੱਤੇ ਪਸੀਨਾ ਆ ਗਿਆ ਤੇ ਮੇਰਾ ਸਾਹ ਧੌਂਕਣੀ ਵਾਂਗ ਤੇਜ ਤੇਜ ਚੱਲਣ ਲੱਗਾ---
ਮੈਂ ਸੋਚਿਆ ਕਿ ਮੇਰੇ ਕੋਲ ਤਾਂ ਸਲਫ਼ਾਸ ਦੀਆਂ ਗੋਲੀਆਂ ਸਨ---ਮੈਂ ਤਾਂ ਅਗਾਊਂ ਇੰਤਜਾਮ ਕੀਤਾ ਹੋਇਆ ਸੀ---ਤੇ ਇਸ ਅਗਾਊਂ ਇੰਤਜ਼ਾਮ ਨੇ ਮੇਰੀ ਸ਼ੁੱਧੀ ਹੋਣੋ ਬਚਾਅ ਲਈ---ਤੇ ਸਵਰਨੀ ਨਾਲ ਪਤਾ ਨੀ ਉਥੇ ਕੀ ਬਣਦੀ ਹੋਊ---ਉਹ ਤਾਂ ਸ਼ਾਇਦ ਸਲਫ਼ਾਸ ਦੀਆਂ ਗੋਲੀਆਂ ਵੀ ਨਾਲ ਨਹੀਂ ਲੈ ਕੇ ਗਈ---ਹੇ ਵਾਹਿਗੁਰੂ ਸਵਰਨੀ ਦੀ ਲਾਜ ਰੱਖ---ਉਹਨੂੰ ਹਰ ਹਭੀ ਨਭੀ ਤੋਂ ਬਚਾਈਂ---ਜੇ ਕਿਤੇ ਤੂੰ ਹੈਗਾ ਐਂ---ਤਾਂ ਉਹਦੀ ਇੱਜ਼ਤ ਬਚਾਈਂ---ਉਹਦੇ ਅੰਗ ਸੰਗ ਸਹਾਈ ਹੋਈਂ---ਅੱਜ ਕੱਲ੍ਹ ਨਿਰੰਜਣ ਸਿੰਘ ਦੇ ਨਾਲ ਨਾਲ ਗੁੱਡੀ ਦੀ ਸੇਵਾ ਸੰਭਾਲ ਵੀ ਮੇਰੇ ਜਿੰਮੇ ਸੀ---ਕਦੇ ਮੈਂ ਉਸ ਦਾ ਗੰਦ ਸਾਫ਼ ਕਰਦੀ ਕਦੇ ਗੁੱਡੀ ਦਾ---ਖਾਸ ਕਰ ਜਦੋ---ਉਹ ਦੰਦੀਆਂ ਧਰ ਲੈਂਦੀ ਤਾਂ ਉਹਨੂੰ ਬਾਰ ਬਾਰ ਮੋਸ਼ਨ ਆਉਂਦਾ---ਉਲਟੀਆਂ ਲਗਦੀਆਂ---ਦੋ ਮਰੀਜ਼ਾਂ ਨੂੰ ਸਾਂਭਦੀ ਮੈਂ ਹਫ਼ ਜਾਂਦੀ
ਕਿਤੇ ਸੋਤਾ ਪਏ ਤੋਂ ਮੇਰੀ ਸੱਸ ਤੇ ਸਵਰਨੀ ਵਾਪਸ ਆਈਆਂ---ਉਹ ਉੱਖੜੀਆਂ ਉੱਖੜੀਆਂ ਸਨ---ਦੋਹਾਂ ਦਾ ਰੰਗ ਉਡਿਆ ਹੋਇਆ ਸੀ---ਉਹਨਾਂ ਨੂੰ ਜਿਵੇਂ ਹੱਥ ਠਰੇ ਪਏ ਹੋੋਏ ਸਨ---ਮੈਂ ਤਾਂ ਰਮਲੀ ਕਮਲੀ ਸਿਰਫ਼ ਮਾਮਲੇ ਦੀ ਉਤਲੀ ਪਰਤ ਹੀ ਦੇਖ ਸਕਦੀ ਸਾਂ---ਅੰਦਰ ਦੀਆਂ ਪਰਤਾਂ ਫਰੋਲ ਕੇ ਦੇਖਣ ਦੀ ਮੇਰੇੇ ਵਿੱਚ ਹਿੰਮਤ ਹੀ ਨਹੀਂ ਸੀ---ਨਾ ਹੀ ਮੈਂ ਇਸ ਦੀ ਅਧਿਕਾਰੀ ਸਾਂ---
ਅਗਲੇ ਕਈ ਦਿਨਾਂ ਤੱਕ ਦੋਵੇਂ ਸੈਰੀਆਂ ਜਿਹੀਆਂ ਹੋਈਆਂ ਰਹੀਆਂ---ਮੇਰੀ ਸੱਸ ਦੇ ਹੱਥੋਂ ਅਕਸਰ ਚੀਜ਼ ਛੁਟ ਜਾਂਦੀ ਤੇ ਸਵਰਨੀ ਤਾਂ ਉੱਕਾ ਡੌਰ ਭੌਰ ਫਿਰਦੀ ਸੀ---ਗੁਰੇ ਨਾਲ ਤਾਂ ਉਹ ਕੁੱਝ ਵਧੇਰੇ ਹੀ ਖਫ਼ਾ ਰਹਿਣ ਲੱਗ ਪਈ---ਇੱਕ ਦਿਨ ਗੁੱਡੀ ਰੋਣੋਂ ਚੁੱਪ ਨਹੀਂ ਸੀ ਹੋ ਰਹੀ---ਉਸ ਨੇ ਪਹਿਲਾਂ ਤਾਂ ਕੁੜੀ ਨੂੰ ਵਰਚਾਉਣ ਦੀ ਕੋਸ਼ਿਸ਼ ਕੀਤੀ---ਫੇਰ ਪਤਾ ਨੀ ਉਹਨੂੰ ਕੀ ਦੌਰਾ ਪਿਆ ਕਿ ਉਸ ਨੇ ਗੁੱਡੀ ਨੂੰ ਇੱਕ ਬਾਹ ਤੋਂ ਫੜ ਕੇ ਭੂੰਜੇ ਦੇਹ ਮਾਰਿਆ---
ਗੁੱਡੀ ਦਾ ਸਾਹ ਰੁਕ ਗਿਆ---ਉਹਦੀ ਧਿਰੀ ਖੜ੍ਹ ਗਈ---ਕਿਸੇ ਨੇ ਕੁੜੀ ਨੂੰ ਗੌਲਿਆ ਨਾ ਪਰ ਮੈਨੂੰ ਉਹਦੇ ਉਤੇ ਤਰਸ ਆਇਆ---ਮੈਂ ਭੱਜਦੀ ਭੱਜਦੀ ਨੇ ਜਾ ਕੇ ਕੁੜੀ ਨੂੰ ਘੋਥਲਿਆ---ਜ਼ੋਰ ਜ਼ੋਰ ਦੀ ਹਿਲਾਇਆ---ਉਹਦੇ ਹੱਥ ਪੈਰ ਝੱਸੇ ---ਤਾਂ ਕਿਤੇ ਜਾ ਕੇ ਉਹਦਾ ਸਾਹ ਮੁੜਿਆ---ਮੇਰੀ ਇਹ ਹਰਕਤ ਘਰ ਵਿੱਚ ਕਿਸੇ ਨੂੰ ਚੰਗੀ ਨਾ ਲੱਗੀ---ਘਰ ਵਾਲੇ ਤਾਂ ਇਸ ਕੁੱਬੀ ਤੋਂ ਖਹਿੜਾ ਛੁਡਾਉਣਾ ਚਾਹੰੁਦੇ ਸਨ ਤੇ ਜਾਇਦਾਦ ਦੇ ਵਾਰਸ ਲਈ ਅੱਡੀ ਚੋਟੀ ਦਾ ਟਿੱਲ ਲਾਈ ਖੜ੍ਹੇ ਸਨ।
ਕਦੇ ਕਦੇ ਮੈਂ ਸੋਚਦੀ ਕਿ ਉਂਜ ਜੇ ਗੁੱਡੀ ਮਰ ਜਾਵੇ ਤਾਂ ਚੰਗਾ ਈ ਹੋਵੇ---ਨਹੀਂ ਤਾਂ ਇਹ ਵੀ ਮੇਰੇ ਵਾਂਗ ਸਾਰੀ ਉਮਰ ਜ਼ਿੰਦਗ਼ੀ ਦਾ ਬੇਮੇਚ ਝੱਗਾ ਪਾਈ ਡਿੱਗਦੀ ਢਹਿੰਦੀ ਫਿਰੂਗੀ---ਗੁੱਡੀ ਨੂੰ ਸਿੱਟ ਕੇ ਸਵਰਨੀ ਆਪ ਵੀ ਦੁਹੱਹੜੀ ਪਿੱਟੀ---ਉਹਨੂੰ ਕੋਸਦੀ ਰਹੀ---ਉਹਦੇ ਮਰਨ ਦਾ ਵਾਸਤਾ ਪਾਉਂਦੀ ਰਹੀ---ਕੀਰਨੇ ਪਾ ਕੇ ਰੋਂਦੀ ਰਹੀ---ਮੈਂ ਉਸ ਨੂੰ ਸਮਝਾਇਆ,
“ਦੇਖ ਸਵਰਨੋ ਐਂ ਨੀ ਕਰੀਦਾ---ਪਹਿਲਾਂ ਤਾਂ ਤੈਂ ਗੁੱਡੀ ਪਟਕਾਅ ਕੇ ਮਾਰੀ ਧਰਤੀ ਨਾਲ---ਹੁਣ ਤੂੰ ਇਹਦੇ ਮਰਨ ਦੀ ਅਰਦਾਸ ਕਰ ਰਹੀ ਐ ---ਇਹ ਰੱਬ ਦਾ ਜੀ ਐ ---ਇਹਦਾ ਕੋਈ ਕਸੂਰ ਨੀ---ਜੇ ਤੂੰ ਈ ਇਹਦੇ ਨਾਲ ਦਰੈਂਤ ਕਰੇਂਗੀ ਤਾਂ ਬਾਕੀਆਂ ਨੇ ਤਾਂ ਕਰਨੀ ਈ ਹੋਈ---ਤੂੰ ਇਹਦੀ ਮਾਂ ਐਂ---ਰਹਿਮ ਕਰ---"
ਮੈਂ ਉਸ ਦਿਨ ਬੜੀ ਮੁਸ਼ਕਲ ਨਾਲ ਸਵਰਨੀ ਨੂੰ ਸੰਭਾਲਿਆ---ਉਤੋੋਂ ਗੁਰਾ ਆ ਗਿਆ---ਸਾਰੀ ਗੱਲ ਸੁਣ ਕੇ ਉਹ ਬੋਲਿਆ,
“ਪਤਾ ਨੀ ਇਹਨੂੰ ਕੀ ਹੋ ਗਿਐ ---ਜਿੱਦਣ ਦੀ ਟਕਾਣੇ ਮਹੰਤ ਕੋਲ ਜਾ ਕੇ ਆਈ ਐ ---ਊਂਈ ਝਈਆ ਲੈ ਲੈ ਪੈਂਦੀ ਐ ---ਸੂਈ ਕੁੱਤੀ ਆਂਗਣਾਂ ਬੱਢ ਖਾਣ ਨੂੰ ਆਊ---ਕਦੇ ਕਦੇ ਸੁੱਤੀ ਪਈ ਵੀ ਬੁੜਬੁੜ ਕਰਦੀ ਰਹਿੰਦੀ ਐ ---ਕਦੇ ਕਦੇ ਊਂਈ ਅਗਲੇ ਦੇ ਮੂੰਹ ਕੰਨੀ ਬਟੇਰ ਮੰਗਣਾਂ ਝਾਕੀ ਜਾਊ---ਬੌਂਤਰੀ ਜਹੀ ਹੋ ਗਈ---ਕੱਲ੍ਹ ਪਤਾ ਨੀ ਆਖੀ ਜਾਂਦੀ ਸੀ ਬਈ ਤੈਨੂੰ ਜੈਦਾਦ ਦਾ ਵਾਰਸ ਤਾਂ ਮਿਲ ਜੂ---ਪਰ ਪਰ ਇਹ---ਪਰ ਇਹ---ਪਰ ਇਹ---ਹੀ ਕਰਦੀ ਰਹੀ ਅੱਧਾ ਘੰਟਾ---ਮੈਂ ਬਥੇਰਾ ਪੁੱਛਿਆ ਬਈ ਪਰ ਇਹ ਦਾ ਕੀ ਮਤਲਬ---ਲੇਕਿਨ ਕੋਈ ਜਵਾਬ ਹੀ ਨਹੀਂ ਦਿੱਤਾ---ਖਬਰ ਨੀ ਕੀ ਭੂਤ ਚਮੇੜ ਲਿਆਈ ਟਿਕਾਣੇ ਤੋਂ---"
ਗੁਰੇ ਦੀ ਗੱਲ ਸੁਣ ਕੇ ਸਵਰਨੀ ਦੀ ਮਨੋਦਸ਼ਾ ਸਿਰਫ਼ ਮੈਂ ਸਮਝ ਸਕਦੀ ਸਾਂ---ਮੇਰਾ ਸ਼ੱਕ ਹੋਰ ਵੀ ਪੁਖ਼ਤਾ ਹੋ ਗਿਆ---ਬਈ ਜ਼ਰੂਰ ਦਾਲ ਵਿੱਚ ਕੁੱਝ ਕਾਲਾ ਹੈ। ਜ਼ਿੰਦਗ਼ੀ ਦੇ ਝੱਖੜ ਝੋਲਿਆਂ ਨੇ ਮੇਰੀ ਸਮਝ ਹੋਰ ਵੀ ਤਿੱਖੀ ਕਰ ਦਿੱਤੀ ਸੀ---ਮੈ ਹਰ ਗੱਲ ਦੀ ਗਹਿਰਾਈ ਨਾਲ ਨਿਰਖ ਪਰਖ ਕਰਨ ਦੇ ਕਾਬਲ ਹੋ ਗਈ ਸਾਂ--
ਸਵਰਨੀ ਦਾ ਬਦਲਿਆ ਰਵੱਈਆਂ ਦੇਖ ਕੇ ਮੈਂ ਬੇਸ਼ੱਕ ਕੋਈ ਪੁਖਤਾ ਅਨੁਮਾਨ ਤਾਂ ਨਹੀਂ ਸਾਂ ਲਾ ਸਕਦੀ ਪਰ ਐਨਾ ਜ਼ਰੂਰ ਲਗਦਾ ਸੀ ਕਿ ਸਵਰਨੀ ਵਰਗੀ ਦਲੇਰ ਕੁੜੀ ਬਿਨਾਂ ਕਾਰਣ ਇਸ ਤਰਾਂ ਨਹੀਂ ਕਰ ਸਕਦੀ। ਮੇਰੀ ਸੱਸ ਵੀ ਪਤਾ ਨੀ ਕਿਉਂ ਬਾਹਰ ਖੁਰਲੀ ਤੇ ਬਹਿ ਕੇ ਆਪਣੇ ਆਪ ਨਾਲ ਈ ਗੱਲਾ ਕਰਦੀ ਰਹਿੰਦੀ---ਆਪਣੇ ਆਪ ਨਾਲ ਈ ਦਲੀਲੇ ਪਈ ਰਹਿੰਦੀ---
ਇੱਕ ਦਿਨ ਉਸ ਨੇ ਟਾਕੂਏ ਨਾਲ ਨਿੰਮ ਦਾ ਤਣਾ ਵੱਢ ਦਿੱਤਾ---ਅਖੇ ਇਹ ਅੜਿੱਕਾ ਲਾਉਂਦਾ ਐ ---ਰੁੰਡ ਮੁੰਡ ਨਿੰਮ ਹੁਣ ਹੋਰ ਵੀ ਬੁਰਾ ਲਗਦਾ ਸੀ---ਮੈਂ ਦੇਖ ਰਹੀ ਸਾਂ ਕਿ ਇਹ ਨਿੰਮ ਹੁਣ ਛਾਂ ਦੇਣ ਲੱਗਿਆ ਸੀ---ਤੇ ਅੜਿੱਕਾ ਵੀ ਨਹੀਂ ਸੀ---ਪਰ ਬੇਬੇ ਨੇ ਇਹ ਵੱਢ ਈ ਸੁੱਟਿਆ---ਘਰਦਿਆਂ ਨੇ ਉਹਨੂੰ ਬਹੁਤ ਗਾਲਾਂ ਦਿੱਤੀਆਂ---ਮੇਰਾ ਜੇਠ ਤਾਂ ਕਈ ਦਿਨ ਝਈਆਂ ਲੈ ਲੈ ਕੇ ਪੈਂਦਾ ਰਿਹਾ---ਅਖੇ ਬੁੜ੍ਹੀ ਦਾ ਦਮਾਕ ਹਿੱਲ ਗਿਐ ---ਪਲਿਆ ਪਲਾਇਆ ਨਿੰਮ ਕਾਹਤੋਂ ਛਾਂਗ ਕੇ ਧਰ `ਤਾ---ਪਰ ਮੇਰੀ ਸੱਸ ਨੇ ਕੋਈ ਢੁਕਵਾਂ ਜਵਾਬ ਨਾ ਦਿੱਤਾ---
