ਸੁਰਜੀਤ ਸਿੰਘ ਕਾਲੇਕੇ ਦੀ ਕਾਵਿ- ਵਿਅੰਗ ਪੁਸਤਕ ਤੇ ਵਿਚਾਰ ਗੋਸ਼ਟੀ (ਖ਼ਬਰਸਾਰ)


ਮੋਗਾ -  ਲਿਖਾਰੀ ਸਭਾ ਮੋਗਾ ( ਰਜਿ:) ਵੱਲੋਂ ਸੁਹਿਰਦ ਲੇਖਕ ਸੁਰਜੀਤ ਸਿੰਘ ਕਾਲੇਕੇ ਦੀ ਕਾਵਿ- ਵਿਅੰਗ ਪੁਸਤਕ ‘ਵਿਸ਼ ਗੰਦਲ਼ਾਂ ‘ ਤੇ ਵਿਚਾਰ ਗੋਸ਼ਟੀ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਕਰਵਾਈ ਗਈ । ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾਕਟਰ ਲਖਵਿੰਦਰ ਸਿੰਘ ਜੌਹਲ਼ ਨਾਮਵਰ ਲੇਖਕ ਕੁਲਦੀਪ ਸਿੰਘ ਬੇਦੀ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਡਾ: ਸੁਰਜੀਤ ਬਰਾੜ ਅਤੇ ਲੇਖਕ ਸੁਰਜੀਤ ਸਿੰਘ ਕਾਲੇਕੇ ਸੁਸ਼ੋਭਤ ਸਨ । ਸਮਾਗਮ ਦਾ ਆਰੰਭ ਪਰੀਤਇੰਦਰ ਅਤੇ ਜਸਕੀਰਤ ਦੇ ਧਾਰਮਿਕ ਗੀਤ ਨਾਲ ਸ਼ੁਰੂ ਹੋਇਆ ਅਤੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਚੜਿੱਕ ਨੇ ਮੁੱਖ ਮਹਿਮਾਨ ਅਤੇ ਦੂਰੋਂ ਨੇੜਿਉੰ ਆਏ ਲੇਖਕਾਂ ਤੇ ਪਾਠਕਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ । ਪੁਸਤਕ ਉੱਪਰ ਡਾਕਟਰ ਸੁਰਜੀਤ ਬਰਾੜ ਨੇ ਬੜੀ ਹੀ ਸ਼ਿੱਦਤ ਨਾਲ ਵਿਦਵਤਾ ਭਰਪੂਰ ਲਿਖਿਆ ਪੇਪਰ ਪੜ੍ਹਦਿਆਂ ‘ਵਿਸ਼ ਗੰਦਲ਼ਾਂ ‘ ਤੋਂ ਬਿਨਾ ਲੇਖਕ ਦੀਆ ਹੋਰ ਪੁਸਤਕਾਂ ਦਾ ਮੁਲਅੰਕਣ ਵੀ ਕੀਤਾ ਅਤੇ ਮਨੋਵਿਗਿਆਨਿਕ ਤੇ ਵਿਅੰਗ ਰੂਪਾਂ ਬਾਰੇ ਦੱਸਦਿਆਂ ਕਿਹਾ ਕਿ ਕਾਲੇਕੇ ਦੇ ਕਾਵਿ- ਵਿਅੰਗ ਉਦੇਸ਼ ਪੂਰਨ ਤੇ ਮਾਰਮਿਕ ਹਨ ਜੋ ਚੇਤਨਾ ,ਸੇਧ ,ਰੋਹ ਤੇ ਗ਼ੁੱਸੇ ਦਾ ਸੰਚਾਲਨ ਕਰਦੇ ਹਨ ਅਤੇ ਸਾਹਿਤਕ ਯਥਾਰਥ ਵੀ । ਡਾ: ਲਖਵਿੰਦਰ ਸਿੰਘ ਜੌਹਲ਼ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਵੀ ਹਮੇਸ਼ਾ ਵਿਦਰੋਹੀ ਹੁੰਦਾ ਹੈ ਅਤੇ ਕਾਲੇਕੇ ਦੇ ਵਿਅੰਗ- ਕਾਵਿ ਚਿੰਤਨ ਵਿੱਚ ਵਿਦਰੋਹ ਦਾ ਆਭਾਸ ਹੈ । ਉਹ ਜਿੱਥੇ ਸਮਾਜਿਕ ਕੁਰੀਤੀਆਂ ਅਤੇ ਰਾਜਨੀਤਕ ਊਣਤਾਈਆਂ ਨੂੰ ਕਾਵਿ ਵਿਸ਼ੇ ਬਣਾਉੰਦਾ ਹੈ ਉੱਥੇ ਸਾਹਿਤਕ ਤੇ ਰਾਜਸੀ ਕਾਰਕੁਨਾ ਨੂੰ ਕਾਵਿ ਬਾਣਾ ਨਾਲ ਵਿੰਨ੍ਹਦਾ ਹੈ । ਲੇਖਕ ਪਰਮਜੀਤ ਸਿੰਘ ਚੂਹੜਚੱਕ ਨੇ ਬਹਿਸ ਦਾ ਆਰੰਭ ਕਰਦਿਆਂ ਕਿਹਾ ਕਿ ‘ਸ਼ਕੁੰਤਲਾ’ ਮਹਾਂਕਾਵਿ ਲਿਖ ਕੇ ਸੁਰਜੀਤ ਕਾਲੇਕੇ ਸਾਹਿਤ ਦੇ ਖੇਤਰ ਦਾ ਧਰੂ- ਤਾਰਾ ਬਣ ਗਿਆ ਸੀ ਪਰ ‘ਵਿਸ਼ - ਗੰਦਲ਼ਾਂ ਕਾਵਿ - ਵਿਅੰਗ ਪੁਸਤਕ ਲਿਖ ਕੇ ਉਹ ਮੁੜ੍ਹਕੇ ਦਾ ਮੋਤੀ ਬਣ ਗਿਆ । ਕੁਲਦੀਪ ਸਿੰਘ ਬੇਦੀ ਦਾ ਵਿਚਾਰ ਸੀ ਕਿ ਸੁਰਜੀਤ ਕਾਲੇਕੇ ਇਕ ਪ੍ਰਤੀਬੱਧ ਲੇਖਕ ਹੈ ਅਤੇ ‘ਵਿਸ਼ ਗੰਦਲ਼ਾਂ ‘ ਉਸਦੀ ਸ਼ਾਹਕਾਰ ਰਚਨਾ ਹੋ ਨਿੱਬੜੀ ਹੈ । ਬਹਿਸ ਦੌਰਾਨ ਅਮਰੀਕ ਸੈਦੋਕੇ ਡਾਕਟਰ ਸਾਧੂ ਰਾਮ ਲੰਗੇਆਣਾ ਗੁਰਮੀਤ ਸੱਧਰ ਗਿੱਲ ਅਤੇ ਸਰਬਜੀਤ ਕੌਰ ਮਾਹਲਾ ਨੇ ਵੀਆਪਣੇ ਵਿਚਾਰ ਰੱਖੇ । ਪੁਸਤਕ ਦੇ ਲੇਖਕ ਸੁਰਜੀਤ ਸਿੰਘ ਕਾਲੇਕੇ ਨੇ ਬਹਿਸ ਦੌਰਾਨ ਉਠਾਏ ਨੁਕਤਿਆਂ ਦੇ ਤਸੱਲੀ ਪੂਰਨ ਜਵਾਬ ਦਿੱਤੇ । ਸਮਾਗਮ ਦੌਰਾਨ ਜੰਗੀਰ ਖੋਖਰ ਦੀ ਕਾਵਿ- ਪੁਸਤਕ ‘ਬਾਣ ਸ਼ਬਦਾਂ ਦੇ’ ਅਤੇ ਨਛੱਤਰ ਸਿੰਘ ਗਿੱਲ ਕੈਨੇਡਾ ਦੀ ਅਨੁਵਾਦਤ ਪੁਸਤਕ ‘ ਮਿੱਟੀ ਦੀ ਮੋਨਾ ਲੀਜਾ ‘ ਲੋਕ ਅਰਪਤ ਕੀਤੀਆਂ ਗਈਆਂ । ਕਵੀ ਦਰਬਾਰ ਵਿੱਚ ਗੁਰਦੇਵ ਸਿੰਘ ਦਰਦੀ ਅਵੀ ਸ਼ਰਮਾ ਆਤਮਾ ਸਿੰਘ ਚੜਿੱਕ ਕੇਸ਼ਵ ਅਸੀਮ ਗੁਰਮੀਤ ਸੱਧਰ ਜੀਵਨ ਸਿੰਘ ਹਾਣੀ ਗੁਰਮੇਲ ਬੌਡੇ ਦਰਸ਼ਨ ਦੁਸਾਂਝ ਬੂਟਾ ਸਿੰਘ ਗੁਲਾਮੀਵਾਲਾ ਹਰੀ ਸਿੰਘ ਸੰਧੂ ਡਾ: ਧਨਵੰਤ ਸਿੰਘ ਸੰਧੂ ਅਰੁਨ ਸ਼ਰਮਾ ਬਬਲਜੀਤ ਕੌਰ ਆਤਮਾ ਸਿੰਘ ਆਲਮਗੀਰ ਸੁਖਵਿੰਦਰ ਖਾਰਾ ਸੰਤੋਖ ਸਿੰਘ ਰਾਜਾ ਮਲੇਸ਼ ਜਸਵੀਰ ਸ਼ਰਮਾ ਦਦਾਹੂਰ ਸ਼ਵਿੰਦਰਜੀਤ ਸਿੰਘ ਕਾਲੇਕੇ ਜਸਵਿੰਦਰ ਸੰਧੂ ਗੁਰਮੀਤ ਹਮੀਰਗੜ੍ਹ ਜਗਜੀਤ ਝਤਰਾ ਗੁਰਤੇਜ ਪੱਖੀ ਗੁਰਚਰਨ ਸਿੰਘ ਜੰਗੀਰ ਖੋਖਰ ਪਰਮਜੀਤ ਚੂਹੜਚੱਕ ਅਤੇ ਸਰਬਜੀਤ ਕੌਰ ਮਾਹਲਾ ਨੇ ਆਪਣੇ ਖ਼ੂਬਸੂਰਤ ਕਲਾਮ ਪੇਸ਼ ਕੀਤੇ । ਸਭਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਆਪਣੀ ਰਚਨਾ ‘ ਅਸਾਂ ਤਾਂ ਜਿੱਤ ਜਾਣਾ ਹੈ ‘ ਪੇਸ਼ ਕਰਕੇ ਆਏ ਮਹਿਮਾਨਾਂ ਲੇਖਕਾਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ । ਮੰਚ ਦਾ ਸੰਚਾਲਨ ਜੰਗੀਰ ਸਿੰਘ ਖੋਖਰ ਨੇ ਕੀਤਾ ।