33
ਮੈਂ ਤੇ ਸਵਰਨੋ ਸਾਰੀ ਰਾਤ ਗੱਲਾਂ ਕਰਦੀਆਂ ਰਹੀਆਂ---ਸਵੇਰੇ ਉਠ ਕੇ ਮੈਂ ਨਿਰੰਜਣ ਸਿੰਘ ਦੀ ਸਾਫ਼ ਸਫ਼ਾਈ ਕੀਤੀ---ਅੱਜ ਕੱਲ੍ਹ ਉਹਦੇ ਵਿਚੋਂ ਬੋਅ ਮਾਰਨ ਲੱਗ ਜਾਂਦੀ ਸੀ---ਮੈਨੂੰ ਉਸ ਨੂੰ ਬਾਰ ਬਾਰ ਪਾਸਾ ਦੁਆਉਣਾ ਪੈਂਦਾ ਸੀ ਤੇ ਬਾਰ ਬਾਰ ਪਾਉਡਰ ਲਾਉਣਾ ਪੈਂਦਾ ਸੀ ਤਾਂ ਜੋ ਪਿੱਠ ਉਤੇ ਜਖਮ ਨਾ ਹੋ ਜਾਣ---ਹੁਣ ਮੇਰਾ ਜੇਠ ਤੇ ਗੁਰਾ ਉਹਨੂੰ ਬਾਣ ਦੇ ਅਲਾਣੇ ਮੰਜੇ ਉਤੇ ਲਿਟਾ ਦਿੰਦੇ---ਮੈਂ ਉਸ ਨੂੰ ਪਏ ਪਏ ਨੂੰ ਮਲ ਮਲ ਕੇ ਨੁਹਾ ਦਿੰਦੀ---ਕੱਪੜੇ ਬਦਲ ਦਿੰਦੀ---ਫੇਰ ਦੋਵੇਂ ਜਣੇ ਉਸ ਨੂੰ ਕੋਠੜੀ `ਚ ਲਿਟਾਅ ਆਉਂਦੇ---ਹੁਣ ਉਸ ਨੂੰ ਰੋਟੀ ਖੁਆਉਣ ਲਈ ਵੀ ਮੈਨੂੰ ਬਹੁਤ ਲਟੋਪੀਂਘ ਹੋਣਾ ਪੈਂਦਾ---ਵਿਆਹ ਵੇਲੇ ਦੀ ਰੰਗੀ ਦਾਹੜੀ ਹੁਣ ਉੱਕਾ ਰੰਗ ਵਟਾਅ ਕੇ ਦੁੱਧ ਚਿੱਟੀ ਹੋ ਗਈ ਸੀ।
ਮੇਰੇ ਕੋਲੋਂ ਜਾ ਕੇ ਸਵਰਨੀ ਸ਼ਾਇਦ ਆਪਣੇ ਮੰਜੇ ਤੇ ਪੈ ਕੇ ਸੌਂ ਗਈ ਸੀ---ਮੈਨੂੰ ਦੁਪਹਿਰ ਤੱਕ ਉਹ ਨਜ਼ਰ ਨਾ ਆਈ---ਬੇਬੇ ਨੇ ਈ ਮੱਝਾਂ ਬਾਹਰ ਕੱਢੀਆਂ---ਦੁੱਧ ਚੋਇਆ ਤੇ ਰਸੋਈ ਦਾ ਆਹਰ ਪਾਹਰ ਕੀਤਾ---ਮੈਂ ਵੀ ਅੱਧਨੀਂਦੀ ਜਿਹੀ ਬੇਬੇ ਦੇ ਨਾਲ ਕੰਮੀਂ ਲੱਗੀ ਰਹੀ---
ਐਥੇ ਚਲਦੇ ਚਲਦੇ ਇੱਕ ਗੱਲ ਹੋਰ ਦੱਸ ਦਿਆਂ ਕਿ ਇਨ੍ਹੀ ਦਿਨੀ ਗੁੱਡੀ ਰਿੜ੍ਹਨ ਲੱਗ ਪਈ ਸੀ---ਉਹਦੀ ਹੁਣ ਬਹੁਤੀ ਰਾਖੀ ਕਰਨੀ ਪੈਂਦੀ---ਕਿਉਂਕਿ ਉਹ ਰਿੜ੍ਹ ਰਿੜ੍ਹ ਕੇ ਕਦੇ ਨਾਲੀ ਕੋਲ ਪਹੁੰਚ ਜਾਂਦੀ ਕਦੇ ਚੁੱਲ੍ਹੇ ਕੋਲ ਤੇ ਕਦੇ ਕਿਸੇ ਹੋਰ ਖਤਰੇ ਵਾਲੀ ਥਾਂ ਚਲੀ ਜਾਂਦੀ---ਮੈ ਉਸ ਨੂੰ ਚੱਕ ਨਹੀਂ ਸਾਂ ਸਕਦੀ ਰੇੜ੍ਹ ਕੇ ਈ ਵਾਪਸ ਲੈ ਕੇ ਆਉਂਦੀ---ਹੁਣ ਉਹ ਗੋਦੀ ਚੜ੍ਹਨ ਲਈ ਜਿੱਦ ਕਰਨ ਲੱਗ ਪਈ ਸੀ---ਮੇਰੇ ਬਿਨ੍ਹਾਂ ਉਸ ਨੂੰ ਕੋਈ ਨੇੜੇ ਨਹੀਂ ਸੀ ਲਾਉਂਦਾ---ਖੇਡ੍ਹਣਾ ਤਾਂ ਗੁੱਡੀ ਜਾਣਦੀ ਈ ਨਹੀਂ ਸੀ---ਕਿਉਂਕਿ ਕਿਸੇ ਨੇ ਇਸ ਨਾਲ ਕਦੇ ਖੇਡ੍ਹਣ ਬੋਲਣ ਦਾ ਕਸ਼ਟ ਈ ਨਹੀਂ ਸੀ ਕੀਤਾ---ਇਹ ਰਿੜ੍ਹਦੀ ਹੋਈ ਵੀ ਚਿੜ ਚਿੜ ਕਰਦੀ ਰਹਿੰਦੀ---
ਗੁੱਡੀ ਦੀ ਪਾਲਣਾ ਪੋਸ਼ਣਾ ਕਰਨਾ ਵੀ ਮੈਨੂੰ ਮਿਹਣਾ ਹੋ ਗਿਆ---ਘਰ `ਚ ਹਰ ਕੋਈ ਮੈਨੂੰ ਦੋਸ਼ ਦਿਆ ਕਰੇ ਕਿ ਗੁੱਡੀ ਨੂੰ ਮੈਂ ਚਮਲ੍ਹਾਇਐ---ਅਖੇ ਨਾ ਮਰਦੀ ਐ ਨਾ ਮਗਰੋਂ ਲਹਿੰਦੀ ਐ---ਸਾਰੀ ਉਮਰ ਨੂੰ ਦੱਧ ਲੱਗ ਗਈ---ਲੰਗੜੀ ਹੀ ਇਹਨੂੰ ਬਹੁਤਾ ਲਾਡ ਲਡਾਉਂਦੀ ਐ---ਇਹੀ ਬਹੁਤਾ ਹੇਜ ਕਰਦੀ ਐ ਇਹਦਾ---ਨਹੀਂ ਤਾਂ ਹੁਣ ਨੂੰ ਕਦੋਂ ਦੀ ਚਲਦੀ ਬਣਦੀ---ਮੈਂ ਚੁੱਪ ਈ ਰਹਿੰਦੀ---ਉਂਜ ਕਦੇ ਕਦੇ ਮੈਨੂੰ ਵੀ ਲਗਦਾ ਬਈ ਕਿਸੇ ਦੀ ਅੰਡ ਕਿਸੇ ਦੀ ਪੰਡ---ਮੈਂ ਊਈ ਆਪਣੀ ਜਾਨ ਤੇ ਬਣਾ ਰੱਖੀ ਐ---ਪਰ ਅਗਲੇ ਈ ਪਲ ਖਿਆਲ ਆਉਂਦਾ ਕਿ ਮਨਾ ਤੂੰ ਨਿਰੰਜਣ ਸਿੰਘ ਦੀ ਵੀ ਤਾਂ ਸੇਵਾ ਕਰਦੀ ਓ ਐਂ---ਇਸ ਕੁੜੀ ਦੀ ਕਰ ਲਏਂਗੀ ਤਾਂ ਕਿਹੜਾ ਤੇਰਾ ਕੁਸ ਘਸ ਜੂਗਾ---
ਉਸ ਦਿਨ ਵੀ ਕੁੜੀ ਰੀਂ ਰੀਂ ਕਰ ਰਹੀ ਸੀ---ਸਵਰਨੀ ਸਾਰੀ ਰਾਤ ਜਾਗਣ ਸਦਕਾ ਸੁੱਤੀ ਪਈ ਸੀ---ਮੇਰੀ ਸੱਸ ਬੁੜਬੁੜ ਕਰਨ ਲੱਗੀ---,
“ਚੜੇਲ `ਜੀ ਕਿੱਥੋਂ ਬਿੱਜ ਚੁੰਬੜੀ ਐ---ਮੇਰਾ ਜੁਆਕੜਾ ਜਿਹਾ ਪੋਤਾ---ਪਤਾ ਨੀ ਕਿੱਥੋ ਉਹਦੇ ਕਰਮਾਂ `ਚ ਇਹ ਬਲਾਅ ਧਰੀ ਪਈ ਸੀ---ਮਾਰ ਚੱਕ ਕੇ ਮਰਿਆੜ ਇਹਦੇ ਸਿਰ `ਚ---ਰੱਸੀ ਬਢੇ ਪਰੇ---ਰਾਂਦੜ ਜਹੀ ਰੋਣੋਂ ਈ ਨੀ ਹਟਦੀ---"
ਮੈਂ ਸੋਚ ਰਹੀ ਸਾਂ ਕਿ ਮੈਂ ਤਾਂ ਆਪਣੇ ਧਰਮੀ ਮਾਪਿਆਂ ਦੀ ਤੀਸਰੀ ਧੀ ਸਾਂ---ਇਸ ਕਰਕੇ ਮੇਰੀ ਬੇਕਦਰੀ ਸੀ---ਪਰ ਗੁੱਡੀ ਤਾਂ ਮਾਪਿਆਂ ਦੀ ਪਹਿਲੀ ਧੀ ਐ---ਇਹਦੀ ਕਿਉਂ ਘਰ `ਚ ਐਨੀ ਬੇਕਦਰੀ ਹੋ ਰਹੀ ਐ---ਸ਼ਾਇਦ ਲੋਕਾਂ ਨੂੰ ਕੁੜੀ ਦੀ ਲੋੜ ਈ ਹੈ ਨੀ---ਧੀ ਕਿਸੇ ਨੂੰ ਚਾਹੀਦੀ ਹੀ ਨਹੀਂ ਹੁੰਦੀ---ਇਹ ਧੱਕੇ ਨਾਲ ਆ ਵੜਿਆ ਮਨਹੂਸ ਜੀਵ ਹੁੰਦੀ ਹੈ---ਕੁੜੀ ਦੇ ਨਾਂ ਤੋਂ ਈ ਲੋਕ ਡਰਦੇ ਨੇ---ਪਰ ਉਹ ਕਿਉਂ ਨੀ ਸਮਝਦੇ ਕਿ ਜੇ ਧੀ ਨਾ ਹੋਵੇਗੀ ਤਾਂ ਨੂੰਹ ਕਿੱਥੋਂ ਆਵੇਗੀ---ਮੈਂ ਆਪਣੇ ਖਿ਼ਆਲਾਂ `ਚ ਖੋਈ ਹੋਈ ਸਾਂ---ਮੇਰੀ ਸੱਸ ਨੇ ਮੇਰਾ ਧਿਆਨ ਮੋੜਿਆ,
“ਅੱਜ ਇਹਦੀ ਮਾਂ ਸੁੱਤੀ ਈ ਪਈ ਐ ਹੁਣ ਤੱਕ---ਕਹਿੰਦੀ ਤਬੀਤ ਠੀਕ ਨੀ---ਅਖੇ ਨੀਂਦ ਨੀ ਆਈ ਸਾਰੀ ਰਾਤ---ਸਿਰ ਜਾ ਦੁਖਦਾ ਰਿਹਾ---ਏਸ ਹਾਲ `ਚ ਤਾਂ ਤਬੀਤ ਖਰਾਬ ਹੁੰਦੀ ਈ ਐ---"
“ਹੈਂ---ਹਾਂ---ਹੈਂਅ---ਹਾਂਅ---ਕਹਿੰਦੀ ਤਾਂ ਸੀਗੀ---ਅਖੇ ਸਿਰ ਦੁਖਦਾ ਰਿਹਾ ਸਾਰੀ ਰਾਤ---" ਮੈਂ ਅੱਭੜਵਾਹੇ ਜਵਾਬ ਦਿੱਤਾ---ਮੈਂ ਬੇਬੇ ਨੂੰ ਇਹ ਨਹੀਂ ਦੱਸਿਆ ਕਿ ਅਸੀਂ ਦੋਵੇਂ ਸਾਰੀ ਰਾਤ ਦੁਖ ਸੁਖ ਫਰੋਲਦੀਆਂ ਰਹੀਆਂ---ਪਤਾ ਨੀ ਇਸ ਗੱਲ ਦਾ ਵੀ ਉਹ ਕੀ ਉਲਟਾ ਸਿੱਧਾ ਮਤਲਬ ਕੱਢ ਲਵੇ---ਕਿਉਂਕਿ ਘਰਦਿਆਂ ਨੂੰ ਮੇਰੇ ਖਿਲਾਫ ਬੋਲਣ ਦਾ ਮੌਕਾ ਚਾਹੀਦਾ ਸੀ।
ਮੈਂ ਗੁੱਡੀ ਨੂੰ ਧਿਆਨੇ ਲਾਉਣ ਲਈ ਚਿਮਟਾ ਖੜਕਾਅ ਰਹੀ ਸਾਂ---ਗੁੱਡੀ ਵੀ ਧਿਆਨੇ ਲੱਗ ਗਈ ਸੀ---ਪਤਾ ਨੀ ਕਿਹੜੇ ਕਾਲ ਭਾਗ ਨੂੰ ਗੁਰਾ ਬਾਹਰੋਂ ਚਰ੍ਹੀ ਦੀ ਪੰਡ ਚੁੱਕੀ ਆਇਆ---ਉਸ ਨੇ ਚਰ੍ਹੀ ਦੀ ਪੰਡ ਟੋਕਾ ਮਸ਼ੀਨ ਕੋਣ ਸਿੱਟਦਿਆਂ ਕਿਹਾ,
“ਲੈ ਬਈ---ਹੁਣ ਘਰ `ਚ ਚਿਮਟੇ ਖੜਕਾਉਣ ਦੀ ਕਸਰ ਬਾਕੀ ਰਹਿ ਗਈ ਸੀ---ਅੱਜ ਉਹ ਵੀ ਪੂਰੀ ਹੋ ਗਈ---ਚਿਮਟੇ ਖੜਕਾਉਣੇ ਤਾਂ ਉਈਂ ਬਦਸ਼ਗਨੀ ਹੁੰਦੀ
ਐ---ਕਹਿੰਦੇ ਘਰ ਦੇ ਜੀਅ ਚਿਮਟੇ ਵਾਂਗ ਇੱਕ ਦੂਜੇ ਨਾਲ ਖੜਕਦੇ ਰਹਿੰਦੇ ਨੇ---ਤੇ ਉਹਨਾਂ ਦੇ ਪਿਆਰ ਵਿੱਚ ਫਿੱਕ ਪੈ ਜਾਂਦੀ ਐ---ਨਾਲੇ ਘਰ `ਚ ਕੰਗਾਲੀ ਆ ਜਾਂਦੀ ਐ---"ਫੇਰ ਉਹ ਇਕ ਦਮ ਗੁੱਡੀ ਨੂੰ ਸੰਬੋਧਤ ਹੋਇਆ,
“ਮੈਂ ਤੈਨੂੰ ਰੋਣੀ ਸੂਰਤ ਨੂੰ ਜਿਊਂਦੀ ਨੂੰ ਈ ਚਾਟੀ `ਚ ਪਾ ਕੇ ਦੱਬ ਆਉਣਾ---ਕੁੱਬੀ ਜੀ ਸਾਰਾ ਦਿਨ ਅਰ੍ਹਾਟਏ ਪਾਉਂਦੀ ਰਹੂ---ਕਦੇ ਜੁਆਕਾਂ ਵਾਂਗ ਹਸਦੀ ਖੇਡ੍ਹਦੀ ਤਾਂ ਮੈਂ ਦੇਖੀ ਏ ਨੀ---ਇੱਕ ਸ਼ਕਲ ਸੈਨ ਭੈੜੀ ਦੂਜਾ ਰੋਣੀ ਸੂਰਤ---"
ਕੁੜੀ ਸਹਿਮ ਕੇ ਮੇਰੀਆਂ ਲੱਤਾਂ `ਚ ਵੜ ਗਈ---ਮੈਂ ਕਹਿਣਾ ਚਾਹਿਆ ਕਿ ਜੇ ਤੂੰ ਇਸ ਨੂੰ ਹਸਦੀ ਖੇਡਦੀ ਦੇਖਣਾ ਚਾਹੁੰਦਾ, ਤੈਨੂੰ ਤਾਂ ਈ ਦਿਸਦੀ---ਪਰ ਮੈਂ ਕਿਹਾ ਨਾ---ਕਹਿ ਸਕਦੀ ਹੀ ਨਹੀਂ ਸਾਂ---ਗੁਰੇ ਨੇ ਜਾ ਕੇ ਸਵਰਨੋ ਨੂੰ ਉਠਾਇਆ---ਦੋਵੇਂ ਜਣੇ ਬਾਹਰ ਆਏ ਤਾਂ ਗੁਰਾ ਫੇਰ ਬੜ੍ਹਕਿਆ,
“ਪਤਾ ਨੀ ਸਾਰੀ ਰਾਤ ਕਿਹੜਾ ਸਤਸੰਗ ਕਰਦੀਆਂ ਰਹੀਆਂ---ਦੋਏ ਜਣੀਆਂ---ਖ਼ਬਰੇ ਕੀ ਗਿੱਟਮਿਟ ਗਿੱਟਮਿਟ ਕਰਨ ਲੱਗੀਆਂ ਸੀਗੀਆਂ---"
“ਲੈ ਗਿੱਟਮਿਟ ਗਿੱਟਮਿਟ ਕੀ ਕਰਨੀ ਸੀ---ਅਸੀਂ ਤਾਂ ਆਪਣਾ ਦੁਖ ਸੁਖ ਸਾਂਝਾ ਕਰਦੀਆਂ ਸੀਗੀਆਂ---ਦੋਏ ਜਣੀਆ---ਮੈਂ ਤੇ ਮਾਸੀ---" ਉਬਾਸੀ ਲੈਦਿਆਂ ਸਵਰਨੀ ਬੋਲੀ।
“ਆਈ ਬੜੀ ਮਾਸੀ ਦੀ ਸਕੀ---ਮਾਸੀ ਮੂਸੀ ਤਾਂ ਆਖਿਆ ਕਰ---ਲੰਗੜੀ ਕਿਹਾ ਕਰ ਇਹਨੂੰ ਲੰਗੜੀ---ਮਾਸੀ ਕਿਹੜੇ ਰਿਸ਼ਤੇ ਤੋਂ ਕਹਿਨੀ ਐਂ ਤੂੰ ਇਹਨੂੰ---"ਗੁਰਾ ਹੱਥਾਂ ਦੀਆਂ ਉਂਗਲਾਂ ਨਚਾ ਕੇ ਤੇ ਲੱਕ ਮਟਕਾਅ ਕੇ ਬੋਲਿਆ।
“ਕੱਲ੍ਹ ਨੂੰ ਤੇਰੀ ਧੀ ਵਿਆਹੀ ਜਾਊਗੀ ਨਾਂ ਲੋਕ ਉਸ ਨੂੰ ਵੀ ਲੰਗੜੀ ਕਿਹਾ ਕਰਨਗੇ---ਨਿਰੀ ਲੰਗੜੀ ਹੀ ਨਹੀਂ ਕੁੱਬੀ ਵੀ ਆਖਿਆ ਕਰਨਗੇ---ਫੇਰ ਤੈਨੂੰ ਕਿਵੇਂ ਲੱਗੂ---ਜਿਹਨਾਂ ਦੇ ਆਪਦੇ ਘਰ ਸੀਸੇ ਦੇ ਹੁੰਦੇ ਨੇ ਉਹ ਦੂਜਿਆਂ ਦੇ ਘਰਾਂ ਤੇ ਪੱਥਰ ਨਹੀਂ ਮਾਰਦੇ ਹੁੰਦੇ---"
ਜਿਵੇਂ ਗੁਰੇ ਨੂੰ ਉਹਦੀ ਗੱਲ ਚੁਭ ਗਈ---ਉਹ ਇੱਕ ਲੰਬਾ ਸਾਹ ਖਿੱਚਦਿਆਂ ਬੋਲਿਆ,
“ਲੈਅ---ਮੇਰੀ ਧੀ---! ਇਹਨੇ ਜਿਉਂਦੀ ਰਹਿਣੈ ਉਦੋਂ ਤੱਕ?ਮਰ ਮੁੱਕ ਜਾਊਗੀ---ਜੇ ਨਾ ਮਰੀ ਤਾਂ ਮੈਂ ਮਾਰ ਦੂੰ---ਕੀ ਕਰਨੀ ਐ ਅਹੀ ਜੀ---ਨਾਲੇ ਇਹ ਮੇਰੀ ਧੀ ਹੋ ਵੀ ਨੀ ਸਕਦੀ---ਤੂੰ ਸੱਚ ਦੱਸ ਇਹ ਬਲਾਅ ਮੇਰੀ ਈ ਐ??"
ਸਵਰਨੀ ਦੇ ਤਨ ਬਦਨ ਨੂੰ ਅੱਗ ਲੱਗ ਗਈ---ਉਹਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ---ਚੰਡੀ ਬਣੀ ਸਵਰਨੀ ਚੀਕ ਕੇ ਬੋਲੀ,
“ਰੱਬ ਦਿਆ ਬੰਦਿਆ---ਇਹ ਤਾਂ ਤੇਰੀ ਈ ਧੀ ਐ---ਮੈਂ ਆਪਣੇ ਮਾਂ ਬਾਪ ਦੀ ਸਹੁੰ ਖਾ ਕੇ ਆਖਦੀ ਆਂ---ਪਰ ਤੇਰੇ ਆਉਣ ਵਾਲੇ ਜੈਦਾਦ ਦੇ ਵਾਰਸ ਦੀ ਮੈਂ ਗਰੰਟੀ ਨੀ ਲੈ ਸਕਦੀ---ਉਹ ਤੂੰ ਜਾਣ---"
ਉਹ ਰੋਹ `ਚ ਆਈ ਹੋਈ ਗੁੱਡੀ ਨੂੰ ਢਾਕ ਤੇ ਟੰਗ ਕੇ ਅੰਦਰ ਤੁਰ ਗਈ---ਇਹ ਸਵਰਨੋ ਨੇ ਕੀ ਆਖ ਦਿੱਤਾ?? ਮੈਂ ਤਾਂ ਖੜ੍ਹੀ ਖੜ੍ਹੀ ਕੰਬ ਰਹੀ ਸਾਂ---ਪਤਾ ਨੀ ਗੁਰਾ ਹੁਣ ਕੀ ਕਰੇਗਾ---ਪਰ ਉਹ ਚੁੱਪ ਈ ਰਿਹਾ---ਸ਼ਾਇਦ ਸੋਚਦਾ ਹੋਵੇ ਕਿ ਉਸ ਨੇ ਆਪਣੀ ਪਤਨੀ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਆਖ ਦਿੱਤੀ ਹੈ। ਮੈਂ ਰੱਬ ਦਾ ਸ਼ੁਕਰੀਆਂ ਅਦਾ ਕੀਤਾ ਕਿ ਚੰਗਾ ਕਲੇਸ ਟਲ ਗਿਆ। ਉਹ ਛਿੱਥਾ ਜਿਹਾ ਪਿਆ ਬਾਹਰ ਨੂੰ ਤੁਰ ਗਿਆ।
ਮੈਂ ਇੱਕ ਗੱਲ ਹੋਰ ਵੀ ਮਹਿਸੂਸ ਕਰਦੀ ਸਾਂ ਕਿ ਗੁੱਡੀ ਮੈਨੂੰ ਛੱਡ ਕੇ ਘਰ ਦੇ ਬਾਕੀ ਜੀਆਂ ਤੋਂ ਡਰਦੀ ਸੀ---ਸਹਿਮਦੀ ਸੀ---ਆਪਣੇ ਆਪ ਵਿੱਚ ਹੀ `ਕੱਠੀ ਹੋ ਜਾਦੀ ਸੀ---ਸੁੰਗੜ ਈ ਜਾਂਦੀ ਸੀ---ਮੈਂ ਡਰਦੀ ਸਾਂ ਕਿ ਪਤਾ ਨੀ ਕਿਸੇ ਦਿਨ ਗੁਰਾ ਗੁੱਡੀ ਦੀ ਸੰਘੀ ਈ ਨਾ ਘੁੱਟ ਦੇਵੇ---ਰਾਕਸ ਬੁੱਧੀ ਤਾਂ ਹੈ ਈ---ਆਪਣੀ ਹੀ ਔਲਾਦ ਨੂੰ ਮਾਰਨ ਦੀ ਸੋਚੀ ਬੈਠਾ ਐ---ਗੁਰੇ ਦੇ ਜਾਣ ਬਾਦ ਸਵਰਨੀ ਨੇ ਮੇਰੇ ਨੇੜੇ ਹੋ ਕੇ ਹੌਲੀ ਜਿਹੀ ਕਿਹਾ,
“ਮਾਸੀ ਰਾਤ ਮੈਂ ਜਿਹੜੀ ਗੱਲ ਕਰਕੇ ਗਲ ਫਰਾਹਾ ਲੈਣ ਲੱਗੀ ਸਾਂ---ਉਹ ਤਾਂ ਮੈਂ ਤੈਨੂੰ ਦੱਸੀ ਈ ਨੀ---ਆਪਾਂ ਤਾਂ ਕਿਧਰੇ ਹੋਰ ਪਾਸੇ ਨੂੰ ਈ ਤੁਰ ਲਈਆਂ---ਤੇਰੀਆਂ ਗਿਆਨ ਭਰਪੂਰ ਗੱਲਾਂ `ਚ ਮੇਰਾ ਐਸਾ ਕੰਨ ਰਸਿਆ ਬਈ ਮੈਂ ਦੱਸਣਾ ਭੁੱਲ ਈ ਗਈ---"
“ਸਵਰਨੋ ਹੁਣ ਦੱਸ---ਕੀ ਗੱਲ ਐ---"ਉਸ ਤੋਂ ਵੀ ਹੌਲੀ ਮੈਂ ਕਿਹਾ।
“ਨਹੀਂ ਮਾਸੀ ਅਜੇ ਨੀ---ਅਜੇ ਤਾਂ ਸਾਰੇ ਇਰਦ ਗਿਰਦ ਤੁਰੇ ਫਿਰਦੇ ਨੇ---ਇਹ ਗੱਲ ਸਾਰਿਆਂ ਦੇ ਸਾਹਮਣੇ ਕਰਨ ਵਾਲੀ ਨਹੀਂ ਐ---ਅੱਜ ਗੁਰੇ ਦੀ ਪਾਣੀ ਦੀ ਵਾਰੀ ਐ ਉਹਨੇ ਰਾਤੀਂ ਖੇਤਾਂ `ਚ ਈ ਰਹਿਣੈ---ਆਪਾਂ ਰਾਤੀਂ ਕਰਾਂਗੀਆਂ ਸਾਰੀਆਂ ਗੱਲਾਂ---"
ਉਹਦੇ ਗਲ ਫਰਾਹਾ ਲੈਣ ਬਾਰੇ ਆਖਣ ਤੇ ਮੈਨੂੰ ਯਾਦ ਆਇਆ ਕਿ ਚੁੰਨੀਆਂ ਦਾ ਰੱਸਾ ਤਾਂ ਕੋਠੜੀ `ਚ ਪੇਟੀ ਉਤੇ ਈ ਪਿਐ---ਮੈਂ ਚੁੰਨੀਆਂ ਦੀਆਂ ਗੰਢਾਂ ਵੀ ਨੀ ਖੋਹਲੀਆਂ---ਬੇਸ਼ੱਕ ਮੇਰੀ ਕੋਠੜੀ `ਚ ਕੋਈ ਘੱਟ ਵੱਧ ਈ ਜਾਂਦਾ ਸੀ ਪਰ ਮਾੜੇ ਵਕਤ ਦਾ ਕੀ ਪਤਾ---ਕੋਈ ਜਾ ਕੇ ਦੇਖ ਈ ਲਵੇ---ਬਾਤ ਦਾ ਬਤੰਗੜ ਬਣ ਜਾਣੈ---ਪਤਾ ਨੀ ਘਰ ਦੇ ਕੀ ਫੰਘਾਂ ਦੀਆਂ ਡਾਰਾਂ ਬਣਾ ਦੇਣ---ਮੇਰੀ ਲਾਹ ਪਾਹ ਕਰਨ ਦਾ ਤਾਂ ਉਹ ਬਹਾਨਾ ਭਾਲਦੇ ਨੇ---ਮੈਂ ਤੇਜ਼ ਕਦਮੀ ਅੰਦਰ ਗਈ ਤੇ ਕਾਹਲੀ ਕਾਹਲੀ ਚੁੰਨੀਆਂ ਦੀਆਂ ਗੰਢਾਂ ਖੋਲ੍ਹੀਆਂ---ਚੁੰਨੀਆਂ ਤਹਿ ਕੀਤੀਆਂ ਤੇ ਪੇਟੀ ਤੇ ਧਰ ਦਿੱਤੀਆਂ---ਸੋਚਿਆ ਰਾਤੀਂ ਸਵਰਨੀ ਲੈ ਜਾਊਗੀ।
ਉਸ ਦਿਨ ਇੱਕ ਹੋਰ ਅਣਹੋਣੀ ਵੀ ਵਾਪਰ ਗਈ---ਪਤਾ ਨੀ ਕਿਵੇਂ ਮੇਰੇ ਗਲੋਂ ਸੌਕਣ ਮੋਹਰਾ ਡਿੱਗ ਪਿਆ---ਇਹ ਬਾਹਰਲੇ ਦਰਵਾਜ਼ੇ `ਚ ਡਿੱਗਿਆ ਪਿਆ ਗੁਰੇ ਦੀ ਨਜ਼ਰੀਂ ਪੈ ਗਿਆ---ਉਸ ਨੇ ਚੱਕ ਕੇ ਬੇਬੇ ਨੂੰ ਦਿਖਾਉਂਦਿਆਂ ਕਿਹਾ,
“ਬੇਬੇ ਆਹ ਦੇਖ ਲੈ ਲੰਗੜੀ ਦੀ ਕਰਤੂਤ---ਬੀਬੀ ਦੀ ਫੋਟੋ ਅਤੇ ਨਾਂ ਵਾਲਾ ਤਵੀਤ ਗਲ ਚੋਂ ਲਾਹ ਕੇ ਆਹ ਸਿੱਟ `ਗੀ---ਇਹ ਨੀ ਚਾਹੰੁਦੀ ਕਿ ਘਰ `ਚ ਸਾਂਤੀ ਰਹੇ---ਸੁੱਖ ਨੀ ਮੰਗਦੀ ਇਹ---"
ਬੇਬੇ ਨੇ ਵੀ ਗੁਰੇ ਦੀ ਗੱਲ ਸੁਣ ਕੇ ਕੰਨ ਖੜ੍ਹੇ ਕੀਤੇ---ਬੋਲੀ,
“ਕਿਉਂ ਕੁੜੇ ਬਹੂ ਰਾਣੀ---ਤੈਂ ਹਾਅ ਸੌਕਣ ਮੋਹਰਾ ਕਿਉਂ ਸਿੱਟ `ਤਾ ਗਲੋਂ ਲਾਹ ਕੇ? ਜੇ ਕੋਈ ਕਸਗਨੀ ਹੋ ਗਈ ਫੇਰ? ਇਹ ਤਾਂ ਬਦਸ਼ਗਨੀ ਹੋ ਗਈ ਭਾਈ ਬਦਸ਼ਗਨੀ---"
ਅਜੇ ਮੇਰੀ ਸੱਸ ਬੋਲ ਹੀ ਰਹੀ ਸੀ ਤੇ ਮੈਂ ਖੜ੍ਹੀ ਗਰਦਨ ਦੇ ਦੁਆਲੇ ਹੱਥ ਫੇਰਦੀ ਥਰ ਥਰ ਕੰਬ ਰਹੀ ਸਾਂ ਐਨੇ ਨੂੰ ਮੇਰੀ ਨਣਦ ਦੇ ਸਹੁਰਿਆਂ ਤੋਂ ਲਾਗੀ ਆਇਆ---ਉਹਨੇ ਦੱਸਿਆ ਕਿ ਪ੍ਰਾਹੁਣਾ ਡੇਕ ਤੋਂ ਡਿੱਗ ਪਿਐ---ਉਹਦੀਆਂ ਲੱਤਾਂ ਟੁੱਟ ਗਈਆਂ ਨੇ---ਸ਼ਹਿਰ ਦੇ ਹਸਪਤਾਲ ਲੈ ਗਏ ਨੇ---ਪਲਸਤਰ ਚੜ੍ਹਨਗੇ ਲੱਤਾਂ ਨੂੰ---
ਬੱਸ ਜੀ, ਫੇਰ ਕੀ ਸੀ---ਮੇਰੇ ਸਹੁਰਿਆਂ ਨੇ ਇਸ ਸਾਰੀ ਦੁਰਘਟਨਾ ਦਾ ਭਾਂਡਾ ਮੇਰੇ ਸਿਰ ਭੰਨਿਆ---ਅਖੇ ਸੌਕਣ ਮੋਹਰਾ ਸਿੱਟ `ਤਾ---ਦੇਖ ਲੈ ਨਾਲ ਦੀ ਨਾਲ ਬਿੱਜ ਗਿਰ ਗਈ---ਘਰ `ਚ ਹਾਇ ਤੋਬਾ ਮੱਚ ਗਈ---ਤੂਫਾਨ ਆ ਗਿਆ---ਮੇਰਾ ਸਹੁਰਾ, ਜੇਠ ਤੇ ਗੁਰਾ ਲਾਗੀ ਦੇ ਨਾਲ ਈ ਤੁਰ ਗਏ---ਮੈਂ ਦੋਵੇਂ ਹੱਥ ਜੋੜ ਕੇ ਆਪਣੀ ਸੱਸ ਨੂੰ ਬੇਨਤੀ ਕੀਤੀ, “ਬੇਬੇ ਸੱਚੀਂ ਮੈਨੂੰ ਪਤਾ ਨੀ ਲੱਗਿਆ ਕਦੋਂ ਇਹ ਸੌਕਣ ਮੋਹਰਾ ਮੇਰੇ ਗਲੋਂ ਡਿੱਗ ਪਿਆ---ਮੈਂ ਜਾਣ ਬੁੱਝ ਕੇ ਨੀ ਸਿੱਟਿਆ---ਜੇ ਮੈਂ ਜਾਣ ਕੇ ਲਾਹੁੰਦੀ ਤਾਂ ਕਿਧਰੇ ਦੂਰ ਪਾਰ ਸਿੱਟਦੀ---ਐਥੇ ਦਰਵਾਜੇ `ਚ ਈ ਕਿਉਂ ਸਿੱਟਦੀ?"