ਦੋਹਾਂ ਦੇ ਬਦਲੇ ਰਵੱਈਏ ਤੋਂ ਵੀ ਟੱਬਰ ਦੁਖੀ ਸੀ---ਮੇਰੀਆਂ ਦਰਾਣੀਆਂ ਜਠਾਣੀਆਂ ਵੀ ਝੂਰਦੀਆਂ ਰਹਿੰਦੀਆਂ ਪਰ ਗੱਲ ਦਾ ਸਿਰਾ ਕਿਸੇ ਦੇ ਹੱਥ ਨਾ ਲੱਗਿਆ।
31
ਟਿਕਾਣੇ ਜਾ ਕੇ ਆਉਣ ਤੋਂ ਕੋਈ ਮਹੀਨਾ ਕੁ ਬਾਦ ਸਵਰਨੀ ਸੋਤੇ ਪਏ ਤੋ ਮੇਰੀ ਕੋਠੜੀ `ਚ ਆਈ---ਗੁੱਡੀ ਹੁਣੇ ਹੁਣੇ ਲੋਰੀਆਂ ਸੁਣਦੀ ਸੁੱਤੀ ਸੀ---ਥੋਨੂੰ ਦੱਸਿਆ ਸੀ ਨਾ, ਬਈ ਗੁੱਡੀ ਹੁਣ ਮੇਰੇ ਨਾਲ ਈ ਸੌਂਦੀ ਸੀ---ਸਾਰਿਆ ਨੇ ਉਸ ਤੋਂ ਖਹਿੜਾ ਛੁਡਾ ਕੇ ਮੇਰੇ ਹਵਾਲੇ ਕਰ ਦਿੱਤਾ ਸੀ।
ਸਵਰਨੀ ਜਦੋਂ ਆਈ ਤਾਂ ਮੈਂ ਸੋਚਿਆ ਕਿ ਸ਼ਾਇਦ ਉਹ ਗੁੱਡੀ ਨੂੰ ਲੈਣ ਆਈ ਐ---ਪਰ ਅੱਗੇ ਉਹ ਕਦੇ ਉਹਨੂੰ ਲੈਣ ਨਹੀਂ ਸੀ ਆਈ ਤੇ ਅੱਜ ਕਿਵੇਂ ਉਹਨੂੰ ਕੁੜੀ ਦਾ ਹੇਜ ਜਾਗ ਪਿਆ---ਮੇਰੇ ਮੂੰਹੋਂ ਆਪ ਮੁਹਾਰੇ ਈ ਨਿਕਲ ਗਿਆ,
“ਗੁੱਡੀ ਤਾਂ ਸੁੱਤੀ ਪਈ ਐ ---ਮੈਨੂੰ ਤੰਗ ਬੀ ਨੀ ਕਰ ਰਹੀ---ਤੂੰ ਬੇਚਿੰਤ ਰਹਿ---"
ਪਰ ਸਵਰਨੀ ਡੱਡਰਿਆਂ ਵਾਂਗ ਮੇਰੇ ਵੱਲ ਤੱਕ ਰਹੀ ਸੀ---ਉਹਦੀਆਂ ਅੱਖਾਂ ਰੋ ਰੋ ਕੇ ਲਾਲ ਹੋਈਆਂ ਪਈਆਂ ਸਨ---ਉਹਦੇ ਹੱਥ `ਚ ਚੁੰਨੀਆਂ ਬੰਨ੍ਹ ਕੇ ਬਣਾਇਆ ਰੱਸਾ ਸੀ---ਉਸ ਨੇ ਇਹਦਾ ਇੱਕ ਸਿਰਾ ਖੱਬੇ ਹੱਥ `ਚ ਫੜਿਆ ਹੋਇਆ ਸੀ ਤੇ ਦੂਜੇ ਹੱਥ ੱਿੰਚ ਪੀਂਘ ਫਰ੍ਹਾਉਣ ਵਾਂਗ ਗੋਲ ਗੋਲ ਕਰ ਕੇ ਬਾਕੀ ਰੱਸਾ ਸਾਂਭਿਆ ਹੋਇਆ ਸੀ---ਉਹ ਬੜੇ ਗਹੁ ਨਾਲ ਛੱਤ ਵੱਲ ਦੇਖ ਰਹੀ ਸੀ---ਜਿਵੇਂ ਕੁੱਝ ਗੁਆਚਿਆ ਲੱਭ ਰਹੀ ਹੋਵੇ---ਮੈਨੂੰ ਕੁੱਝ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰ ਰਹੀ ਐ ---ਜਾਂ ਕੀ ਕਰਨਾ ਚਾਹੰੁਦੀ ਐ ---ਮੈਥੋਂ ਅਚੇਤ ਈ ਪੁੱਛਿਆ ਗਿਆ,
“ਕੀ ਭਾਲਦੀ ਐਂ ਛੱਤ ਚੋਂ---ਕੁਸ ਖੋਇਆ ਗਿਆ---ਮੈਨੂੰ ਦੱਸ ---ਮੈਂ ਲਭਾਅ ਦਿਆਂ---"
“ਹਾਂਅ ਹਾਂਅ---ਖੋਇਆ ਗਿਆ---ਮਾਸੀ---ਸਭ ਖੋਲਿਆ ਗਿਆ---ਮੈਂ ਲੱਭ ਲੱਭ ਥੱਕ ਗਈ---ਨਹੀਂ ਮਿਲਿਆ---ਕਿਤੋਂ ਵੀ ਨੀ ਮਿਲਿਆ---ਖੋਇਆ ਹੋਇਆ “ਸਭ ਕੁਸ" ਮਿਲ ਵੀ ਨੀ ਸਕਦਾ---ਇਹ ਮੈਨੂੰ ਨੀ ਲੱਭ ਰਿਹਾ ਭਲਾਂ ਦੀ ਤੈਨੂੰ ਕੀ ਲੱਭੂ---ਅਖੇ ਖਲ ਖਾਈ ਨਾ ਬਲਾਈ ਸਹੁਰੇ ਆਈ ਨਾ ਬਹੂ ਕਹਾਈ---"
ਮੈਨੂੰ ਸਵਰਨੋ ਦੀ ਕੋਈ ਵੀ ਗੱਲ ਪੱਲੇ ਨਾ ਪਈ---ਮੈਂ ਗੁੱਡੀ ਨੂੰ ਥਾਪੜ ਕੇ ਡੌਹ ਭੌਰ ਹੋਈ ਤਿਆਰ ਬਰ ਤਿਆਰ ਰੱਸਾ ਫਰ੍ਹਾਉਣ ਲਈ ਨਿਸ਼ਾਨਾ ਬੰਨ੍ਹੀ ਖੜ੍ਹੀ ਸਵਰਨੀ ਕੋਲ ਆਈ---ਉਹ ਦੋ ਕਦਮ ਪਿੱਛੇ ਹਟ ਗਈ---ਉਹਦੀ ਸ਼ਕਲ ਡਰਾਉਣੀ ਲੱਗ ਰਹੀ ਸੀ---ਮੈਂ ਘਬਰਾਅ ਗਈ---
“ਸਵਰਨੀ ਕੀ ਹੋਇਆ? ਐ ਕਿਉਂ ਡੱਡਰੀ ਡੱਡਰੀ ਜੀ ਹੋਈ ਫਿਰਦੀ ਐ ---ਨਾਲ ਆਹ ਚੁੰਨੀਆਂ ਬੰਨ੍ਹ ਕੇ ਰੱਸੀ ਬਣਾਈ ਫਿਰਦੀ ਐਂ---ਐਂ---ਐਂ---"
“ਮਾਸੀ ਮੈਂ ਤੇਰੀ ਕੋਠੜੀ `ਚ ਆਈ ਸਾਂ---ਛੱਤ `ਚ ਕੋਈ ਕੁੰਡਾ ਲੱਭਣ---ਇਹ ਕੋਠੜੀ ਸਹੀ ਥਾਂ ਐ ---ਸੁਰੱਖਿਅਤ---ਐਥੇ ਕਿਸੇ ਕੋਲੋਂ ਕੋਈ ਖਤਰਾ ਨਹੀਂ---ਬਾਹਰ ਤਾਂ ਸਾਰੇ ਤੁਰੇ ਠਿਰਦੇ ਨੇ---ਹਰਲ ਹਰਲ ਕਰਦੇ---ਮਾਸੀ ਮੈਂ ਗਲ ਫਰਾਹਾ ਲੈਣ ਲੱਗੀ ਆਂ---ਮੈਂ ਰੱਸੀ ਫਰ੍ਹਾਉਣ ਲਈ ਕੋਈ ਕੁੰਡਾ ਲੱਭਦੀ ਸੀਗ੍ਹੀ---" ਉਹ ਪਾਂਗਲਾਂ ਵਾਂਗ ਸਿਰ ਘੁਮਾਉਂਦੀ ਬੋਲੀ
“ਪਰ---ਪਰ ਤੂੰ ਗਲ ਫਰਾਹਾ ਕਿਉਂ ਲੈਣ ਲੱਗੀ ਐਂ--ਕੀ ਮੁਸੀਬਤ ਆਣ ਪਈ ਤੇਰੇ ਉੱਤੇ? ਤੂੰ ਤਾਂ ਬਹਾਦਰ ਕੁੜੀ ਐਂ---ਸਿਆਣੀ ਵੀ ਐਂ---ਸਿਆਣੀ ਬਣ ਨਾਲੇ---ਕਮਲ ਨੀ ਮਿੱਧੀਦਾ"
“ਮਾਸੀ ਤੂੰ ਦੋ ਮਿੰਟ ਰੁਕ---ਮੈਂ ਮੰਜੀ ਤੇ ਚੜ੍ਹ ਕੇ---" ਉਹ ਬੋਲਦੀ ਬੋਲਦੀ ਰੁਕੀ ਤੇ ਇੱਕ ਕਿਨਾਰੇ ਪਈ ਲਾਠੀ ਫੜ ਕੇ ਅੱਗੇ ਬੋਲੀ, “ਮੈਂ ਨਾਅ ਮੰਜੀ ਤੇ ਚੜ੍ਹ ਕੇ ਇਸ ਲਾਠੀ ਨਾਲ ਕੁੰਡੇ `ਚ ਹਾਅ ਰੱਸਾ ਫਸਾਉਣ ਲੱਗੀ ਐ ---ਮਾਸੀ ਨੂੰ ਗੁੱਡੀ ਨੂੰ ਚੱਕੀਂ ਮਾੜਾ ਜਿਆ---ਕਿਤੇ ਉਠ ਨਾ ਜਾਵੇ---ਮੈਨੂੰ ਮੰਜੀ ਉਰ੍ਹਾਂ ਸਰਕਾਉਣ ਦੇਹ---"
ਮੈਂ ਉਸ ਨੂੰ ਬਾਹੋਂ ਫੜ ਕੇ ਡਾਵਾਂ ਡੋਲ ਹੰੁਦੇ ਮਨ ਨਾਲ ਝਿੜਕਿਆ,
“ਪਾਗਲ ਤਾ ਨੀ ਹੋਗੀ ਤੂੰ---ਮੈਂ ਤੈਨੂੰ ਇਹ ਸਭ ਕੁਸ ਕਰਨ ਦਿਊਂਗੀ---? ਊਂਈ ਜੱਭਲੀਆਂ ਮਾਰੀ ਜਾਂਦੀ ਐ ---ਬੌਲੀ ਨਾ ਸਿਆਣੀ---"
ਮੈਂ ਉਹਦੇ ਹੱਥੋਂ ਰੱਸੀ ਤੇ ਸੋਟੀ ਖੋਹ ਕੇ ਇੱਕ ਪਾਸੇ ਸਿੱਟੀ---ਉਹ ਮੇਰੇ ਗਲ ਲੱਗ ਕੇ ਹੁਭਕੀਂ ਹੁਭਕੀਂ ਰੋੋਣ ਲੱਗ ਪਈ---ਉਸ ਨੇ ਮੈਨੂੰ ਐਨੀ ਜੋਰ ਦੀ ਘੁੱਟ ਕੇ ਬਾਹਾਂ ਵਿੱਚ ਵਗਲਿਆ ਹੋਇਆ ਸੀ ਕਿ ਮੇਰੇ ਪੂਰਾ ਤਾਣ ਲਾਉਣ ਦੇ ਬਾਵਜ਼ੂਦ ਵੀ ਮੈਂ ਉਸ ਦੀ ਕਰੰਘੜੀ ਤੋੜ ਨਾ ਸਕੀ---ਉਹ ਬੁਰੀ ਤਰ੍ਹਾਂ ਹੁਭਕੀਆਂ ਲੈ ਰਹੀ ਸੀ---ਮੈਂ ਕਿਹਾ,
“ਅੱਛਿਆਂ ਚਲ ਆਪਾਂ ਮੰਜੇ ਤੇ ਬਹਿ ਕੇ ਗੱਲਾਂ ਕਰਦੇ ਹਾਂ---ਤੂੰ ਮੈਨੂੰ ਆਪਣੀ ਪ੍ਰੇਸ਼ਾਨੀ ਦੱਸ ---ਜਿੰਨੀ ਹੋ ਸਕੀ ਮੈ ਤੇਰੀ ਮੱਦਦ ਕਰੂਗੀ---ਤੈਨੂੰ ਸਹਾਰਾ ਦਿਊਂਗੀ।"
ਫੇਰ ਮੈਂ ਆਪੇ ਆਪਣੀ ਆਖੀ ਗੱਲ ਤੇ ਝੇਪ ਗਈ---ਭਲਾਂ ਮੈ ਸਵਰਨੀ ਨੂੰ ਕੀ ਸਹਾਰਾ ਦੇ ਸਕਦੀ ਸਾਂ? ਮੈਂ ਉਹਦੀ ਕੀ ਸਹਾਇਤਾ ਕਰ ਸਕਦੀ ਸਾਂ---ਮੈਂ ਨਿਰਬਲ ਜੀਵ---ਮੈਨੂੰ ਤਾਂ ਆਪ ਕਿਸੇ ਦੇ ਸਹਾਰੇ ਦੀ ਲੋੜ ਸੀ--- ਪਰ ਮੇਰੀ ਗੱਲ ਦਾ ਸਵਰਨੀ ਉਤੇ ਅਸਰ ਹੋਇਆ---ਉਹਨੇ ਮੇਰੇ ਹੱਥ ਘੁੱਟ ਕੇ ਫੜੇ ਤੇ ਇੱਕ ਆਸ ਜਿਹੀ ਨਾਲ ਮੇਰੇ ਵੱਲ ਤੱਕਿਆ, ਜਿਵੇਂ ਪੁੱਛ ਰਹੀ ਹੋਵੇ ਕਿ “ਸੱਚੀਂ ਮਾਸੀ?"
ਇਸ ਘਟਨਾ ਨੂੰ ਜੁੱਗੜੇ ਬੀਤ ਗਏ ਨੇ ਪਰ ਇਹ ਅਜੇ ਵੀ ਮੇਰੇ ਜਹਿਨ `ਚ ਰਚੀ ਬਸੀ ਪਈ ਐ ---ਮੈਨੂੰ ਉਸ ਦਿਨ ਇੱਕ ਅਜੀਬ ਜਿਹੀ ਸ਼ਕਤੀ ਪ੍ਰਾਪਤ ਹੋਈ ਸੀ---ਮੇਰੇ ਮਨ ਅੰਦਰ ਇੱਕ ਸਵੈ ਵਿਸ਼ਵਾਸ਼ ਦੀ ਭਾਵਨਾ ਜਾਗੀ ਸੀ---ਸ਼ਾਇਦ ਪਹਿਲੀ ਵਾਰ ਮੈਨੂੰ ਆਪਣੀ ਹੋਂਦ ਦਾ ਅਹਿਸਾਸ ਹੋਇਆ ਸੀ---ਉਸ ਪਲ ਮੈਨੂੰ ਲੱਗਿਆ ਸੀ ਕਿ ਜੇ ਮੈਂ ਚਾਹਾਂ---ਜੇ ਮੈਂ ਸੱਚ ਮੁੱਚ ਚਾਹਾਂ ਤਾਂ ਮੈਂ ਵੀ ਕਿਸੇ ਦਾ ਸਹਾਰਾ ਬਣ ਸਕਦੀ ਹਾਂ---ਕਿਸੇ ਨੂੰ ਹੌਸਲਾ ਦੇ ਸਕਦੀ ਹਾਂ---ਪਰ ਜੇ ਮੈਂ ਹਿੰਮਤ ਕਰਾਂ ਤਾਂ ਹੀ ਨਾਅ!
ਗੁੱਡੀ ਨੂੰ ਪੁਆਂਦੀ ਕਰ ਕੇ ਸਵਰਨੀ ਮੇਰੇ ਕੋਲ ਬਹਿ ਗਈ---ਉਹ ਜਿਵੇਂ ਗੱਲ ਸੁਰੂ ਕਰਨ ਲਈ ਕਹਾਣੀ ਦਾ ਸਿਰਾ ਲੱਭ ਰਹੀ ਸੀ---ਮੇਰਾ ਹੱਥ ਫੜ ਕੇ ਉਹ ਬੜੀ ਦੇਰ ਤੱਕ ਚੁੱਪ ਚਾਪ ਬੈਠੀ ਰਹੀ---ਸ਼ਾਇਦ ਮਨ ਬਣਾ ਰਹੀ ਹੋਵੇ ਕਿ ਕੀ ਇੱਕ ਐਸੇ ਪ੍ਰਾਣੀ ਕੋਲ ਦੁਖੜਾ ਰੋਣ ਦਾ ਕੋਈ ਲਾਭ ਹੈ ਵੀ ਜਾਂ ਨਹੀਂ, ਜਿਹੜਾ ਖ਼ੁਦ ਮੁਹਤਾਜ ਐ ---ਜਿਸ ਦੇ ਪੈਰਾਂ ਹੇਠ ਆਪਣੀ ਜ਼ਮੀਨ ਈ ਹੈ ਨੀ---ਜਿਸ ਦਾ ਦੁਨੀਆਂ ਉਤੇ ਕੋਈ ਵਜ਼ੂਦ ਹੀ ਨਹੀਂ---ਤੇ ਜਾਂ ਫੇਰ ਪੱਕਾ ਕਰ ਰਹੀ ਸੀ ਕਿ ਮੈਂ ਭਰੋਸੇ ਕਾਬਲ ਹਾਂ ਵੀ ਜਾਂ ਨਹੀਂ।
“ਮਾਸੀ ਰੱਬ ਨੇ ਭਲਾਂ ਈ ਔਰਤ ਬਣਾਈ ਹੀ ਕਿਉਂ ਹੈ?"
ਮੇਰਾ ਹੱਥ ਘੁੱਟ ਕੇ ਉਸ ਨੇ ਅਜੀਬੋ ਗਰੀਬ ਸੁਆਲ ਦਾਗਿਆ---ਸੁਆਲ ਵੀ ਕੀਹਦੇ ਕੋਲੋਂ ਪੁੱਛਿਆ ਜਿਹੜੀ ਖ਼ੁਦ ਸਾਰੀ ਉਮਰ ਏਸੇ ਸੁਆਲ ਦਾ ਜਵਾਬ ਲੱਭਦੀ ਰਹੀ ਐ ---ਫੇਰ ਵੀ ਮੈਂ ਸਿਆਣੀ ਬਣਦਿਆਂ ਉੱਤਰ ਦਿੱਤਾ,
“ਔਰਤ ਰੱਬ ਨੇ ਸ਼੍ਰਿਸ਼ਟੀ ਚਲਾਉਣ ਲਈ ਬਣਾਈ ਐ---ਔਰਤ ਬਿਨਾਂ ਸੰਸਾਰ ਚੱਲਣਾ ਮੁਸ਼ਕਲ ਵੀ ਸੀ ਨਾਅ---ਨਾਲੇ ਮਰਦਾਂ ਨੂੰ ਹਕੂਮਤ ਕਰਨ ਲਈ---ਗੁਲਾਮੀ ਕਰਾਉਣ ਲਈ ਤੇ ਸੇਵਾ ਕਰਾਉਣ ਲਈ ਕੋਈ ਵਸਤੂ ਤਾਂ ਚਾਹੀਦੀ ਸੀ ਨਾਅ---" ਉਂਜ ਮੈਂ ਕਹਿਣਾ ਚਾਹੰੁਦੀ ਸਾਂ ਕਿ ਮੇਰੇ ਵਰਗੀਆਂ ਲੰਗੜੀਆਂ ਪਿੰਗੜੀਆਂ ਪੈਦਾ ਕਰ ਕੇ ਜੂਨ ਭੋਗਣ ਲਈ ਰੱਬ ਨੇ ਅਦਨੀ ਔਰਤ ਬਣਾਈ ਐ ---ਪਤਾ ਨੀ ਮੇਰਾ ਜਵਾਬ ਢੁਕਵਾਂ ਹੈ ਵੀ ਸੀ ਜਾਂ ਨਹੀਂ---ਪਰ ਮੈਨੂੰ ਉਸ ਘੜੀ ਇਹੋ ਕੁਝ ਸੁੱਝਿਆ।
“ਮਾਸੀ ਤੈਂ ਠੀਕ ਕਿਹੈ ---ਬੱਸ ਰੱਬ ਨੇ ਮਰਦਾਂ ਦੇ ਦਿਲ ਪ੍ਰਚਾਵੇ ਲਈ ਤੇ ਗੁਲਾਮੀ ਕਰਾਉਣ ਲਈ ਹੀ ਔਰਤ ਨੂੰ ਸਾਜਿਆ ਹੈ ---"
ਸ਼ੁਕਰ ਹੈ ਸਵਰਨੀ ਮੇਰੇ ਉਤਰ ਨਾਲ ਸੰਤੁਸ਼ਟ ਵੀ ਸੀ ਤੇ ਸਹਿਮਤ ਵੀ---ਮੇਰਾ ਹੱਥ ਆਪਣੇ ਮੱਥੇ ਨੂੰ ਛੁਹਾਉਂਦਿਆਂ ਬੋਲੀ,
“ਮਾਸੀ ਤੂੰ ਧੰਨ ਐਂ---ਮਹਾਨ ਐਂ---ਪਤਾ ਨੀ ਤੂੰ ਕਿਸ ਆਸਰੇ ਏਸ ਘਰ `ਚ ਰਹੀ ਜਾਨੀ ਐਂ---ਮੈਨੂੰ ਗੁੱਡੀ ਦੇ ਭਾਪੇ ਨੇ ਸਾਰੀ ਕਹਾਣੀ ਦੱਸੀ ਐ ---ਪਰ ਮਾਸੀ ਹਰ ਕੋਈ ਤਾਂ ਤੇਰੇ ਵਰਗਾ ਨੀ ਹੋ ਸਕਦਾ---ਤੇਰੇ ਵਰਗਾ ਦਿਲ ਜਿਗਰਾ ਹਰੇਕ ਕੋਲ ਹੋਣਾ ਮੁਸ਼ਕਲ ਐ ---
ਉਹਨੇ ਝੁਕ ਕੇ ਮੇਰੇ ਪੈਰ ਛੂਹੇ---ਸੱਚ ਮੰਨਿਓ ਉਸ ਘੜੀ ਮੈਨੂੰ ਪਹਿਲੀ ਵਾਰ ਆਪਣੇ ਮਹਾਨ ਹੋਣ ਦਾ ਅਹਿਸਾਸ ਹੋਇਆ---ਮੈਂ ਜਿਵੇਂ ਇੱਕ ਜੋਸ਼ ਫੜ ਗਈ---ਫੇਰ ਕਿੰਨਾ ਈ ਚਿਰ ਸਾਡੇ ਵਿਚਕਾਰ ਇੱਕ ਚੁੱਪ ਪਸਰੀ ਰਹੀ---ਮੈਂ ਪਿਛਾਹ ਆਪਣੇ ਬਚਪਨ ਵੱਲ ਤੁਰ ਪਈ---ਫੇਰ ਉਸ ਤੋਂ ਵੀ ਪਿਛਾਂਹ ਜੰਮਣ ਤੋਂ ਪਹਿਲਾਂ ਤੱਕ---ਉਸ ਘੜੀ ਮੈਂ ਤ੍ਰਿਕਾਲ ਦਰਸ਼ੀ ਬਣ ਗਈ ਸਾਂ---
“ਮਾਸੀ ਮੈਨੂੰ ਬੇਬੇ ਟਕਾਣੇ ਆਏ ਸਾਧ ਕੋਲ ਲੈ ਕੇ ਗਈ ਸੀ---ਮਹੀਨਾ ਹੋ ਗਿਐ ---" ਸਵਰਨੀ ਮੈਨੂੰ ਵਰਤਮਾਨ `ਚ ਖਿੱਚ ਕੇ ਲਿਆਈ---
“ਹਾਂਅ---ਹਾਂਅ---ਉਥੇ ਤੇਰੀ ਸੁੱਧੀ ਹੋਈ ਸੀ?? ਤੂੰ ਸਲਫਾਸ ਦੀਆਂ ਗੋਲੀਆਂ ਲੈ ਗਈ ਸੀ ਨਾਲ? ਭੁੱਲ ਤਾਂ ਨੀ ਸੀ ਗਈ ਕਿਤੇ??"
ਮੈਂ ਇਹ ਕੀ ਊਟ ਪਟਾਂਗ ਸੁਆਲ ਪੁੱਛ ਬੈਠੀ ਸਾਂ ਭਲਾਂ?? ਉਹ ਮੇਰੇ ਮੂੰਹ ਵੱਲ ਤੱਕ ਰਹੀ ਸੀ---ਸ਼ਾਇਦ ਸੋਚ ਰਹੀ ਸੀ ਕਿ ਕਿਸ ਪਾਗਲ ਨਾਲ ਵਾਹ ਪਿਐ ---ਜਾ ਸ਼ਾਇਦ ਸੋਚ ਰਹੀ ਹੋਵੇ ਕਿ ਤੈਨੂੰ ਤਾਂ ਮੈਥੋਂ ਵੀ ਪਹਿਲਾਂ ਗਲ ਫਰਾਹਾ ਲੈ ਲੈਣਾ ਚਾਹੀਦੈ ---ਸਿਆਪਾ ਈ ਮੁੱਕ ਜਾਏ।
“ਮਾਸੀ?? ਮਾਸੀ ਈ---ਈ---"ਉਹ ਹੈਰਾਨ ਸੀ।
“ਆਹੋ ਸਵਰਨੀ---ਮੈਨੂੰ ਵੀ ਕੇਰਾਂ ਬੇਬੇ ਤੇ ਪੰਡਤਾਣੀ ਧੱਕੇ ਨਾਲ ਟਿਕਾਣੇ ਲੈ ਗਈਆਂ ਸੀਗੀਆਂ---ਪਰ ਮੈਂ ਤਾਂ ਜ਼ਹਿਰ ਦੀਆਂ ਗੋਲੀਆਂ ਨਾਲ ਲੈ ਗਈ ਸਾਂ---ਮੈਂ ਤਾਂ ਆਪਣੀ ਸ਼ੁੱਧੀ ਹੋਣ ਹੀ ਨੀ ਦਿੱਤੀ---ਉਹਨਾਂ ਨੂੰ ਸ਼ੁੱਧੀ ਕਰਨ ਦਾ ਮੌਕਾ ਹੀ ਨੀ ਦਿੱਤਾ---ਮੈਂ ਤਾਂ ਸਲਫ਼ਾਸ ਨਿਗਲ ਲਈ---ਬਚ ਗਈ---"
ਟਿਕਾਣੇ ਵਾਲੀ ਘਟਨਾ ਇੱਕ ਵਾਰੀ ਫੇਰ ਸਗਵੀਂ ਦੀ ਸਗਵੀਂ ਮੇਰੇ ਚੇਤੇ ਚੋਂ ਨਿਕਲਣ ਲੱਗੀ---ਮੇਰੇ ਰੌਂਗਟੇ ਖੜ੍ਹੇ ਹੋ ਗਏ---ਸਵਰਨੀ ਡੌਰ ਭੌਰ ਮੇਰੇ ਵੱਲ ਤੱਕ ਰਹੀ ਸੀ---
ਫੇਰ ਮੈਂ ਸਵਰਨੋ ਨੂੰ ਟਿਕਾਣੇ ਵਾਲੀ ਸਾਰੀ ਵਾਰਦਾਤ ਸੁਣਾਈ---ਵਿੱਚ ਵਿੱਚ ਮੈਂ ਆਪਣੇ ਜੀਵਨ ਦੀਆਂ ਕੌੜੀਆਂ ਕਸੈਲੀਆਂ ਘਟਨਾਵਾਂ ਵੀ ਸੁਣਾਉਂਦੀ ਰਹੀ---ਮੈਂ ਆਪਣੀ ਜ਼ਿੰਦਗ਼ੀ ਦੇ ਦੁਖਦਾਈ ਪਲ ਵੀ ਉਸ ਨਾਲ ਸਾਂਝੇ ਕੀਤੇ।
“ਮੈਂ ਤਾਂ ਮਾਸੀ ਤੈਨੂੰ ਪਹਿਲਾਂ ਈ ਮਹਾਨ ਸਮਝਦੀ ਸਾਂ ਪਰ ਹੁਣ ਤਾਂ ਮੈਨੂੰ ਤੂੰ ਕਿਸੇ ਸਤੀ ਸਵਿੱਤਰੀ ਜਿਹੀ---ਕਿਸੇ ਦੇਵੀ ਵਰਗੀ ਲੱਗਣ ਲੱਗ ਪਈ ਐ ---ਮਾਸੀ ਤੂੰ ਧੰਨ ਐਂ---"
ਮੇਰੀ ਕਹਾਣੀ ਸੁਣ ਕੇ ਸਵਰਨੀ ਨੇ ਮੇਰੀ ਉਪਮਾ ਦੇਵੀ ਨਾਲ ਤੇ ਸਤੀ ਸਵਿੱਤਰੀ ਨਾਲ ਕੀਤੀ---ਉਸ ਪਲ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਦੇਵੀਆਂ ਤਾਂ ਬਹੁਤ ਤਾਕਤਵਰ ਤੇ ਸ਼ਕਤੀਸ਼ਾਲੀ ਹੁੰਦੀਆਂ ਨੇ---ਵੱਡੇ ਵੱਡੇ ਰਾਕਸ਼ਾਂ ਦਾ ਸੰਘਾਰ ਕਰ ਦਿੰਦੀਆਂ ਨੇ---ਅਨਿਆਂ ਦੇ ਖਿਲਾਫ ਬੁਲੰਦ ਆਵਾਜ਼ ਉਠਾਉਂਦੀਆਂ ਨੇ---ਪਰ ਮੈਂ?? ਨਹੀਂ ਨਹੀਂ ਸਵਰਨੀ ਨੇ ਮੇਰੀ ਉਪਮਾ ਗਲਤ ਕਰ ਦਿੱਤੀ ਹੈ ---ਮੈਂ ਦੇਵੀ ਨਹੀਂ ਹਾਂ---ਮੈਂ ਤਾਂ ਇੱਕ ਆਮ ਸਾਧਾਰਣ ਜੀਵ ਹਾਂ---ਇੱਕ ਅਪਾਹਜ, ਅਣਚਾਹੀ, ਬੇਲੋੜੀ ਆਲਤੂ ਫ਼ਾਲਤੂ ਔਰਤ ਹਾਂ ਜਿਹੜੀ ਕਿਸੇ ਦੇ ਉੱਕਾ ਕੰਮ ਦੀ ਨਹੀਂ---ਮੈਂ ਦੇਵੀਆਂ ਦੇ ਸਾਰੇ ਰੂਪ ਆਪਣੇ ਚੇਤੇ `ਚ ਲਿਆ ਕੇ ਉਹਨਾਂ ਦੇ ਸ਼ਕਤੀਸ਼ਾਲੀ ਸਵਰੂਪਾਂ ਦੀ ਕਲਪਨਾ ਕੀਤੀ---
ਮਾਂ ਮਹਾਂਕਾਲੀ---ਲਕਸ਼ਮੀ---ਮਾਂ ਜੈਯੰਤੀ---ਮਾਂ ਮੰਗਲਾ---ਮਾਂ ਭਦਰਕਾਲੀ--- ਮਾਂ ਦੁਰਗਾ--- ਸ਼ੈਲਪੁੱਤਰੀ--- ਬ੍ਰਹਮਚਾਰਿਣੀ--- ਚੰਦਰਘੰਟਾ--- ਮਾਂ ਕੂਸ਼ਮਾਂਡਾ ---ਸਕੰਧ ਮਾਤਾ--- ਕਾਤਯਾਯਨੀ---ਮਾਂ ਕਾਲਰਾਤਰੀ---ਮਹਾਂਗੌਰੀ---ਸਿੱਧੀ ਦਾਤਰੀ---
