ਇੱਕ ਨਵੀਂ ਸੋਚ ਦੀ ਸ਼ੁਰੂਆਤ ਨਾਲ ਕਰੀਏ ਨਵੇਂ ਸਾਲ ਦਾ ਸਵਾਗਤ
(ਲੇਖ )
ਜ਼ਿੰਦਗੀ ਬਦਲ ਰਹੀ ਹੈ ਤੇ ਇਸ ਦੇ ਨਾਲ ਹੀ ਬਦਲ ਰਹੀਆਂ ਹਨ ਸਾਡੀਆਂ ਕਦਰਾਂ-ਕੀਮਤਾਂ।ਕਹਿਣ ਨੂੰ ਤਾਂ ਅਸੀਂ ਅੱਖਾਂ ਚੁੰਧਿਆ ਦੇਣ ਵਾਲੇ ਯੁੱਗ ਵਿਚ ਉਡਾਰੀਆਂ ਮਾਰ ਰਹੇ ਹਾਂ ਪਰ ਸੱਚਾਈ ਇਹ ਹੈ ਕਿ ਅਸੀਂ ਅਜੇ ਵੀ ਕੁਚੱਜੇ ਬੋਲਾਂ, ਸਾਊ ਤੇ ਸਹਿਜ ਭਾਵਨਾ ਨੂੰ ਅਣਡਿੱਠ ਕਰਨ ਵਾਲੀਆਂ, ਸਮੇਂ ਨੂੰ ਬਰਬਾਦ ਕਰਨ ਵਾਲੀਆਂ, ਕੁਦਰਤ ਤੋਂ ਬੇਮੁਹਾਰੇ ਹੋ ਕੇ ਚੱਲਣ ਵਾਲੀਆਂ ਅਨੇਕਾਂ ਵਲਗਣਾਂ ਵਿਚ ਬੁਰੀ ਤਰ੍ਹਾਂ ਘਿਰੇ ਹੋਏ ਹਾਂ।ਇਨ੍ਹਾਂ ਦੇ ਸਿੱਟੇ ਵਜੋਂ ਅਸੀਂ ਈਰਖਾ ਤੇ ਨਫਰਤ ਦੇ ਰੰਗਾਂ ਵਿਚ ਇੰਨਾ ਰੰਗੇ ਗਏ ਹਾਂ ਕਿ ਅੱਜ ਨਜ਼ਦੀਕੀ ਰਿਸ਼ਤੇ ਵੀ ਰੇਤਲੀਆਂ ਖੱਡਾਂ ਵਾਂਗ ਮਹਿਸੂਸ ਹੋਣ ਲੱਗ ਪਏ ਹਨ।ਚੁਗਲੀ ਦੀ ਧਾਰ ਇੰਨੀ ਤੇਜ਼ ਹੋ ਗਈ ਹੈ ਕਿ ਖੂਨ ਦੇ ਰਿਸ਼ਤੇ ਵੀ ਲੀਰੋ-ਲੀਰ ਹੋ ਰਹੇ ਹਨ।ਹਾਸੇ, ਖੁਸ਼ੀਆਂ-ਖੇੜੇ, ਸਾਡੀ ਪਹੁੰਚ ਤੋਂ ਬਾਹਰ ਹੋ ਗਏ ਹਨ।ਨਿਰਾਸ਼ਾ ਤੇ ਚਿੰਤਾਂ ਦੀਆਂ ਲਕੀਰਾਂ ਮਨੁੱਖਾਂ ਦੇ ਚਿਹਰਿਆਂ ’ਤੇ ਸਾਫ ਦਿਖਾਈ ਦੇ ਰਹੀਆਂ ਹਨ।ਨਾ ਕੋਈ ਹਾਲਾਤ ਸਮਝਦਾ ਹੈ ਤੇ ਨਾ ਹੀ ਕੋਈ ਜਜ਼ਬਾਤ।ਇਨਸਾਨੀਅਤ ਤਾਂ ਮਰ ਹੀ ਗਈ ਹੈ।ਸਿਆਣੇ ਕਹਿੰਦੇ ਹਨ ਕਿ:
“ਜ਼ਮੀਨ ਚੰਗੀ ਹੋਵੇ, ਖਾਦ ਵੀ ਚੰਗੀ ਹੋਵੇ ਪਰ ਪਾਣੀ ਖਾਰਾ ਹੋਵੇ ਤਾਂ ਕਦੇ ਵੀ ਖੁਸ਼ਬੂਦਾਰ ਫੁੱਲ ਨਹੀਂ ਖਿੜਦੇ।ਪੈਰ ਦੀ ਮੋਚ ਅਤੇ ਛੋਟੀ ਸੋਚ ਸਾਨੂੰ ਅੱਗੇ ਨਹੀਂ ਵਧਣ ਦਿੰਦੀ।ਟੁੱਟੀ ਕਲਮ ਅਤੇ ਦੂਸਰਿਆਂ ਤੋਂ ਜਲਣ ਸਾਨੂੰ ਆਪਣੀ ਕਿਸਮਤ ਨਹੀਂ ਬਦਲਣ ਦਿੰਦੀ।ਇਸੇ ਤਰ੍ਹਾਂ ਜੇਕਰ ਭਾਵੇਂ ਤੁਸੀਂ ਕਰਮਯੋਗੀ ਵੀ ਹੋਵੋ ਪਰ ਜੇਕਰ ਤੁਹਾਡੇ ਵਿਚਾਰ ਮਾੜੇ ਹੋਣ, ਹਰ ਵਿਸ਼ੇ, ਵਸਤੂ ਜਾਂ ਦੂਸਰਿਆਂ ਪ੍ਰਤੀ ਦ੍ਰਿਸ਼ਟੀਕੋਣ ਮਾੜਾ ਹੋਵੇ ਤਾਂ ਕਦੇ ਵੀ ਤੁਹਾਡੀ ਕਿਸਮਤ ਨਹੀਂ ਬਦਲ ਸਕਦੀ, ਖੁਸ਼ੀਆਂ ਤੁਹਾਡੇ ਵਿਹੜੇ ਫੇਰਾ ਮਾਰਨ ਤੋਂ ਵੀ ਹਿਚਕਚਾਉਂਦੀਆਂ ਹਨ।ਜਿਹੋ ਜਿਹੇ ਵਿਅਕਤੀ ਦੇ ਵਿਚਾਰ ਹੁੰਦੇ ਹਨ, ਉਹੋ ਜਿਹੀ ਹੀ ਉਸ ਦੀ ਸ਼ਖਸੀਅਤ ਬਣ ਜਾਂਦੀ ਹੈ ਕਿਉਂਕਿ ਵਿਚਾਰਾਂ ਵਿਚ ਅਪਾਰ ਸ਼ਕਤੀ ਹੁੰਦੀ ਹੈ।ਸਕਾਰਾਤਮਕ ਵਿਚਾਰਾਂ ਦਾ ਤੇਜ਼ ਮਨੁੱਖ ਦੇ ਚਿਹਰੇ ਨੂੰ ਰੂਹਾਨੀ ਬਣਾਉਂਦਾ ਹੈ ਅਤੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਪੂਰੀ ਤਰ੍ਹਾਂ ਸਹਿਜ ਪਰ ਜੇਕਰ ਸਾਡੇ ਵਿਚਾਰ ਸਦਾ ਨਕਾਰਾਤਮਕ ਹੀ ਰਹਿਣ ਤਾਂ ਇਹ ਸਾਨੂੰ ਹਰ ਖੇਤਰ ਵਿਚ ਹਰਾ ਕੇ ਜੀਵਨ ਨੂੰ ਨਕਾਰਾ ਬਣਾ ਦਿੰਦੇ ਹਨ”।