“ਨੀ ਚਾਹੇ ਤੈਂ ਜਾਣ ਕੇ ਸਿੱਟਿਐ ਚਾਹੇ ਰੱਬ ਤਬੱਕਲੀ ਗਿਰ ਗਿਆ ਪਰ ਦੇਖ ਲੈ ਕਸਗਨੀ ਤਾਂ ਹੋ ਗਈ---ਪ੍ਰਾਹੁਣੇ ਤੇ ਗ੍ਰਹਿ ਗਿਰ ਈ ਗਿਆ---ਬਿੱਜ ਪੈ ਈ ਗਈ---ਸਿਆਣਿਆਂ ਨੇ ਜਿਹੜੇ ਵਹਿਮ ਭਰਮ ਬਣਾਏ ਨੇ---ਕੁਸ ਸੋਚ ਬਚਾਰ ਕੇ ਈ ਬਣਾਏ ਹੋਣੇ"
“ਬੇਬੇ ਮੈਂ ਅੱਗੋਂ ਪੂਰਾ ਧਿਆਨ ਰੱਖੂੰ---ਹੁਣ ਮੇਰੀ ਗਲਤੀ ਮਾਫ਼ ਕਰ ਦਿਉ---ਲਿਆਓ ਬੇਬੇ ਮੈਂ ਧੋ ਕੇ ਦਬਾਰਾ ਪਹਿਨ ਲੈਨੀ ਆਂ---
“ਕਰ ਦਿਓ ਇਹਨੂੰ ਮਾਫ਼---ਏਹ ਤਾਂ ਚਾਹੰੁਦੀ ਏ ਐ ਬਈ ਘਰ `ਚ ਕੋਈ ਨਾ ਕੋਈ ਉੱਧ ਮੂਲ ਉਠਿਆ ਈ ਰਹੇ---ਘਰ `ਚ ਝੱਜੂ ਪਿਆ ਰਹੇ ਤਾਂ ਇਹ ਖੁਸ਼ ਹੁੰਦੀ ਐ---ਇਹ ਤਾਂ ਬਾਪੂ ਦੀ ਦੇਖ ਭਾਲ ਦੀ ਚਿੰਤਾ ਐ ਨਹੀਂ ਤਾਂ ਅਹੀ ਜੀ ਨਹਿਸ ਨੂੰ ਕਦੋਂ ਦਾ ਘਰੋਂ ਦਬੱਲਿਆ ਹੁੰਦਾ---ਬੱਸ ਇਹ ਤਾਂ ਬਾਪੂ ਸਦਕਾ---ਬਾਪੂ ਸਦਕਾ---"
ਇਹ ਦੀਪੋ ਬੋਲ ਰਹੀ ਸੀ---ਮੈਨੂੰ ਉਹਦੀ ਗੱਲ ਦਾ ਮਣਖ ਨੀ ਹੋਇਆ---ਕਿਉਂਕਿ ਸਚਾਈ ਹੀ ਇਹ ਸੀ---ਜੇ ਕਿਤੇ ਨਿਰੰਜਣ ਦਾ ਗੰਦ ਹੂੰਝਣ ਤੇ ਬਾਕੀ ਸਾਂਭ ਸੰਭਾਲ ਲਈ ਕਿਸੇ ਗੁਲਾਮ ਗੋਲੀ ਬਾਂਦੀ ਦੀ ਜ਼ਰੂਰਤ ਨਾ ਹੰੁਦੀ ਤਾਂ ਸੱਚੀਂ ਉਹਨਾਂ ਨੇ ਮੈਨੂੰ ਘਰੋਂ ਦਬੱਲ ਦੇਣਾ ਸੀ---ਪਰ ਉਹਨਾਂ ਦੀ ਮਜ਼ਬੂਰੀ ਸੀ---ਮਨਹੂਸ ਲੰਗੜੀ ਨੂੰ ਘਰ ਵਿੱਚ ਰੱਖਣ ਦੀ ਲਾਚਾਰੀ ਸੀ---ਮਜ਼ਬੂਰੀ ਮੇਰੀ ਵੀ ਸੀ---ਮੈਨੂੰ ਵੀ ਰਹਿਣ ਲਈ ਕੋਈ ਠੋਕ ਠਿਕਾਣਾ ਚਾਹੀਦਾ ਸੀ---ਅਖੇ ਥੋਡੀ ਤੂੜੀ ਗਲਦੀ ਸੀ ਸਾਡੀ ਮੈਸ਼ ਭੁੱਖੀ ਮਰਦੀ ਸੀ---ਅੰਨੇ੍ਹ ਨੂੰ ਲੰਗੜੇ ਦੀ ਲੋੜ ਸੀ ਤੇ ਲੰਗੜੇ ਨੂੰ ਅੰਨ੍ਹੇ ਦੀ---ਖੈਰ ਮੈਂ ਬੇਬੇ ਹੱਥੋਂ ਸੌਕਣ ਮੋਹਰਾ ਲੈ ਕੇ ਗਲ `ਚ ਪਾ ਕੇ ਪੀਢ੍ਹੀਆਂ ਗੰਢਾਂ ਮਾਰ ਲਈਆਂ।
“ਜਿਹੜਾ ਕੰਮ ਮਾਸੀ ਕਰਦੀ ਐ ਨਾਅ---ਜੇ ਥੋਡੇ ਚੋਂ ਕਿਸੇ ਨੂੰ ਇਹ ਇੱਕ ਦਿਨ ਵੀ ਕਰਨਾ ਪੈ ਜਾਏ ਤਾਂ ਨਾਨਕੇ ਯਾਦ ਆ ਜਾਣ---ਇਹਦੀ ਘਾਲਣਾ ਨੀ ਦੇਖਦਾ ਕੋਈ---ਐਨੀ ਘਾਲਣਾ ਬਦਲੇ ਸਿਰਫ਼ ਦੋ ਟੈਮ ਦੀ ਰੋਟੀ ਈ ਖਾਂਦੀ ਐ ਨਾਅ ਬਚਾਰੀ---ਜੇ ਏਸ ਕੰਮ ਲਈ ਨੌਕਰ ਰੱਖਣਾ ਪੈ ਜੇ ਤਾਂ ਅਗਲਾ ਹਜਾਰਾਂ ਰੁਪਈਏ ਮੰਗੇ---ਅੱਬਲਾ ਕੋਈ ਇਸ ਕੰਮ ਲਈ ਮੰਨੇ ਹੀ ਨਾਅ---ਫੇਰ ਐਡੀ ਅਪਣੈਤ ਨਾਲ ਤੇ ਹਮਦਰਦੀ ਨਾਲ ਸਾਂਭ ਸੰਭਾਲ ਵੀ ਨਾ ਕਰੇ---ਦੇਖ ਲਓ ਦਬੱਲ ਕੇ ਘਰੋਂ ਦੋ ਚਾਰ ਦਿਨ---ਪਤਾ ਚੱਲ ਜੂ ਕਿਹੜੇ ਭਾਅ ਮਜੀਠ ਵਿਕਦੀ ਐ---ਮਾਸੀ ਤੂੰ ਦੋ ਚਾਰ ਦਿਨ ਮੇਰੇ ਨਾਲ ਮੇਰੇ ਪੇਕੇ ਚੱਲ---ਦੇਖੂੰ ਕੋਣ ਸਾਂਭਦੈ ਬਾਪੂ ਨੂੰ---ਸਿੱਟ ਤਾਂ ਸੌਕਣ ਮੋਹਰਾ---ਗੁੱਡੀ ਦਾ ਭਾਪਾ ਤਾਂ ਹੈ ਈ ਕਪੱਤਾ---ਮਾਸੀ ਦੀ ਲਾਹ ਪਾਹ ਕਰਨ ਦਾ ਮੌਕਾ ਭਾਲਦੈ---ਪਰ ਦੀਪੋ ਤੂੰ ਤਾਂ ਸਿਆਣੀ ਐਂ---ਮੈ ਮਾਸੀ ਨੁੰ ਆਪਣੇ ਪੇਕੇ ਨਾਲ ਲੈ ਕੇ ਚੱਲੂੰ---ਫੇਰ ਤੁਸੀਂ ਕਰਿਓ ਬਾਪ ਦੀ ਸੇਵਾ ਦੋਵੇਂ ਭੈਣ ਭਾਈ---"
ਸਵਰਨੀ ਨੇ ਡਟ ਕੇ ਮੇਰੀ ਰਈ ਕੀਤੀ---ਉਹਦੀ ਗੱਲ ਸੁਣ ਕ ਦੀਪੋ ਤੇ ਬੇਬੇ ਝੇਂਪ ਗਈਆਂ---ਉਹਨਾਂ ਨੂੰ ਉਮੀਦ ਈ ਨਹੀਂ ਸੀ ਕਿ ਸਵਰਨੀ ਇਸ ਤਰ੍ਹਾਂ ਵੀ ਬੋਲ ਸਕਦੀ ਐ---ਕੁੜੀ ਨੂੰ ਮੇਰੇ ਕੋਲ ਬਠਾਉਂਦਿਆਂ ਉਹ ਦੋਬਾਰਾ ਬੋਲੀ,
“ਅਗਲੀ ਦਸ ਜਮਾਤਾਂ ਪੜ੍ਹੀ ਹੋਈ ਐ---ਇਹ ਤਾਂ ਇਹਦੇ ਮਾਪੇ ਕੁਮਾਪੇ ਹੋ ਗਏ---ਨਹੀਂ ਤਾਂ ਅੱਜ ਨੂੰ ਇਹ ਕਿਸੇ ਠਾਠ ਦੀ ਨੌਕਰੀ ਤੇ ਲੱਗੀ ਹੁੰਦੀ---ਇਹ ਰੋਟੀ ਦੀ ਮਥਾਜ ਨੀ ਹੈਗੀ---ਜੇ ਚਾਹੇ ਤਾਂ ਹੁਣ ਬੀ ਨੌਕਰੀ ਕਰ ਸਕਦੀ ਐ---ਨਾਲੇ ਅਪਾਹਜ ਲੋਕਾਂ ਨੂੰ ਤਾਂ ਸਰਕਾਰ ਝੱਟ ਨੌਕਰੀ ਦਿੰਦੀ ਐ---ਇਹ ਤਾਂ ਮਾਸੀ ਈ ਐ ਜਿਹੜੀ ਨਾਲੇ ਆਪਣੇ ਹੱਡ ਤੋੜੀ ਜਾਂਦੀ ਐ ਨਾਲੇ ਥੋਡੀ ਸੇਵਾ ਕਰੀ ਜਾਂਦੀ ਐ ਉੱਤੋਂ ਜਣੇ ਖਣੇ ਤੋਂ ਤੇ ਬੇਇਜਤੀ ਕਰਾਈ ਜਾਂਦੀ ਐ---ਜਿਹੜਾ ਦੇਖਦਾ ਐਬਚਾਰੀ ਦੀ ਹਲੱਤਣ `ਤਾਰ ਦਿੰਦੈ---ਦੋ ਮਰੀਜਾਂ ਨੂੰ ਸਾਂਭੀ ਫਿਰਦੀ ਐ---ਮਰੀਜ ਬੀ ਮਰੀਜਾਂ ਵਰਗੇ ਨੀ---ਇਹਦਾ ਹਸਾਨ ਮੰਨਿਆ ਕਰੋ---ਇਹਦੇ ਪੈਰ ਧੋ ਧੋ ਕੇ ਪੀਆ ਕਰੋ---"
“ਨੀ ਕਾਹਨੂੰ ਚਵਰ ਚਵਰ ਬੋਲਦੀ ਐਂ---ਉਹਨੂੰ ਸਿੱਧਾ ਰਾਹ ਦਖਾਉਂਨੀ ਐਂ---ਕਾਹਨੂੰ ਉਹਨੂੰ ਯਾਦ ਕਰਾਉਨੀ ਐਂ ਬਈ ਉਹ ਦਸਵੀਂ ਪਾਸ ਐ ਤੇ ਨੌਕਰੀ ਕਰ ਸਕਦੀ ਐ---"
ਮੇਰੀ ਸੱਸ ਨੇ ਸਵਰਨੀ ਨੂੰ ਡਾਂਟਿਆ---ਦੀਪੋ ਨੇ ਵੀ ਉਹਨੂੰ ਬੱਢ ਖਾਣੇਆਂ ਨਜਰਾਂ ਨਾਲ ਘੂਰਿਆ---ਉਹ ਭੜਕ ਕੇ ਬੋਲੀ,
“ਭਾਬੀ ਤੂੰ ਬੀ ਕਮਾਲ ਕਰਦੀ ਐਂ---ਧੀ ਕਿਵੇਂ ਪਿਓ ਦਾ ਨੰਗ ਸਾਫ ਕਰੂਗੀ---ਨਾਲੇ ਜੀਹਨੇ ਲਾਵਾਂ ਲਈਆਂ ਨੇ---ਉਹ ਸਾਂਭੇ ਨਾ ਸਾਂਭੇ---ਰਹੀ ਗੱਲ ਕੁੱਬੀ ਦੀ---ਕੋਈ ਤੰਦਰੁਸਤ ਜੁਆਕ ਹੋਵੇ ਤਾਂ ਚੱਕਣ ਨੂੰ ਵੀ ਚਿੱਤ ਕਰੇ---ਹੁਣ ਇਹਨੂੰ ਕੋਣ ਚੱਕੇ---ਜਦ ਤੂੰ ਈ ਉਹਦੇ ਤੋਂ ਨਫਰਤ ਕਰਦੀ ਐਂ ਤਾਂ ਮੈਂ ਕੀ ਚੱਕਾ ਉਹਨੂੰ?"
ਸਵਰਨੀ ਢਾਕਾਂ ਤੇ ਹੱਥ ਧਰੀ ਸਿਰਫ਼ ਦੀਪੋ ਨੂੰ ਨਿਹਾਰਦੀ ਰਹੀ---ਉਹ ਬੋਲੀ ਕੁੱਝ ਨਾ---ਸ਼ਾਇਦ ਸੋਚਦੀ ਹੋਵੇ ਕਿ ਮੂਰਖ ਨਾਲ ਮੂਰਖ ਹੋਣ ਦਾ ਕੀ ਲਾਭ? ਤੇ ਜਾਂ ਸ਼ਾਇਦ ਇਹ ਵੀ ਸੋਚਦੀ ਹੋਵੇ
ਕਿ ਦੀਪੋ ਠੀਕ ਈ ਕਹਿ ਰਹੀ ਐ---ਉਹ ਖੁਦ ਗੁੱਡੀ ਨੂੰ ਪਿਆਰ ਨਹੀਂ ਕਰਦੀ---ਤਾਂ ਦੂਜੇ ਕਿਉਂ ਕਰਨਗੇ।
ਅੱਛਾ---ਮੈਂ ਐਨੀ ਵਹਿਮੀ ਹੋ ਗਈ ਸਾਂ ਕਿ ਉਸ ਘੜੀ ਮੈਨੂੰ ਵੀ ਲੱਗਣ ਲੱਗ ਪਿਆ ਕਿ ਸ਼ਾਇਦ ਇਹ ਸਾਰਾ ਕਲੇਸ ਮੇਰੇ ਗਲੋਂ ਸੌਕਣ ਮੋਹਰਾ ਡਿੱਗਣ ਕਰਕੇ ਹੀ ਪਿਆ ਹੈ---ਮੇਰੀ ਮਾਨਸਿਕਤਾ ਬੀਮਾਰ ਹੋ ਗਈ ਸੀ---ਮੇਰੀ ਮਾਨਸਿਕਤਾ ਕਮਜ਼ੋਰ ਵੀ ਹੋ ਗਈ ਸੀ---ਮੈ ਗਲ `ਚ ਪਾਏ ਸੌਕਣ ਮੋਹਰੇ ਨੂੰ ਛੋਹ ਕੇ ਆਪਣੀ ਸੌਕਣ ਨੂੰ ਅਰਦਾਸ ਕੀਤੀ ਕਿ ਘਰ `ਚ ਸਾਂਤੀ ਦਾ ਦਾਨ ਬਕਸ਼ੇ---ਇਹ ਮੈਨੂੰ ਕੀ ਹੋ ਗਿਆ ਸੀ? ਮੈਂ ਇੰਨੀ ਵਹਿਮੀ ਕਿਵੇਂ ਹੋ ਸਕਦੀ ਸਾਂ?
ਪਰ ਮੈਂ ਵਹਿਮੀ ਹੋ ਗਈ ਸਾਂ---ਮੈਂ ਅੱਖਾਂ ਮੀਚੀ ਆਪਣੀ ਸੌਕਣ ਨੂੰ ਦੁਆ ਕਰ ਰਹੀ ਸਾਂ---ਉਸ ਕੋਲੋਂ ਸਭ ਠੀਕ ਹੋ ਜਾਣ ਦੀ ਭੀਖ ਮੰਗ ਰਹੀ ਸਾਂ---ਵਕਤ ਦੇ ਥਪੇੜਿਆਂ ਨੇ ਤੇ ਅਸੁਰੱਖਿਆ ਦੀ ਭਾਵਨਾ ਨੇ ਲੰਗੜੀ ਅੰਧ ਵਿਸ਼ਵਾਸੀ ਬਣਾ ਦਿੱਤੀ।
ਮੈਂ ਉਸ ਪਲ ਇਹ ਵੀ ਸੋਚਿਆ ਕਿ ਕਾਸ਼ ਮੇਰਾ ਨਵਾਂ ਸਰਟੀਫਿ਼ਕੇਟ ਬਣ ਜਾਵੇ ਤੇ ਮੈਂ ਨੌਕਰੀ ਕਰ ਸਕਾਂ---ਪਰ ਮੈਨੂੰ ਇਹਨਾਂ ਪ੍ਰਸਥਿਤੀਆਂ ਵਿੱਚ ਕਿਸ ਨੇ ਨੌਕਰੀ ਕਰਨ ਦੇਣੀ ਐ---ਨਰਿੰਜਣ ਤੇ ਗੁੱਡੀ ਨੂੰ ਕੌਣ ਸਾਂਭੇਗਾ??
