ਲਾਲ ਸਿੰਘ ਸਮਰੱਥ ਕਹਾਣੀਕਾਰ ਹੈ, ਵਾਰਤਾਕਾਰ ਹੈ ਅਤੇ ਅਨੁਵਾਦਕ ਹੈ । ਉਸ ਦੀ ਸਭ ਤੋਂ ਗੂੜ੍ਹੀ ਪਛਾਣ ਕਹਾਣੀਕਾਰ ਵੱਜੋਂ ਹੋਈ ਹੈ ।ਉਸ ਤੇ ਸੱਤ ਕਹਾਣੀ-ਸੰਗ੍ਰਹਿ ਛਪ ਚੁੱਕੇ ਹਨ । ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਮਾਰਖੋਰੇ’ 1984 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਸੱਤਵਾਂ ‘ਸੰਸਾਰ’ 2017 ਵਿਚ । ਉਂਝ ਲਾਲ ਸਿੰਘ ਦਾ ਸਾਹਿਤ ਨਾਲ ਜੁੜਾਅ 1958 ਤੋਂ 1962 ਤੱਕ ਨੰਗਲ ਦੀ ਠਹਿਰ ਦੌਰਾਨ ਹੀ ਹੋ ਗਿਆ ਸੀ । ਉੱਥੇ ਹੀ ਉਸ ਨੇ ਲਿਖਣਾ ਸ਼ੁਰੂ ਕੀਤਾ । ਸ਼ੁਰੂ ਵਿਚ ਉਹ ਸਟੇਜੀ ਕਵੀਆਂ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਲਿਖਣ ਦੇ ਰਾਹ ਪਿਆ , ਬਾਅਦ ਵਿਚ ਉਸ ਨੇ ਕਹਾਣੀ ਵੱਲ ਮੋੜਾ ਕੱਟਿਆ ।ਪੰਜਾਬੀ ਕਹਾਣੀ ਦੀ ਤੀਜੀ ਪੀੜ੍ਹੀ ਦੋ ਮੋਹਰੀ ਕਹਾਣੀਕਾਰਾਂ ਵਿਚ ਲਾਲ ਦਾ ਖਾਸ ਮੁਕਾਮ ਹੈ । ਹੁਣ ਤਕ ਲਾਲ ਸਿੰਘ ਦਾ ਸਿਰਜਣਾ ਕਾਲ ਛੇ ਦਹਾਕਿਆਂ ਤਕ ਫੈਲ ਚੁੱਕਿਆ ਹੈ । ਹੁਣ ਉਸਨੇ ਆਪਣੀ ਅਨੁਭਵਾਂ ਨੂੰ ‘ਬੇਸਮਝੀਆਂ ’ ਨਾਮਕ ਪੁਸਤਕ ਵਿਚ ਸਮੋ ਕੇ ਪਾਠਕਾਂ ਸਾਹਮਣੇ ਪ੍ਰਸਤੁਤ ਕੀਤਾ ਹੈ ।
ਲਾਲ ਸਿੰਘ ਦਾ ਜਨਮ ਪਿੰਡ ਝੱਜਾਂ ( ਹੁਸ਼ਿਆਰਪੁਰ ) ਵਿਚ ਸਧਾਰਨ ਕਿਰਤੀ ਪਰਿਵਾਰ ਵਿਚ ਹੋਇਆ ਜਿਸ ਵਿਚ ਤੰਗੀਆਂ-ਤੁਰਸ਼ੀਆਂ ਨੇ ਕਦੇ ਖਹਿੜਾ ਨਹੀਂ ਸੀ ਛੱਡਿਆ । ਲਾਲ ਸਿੰਘ ਦੇ ਆਪਣੇ ਸ਼ਬਦਾਂ ਵਿਚ , “ਸਾਡੇ ਘਰ ਦੀ ਫਾਕਾ-ਮਸਤੀ ਨੇ ਕਦੀ ਮੇਰਾ ਸਾਥ ਨਹੀਂ ਛੱਡਿਆ । ਹੇਠਲੀਆਂ-ਉੱਤਲੀਆਂ ਲੋੜਾਂ ਅਣ-ਪੂਰੀਆਂ ਹੀ ਰਹਿੰਦੀਆਂ । ਮੈਨੂੰ ਸਕੂਲ ਜਾਣ-ਆਉਣ ਲਈ ਕਦੀ ਜੁੱਤੀ ਨਸੀਬ ਨਹੀਂ ਸੀ ਹੁੰਦੀ । ” ਉਸਦੀ ਪੜ੍ਹਾਈ ਇਹਨਾਂ ਤੰਗੀਆਂ-ਤੁਰਸ਼ੀਆਂ ਵਿਚ ਹੋਈ ਹੋਣ ਕਾਰਨ ਉਹ ਪੜ੍ਹਨ ਵਿਚ ਔਸਤ ਤੋਂ ਵੀ ਹੇਠਲੇ ਪੱਧਰ ਦਾ ਵਿਦਿਆਰਥੀ ਰਿਹਾ ।ਉਂਝ ਦਸਵੀਂ ਤੱਕ ਪਹੁੰਚਦਿਆਂ ਉਸ ਨੇ ਆਪਣੀ ਕਾਰਗੁਜ਼ਾਰੀ ਕਾਫੀ ਸੁਧਾਰ ਲਈ ਸੀ , ਜਿਸ ਦੇ ਸਿੱਟੇ ਵਜੋਂ ਉਹ ਸਕੂਲ ਵਿੱਚੋਂ ਦੂਜੇ ਨੰਬਰ ਤੇ ਆਇਆ । ਉਸ ਦੀ ਪੜ੍ਹਾਈ ਲਗਾਤਾਰ ਨਹੀਂ ਹੋਈ । ਰਸਮੀ ਪੜ੍ਹਾਈ ਉਸ ਨੇ ਐਫ.