ਪਰ ਮੈਂ ਕਦੋਂ ਇਹਨਾਂ ਦੇਵੀਆਂ `ਚੋਂ ਕਿਸੇ ਵਰਗੀ ਸਾਂ? ਨਾਅ ਨਾਅ---ਸਵਰਨੀ ਅਤਿਕਥਨੀ ਕਹਿ ਰਹੀ ਐ ---ਮੈਂ ਦੇਵੀਆਂ ਵਰਗੀ ਹੋਣੀ ਤਾਂ ਦੂਰ ਦੀ ਗੱਲ ਐ ---ਮੈਂ ਤਾਂ ਸਸ਼ਕਤ ਔਰਤਾਂ ਵਰਗੀ ਵੀ ਨਹੀਂ ਹਾਂ---ਸਸ਼ਕਤ ਔਰਤਾਂ ਨੂੰ ਵੀ ਛੱਡੋ---ਮੈਂ ਤਾਂ ਆਮ ਸਾਧਾਰਣ ਔਰਤਾਂ ਵਰਗੀ ਵੀ ਨਹੀਂ ਸਾਂ---
ਹਾਂਅ---ਇਹ ਮੰਨਣਾ ਪਵੇਗਾ ਕਿ ਮੈਂ ਇੱਕ ਸੁਘੜ ਗੋਲੀ ਬਾਂਦੀ ਵਰਗੀ ਜ਼ਰੂਰ ਸਾਂ---ਮੁੱਲ ਖ਼ਰੀਦ ਗੁਲਾਮ ਵਾਲਾ ਸਾਰਾ ਧਰਮ ਮੈਂ ਬਖੂਬੀ ਨਿਭਾਅ ਰਹੀ ਸਾਂ---ਗੋਲੀ ਬਾਂਦੀ ਵਾਲੇ ਸਾਰੇ ਫ਼ਰਜ ਮੈਂ ਨਿਸ਼ਠਾ ਨਾਲ, ਈਮਾਨਦਾਰੀ ਨਾਲ ਤੇ ਮਿਹਨਤ ਨਾਲ ਨਿਭਾਅ ਰਹੀ ਸਾਂ---।
32
ਜਦੋਂ ਮੈਂ ਆਪਣੀ ਤੁਲਨਾ ਇਹਨਾਂ ਦੇਵੀਆਂ ਨਾਲ ਕੀਤੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਇਹਨਾਂ ਦੇ ਪੈਰਾਂ ਦਾ ਧੋਣ ਵੀ ਨਹੀਂ ਹਾਂ---ਪਾਸਕ ਵੀ ਨਹੀਂ ਤਾਂ---।
“ਮਾਸੀ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਭਈ ਟਿਕਾਣੇ ਜਾਣ ਲੱਗਿਆਂ ਜਹਿਰ ਦੀ ਗੋਲੀ ਲੈ ਕੇ ਜਾਣੀ ਚਾਹੀਦੀ ਐ ---ਹੁਣ ਦੱਸਣ ਦਾ ਕੀ ਫਾਇਦਾ---"
ਸਵਰਨੀ ਨੇ ਮੇਰੀ ਤੰਦਰਾ ਤੋੜੀ---ਮੈਂ ਝਟਕਾ ਖਾ ਕੇ ਬੋਲੀ,
“ਨਹੀਂ ਨਹੀਂ ---ਮੇਰੀ ਗੱਲ ਹੋਰ ਸੀ---ਤੂੰ ਜਾਣਦੀ ਈ ਐ ---ਬਈ ਮੈਂ ਤਾਂ ਮਾਂ ਬਣ ਨਹੀਂ ਸਕਦੀ---ਤੇਰਾ ਬਾਪੂ ਤਾਂ ਕੌਮਾਂ `ਚ---ਬੇਸੁੱਧ---ਤੂੰ ਸਮਝਦੀ ਐਂ ਨਾਅ---ਪਰ ਤੈਨੂੰ ਤਾਂ ਜ਼ਹਿਰ ਲੈ ਕੇ ਜਾਣ ਦੀ ਲੋੜ ਨਹੀਂ ਸੀ---ਨਾਲੇ ਸਵਰਨੀ ਮੈਂ ਤਾਂ ਦਬੀ ਕੁਚਲੀ ਮੁੁੱਲ ਖ਼ਰੀਦ ਗੁਲਾਮ ਤੇ ਬੱਜਮਾਰੀ ਹਾਂ---ਤੇਰੇ `ਚ ਤੇ ਮੇਰੇ `ਚ ਬਹੁਤ ਅੰਤਰ ਐ ---
“ਕੋਈ ਅੰਤਰ ਨੀ ਮਾਸੀ---ਔਰਤਾਂ ਸਾਰੀਆਂ ਈ ਦਬੀਆਂ ਕੁਚਲੀਆਂ ਈ ਹੁੰਦੀਆਂ ਨੇ---ਮੁੱਲ ਖਰੀਦ ਗੁਲਾਮ ਤੇ ਅਪਾਹਜ---ਅੰਤਰ ਤਾਂ ਸਿਰਫ਼ਐਨਾ ਕੁ ਐ ਬਈ ਤੂੰ ਸਰੀਰਕ ਪੱਖੋਂ ਨਜ਼ਰ ਆੳਂੁਦੀ ਐਂ---ਬਾਕੀ ਦੀਂਹਦੀਆਂ ਨੀ---ਉਤੋਂ ਉੱਤੋਂ ਉਹ ਤਾਕਤਵਰ ਤੇ ਸਰੀਰਕ ਪੱਖੋਂ ਤੰਦਰੁਸਤ ਨਜ਼ਰ ਆਉਂਦੀਆਂ ਨੇ ਪਰ ਉਹਨਾਂ ਦੇ ਅੰਦਰਲੀ ਔਰਤ ਤੇਰੇ ਵਰਗੀ ਈ ਹੁੰਦੀ ਐ ---ਤੈਥੋਂ ਵੀ ਬਦਤਰ---" ਸਵਰਨੀ ਨੇ ਮੇਰੀ ਗੱਲ ਕੱਟਦਿਆਂ ਕਿਹਾ---।
ਮੈਂ ਬੜੀ ਦੇਰ ਉਸ ਨੂੰ ਆਪਣੀ ਤੇ ਉਸਦੀ ਸਥਿਤੀ ਵਿਚਲੇ ਫ਼ਰਕ ਨੂੰ ਸਮਝਾਉਣ ਦੀ ਕੋਸ਼ਿਬ ਕਰਦੀ ਰਹੀ---ਦੱਸਦੀ ਰਹੀ ਕਿ ਮੈਂ ਤਾਂ ਵਕਤ ਦੀ ਮਾਰੀ ਹੋਈ ਹਾਂ---ਪਰ ਤੂੰ ਤਾਂ ਦਲੇਰ ਐ ---ਉਸ ਨੇ ਦਲੇਰ ਸ਼ਬਦ ਸੁਣ ਕੇ ਝੱਟ ਆਖਿਆ,
“ਮਾਸੀ ਦਲੇਰ ਤਾਂ ਤੂੰ ਐ ---ਤਾਂ ਹੀ ਤੇਰੇ ਮਾਪਿਆਂ ਨੇ ਤੇਰਾ ਨਾਂ ਦਲੇਰ ਕੁਰ ਰੱਖਿਐ ---"
ਤੇ ਜਦ ਮੈਂ ਉਸ ਨੂੰ ਆਪਣੇ ਇਸ “ਨਾਮਕਰਣ ਅਨੁਸ਼ਠਾਨ" ਬਾਰੇ ਸਾਰਾ ਕਿੱਸਾ ਸੁਣਾਇਆ ਤਾਂ ਉਸ ਨੇ ਸ਼ਰਧਾ ਨਾਲ ਮੇਰੇ ਚਰਨਾਂ `ਚ ਸੀਸ ਝੁਕਾਇਆ---ਮੈ ਉਸ ਨੂੰ ਆਪਣੇ ਜੰਮਣ ਤੋਂ ਪਹਿਲਾਂ ਤੋਂ ਲੈ ਕੇ ਉਸ ਦਿਨ ਤੱਕ ਦੀਆਂ ਆਪਣੇ ਤਨ ਮਨ ਉੱਤੇ ਹੰਢਾਈਆਂ ਕਈ ਹੋਰ ਵੀ ਹਿਰਦੇ ਵੇਧਕ ਕਥਾ ਕਹਾਣੀਆਂ ਸੁਣਾਈਆਂ---ਮੈਂ ਦੱਸਿਆ ਕਿ ਮੇਰੇ ਜੰਮਣਹਾਰਿਆਂ ਨੇ ਤਾਂ ਮੇਰਾ ਕੋਈ ਨਾਂ ਹੀ ਨਹੀਂ ਸੀ ਧਰਿਆ---ਇਹ ਦਲੇਰ ਕੁਰ ਤਾਂ ਮੈਨੂੰ ਮੇਰੀ ਸੇਵਾ ਤੋਂ ਖੁਸ਼ ਹੋ ਕੇ, ਗੁਲਾਮੀ ਅਤੇ ਸ਼ਹਿਨਸੀਲਤਾ ਤੋਂ ਖੁਸ਼ ਹੋ ਕੇ ਸਹੁਰਿਆਂ ਵੱਲੋਂ ਨਿਵਾਜਿਆ ਗਿਆ ਇਨਾਮ ਹੈ ---ਮੇਰੀ ਸੇਵਾ ਦਾ ਮਿਹਨਤਾਨਾ---ਮੇਰੀ ਪਗਾਰ, ਮੇਰੀ ਤਨਖਾਹ।
“ਧੰਨ ਐਂ ਤੂੰ ਮਾਸੀ---ਧੰਨ ਐ ---ਧੰਨ ਐ---ਧੰਨ ਐ ---ਤੇਰੇ ਵਰਗੀ ਕੋਈ ਹੋਰ ਨੀ ਹੋ ਸਕਦੀ---" ਉਹ ਵਿਸ਼ਮਾਦ `ਚ ਆ ਕੇ ਬੋਲੀ ਪਰ ਮੈਂ ਉਸਦੀ ਗੱਲ ਕੱਟੀ,
“ਹੁਣੇ ਹੁਣੇ ਤੂੰ ਆਖਦੀ ਮੈਂ ਬਈ ਸਾਰੀਆਂ ਔਰਤਾਂ ਤੇਰੇ ਵਰਗੀਆਂ ਈ ਹੁੰਦੀਆਂ ਨੇ---ਤੇ ਹੁਣ ਆਖ ਰਹੀ ਐਂ ਕਿ ਮੇਰੇ ਵਰਗੀ ਕੋਈ ਹੋਰ ਨੀ ਹੋ ਸਕਦੀ---"
“ਮਾਸੀ ਤੇਰੇ ਵਰਗੀ ਬਣਨਾ ਮੁਸ਼ਕਲ ਐ ---ਮਾਸੀ ਚੰਗਾ ਹੁੰਦਾ ਜੇ ਮੈਂ ਤੇਰੇ ਵਾਂਗ ਜ਼ਹਿਰ ਦੀਆਂ ਗੋਲੀਆਂ ਨਾਲ ਲੈ ਜਾਂਦੀ---"ਹੁਣ ਉਹ ਸੰਜੀਦਾ ਹੋ ਗਈ ਸੀ---ਮੈਂ ਉਸ ਨੂੰ ਜ਼ੁਬਾਨੋਂ ਬੋਲ ਕੇ ਤਾਂ ਕੁੱਝ ਨਾ ਪੁੱਛਿਆ ਪਰ ਅੱਖਾਂ `ਚ ਕਈ ਸਵਾਲ ਭਰ ਕੇ ਉਹਦੇ ਵੱਲ ਤੱਕਿਆ---ਜਿਵੇਂ ਮੇਰੀਆਂ ਨਜ਼ਰਾਂ ਸੈਕੜਂੇ ਸਵਾਲ ਬਣ ਕੇ ਉਹਦੇ ਸਾਵ੍ਹੇ ਤਣ ਗਈਆਂ---"
“ਮਾਸੀ ਸਮਝ ਨੀ ਆਉਂਦੀ ਗੱਲ ਕਿੱਥੋ ਸ਼ੁਰੂ ਕਰਾਂ---" ਮੇਰੇ ਸਵਾਲਾਂ ਦਾ ਉਹਨੇ ਇਹੀ ਸੰਖੇਪ ਜਿਹਾ ਉਤਰ ਦਿੱਤਾ---ਉਹ ਮੈਨੂੰ ਸੱਚੀਂ ਮਿੱਚੀਂ ਗੱਲ ਦਾ ਸਿਰਾ ਲੱਭਦੀ ਨਜ਼ਰ ਆ ਰਹੀ ਸੀ---ਫੇਰ ਇੱਕ ਚੁੱਪ ਪਸਰ ਗਈ।
“ਦੇਖ ਮਾਸੀ---ਕੁੱਬੀ ਵੇਲੇ ਇਹਨਾਂ ਨੇ ਮੈਨੂੰ ਸੂ ਬਦਲਣ ਦੀ ਦਵਾਈ ਖੁਆਈ---ਦਵਾਈ ਪਿੰਡ ਦੇ ਜੇਠੂ ਰਾਮ ਵੈਦ ਕੋਲੋਂ ਲਿਆਦੀ ਸੀ---ਇਹ ਦਵਾਈ ਤਿੰਨ ਦਿਨ ਨਿਰਨੇ ਪਈ---ਮੇਰੇ ਢਿੱਡ `ਚ ਅਜੀਬ ਜਿਹੀ ਦਰਦ ਹੋਣੀ ਸ਼ੁਰੂ ਹੋ ਗਈ---ਤਿੰਨ ਦਿਨ ਗੋਲੀਆਂ ਖਾਧੀਆ---ਗੋਲੀ ਖਾਂਦਿਆਂ ਈ ਮੈਨੂੰ ਆਪਣੇ ਢਿੱਡ ਵਿੱਚ ਜਖਮ ਹੋਣ ਦਾ ਅਹਿਸਾਸ ਹੁੰਦਾ---ਮੈਂ ਬੇਬੇ ਨੂੰ ਦੱਸਿਆ ਵੀ ਸੀ ਪਰ ਉਸ ਨੂੰ ਤਾਂ ਪੜਪੋਤਾ ਚਾਹੀਦਾ ਸੀ---ਮੇਰੀ ਕੋਈ ਲੋੜ ਨਹੀਂ ਸੀ---ਕੀ ਪਤਾ ਇਹਨਾਂ ਗੋਲੀਆਂ `ਚ ਕੀ ਖੇਹ ਸੁਹਆ ਪਾਈ ਹੋਈ ਸੀ---ਮਾਸੀ ਮੈਂ ਦਾਅਵੇ ਨਾਲ ਆਖਦੀ ਆਂ ਬਈ ਕੁੱਬੀ ਇਹਨਾਂ ਗੋਲੀਆਂ ਸਦਕਾ ਈ ਅਪਾਹਜ ਹੋਈ ਐ ---ਤੀਜੀ ਗੋਲੀ ਖਾਣ ਸਾਰ ਮੈਨੂੰ ਉਲਟੀ ਆਉਣ ਨੂੰ ਹੋਈ ਤੇ ਢਿੱਡ ਵਿੱਚ ਬੁਰੀ ਤਰ੍ਹਾਂ ਤਰਾਟਾਂ ਵੀ ਪੈਣ ਲੱਗੀਆਂ---ਪਰ ਬੇਬੇ ਕਹੇ ਉਲਟੀ ਨੀ ਕਰਨੀ---ਦਵਾਈ ਬਾਹਰ ਨਿਕਲ ਜੂ---ਮੈਨੂੰ ਪਤੈ ਮੈਂ ਕਿਵੇ ਉਲਟੀ ਰੋਕੀ---ਘਬਰਾਹਟ ਨਾਲ ਮੇਰੇ ਡੇਲੇ ਬਾਹਰ ਆਉਣ ਵਾਲੇ ਹੋ ਗਏ---ਪਰ ਬੇਬੇ ਮੇਰੀ ਕੋਈ ਗੱਲ ਸੁਣੇ ਈ ਨਾ---ਮੈਨੂੰ ਕਿਸੇ ਚੰਗੇ ਡਾਕਟਰ ਨੂੰ ਨਾ ਦਖਾਇਆ---ਕਿਸੇ ਨਰਸ ਦਾਈ ਤੋਂ ਚੈੱਕ ਵੀ ਨਾ ਕਰਾਇਆ---ਬਈ ਕਿਤੇ ਚੈੱਕ ਕਰਨ ਨਾਲ ਮੁੰਡੇ ਨੂੰ ਕੁਸ ਹੋ ਈ ਨਾ ਜਾਵੇ---ਮਾਸੀ ਨਤੀਜਾ ਤੇਰੇ ਸਾਹਮਣੇ ਐ ---ਮੈਂ ਕੁੱਬੀ ਦੀ ਮਾਂ ਹਾਂ---ਇਹ ਗੱਲ ਬਈ ਮੈਨੂੰ ਉਹਦਾ ਮੋਹ ਨੀ ਆਉਦਾ---ਪਰ ਉਹਦੇ ਭਵਿੱਖ ਦਾ ਧਿਆਨ ਕਰ ਕੇ ਮੈਂ ਉਹਨੂੰ ਰੋਲ ਕੇ ਖਤਮ ਕਰ ਦੇਣਾ ਚਾਹੁੰਨੀ ਆਂ---ਮਾਸੀ ਉਹਦੇ ਭਲੇ ਲਈ---ਉਹਦਾ ਭਲਾ ਉਹਦੇ ਮਰਨ ਵਿੱਚ ਈ ਐ ---" ਉਹ ਰੋ ਰਹੀ ਸੀ ਤੇ ਉਸ ਨੇ ਗੁੱਡੀ ਵੱਲ ਦੇਖ ਕੇ ਹਉਕਾ ਭਰਿਆ---ਉਹ ਕਿਤੇ ਬੜੇ ਗਹਿਰਿਓਂ ਬੋਲੀ,