ਸ਼ਾਇਦ ਮੇਰੀ ਸੌਕਣ ਨੇ ਮੇਰੀ ਅਰਜ਼ ਸੁਣ ਲਈ ਸੀ---ਆਥਣੇ ਮੇਰਾ ਸਹੁਰਾ, ਜੇਠ ਤੇ ਗੁਰਾ ਵਾਪਸ ਆ ਗਏ ਸਨ---ਪ੍ਰਾਹੁਣੇ ਨੂੰ ਬਹੁਤੀਆਂ ਸੱਟਾਂ ਨਹੀਂ ਸਨ ਲੱਗੀਆਂ---ਇੱਕ ਲੱਤ ਦਾ ਮਾਸ ਫਟਿਆ ਸੀ---ਮੇਰਾ ਜੇਠ ਹੱਸ ਹੱਸ ਕੇ ਦੱਸ ਰਿਹਾ ਸੀ ਕਿ ਪ੍ਰਾਹੁਣਾ ਵੀ ਨਿਰਾ ਕਾਠ ਦਾ ਉੱਲੂ ਐ---ਡੇਕ ਦੀ ਜਿਹੜੀ ਡਾਹਣੀ ਬੱਢਣੀ ਸੀ---ਉਸੇ ਤੇ ਬਹਿ ਕੇ ਟੱਕ ਮਾਰ ਰਿਹਾ ਸੀ---ਅਖੇ ਐਥੇ ਬੈਠ ਕੇ ਸੌਖੀ ਬੱਢ ਹੋ ਜੂ---ਜਦੋਂ ਅੱਧੀ ਬੱਢੀ ਗਈ ਤਾਂ ਮੈਂ ਦੂਜੀ ਡਾਹਣੀ ਤੇ ਬਹਿ ਜੂੰ---ਬੋਝ ਨਾਲ ਟਾਹਣੀ ਟੁੱਟ ਗਈ---ਫੇਰ ਗਿਰਨਾ ਈ ਸੀ---ਮੇਰਾ ਦਿਲ ਕਰੇ ਕਿ ਕਹਾਂ ਬਈ ਐਸੇ ਮੂਰਖ ਨੂੰ ਸੌਕਣ ਮੋਹਰੇ ਦੇ ਡਿੱਗਣ ਨਾ ਡਿੱਗਣ ਨਾਲ ਕੀ ਫਰਕ ਪੈਣਾ ਸੀ---ਇਹ ਤਾਂ ਮੌਕਾ ਮੇਲ ਬਣ ਗਿਆ ਕਿ ਉਹਦੇ ਡਿੱਗਣ ਦੀ ਗੱਲ ਸੌਕਣ ਮੋਹਰੇ ਦੇ ਡਿੱਗਣ ਨਾਲ ਜੁੜ ਗਈ---ਆਥਣ ਤੱਕ ਘਰ `ਚ ਹਾਸਾ ਪਿਆ ਰਿਹਾ।
34
ਰਾਤੀਂ ਫੇਰ ਸਵਰਨੀ ਮੇਰੀ ਕੋਠੜੀ `ਚ ਆਈ---ਚੁੰਨੀਆਂ ਦੀ ਤਹਿ ਲੱਗੀ ਦੇਖ ਕੇ ਖੁਸ਼ ਹੋਈ---ਮੇਰੇ ਮੂੰਹ ਵੱਲ ਕ੍ਰਿਤਿੱਗਤਾ ਭਰੀ ਨਜ਼ਰ ਪਾਉਂਦਿਆਂ ਬੋਲੀ,
“ਮਾਸੀ ਮੈਂ ਤੈਨੂੰ ਦੇਖ ਦੇਖ ਕੇ ਮਜ਼ਬੂਤ ਹੋ ਰਹੀ ਆਂ---ਸਿਆਣੀ ਵੀ ਬਣਦੀ ਜਾ ਰਹੀ ਆ---ਪਰ ਇੱਕ ਗੱਲ ਦੱਸ ਰਾਤੀਂ ਤੈਂ ਮੈਨੂੰ ਪੁੱਛਿਆ ਕਿਉਂ ਨੀ ਬਈ ਤੂੰ ਗਲ ਫਰਾਹਾ ਕਿਉਂ ਲੈਣ ਲੱਗੀ ਐਂ---?"
“ਗਲ ਫਰਾਹੇ ਵਾਲੀ ਗੱਲ ਛੱਡ---ਤੈਂ ਐਂਜ ਸਰੋ ਸਰੀ ਮੇਰੀ ਰਈ ਨਹੀਂ ਸੀ ਕਰਨੀ---ਤੈਨੂੰ ਮੇਰੇ ਲਈ ਬੁਰੀ ਬਣਨ ਦੀ ਕੀ ਲੋੜ ਸੀ? ਸਾਰੇ ਤੈਨੂੰ ਬੱਢ ਖਾਣੀਆਂ ਨਜਰਾਂ ਨਾਲ ਦੇਖ ਰਹੇ ਸੀਗੇ---ਤੂੰ ਸਭ ਦੇ ਸਾਹਮਣੇ ਮੇਰਾ ਬਹੁਤਾ ਹੇਜ ਨਾ ਕਰਿਆ ਕਰ---ਸਾਰਾ ਲੁੰਗ ਲਾਣਾ ਆਪਣੇ ਬੈਰ ਪੈ ਜੂ---"
“ਕਿਉਂ? ਕਿਉਂ ਨਾ ਕਰਿਆ ਕਰਾਂ ਤੇਰਾ ਹੇਜ ਮਾਸੀ? ਤੂੰ ਘਰ ਦੀ ਮੈਂਬਰ ਐਂ---ਫੇਰ ਭਲੀਮਾਣਸ ਤੇ ਸਹੀ ਵੀ ਐਂ---ਮੈਂ ਤਾਂ ਇਸ ਘਰ `ਚ ਸਿਰਫ ਤੈਨੂੰ ਈ ਆਪਣਾ ਹਮਦਰਦੀ ਸਮਝਦੀ ਆਂ---ਬਾਕੀ ਤਾਂ ਸਾਰੇ ਮਤਲਬੀ ਨੇ---ਗੁੱਡੀ ਦਾ ਭਾਪਾ ਤੇਰੇ ਪਿੱਛੋਂ ਮੰਨਦਾ ਐ ਬਈ ਮਾਸੀ ਭਲੀਮਾਣਸ ਔਰਤ ਐ---ਦਰਵੇਸ ਐ---ਸਾਡੇ ਬਾਪ ਦੀ ਤੇ ਗੁੱਡੀ ਦੀ ਤਹਿ ਦਿਲੋਂ ਸੇਵਾ ਕਰਦੀ ਐ---ਬਿਨ੍ਹਾਂ ਕਿਸੇ ਲਾਲਚ ਦੇ---ਇਹੋ ਜਿਹੀ ਸੇਵਾ ਕੋਈ ਹੋਰ ਨਹੀਂ ਸੀ ਕਰ ਸਕਦੀ---ਇੱਕ ਦਿਨ ਆਖਦਾ ਸੀ ਬਈ ਧੰਨ ਐ ਇਹ ਔਰਤ---ਪਰ ਸਾਡੀ ਮਤੇਰ ਮਾਂ ਐ ਨਾਅ---ਏਸ ਕਰਕੇ ਅਸੀਂ ਇਹਦੇ ਵਿੱਚ ਕਮੀਆਂ ਈ ਲੱਭਣੀਆਂ ਨੇ---ਊਂ ਇਹਦੇ `ਚ ਦੀਵਾ ਲੈ ਕੇ ਭਾਲਿਆਂ ਵੀ ਕੋਈ ਕਮੀ ਨੀ ਲੱਭ ਸਕਦੀ---ਮਾਸੀ `ਚ ਬਹੁਤ ਗੁਣ ਨੇ ਪਰ ਮਤੇਰ ਦੇ ਮੂੰਹ ਤੇ ਤਾਰੀਫ਼ ਤਾਂ ਨੀ ਕੀਤੀ ਜਾ ਸਕਦੀ---ਮੂੰਹ ਤੇ ਤਾਂ ਫੋਕੀ ਹੈਂਕੜ ਈ ਰੱਖਣੀ ਬਣਦੀ ਐ---
ਮੈਂ ਵੀ ਸਵਰਨੋ ਦੀਆਂ ਗੱਲਾਂ ਸੁਣ ਕੇ ਮਨ ਈ ਮਨ ਹੌਸਲਾ ਫੜ ਗਈ---ਮੈਨੂੰ ਘਰ ਵਿੱਚ ਸਭ ਤੋਂ ਵੱਧ ਭੈਅ ਗੁਰੇ ਤੋਂ ਹੀ ਆਉਂਦਾ ਸੀ---ਜੇ ਉਹ ਮੇਰੇ ਕੰਮ ਤੋਂ---ਪਤੀ ਦੀ ਸੇਵਾ ਤੋਂ ਖੁਸ਼ ਐ ਤਾਂ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ---ਮੇਰੀਆਂ ਅੱਖਾਂ ਚੋਂ ਖੁਸ਼ੀ ਦੇ ਹੰਝੂ ਵਗ ਰਹੇ ਸਨ---
“ਮਾਸੀ ਜੇ ਤੂੰ ਗੁੱਡੀ ਦੀ ਸਾਂਭ ਸੰਭਾਲ ਦੀ ਪੂਰੀ ਜਿੰਮੇਵਾਰੀ ਲੈ ਲਵੇਂ ਤਾਂ ਮੈਂ ਸੱਚੀਂ ਗਲ ਫਰਾਹਾ ਲੈ ਲਵਾਂ---ਮੇਰੇ ਜੀਣ ਦਾ ਹੁਣ ਕੋਈ ਧਿਰਗ ਨੀ ਰਿਹਾ---" ਜਿੰਦਗੀ ਤੋਂ ਨਿਰਾਸ ਹੋ ਚੁੱਕੇ ਬੰਦੇ ਵਾਂਗ ਸਵਰਨੀ ਹਾਉਂਕਾ ਭਰ ਕੇ ਬੋਲੀ---ਮੈਂ ਉਹਦਾ ਹੱਥ ਬਹੁਤ ਘੁੱਟ ਕੇ ਫੜਿਆ।
“ਮਾਸੀ ਆਪਣੇ ਮਨ ਦਾ ਮਣਾਂ ਮੂੰਹੀ ਬੋਝ ਵੀ ਮੈਂ ਸਿਰਫ ਤੇਰੇ ਕੋਲ ਹੀ ਹਲਕਾ ਕਰ ਸਕਦੀ ਆਂ---ਜਦੋਂ ਪਿਛਲੇ ਮਹੀਨੇ ਮੈਂ ਟਿਕਾਣੇ ਗਈ ਤਾਂ ਉਥੇ ਮੇਰੇ ਨਾਲ ਜੋ ਕੁੱਝ ਵਾਪਰਿਆ ਉਹ ਕਹਿਣ ਸੁਣਨ ਵਾਲਾ ਨਹੀਂ ਐ---"
ਕਹਿੰਦੀ ਹੋਈ ਸਵਰਨੀ ਮੰਜੀ ਤੇ ਢੇਰੀ ਜਿਹੀ ਹੋ ਗਈ---ਮੈਂ ਵੀ ਪੂਰੀ ਤਰ੍ਹਾਂ ਸੁਚੇਤ ਹੋ ਕੇ ਬਹਿ ਗਈ---ਮੇਰੇ ਜਹਿਨ ਵਿੱਚ ਟਿਕਾਣੇ ਵਾਲੀ ਘਟਨਾ ਇੱਕ ਵਾਰੀ ਮੁੜ ਤਾਜ਼ਾ ਹੋ ਗਈ---ਮੈਂ ਕਾਹਲੀ ਕਾਹਲੀ ਪੁੱਛਿਆ,
“ਸਵਰਨੀ, ਉਥੇ ਭੋਰੇ ਆਲੀ ਸੁਰੰਗ `ਚ ਕਿਸੇ ਚੇਲੇ ਨੇ ਤੇਰੀ ਸ਼ੁੱਧੀ ਕੀਤੀ---ਤੇ ਸ਼ੁੱਧੀ ਤੋਂ ਬਾਦ ਕੁਸ਼ ਅ---ਅ---ਅ---ਅ---????"