ਏ. ਕੀਤੀ । ਉਸ ਤੋਂ ਬਾਅਦ ਉਸ ਨੇ ਐਮ.ਏ.ਬੀ.ਐਡ. ਤੱਕ ਦੀ ਪੜ੍ਹਾਈ ਵਿੱਚ ਸਿਰਫ਼ ਬੀ.ਐਡ. ਹੀ ਨਿਮਯਤ ਰੂਪ ਵਿਚ ਕਾਲਜ ਜਾ ਕੇ ਕੀਤੀ ,ਬਾਕੀ ਦੀ ਪੜ੍ਹਾਈ ਮਿਹਨਤ-ਮਜ਼ਦੂਰੀ ਕਰਦਿਆਂ ਰੁਕਾਵਟਾਂ ਸਮੇਤ ਪ੍ਰਾਈਵੇਟ ਕੀਤੀ ।
ਲਾਲ ਸਿੰਘ ਨੂੰ ਰੋਜ਼ੀ-ਰੋਟੀ ਲਈ ਵੀ ਕਈ ਪਾਪੜ ਵੇਲਣੇ ਪਏ । ਪਹਿਲਾਂ ਆਪਣੇ ਘਰਾਂ ‘ਚੋਂ ਉਸ ਦਾ ਇਕ ਹਿਤੈਸ਼ੀ ਵਰਿਆਮ ਸਿੰਘ ਉਸ ਨੂੰ ਆਪਣੇ ਨਾਲ਼ ਦਿੱਲੀ ਲੈ ਗਿਆ । ਓਥੇ
੨
ਕੁਝ ਦਿਨਾਂ ਬਾਅਦ ਵਰਿਆਮ ਸਿੰਘ ਨੇ ਉਸ ਨੂੰ ਅੱਗੇ ਉਸ ਦੇ ਮਾਮੇ ਜੋਗਿੰਦਰ ਕੋਲ ਪੁਚਾ ਦਿੱਤਾ । ਪਰ ਕੁਝ ਦਿਨਾਂ ਬਾਅਦ ਉਸ ਦੀ ਮਾਮੀ ਨੇ ਉਸ ਨੂੰ ਵਾਧੂ ਦਾ ਬੋਝ ਸਮਝ ਦੇ ਵਾਪਸ ਪਿੰਡ ਭੇਜ ਦਿੱਤਾ । ਉਸ ਤੋਂ ਬਾਅਦ ਕੰਮ ਦੇ ਸਿਲਸਿਲੇ ਵਿਚ ਉਸ ਦਾ ਮਾਮਾ (ਤਾਈ ਦਾ ਭਰਾ ) ਸੋਹਣ ਸਿੰਘ ਉਸ ਨੂੰ ਭਾਖੜਾ ਡੈਮ ਲੈ ਗਿਆ । ਓਥੇ ਲਾਲ ਸਿੰਘ ਨੂੰ ਗਰਊਂਟਿੰਗ ਕੰਟਰੋਲ ਵਿਭਾਗ ਵਿਚ ਕੰਮ ‘ਤੇ ਲੁਆ ਦਿੱਤਾ ਗਿਆ । ਇੱਥੇ ਉਸ ਨੂੰ ਪਹਿਲਾਂ ਟੀਨ ਛੱਤਾਂ ਦੀਆਂ ਜੁੜਵੀਆਂ ਪਾਲਾਂ ਹੇਠ ਘੁਰਨਾ-ਨੁਮਾ ਰਿਹਾਇਸ਼ ਵਿਚ ਹੋਰ ਕਾਮਿਆਂ ਨਾਲ ਰਹਿਣਾ ਪਿਆ , ਫਿਰ ਮਕੈਨਿਕਾਂ, ਅਪਰੇਟਰਾਂ , ਡਰਾਇਵਰਾਂ ਅਤੇ ਹੋਰ ਹੁਨਰੀ ਕਾਮਿਆਂ ਨਾਲ ਬੈਰਿਕਾਂ ਵਿਚ । ਇੱਥੇ ਰਹਿੰਦਿਆਂ ਲਾਲ ਸਿੰਘ ਨੇ ਕੰਮ ਦੇ ਨਾਲ-ਨਾਲ ਆਪਣੀ ਅਧੂਰੀ ਰਹਿ ਗਈ ਪੜ੍ਹਾਈ ਵੀ ਸ਼ੁਰੂ ਕੀਤੀ ।ਉਸ ਨੇ ਗਿਆਨੀ ਪਾਸ ਕਰ ਲੲ. । ਉਸ ਉਪਰੰਤ ਬੀ.ਏ. ਦਾ ਅੰਗਰੇਜ਼ੀ ਵਿਸ਼ਾ ਪਾਸ ਕਰ ਲਿਆ । ਪਰ ਨੰਗਲ ਦਾ ਸਫ਼ਰ ਵੀ ਦੁਖਾਂਤਕ ਅੰਤ ਹੋ ਗਿਆ । ਏਥੇ ਰਹਿੰਦਿਆਂ ਲਾਲ ਸਿੰਘ ਨੂੰ ਸ਼ਿਫਟਾਂ ਵਿਚ ਮੁਸ਼ਕਿਲ ਡਿਊਟੀ ਕਰਨੀ ਪੈਂਦੀ , ਖਾਣ ਨੂੰ ਗੁਜ਼ਾਰੇ ਲਾਇਕ ਖੁਰਾਕ ਵੀ ਨਾ ਮਿਲਣੀ , ਉੱਪਰੋਂ ਹਾਕੀ ਦੀ ਖੇਡ ਖੇਡਣੀ । ਬਸ ਫਿਰ ਕੀ ਸੀ , ਇਕ ਦਿਨ ਉਹ ਸਾਹਮਣਲੀ ਟੀਮ ਦੇ ਖਿਡਾਰੀ ਦਾ ਹਿੱਟ ਦਾ ਸ਼ਿਕਾਰ ਹੋ ਕੇ ਬੱਟ ਖਾ ਬੈਠਿਆਅ। ਸੱਟ ਗੰਭੀਰ ਸੀ । ਐਕਸਰੇ ਕਰਵਾਇਆ ਗਿਆ ਤਾਂ ਉਸ ਵਿਚ ਆਇਆ ਕਿ ਸੱਜੇ ਫੇਫੜੇ ਵਿਚ ਪਾਣੀ ਭਰ ਗਿਆ ਹੈ ।ਡਿਊਟੀ ਕਰਨ ਜੋਗਾ ਉਹ ਰਿਹਾ ਨਾ, ਵਰਕਚਾਰਜ ਕਾਮੇ ਨੂੰ ਛੁੱਟੀ ਮਿਲ ਨਹੀਂ ਸੀ ਸਕਦੀ । ਨਤੀਜਾ ਨੰਗਲ ਤੋਂ ਘਰ ਵਾਪਸੀ ਨਿਕਲਿਆ ।