ਇਸ ਲਈ ਆਓ, ਅੱਜ ਦੇ ‘ਮੁਕੱਦਸ’ ਮੌਕੇ, ਆਪਾਂ ਆਪਣੇ ਦ੍ਰਿਸ਼ਟੀਕੋਣ ਨੂੰ ਮੁੜ ਨਵੇਂ ਸਿਰਿਓਂ ਸਿਰਜਣ ਦੀ ਸ਼ੁਰੂਆਤ ਕਰਨ ਦਾ ਪ੍ਰਣ ਕਰਦੇ ਹੋਏ ਨਵੇਂ ਸਾਲ ਦਾ ਸਵਾਗਤ ਕਰੀਏ ਜੋ 2022 ਦੇ ਨਾਂ ਹੇਠ ਸਾਡੇ ਬਰੂਹਾਂ ’ਤੇ ਦਸਤਕ ਦੇ ਚੁਕਾ ਹੈ।ਇਸ ਦੇ ਲਈ ਜ਼ਰੂਰੀ ਹੈ ਕਿ ਆਪਣੇ ਵਿਚਾਰਾਂ ਦੀ ਸਮੀਖਿਆ ਕੀਤੀ ਜਾਵੇ ਤੇ ਜੋ ਬੁਰੇ ਵਿਚਾਰ ਹਨ, ਉਨ੍ਹਾਂ ਨੂੰ ਆਪਣੇ ਜੀਵਨ’ਚੋਂ ਬਾਹਰ ਦਾ ਰਸਤਾ ਵਿਖਾਉਣਾ ਸ਼ੁਰੂ ਕਰ ਦੇਈਏ।ਇਸ ਨਾਲ ਭਵਿੱਖ ਵਿਚ ਕੁਝ ਚੰਗਾ ਤੇ ਸੁੰਦਰ ਵਾਪਰਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਬਦਲਵੀਂ ਸੋਚ ਇਸ ਘੋਰ ਕਲਯੁੱਗ ਵਿਚ ਮਰਦੀ ਹੋਈ ਇਨਸਾਨੀਅਤ ਲਈ ਇਕ ਸੰਜੀਵਣੀ ਬੂਟੀ ਵਾਂਗ ਹੈ।
ਸਾਡੇ ਜੀਵਨ ਵਿਚ ਰੰਗਾਂ ਦਾ ਬਹੁਤ ਮਹੱਤਵ ਹੈ।ਇਹ ਰੰਗ ਵੱਖ-ਵੱਖ ਭਾਵਾਂ ਦਾ ਸ਼ਿੰਗਾਰ ਕਰਦੇ ਹਨ ਤੇ ਸਾਡੇ ਅੰਦਰ ਭਾਵਨਾਵਾਂ ਦਾ ਵੇਗ ਯਕੀਨੀ ਬਣਾਉਂਦੇ ਹਨ।ਜੇਕਰ ਇਹ ਵਿਅਕਤੀ ’ਤੇ ਚੜ੍ਹ ਜਾਣ ਤਾਂ ਉਸ ਦੇ ਜੀਵਨ ਨੂੰ ਬਦਲ ਦਿੰਦੇ ਹਨ।ਕੁਝ ਰੰਗ ਅਜਿਹੇ ਵੀ ਹੁੰਦੇ ਹਨ ਜੋ ਜੇਕਰ ਸਮਾਜ ’ਤੇ ਚੜ੍ਹ ਜਾਣ ਤਾਂ ਸਮਾਜ ਆਦਰਸ਼ ਬਣ ਜਾਵੇਗਾ ਕਿਉਂਕਿ ਇਨ੍ਹਾਂ ਨਾਲ ਭਾਈਚਾਰਕ ਸਾਂਝ ਵਧਦੀ ਹੈ ਜਿਵੇਂ ਏਕਤਾ, ਸਨੇਹ ਅਤੇ ਪਿਆਰ ਦੇ ਰੰਗ।ਇਸ ਦੇ ਉਲਟ ਕੁਝ ਰੰਗ ਅਜਿਹੇ ਵੀ ਹੁੰਦੇ ਹਨ ਜੋ ਸਾਨੂੰ ਮਾੜੇ ਪਾਸੇ ਲਿਜਾਂਦੇ ਹਨ, ਸਮਾਜ ਵਿਚ ਨਫਰਤ ਫੇਲਾਉਂਦੇ ਹਨ, ਈਰਖਾ ਤੇ ਸਾੜਾ ਪੈਦਾ ਕਰਦੇ ਹਨ ਤੇ ਸਮਾਜ ਨੂੰ ਘੁਣ ਵਾਂਗ ਖਾਦੇ ਹਨ।