“ਆਹੋ ਮਾਸੀ---ਮਹੰਤ ਦੇ ਇੱਕ ਚੇਲੇ ਨੇ ਮੇਰੀ ਗੁਫਾ `ਚ ਲਜਾ ਕੇ ਸੁੱਧੀ ਕੀਤੀ---ਸੁੱਧੀ ਕੀ ਮਾਸੀ? ਉਹਨੇ ਜਿਹੜੀ ਧੂਫ ਜਗਾਈ ਉਹਦੇ ਵਿੱਚ ਕੋਈ ਤਲਖ ਨਸ਼ਾ ਸੀ---ਸੈਂਤ ਸੁਲਫਾ ਜਾਂ ਕੋਈ ਹੋਰ ਤਿੱਖਾ ਨਸ਼ਾ---ਮਾਸੀ ਜਿਉਂ ਜਿਉਂ ਉਹ ਚੇਲਾ ਮੇਰੇ ਸਿਰ ਉੱਤੇ ਮੋਰ ਪੰਖਾਂ ਦਾ ਝਾੜੂ ਮਾਰਦਾ ਜਾਵੇ ਤੇ ਧੂਫ਼ ਐਨ ਮੇਰੇ ਨੱਕ ਕੋਲ ਕਰਕੇ ਮੈਨੂੰ ਸੁੰਘਾਈ ਜਾਵੇ ਤਿਉਂ ਤਿਉਂ ਮੈਂ ਬੇਹੋਸ਼ ਹੁੰਦੀ ਜਾਵਾਂ---ਮਾਸੀ ਮੈਂ ਅਨਢਾਲ ਜਿਹੀ ਹੋ ਗਈ---ਪਰ ਪੂਰੀ ਤਰਾਂ ਬੇਹੋਸ਼ ਨਾ ਹੋਈ---ਮੈਨੂੰ ਸਭ ਕੁੱਝ ਦਿਸ ਰਿਹਾ ਸੀ---ਸਭ ਕੁਝ ਸੁਣ ਰਿਹਾ ਸੀ ਅਤੇ ਸਭ ਕੁਝ ਮਹਿਸੂਸ ਹੋ ਰਿਹਾ ਸੀ---ਬੱਸ ਮਾਸੀ ਮੇਰਾ ਸਰੀਰ ਈ ਅਧਮਰਿਆ ਜਿਹਾ ਹੋ ਗਿਆ---ਮੇਰੇ ਸਰੀਰ ਦਾ ਸਾਹ ਸਤ ਖਤਮ ਹੋ ਗਿਆ---ਐਨੇ ਨੂੰ ਉਸ ਚੇਲੇ ਨੇ ਮੇਰੇ ਦੇਖਦਿਆਂ ਦੇਖਦਿਆਂ ਤੇ ਨਾ ਚਾਹੁੰਦਿਆਂ ਹੋਇਆ ਮੇਰੇ ਨਾਲ ਜੋ ਦੁਸ਼ਕਰਮ ਕੀਤਾ---ਉਹ ਦੱਸਣ ਸੁਣਨ ਜੋਗਾ ਨਹੀਂ ਐ---ਫੇਰ ਮਹੰਤ ਵੀ ਆ ਗਿਆ---ਸਾਂਢ ਵਰਗੀ ਦੇਹ ਨਾਲ ਉਸ ਨੇ ਮੇਰੇ ਨਾਲ ਜੋ ਜੋ ਕੀਤਾ---ਉਹ ਦੇਹ ਕੰਬਾਅ ਦੇਣ ਵਾਲਾ ਸੀ---ਪਾਗਲ ਕਰ ਦੇਣ ਵਾਲਾ---ਦਰਦ ਨਾਲ ਮੈ ਅਧਮਰੀ ਹੋ ਗਈ---ਮਾਸੀ ਮੇਰੇ ਮੂੰਹੋਂ ਕਿੰਨਿਆਂ ਨੇ ਆਪਣੀ ਹਵਸ ਪੂਰੀ ਕੀਤੀ---ਕਿੰਨੀ ਓ ਦੇਰ ਬਾਦ ਉਹ ਰਾਕਸ ਬਾਹਰ ਗਏ---ਮੇਰੀ ਹੋਸ਼ ਤੇ ਹਿੰਮਤ ਪਰਤਣੀਆਂ ਸ਼ੁਰੂ ਹੋ ਗਈਆਂ---ਮੈਂ ਡਗਮਗਾਉਂਦੇ ਕਦਮਾਂ ਨਾਲ ਉੱਪਰ ਆਈ---ਬੇਬੇ ਮਹੰਤ ਤੋ ਆਸ਼ੀਰਵਾਦ ਲੈ ਰਹੀ ਸੀ---ਮੈਂ ਉਹਨੂੰ ਨਤ ਮਸਤਕ ਹੋਈ ਨੂੰ ਛੱਡ ਕੇ ਟਿਕਾਣੇ ਤੋਂ ਬਾਹਰ ਨਿਕਲ ਪਈ---ਹਨੇਰਾ ਸੰਘਣਾ ਹੋ ਗਿਆ ਸੀ---ਇੱਕ ਚੇਲਾ ਭੱਜਿਆ ਭੱਜਿਆ ਆਇਆ ਤੇ ਮੇਰਾ ਰਾਹ ਰੋਕ ਕੇ ਖੜ੍ਹ ਗਿਆ---ਅਖੇ ਬੀਬੀ ਆਪਣੀ ਮਾਤਾ ਨੂੰ ਤਾਂ ਨਾਲ ਰਲ ਲੈਣਦੇਹ---ਮਾਸੀ ਬਾਹਰ ਦੀ ਹਵਾ ਚੋਂ ਸਾਹ ਲੈ ਕੇ ਮੇਰਾ ਜਿਸਮ ਹਿੰਮਤ ਫੜ ਗਿਆ ਸੀ---ਪਤਾ ਨੀ ਮੈਨੂੰ ਕੀ ਸੁੱਝੀ ਤੇ ਕਿਹੋ ਜਿਹਾ ਰੋਹ ਚੜ੍ਹਿਆ---ਮੈ ਝਪਟ ਕੇ ਉਹਦੇ ਹੱਥੋਂ ਸੋਟੀ ਖੋਹ ਕੇ ਉਹਦੇ ਸਿਰ `ਚ ਮਾਰੀ---ਮਾਸੀ ਸੋਟੀ ਐਨੀ ਜੋਰ ਦੀ ਉਹਦੇ ਸਿਰ `ਚ ਵੱਜੀ ਕਿ ਉਹਦੀ ਚੀਕ ਤੱਕ ਨਾ ਨਿਕਲੀ---ਲਹੂ ਦੀ ਤਤੀਰੀ ਵਗ ਤੁਰੀ---ਉਹ ਉਥੇ ਈ ਘਮੇਰਨੀ ਖਾ ਕੇ ਡਿੱਗ ਪਿਆ---ਮੈਥੋਂ ਉਸ ਨੂੰ ਇਸ ਹਮਲੇ ਦੀ ਉੱਕਾ ਉਮੀਦ ਨਹੀਂ ਸੀ---ਮੈਂ ਡਿੱਗੇ ਚੇਲੇ ਦੇ ਸਿਰ `ਚ ਐਨੀਆਂ ਸੋਟੀਆਂ ਮਾਰੀਆਂ ਕਿ ਮੈਂ ਹਫ ਗਈ---ਮਾਸੀ ਮੈਨੂੰ ਇਹ ਤਾਂ ਨਹੀਂ ਪਤਾ ਕਿ ਮੇਰੇ ਨਾਲ ਦੁਸ਼ਕਰਮ ਕਰਨ ਵਾਲਾ ਇਹ ਚੇਲਾ ਸੀ ਜਾਂ ਨਹੀਂ---ਪਰ ਮੈਂ ਜਿਵੇਂ ਟਿਕਾਣੇ ਦੇ ਦੁਸ਼ਟ ਸਾਧੜਿਆਂ ਕਿਸੇ ਇੱਕ ਤੋਂ ਬਦਲਾ ਲੈ ਲਿਆ ਸੀ---ਇਕ ਸੋਟੀ ਹੋਰ ਮੈਂ ਉਹਦੇ ਮੂੰਹ ਤੇ ਮਾਰੀ---ਉਹਦੇ ਨੱਕ ਤੇ ਮਾਰੀ---ਹੁਣ ਉਹ ਬਿਲਕੁਲ ਅਹਿੱਲ ਸੀ---ਸ਼ਾਇਦ ਮਰ ਗਿਆ ਸੀ---ਮੈਨੂੰ ਬੇਬੇ ਆਉਂਦੀ ਦਾ ਝਾਉਲਾ ਪਿਆ---ਮੈਂ ਥੋੜ੍ਹਾ ਪਾਸੇ ਹਟ ਕੇ ਬੇਬੇ ਨੂੰ ਨਾਲ ਰਲਾਇਆ---ਤੇ ਥੋਹੜਾ ਰਾਹ ਬਦਲ ਕੇ ਉਹਦੇ ਨਾਲ ਨਾਲ ਤੁਰਨ ਲੱਗੀ---ਇੱਖ ਚੋਂ ਕੋਤ੍ਹਰੀ ਚੀਕੀ---ਅਸੀਂ ਡਰ ਗਈਆਂ ਪਰ ਤੁਰੀ ਗਈਆਂ---ਬੇਬੇ ਨੇ ਮਾਖਤਾ ਕੀਤਾ ਕਿ ਤੂੰ ਮੈਨੂੰ ਉਥੇ ਛੱਡ ਕੇ ਕੱਲੀ ਓ ਤੁਰ ਆਈ---ਮੈਨੂੰ ਨੀ ਸੀ ਨਾਲ ਲਿਆਉਣਾ---ਮਾਸੀ ਪਤਾ ਨੀ ਮੇਰੇ ਅੰਦਰ ਕਿੰਨਾ ਕੁ ਹਰਖ ਭਰਿਆ ਪਿਆ ਸੀ---ਮੈਂ ਉਹਨੂੰ ਟੁੱਟ ਕੇ ਪੈ ਗਈ---ਮੈਂ ਕਿਹਾ ਬੁੱਢੜੀਏ---ਤੈਨੂੰ ਜਾਇਦਾਦ ਦਾ ਵਾਰਸ ਚਾਹੀਦਾ ਸੀ---ਉਹ ਤਾਂ ਸ਼ਾਇਦ ਤੈਨੂੰ ਮਿਲ ਜਾਏ---ਪਰ ਇੱਕ ਗੱਲ ਪੱਕ ਜਾਣੀ ਉਹ ਤੇਰੇ ਪੋਤੇ ਦਾ ਬੀਜ ਨਹੀਂ ਹੋਣਾ---ਉਹ ਇਹਨਾਂ ਬੂਬਨੇ ਸਾਧਾਂ ਚੋਂ ਕਿਸੇ ਦਾ ਬੀਜ ਹੋਵੇਗਾ---ਤੈਨੂੰ ਸ਼ਰਮ ਨੀ ਆਈ ਆਪਣੇ ਘਰ ਦੀ ਨੂੰਹ ਨੂੰ ਇਹਨਾਂ ਬਦਮਾਸ਼ਾਂ ਕੋਲੋਂ ਬਰਬਾਦ ਕਰਾਉਂਦਿਆਂ---ਤੂੰ ਕੁੱਤੀ ਤੀਵੀਂ ਮੈਨੂੰ ਬਾਘੜ ਬਿੱਲਿਆਂ ਦੇ ਵੱਸ ਪਾ ਕੇ ਆਪ ਬਾਹਰ ਰਾਖੀ ਬਹਿ ਗਈ---ਤੂੰ ਇਹਨਾਂ ਦੇ ਨਾਲ ਮਿਲ ਗਈ? ਤੂੰ ਗੰਦੀ ਤੀਵੀਂ ਐ---ਦਲਾਲ ਐ---ਫੇਰ ਮੈਂ ਬੇਬੇ ਨੂੰ ਕਾਹਲੀ ਕਾਹਲੀ ਤੁਰਦਿਆਂ ਆਪਣੇ ਨਾਲ ਹੋਈ ਬੀਤੀ ਸਾਰੀ ਘਟਨਾ ਦੱਸੀ---ਨਾਲੇ ਮਾਸੀ ਮੈਂ ਦਬਕਾ ਮਾਰਿਆ ਬਈ ਮੈਂ ਗੁੱਡੀ ਦੇ ਭਾਪੇ ਨੂੰ ਸਾਰੀ ਗੱਲ ਦੱਸੂੰ ਜਾ ਕੇ---ਬੇਬੇ ਤਾਂ ਮੇਰੇ ਪੈਰੀਂ ਪੈ ਗੀ---ਥਰ ਥਰ ਕੰਬੇ---ਸੌਹਾਂ ਖਾਵੇ ਬਈ ਪੁੱਤ ਮੈਨੂੰ ਜੇ ਇਸ ਗੱਲ ਦਾ ਪਤਾ ਹੁੰਦਾ ਤਾਂ ਮੈਂ ਘਰੋਂ ਪੈਰ ਏ ਨਾ ਪੱਟਦੀ---ਮੈਨੂੰ ਤੇਰੇ ਘਰ ਮੁੰਡਾ ਤਾਂ ਚਾਹੀਦਾ ਸੀ ਪਰ ਐਂ ਹਰਾਮ ਦਾ ਨਹੀਂ---ਮਹੰਤ ਦਾ ਬੇੜਾ ਗਰਕ ਹੋ ਜੇ---ਇਹਨਾਂ ਸਾਧੜਿਆਂ ਨੂੰ ਆ ਜੇ ਢਾਈ ਘੜੀ ਦੀ---ਇਹਨਾਂ ਨੂੰ ਪਲੇਕ ਪੈ ਜਾਏ---ਤੂੰ ਚਲ ਵਾਪਸ ਮੇਰੇ ਨਾਲ---ਜੇ ਮੈਂ ਖਲਪਾੜ ਮਾਰ ਕੇਬੜੇ ਮਹੰਤ ਦਾ ਸਿਰ ਨਾ ਪਾੜਿਆ---ਤਾਂ ਮੈਂ ਵੀ ਆਵਦੇ ਬਾਪ ਦੀ ਜਣੀ ਨੀ ਹੋਣੀ---ਫੇਰ ਬੇਬੇ ਸਾਧਾਂ ਨੂੰ ਪੂਰ ਪੂਰ ਕੋਸਦੀ ਹੋਈ ਵਾਪਸ ਮੁੜਨ ਲੱਗੀ ਪਰ ਮੈਂ ਉਹਨੂੰ ਬੇਹੋਸ਼ ਪਏ ਸ਼ਾਇਦ ਮਰੇ ਪਏ ਚੇਲੇ ਕੋਲ ਲੈ ਗਈ---ਹਨੇਰਾ ਹੋਰ ਵੀ ਸੰਘਣਾ ਹੋ ਚੁੱਕਾ ਸੀ---ਹੱਥ ਨੂੰ ਹੱਥ ਮਾਰਿਆ ਦਿਖਾਈ ਨਹੀਂ ਸੀ ਦਿੰਦਾ---ਬੇਬੇ ਨੇ ਪੰਜ ਸੱਤ ਸੋਟੀਆਂ ਉਹਦੇ ਨੱਕ ਉੱਤੇ ਮਾਰੀਆਂ---ਉਹਨੇ ਪੈਰ੍ਹਾਂ ਨਾਲ ਉਹਦਾ ਮੂੰਹ ਮਧੋਲ ਦਿੱਤਾ---ਬੇਬੇ ਨੂੰ ਚੰਡੀ ਚੜ੍ਹੀ ਹੋਈ ਸੀ---ਪਰ ਉਹ ਵਾਪਸ ਟਿਕਾਣੇ `ਚ ਜਾਣੋ ਵੀ ਡਰ ਗਈ ਸੀ---ਸ਼ਾਇਦ ਸੋਚ ਰਹੀ ਹੋਵੇ ਕਿ ਪਿੰਡੋਂ ਦੂਰ ਉਜਾੜ ਬੀਆਬਾਨ `ਚ ਟਿਕਾਣਾ---ਟਿਕਾਣੇ `ਚ ਢੱਠਿਆ ਵਾਂਗ ਪਲੇ ਹੋਏ ਸੱਠ ਸੱਤਰ ਸਾਧੜੇ---ਅਸੀਂ ਦੋ ਔਰਤਾਂ---ਅਸੀਂ ਨਿਮਾਣੀਆਂ ਉਹਨਾਂ ਦਾ ਕੀ ਵਿਗਾੜ ਲਵਾਂਗੀਆਂ---ਸੋਟੀ ਹੱਥ `ਚ ਫੜ ਕੇ ਮੈਨੂੰ ਬਾਹੋਂ ਘੜੀਸਦੀ ਹੋਈ ਬੇਬੇ ਪਿੰਡ ਵੱਲ ਨੂੰ ਵਾਹੋ ਢਾਹੀ ਭੱਜ ਲਈ---ਬੇਬੇ ਚੇਲੇ ਦੀ ਮੌਤ ਉਤੇ ਵੀ ਡਰ ਰਹੀ ਸੀ---ਸੋਚ ਰਹੀ ਸੀ ਕਿ ਕਿਤੇ ਇਸ ਚੇਲੇ ਦਾ ਖੂਨ ਈ ਗਲ ਨਾ ਪੈ ਜਾਵੇ---ਪਲ ਝੱਟ ਨੂੰ ਤਾਂ ਬਾਕੀ ਸਾਧ ਉਹਨੂੰ ਲੱਭਣ ਆਉਣਗੇ ਹੀ---ਪਿੰਡ ਦੀ ਜੂਹ `ਚ ਵੜ ਕੇ ਬੇਬੇ ਨੇ ਸਾਹ ਲਿਆ---ਉਦਣ ਤੋਂ ਬਾਦ ਬੇਬੇ ਨੇ ਮੇਰੇ ਨਾਲ ਕੋਈ ਗੱਲ ਨੀ ਕੀਤੀ---ਨਾ ਕੁਸ ਪੁੱਛਿਆ ਤੇ ਨਾ ਦੱਸਿਆ---ਆਇੰ ਜਿਵੇ ਕੁਸ ਹੋਇਆ ਈ ਨਾ ਹੋਵੇ---ਇੱਕ ਮਨ ਕਰੇ ਬਈ ਗੁੱਡੀ ਦੇ ਭਾਪੇ ਨੂੰ ਦੱਸਾਂ ਸਭ ਕੁੱਝ---ਪਰ ਹੌਸਲਾ ਏ ਨਾ ਕਰ ਸਕੀ---ਸੋਚਿਆ ਕਿਤੇ ਇਹ ਮੈਨੂੰ ਈ ਨਾ ਪੁੱਠਾ ਪੈ ਜਾਏ---ਕੱਬਾ ਤਾਂ ਹੈ ਸੁਭਾਅ ਦਾ---ਮਾਸੀ---ਮਾਸੀ---ਔਰਤ ਬਹੁਤ ਬੇਬਸ ਐ---ਲਾਚਾਰ ਐ---"
ਸੁਣ ਕੇ ਮੈਂ ਠੰਢੀ ਹੋ ਗਈ---ਮੈਨੂੰ ਕੁੱਝ ਨਹੀਂ ਸੀ ਸੁੱਝ ਰਿਹਾ---ਕਹਿੰਦੇ ਨੇ ਕਿ ਔਰਤਾਂ ਨੂੰ ਬੜੇ ਹਕੂਕ ਮਿਲੇ ਹੋਏ ਨੇ---ਉਹ ਬੋਲ ਸਕਦੀਆਂ ਨੇ ਪਰ ਨਹੀਂ---ਔਰਤਾਂ ਕਿੱਥੇ ਐਨੀਆਂ ਆਜ਼ਾਦ ਹਨ---ਉਹ ਕਿਸੇ ਤਰਾਂ ਦੇ ਅਨਿਆਂ ਦੇ ਵਿਰੁੱਧ ਬੋਲ ਈ ਨਹੀਂ ਸਕਦੀਆਂ---ਲੋਕ ਲਾਜ ਤੋਂ ਡਰਦੀਆਂ ਹਨ---ਬੇਸ਼ੱਕ ਔਰਤ ਨੂੰ ਪੂਰੇ ਹੱਕ ਮਿਲੇ ਹੋਏ ਨੇ---ਤਾਂ ਕਿਹੜਾ ਔਰਤ ਬੋਲਦੀ ਐ---ਜਿਹੜੀਆਂ ਬੋਲਣ ਵਾਲੀਆਂ ਨੇ ਉਹਨਾਂ ਨੂੰ ਸਮਾਜ ਪਸੰਦ ਨੀ ਕਰਦਾ---ਫੇਰ ਇਹ ਬੋਲਣ ਵਾਲੀਆਂ ਔਰਤਾਂ ਹੈਣ ਈ ਕਿੰਨੀਆਂ?ਮੁੱਠੀ ਭਰ ਨੇ ਸਾਰੀਆਂ---ਬਹੁਤੀਆਂ ਤਾਂ ਜ਼ੁਲਮ ਸਹਿਣ ਵਿੱਚ ਈ ਬੇਹਤਰੀ ਸਮਝਦੀਆਂ ਨੇ---ਉਹਨਾਂ ਨੂੰ ਲਗਦੈ ਕਿ ਆਵਾਜ਼ ਉਠਾ ਕੇ ਸਗੋਂ ਚਰਚਾ ਦਾ ਵਿਸ਼ਾ ਬਣ ਜਾਣਗੀਆਂ---ਕਿਸੇ ਨੇ ਸਹਾਇਤਾ ਨਹੀ ਕਰਨੀ---ਇਹ ਮਰਦ ਪ੍ਰਧਾਨ ਸਮਾਜ ਐ---ਮਰਦ ਨੇ ਸਾਰੇ ਕਾਇਦੇ ਕਾਨੂੰਨ ਆਪਣੇ ਹਿਤ ਬਣਾਏ ਨੇ---ਮੈਂ ਕਿਤੇ ਗਹਿਰੇ ਗੁਆਚ ਗਈ---ਸਵਰਨੀ ਮੈਨੂੰ ਵਾਪਸ ਲਿਆਉਂਦਿਆਂ ਆਖਣ ਲੱਗੀ,
“ਮਾਸੀ ਹੁਣ ਤੂੰ ਦੱਸ---ਬਈ ਕੀ ਗਰੰਟੀ ਐ ਕਿ ਮੁੰਡਾ ਈ ਪੈਦਾ ਹੋਵੇ---ਕੁੜੀ ਵੀ ਹੋ ਸਕਦੀ ਐ---ਚਲੋ ਮੰਨ ਲਓ ਲੜਕਾ ਈ ਹੋ ਗਿਆ ਤਾਂ ਇਹ ਗੁਰੇ ਦਾ ਤਾਂ ਨਾ ਹੋਇਆ---ਇਹ ਕਿਸ ਤਰ੍ਹਾਂ ਬਾਪ ਦਾਦੇ ਦੀ ਜਾਇਦਾਦ ਦਾ ਵਾਰਸ ਹੋਇਆ---ਨਾਲੇ ਇਹ ਕਿਸ ਮੂੰਹ ਨਾਲ ਗੁਰੇ ਨੂੰ ਬਾਪੂ ਆਖੂ---ਮਾਸੀ ਮੈਨੁੰ ਕੁਸ ਨੀ ਸੁੱਝ ਰਿਹਾ---ਮੈਨੂੰ ਤਾਂ ਇਹ ਵੀ ਨੀ ਪਤਾ ਬਈ ਇਸ ਬੱਚੇ ਦਾ ਅਸਲ ਪਿਓ ਕੌਣ ਐ---ਕਿੰਨੇ ਈ ਸਾਧੜਿਆਂ ਨੇ ਉਸ ਦਿਨ ਮੈਨੂੰ ਹਵਸ ਦਾ ਸ਼ਿਕਾਰ ਬਣਾਇਆ---ਮਾਸੀ ਮੈਂ ਹੀਣ ਭਾਵਨਾ ਦਾ ਸ਼ਿਕਾਰ ਹੋ ਗਈ ਆਂ---ਕਿਤੇ ਪਾਗਲ ਈ ਨਾ ਹੋ ਜਾਵਾਂ---"
“ਸਵਰਨੀ ਤੇਰਾ ਤਾਂ ਕੋਈ ਕਸੂਰ ਨੀ---ਤੂੰ ਕਿਹੜਾ ਆਪਣੀ ਮਰਜ਼ੀ ਨਾਲ ਗਈ ਸੈਂ---ਤੈਨੂੰ ਤਾਂ ਬੇਬੇ ਤੇ ਗੁਰੇ ਨੇ ਈ ਭੇਜਿਆ ਸੀ---ਚਾਹੇ ਮੈਂ ਕਿੰਨੀ ਈ ਪੜ੍ਹੀ ਲਿਖੀ ਆਂ ਪਰ ਮੈਂ ਤਾਂ ਮੁੱਲ ਖਰੀਦੀ ਗੁਲਾਮ---ਤੂੰ ਦੱਸ ਇਹ ਲੰਗੜੀ ਅਪਾਹਜ ਮੁੱਲ ਖਰੀਦ ਔਰਤ ਤੇਰੇ ਲਈ ਕੀ ਕਰ ਸਕਦੀ ਐ---ਪਰ ਮੈਂ ਤੈਨੂੰ ਮਰਨ ਨੀ ਦੇਣਾ---ਤੇ ਪਾਗਲ ਵੀ ਨੀ ਹੋਣ ਦੇਣਾ---ਖ਼ਬਰਦਾਰ ਜੇ ਗਲ ਫਰਾਹਾ ਲੈਣ ਦੀ ਜਾਂ ਜ਼ਹਿਰ ਖਾਣ ਦੀ ਸੋਚੀ ਤਾਂ---"
ਮੈਂ ਇੱਕ ਉਂਗਲ ਉਹਦੇ ਵੱਲ ਕਰਦਿਆਂ ਪਿਆਰ ਭਰੀ ਤਾੜਨਾ ਕੀਤੀ---ਉਹਨੇ ਪਿਆਰ ਵਾਲੇ ਰੌਂਅ ਵਿੱਚ ਹੀ ਮੇਰੀ ਗੋਦੀ `ਚ ਸਿਰ ਧਰ ਕੇ ਪੁੱਛਿਆ,
“ਮਾਸੀ ਮੈਨੂੰ ਤਾੜਨਾ ਕਰਦੀ ਐਂ---ਪਰ ਤੈਂ ਕਿਉਂ ਸਲਫ਼ਾਸ ਖਾਧੀ ਸੀ ਭਲਾਂ?"