ਨੰਗਲ ਤੋਂ ਪਿੰਡ ਆ ਕੇ ਲਾਲ ਸਿੰਘ ਘਰ ਦੇ ਛੋਟੇ-ਮੋਟੇ ਕੰਮ ਕਰਦਾ ਰਿਹਾ , ਨੰਗਲ ਵਿਚ ਬਿਤਾਏ ਸਮੇਂ ਨੂੰ ਯਾਦ ਕਰਦਾ ਰਿਹਾ ਅਤੇ ਅਗਲੇ ਸਫ਼ਰ ਲਈ ਮਨ ਹੀ ਮਨ ਤਿਆਰੀਆਂ ਕਰਦਾ ਰਿਹਾ । ਅਖੀਰ ਕੰਮ-ਕਾਰ ਦੇ ਸਿਲਸਿਲੇ ਵਿਚ ਉਸ ਦਾ 1962 ਵਿਚ ਜਲੰਧਰ ਜਾਣ ਦਾ ਸਬੱਬ ਬਣ ਗਿਆ । ਜਲੰਧਰ ਉਹ ਪਹਿਲਾਂ ਰਾਸ਼ਟਰੀਆ ਮੈਟਲ ਸਟੀਲ ਫੈਕਟਰੀ , ਫਿਰ ਐਮ.ਸੀ. ਹਾਂਡਾ ਬ੍ਰਦਰਜ਼ ਵਿਚ ਕੰਮ ਕਰਦਾ ਰਿਹਾ ।ਏਥੇ ਵੱਖ-ਵੱਖ ਤਰ੍ਹਾਂ ਦੀਆਂ ਟੂਟੀਆਂ ਆਦਿ ਦੀ ਸੇਲ ਅਤੇ ਸਪਲਾਈ ਦਾ ਕੰਮ ਕਰਦਾ ਸੀ । ਸੇਲ ਲਈ ਉਸ ਨੂੰ ਪੰਜਾਬੋਂ ਬਾਹਲੀਆਂ ਦੂਰ-ਦਰੇਡੀਆਂ ਥਾਵਾਂ ‘ਤੇ ਜਾਣਾ ਪੈਂਦਾ । ਏਥੇ ਰਹਿੰਦਿਆਂ ਉਸ ਨੇ ਕੰਮ ਦੇ ਨਾਲ-ਨਾਲ ਬੀ.ਐਂਡ. ਵੀ ਕਰ ਲਈ । ਉਸ ਦਾ ਵਿਆਹ ਤਾਂ ਭਾਖੜਾ ਡੈਮ ਦੀ ਨੌਕਰੀ ਵੇਲੇ ਹੀ ਹੋ ਗਿਆ ਸੀ , 1970 ਵਿਚ ਉਸ ਦੀ ਪਤਨੀ ਪੂਰਨ ਕੌਰ ਨੂੰ ਤਲਵਾੜੇ ਨੇੜ ਸਰਕਾਰੀ ਪ੍ਰਾਇਮਰੀ ਸਕੂਲ ਰੈਲੀ ਵਿਚ ਜੇ.ਬੀ.ਟੀ. ਟੀਚਰ ਦੀ ਨੌਕਰੀ ਮਿਲ ਗਈ । ਉਸ ਨੂੰ ਉੱਥੇ ਘਰ ਤੋਂ ਬਾਹਰ ਕਿਰਾਏ ‘ਤੇ ਇਕੱਲੀ ਨੂੰ ਰਹਿਣਾ ਪੈਂਦਾ ਸੀ ।ਸੋ ਲਾਲ ਸਿੰਘ ਨੇ ਵੀ ਨੇੜੇ-ਤੇੜੇ ਨੌਕਰੀ ਲਈ ਕੋਸ਼ਿਸ਼ਾਂ ਕੀਤੀਆਂ । 1972 ਵਿਚ ਉਸ ਨੂੰ ਪਬਲਿਕ ਹਾਇਰ ਸੈਕੰਡਰੀ ਸਕੂਲ ਵਿਚ ਗਿਆਨੀ ਅਧਿਆਪਕ ਦੀ ਨੌਕਰੀ ਮਿਲ ਗਈ ।ਸਕੂਲ ਅਧਿਆਪਕ ਬਣ ਕੇ ਲਾਲ ਸਿੰਘ ਨੂੰ ਲੱਗਿਆ ਕਿ ਹੁਣ ਉਸਦੀ ਜ਼ਿੰਦਗੀ ਸਹੀ ਟਰੈਕ ‘ਤੇ ਆ ਗਈ ਹੈ । ਅਧਿਆਪਨ ਕਿੱਤੇ ਵਿਚ ਆ ਕੇ ਉਸ ਨੇ ਸਮਾਜਿਕ, ਰਾਜਨੀਤਕ ਅਤੇ ਸਾਹਿਕਤ ਖੇਤਰ ਵਿਚ ਖੁੱਲ੍ਹ ਕੇ ਵਿਚਰਨਾ ਸ਼ੁਰੂ ਕੀਤਾ । ਜਿਸ ਵਿਚ ਉਸ ਨੂੰ ਵੱਡੀ ਹੱਦ ਤੱਕ ਸਫ਼ਲਤਾ ਵੀ ਮਿਲੀ ।
