ਜਿੰਦੇ ਨੀ ਮੈਂ ਤੈਨੂੰ ਚਾਹਿਆ ਤੂੰ ਵੀ ਮੈਨੂੰ ਚਾਹਵੇਂ
ਤੇਰੀ ਖਾਤਰ ਭੁਲ ਗਿਆ ਮੈਂ ਮਿੱਤਰਾਂ ਦੇ ਸਿਰ ਨਾਵੇਂ
ਗੈਰਾਂ ਦੇ ਬੋਲਾਂ ਦਿਲ ਵਿੱਚ ਘਾਉ ਬੜੇ ਜੇ ਕੀਤੇ
ਮਹਿਰਮ ਬਣ ਕੇ ਤੂੰ ਹੀ ਮਰਹਮ ਜਖਮਾਂ ਉਤੇ ਲਾਵੇਂ
ਝਖੜ ਝੋਲੇ ਆ ਕੇ ਜਦ ਵੀ ਭੋਇਂ ਤੇ ਪਟਕੀ ਮਾਰੀ
ਮੁੜ ਉਠਾ ਕੇ ਦੇ ਦਿਲਾਸਾ ਅਰਸ਼ ਤੇ ਜਾ ਬਹਾਵੇਂ
ਗੋਦੀ ਦੇ ਵਿੱਚ ਬਾਲਾਂ ਵਾਂਗੂੰ ਖੂਬ ਲੋਰੀਆਂ ਦੇਵੇ
ਇਸ ਧਰਤੀ ਤੋਂ ਦੂਰ ਦੁਰਾਡੇ ਰਹਿਸ ਭੇਦ ਸੁਣਾਵੇਂ
ਘੋਰ ਹਨੇਰੇ ਦਾ ਡਰ ਦਿਲ ਦੇ ਵਿਹੜੇ ਆ ਕੇ ਢੁਕਿਆ
ਸੂਰਜ ਦੀ ਲਾਲੀ ਦਾ ਘਰ ਅਗਲੇ ਪਲ ਵਿੱਚ ਵਿਖਾਵੇਂ
ਗੈਰਾਂ ਹੱਥੋਂ ਸੜ ਕੇ ਦਿਲ ਕੋਲੇ ਹੋਇਆ ਜਦ ਵੀ
ਕੋਲ ਬਹਿ ਕੇ ਕਰੇਂ ਟਕੋਰਾਂ ਅੰਗ ਅੰਗ ਸਹਿਲਾਵੇਂ
ਲੈ ਜਾਂਦੀ ਹੈਂ ਉਂਗਲ ਫੜ ਕੇ ਕਿਸੇ ਸੁਹਾਣੀ ਥਾਂ ਤੇ
ਤਰ ਹੋ ਜਾਵਣ ਸੁਣ ਕੇ ਅੱਖੀਂ ਅਰਸ਼ੀ ਗੀਤ ਸੁਣਾਵੇਂ
ਮਹਿਕ ਦੇ ਨਾਲ ਮਨ ਭਰਿਆ ਚੰਦਨ ਬੂਟਾ ਲਾ ਕੇ
ਚਿੱਤ ਤੋਂ ਉੱਚੀ ਚੇਤਨਾ ਦਿੱਤੀ ਮੋਤੀ ਚੋਗ ਚੁਗਾਵੇਂ
ਹੋਰ ਤਾਂ ਘਾਉ ਲਾ ਕੇ ਅੜੀਏ ਦਿਲ ਲੱਗੀਆਂ ਕਰਦੇ
ਦੁੱਖ ਸੁਖ ਵਿੱਚ ਨਾਲ ਰਹਿ ਕੇ ਹਰ ਵੇਲੇ ਵਫਾ ਕਮਾਵੇਂ
ਬਾਸੀ ਤੇਰਾ ਤੇਰੇ ਹੀ ਸਾਹਾਂ ਦੇ ਵਿੱਚ ਰਮਿਆ
ਆਪਣੇ ਗਲ ਲਾ ਕੇ ਰਖਣਾ ਤੁਰ ਨਾ ਜਾਏ ਕੁਥਾਵੇਂ