“ਮੇਰੀ ਗੱਲ ਹੋਰ ਸੀ---ਤੇਰੀ ਗੱਲ ਹੋਰ ਐ---ਤੇਰੀ ਤਾਂ ਅਜੇ ਬਹੁਤ ਲੋੜ ਐ---"
ਮੈਨੂੰ ਇਹੀ ਕੁੱਝ ਔੜਿਆ---ਉਸ ਨੂੰ ਹੌਸਲਾ ਦੇਣ ਲਈ, ਬੱਸ ਇਹੀ ਕੁੱਝ ਸੁੱਝਿਆ---ਉਹ ਉਦਾਸ ਹੋ ਗਈ ਸੀ---ਸ਼ਾਇਦ ਸੋਚ ਰਹੀ ਹੋਵੇ ਕਿ ਉਹਦੇ ਬਿਨ੍ਹਾਂ ਕਿਸ ਨੂੰ ਫਰਕ ਪੈ ਚੱਲਿਐ---ਬਾਪੂ ਨੇ ਬੇਬੇ ਦੀ ਮੌਤ ਤੋਂ ਬਾਦ ਛੇਤੀ ਈ ਤੇਰੇ ਨਾਲ ਵਿਆਹ ਕਰ ਲਿਆ ਸੀ ਤੇ ਏਵੇਂ ਈ ਗੁਰਾ ਕਰ ਲਵੇਗਾ---ਆਖਣ ਲੱਗੀ,
“ਪਰ ਮਾਸੀ ਮੈਂ ਇੱਕ ਹਰਾਮ ਦੀ ਔਲਾਦ ਨੂੰ ਕਿਵੇਂ ਢੋਂਦੀ ਫਿਰੂੰ ਨਂੌ ਮਹੀਨੇ---ਕਿਵੇਂ ਉਹਨੂੰ ਪਾਲੂੰ? ਉਹ ਜਦੋਂ ਗੁੱਡੀ ਦੇ ਭਾਪੇ ਨੂੰ ਭਾਪਾ ਕਹਿ ਕੇ ਬੁਲਾਊ ਤਾਂ ਮੈ ਕਿਵੇਂ ਜਰੂੰ---ਸਭ ਕੁੱਝ ਜਾਣਦਿਆਂ ਹੋਇਆਂ ਕਿਵੇਂ ਅਣਜਾਣ ਬਣੀ ਰਹੂੰ---??"
ਮੈ ਬੜੀ ਦੇਰ ਉਹਦੇ ਸਵਾਲਾਂ ਦਾ ਜਵਾਬ ਲੱਭਦੀ ਰਹੀ---ਪਰ ਮੈਨੂੰ ਉਹਦੇ ਇਹਨਾਂ ਲਟ ਲਟ ਬਲਦੇ ਹੋਏ ਸੁਆਲਾਂ ਦਾ ਕੋਈ ਉਯਿੁਕਤ, ਕੋਈ ਢੁਕਵਾਂ ਉੱਤਰ ਨਾ ਲੱਭਿਆ---
ਚਲੋਂ ਮੈ ਤਾਂ ਵਕਤ ਦੀ ਮਾਰੀ ਹੋਈ ਹਾਂ---ਮੈਨੂੰ ਸ਼ਾਇਦ ਤਾਂ ਕਰਕੇ ਉਹਦੇ ਇਨ੍ਹਾ ਸੁਆਲਾਂ ਦਾ ਉੱਤਰ ਨਾ ਸੁੱਝਿਆ---ਪਰ ਤੁਸੀਂ ਤਾਂ ਵਕਤ ਦੇ ਮਾਰੇ ਹੋਏ ਨਹੀਂ ਹੋ---ਤੁਸੀਂ ਤਾਂ ਸੂਝਵਾਨ, ਸਿਆਣੇ, ਦਾਨੇ ਸਾਨੇ ਤੇ ਪੜ੍ਹੇ, ਲਿਖੇ ਹੋ---ਤੁਸੀਂ ਦੱਸੋ ਕਿ ਥੋਡੇ ਕੋਲ ਸਵਰਨੀ ਦੇ ਇਹਨਾਂ ਸੁਆਲਾਂ ਦਾ ਕੋਈ ਢੁਕਵਾਂ ਉੱਤਰ ਹੈ??
ਉਹਦੇ ਸੁਆਲ ਜਾਇਜ਼ ਸਨ---ਵਾਜਬ ਸਨ---ਇਸ ਤਰ੍ਹਾਂ ਹਰਾਮ ਦੀ ਔਲਾਦ ਨੂੰ ਢੋਣਾ ਕੋਈ ਸੌਖਾ ਕੰਮ ਨਹੀਂ---ਮੈਂ ਇੱਕ ਔਰਤ ਹੋਣ ਦੇ ਨਾਤੇ ਸਵਰਨੀ ਦਾ ਦਰਦ ਮਹਿਸੂਸ ਕਰ ਰਹੀ ਸਾਂ---ਪਰ ਉਸ ਦੇ ਸਵਾਲਾਂ ਦਾ ਜਵਾਬ ਦੇਣਾ ਮੇਰੇ ਲਈ ਮੁਸ਼ਕਲ ਸੀ---ਮੈਂ ਕਿਸੇ ਨਿਰਣੇ ਤੇ ਨਹੀਂ ਸਾਂ ਪਹੰੁਚ ਰਹੀ---ਇੱਕ ਮਨ ਕਹੇ ਕਿ ਇਹਨੂੰ ਕਹਾਂ ਬਈ ਤੂੰ ਗੁਰੇ ਨੂੰ ਸਾਰੀ ਗੱਲ ਦੱਸ ਦੇ---ਪਰ ਫੇਰ ਡਰਾਂ ਕਿ ਉਹ ਸੁਭਾਅ ਦਾ ਬਹੁਤ ਕੌੜਾ ਐ---ਕਲੇਸ਼ ਕਰੇਗਾ---ਘਸਮੱਟ ਪਾ ਦਊ ਪੂਰਾ।
ਮੈਂ ਸੋਚਦੀ ਰਹੀ ਕਿ ਉਂਜਜ ਚੰਗਾ ਸੀ ਜੇ ਸਵਰਨੀ ਗਲ ਫਰਾਹਾ ਲੈ ਲੈਂਦੀ---ਪਰ ਨਹੀਂ, ਅਗਲੇ ਈ ਪਲ ਮੈਂ ਇਸ ਵਿਚਾਰ ਨੂੰ ਰੱਦ ਕਰ ਦਿੱਤਾ---ਨਹੀਂ---ਨਹੀਂ---ਜਦੋਂ ਸਵਰਨੋ ਦਾ ਕੋਈ ਦੋਸ਼ ਈ ਨੀ ਤਾਂ ਉਹ ਕਿਉਂ ਮਰੇ?
ਸਵਰਨੀ ਸੌਂ ਗਈ ਸੀ---ਮੇਰੇ ਉਤਰ ਦੀ ਉਡੀਕ ਕਰਦੀ ਕਰਦੀ ਸੌਂ ਗਈ ਸੀ---ਉਹਨੂੰ ਪਤਾ ਸੀ ਕਿ ਮੇਰੇ ਕੋਲ ਉਸ ਦੇ ਕਿਸੇ ਸੁਆਲ ਦਾ ਜਵਾਬ ਨਹੀਂ ਹੈ---ਮੇਰੇ ਕੋਲ ਤਾਂ ਕੀ, ਕਿਸੇ ਕੋਲ ਵੀ ਉਸ ਦੇ ਇਹਨਾਂ ਸੁਆਲਾਂ ਦਾ ਜਵਾਬ ਨਹੀਂ ਹੈ---ਕੋਠੜੀ ਵਿੱਚ ਤਿੰਨ ਜਣੇ ਸੁੱਤੇ ਪਏ ਘੁਰਾੜੇ ਮਾਰ ਰਹੇ ਸਨ ਤੇ ਮੈਨੂੰ ਇਹਨਾਂ ਘੁਰਾੜਿਆਂ ਤੋਂ ਦਹਿਸ਼ਤ ਹੋ ਰਹੀ ਸੀ---ਮੈਂ ਬੈਚੇਨ ਹੋ ਗਈ
ਮੈਂ ਹੈਰਾਨ ਹੁੰਦੀ ਕਿ ਬੇਬੇ ਕਿੰਨੀ ਸਹਿਜ ਐ---ਜਿਵੇਂ ਕੁੱਝ ਵਾਪਰਿਆ ਹੀ ਨਹੀਂ ਹੁੰਦਾ---ਉਹ ਸਭ ਕੁੱਝ ਜਾਣਦਿਆਂ ਹੋਇਆ ਵੀ ਅਣਜਾਣ ਬਣੀ ਰਹਿੰਦੀ---ਊਂਜ ਕੀ ਪਤਾ ਉਹਦੇ ਅੰਦਰ ਵੀ ਕੀ ਭੰਨਤਾਂ ਘੜਤਾਂ ਚਲ ਰਹੀਆਂ ਹੋਣ---ਉਹ ਜਾਹਰ ਨਾ ਹੋਣ ਦਿੰਦੀ ਹੋਵੇ---ਇਹ ਵੀ ਹੋ ਸਕਦੈ ਕਿ ਉਹ ਡਰਦੀ ਹੋਵੇ---ਬਈ ਜੇ ਭੇਤ ਪਰਦਾ ਖੁੱਲ੍ਹ ਗਿਆ ਤਾਂ ਸਭ ਤੋਂ ਵੱਧ ਛਿੱਤਰ ਉਸੇ ਦੇ ਈ ਪੈਣਗੇ---ਗੱਲ ਵਧੂਗੀ ਤੇ ਬਦਨਾਮੀ ਵੀ ਹੋਵੇਗੀ---
ਮੈਂ ਸੋਚਦੀ ਕਿ ਉਹ ਆਉਣ ਵਾਲੇ ਬੱਚੇ ਨੂੰ ਆਪਣੀ ਜਾਇਦਾਦ ਦਾ ਵਾਰਸ ਕਿਵੇਂ ਸਮਝੂਗੀ? ਕਿਵੇਂ ਕਿਸੇ ਹੋਰ ਦੇ ਬੱਚੇ ਨੂੰ ਉਹ ਜਾਇਦਾਦ ਦੇ ਦੇਵੇਗੀ---ਇਹ ਕਿਹੋ ਜਿਹਾ ਧਰਮ ਸੰਕਟ ਹੋਵੇਗਾ ਉਹਦੇ ਲਈ---? ਉਹ ਲੱਖ ਕੋਸ਼ਿਸ਼ ਕਰਨ ਦੇ ਬਾਦ ਵੀ ਕੋਈ ਨਿਰਣਾ ਨਹੀਂ ਲੈ ਸਕੇਗੀ---ਉਂਜ ਉਹਦੇ ਮਨ ਦੀ ਦਸ਼ਾ ਮੈਂ ਬਿਨਾਂ ਕੁਝ ਕਹੇ ਸੁਣੇ ਸਮਝ ਸਕਦੀ ਸਾਂ---ਕੀ ਪਤਾ ਉਹਦੇ ਮਨ ਦੀ ਹਾਂਡੀ `ਚ ਕੀ ਰਿੱਝ ਪੱਕ ਰਿਹਾ ਹੋਵੇ---ਕੀ ਕੀ ਉਬਾਲ ਆਉਂਦੇ ਹੋਣ---
ਅੱਛਿਆ ਸੱਚ! ਉਹ ਚੇਲਾ ਸੱਚੀਂ ਮਰ ਗਿਆ ਸੀ ਜਿਸ ਨੂੰ ਸਵਰਨੀ ਨੇ ਕੁੱਟਿਆ ਸੀ---ਸ਼ਾਇਦ ਲਾਠੀ ਉਹਦੀ ਗੰਜੀ ਖੋਪੜੀ `ਚ ਕੁੱਝ ਵਧੇਰੇ ਦੀ ਗਹਿਰੀ ਉਤਰ ਗਈ ਸੀ---ਪਰ ਇਹ ਕਿਸੇ ਨੂੰ ਭਣਕ ਨਾ ਪਈ ਬਈ ਉਸ ਨੂੰ ਕਿਸ ਨੇ ਮਾਰਿਐ---ਉਹਦੀ ਲਾਠੀ ਬੇਬੇ ਨੇ ਨਾਲ ਈ ਲੈ ਆਂਦੀ ਸੀ---ਉਹਨੇ ਇਹ ਲਾਠੀ ਚੁੱਲੇ `ਚ ਡਾਹ ਦਿੱਤੀ ਸੀ---ਸ਼ਾਇਦ ਸਬੂਤ ਖਤਮ ਕਰਨ ਦੀ ਮਨਸ਼ਾ ਨਾਲ ਇਹ ਚੁੱਲੇ `ਚ ਜਲਾ ਦਿੱਤੀ ਸੀ---ਚਰਚਾ ਤਾਂ ਬਥੇਰੀ ਹੋਈ---ਪਰ ਕਾਤਲ ਦੀ ਕਿਸੇ ਨੂੰ ਸੂਹ ਨਾ ਲੱਗੀ---ਪੁਲਿਸ ਦੇ ਲੱਖ ਕੋਸ਼ਿਸ਼ ਕਰਨ ਤੇ ਵੀ ਕਾਤਲ ਦਾ ਭੇਤ ਨਾ ਖੁੱਲ੍ਹਿਆ---ਆਖਰ ਚਾਲੀ ਪੰਜਾਹ ਸਾਲਾਂ ਤੋ ਵਸੇ ਟਿਕਾਣੇ ਦੇ ਸਾਧ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਸੀ---ਨਾ ਕਿਸੇ ਨਾਲ ਲੜਾਈ ਨਾ ਝਗੜਾ ਨਾ ਕਿਸੇ ਪ੍ਰਕਾਰ ਦੀ ਲਾਗ ਡਾਟ---ਨਾ ਕਿਸੇ ਨਾਲ ਰੌਲਾ---
ਇਸ ਕਤਲ ਤੋਂ ਬਾਦ ਵੱਡੇ ਮਹੰਤ ਸਮੇਤ ਸਾਰੇ ਡਰੇ ਬੈਠੇ ਸਨ---ਮਹੰਤ ਨੂੰ ਇਹ ਕਤਲ ਅੱਗੋਂ ਵਾਸਤੇ ਵੱਡਾ ਖ਼ਤਰਾ ਬਣਦਾ ਨਜ਼ਰ ਆ ਰਿਹਾ ਸੀ---ਪੁਲਸ ਨੇ ਉਸ ਉਤੇ ਵੀ ਸ਼ੱਕ ਕੀਤਾ ਸੀ---ਤਫਤੀਸ਼ ਵੇਲੇ ਉਸ ਕੋਲੋਂ ਵੀ ਪੁੱਠੇ ਸਿੱਧੇ ਸੁਆਲ ਪੁੱਛੇ ਸਨ---ਕਈ ਚੇਲੇ ਤਾਂ ਟਿਕਾਣਾ ਛੱਡ ਕੇ ਟਿਭ ਵੀ ਗਏ ਸਨ।
ਜਦੋਂ ਕਦੇ ਸਵਰਨੀ ਉਦਾਸ ਹੁੰਦੀ ਤਾਂ ਮੈਂ ਉਸ ਨੂੰ ਹੌਸਲਾ ਦਿੰਦੀ---ਰੋਂਦੀ ਨੂੰ ਚੁੱਪ ਕਰਾਉਂਦੀ---ਦਿਨ ਲੰਘ ਨਹੀਂ ਸਨ ਰਹੇ ਬੱਸ ਰਿੜ੍ਹ ਰਹੇ ਸਨ---ਕੀੜੀ ਦੀ ਚਾਲ ਰਿੜ੍ਹ ਰਹੇ ਸਨ---ਇਹ ਕੁੱਝ ਵਧੇਰੇ ਈ ਲੰਮੇ ਤੇ ਧੀਮੀ ਚਾਲ ਹੋਣ ਸਦਕਾ ਉਕਤਾਊ ਜਿਹੇ ਵੀ ਹੋ ਗਏ ਸਨ---।
ਅਸੀਂ ਪਤਾ ਨੀ ਕਿਹੜੀ ਹੋਣੀ ਅਣਹੋਣੀ ਦਾ ਇੰਤਜ਼ਾਰ ਕਰ ਰਹੇ ਸਾਂ---ਦੂਰ ਦੂਰ ਤੱਕ ਨਿਰਾਸ਼ਾ ਹੀ ਨਿਰਾਸ਼ਾ ਸੀ---ਜ਼ਿੰਦਗੀ ਪ੍ਰਤੀ ਤੇ ਭਵਿੱਖ ਪ੍ਰਤੀ ਬੇਵਸਾਹੀ ਸੀ---ਅਸੁਰੱਖਿਆ ਦੀ ਭਾਵਨਾ ਸੀ---ਸਵਰਨੀ ਪੀਲੀ ਹੁੰਦੀ ਜਾ ਰਹੀ ਸੀ---ਮੈਂ ਇੱਕ ਗੱਲ ਹੋਰ ਵੀ ਮਹਿਸੂਸ ਕਰ ਰਹੀ ਸਾਂ ਕਿ ਐਤਕੀਂ ਵੀ ਉਸ ਦੀ ਕੋਈ ਖਾਸ ਪਰਵਰਿਸ਼ ਨਹੀਂ ਸੀ ਹੋ ਰਹੀ---ਕੋਈ ਖਾਸ ਧਿਆਨ ਨਹੀਂ ਸੀ ਰੱਖਿਆ ਜਾ ਰਿਹਾ---
ਗੁੱਡੀ ਵੇਲੇ ਬੇਬੇ ਨੇ ਸਵਰਨੀ ਦੇ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਸੀ---ਉਸ ਦੀ ਹਰ ਸੁੱਖ ਸੁਵਿਧਾ ਦਾ ਖਿ਼ਆਲ ਰੱਖਿਆ ਸੀ---ਪਰ ਇਸ ਵਾਰੀ ਪਤਾ ਨੀ ਕਿਉਂ ਸਵਰਨੀ ਨੂੰ ਕੋਈ ਖਾਸ ਤਵੱਜੋ ਨਹੀਂ ਸੀ ਦਿੱਤੀ ਜਾ ਰਹੀ---ਮੈਂ ਹੀ ਉਸ ਨੂੰ ਖਾਣ ਪੀਣ ਲਈ ਦਿੰਦੀ ਰਹਿੰਦੀ---ਸਵਰਨੀ ਨੇ ਬੇਬੇ ਨੂੰ ਦੱਸ ਦਿੱਤਾ ਸੀ ਕਿ ਉਸ ਨੇ ਮੈਨੂੰ ਟਿਕਾਣੇ `ਚ ਹੋਈ ਸਾਰੀ ਵਾਰਦਾਤ ਦੱਸ ਦਿੱਤੀ ਹੈ---
ਇੱਕ ਦਿਨ ਮੇਰੀ ਸੱਸ ਨੂੰ ਪਤਾ ਨੀ ਕੀ ਹੋਇਆ---ਉਹ ਭੂੰਜੇ ਬਹਿ ਕੇ ਪੰਡਤਾਣੀ ਦਾ ਨਾਂ ਲੈ ਲੈ ਕੇ ਕੀਰਨੇ ਪਾਉਣ ਲੱਗ ਪਈ---ਕਿਸੇ ਨੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਨਾ ਕੀਤੀ---ਮੈਂ ਤੇ ਸਵਰਨੀ ਉਹਦੇ ਕੀਰਨਿਆਂ ਦਾ ਕਾਰਣ ਜਾਣਦੀਆਂ ਸਾਂ---ਉਹਨੇ ਜ਼ੋਰ ਜ਼ੋਰ ਦੀ ਆਪਣੀ ਛਾਤੀ ਪਿੱਟੀ---ਤੇ ਉਹ ਰੋਂਦੀ ਰੋਂਦੀ ਹਾਲੋਂ ਬੇਹਾਲ ਹੋ ਗਈ---ਫੇਰ ਉਸ ਨੇ ਪ੍ਰਮਾਤਮਾ ਨੂੰ ਰੱਜ ਰੱਜ ਕੇ ਕੋਸਿਆ---ਉਹ ਪਾਗਲਾਂ ਵਾਂਗ ਬੋਲ ਰਹੀ ਸੀ,
“ਸਵਰਨੋ ਮੈਂ ਤੇਰੀ ਦੋਖੀ ਆਂ---ਪਰ ਬੇੜੀ ਤਾਂ ਪੰਡਤੈਣ ਦੀ ਬੈਠੀ ਐ---ਦੇਖ ਲੈਣਾ---ਇਹਦੇ ਕੀੜੇ ਪੈਣਗੇ---ਇਹਦੀ ਅਰਥੀ ਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਹੋਣਾ---ਇਸੇ ਨੇ ਮੈਨੂੰ ਪੁੱਠੇ ਰਾਹ ਤੋਰਿਐ---ਪੁੱਤ ਮੈਨੂੰ ਨਹੀਂ ਸੀ ਪਤਾ ਬਈ ਉਥੇ ਹਾਅ ਲੁੱਚਪੁਣਾ ਹੁੰਦੈ---ਮੁੰਡੇ ਦੇਣ ਦੇ ਬਹਾਨੇ ਉਹ ਭੋਲੀਆਂ ਭਾਲੀਆਂ ਔਰਤਾਂ ਨੂੰ ਖੇਹ ਖਰਾਬ ਕਰਦੇ ਨੇ---ਮੈਨੂੰ ਪੜਪੋਤਾ ਤਾ ਚਾਹੀਦਾ ਸੀ ਪਰ ਐਸ ਤਰ੍ਹਾਂ ਨਹੀਂ---ਮੈਂ ਸੋਚਿਆ ਸੰਤਾਂ ਮਹਾਤਮਾਵਾਂ ਨੇ ਭਗਤੀ ਕੀਤੀ ਹੁੰਦੀ ਐ---ਤੇ ਤਪੱਸਿਆ ਕਰਕੇ ਉਹਨਾਂ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਹੁੰਦੀਆਂ ਨੇ---ਮੈਂ ਸੋਚਿਆ ਮਹੰਤ ਕੋਲ ਜਰੂਰ ਕਰਾਮਾਤਾਂ ਹੋਣਗੀਆਂ---ਪਰ ਇਹ ਤਾਂ ਸਾਰੇ ਕਲਜੁਗੀ ਸਾਧ ਨਿਕਲੇ---ਲੁੱਚੇ ਲਫੰਗੇ ਬੇਈਮਾਨ---ਮੈਂ ਤਾਂ ਬੋਲ ਵੀ ਨੀ ਸਕਦੀ---ਰੌਲਾ ਵੀ ਨੀ ਪਾ ਸਕਦੀ---ਕਿਉਂਕਿ ਗੁਰਾ ਤੇ ਥੋਡਾ ਬਾਪ ਮੈਨੂੰ ਲੈ ਬੈਠਣਗੇ---ਗੁਰਾ ਤਾਂ ਊਈਂ ਅੱਗ ਹੱਥਾ ਐ---ਨਾਲੇ ਮੇਰੇ ਟੁਕੜੇ ਕਰੂ---ਨਾਲੇ ਟਿਕਾਣੇ `ਚ ਜਾ ਕੇ ਖੂਨ ਖਰਾਬਾ ਕਰੂ---ਹੇ ਬਾਘਰੂ ਮੇਰੀ ਕਿਉ ਮੱਤ ਮਾਰੀ ਗਈ---ਕਿਹੜੇ ਕਾਲ ਭਾਗ ਨੂੰ ਮੈਂ ਪਾਪਣ ਨੇ ਸਵਰਨੋਂ ਨਾਲ ਧਰੋਹ ਕਮਾਇਆ---ਮੈਂ ਕਿਉਂ ਪੰਡਤੈਣ ਦੀਆਂ ਗੱਲਾਂ `ਚ ਆ `ਗੀ---ਮੇਰਾ ਗੁਨਾਹ ਕਿਵੇਂ ਬਕਸਿਆ ਜਾਊ---ਹੇ ਬਾਘਰੂ---"
ਫੇਰ ਉਹ ਚੁੱਪ ਕਰ ਗਈ---ਤੇ ਮਾਹੌਲ ਵਿੱਚ ਵੀ ਇੱਕ ਚੁੱਪ ਪਸਰ ਗਈ---ਮੈਂ ਤੇ ਸਵਰਨੀ ਬੇਬੇ ਨੂੰ ਵਿਰਲਾਪ ਕਰਦਿਆਂ ਦੇਖਦੀਆਂ ਰਹੀਆਂ---ਸਾਡੀ ਉਸ ਨੂੰ ਕੁੱਝ ਕਹਿਣ ਦੀ ਹਿੰਮਤ ਈ ਨਹੀਂ ਸੀ ਹੋ ਰਹੀ---ਸਵਰਨੀ ਨੇ ਇਸ ਭਿਆਨਕ ਚੁੱਪ ਨੂੰ ਤੋੜਿਆ,
“ਬੇਬੇ ਬਾਕੀ ਦੀਆਂ ਗੱਲਾਂ ਛੱਡ---ਤੂੰ ਮੈਨੂੰ ਇਹ ਦੱਸ ਬਈ ਹੁਣ ਇਹ ਬੱਚਾ ਤੇਰੀ ਜਾਇਦਾਦ ਦਾ ਵਾਰਸ ਬਣੂੰਗਾ `ਕ ਨਾਅ---? ਇਹਨੂੰ ਟਕਾਣੇ ਈ ਛੱਡ ਆਈਂ---ਉਥੇ ਚੜ੍ਹਾਵੇ `ਚ ਦੇ ਆਈਂ---ਕੀ ਪਤਾ ਉਥੇ ਫਿਰਦੇ ਚੇਲੇ ਚਪਟੇ ਵੀ ਮਹੰਤ ਦੀ ਏ ਅਲਾਦ ਹੋਣ ਤੇ ਲੋਕੀਂ ਉਹਨਾਂ ਨੂੰ ਟਕਾਣੇ `ਚ ਛੱਡ ਗਏ ਹੋਣ---ਬਥੇਰੇ ਲੋਕ ਨਿਆਣੇ ਚੜ੍ਹਾਵੇ `ਚ ਚੜ੍ਹਾ ਆਉਂਦੇ ਨੇ---ਜਿਥੇ ਹੋਰ ਖਲਕਤ ਤੁਰੀ ਫਿਰਦੀ ਐ ਟਕਾਣੇ `ਚ---ਉਥੇ ਇਹ ਵੀ ਤੁਰਿਆ ਫਿਰੂ ਸੁਲਫੇ ਪੀਂਦਾ ਤੇ ਭੰਗ ਰਗੜਦਾ---"
“ਹਾਂਅ ਸਵਰਨੋ---ਤੇਰੀ ਹਾਅ ਗੱਲ ਜਚੀ ਐ ਮੈਨੂੰ---ਮੈਂ ਇਹਨੂੰ ਕਬੀਜ ਨੂੰ ਟਕਾਣੇ ਆਲੇ ਮਹੰਤ ਕੇ ਮੱਥੇ ਮਾਰ ਦੇ ਆਊਂ---ਤੇਰੇ ਨਾਲ ਕਈਆਂ ਨੇ ਧੱਕਾ ਕੀਤਾ---ਇੱਕ ਤਾਂ ਮਰ ਗਿਆ---ਬਾਕੀਆਂ ਨੂੰ ਵੀ ਕਿਸੇ ਦਿਨ ਮੌਕਾ ਦੇਖ ਕੇ ਪਾਰ ਬਲਾਊਂ---ਇਹ ਕੰਮ ਮੈਂ ਕਰੂੰਗੀ---ਨਾਲੇ ਪੰਡਤੈਣ ਦਾ ਸਿਆਪਾ ਕਰੂੰ---ਸਭ ਤੋਂ ਪਹਿਲਾਂ ਮੈਂ ਮਹੰਤ ਨੂੰ ਚੜਾਊਂ ਗੱਡੀ---ਉਹ ਈ ਸਾਰੀ ਮੁਸੀਬਤ ਦੀ ਜੜ ਐ---ਅਖੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ---ਨਾ ਰਹੂ ਮਹੰਤ ਤੇ ਨਾ ਫੇਰ ਰਹਿਣੇ ਚੇਲੇ ਚਾਟੜੇ---ਮਹੰਤ ਦਾ ਗਾਟਾ ਤਾਰੂੰ ਗੰਡਾਸੀ ਨਾਲ---ਕਿਸੇ ਨੂੰ ਚੇਲੇ ਦੇ ਕਤਲ ਵਾਂਗ ਭਿਣਕ ਨੀ ਲੱਗਣ ਦੇਣੀ---ਥੋਨੂੰ ਲਗਦਾ ਹੋਣਾ ਬਈ ਬੇਬੇ ਵੀ ਸੈਂਤ ਇਸ ਸੜਯੰਤਰ `ਚ ਨਾਲ ਮਿਲੀ ਹੋਈ ਐ---ਪਰ ਮੈਂ---ਮੈਂ---ਮੈਂ---"
ਬੇਬੇ ਬੋਲਦੀ ਬੋਲਦੀ ਬੇਹੋਸ਼ ਹੋ ਗਈ---ਅਸੀਂ ਦੋਵੇਂ ਘਬਰਾਅ ਗਈਆਂ---ਮੈਂ ਛੇਤੀ ਦੇਣੇ ਬੇਬੇ ਨੂੰ ਹਲੂਣਿਆ---ਉਹਦੀਆਂ ਤਲੀਆਂ ਝੱਸੀਆਂ---ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਤਾਂ ਕਿਤੇ ਜਾ ਕੇ ਉਸ ਨੂੰ ਹੋਸ਼ ਆਈ---ਇਸ ਘਟਨਾ ਤੋਂ ਬਾਦ ਬੇਬੇ ਕਈ ਦਿਨ ਮੰਜੇ ਤੋਂ ਨਾ ਉਠੀ---ਉਹ ਬਿਟਰ ਬਿਟਰ ਤੱਕਦੀ ਰਿਹਾ ਕਰੇ---ਕਿਸੇ ਦੀ ਗੱਲ ਉਹਨੂੰ ਜਿਵੇਂ ਸਮਝ ਆਉਣੋਂ ਹਟ ਗਈ---
ਇੱਕ ਦਿਨ ਪਿੰਡ ਦੇ ਗੁਰਦੁਆਰੇ `ਚ ਕੋਈ ਸੰਤ ਆਏ ਹੋਏ ਸਨ---ਉਹਨਾਂ ਦੇ ਪ੍ਰਵਚਨ ਸੁਣਨ ਲਈ ਸਾਰਾ ਪਿੰਡ ਗੁਰਦੁਆਰੇ ਗਿਆ ਹੋਇਆ ਸੀ---ਮੇਰੇ ਸਹੁਰੇ ਪ੍ਰੀਵਾਰ ਦੇ ਸਾਰੇ ਜੀਅ ਵੀ ਪ੍ਰਵਚਨ ਸੁਣਨ ਗਏ ਹੋਏ ਸਨ---ਬੇਬੇ ਸਾਰਿਆਂ ਨਾਲੋਂ ਲੇਟ ਘਰੋਂ ਨਿਕਲੀ---ਉਹਦੇ ਹੱਥ ਵਿੱਚ ਇੱਕ ਝੋਲਾ ਸੀ ਜਿਹੜਾ ਉਹਨੇ ਕੁੱਝ ਵਧੇਰੇ ਹੀ ਅਹਿਤਿਹਾਤ ਨਾਲ ਸਾਂਭਿਆ ਹੋਇਆ ਸੀ---ਮੈਂ ਸਵਰਨੀ ਤੇ ਗੁੱਡੀ ਹੀ ਘਰੇ ਸਾਂ---ਮੈਂ ਤਾਂ ਕਦੇ ਸੰਤਾਂ ਦੇ ਪ੍ਰਵਚਨ ਸੁਣਨ ਜਾਂ ਕਿਸੇ ਮੰਦਰ ਗੁਰਦੁਆਰੇ ਗਈ ਹੀ ਨਹੀਂ ਸਾਂ--- ਜਾਂ ਕਹਿ ਲਓ ਮੈਨੂੰ ਕੋਈ ਲਿਜਾਂਦਾ ਹੀ ਨਹੀਂ ਸੀ---ਵੈਸੇ ਧਾਰਮਿਕ ਸਥਾਨਾਂ `ਚ ਮੇਰੀ ਕੋਈ ਖਾਸ ਸ਼ਰਧਾ ਨਹੀਂ ਸੀ ਤੇ ਨਾ ਹੀ ਰੁਚੀ ਸੀ---ਬੇਬੇ ਗੁਰਦੁਆਰੇ ਜਾਣ ਤੋਂ ਪਹਿਲਾਂ ਉੱਖੜੀ ਉੱਖੜੀ ਸੀ---ਮੇਰਾ ਜੀ ਕੀਤਾ ਕਿ ਬੇਬੇ ਨੂੰ ਉਹਦੀ ਖ਼ਰਾਬ ਤਬੀਅਤ ਸਦਕਾ ਗੁਰਦੁਆਰੇ ਜਾਣ ਤੋਂ ਰੋਕ ਦਿਆਂ ਪਰ ਫੇਰ ਸੋਚਿਆ ਕਿ ਜੇ ਇਹਦੀ ਸ਼ਰਧਾ ਹੈ ਤਾਂ ਚਲੀ ਜਾਵੇ---ਕੀ ਪਤਾ ਉਥੇ ਜਾ ਕੇ ਮਨ ਕੁੱਝ ਹੌਸਲਾ ਫੜ ਲਵੇ---