ਸਵੈ-ਜੀਵਨੀ ਕਿਸੇ ਵਿਅਕਤੀ ਦੇ ਜੀਵਨ-ਸਫ਼ਰ ਦਾ ਕ੍ਰਮਬੱਧ ਬਿਰਤਾਂਤ ਹੁੰਦਾ ਹੈ ।ਸਵੈ-ਜੀਵਨੀ ਕਿਸੇ ਅਜਿਹੇ ਵਿਅਕਤੀ ਬਾਰੇ ਹੁੰਦੀ ਹੈ, ਜਿਸ ਨੇ ਆਪਣੇ ਜੀਵਨ ਵਿਚ ਖਾਸ
ਪ੍ਰਾਪਤੀਆਂ ਕੀਤੀਆਂ ਹੁੰਦੀਆਂ ਹਨ । ਕੋਈ ਵਿਅਕਤੀ ਇਕਦਮ ਪ੍ਰਾਪਤੀਆਂ ਨਹੀਂ ਕਰਨ ਲੱਗ ਜਾਂਦਾ, ਉਸ ਨੂੰ ਲੰਬੀ ਘਾਲਣਾ ਘਾਲਣੀ ਪੈਂਦੀ ਹੈ , ਕਈ ਤਰ੍ਹਾਂ ਦੀਆਂ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਜਦੋਂ ਅਸੀਂ ਕਿਸੇ ਸਵੈ-ਜੀਵਨੀ ਦਾ ਅਧਿਐਨ-ਮੁਲੰਕਣ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਸਵੈ-ਜੀਵਨੀਕਾਰ ਨੇ ਆਪਣੇ ਜੀਵਨ ਬਿਰਤਾਂਤ ਨੂੰ ਪੇਸ਼ ਕਰਦਿਆਂ ਕਿੰਨੀ ਕੁ ਇਮਾਨਦਾਰੀ ਅਤੇ ਬੇਬਾਕੀ ਵਰਤੀ ਹੈ। ਆਮ ਤੌਰ ‘ਤੇ ਲੋਕ ਆਪਣੇ ਆਪ ਨੂੰ ਮਹਾਨ ਸਾਬਤ ਕਰਨ ਵਾਲੀਆਂ ਗੱਲਾਂ ਨੂੰ ਤਾਂ ਵਧਾ-ਚੜ੍ਹਾ ਕੇ ਪੇਸ਼ ਕਰ ਦਿੰਦੇ ਹਨ, ਪਰ ਆਪਣੀਆਂ ਗ਼ਲਤੀਆਂ-ਖਾਮੀਆਂ ਨੂੰ ਛੱਡ ਦਿੰਦੇ ਹਨ ।
ਲਾਲ ਸਿੰਘ ਦੀ ਪੁਸਤਕ ‘ਬੇਮਝੀਆਂ ’ ਵਿਚ ਲਾਲ ਸਿੰਘ ਦੀ ਪਹੁੰਚ ਬੜੀ ਸੁੰਤਲਤ ਹੈ । ਆਪਣੇ ਜੀਵਨ ਦਾ ਸੱਚ ਉਸਨੇ ਬੜੀ ਇਮਾਨਦਾਰੀ ਅਤੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਵੈਸੇ ਉਹ ਇਹ ਇਸ ਨੂੰ ‘ਸਵੈ-ਜੀਵਨੀ ’ ਕਹਿਣ ਦੀ ਬਜਾਏ ‘ਸਵੈ-ਜੀਵਨਕ ਕਥਾਵਾਂ ’ ਕਹਿੰਦ ਹੈ । ਅਜਿਹਾ ਸ਼ਾਇਦ ਇਸ ਕਰਕੇ ਹੈ ਕਿਉਂਕਿ ਉਸ ਨੇ ਇਕ ਤਾਂ ਇਹ ਜੀਵਨ-ਬਿਰਤਾਂਤ ਪਹਿਲੀ ਜਮਾਤ ਦੀ ਪੜਾਈ ਸ਼ੁਰੂ ਕਰਨ ਤੋਂ ਸ਼ੁਰੂ ਕੀਤਾ ਹੈ, ਦੂਜਾ ਇਸ ਦੇ ਵੱਖ-ਵੱਖ ਅਧਿਆਵਾਂ ਨੂੰ ਕਹਾਣੀ ਦੀ ਰੰਗਤ ਪ੍ਰਦਾਨ ਕੀਤੀ ਹੈ । ਲਾਲ ਸਿੰਘ ਨੇ ਆਪਣੇ ਜੀਵਨ ਦੇ ਕਈ ਪੱਖਾਂ ਨੂੰ ਇਸ ਪੁਸਤਕ ਵਿਚ ਛੋਹਿਆ ਨਹੀਂ , ਜਿਵੇਂ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਲੜੀਆਂ ਚੋਣਾਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਜਕਾਰਨੀ ਦਾ ਮੈਂਬਰ ਰਿਹਾ ਹੈ । ਸੋ ਇਸ ਪੁਸਤਕ ਨੂੰ ‘ਸਵੈ-ਜੀਵਨਕ ਕਥਾਵਾਂ ’ ਕਹਿਣ ਨਾਲ ਸਾਡੀ ਸਹਿਮਤੀ ਹੈ।ਉਂਝ ਇਹ ਪੁਸਤਕ ਸਵੈ-ਜੀਵਨੀ ਵਿਧਾ ਦੇ ਨੇੜੇ-ਤੇੜੇ ਹੀ ਰਹਿੰਦੀ ਹੈ ।