“ਬਚਾਰੀ ਕੁੜੀ ਵੀ ਅਪਾਹਜ ਹੋ ਗਈ---ਐਦੂੰ ਚੰਗਾ ਤਾਂ ਮਰ ਈ ਜਾਂਦੀ---ਇਹ ਸਭ ਉਸ ਵੈਦ ਦੀ ਦਵਾਈ ਦਾ ਸਿੱਟਾ ਐ ---ਮਾਸੀ ਜੇ ਆਇੰ ਦਵਾਈਆਂ ਖਾਣ ਨਾਲ ਮੁੰਡੇ ਹੋਣ ਲੱਗੇ ਤਾਂ ਕਿਸੇ ਦੇ ਘਰ ਕੁੜੀ ਜੰਮੇ ਹੀ ਨਾ---ਸਾਰੀ ਦੁਨੀਆਂ ਵੈਦਾ ਹਕੀਮਾਂ ਕੋਲੋਂ ਪੁੱਤ ਹੋਣ ਦਵਾਈ ਲੈ ਕੇ ਮੁੰਡੇ ਹੀ ਮੁੰਡੇ ਪੈਂਦਾ ਕਰੇ।"
“ਪਰ ਪੁੱਤਰ ਕਾਮਨਾ `ਚ ਅੰਨੇ ਹੋਏ ਲੋਕ ਤਾਂ ਨੀ ਮੰਨਦੇ ਇਹਨਾਂ ਗੱਲਾਂ ਨੂੰ---ਉਹਨਾਂ ਨੂੰ ਪੁੱਤਰ ਪ੍ਰਾਪਤੀ ਲਈ ਜੋ ਵੀ ਕਰਨਾ ਪਵੇ, ਉਹ ਕਰਨਗੇ---ਜੇ ਕੋਈ ਆਖੇ ਬਈ ਥੋੜੇ ਘਰ ਮੁੰਡਾ ਤਾਂ ਹੋਊਗਾ ਜੇ ਤੁਸੀਂ ਖੂਹ `ਚ ਛਾਲ ਮਾਰੋਗੇ---ਤਾਂ ਲੋਕੀਂ ਖੂਹ `ਚ ਛਾਲ ਮਾਰਨੋ ਵੀ ਗੁਰੇਜ਼ ਨਹੀਂ ਕਰਨਗੇ---ਸਾਰੇ ਗੀਤ, ਲੋਰੀਆਂ, ਕਿੱਕਲੀਆਂ ਬਗੈਰਾ ਗੱਡ ਕੇ ਪੁੱਤਰ ਕਾਮਨਾ ਦੀ ਹਾਮੀ ਭਰਦੇ ਨੇ---ਮੈਂ ਤੈਨੂੰ ਕੁਸ ਗੀਤ ਸੁਣਾਉਂਦੀ ਆਂ, ਮੈਂ ਉਹ ਧਿਆਨ ਹੋਰਥੇ ਪਾਉਣ ਲਈ ਕਿਹਾ---
ਫੇਰ ਮੈਂ ਇੱਕ ਦੋ ਗੀਤ ਯਾਦ ਕਰ ਕੇ ਉਹਨੂੰ ਗਾ ਕੇ ਸੁਣਾਏ, ਜਿਹਨਾਂ ਵਿੱਚ ਪੁੱਤਰ ਕਾਮਨਾ ਦੀ ਇੰਤਹਾ ਦਰਸਾਈ ਗਈ ਸੀ,
ਨਾਜੋ ਜੇ ਘਰ ਜੰਮਿਆ ਨੰਦ ਲਾਲ
ਹਾਜ਼ਰ ਕਰੂੰ ਮੋਤੀਆਂ ਦੇ ਥਾਲ
ਵੈਦਾ (ਵਾਇਦਾ) ਕਾਗਜ਼ ਲਿਖ ਨੀ ਧਰਾਂ ਆ---
ਨਾਜੋ ਜੇ ਘਰ ਜੰਮ ਪਈ ਕੁੜੀ
ਕਰੂੰ ਹਾਜ਼ਰ ਸੰਖੀਏ ਦੀ ਪੁੜੀ
ਵੈਦਾ ਕਾਗਜ਼ ਲਿਖ ਨੀ ਧਰਾਂ ਆ---
ਕੁੜੀ ਜੰਮੇਗੀ ਤੇਰੀ ਭਾਬੀ ਬੈਤਲ
ਮੈਂ ਜਰਮਾਂਗੀ ਨੰਦ ਲਾਲ
ਵੈਦਾ ਕਾਗਜ਼ ਲਿਖ ਵੇ ਧਰਾਂ ਆਂ---
ਤੁੱਠੀ ਮਾਤਾ ਗੌਰਜਾਂ ਮਿਹਰ ਹੋਈ
ਘਰੇ ਤਾਂ ਜਰਮੇ ਨੰਦ ਲਾਲ
ਵੈਦਾ ਕਾਗਜ਼ ਲਿਖ ਵੇ ਧਰਾਂ ਆ---
ਜਰਮੀ ਤਾਂ ਜਰਮੀ ਨਾਜੋ ਮੇਰੀਏ
ਨੀ ਤੂੰ ਜਰਮੀਂ ਲਾਲਾਂ ਦੀ ਜੋਟ
ਦੋਵੇਂ ਗੋਦਾਂ ਭਰੀਆਂ ਚਾਹੀਏ---ਏ---
ਜੇ ਨਾਜੋ ਤੈਂ ਪੁੱਤਰ ਜਰਮੇ
ਤੈਨੂੰ ਕਾਸੇ ਦੀ ਨਾ ਰੱਖਾਂ ਤੋਟ
ਦੋਵੇਂ ਗੋਦਾਂ ਭਰੀਆਂ ਚਾਹੀਏ---ਏ---
ਦੋਵੇਂ ਬੇਟਿਆਂ ਨੂੰ ਪਾਲ ਪੋਸ ਕੇ
ਕਰ ਲਈਏ ਗਭਰੋਟ
ਦੋਵੇਂ ਗੋਦਾਂ ਭਰੀਆਂ ਚਾਹੀਏ---ਏ---
ਦੇਖੀਂ ਕਿਤੇ ਨਾਜੋ ਧੀਅੜੀ ਜੰਮ ਦਏਂ
ਤੇਰੇ ਮਨ ਵਿੱਚ ਦਿਖਦੀ ਐ ਖੋਟ
ਦੋਵੇਂ ਗੋਦਾਂ ਭਰੀਆਂ ਚਾਹੀਏ ਏ---
ਧੀਆੜੀ ਜੰਮੇ ਸਾਡਾ ਦੋਖੀ ਬੈਰੀ
ਸਿੱਧੀ ਵੱਜੀ ਐ ਕਲੇਜੇ ਨੂੰ ਚੋਟ
ਦੋਵੇਂ ਗੋਦਾਂ ਭਰੀਆਂ ਚਾਹੀਏ ਏ---
ਸਾਨੂੰ ਹਨੂੰਮਾਨ ਬੇਟੇ ਬਕਸੇਂਗੇ
ਅਸੀਂ ਦੇਵਾਂਗੇ ਪੀਰਾਂ ਦਾ ਰੋਟ
ਦੋਵੇਂ ਗੋਦਾਂ ਭਰੀਆਂ ਚਾਹੀਏ ਦੇ---
ਸਵਰਨੀ ਬਹੁਤ ਧਿਆਨ ਨਾਲ ਝੂਮਦੀ ਹੋਈ ਮੈਨੂੰ ਗਾਉਂਦੀ ਨੂੰ ਸੁਣ ਰਹੀ ਸੀ---ਆਖਣ ਲੱਗੀ, ਮਾਸੀ ਇੱਕ ਹੋਰ ਸੁਣਾ---ਬੱਸ ਇੱਕ ਹੋਰ---ਤੇ ਮੈਂ ਉਸ ਨੂੰ ਇੱਕ ਪੁਆਧੀ ਗੀਤ ਸੁੁਣਾਇਆ ਜਿਸ ਵਿੱਚ ਪਤੀ ਪਤਨੀ ਵਾਰਤਾਲਾਪ ਕਰ ਰਹੇ ਹਨ,
ਮੇਰੀ ਮਾਲਣ ਗੁੰਦ ਲਿਆਈ ਹਾਰ ਜੱਚਾ ਲਚਕਾਵਨੀਆਂ
ਧਨ ਪੁਰਸ ਮਸਲਤ ਵਾਰੇਂ (ਪਤੀ ਪਤਨੀ ਗੱਲ ਬਾਤ ਕਰ ਰਹੇ ਹਨ)
ਕੋਈ ਕਿਆ ਕੁਛ ਹਮ ਕੋ ਕਾਜ
ਸਹਿਜ ਬਤਲਾਇਆ ਜੀ ਈ---ਈ---
ਜੇ ਗੋਰੀ ਤੁਮ ਪੂਤ ਜਣੋਗੀ---ਗੋਰੀ ਨਾਜੋ ਜੀ
ਮਹਿਲ ਬਿਛਾਉਂਂ ਤੇਰੀ ਖਾਟ
ਬੂਰੇ ਕੀ ਪਲਾਊਂ ਤੰਨੈ ਪਾਤ
ਸੋਨੇ ਮਾ ਮੜ੍ਹਾਅ ਦਿਆਂ ਤੇਰਾ ਗਾਤ
ਸਹਿਜ ਬਤਲਾਇਆ ਜੀ ਈ---
ਜੇ ਗੋਰੀ ਤੁਮ ਪੂਤ ਜਣੋਗੀ-ਗੋਰੀ ਲਾਜੋ ਜੀ
ਗਲ ਨੈ ਘੜਾਊਂ ਹਾਰ
ਤੇਰਾ ਹਰਦਮ ਤਾਬੇਦਾਰ
ਜੀਅੜਾ ਦਿਊਂ ਤੇਰੇ ਪੈ ਵਾਰ
ਸਹਿਜ ਬਤਲਾਇਆ ਜੀ ਈ---
ਨੌਂ ਮਾਸ ਗੁਜ਼ਰੇ ਕੋਈ ਜਰਮੇ ਨੰਦ ਲਾਲ
ਕੋਈ ਵਜ ਰਹੇ ਤਬਲ ਨਿਸਾਨ
ਕੋਈ ਗਾਏ ਮੰਗਲ ਗਾਨ
ਦਰ ਬੰਨ੍ਹੇ ਬੰਦਨਵਾਰ
ਸਹਿਜ ਬਤਲਾਇਆ ਜੀ ਈ---
ਨਾਹ ਧੋ ਜੱਚਾ ਠਾਢੀ ਭਈ ਲਾਓ ਹਮਾਰੀ ਹੋੜ (ਸ਼ਰਤ ਪੂਰੀ ਕਰੋ)
ਪੁਗਾਓ ਆਪਣੇ ਬੋਲ
ਸੋਨਾ ਦਿਓ ਗਲ ਨੂੰ ਤੋਲ
ਬੂਰੇ ਕੀ ਪਲਾ ਦਿਓ ਘੋਲ
ਸਹਿਜ ਬਤਲਾਇਆ ਜੀ ਈ---
ਸ਼ਰਤ ਪੁਗਾਊਂ ਤੇਰੀ ਸੇਜ ਪੈ ਨਾਜੋ ਮੇਰੀ ਜੀ
ਜਬ ਦੂਸਰਾ ਜਣੇਗੀ ਨੰਦ ਲਾਲ
ਤੰਨੂੰ ਨੌ ਲੱਖਾ ਘੜਾਵਾਂ ਹਾਰ
ਪੂਰੇ ਕਰੂੰ ਮੈਂ ਕੌਲ `ਕਰਾਰ
ਕਰ ਥੋੜਾ ਸਾ ਇੰਤਜਾਰ
ਸਹਿਜ ਬਤਲਾਇਆ ਜੀ ਈ---
ਮਰਦ ਦੀ ਚਲਾਕੀ ਤੇ ਪੁੱਤਰ ਬਾਦ ਪੁੱਤਰ ਪੈਦਾ ਕਰਨ ਦੀ ਇੱਛਾ ਦੱਸਦਾ ਇਹ ਗੀਤ ਸੁਣ ਕੇ ਸਵਰਨੀ ਬੋਲੀ,
“ਮਾਸੀ ਮੈਨੂੰ ਲਗਦੈ ਸਾਰੀ ਲੋਕਾਈ ਪੁੱਤਾਂ ਪਿੱਛੇ ਕਮਲੀ ਹੋਈ ਪਈ ਐ ---ਮੈਂ ਤਾਂ ਸੋਚਦੀ ਸਾਂ ਕਿ ਇੱਕ ਮੇਰੇ ਤੇਰੇ ਨਾਲ ਈ ਇਹ ਕੁਸ ਹੋ ਰਿਹੈ ---ਪਰ"
ਮੈਂ ਜਦ ਤੱਕ ਗੀਤ ਸੁਣਾਉਂਦੀ ਰਹੀ ਉਦੋਂ ਤੱਕ ਸਵਰਨੀ ਰੋਂਦੀ ਈ ਰਹੀ---ਕਦੇ ਉੱਚੀ ਤੇ ਕਦੇ ਹੋਲੀ---ਮੈਂ ਵੀ ਜ਼ਿੰਦਗ਼ੀ `ਚ ਪਹਿਲੀ ਦਫ਼ਾ ਕੋਈ ਸੱਚਾ ਹਮਦਰਦ ਪਾ ਕੇ ਭਾਵੁਕ ਹੋ ਗਈ ਸਾਂ---ਮੈਂ ਵੀ ਕਈ ਵਾਰ ਰੋਈ ਤੇ ਕਈ ਵਾਰ ਹੱਸੀ---ਰਾਤ ਅੱਧੀ ਤੋਂ ਵੱਧ ਲੰਘ ਚੁੱਕੀ ਸੀ---ਮੈਂ ਗੁੱਡੀ ਨੂੰ ਗਰਮ ਕਰ ਕੇ ਦੁੱਧ ਪਲਾਇਆ---ਭਾਵੁਕ ਹੋਈ ਸਵਰਨੀ ਬੋਲੀ,
