ਹੈ ਨਾਲ ਖੂਨ ਦੇ ਲਿਖਿਆ ਗਿਆ ਇਤਿਹਾਸ ਖਾਲਸੇ ਦਾ।
ਪੰਜਵੇਂ ਗੁਰ ਨੇ ਤੱਤੀ ਤਵੀ ਤੇ ਆਸਣ ਲਾਇਆ ਸੀ,
ਭਾਣੇ ਦੇ ਵਿਚ ਰਹਿਣਾ ਸੰਗਤਾਂ ਨੂੰ ਸਮਝਾਇਆ ਸੀ,
ਨਹੀਂ ਸੱਚ ਹਾਰਦਾ ਪੱਕਾ ਕੀਤਾ ਵਿਸ਼ਵਾਸ ਖਾਲਸੇ ਦਾ।
ਹੈ ਨਾਲ ਖੂਨ ਦੇ ਲਿਖਿਆ - - -
ਤਿਲਕ ਜੰਜੂ ਦਾ ਡੁਬਦਾ ਬੇੜਾ ਪਾਰ ਲੰਘਾਇਆ ਸੀ,
ਮਨੁੱਖਤਾ ਖਾਤਰ ਸੀਸ ਦਿੱਲੀ ਵਿਚ ਭੇਂਟ ਚੜਾਇਆ ਸੀ,
ਦਸਵੇਂ ਪਿਤਾ ਸਜਾਇਆ ਰੂਪ ਸੀ ਖਾਸ ਖਾਲਸੇ ਦਾ।
ਹੈ ਨਾਲ ਖੂਨ ਦੇ ਲਿਖਿਆ - - -
ਰਣ ਚਮਕੌਰ ਦਾ ਕੰਧ ਸਰਹੰਦ ਦੀ ਭਰਦੇ ਹਨ ਗਵਾਈਆਂ,
ਜਿੰਨਾਂ ਮੰਜਰ ਸਮੇ ਦਾ ਤੱਕਿਆ ਮੂੰਹ ਵਿਚ ਉਗਲਾਂ ਪਾਈਆਂ,
ਤੁਰ ਗਏ ਔਤ ਜਹਾਨੋਂ ਜੋ ਚਹੁੰਦੇ ਸੀ ਨਾਸ ਖਾਲਸੇ ਦਾ।
ਗਿਆ ਨਾਲ ਖੂਨ ਦੇ ਲਿਖਿਆ - - -
ਆਰੀਆਂ ਰੰਬੀਆਂ ਚਰਖੜੀਆਂ ਨੂੰ ਤੱਕ ਰੱਤਾ ਨਾ ਡੋਲੇ,
ਰੂੰਅ ਦੇ ਵਿੱਚ ਲਪੇਟਿਆ ਵੀ ਸਿੱਖ ਵਾਹਿਗੁਰੂ ਵਾਹਿਗੁਰੂ ਬੋਲੇ,
ਮੌਤ ਵੇਖ ਵੀ ਨਾ ਡੋਲਿਆ ਸੀ ਵਿਸ਼ਵਾਸ਼ ਖਾਲਸੇ ਦਾ।
ਹੈ ਨਾਲ ਖੂਨ ਦੇ ਲਿਖਿਆ - - -
ਪੁੱਤ ਨੂੰ ਵੱਡਕੇ ਹਾਰ ਬਣਾ ਗਲ ਮਾਂ ਦੇ ਪਾਇਆ ਸੀ,
ਕਾਲਜਾ ਕੱਢਕੇ ਪੁੱਤ ਦਾ ਪਿਉ ਦੇ ਤਾਈਂ ਖਵਾਇਆ ਸੀ,
ਸਿਦਕੋਂ ਡੋਲਿਆ ਫਿਰ ਵੀ ਨਹੀਂ ਵਿਸ਼ਵਾਸ ਖਾਲਸੇ ਦਾ।
ਹੈ ਨਾਲ ਖੂਨ ਦੇ ਲਿਖਿਆ - - -
ਮੱਸੇ ਰੰਗੜ ਨੇ ਹਰੀ ਮੰਦਰ ਵਿਚ ਵੇਸਵਾ ਜਦੋਂ ਨਚਾਈ,
ਸੁੱਖਾ ਸਿੰਘ ਮਹਿਤਾਬ ਸਿੰਘ ਆ ਉਸ ਨੂੰ ਭਾਜੀ ਪਾਈ,
ਸੀ ਥਰ ਥਰ ਕੰਬਦੇ ਵੈਰੀ ਵੇਖ ਲਿਬਾਸ ਖਾਲਸੇ ਦਾ।
ਗਿਆ ਨਾਲ ਖੂਨ ਦੇ ਲਿਖਿਆ - - -
ਮਰਨ ਨਾ ਦਾਨੀ ਭਗਤ ਸੂਰਮੇ ਰਹਿੰਦੇ ਸਦਾ ਜਿਉਂਦੇ,
ਪਦਮ ਢਾਡੀ ਜੱਸ ਜਿਨ੍ਹਾਂ ਦਾ ਥੱਕਦੇ ਨਾ ਰਲ ਗਾਉਂਦੇ,
ਕੁਰਬਾਨੀ ਤੱਕ ਕੇ ਸਿੱਧੂ ਬਣ ਗਿਆ ਦਾਸ ਖਾਲਸੇ ਦਾ।
ਹੈ ਨਾਲ ਖੂਨ ਦੇ ਲਿਖਿਆ ਗਿਆ ਇਤਿਹਾਸ ਖਾਲਸੇ ਦਾ।