ਅਮਰਜੀਤ ਚਾਹਲ ਦਾ ਨਾਵਲ -ਓਟ
(ਪੁਸਤਕ ਪੜਚੋਲ )
ਪੁਸਤਕ ------ਓਟ
ਲੇਖਕ --- ਅਮਰਜੀਤ ਚਾਹਲ
ਪ੍ਰਕਾਸ਼ਕ ---ਪੀਪਲਜ਼ ਫੌਰਮ ਬਰਗਾੜੀ
ਪੰਨੇ ---232 ਮੁੱਲ ---200 ਰੁਪਏ
ਇਹ ਪੁਸਤਕ ਨਾਵਲ ਹੈ ।ਵਖਰੀ ਤਰਾਂ ਦੀ ਸ਼ੈਲੀ ਹੈ । ਨਾਵਲ ਲੇਖਕ 1968 ਤੋਂ ਕੈਨੇਡਾ ਦਾ ਪੱਕਾ ਬਾਸ਼ਿੰਦਾ ਹੈ । ਨਾਵਲ ਲਿਖਣ ਦਾ ਮੰਤਵ ਕੈਨੇਡਾ ਦੀ ਪੂਰੀ ਭੂਗੋਲਿਕ ਜਾਣਕਾਰੀ ਦੇਣਾ ਹੈ । ਕੈਨੇਡਾ ਦੇ ਮੁਖ ਸ਼ਹਿਰ, ਵਖ ਵਖ ਸੂਬੇ ,ਪਹਾੜ, ਨਦੀਆਂ, ਝੀਲਾਂ ,ਪਸ਼ੂ, ਪੰਛੀ, ਸੜਕਾਂ ਰੈਸਟੋਰੈਂਟ ਤੇ ਹੋਰ ਵੀ ਬੁਹੁਤ ਕੁਝ ਹੈ। ਮੁਖ ਪਾਤਰ ਇਕ ਟਰਕ ਚਾਲਕ ਹੈ । ਮੁਖਤਾਰ ਉਸਦਾ ਨਾਮ ਹੈ। ਉਹ ਕੈਨੇਡਾ ਵਿਚ ਦੂਰ ਦੂਰ ਤਕ ਮਾਲ ਲਿਜਾਂਦਾ ਹੈ । ਇਸ ਲਈ ਉਹ ਕੈਨੇਡਾ ਦਾ ਪੂਰੀ ਤਰਾਂ ਜਾਣੂ ਹੈ । ਇਕ ਦਿਨ ਕੋਈ ਵਿਭਚਾਰੀ ਕਿਸਮ ਦਾ ਆਦਮੀ ਉਸਦੇ ਕੋਲ ਇਕ ਔਰਤ ਨੂੰ ਸਕੂਟਰ ਤੇ ਲਿਆ ਕੇ ਛਡ ਜਾਂਦਾ ਹੈ। ਕਹਿੰਦਾ ਹੈ ਕਿ ਇਸ ਨੂੰ ਨਾਲ ਲੈ ਜਾਓ ਤੇ ਜਿਥੇ ਕਹੇ ਛਡ ਦੇਣਾ । ੳਹ ਡਰਾਈਵਰ ਨੂੰ ਜਾਣਦੀ ਨਹੀ ਹੈ ਨਾ ਹੀ ਡਰਾਈਵਰ ਉਸ ਦਾ ਜਾਣੂ ਹੈ । ਪਰ ਨਾਵਲ ਵਿਚ ਪੜ੍ਹ ਕੇ ਪਤਾ ਲਗਦਾ ਹੈ ਕਿ ਔਰਤ( ਮੰਦਾਕਿਨੀ ) ਬੇਵਸ ਤੇ ਲਾਚਾਰ ਹੈ। ਉਸਦਾ ਕੈਨੇਡਾ ਵਿਚ ਮਰਦਾਂ ਕੋਲੋਂ ਪੂਰਾ ਸ਼ੋਸ਼ਣ ਕੀਤਾ ਗਿਆ ਹੈ । ਰਸਤੇ ਵਿਚ ਉਹ ਦੋਵੇਂ ਗਲਾਂ ਵਿਚ ਖੁਲ੍ਹ ਜਾਂਦੇ ਹਨ । ਨਾਵਲ ਕਾਰ ਨੇ ਬਹੁਤ ਸੰਜੀਦਾ ਤੇ ਸਹਿਜ ਮਈ ਸ਼ੈਲੀ ਵਿਚ ਦੋਨਾਂ ਪਾਤਰਾਂ ਦੀ ਨੇੜਤਾ ਵਿਖਾਈ ਹੈ । ਰਸਤੇ ਵਿਚ ਮਾਈਨਸ ਪੈਂਤੀ ਤਕ ਦੀ ਠੰਡ ਹੈ । ਔਰਤ ਬਿਮਾਰ ਹੋ ਜਾਂਦੀ ਹੈ । ਉਹ ਗੱਲ ਕਰਦੇ ਵਾਰ ਪੇਟ ਤੇ ਹਥ ਰਖਦੀ ਹੈ । ਕੁਝ ਡਰਦੀ ਵੀ ਹੈ । ਪਰ ਉਸਦਾ ਡਰ ਸਹਿਜੇ ਸਹਿਜੇ ਦੂਰ ਹੋ ਜਾਂਦਾ ਹੈ। ਉਸ ਕੋਲ ਪੈਸਾ ਕੋਈ ਨਹੀਂ ਹੁੰਦਾ । ਬਸ ਤਨ ਦੇ ਕਪੜੇ ਹੁੰਦੇ ਹਨ । ਡਰਾਈਵਰ ਸ਼ਾਹੀ ਪਾਤਰ ਹੈ । ਉਹ ਰਸਤੇ ਵਿਚ ਕਲਿਨਿਕ ਤੇ ਜਾ ਕੇ ਉਸਦਾ ਇਲਾਜ ਕਰਾਉੰਦਾ ਹੈ। ੳਹ ਤੰਦਰੁਸਤ ਹੋ ਜਾਂਦੀ ਹੈ । ਇਸ ਤੋਂ ਪਿਛੋਂ ਉਹ ਡਰਾਈਵਰ ਨੂੰ ਰਬ ਦਾ ਰੂਪ ਮੰਨਦੀ ਹੈ। ਇਕ ਥਾਂ ਤੇ ਉਸ ਨੂੰ ਮਾਰਕੀਟ ਵਿਚ ਜਾ ਕੇ ਗਰਮ ਕਪੜੇ ਖਰੀਦ ਕੇ ਦਿੰਦਾ ਹੈ । ਮਰਦਾਂ ਪ੍ਰਤੀ ਉਸਦਾ ਨਜ਼ਰੀਆ ਬਦਲ ਜਾਂਦਾ ਹੈ । ਉਸਨੂੰ ਅਜ਼ਜਾਣ ਡਰਾਈਵਰ ਦੇਵਤਾ ਲਗਦਾ ਹੈ । ਉਹ ਵਾਰ ਵਾਰ ਇਸ ਅਹਿਸਾਨ ਹੇਠ ਦਬਦੀ ਜਾਂਦੀ ਹੈ। ਉਹ ਦੋਨੇ ਰਸਤੇ ਵਿਚ ਆਪੋ ਆਪਣੀ ਜ਼ਿੰਦਗੀ ਦੀ ਗੰਢ ਦਾਰਸ਼ਨਿਕ ਸ਼ਬਦਾਂ ਵਿਚ ਖੋਲ੍ਹਦੇ ਹਨ। ਪਾਠਕ ਇਹ ਬਿ੍ਰਤਾਂਤ ਪੜ੍ਹ ਕੇ ਚੌਂਕ ਜਾਂਦਾ ਹੈ । ਦੋਨੋ ਪਾਤਰਾਂ ਦੇ ਨਾਲ ਤਰਨਜੀਤ ਨਾਂ ਦੀ ਔਰਤ ਦੀ ਦੁੱਖਾਂ ਭਰੀ ਜ਼ਿੰਦਗੀ ਦੀ ਦਾਸਤਾਨ ਤੁਰਦੀ ਹੈ । ਪੂਰੇ ਇਕੀ ਕਾਂਡਾਂ ਦੇ ਵਖ ਵਖ ਸਿਰਲੇਖ ਹਨ । ਟਰਕ ਚਲਦਾ ਜਾਂਦਾ ਹੈ ਪੁਲੀਸ ਦਾ ਵਤੀਰਾ ਪ੍ਰਸੰਸਾ ਮਈ ਹੈ । ਪਾਠਕ ਕੈਨੇਡਾ ਦੇ ਨਜ਼ਾਰਿਆਂ ਦਾ ਆਨੰਦ ਲੈਂਦਾ ਜਾਂਦਾ ਹੈ । ਕੈਨੇਡਾ ਦੇ ਮੁਖ ਸ਼ਹਿਰਾਂ ,ਕਸਬਿਆਂ , ਨਦੀਆਂ, ਪਹਾੜ, ਸੁਰੰਗਾ, ਹੋਰਲ ,ਮੋਟਲ ਪੂਰਾ ਭੂਗੋਲਿਕ ਨਕਸ਼ਾਂ ਸਾਹਮਣੇ ਆ ਜਾਂਦਾ ਹੈ । ਕੈਲੇਗਰੀ ਆਉਣ ਤੇ ਡਰਾਈਵਰ ਤੇ ਮੰਦਾਕਿਨੀ ਦਾ ਵਿਛੋੜਾ ਭਾਂਵਕ ਹੈ । ਮਜ਼ਬੂਰ ਤੇ ਅਜਨਬੀ ਔਰਤ ਲਈ ਮਰਦ ਬਿਨਾ ਕਿਸੇ ਲਾਲਚ ਦੇ ਕਿਵੇਂ ਆਸਰਾ ਬਣਦਾ ਹੈ । ਇਸ ਇਨਾਸਾਨੀ ਆਸਰੇ ਨੂੰ ਲੇਖਕ ਨੇ ਓਟ (ਗੁਰਬਾਣੀ ਸ਼ਬਦ ) ਕਿਹਾ ਹੈ । ਨਾਵਲ ਬਾਰੇ ਡਾ ਸਾਧੂ ਸਿੰਘ, ਡਾ ਸੁਰਿੰਦਰ ਧੰਜਲ, ਡਾ ਸਾਧੂ ਬਿਨਿੰਗ ਅਜਮੇਰ ਰੋਡੇ ਨੇ ਭਾਂਵਪੂਰਤ ਵਿਚਾਰ ਲਿਖੇ ਹਨ । ਪਰਵਾਸੀ ਨਾਵਲ ਦਾ ਸਵਾਗਤ ਹੈ ।