“ਮਾਸੀ ਸੱਚ ਦੱਸਾਂ---ਕੁੱਬੀ ਦਾ ਭਾਪਾ, ਚਾਚਾ ਤੇ ਭੂਆ ਥੋਨੂੰ ਬਹੁਤ ਨਫਰਤ ਕਰਦੇ ਨੇ---ਪਰ ਅੰਦਰੋ ਥੋਡੀ ਸੇਵਾ ਬਦਲੇ ਥੋਡਾ ਸਤਿਕਾਰ ਵੀ ਰਕਦੇ ਨੇ---ਇਹਦਾ ਭਾਪਾ ਤਾਂ ਹਮੇਸ਼ਾ ਆਖਦੈ ਬਈ ਜੇ ਲੰਗੜੀ ਗੁੱਡੀ ਨੂੰ ਨਾ ਸਾਂਭਦੀ ਤਾਂ ਇਹ ਰੁਲ ਖੁਲ ਕੇ ਈ ਮਰ ਜਾਂਦੀ---ਊਂ ਮਾਸੀ ਕੁੱਬੀ ਦੇ ਭਾਪੇ ਨੂੰ ਵੀ ਮੁੰਡਾ ਈ ਚਾਹੀਦੈ ---ਪਤਾ ਨੀ ਮੁੰਡਾ ਕੀ ਹੀਰਿਆਂ ਦੀ ਥੈਲੀ ਲੈ ਕੇ ਪੈਦਾ ਹੋਊ---ਮੁੰਡਾ--- ਮੁੰਡਾ--- ਮੁੰਡਾ--- ਮੁੰਡਾ---ਹੇ ਰਾਮ"
ਮੈਂ ਗੁੱਡੀ ਨੂੰ ਦੁੱਧ ਪਿਲਾਅ ਕੇ ਤੇ ਆਪਣੇ ਪਤੀ ਪਨਮੇਸ਼ਰ ਉਤੇ ਖੇਸ ਠੀਕ ਕਰਦਿਆਂ ਗੱਲ ਅਗਾਂਹ ਤੋਰੀ,
“ਸਵਰਨੀ---ਮੈਂ ਤੈਨੂੰ ਇੱਕ ਗੱਲ ਕਹਾਂ? ਤੂੰ ਗੁੱਡੀ ਨੂੰ ਕੁੱਬੀ ਕਹਿ ਕੇ ਨਾ ਬੁਲਾਇਆ ਕਰ---ਮੇਰੇ ਵੱਲ ਦੇਖ---ਮੇਰੀ ਮਾਂ ਨੇ ਮੇਰਾ ਨਾਂ ਨੀ ਰੱਖਿਆ ਸੀ---ਮੈਂ ਮਾਂ ਨੂੰ ਕਦੇ ਸਤਿਕਾਰ ਨੀ ਦਿੱਤਾ---ਮੈਂ ਉਹਦੇ ਮਰਨੇ ਤੇ ਵੀ ਨੀ ਗਈ---ਨਾਲੇ ਤੂੰ ਗੁੱਡੀ ਦਾ ਕੋਈ ਚੰਗਾ ਜਿਹਾ ਨਾ ਰੱਖ ਤੇ ਇਹਨੂੰ ਪਿਆਰ ਕਰਿਆ ਕਰ---"
ਸਵਰਨੀ ਨੇ ਮੇਰੀ ਸਲਾਹ ਨੂੰ ਮੰਨਣ ਦੀ ਆਮੀ ਭਰੀ---ਮੈਂ ਪਲ ਕੁ ਰੁਕ ਕੇ ਸਵਰਨੀ ਨੂੰ ਇੱਕ ਲੰਮਾ ਚੌੜਾ ਗਿਆਨ ਦਿੰਦਿਆਂ ਕਿਹਾ---
“ਸਵਰਨੀ ਲੋਕ ਧੀਆਂ ਨੂੰ ਨਫ਼ਰਤ ਕਰਦੇ ਨੇ ਪਰ ਇਹ ਵੀ ਸੱਚ ਐ ਕਿ ਪੁੱਤ ਹੀ ਮਾਪਿਆਂ ਦੀ ਰੱਜ ਕੇ ਦੁਰਗਤੀ ਕਰਦੇ ਨੇ---ਦੇਖ ਲੈ ਮੇਰੇ ਮਾਪਿਆਂ ਨੇ ਮੇਰੇ ਭਰਾ ਲਈ ਜਾਇਦਾਦ ਬਣਾਉਣ ਖਾਤਰ ਅਸੀਂ ਤਿੰਨੇ ਭੈਣਾਂ ਵੇਚ ਦਿੱਤੀਆਂ ਤੇ ਸਾਡਾ ਭਰਾ ਨਸੋੜੀ, ਸੱਤੇ ਐਬਾਂ ਦਾ ਧਾਰਣੀ ਐ ---ਕਿਹੜੀ ਬਦਫ਼ੈਲੀ ਐ ਜਿਹੜੀ ਉਹਦੇ ਵਿੱਚ ਨਾ ਹੋਵੇ---ਲੋਕ ਦੁੱਖ ਭੁਗਤਦੇ ਨੇ ਪਰ ਪੁੱਤਾਂ ਦਾ ਮੋਹ ਨੀ ਛੱਡਦੇ---ਦੇਖ ਕੁੜੀਆਂ ਜਦੋਂ ਥਾਲ ਗਾਉਂਦੀਆਂ ਨੇ ਤਾਂ ਉਹ ਵੀ ਸਿਰਫ਼ ਬੀਰੇ ਭਾਈ ਭਤੀਜੇ ਹੀ ਮੰਗਦੀਆਂ ਨੇ---ਸਿਰਫ਼ ਘਰ ਦੇ ਮਰਦਾਂ ਦੀ ਹੀ ਸੁੱਖ ਮੰਗਦੀਆਂ ਨੇ---ਕਿਉਂਕਿ ਇਹਨਾਂ ਨਿੱਕੀਆਂ ਬਾਲੜੀਆਂ ਨੂੰ ਸੋਝੀ ਸੰਭਲਦਿਆਂ ਹੀ ਘਰ ਦੇ ਮਰਦਾਂ ਦੀ ਸੁੱਖ ਮੰਗਣ ਦਾ ਹੀ ਪਾਠ ਪੜ੍ਹਾਇਆ ਜਾਂਦੈ ---ਇਸ ਤੋਂ ਵੀ ਅੱਗੇ ਭਵਿੱਖ ਮੁੱਖੀ ਹੁੰਦਿਆਂ ਇਹ ਬਾਲੜੀਆਂ ਭਾਬੀਆਂ ਦੇ ਘਰ ਪੁੱਤ ਜੰਮਣ ਦੀ ਹੀ ਕਾਮਨਾ ਕਰਦੀਆਂ ਨੇ---ਲੈ ਮੈਂ ਤੈਨੂੰ ਇੱਕ ਦੋ ਥਾਲ ਸੁਣਾਮਾਂ---"
ਮੈਂ ਖੰਘੂਰਾ ਮਾਰ ਕੇ ਗਲਾ ਸਾਫ਼ ਕਰ ਕੇ ਗਾਉਣਾ ਸੁਰੂ ਕੀਤਾ,
ਰੋਟ ਚੜ੍ਹਾਮਾ ਪੀਰ ਨੂੰ
ਲੋਰੀ ਦੇਮਾਂ ਨਿੱਕੜੇ ਬੀਰ ਨੂੰ
ਸਿਰ ਤੇ ਕਰਦੀ ਛਤਰੀ ਦੀ ਛਾਂ
ਲੋਰੀ ਦੇਵੇ ਮੁੰਡੇ ਦੀ ਮਾਂ
ਲਹਿੰਦੇ ਬੰਨੇ ਕੂਆ
ਲੋਰੀ ਦਿਊਗੀ ਬੀਰੇ ਦੀ ਬੂਆ
ਬਸਤੇ `ਚ ਕੈਦਾ ਹੱਥ `ਚ ਕਾਨੀ
ਲੋਰੀ ਦਿਊਗੀ ਕਾਕੇ ਦੀ ਨਾਨੀ
ਚਾਂਦੀ ਦਾ ਚਮਚਾ ਸੋਨੇ ਦੀ ਗਲਾਸੀ
ਲੋਰੀ ਦਿਊ ਮੁੰਡੇ ਦੀ ਮਾਸੀ
ਲਾਡ ਲਡਿੱਕੜਾ ਬੀਰਾ
ਉਹਦੇ ਸਿਰ ਕਿਰਮਚੀ ਚੀਰਾ
ਚੀਰੇ ਨੂੰ ਲਾਇਆ ਗੋਟਾ
ਨਾਲੇ ਜਰੀ ਦਾ ਟੋਟਾ
ਚੀਰਾ ਬੰਨ੍ਹ ਬੀਰਾ ਚੜਿਆ ਘੋੜੀ
ਜੀਵੇ ਜੀਵੇ ਭਾਈਆਂ ਦੀ ਜੋੜੀ
“ਮਾਸੀ ਤੈਨੂੰ ਤਾਂ ਬਲਾਈਂ ਗੀਤ ਆਉਂਦੇ ਨੇ---ਨਾਲੇ ਤੇਰਾ ਗਲਾ ਬਹੁਤ ਸੁਰੀਲਾ ਐ ---ਬੜੀ ਮਿੱਠੀ ਆਵਾਜ ਐ ਤੇਰੀ---ਮਾਸੀ ਭਲਾਂ ਕੁੜੀਆਂ ਦੇ ਜੰਮਣ ਵੇਲੇ ਦਾ ਵੀ ਕੋਈ ਗੀਤ ਯਾਦ ਐ ਤੈਨੂੰ? ਉਹ ਸੁਣਾ ਮਾਸੀ---"
“ਕੁੜੀ ਦੇ ਜਨਮ ਤੇ ਤਾਂ ਸਵਰਨੋ ਐਂ ਗਾਉਦੀਆਂ ਨੇ ਗੀਤ---"
ਘੁੱਟ ਪਾਣੀ ਦੀ ਪੀ ਬੇ ਬੀਰਨਾ
ਤੇਰੇ ਜੰਮ ਪਈ ਧੀ ਬੇ ਬੀਰਨਾ
ਚਿੱਤਕਬਰੀ ਡੇਕ ਦੀ ਛਾਂ ਬੇ ਬੀਰਨਾ
ਕੀ ਧਰਨਾ ਕੁੜੀ ਦਾ ਨਾ ਬੇ ਬੀਰਨਾ
ਸਿਰ ਪਰ ਰੰਗਲੀ ਚੁੰਨੀ ਬੇ ਬੀਰਨਾ
ਨਾਂ ਧਰ ਦੇਣਾ ਸਿਰ ਮੁੰਨੀ ਬੇ ਬੀਰਨਾ
ਤੜਕੇ ਝੋਅ ਲਈ ਚੱਕੀ ਬੇ ਬੀਰਨਾ
ਨਾਓ ਧਰ ਦੇਣਾ ਅੱਕੀ ਬੇ ਬੀਰਨਾ
ਰੋਟੀ ਖਾ ਲੈ ਸੁੱਕੀ ਬੇ ਬੀਰਨਾ
ਨਾਓ ਧਰ ਦੇਣਾ ਮਰੀ ਮੁੱਕੀ ਬੇ ਬੀਰਨਾ
ਦਿਨ ਦਾ ਤੀਜਾ ਪਹਿਰ ਬੇ ਬੀਰਨਾ
ਨੌਂ ਧਰ ਦੇਣਾ ਜਹਿਰ ਬੇ ਬੀਰਨਾ
ਧੀ ਨੂੰ ਦੇ ਕੇ ਲੋਰੀ ਬੇ ਬੀਰਨਾ
ਧੀ ਸੁਰਗਾਂ ਨੂੰ ਤੋਰੀ ਬੇ ਬੀਰਨਾ
ਇੱਕ ਤੀਲਾਂ ਦੀ ਡੱਬੀ ਬੇ ਬੀਰਨਾ
ਧੀ ਟੋਏ ਵਿੱਚ ਦੱਬੀ ਬੇ ਬੀਰਨਾ
ਹੁਣ ਹੋ ਗਿਆ ਗੱਭਰੂ ਬੇ ਬੀਰਨਾ
ਉਕਾ ਹੋ ਗਿਆ ਸੁਰਖਰੂ ਬੇ ਬੀਰਨਾ
ਮਾਰ੍ਹੇ ਏ ਜਨਮ ਪਰ ਫੋੜੀ ਠੀਕਰੀ
ਬੀਰੇ ਵਾਰੀ ਅੰਮਾਂ ਬਜਾਵੇ `ਤੀ ਥਾਲੀ
ਦਾਦਾ ਬੀ ਰੋਇਆ ਦਾਦੀ ਬੀ ਰੋਈ
ਪਿੱਠ ਕਰ ਕੇ ਸੋ ਗੀ ਜੰਮਣ ਵਾਲੀ
ਬਾਪ ਕੀ ਪਗੜੀ ਕਾ ਸਮਲਾ ਗਿਰ ਗਿਆ
ਪੈ ਗੀ ਨੇ੍ਹਰ ਗਬਾਰ ਰਾਤ ਕਾਲੀ
ਮੈਂ ਪਲ ਕੁ ਰੁਕ ਕੇ ਸਵਰਨੀ ਦੇ ਮੂੰਹ ਵੱਲ ਤੱਕਿਆ---ਉਸ ਦੀਆਂ ਅੱਖਾਂ `ਚ ਨਮੀ ਸੀ---ਮੈਂ ਅੱਗੇ ਬੋਲੀ---
“ਸਵਰਨੀ ਮੈਂ ਤਾਂ ਧੀਆਂ ਨਾਲ ਬਹੁਤ ਜੁਲਮ ਹੁੰਦੇ ਦੇਖੇ ਨੇ---ਸਾਡੇ ਪਿੰਡਾਂ ਕੰਨੀ ਲੋਕ ਧੀਆਂ ਨਾਲ ਐਨਾ ਜੁਲਮ ਕਰਦੇ ਸੀਗੇ ਬਈ ਨਵਜੰਮੀ ਕੁੜੀ ਨੂੰ ਅਫੀਮ ਦੀ ਗੁੜ੍ਹਤੀ ਦੇ ਕੇ ਮਾਰ ਦਿੰਦੇ ਨੇ---ਤੂੰ ਸੱਚ ਨੀ ਮੰਨਣਾ---ਲੋਕੀਂ ਤਾਂ ਨਵ ਜੰਮੀ ਬੱਚੀ ਦੇ ਗਲ ਉਤੇ ਜੱਚਾ ਦੇ ਮੰਜੇ ਦਾ ਪਾਵਾ ਰੱਖ ਕੇ ਉਹਨੂੰ ਜਬਰਦਸਤੀ ਮੰਜੇ ਤੇ ਬਿਠਾਉਂਦੇ ਨੇ---ਤਾਂ ਜੋ ਭਾਰ ਨਾਲ ਬੱਚੀ ਦਮ ਘੁੱਟ ਕੇ ਮਰ ਜਾਏ---ਲੋਕਾਂ ਦੀ ਇਸ ਘ੍ਰਿਣਤ ਕਾਰਜ ਪਿੱਛੇ ਧਾਰਣਾ ਵੀ ਬੜੀ ਅਜੀਬ ਹੈ ---ਉਹ ਆਖਦੇ ਨੇ ਕਿ ਜੱਚਾ ਨੂੰ ਛਿਲੇ ਵਿੱਚ ਕੋਈ ਪੁੰਨ ਪਾਪ ਨਹੀਂ ਲਗਦਾ---ਚਿਤਰ ਗੁਪਤ ਸੂਤਕ ਪਾਤਕ ਸਦਕਾ ਉਹਦੇ ਮੋਢਿਆਂ ਉਤੇ ਨਹੀਂ ਬੈਠਦੇ---ਸੋ ਚਾਲੀ ਦਿਨ ਜੱਚਾ ਦਾ ਕੋਈ ਵੀ ਕਰਮ ਉਹਦੇ ਲੇਖੇ `ਚ ਨਹੀਂ ਲਿਖਿਆ ਜਾਂਦਾ---ਇਸ ਕਰ ਕੇ ਬੱਚੀ ਨੂੰ ਮਾਰਨ ਦਾ ਪਾਪ ਵੀ ਮਾਂ ਨੂੰ ਨਹੀਂ ਲੱਗਣਾ---"
ਕੰਨਾਂ ਤੇ ਹੱਥ ਧਰ ਕੇ ਸਵਰਨੀ ਨੇ ਕਸੀਸ ਵੱਟੀ---ਇੱਕ ਧੁੜਧੁੜੀ ਲਈ---ਤੇ ਫੇਰ ਵਾਹੋਦਾਹੀ ਕੁੜੀ ਨੂੰ ਚੱਕ ਕੇ ਆਪਣੇ ਨਾਲ ਘੁੱਟਿਆ।
“ਸਵਰਨੀ---ਫੇਰ ਕੁੜੀ ਦੀ ਮੌਤ ਉਤੇ ਕੀਰਨੇ ਵੀ ਕੁਸ ਇਸ ਤਰ੍ਹਾਂ ਦੇ ਪਾਏ ਜਾਂਦੇ ਨੇ ਕਿ ਤੂੰ ਸੁਣ ਕੇ ਹੈਰਾਨ ਹੋਵੇਗੀ---ਲੈ ਇੱਕ ਕੀਰਨਾ ਸੁਣ"