ਲਾਲ ਸਿੰਘ ਦੀ ਇਹ ਪੁਸਤਕ ਪੜ੍ਹਦਿਆਂ ਉਸ ਦੀਆਂ ਕਹਾਣੀਆਂ ਵਿਚਲੀ ਵਿਚਾਰਧਾਰਕ ਦ੍ਰਿਸ਼ਟੀ ਦਾ ਸਰੋਤ ਸਹਿਜੇ ਹੀ ਪਤਾ ਲੱਗ ਜਾਂਦਾ ਹੈ । ਲੇਖਕ ਦੀ ਦ੍ਰਿਸ਼ਟੀ ਇਤਿਹਾਸ ਅਤੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਦਾ ਹੀ ਜੋੜ-ਮੇਲ ਹੁੰਦੀ ਹੈ ।ਲਾਲ ਸਿੰਘ ਦੁਆਰਾ ਹੰਢਾਈ ਪਰਿਵਾਰਕ ਗਰੀਬੀ ਅਤੇ ਸੰਯੁਕਤ ਪਰਿਵਾਰ ਦੀ ਰਾਜਨੀਤੀ ਨੇ ਤਾਂ ਉਸ ਦੀ ਸੰਵੇਦਨਾ ਨੂੰ ਝੰਜੋੜਿਆ ਹੀ , ਮਗਰੋਂ ਪਿੰਡ ,ਭਾਖੜਾ ਡੈਮ ਤੇ ਜਲੰਧਰ ਦੀਆਂ ਫੈਕਟਰੀਆਂ ਵਿਚ ਕੀਤੀ ਮੁਸ਼ੱਕਤ ਨੇ ਵੀ ਲਾਲ ਸਿੰਘ ਨੂੰ ਕਿਰਤੀ ਜਮਾਤ ਦੇ ਦੁੱਖਾਂ-ਦਰਦਾਂ ਨੂੰ ਸਮਝਣ ਵਿਚ ਮਦਦ ਕੀਤੀ । ਇਕ ਥਾਂ ਉਹ ਜਾਰਜ ਬਰਨਾਰਡ ਸ਼ਾਅ ਦਾ ਕਥਨ ਪੇਸ਼ ਕਰਦਾ ਹੈ , “ਅੱਜ ਕਲ੍ਹ ਕਠੋਰ ਮਿਹਨਤ ਅਤੇ ਗੰਦਾ –ਮੰਦਾ ਕੰਮ ਕਰਨ ਵਾਲਿਆਂ ਨੂੰ ਸਭ ਤੋਂ ਘਟ ਮਜ਼ਦੂਰੀ ਮਿਲਦੀ ਹੈ ।ਸੌਖਾ ਕੰਮ ਕਰਨ ਵਾਲਿਆਂ ਨੂੰ ਚੰਗੀ ਦਿਹਾੜੀ ਮਿਲ਼ਦੀ ਹੈ ,ਪਰ ਸਭ ਤੋਂ ਵੱਧ ਉਹਨਾਂ ਨੂੰ ਮਿਲਦਾ ਹੈ , ਜੋ ਕੋਈ ਕੰਮ ਨਹੀ ਕਰਦੇ । ” ਇਹ ਗੱਲ ਸਿਧਾਂਤਕ ਤੌਰ ‘ਤੇ ਭਾਵੇਂ ਚੰਗੀ ਤਰ੍ਹਾਂ ਲਾਲ ਸਿੰਘ ਨੇ ਬਾਅਦ ਵਿਚ ਸਮਝੀ ਹੋਵੇ , ਪਰ ਵਿਹਾਰਕ ਤੌਰ ‘ਤੇ ਉਸ ਨੇ ਫੈਕਟਰੀਆਂ ਵਿਚ ਕੰਮ ਕਰਨ ਵੇਲੇ ਅਤੇ ਦੁਰੇਡੇ ਸ਼ਹਿਰਾਂ ਵਿਚ ਲੱਗੇ ਵਪਾਰੀਆਂ ਦੇ ਕਈ ਦਾਅ-ਪੇਚ ਵੀ ਅੱਖੀਂ ਦੇਖ ਲਏ ਸਨ ।ਜਿਵੇਂ ਆਸ-ਪਾਸ ਦੀਆਂ ਫੈਕਟਰੀਆਂ ‘ਚ ਲੋੜੀਂਦੀ ਵੰਨਗੀ ਦੀਆਂ ਤਿਆਰ ਟੂਟੀਆਂ ਸਥਾਨਕ ਮੁੱਲ ‘ਤੇ ਖ਼ਰੀਦ ਕੇ ਆਪਣੇ ਮਾਰਕੇ ਹੇਠ ਦੂਰ-ਪਾਰ ਸ਼ਹਿਰ ਮਹਿੰਗੇ ਭਾਅ ਵੇਚਣਾ ਆਦਿ ।
ਜੀਵਨ-ਸਫ਼ਰ ਦੌਰਾਨ ਉਸ ਦ ਰੋਜ਼ੀ-ਰੋਟੀ ਲਈ ਸੰਘਰਸ਼ ਅਤੇ ਸਾਹਿਤ ਵਿਕਾਸ ਯਾਤਰਾ ਨਾਲ-ਨਾਲ ਚੱਲਦੇ ਹਨ ।