ਗੁਰਦੁਆਰੇ ਦੇ ਸਪੀਕਰ ਰਾਹੀਂ ਸੰਤਾਂ ਦੇ ਪ੍ਰਵਚਨ ਉੱਚੀ ਆਵਾਜ਼ ਵਿੱਚ ਫਿਜ਼ਾ ਨੂੰ ਚੀਰ ਰਹੇ ਸਨ---ਸ਼ਾਇਦ ਉਹਨਾਂ ਨੇ ਕਬੀਰ ਦੀ ਕੋਈ ਸਾਖੀ ਸੁਰੂ ਕਰ ਰੱਖੀ ਸੀ---ਹਾਰਮੋਨੀਅਮ, ਢੋਲਕੀ ਅਤੇ ਛੈਣਿਆਂ ਦੀ ਆਵਾਜ਼ ਨਾਲ ਉਹ ਵਿੱਚ ਵਿੱਚ ਗਾਉਂਦੇ ਵੀ ਸਨ---ਐਨਾ ਸ਼ੋਰ ਸੀ ਕਿ ਨੀਂਦ ਆਉਣ ਦਾ ਸੁਆਲ ਈ ਨਹੀਂ ਸੀ ਪੈਦਾ ਹੁੰਦਾ---ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸਾਂ ਕਿ ਐਨੇ ਨੂੰ ਇੱਕ ਆਦਮੀ ਮੇਰੀ ਕੋਠੜੀ `ਚ ਦਾਖਲ ਹੋਇਆ---ਡਰ ਨਾਲ ਮੇਰੀ ਚੀਕ ਨਿਕਲ ਗਈ---ਚੀਕ ਸੁਣ ਕੇ ਗੁੱਡੀ ਵੀ ਜਾਗ ਪਈ---ਉਹ ਵੀ ਡਰ ਨਾਲ ਰੋਣ ਲੱਗ ਪਈ---
“ਡਰ ਨਾਅ---ਭਾਈ---ਮੈ ਆਂ ਤੇਰੀ ਬੇਬੇ---"ਆਦਮੀਆਂ ਵਾਲੇ ਭੇਸ ਵਿੱਚ ਬੇਬੇ ਝੱਟ ਬੋਲੀ---ਮੈਂ ਅਜੇ ਵੀ ਕੰਬ ਰਹੀ ਸਾਂ---ਬੇਬੇ ਦਾ ਮਰਦਾਵੇਂ ਭੇਸ ਵਿੱਚ ਮੇਰੀ ਕੋਠੜੀ `ਚ ਆਉਣਾ ਮੈਨੂੰ ਕਈ ਤਰ੍ਹਾਂ ਦੇ ਸੰਕਿਆਂ `ਚ ਪਾ ਰਿਹਾ ਸੀ---ਮੇਰੀ ਚੀਕ ਸੁਣ ਕੇ ਸਵਰਨੀ ਵੀ ਭੱਜੀ ਆਈ---ਇੱਕ ਮਰਦ ਨੂੰ ਦੇਖ ਕੇ ਉਹ ਵੀ ਡਰ ਗਈ---"।
“ਬੇਬੇ ਐ---ਡਰ ਨਾਅ---" ਮੈਂ ਸਵਰਨੀ ਨੂੰ ਡਰੀ ਦੇਖ ਕੇ ਆਖਿਆ।"
“ਬੇਬੇ ?? ਪਰ---ਪਰ---ਬੇਬੇ !! ਆਹ ਕੱਪੜੇ---ਬਾਪੂ ਦੇ ਕੱਪੜੇ---ਇਹ ਸਭ---"ਭਮੰਤਰੀ ਹੋਈ ਸਵਰਨੀ ਹਜ਼ਾਰਾਂ ਸੁਆਲ ਪੁੱਛ ਰਹੀ ਸੀ---"
“ਦੱਸਦੀ ਆਂ---ਕੁੜੀਓ ਸਭ ਦੱਸਦੀ ਆਂ---ਮੈਂ ਬਦਲਾ ਲੈ ਆਈ ਆਂ---ਮਹੰਤ ਦੀ ਗਰਦਨ ਬੱਢ ਕੇ ਔਹ ਮਾਰੀ---ਧੜ ਨਾਲ ਲਟਕੀ ਹੋਈ ਵੀ ਭੁੜਕੀ ਜਾਵੇ---ਫੇਰ ਇੱਕ ਚੇਲੇ ਦੇ ਸਿਰ `ਚ ਗੰਡਾਸੀ ਮਾਰੀ---ਟਿਕਾਣੇ ਦੇ ਬਹੁਤੇ ਸਾਧ ਤਾਂ ਪ੍ਰਵਚਨ ਸੁਣਨ ਗੁਰਦੁਆਰੇ ਆਏ ਹੋਏ ਸੀਗੇ---ਮੈਂ ਉਥੇ ਮਹੰਤ ਨੂੰ ਲੱਭਦੀ ਰਹੀ---ਪਰ ਉਹ ਮੇਰੀ ਨਜਰੀ ਨਾ ਪਿਆ---ਮੈਂ ਸੋਚਿਆ ਬਈ ਹਰਾਮੀ ਜਰੂਰ ਟਿਕਾਣੇ `ਚ ਈ ਹੋਊ---ਬੱਸ ਦੋਵੇਂ ਨਾਲ ਨਾਲ ਸੁੱਤੇ ਪਏ ਸੀਘੇ---ਮੈਂ ਤਾਂ ਜਾਨ ਤਲੀ ਤੇ ਧਰ ਕੇ ਗਈ ਸੀਘੀ---ਬਈ ਜਾਂ ਮਹੰਤ ਨੂੰ ਮਾਰ ਕੇ ਘਰੇ ਬੜੂੰ---ਨਹੀਂ ਤਾਂ ਮੇਰੀ ਲੋਥ ਘਰੇ ਆਊ---"
ਬੇਬੇ ਦੀ ਗੱਲ ਸੁਣ ਕੇ ਇੱਕ ਵਾਰੀ ਤਾਂ ਸਾਡੇ ਸਾਹ ਸੁੱਕ ਗਏ---ਅਸੀਂ ਦਹਿਸਤ ਵਿੱਚ ਆ ਗਈਆਂ---ਗੁਰਦੁਆਰੇ ਅਰਦਾਸ ਹੋ ਰਹੀ ਸੀ---ਪ੍ਰਵਚਨ ਸਮਾਪਤ ਹੋ ਗਏ ਸਨ---ਬੇਬੇ ਕਾਹਲੀ ਕਾਹਲੀ ਉਠਦਿਆ ਬੋਲੀ,
“ਲੈ ਮੈਂ ਪਹਿਲਾਂ ਗੰਡਾਸੀ ਧੋ ਦਿਆਂ---ਪੂੰਝ ਤਾਂ ਮੈਂ ਮਹੰਤ ਦੀ ਧੋਤੀ ਨਾਲ ਈ ਆਈ ਸਾਂ---ਸਵਰਨੋਂ ਨਲਕਾ ਗੇੜ ਛੇਤੀ ਦੇਣੇ---ਘਰ ਦੇ ਆਉਣ ਈ ਵਾਲੇ ਨੇ---"
ਬੇਬੇ ਨੇ ਛੇਤੀ ਆਉਣ ਲਈ ਹੱਥ ਦਾ ਇਸ਼ਾਰਾ ਕੀਤਾ---ਸਵਰਨੀ ਨੇ ਭੱਜ ਕੇ ਨਲਕਾ ਗੇੜਿਆ---ਬੇਬੇ ਨੇ ਚੰਗੀ ਤਰਾਂ ਗੰਡਾਸੀ ਧੋ ਕੇ---ਤਸੱਲੀ ਕਰ ਕੇ ਗੰਡਾਸੀ ਡੰਗਰਾਂ ਆਲੇ ਕੋਠੇ `ਚ ਟਿਕਾਣੇ ਸਿਰ ਧਰ ਦਿੱਤੀ।
“ਬੇਬੇ ਕੱਪੜੇ---ਤੂੰ ਆਵਦੇ ਕੱਪੜੇ ਤਾਂ ਬਦਲ ਛੇਤੀ---"ਸਵਰਨੀ ਨੇ ਬੇਬੇ ਨੂੰ ਚੇਤਾ ਦਿਵਾਇਆ---ਬੇਬੇ ਨੇ ਛੇਤੀ ਛੇਤੀ ਕੱਪੜੇ ਬਦਲੇ ਤੇ ਸਿਰ ਤੇ ਚੁੰਨੀ ਲੈਂਦੀ ਬਾਹਰ ਜਾਣ ਲੱਗੀ---ਮੈਂ ਕੰਬਦੀ ਕੰਬਦੀ ਨੇ ਉਹਦਾ ਹੱਥ ਫੜ ਕੇ ਕਿਹਾ,
“ਜਦ ਤੱਕ ਘਰ ਦੇ ਨਹੀਂ ਆਉਂਦੇ---ਤੂੰ ਸਾਡੇ ਕੋਲ ਈ ਆ ਜਾ ਬੇਬੇ---ਸਾਨੂੰ ਡਰ ਲਗਦੈ---ਅਸੀਂ ਤਾਂ ਦਹਿਸ਼ਤ `ਚ ਆ ਗੀਆਂ"
“ਤੂੰ ਸਹਿਜ ਹੋ ਦਲੇਰ ਕੁਰੇ---ਐਂ ਤਾਂ ਘਰਦਿਆਂ ਨੂੰ ਛੱਕ ਪੈ ਜੂ---ਆਇੰ ਰਹਿਣੈ ਜਿਵੇਂ ਕੁਸ ਹੋਇਆ ਈ ਨੀ ਹੁੰਦਾ---ਖਬਰਦਾਰ ਜੇ ਧੂੰ ਵੀ ਬਾਹਰ ਕੱਢਿਆ ਤਾਂ---ਤੁਸੀਂ ਦੋਵੇ ਜਣੀਆਂ ਧਿਆਨ ਨਾਲ ਸੁਣ ਲਓ---ਆ ਜੋ ਮੈਂ ਮੈਨੂੰ ਦੱਸਾਂ ਸਾਰੀ ਕਹਾਣੀ---"
ਬੇਬੇ ਨੇ ਮੰਜੀ ਤੇ ਬਹਿੰਦਿਆਂ ਘਰੋਂ ਤੁਰਨ ਤੋਂ ਲੈ ਕੇ ਵਾਪਸ ਆਉਣ ਤੱਕ ਦਾ ਜੁੱਗਾਂ ਜਿੱਡਾ ਲੰਮਾ ਸਫ਼ਰ ਕਾਹਲੀ ਕਾਹਲੀ ਬਿਆਨ ਕੀਤਾ---ਉਹਨੇ ਦੱਸਿਆ ਕਿ ਕਿਵੇਂ ਉਹ ਝੋਲੇ `ਚ ਬਾਪੂ ਦੇ ਕੱਪੜੇ ਅਤੇ ਗੰਡਾਸੀ ਪਾ ਕੇ ਘਰੋਂ ਨਿਕਲੀ ---ਕਿਵੇ ਉਸ ਨੇ ਗੁਰਦੁਆਰੇ ਜਾ ਕੇ ਲੋਕਾਂ ਦਾ ਇਕੱਠ ਦੇਖਿਆ ਅਤੇ ਮਹੰਤ ਨੂੰ ਲੱਭਿਆ ਪਰ ਮਹੰਤ ਉਸ ਨੂੰ ਕਿਤੇ ਨਜ਼ਰ ਨਾ ਆਇਆ---ਟਿਕਾਣੇ ਦੇ ਬਹੁਤੇ ਸਾਧ ਗੁਰਦੁਆਰੇ ਹੀ ਮੌਜੂਦ ਸਨ---ਬੇਬੇ ਨੇ ਖੇਤਾਂ `ਚ ਕੱਪੜੇ ਬਦਲੇ ਤੇ ਸਿਰ ਤੇ ਸਾਫਾ ਲਪੇਟਿਆ---ਕਿਵੇਂ ਉਹ ਟਿਕਾਣੇ ਪਹੰੁਚੀ---ਕਿਵੇਂ ਉਹ ਅਧ ਸੁੱਤੇ ਪਏ ਮਹੰਤ ਕੋਲ ਗਈ ਤੇ ਮਹੰਤ ਦੇ ਪੈਰੀਂ ਹੱਥ ਲਾਉਂਦਿਆਂ ਲਾਉਂਦਿਆਂ ਗੰਡਾਸੀ ਨਾਲ ਉਹਦੀ ਗਰਦਨ ਅੱਧ ਤੱਕ ਬੱਢ ਦਿੱਤੀ---ਮਹੰਤ ਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ ਕਿ ਕੋਈ ਰਾਤ ਦੇ ਹਨੇਰੇ `ਚ ਆ ਕੇ ਉਹਦੇ ਉਪਰ ਇਸ ਤਰਾਂ ਦਾ ਹਮਲਾ ਵੀ ਕਰ ਸਕਦਾ ਹੈ---ਉਹਦੇ ਨਾਲ ਵਾਲੇ ਤਖਤਪੋਸ਼ ਉਤੇ ਲੇਟਿਆ ਚੇਲਾ ਭੱਜਿਆ ਆਇਆ ਤੇ ਬਦਹਵਾਸ ਜਿਹੇ ਨੇ ਮਹੰਤ ਦੀ ਲੁੜ੍ਹਦੀ ਹੋਈ ਗਰਦਨ ਦੋਹਾਂ ਹੱਥਾ ਨਾਲ ਬੋਚੀ---ਕਿਵੇਂ ਉਹਨੇ ਮੌਕਾ ਪਾ ਕੇ ਬੌਂਦਲੇ ਤੇ ਝੁਕੇ ਹੋਏ ਚੇਲੇ ਦੇ ਸਿਰ `ਚ ਗੰਡਾਸੀ ਮਾਰੀ---ਚੇਲੇ ਦਾ ਕਪਾਟ ਖੁਲ੍ਹ ਗਿਆ---ਕੁੱਤਿਆਂ ਨੇ ਭੌਂਕ ਭੌਂਕ ਕੇ ਅਸਮਾਨ ਸਿਰ ਤੇ ਚੱਕ ਲਿਆ---ਫੇਰ ਕਿਵੇਂ ਉਹ ਤੇਜ ਕਦਮੀ ਡਾਂਡੇ ਮੀਂਡੇ ਖੇਤਾਂ ਚੋਂ ਦੀ ਹੁੰਦੀ ਹੋਈ ਘਰੇ ਪਹੰੁਚੀ---ਪਿੰਡ ਸੁੰਨਾ ਪਿਆ ਸੀ---ਸਾਰੀ ਖਲਕਤ ਗੁਰਦੁਆਰੇ ਅੱਪੜੀ ਹੋਈ ਸੀ।
ਸਾਥੋਂ ਫੈਸਲਾ ਨਹੀਂ ਸੀ ਲਿਆ ਜਾ ਰਿਹਾ ਕਿ ਬੇਬੇ ਨੂੰ ਬਹਾਦਰ ਗਰਦਾਨੀਏ ਜਾਂ ਕਾਤਲ?? ਇਹ ਵੀ ਨਹੀਂ ਸਾਂ ਦੱਸ ਸਕਦੀਆਂ ਕਿ ਬੇਬੇ ਨੇ ਚੰਗਾ ਕੀਤਾ ਹੈ ਜਾਂ ਮਾੜਾ---ਸਹੀ ਕੀਤਾ ਹੈ ਜਾਂ ਗਲਤ---ਬੱਸ ਬੈਠੀਆਂ ਬੈਠੀਆਂ ਬੇਬੇ ਨੂੰ ਨਿਹਾਰ ਰਹੀਆਂ ਸਾਂ।
--ਚਲਦਾ--