ਤੂੰ ਮੁੜ ਕੇ ਨਾ ਆਈਂ ਧੀਏ ਲਾਡਲੀਏ
ਨਿੱਕੇ ਬੀਰ ਨੂੰ ਭੇਜੀਂ ਧੀਏ ਲਾਡਲੀਏ
ਉਹਦੀ ਭੂਆ ਲਿਆਵੇ ਕੰਗਣੇ ਧੀਏ ਲਾਡਲੀਏ
ਉਹਦੀ ਨਾਨੀ ਲਿਆਵੇ ਪਾਲਣੇ ਧੀਏ ਲਾਡਲੀਏ
ਸਵਰਨੀਏ ਤੂੰ ਧੀਆਂ ਦੇ ਰੁਦਨ ਸੁਣਦੀ ਕਮਲੀ ਹੋ `ਜੇਂਗੀ---ਫੇਰ ਲੋਕ ਅਫੀਮ ਦੀ ਗੁੜ੍ਹਤੀ ਦੇ ਕੇ ਮਾਰੀਆਂ ਏਹਨਾਂ ਧੀਆਂ ਨੂੰ ਚਾਟੀ ਵਿੱਚ ਪਾ ਕੇੇ ਦੱਬ ਆਉਂਦੇ ਨੇ---ਚਾਟੀ ਦਾ ਮੂੰਹ ਮਾਂਹ ਦੇ ਆਟੇ ਨਾਲ ਚੰਗੀ ਪੀਢੀ ਤਰਾਂ ਬੰਦ ਕਰ ਦਿੰਦੇ ਨੇ---ਤਾਂ ਜੋ ਕੋਈ ਕੁੱਤਾ ਬਿੱਲਾ ਧੀ ਨੂੰ ਕੱਢ ਕੇ ਖਾ ਈ ਨਾ ਜਾਵੇ---ਫੇਰ ਉਹ ਇਸ ਚਾਟੀ ਦੱਬੀ ਥਾਂ ਉਤੇ ਢੀਖਰੀਆਂ ਧਰ ਦਿੰਦੇ ਨੇ---ਇਸ ਪਿੱਛੇ ਵੀ ਘਰ ਦੇ ਤਰਕ ਦਿੰਦੇ ਨੇ ਬਈ ਇਸ ਤਰ੍ਹਾਂ ਕਰਨ ਨਾਲ ਕੁੱਤੇ ਬਿੱਲਿਆਂ ਤੋਂ ਬਚਾਅ ਰਹਿੰਦਾ ਐ ---ਬਈ ਜਦੋਂ ਤੁਸੀਂ ਧੀ ਹੱਥੀ ਮਾਰ ਦਿੱਤੀ ਤਾਂ ਹੁਣ ਇਸ ਨੂੰ ਕੁੱਤੇ ਬਿੱਲੇ ਖਾਣ ਜਾਂ ਕਾਂ ਗਿਰਝਾਂ---ਥੋਨੂੰ ਕੀ ਫਰਕ ਪੈਂਦਾ ਹੈ ---ਸਵਰਨੀ, ਲੋਕ ਚਾਟੀ `ਚ ਪੂਣੀ ਅਤੇ ਗੁੜ ਵੀ ਰੱਖ ਆਉਂਦੇ ਨੇ ਤੇ ਧੀ ਦੱਬਣ ਵੇਲੇ ਆਖਦੇ ਨੇ ਬਈ ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ ਬੀਰੇ ਨੂੰ ਘੱਤੀਂ---ਤੇ ਦੂਜੇ ਪਾਸੇ ਪੁੱਤ ਦਾ ਜਨਮ ਘਰ ਦੇ ਜੀਆਂ ਨੂੰ ਐਸੀ ਖੁਸ਼ੀ ਦਿੰਦਾ ਹੈ ਕਿ ਉਹਨਾਂ ਦੀ ਅੱਡੀ ਜਮੀਨ ਤੇ ਨਹੀਂ ਲਗਦੀ---ਲਾਗੀਆਂ ਤੇ ਦਾਈਆਂ ਮਾਈਆਂ ਨੂੰ ਬਣਦਾ ਨੇਗ ਦਿੱਤਾ ਜਾਦਾ ਐ---ਪੁੱਤ ਜਨਮ ਨਾਲ ਮਾਂ ਦੀ ਵੀ ਘਰ ਵਿੱਚ ਕਦਰ ਵਧ ਗਈ---ਉਹ ਸਹੁਰਿਆਂ ਦੇ ਘਰ ਦੀ ਤਿਲਕਣ ਬਾਜੀ `ਚ ਪੱਕੇ ਪੈਰੀਂ ਖੜੋਅ ਗਈ---ਪੁੱਤਰ ਜਨਮ ਸਮੇਂ ਮਰਾਸੀ ਤੇ ਲਾਗੀ ਗਾਉਂਦੇ ਨੇ,
ਜੈਸਾ ਰੰਗ ਬਰਸਿਆ ਅੱਜ ਬਾਬੇ ਦੁਆਰੇ
ਐਸਾ ਰੰਗ ਬਰਸੇ ਸਾਲ ਦਰ ਸਾਲ
ਰੱਜ ਰੱਜ ਬਾਬਾ ਭੇਲੀਆਂ ਵੰਡਦਾ
ਜਗ ਮੋਤੀਆਂ ਦੇ ਕਰਦਾ ਹੈ ਦਾਨ
ਇੱਕੀ ਰੁਪਈਏ ਸੂਟ ਚਿਕਨਾਂ ਦੇ
ਮੋਹਰਾਂ ਦਿੰਦਾ ਧਰ ਧਰ ਚਾਰ
ਸਵਰਨੀ ਘਰ ਦੇ ਵੀ ਗਾਉਂਦੇ ਨੇ ਬਈ,
ਪੁੱਤ ਜੰਮੇ ਤੋਂ ਹੋਈ ਰੁਸਨਾਈ
ਗਿੱਠ ਗਿੱਠ ਵਧੇ ਚੌਂਤਰੇ
ਦੇਖ ਇਹ ਫਰਕ ਐ ਮੁੰਡੇ ਤੇ ਕੁੜੀ `ਚ---ਸਵਰਨੀਏ ਕੀ ਕੀ ਦੱਸਾ---ਧੀਆਂ ਦੀ ਦੁਰਗਤੀ ਲਿਖਦਿਆਂ ਸਮੁੰਦਰਾਂ ਦੇ ਪਾਣੀ ਖਤਮ ਹੋ ਜਾਣਗੇ ਤੇ ਸਾਰੀ ਧਰਤੀ ਭਰ ਜੂ ਪਰ ਧੀਆਂ ਦੇ ਦੁੱਖੜੇ ਨੀ ਮੁੱਕਣੇ---"
ਐਨੀ ਲੰਮੀ ਗਾਥਾ ਸੁਣ ਕੇ ਸਵਰਨੀ ਬੋਲੀ,
“ਮਾਸੀ ਤੂੰ ਤਾਂ ਬਹੁਤ ਗਿਆਨਣ ਐਂ---ਐਨਾ ਗਿਆਨ ਤਾਂ ਸੰਤਾਂ ਮਹਾਤਮਾਵਾਂ ਕੋਲੇ ਹੁੰਦੈ ---ਮਾਸੀ ਤੂੰ ਦਸ ਪਾਸ ਐਂ---ਸ਼ਾਇਦ ਏਸ ਕਰਕੇ ਤੈਨੂੰ ਐਨਾ ਚਾਨਣ ਐ ---"
“ਨਹੀਂ ਸਵਰਨੀ---ਮੈਂ ਜ਼ਿੰਦਗ਼ੀ `ਚ ਐਨੇ ਉਤਾਰ ਚੜ੍ਹਾਅ ਦੇਖ ਲਏ---ਤੇ ਹਰ ਵਾਰੀ ਜ਼ਿੰਦਗ਼ੀ ਦੀ ਬਾਜੀ ਹਾਰ ਕੇ ਦੇਖ ਲਈ---ਤਾਂ ਕਰਕੇ ਬੰਦੇ ਨੂੰ ਗਿਆਨ ਹੋ ਜਾਂਦੈ ---"
ਰਾਤ ਦਾ ਇੱਕ ਵੱਜ ਗਿਆ ਹੋਣਾ ਐ ---ਮੈਨੂੰ ਵੀ ਜ਼ਿੰਦਗ਼ੀ `ਚ ਪਹਿਲੀ ਵਾਰੀ ਕੋਈ ਕਦਰਦਾਨ ਸਰੋਤਾ ਮਿਲਿਆ ਸੀ---ਕੁੱਝ ਬਸੰਤੀ ਦਾਈ ਨੇ ਮੈਨੂੰ ਬਹੁਤ ਕਥਾ ਕਹਾਣੀਆਂ ਸੁਣਾ ਰੱਖੀਆਂ ਸਨ ਤੇ ਕੁੱਝ ਹੈੱਡ ਮਾਸਟਰ ਜੀ ਨੇ ਗਿਆਨ ਦਿੱਤਾ ਹੋਇਆ ਸੀ ਤੇ ਕੁੱਝ ਗਿਆਨ ਜ਼ਿੰਦਗ਼ੀ ਦੀਆਂ ਤਲਖੀਆਂ ਵੀ ਦੇ ਗਈਆਂ ਸਨ---ਇਹ ਤਾਂ ਪਤਾ ਨੀ ਸਵਰਨੀ ਕਿਵੇਂ ਮੇਰੇ ਅੰਦਰ ਝਾਕ ਲੈਂਦੀ ਸੀ ਤੇ ਮੇਰੇ ਗੁਣਾਂ ਦੀ ਕਦਰ ਕਰਦੀ ਸੀ---ਨਹੀਂ ਤਾਂ ਜ਼ਿੰਦਗ਼ੀ `ਚ ਕਿਸੇ ਨੇ ਮੈਨੂੰ ਗੌਲਿਆ ਹੀ ਨਹੀਂ---
“ਮਾਸੀ ਲੋਕ ਪੁੱਤਾਂ ਪਿੱਛੇ ਐਨੇ ਪਾਗਲ ਕਿਉਂ ਹੋਏ ਪਏ ਨੇ?"
ਮੈਂ ਹੱਸ ਪਈ---ਥੋੜੀ ਦੇਰ ਚੁੱਪ ਰਹੀ---ਉਸ ਦਿਨ ਇਹ ਸਾਰਾ ਗਿਆਨ ਜਾਂ ਕਹਿ ਲਓ ਗੁੱਭ ਗੁਲਾਟ ਮੋਲੋ ਮੱਲੀ ਮੇਰੇ ਅੰਦਰੋਂ ਨਿਕਲ ਕਿਹਾ ਸੀ---ਸ਼ਾਇਦ ਪਹਿਲੀ ਵਾਰੀ ਕੋਈ ਸ਼ਕਸ ਧਿਆਨ ਨਾਲ ਮੇਰੀ ਗੱਲ ਸੁਣ ਰਿਹਾ ਸੀ---ਮੈਂ ਸਵਰਨੀ ਵੱਲ ਤੱਕਦਿਆਂ ਜਵਾਬ ਦਿੱਤਾ,
“ਸਵਰਨੋ, ਪੁੱਤਾਂ ਨਾਲ ਇੱਕ ਬਹੁਤ ਹੀ ਗਲਤ ਧਾਰਣਾ ਪ੍ਰਸਤੁਤ ਕਰਨ ਵਾਲੀ ਮਿੱਥ ਜੁੜੀ ਹੋਈ ਹੈ ---ਮਿਥਿਹਾਸਕ ਕਥਾ ਕਹਾਣੀਆਂ ਤੇ ਚਲਾਕ ਲੋਕਾਂ ਵੱਲੋਂ ਸਥਾਪਤ ਕੀਤੀਆਂ ਗਈਆ ਨਰਕ ਸਵਰਗ ਦੀਆਂ ਕਲਪਤ ਕਹਾਣੀਆਂ ਅਤੇ ਸਵਰਗਾਂ ਨਰਕਾਂ ਦਾ ਦਿਲ ਦਹਿਲਾਅ ਦੇਣ ਵਾਲਾ ਭਰਮ ਜਾਣ---ਇਹ ਸਭ ਕੁੱਝ ਆਦਮੀ ਲਈ ਬਹੁਤ ਡਰਾਉਣ ਹੁੰਦਾ ਹੈ ---ਉਂਝ ਕਿਸੇ ਨੇ ਸਵਰਗ ਨਰਕ ਦੇਖ ਕੇ ਮੁੜ ਆ ਕੇ ਦੱਸਿਆ ਤਾਂ ਨਹੀਂ ਪਰ ਲੋਕੀਂ ਅੰਧ ਵਿਸ਼ਵਾਸ਼ ਦੇ ਮਾਰੇ ਸੁਰਗਾਂ ਨਰਕਾਂ ਵਿੱਚ ਪੱਕਾ ਭਰੋਸਾ ਰੱਖਦੇ ਨੇ---ਸਵਰਨੀ ਬਹੁਤ ਸਾਰੇ ਬਾਕੀ ਨਰਕਾਂ ਦ ਨਾਲ ਨਾਲ ਇਹਨਾਂ ਚਲਾਕ ਲੋਕਾਂ ਨੇ ਇੱਕ ਪੂ ਨਾਮਕ ਨਰਕ ਦੀ ਹੋਂਦ ਦੀ ਵੀ ਕਲਪਨਾ ਕਰ ਲਈ---ਤੇ ਇਸ ਪੂ ਨਰਕ ਦੇ ਭਿਆਨਕ ਦ੍ਰਿਸ਼ ਚਿੱਤਰ ਕੇ ਲੋਕਾਂ ਦੇ ਮਨ ਵਿੱਚ ਦਹਿਸ਼ਤ ਬਿਠਾ ਦਿੱਤੀ---ਇਸ ਨਰਕ ਨੂੰ ਤਰਨ ਲਈ ਬੰਦੇ ਕੋਲ ਪੁੱਤਰ ਹੋਣਾ ਲਾਜ਼ਮੀ ਦੱਸਿਆ ਗਿਆ---ਪੁੱਤਰ ਦੇ ਸ਼ਾਬਦਿਕ ਅਰਥ ਵੀ ਪੂ ਨਰਕ ਨੂੰ ਤਾਰ ਦੇਣ ਵਾਲੇ ਤੋ਼ ਭਾਵ ਪੁੱਤਰ ਤੋਂ ਲਏ ਗਏ---ਪੁੱਤਰ ਮਤਲਬ ਮਾਂ ਬਾਪ ਨੂੰ ਪੂ ਨਰਕ ਤੋਂ ਤਾਰ ਦੇਣ ਵਾਲਾ---ਭਾਵ ਪਾਰ ਲੰਘਾ ਦੇਣ ਵਾਲਾ ਜਹਾਜ---ਹਿੰਦੂ ਧਾਰਮਿਕ ਗ੍ਰੰਥਾਂ ਅਨੁਸਾਰ ਬਿਨਾਂ ਪੁੱਤਰ ਦੇ ਮਾਪਿਆ ਦੀ ਮਰਨਬਾਦ ਪ੍ਰਲੋਕ ਵਿੱਚ ਗਤੀ ਮੁਕਤੀ ਨਹੀਂ ਹੁੰਦੀ---ਉਹ ਭਟਕਦੇ ਰਹਿੰਦੀ ਅਂੈ ---ਪਿਆਸੇ ਤਿਆਹੇ ਉਹ ਅਵਾਜਾਰ ਹੋਏ ਘੁੰਮਦੇ ਨੇ ---ਉਹਨਾਂ ਨੂੰ ਮੁਕਤ ਕਰਨ ਲਈ ਪੁੱਤ ਦਾ ਹੋਣਾ ਜਰੂਰੀ ਹੁੰਦਾ ਹੈ ਜਿਹੜਾ ਉਹਨਾਂ ਦੇ ਮਰਨ ਬਾਦ ਕਿਰਿਆ ਕਲਾਪ ਕਰ ਕੇ, ਸ਼ਰਾਧ ਪਾ ਕੇ ਤੇ ਪਿੰਡ ਦਾਨ ਕਰਾ ਕੇ ਉਹਨਾਂ ਨੂੰ ਮੁਕਤੀ ਦਿਵਾ ਸਕੇ---ਪੁੱਤ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ “ਪੂ" ਨਾਮਕ ਘੋਰ ਨਰਕ ਵਿੱਚ ਸਿੱਟਿਆ ਜਾਂਦਾ ਹੈ ---ਤੇ ਪੁੱਤਰਾਂ ਵਾਲੇ ਹੀ ਇਸ ਨਰਕ ਤੋ ਪਾਰ ਜਾ ਸਕਦੇ ਨੇ---ਫੇਰ ਸਵਰਨੀ ਇਹਨਾਂ ਧਾਰਮਿਕ ਗ੍ਰੰਥਾਂ ਵਿੱਚ ਪੰਡਤਾਂ ਨੇ ਆਪਣੀ ਰੋਜੀ ਰੋਟੀ ਚਲਾਉਣ ਲਈ ਕਈ ਮਨ ਘੜੰਤ ਕਹਾਣੀਆਂ ਘੜ ਕੇ ਬੰਦੇ ਦੇ ਮਨ ਵਿੱਚ ਦਹਿਸ਼ਤ ਭਰ ਦਿੱਤੀ---ਇਹਨਾਂ ਨੇ ਆਪਣੀ ਮਨੋਰਥ ਸਿੱਧੀ ਲਈ ਤਿੰਨ ਤਰ੍ਹਾਂ ਦੇ ਰਿਣਾਂ ਦਾ ਜਾਲ ਬੁਣ ਦਿੱਤਾ ਜਿਹਨਾਂ ਵਿਚੋਂ ਬੰਦੇ ਉਤੇ ਇੱਕ ਰਿਣ ਪਿੱਤਰਾਂ ਦਾ ਵੀ ਦੱਸਿਆ---ਹੁਣ ਬਿਨ੍ਹਾਂ ਪੁੱਤ ਦੇ ਸਾਡੇ ਸਮਾਜ ਵਿੱਚ ਪਿੱਤਰਾਂ ਨਮਿੱਤ ਅਨੁਸਠਾਨ ਨਾ ਹੋਣ ਦੀ ਹੈਸੀਅਤ ਵਿੱਚ ਨਿਪੁੱਤਰੇ ਲੋਕ ਪਿੱਤਰੀ ਰਿਣ ਉਤਾਰ ਕੇ ਨਹੀਂ ਮਰਦੇ---ਤੇ ਇਹ ਕਰਜ਼ਾ ਉਹਨਾਂ ਦੇ ਮਰਨ ਬਾਦ ਨਾਲ ਹੀ ਚਲਿਆ ਜਾਂਦੈ ---ਫੇਰ ਮਰਨ ਬਾਦ ਪਿੱਤਰ ਆਪਣੇ ਕਰਜ਼ਾਈ ਬੰਦੇ ਨੂੰ ਮੂੰਹ ਨੀ ਲਾਉਂਦੇ---ਏਸ ਲਈ ਇਹਨਾਂ ਪਖੰਡੀ ਬਾਹਮਣਾਂ ਨੇ ਇਹ ਕਥਾ ਕਹਾਣੀਆਂ ਘੜ ਕੇ ਔਰਤ ਦਾ ਸੋਸ਼ਣ ਹੀ ਨਹੀਂ ਕੀਤਾ ਸਗੋਂ ਘੋਰ ਅਪਮਾਨ ਵੀ ਕੀਤਾ ਐ ---ਤੂੰ ਵਿਡੰਬਨਾ ਦੇਖ ਸਵਰਨੀਏ! ਪੁੱਤ ਦੀ ਅਹਿਮੀਅਤ ਨੂੰ ਵਧਾਉਂਦੇ ਹੋਏ ਇਹ ਧਾਰਮਿਕ ਗ੍ਰੰਥ ਪਿੱਤਰਾਂ ਦੀ ਪੂਜਾ ਸਿਰਫ਼ਪੁੱਤਾਂ ਦੇ ਹੱਥੋਂ ਹੀ ਪ੍ਰਵਾਨ ਹੋਈ ਦਰਸਾਉਂਦੇ ਨੇ---ਧੀਆਂ ਤਾਂ ਬਗਾਨਾ ਧਨ ਨੇ---ਉਹ ਪੁੱਤਾਂ ਵਾਂਗ ਮਾਂ ਬਾਪ ਦੇ ਖੂਨ ਚੋਂ ਜਨਮ ਲੈਣ ਦੇ ਬਾਵਜੂਦ ਬਗਾਨਾ ਧਨ ਨੇ---ਸੋ ਪੂ ਨਰਕ ਤੋਂ ਤਾਰਨ ਵਾਲੇ ਪੁੱਤ ਦੀ ਮਹਿਮਾ ਵਧਾਉਂਦੇ ਆਹ ਗੀਤ ਸੁਣ,
ਪੂ ਨਰਕ ਤੋਂ ਉਹ ਤਰ ਗਿਆ
ਜਿਸ ਪਿੱਤਰ ਲਏ ਧਿਆ
ਪੁੱਤਾਂ ਦੀਆਂ ਜੰਮ ਕੇ ਜੋੜੀਆਂ
ਨਰਕਾਂ ਤੋਂ ਪਾਰ ਗਿਆ
ਪੂ ਨਰਕ ਅੱਤ ਡਰਾਵਣਾ
ਡੂੰਘਾ ਅਨੰਤ ਅਸਗਾਹ
ਪੁੱਤਰਾਂ ਵਾਲੇ ਤਰ ਜਾਣਗੇ
ਨਪੁੱਤੇ ਸੜਨਗੇ ਅਗਨ ਦਾਹ
ਪੂ ਨਰਕ ਨੂੰ ਤਰ ਜਾਵੇ
ਬੰਦੇ ਦੀ ਕੀ ਮਜਾਲ
ਪੁੱਤ ਹੋਵੇ ਤਾਂ ਪਾਰ ਲੰਘਾਵੇ
ਪੁੱਤ ਬਿਨ ਕੌਣ ਲੰਘਾਵੇ ਪਾਰ
ਕਿਰਿਆ ਕਰਮ ਸ਼ਰਾਧ ਪਿੰਡ ਦਾਨ
ਇਹ ਪੁੱਤਾਂ ਹੱਥੋਂ ਪਰਵਾਨ
ਧੰਨ ਸਪੁੱਤੜੇ ਲੋਕ
ਪੁੱਤਰਾਂ ਦੇਣਾ ਪਾਰ ਉਤਾਰ
ਸਵਰਨੀ---ਪੁੱਤਾਂ ਦੀ ਮਹਿਮਾ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਗਾਈ ਮਿਲਦੀ ਐ ---ਅਜੇ ਧੀ ਨੂੰ ਪੁੱਤ ਬਰਾਬਰ ਸਮਝਣ ਵਿੱਚ ਬਹੁਤ ਸਮਾਂ ਲੱਗੂਗਾ---ਸਾਡੇ ਲੋਕ ਗੀਤ ਵੀ ਪੁੱਤ ਦੀ ਮਹਿਮਾ ਗਾਉਂਦੇ ਨੇ, ਔਰਤਾਂ ਖੁਦ ਮਰਦ ਦੀ ਸਰਦਾਰੀ ਮੰਨਦੀਆਂ ਨੇ,
ਇੱਕ ਲੱਖ ਤਾਰਾਂ ਸਿੰਘ ਜੀ ਦੋ ਲੱਖ ਤਾਰਾਂ
ਜਿੰਦ ਬੀ ਦੇ ਦਿਆਂ ਬਿਨ ਮੋਲ ਜੀ---
ਹੱਟੀ ਬਿਕਦਾ ਇੱਕ ਪੁੱਤ ਲਿਆ ਦੇ
ਮੇਰੇ ਭੂੰਜੇ ਨਾਂ ਸਿੱਟੀਂ ਬੋਲ ਜੀ---
ਹੱਟੀ ਤੇ ਨਾਜੋ ਕੁੱਲ ਸੌਦਾ ਬਿਕਦਾ
ਮੈਂ ਘੁੰਮ ਲਿਆ ਸ਼ਹਿਰ ਬਜਾਰੀ ਨੀ---
ਪੁੱਤ ਨਾ ਮਿਲਦੇ ਹੋਟਾਂ ਤੇ ਬਿਕਦੇ
ਇਹ ਤਾਂ ਮਿਲਦੇ ਨੇ ਕਰਮਾਂ ਸਾਰੀ ਨੀ---
ਬਜਾਜੀ ਦੀ ਹੱਟ ਪਰ ਕੱਪੜਾ ਮਿਲਦਾ
ਸਨਿਆਰੇ ਦੀ ਹੱਟ ਪਰ ਹਾਰ ਵੇ
ਕਿਹੜੀ ਹੱਟ ਪਰ ਪੁੱਤ ਮੁੱਲ ਬਿਕਦੇ
ਫਿਰਾਂ ਪੁੱਛਦੀ ਲਹੌਰ ਬਾਜਾਰ ਵੇ
ਖੇਤ ਖਲਿਆਨ `ਚ ਫਸਲਾਂ ਉਗਦੀਆਂ
ਬਾਗੀਂ ਲਗਦੇ ਨੇ ਅੰਬ ਅਨਾਰ ਜੀ
ਕਿਹੜੀ ਹੱਟੀ ਪੁੱਤ ਮੁੱਲ ਵਿਕਦੇ
ਫਿਰਾਂ ਪੁੱਛਦੀ ਲਾਹੌਰ ਦੇ ਬਜਾਰ ਜੀ
ਹੁਣ ਤੈਨੂੰ ਸਮਝ ਆਈ ਬਈ ਲੋਕ ਪੁੱਤਾਂ ਲਈ ਕਿਉਂ ਪਾਗਲ ਹੋਏ ਵੇ ਨੇ---"
“ਮਾਸੀ ਫੇਰ ਜੇ ਆਪਾਂ ਮੰਨ ਵੀ ਲਈਏ ਕਿ ਕਿਸੇ ਪੂ ਨਰਕ ਨੂੰ ਤਾਰਨ ਲਈ ਪੁੱਤ ਦਾ ਹੋਣਾ ਲਾਜਮੀ ਐਂ ਤਾਂ ਫੇਰ ਪੁੱਤ ਆਪਣਾਂ ਜੰਮਿਆ ਹੋਣਾ ਚਾਹੀਦੈ---ਮਾਸੀ ਇੱਕ ਗੱਲ ਦੱਸ ਜੇ ਤੀਵੀਂ ਦੀ ਕੁੱਖੋਂ ਤਾਂ ਪੁੱਤ ਪੈਦਾ ਹੋ ਜਾਏ ਪਰ ਇਹ ਉਸ ਦੇ ਪਤੀ ਦਾ ਨਾ ਹੋਵੇ---ਮਤਲਬ ਕਿਸੇ ਹੋਰ ਦੇ ਸਬੰਧਾਂ ਤੋਂ ਪੈਦਾ ਹੋਇਆ ਹੋਵੇ ਤਾਂ ਵੀ ਉਹ ਆਪਣੇ ਬਾਪ ਨੂੰ ਇਸ ਨਰਕ ਤੋਂ ਪਾਰ ਲੰਘਾਅ ਸਕਦੈ---?"
ਮੈਨੂੰ ਸਵਰਨੀ ਦਾ ਸੁਆਲ ਬੜਾ ਸਾਰਥਕ ਲੱਗਿਆ---ਮੈਂ ਕੁੱਝ ਕੁੱਝ ਸਮਝ ਵੀ ਗਈ ਕਿ ਉਹ ਕੀ ਕਹਿ ਰਹੀ ਹੈ ਤੇ ਕਿਹੜੇ ਸ਼ੰਕੇ ਦੀ ਨਵਿਰਤੀ ਚਾਹੁੰਦੀ ਹੈ---ਉਸਦਾ ਇਹ ਸੁਆਲ ਐਨਾ ਹੀ ਪੇਚੀਦਾ ਸੀ ਜਿੰਨਾ ਕਿਸੇ ਔਰਤ ਉੱਤੇ ਸਾਧ ਸੰਤ ਦੀ ਦ੍ਰਿਸ਼ਟੀ ਮਾਤਰ ਨਾਲ ਪੁੱਤ ਦਾ ਪੈਦਾ ਹੋ ਜਾਣਾ---ਮੈਂ ਵੀ ਉਲਝ ਹੀ ਗਈ---ਪਤਾ ਨੀ ਸਮਾਜ ਵਿੱਚ ਕਿੰਨੇ ਹੀ ਪੁੱਤਰ ਅਜਿਹੇ ਹੋਣੇ ਜਿਹੜੇ ਆਪਣੇ ਪਿਤਾ ਦੁਆਰਾ ਪੈਦਾ ਨਾ ਕਰਕੇ---ਕਿਸੇ ਹੋਰ ਦੁਆਰਾ ਪੈਦਾ ਕੀਤੇ ਗਏ ਹੋਣ---ਪਰ ਉਹ ਪੁੱਤਰ ਵੀ ਸਮਾਜ ਦੀਆਂ ਨਜਰਾਂ ਵਿੱਚ ਕੁਲ ਦਾ ਦੀਪਕ ਹੈ---ਜੈਦਾਦ ਦਾ ਵਾਰਸ ਹੈ---ਅਜੀਬ ਵਿਡੰਬਨਾ ਹੈ---ਉਫ਼!
“ਮਾਸੀ ਮੈਂ ਤੈਨੂੰ ਕੁਸ ਪੁੱਛਿਆ ਐ।" ਸਵਰਨੀ ਨੇ ਮੈਨੂੰ ਚੇਤੇ ਕਰਾਇਆ।
“ਦੇਖ ਸਵਰਨੀ ਅਸੂਲਨ ਤਾਂ ਬੱਚਾ ਆਪਣੇ ਪਿਓ ਦਾ ਹੀ ਹੋਣ ਚਾਹੀਦਾ ਐ ਪਰ---ਪਰ---ਪਰ---ਪਰ ਤੂੰ ਇਹ ਸੁਆਲ ਕਿਉਂ ਪੁੱਛ ਰਹੀ ਐ---?"
“ਨਹੀਂ ਮਾਸੀ---ਮੈ ਤਾਂ ਤੈਥੋਂ ਗਿਆਨ ਲੈਣਾ ਚਾਹੰੁਦੀ ਹਾਂ---ਹੋਰ ਕੋਈ ਗੱਲ ਨਹੀਂ---" ਸਵਰਨੀ ਬਹੁਤ ਸੁਚੇਤ ਹੋ ਕੇ ਬੋਲੀ।
“ਹਾਂ ਬੱਚਾ ਆਪਣੇ ਪਿਓ ਦਾ ਹੋਵੇ ਤਾਂ ਹੀ ਉਹ ਇਹੋ ਜਿਹੇ ਅਖਾਉਤੀ ਨਰਕ ਤੋਂ ਪਿਓ ਨੂੰ ਪਾਰ ਲੰਘਾਵੇਗਾ---"ਮੈ ਡਾਵਾਡੋਲ ਹੋ ਗਈ ਸਾਂ।
“ਫੇਰ ਮਾਸੀ ਮੈ ਤਾਂ ਇਸ ਨਰਕ ਤੋਂ ਪਾਰ ਹੋ ਜੂੰ---ਪਰ ਗੁੱਡੀ ਦਾ ਭਾਪਾ---ਉਹ ਕਿਵੇਂ ਪਾਰ ਹੋਊ---ਉਹ ਤਾਂ ਨੀ ਪਾਰ ਹੋ ਸਕਦਾ---ਇਹਦਾ ਮਤਲਬ---"ਅੱਗੇ ਸਵਰਨੀ ਨੇ ਜੋ ਬੁੜਬੁੜ ਜਿਹੀ ਕੀਤੀ ਉਹ ਮੈਨੂੰ ਉੱਕਾ ਸਮਝ ਨਾ ਲੱਗੀ।
ਰਾਤ ਢਲ ਗਈ ਸੀ---ਸਵਰਨੋ ਬੁੜਬੁੜ ਕਰਦੀ ਹੀ ਗੁੱਡੀ ਦੇ ਨਾਲ ਲੇਟ ਕੇ ਸੌਂ ਗਈ---ਤੇ ਮੈਂ ਉਸ ਰਾਤ ਭੁੰਜੇ ਈ ਦੋੜਾ ਵਿਛਾ ਕੇ ਟੇਢੀ ਹੋ ਗਈ। ਅਜੇ ਅੱਖ ਲੱਗੀ ਹੀ ਸੀ ਕਿ ਗੁਰਦੁਆਰੇ ਚੋਂ ਭਾਈ ਜੀ ਦੇ ਬੋਲਣ ਦੀ ਆਵਾਜ਼ ਕੰਨੀ ਪਈ।
--ਚਲਦਾ--