ਉਸ ਨੂੰ ਹਰ ਥਾਂ ਕੁਝ ਸਾਹਿਤਕ ਲੋਕ ਅਤੇ ਚੇਤਨ ਮਨੁੱਖ ਮਿਲ ਜਾਂਦੇ ਸਨ , ਜਾਂ ਕਹਿ ਸਕਦੇ ਹਾਂ ਕਿ ਉਹ ਲੱਭ ਲੈਂਦਾ ਸੀ । ਨੰਗਲ ਵਿਚ ਉਸ ਨੂੰ ਗੁਰਸ਼ਰਨ ਸਿੰਘ ਮਿਲਿਆ , ਉਸ ਦੇ ਨਾਟਕ ਦੇਖੇ ,ਫਿਰ ਉਸ ਦੀ ਟੀਮ ਦਾ ਵੀ ਕੁਝ ਚਿਰ ਹਿੱਸਾ ਬਣਿਆ । ਨੰਗਲ ਵਿਚ ਧਾਰਮਿਕ ਸਮਾਗਮਾਂ ਅਤੇ ਗੁਰਪੁਰਬਾਂ ਸਮੇਂ ਪਹਿਲਾਂ ਗੁਰਦੁਆਰਿਆਂ ਵਿਚ ਹੋਣ ਵਾਲੇ ਕਵੀ ਦਰਬਾਰਾਂ ਵਿਚ ਚਰਨ ਸਿੰਘ ਸਫ਼ਰੀ ,ਗੁਰਚਰਨ ਸਿੰਘ ਦੇਵ,ਗੁਰਦੇਵ ਸਿੰਘ ਮਾਨ,ਗੁਰਦਿੱਤ ਸਿੰਘ ਕੁੰਦਨ ਅਤੇ ਰਾਮ ਨਰਾਇਣ ਦਰਦੀ ਵਰਗੇ ਲੋਕਾਂ ਨੂੰ ਸੁਣਿਆ । ਫਿਰ ਇਹਨਾਂ ਲੋਕਾਂ ਨਾਲ ਆਪ ਵੀ ਕਵੀ ਦਰਬਾਰਾਂ ਵਿੱਚ ਕਵਿਤਾਵਾਂ ਪੜ੍ਹੀਆਂ । ਜਲੰਧਰ ਕਿਆਮ ਦੌਰਾਨ ਉਸ ਦਾ ਇਕ ਕਾਮੇ ਸਾਥੀ ਨਾਲ ਮੇਲ ਹੋਇਆ , ਜੋ ਨੰਦ ਲਾਲ ਨੂਰਪੁਰੀ ਦਾ ਜਵਾਈ ਸੀ । ਉਸ ਦੇ ਰਾਹੀਂ ਉਹ ਬੜੀ ਹਸਰਤ ਨਾਲ ਨੂਰਪੁਰ ਨੂੰ ਮਿਲਿਆ । ਕੁਝ ਮਿਲਣੀਆਂ ਤੋਂ ਬਾਅਦ ਲਾਲ ਸਿੰਘ ਨੇ ਨੂਰਪੁਰੀ ਨੂੰ ਆਪਣਾ ਰਸਮੀ ਤੌਰ ‘ਤੇ ਗੁਰੂ ਧਾਰ ਲਿਆ । ਜਲੰਧਰ ਰਹਿੰਦਿਆਂ ਹੀ ਦੇਸ਼ ਭਗਤ ਯਾਦਗਾਰ ਹਾਲ ਵੀ ਆਉਣ-ਜਾਣ ਬਣਿਆ ।ਓਥੇ ਉਸਦਾ ਮੇਲ ਪਾਸ਼ ਨਾਲ ਹੋਇਆ । ਜਲੰਧਰ ਵਿਚ ਹੀ ਉਸਨੂੰ ਕੰਪਨੀ ਬਾਗ ਦੇ ਕਵੀ-ਦਰਬਾਰਾਂ ਵਿਚ ਡਾ. ਹਰਿਭਜਨ ਸਿੰਘ ,ਸ਼ਿਵ ਕੁਮਾਰ, ਪਾਸ਼ , ਜਗਤਾਰ , ਮੀਸ਼ਾ , ਨਿਰੰਜਨ ਸਿੰਘ ਨੂਰ ਅਤੇ ਹਰਭਜਨ ਸਿੰਘ ਹੁੰਦਲ ਵਰਗੇ ਕਵੀਆਂ ਨੂੰ ਸੁਣ ਕੇ ਆਪਣੀ ਸਾਹਿਤਕ ਚੇਤਨਾ ਨੂੰ ਤਿਖੇਰਾ ਕੀਤਾ ।ਜਲੰਧਰ ਬੀ.ਐਡ. ਕਰਦਿਆਂ ਹੀ ਉਸ ਨੇ ਕਾਮਰੇਡਾਂ ਦੇ ਸਕੂਲਾਂ ਦੇ ਪਾਠ ਵੀ ਪੜ੍ਹ ਲਏ ।
ਲਾਲ ਸਿੰਘ ਆਪਣਾ ਜੀਵਨ ਬਿਰਤਾਂਤ ਪੇਸ਼ ਕਰਦਾ ਹੋਇਆ ਇਮਾਨਦਾਰੀ ਅਤੇ ਬੇਬਾਕੀ ਦਾ ਸਾਥ ਨਹੀਂ ਛੱਡਦਾ । ਉਹ ਚਾਹੇ ਪਰਿਵਾਰਕ ਸੰਬੰਧਾਂ ਦੀ ਗੱਲ ਕਰ ਰਿਹਾ ਹੋਵੇ ਜਾਂ ਸਮਾਜਿਕ ਵਰਤ-ਵਰਤਾਰਿਆਂ ਦੀ , ਉਹ ਨਿੱਠ ਕੇ ਸੱਚ ‘ਤੇ ਪਹਿਰਾ ਦਿੰਦਾ ਹੈ । ਆਪਣੀ ਪਤਨੀ ਪ੍ਰਤੀ ਫ਼ਰਜ਼ਾਂ ਦੀ ਪੂਰਤੀ ਸਹੀ ਤਰੀਕੇ ਨਾਲ ਨਾ ਕਰ ਸਕਣ ਦੀ ਗੱਲ ਸਵੀਕਾਰ ਕਰਦਾ ਹੋਇਆ ਉਹ ਲਿਖਦਾ ਹੈ , “ਪਹਿਲੋਂ ਤਾਂ ਅਸੀਂ ਮੀਆਂ-ਬੀਵੀ ਇਕ-ਦੂਜੇ ਨੂੰ ਓਪਰਿਆਂ ਵਾਂਗ ਮਿਲਦੇ ਰਹੇ ਸਾਂ । ਇਸ ਵਿਚ ਵੱਡਾ ਕਸੂਰ ਮੇਰਾ ਸੀ ।