ਸਾਨੂੰ ਅਜਿਹੇ ਰੰਗਾਂ ਤੋਂ ਬਚਣ ਦੀ ਲੋੜ ਹੈ।ਜਿੱਥੇ ਭਾਈਚਾਰਕ ਸਾਂਝ ਵਧਦੀ ਹੈ, ਉੱਥੇ ਮਨੁੱਖਤਾ ਵੀ ਵਧਦੀ-ਫੁੱਲਦੀ ਹੈ ਅਤੇ ਇਸ ਨਾਲ ਸਮਾਜ ਵਿਚ ਜੋ ਉੱਨਤੀ ਹੋਵੇਗੀ ਉਸ ਨੂੰ ਸ਼ਬਦਾਂ ਨਾਲ ਨਹੀਂ ਬਿਆਨਿਆਂ ਜਾ ਸਕਦਾ।ਸਮੇਂ ਦੀ ਜ਼ਰੂਰਤ ਹੈ ਭਾਈਚਾਰਕ ਸਾਂਝ ਪੈਦਾ ਕਰਨ ਵਾਲੇ ਅਜਿਹੇ ਰੰਗਾਂ ਨੂੰ ਆਪਣੇ ਕੰਮਾਂ ਅਤੇ ਆਪਣੀ ਬੋਲਚਾਲ ਨਾਲ ਹੁਲਾਰਾ ਦਿੰਦੇ ਹੋਏ ਇੱਕ-ਦੂਜੇ ਉੱਪਰ ਮਲੀਏ।ਇਸ ਨਾਲ ਖੁਸ਼ੀਆਂ ਦੇ ਪਲ ਆਪਣੇ-ਆਪ ਹੀ ਆਲੇ-ਦੁਆਲੇ ਮੰਡਰਾਉਣ ਲੱਗਣਗੇ ਅਤੇ ਪੀੜਦਾਇਕ ਘੜੀਆਂ ਵਿਚ ਵੀ ਖੁਸ਼ ਰਹਿਣ ਦੀ ਜਾਚ ਵਿਕਸਤ ਹੋ ਜਾਵੇਗੀ।ਸਾਰਥਿਕਤਾ ਨੂੰ ਹੁਲਾਰਾ ਮਿਲੇਗਾ ਤੇ ਦ੍ਰਿੜ੍ਹ ਨਿਸ਼ਚੇ ਦੇ ਬੀਜ ਸਾਡੇ ਮਨਾਂ ਵਿਚ ਪੁੰਗਰਣ ਲੱਗਣਗੇ ਅਤੇ ਇਸੇ ਦੇ ਸਹਾਰੇ ਅਸੀਂ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਵਾਂਗੇ।ਇਸ ਤੋਂ ਇਲਾਵਾ ਵਧਦੇ ਅੰਧ-ਵਿਸ਼ਵਾਸਾਂ ਤੋਂ ਵੀ ਛੁਟਕਾਰਾ ਮਿਲੇਗਾ ਕਿਉਂਕਿ ਸਾਡਾ ਧਿਆਨ ਬੇਲੋੜੀਆਂ ਗੱਲਾਂ ਵੱਲ ਕਦੇ ਵੀ ਨਹੀਂ ਜਾਵੇਗਾ ਜੋ ਸਾਡੇ ਜੀਵਨ ਵਿਚ ਨਿਰਾਸ਼ਾ ਦੇ ਮੁੱਖ ਸਰੋਤ ਹਨ।
