ਫੱਟੀ ਤੇ ਕਲਮ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਿੱਕੇ ਹੁੰਦਿਆਂ ਦੀ ਮੈਨੂੰ ਯਾਦ ਆਈ ਸੀ 

ਫੱਟੀ  ਤੇ ਕਲਮ  ਰੱਜ  ਕੇ  ਚਲਾਈ  ਸੀ 

ਟਿੱਕੀਆਂ ਨੂੰ ਕੁੱਟ ਸ਼ਾਹੀ ਵੀ ਬਣਾਈ ਸੀ 

ਫੱਟੀਆਂ  ਨੂੰ  ਪੋਚ  ਕਰਦੇ  ਪੜ੍ਹਾਈ  ਸੀ 

 

ਪੈਂਤੀ ਅੱਖਰੀ ਨੂੰ  ਪੜ੍ਹ  ਹੇਕਾਂ ਲਾਉਂਦੇ ਸੀ

ਨਾਨਕ ਦੀ ਬੋਲੀ ਆਖ ਕੇ ਪੜ੍ਹਾਉਂਦੇ ਸੀ

ਉਦੋਂ  ੳ  ਅ ਦੋਵੇਂ  ਕਰਦੇ  ਲੜਾਈ  ਸੀ

ਫੱਟੀਆਂ  ਨੂੰ  ਪੋਚ  ਕਰਦੇ  ਪੜ੍ਹਾਈ  ਸੀ

 

ਝੋਲੇ  ਵਿੱਚ ਦੋ  ਕੁ  ਕਿਤਾਬਾਂ ਪਾਉਂਦੇ ਸੀ 

ਦੂਣੀ ਦੂਣੀ ਕਰ ਭਾੜੇ ਵੀ ਸਿਖਾਉਂਦੇ ਸੀ

ਟਾਟਾਂ ਤੇ ਹੀ ਬੈਠ  ਮੈਂ ਕਲਾਸ ਲਾਈ ਸੀ 

ਫੱਟੀਆਂ  ਨੂੰ  ਪੋਚ  ਕਰਦੇ ਪੜ੍ਹਾਈ  ਸੀ

 

ਖੁੱਲ੍ਹਾ  ਜਿਹਾ  ਕੁੜਤਾ ਪਜਾਮਾ ਹੁੰਦਾ ਸੀ 

ਮੇਰੇ ਨਾਲ  ਬੈਠਾ ਸਦਾ ਗਾਮਾਂ ਹੁੰਦਾ ਸੀ

ਗਾਚੀ ਪਿੱਛੇ ਪੈਂਦੀ ਸਭ ਦੀ ਲੜਾਈ ਸੀ 

ਫੱਟੀਆਂ  ਨੂੰ  ਪੋਚ  ਕਰਦੇ  ਪੜ੍ਹਾਈ ਸੀ

 

ਗੁਰੂਆਂ ਦਾ  ਉਦੋਂ ਬੜਾ  ਹੁੰਦਾ ਮਾਨ ਸੀ 

ਚੇਲਿਆਂ ਲਈ ਗੁਰੂ ਰੱਬ ਦੇ ਸਮਾਨ ਸੀ

ਹਿੰਦੀ ਵਾਲੀ ਭੈਜੀ  ਬੁਣਦੀ ਸਲਾਈ ਸੀ 

ਫੱਟੀਆਂ  ਨੂੰ  ਪੋਚ  ਕਰਦੇ  ਪੜ੍ਹਾਈ  ਸੀ

 

ਹਰ ਪਿੰਡ  ਵਿੱਚ  ਨਾ  ਸਕੂਲ  ਹੁੰਦਾ ਸੀ

ਜਨ  ਗੰਨ  ਮੰਨ   ਮਕਬੂਲ   ਹੁੰਦਾ  ਸੀ

ਸਰਪੰਚਾਂ ਨੇ ਰਲ  ਮਾਨਤਾ ਕਰਾਈ  ਸੀ

ਫੱਟੀਆਂ  ਨੂੰ  ਪੋਚ  ਕਰਦੇ  ਪੜ੍ਹਾਈ  ਸੀ

 

ਸਕੂਲ ਦੇ ਤਾਂ ਬੜੇ  ਹੀ ਨਜ਼ਾਰੇ  ਹੁੰਦੇ ਸੀ

ਜ਼ਿੰਦਗੀ ਦੇ ਰੰਗ ਵੀ  ਨਿਆਰੇ ਹੁੰਦੇ ਸੀ

ਕੰਗ ਨੇ  ਕਲਮ ਨਾਲ ਯਾਰੀ ਪਾਈ ਸੀ

ਫੱਟੀਆਂ  ਨੂੰ  ਪੋਚ  ਕਰਦੇ  ਪੜ੍ਹਾਈ ਸੀ।