ਸਰੀਰਕ ਕਿਰਿਆ ਤੋਂ ਵੱਧ ਮੈਂ ਉਸ ਨੂੰ ਕੋਈ ਨਿੱਘ ਨਹੀਂ ਦੇ ਸਕਿਆ । ਵਿਆਹ ਉਪਰੰਤ ਵੀ ਮੈਂ ਕਿਧਰੇ ਬਾਰੀਂ ਸਾਲੀਂ ਉਸ ਪਾਸ ਪੁੱਜਾ ਸਾਂ ਇਕ ਛੱਤ ਹੇਠ , ਪਿੰਡ ਰੈਲੀ । ” ਸਾਹਿਤਕ ਖੇਤਰ ਵਿਚ ਵੀ ਉਹ ਆਪਣੀਆਂ ਮੁੱਢਲੇ ਦੌਰ ਦੀਆਂ ਕਚਿਆਈਆਂ ਨੂੰ ਪੇਸ਼ ਕਰਨੋਂ ਸੰਕੋਚ ਨਹੀਂ ਕਰਦਾ । ਪਾਸ਼ ਨੂੰ ਮਾਸਕ ਪੱਤਰ ‘ਸਿਆੜ ਵਿਚ ਛਾਪਣ ਲਈ ਭੇਜੀ ਕਵਿਤਾ ਦੇ ਵਾਪਸ ਆਉਣ ਬਾਰੇ ਉਹ ਲਿਖਦਾ ਹੈ , “ਕਵਿਤਾ ਵਿਚਲੀਆਂ ਵਿਰੋਧਾਭਾਵੀ ਤੁਕਾਂ ਦਾ ਬਕਾਇਆ ਉਲੇਖ ਕਰ ਕੇ ਉਸ ਨੇ ਮੇਰੇ ਜਿਵੇਂ ਇਕ ਚੂੰਢੀ ਵੱਢੀ ਸੀ ।” ਇਸੇ ਤਰ੍ਹਾਂ ‘ਸਿਰਜਣਾ ’ ਦੇ ਸੰਪਾਦਕ ਡਾ. ਰਘਬੀਰ ਸਿੰਘ ਦੁਆਰਾ ਵਾਪਸ ਭੇਜੀ ਕਹਾਣੀ ‘ਮਰਦਮ-ਸ਼ੁਮਾਰੀ ’ ਦੇ ਨਾਲ ਭੇਜੀ ਟਿੱਪਣੀ ਨੂੰ ਵੀ ਉਹ ਖਿੜੇ ਮੱਥੇ ਪ੍ਰਵਾਨ ਕਰਦਾ ਹੈ । “ ਇਕੱਲੀ ਤੇ ਇਕੱਲੀ ਬਿਆਨੀਆ ਲਿਖਤ ਕਹਾਣੀ ਨਹੀਂ ਬਣਦੀ । ਇਸ ਇਬਾਰਤ ਇਸ ਤੋਂ ਅੱਗੇ ਕੁਝ ਹੋਰ ਵੀ ਮੰਗ ਕਰਦੀ ਹੈ ।ਇਹ ਮੰਗ ਪਾਠਕੀ ਮਾਨਸਿਕਤਾ ਅੰਦਰ ਅਜਿਹੀ ਊਰਜਾ ਭਰਨ ਦੀ ਹੈ , ਜਿਸ ਨਾਲ ਉਹ ਅਕੇਵੇਂ ਭਰੇ ਚੌਗਿਰਦੇ ਤੋਂ ਛੁਟਕਾਰਾ
ਪਾਉਣ ਲਈ ਤਰਲੋ-ਮੱਛੀ ਹੋ ਤੁਰੇ ।“ ਉਂਜ ਪੁਸਤਕ ਦਾ ਨਾਂ ‘ਬੇਸਮਝੀਆਂ’ ਰੱਖਣਾ ਹੀ ਉਸ ਦੀ ਨਿਮਰਤਾ ਅਤੇ ਇਮਾਨਦਾਰੀ ਦਾ ਵੱਡਾ ਪ੍ਰਮਾਣ ਹੈ । ਇਹ ਵੀ ਨਹੀਂ ਕਿ ਉਹ ਵੱਡੇ ਨਾਵਾਂ ਦਾ ਸ਼ਰਧਾਲੂ ਹੈ । ਜਿਥੇ ਉਹ ਆਪਣੇ ਐਬਾਂ ਨੂੰ ਸਵੀਕਾਰ ਕਰਦਾ ਹੈ , ਪਾਰਖੂ ਵਿਦਵਾਨਾਂ ਨੂੰ ਸਲਾਹੁੰਦਾ ਹੈ , ਓਥੇ ਪੱਖਪਾਤੀ ਅਤੇ ਗੈਰ-ਸੰਜੀਦਾ ਸਾਹਿਤ ਆਲੋਚਕਾਂ ਦੇ ਕਾਰਨਾਮਿਆਂ ਨੂੰ ਵੀ ਬਾਖੂਬੀ ਬੇਪਰਦਾ ਕਰਦਾ ਹੈ ।
ਲਾਲ ਸਿੰਘ ਜਿੱਥੇ ਆਪਣੇ ਜੀਵਨ –ਸਫ਼ਰ , ਜਿਸ ਵਿਚ ਉਹ ਆਪਣੀ ਤਾਲੀਮ ਪ੍ਰਾਪਤੀ ਦਾ ਜ਼ਿਕਰ ਕਰਦਾ ਹੈ ,ਰੁਜ਼ਗਾਰ ਲਈ ਵੇਲੇ ਪਾਪੜਾਂ ਦੀ ਗੱਲ ਕਰਦਾ , ਆਪਣੇ ਪਰਿਵਾਰ ਦੀਆਂ ਦੁਸ਼ਵਾਰੀਆਂ ਦਾ ਚਿੱਤਰਣ ਕਰਦਾ ਹੈ , ਆਪਣੇ ਸਾਹਿਤ ਦੀ ਵਿਕਾਸ ਯਾਤਰਾ ਦੀ ਗੱਲ ਕਰਦਾ ਹੈ, ਨੂੰ ਖੂਬਸੂਰਤੀ ਅਤੇ ਕਲਾਤਮਿਕਤਾ ਨਾਲ ਪੇਸ਼ ਕਰਦਾ ਹੈ, ਓਥੇ ਆਪਣੇ ਸਮਕਾਲ ਨੂੰ ਵੀ ਬੜੀ ਮਜ਼ਬੂਤੀ ਨਾਲ ਫੜਦਾ ਅਤੇ ਪੇਸ਼ ਕਰਦਾ ਹੈ ।