ਇਸ ਲਈ ਆਓ, ਆਪਣੀ ਕਰਮ-ਭੂਮੀ ਵਿਚ ਮਨ ਦਾ ਚੁਲ੍ਹਾ ਬਾਲ ਕੇ ਇਸ ਵਿਚ ਨਿਵੇਕਲੇ ਸਕਾਰਾਤਮਕ ਵਿਚਾਰਾਂ ਦੀ ਅਗਨ ਭਖਾ ਕੇ ਚੱਲਣਾ ਸ਼ੁਰੂ ਕਰੀਏ।ਇਸ ਨਾਲ ਕੰਮ-ਧੰਦੇ ਵਿਚ ਬਰਕਤ ਆਵੇਗੀ , ਲੋਕਾਂ ਦੀ ਬੁਰਿਆਈ ਦੇ ਧਾਗੇ ਪੈਰਾਂ ’ਚ ਆ ਕੇ ਟੁੱਟਣੇ ਸ਼ੁਰੂ ਹੋ ਜਾਣਗੇ ਤੇ ਆਪਣੇ-ਆਪ ਹੀ ਕਾਦਰ ਦੇ ਸੂਖਮ ਹੋਣ ਦਾ ਆਨੰਦ ਮਿਲਣ ਲੱਗੇਗਾ।ਨਿਰਾਸ਼ਾ ਤੇ ਹਨੇਰੇ ਦੇ ਬੱਦਲ ਅਲੋਪ ਹੋਣੇ ਸ਼ੁਰੂ ਹੋ ਜਾਣਗੇ ਤੇ ਮਹਿਕਾਂ ਦਾ ਸਤਰੰਗੀ ਇੰਦਰਧਨੁਸ਼ ਉਨ੍ਹਾਂ ਦਾ ਸਥਾਨ ਲੈਂਦਾ ਪ੍ਰਤੀਤ ਹੋਵੇਗਾ।ਇਨਸਾਨ ਨੂੰ ਹੱਥਾਂ-ਪੈਰਾਂ ਨਾਲ ਕਰਮਯੋਗੀ ਅਤੇ ਜੀਭ-ਖਿਆਲਾਂ ਨਾਲ ਗਿਆਨਯੋਗੀ ਹੋਣਾ ਚਾਹੀਦਾ ਹੈ।ਇਸ ਤਰ੍ਹਾਂ ਦਿਲੋ-ਦਿਮਾਗ ਵਿਚ ਪ੍ਰਮਾਤਮਾ ਦੇ ਪਿਆਰ-ਮਹੱਬਤ ਦੀ ਲਗਨ ਵਧੇਗੀ, ਪ੍ਰਮਾਤਮਾ ਦੀ ਰਹਿਮਤ ਬਰਸੇਗੀ।ਮਨ ਵਿਚ ਖੁਸ਼ੀਆਂ ਦੀਆਂ ਨਵੀਆਂ-ਨਵੀਆਂ ਕਰੂੰਬਲਾਂ ਫੁੱਟ ਪੈਣਗੀਆਂ।ਇੱਕ-ਦੂਜੇ ਨੂੰ ਤੱਕਦਿਆਂ ਸਾਰ ਮਨ ਖਿੜ-ਖਿੜ ਪਵੇਗਾ।ਸੱਜਰੇ ਫੁੱਲਾਂ ਤੇ ਪੱਤਿਆਂ ਵਾਲੇ ਵੰਨ-ਸੁਵੰਨੇ ਰੰਗ ਮਨ ਵਿਚ ਘੁਲ-ਘੁਲ ਪੈਣਗੇ ਤੇ ਮਨ ਖੁਸ਼ੀਆਂ-ਖੇੜਿਆਂ ਦੇ ਜਗਤ ਵਿਚ ਪਹੁੰਚ ਜਾਵੇਗਾ।ਚੜ੍ਹਦੀ ਕਲਾ ਦੇ ਗੀਤ ਗਾਉਣ ਨੂੰ ਮਨ ਲੋਚੇਗਾ, ਮਨ ਢੋਲੇ ਗਾਵੇਗਾ, ਬਦੋ-ਬਦੀ ਦੂਜਿਆਂ ਨੂੰ ਮਿਲ ਕੇ ਬਾਹਵਾਂ ਉਲਰਣੀਆਂ ਸ਼ੁਰੂ ਹੋ ਜਾਣਗੀਆਂ, ਭੰਗੜੇ ਪੈਣਗੇ। ਇਨ੍ਹਾਂ ਵਿਚ ਹੀ ਹਾਸਿਆਂ ਤੇ ਸਫਲਤਾ ਦੀ ਕੁੰਜੀ ਛਿਪੀ ਹੋਈ ਹੈ ਜਿਸ ਦੀ ਅਜੋਕੇ ਸਮਾਜ ਨੂੰ ਬਹੁਤ ਜ਼ਰੂਰਤ ਹੈ।