ਇਸ ਵਿਚ ਚਾਹੇ ਨਾਕਸ ਸਿੱਖਿਆ ਵਿਵਸਥਾ ਦੀ ਗੱਲ ਹੋਵੇ , ਚਾਹੇ ਨੌਕਰੀਆਂ ਦਾ ਗੋਰਖਧੰਦਾ ਹੋਵੇ , ਚਾਹੇ ਕਿਰਾਏ ਦੇ ਮਕਾਨਾਂ ਵਿਚ ਰਹਿਣ ਦਾ ਜੱਭ ਹੋਵੇ , ਚਾਹੇ ਜਾਗਦੇ ਸਿਰਾਂ ਵਾਲੇ ਲੋਕਾਂ ‘ਤੇ ਸਰਕਾਰੀ ਨਜ਼ਰ ਦਾ ਮਾਮਲਾ ਹੋਵੇ , ਚਾਹੇ ਪੁਜਾਰੀਵਾਦ ਦਾ ਪ੍ਰਚਲਣ ਹੋਵੇ ਤੇ ਚਾਹੇ ਕਿਸੇ ਵੀ ਪੱਧਰ ਦੇ ਭ੍ਰਿਸ਼ਟਾਚਾਰ ਦਾ ਮਸਲਾ ਹੋਵੇ ,ਲੇਖਕ ਨੇ ਉਸ ਨੂੰ ਬਾਖੂਬੀ ਪੇਸ਼ ਕੀਤਾ ਹੈ ।
ਕਲਾਤਮਿਕ ਪੱਖੋਂ ਵੀ ਲਾਲ ਸਿੰਘ ਦੀ ਪੁਸਤਕ ‘ਬੇਸਮਝੀਆਂ’ ਕਈ ਖੂਬੀਆਂ ਨਾਲ ਭਰਪੂਰ ਹੈ । ਉਸ ਦੀ ਰਚਨਾ ਵਿਚਲੀ ਵਾਕ-ਬਣਤਰ, ਸਰਲਤਾ , ਸਪੱਸ਼ਟਤਾ ਅਤੇ ਰੌਚਿਕਤਾ ਪਾਠਕ ਨੂੰ ਕੀਲਣ ਦੀ ਸਮਰੱਥਾ ਰੱਖਦੀ ਹੈ ।ਸਵੈ-ਜੀਵਨੀ ਬਿਰਤਾਂਤਕ-ਜੁਗਤਾਂ ਨਾਲ਼ ਬਣਦੀ ਹੈ । ਉਂਝ ਬਿਰਤਾਂਤ ਨਾਵਲ , ਕਹਾਣੀ ਜਾਂ ਸਵੈ-ਜੀਵਨੀ ਤੱਕ ਹੀ ਸੀਮਤ ਨਹੀਂ । ਰੋਲਾਂ ਬਾਰਤ ਤਾਂ ਕਹਿੰਦਾ ਹੈ ਕਿ ਬਿਰਤਾਂਤ ਜੀਵਨ ਦੇ ਹਰ ਖੇਤਰ ਵਿਚ ਮੌਜੂਦ ਹੁੰਦਾ ਹੈ । ਬਿਰਤਾਂਤ ਸ਼ਾਸ਼ਤਰੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਬਿਰਤਾਂਤ ਖ਼ਬਰਾਂ ਵਿਚ ਵੀ ਹੁੰਦਾ ਹੈ ਅਤੇ ਨਾਟਕ ਦੀਆਂ ਉਹਨਾਂ ਵੰਨਗੀਆਂ ਵਿਚ ਵੀ ,ਜਿਨ੍ਹਾਂ ਵਿਚ ਆਵਾਜ਼ ਨਹੀਂ ਹੁੰਦੀ । ਲਾਲ ਸਿੰਘ ਦੀ ਪੁਸਤਕ ‘ਬੇਸਮਝੀਆਂ ’ ਵੀ ਬਿਰਤਾਂਤ ਕਲਾ ਦਾ ਨਿੱਗਰ ਨਮੂਨਾ ਹੈ। ਮੁਢਲੇ ਚੈਪਟਰਾਂ ਵਿਚ ਉਹ ਪਿੱਛਲ ਝਾਤ ਜੁਗਤ ਰਾਹੀਂ ਆਪਣੀ ਜੀਵਨ-ਕਥਾ ਦਾ ਤਾਣਾ-ਬਾਣਾ ਬੜੀ ਕਲਾਤਮਿਕਤਾ ਨਾਲ ਬੁਣਦਾ ਹੈ ।
ਕਈ ਥਾਈਂ ਲਾਲ ਸਿੰਘ ਆਪਣੀ ਭਾਸ਼ਾ ਅਤੇ ਪੇਸ਼ਕਾਰੀ ਨੂੰ ਅਜਿਹੀ ਕਾਲਤਮਿਕ ਰੰਗਤ ਪ੍ਰਦਾਨ ਕਰਦਾ ਹੈ ਕਿ ਉਸਦੀ ਵਾਰਤਕ ਗਲਪ ਦਾ ਹੀ ਰੂਪ ਹੋ ਨਿੱਬੜਦੀ ਹੈ , “ਮੇਰਾ ਇਕ ਪੈਰ ਪੌੜੀ ਦੇ ਅੱਠਵੇਂ ਡੰਡੇ ‘ਤੇ ਹੈ ਤੇ ਦੂਜਾ ਗਿੱਠ ਕੁ ਉੱਚੇ ਬਨੇਰੇ ‘ਤੇ । ਸਹਿਵਨ ਹੀ ਮੇਰੀ ਨਿਗਾਹ ਹੇਠਾਂ ਵਿਹੜੇ ਵੱਲ ਨੂੰ ਸਰਕ ਗਈ । ਪੰਜਾਂ ਕੁ ਵਰ੍ਹਿਆਂ ਦਾ ਇਕ ਬਾਲ ਖੇਡਦੇ ਹਾਣੀਆਂ ਨੂੰ ਛੱਡ ਕੇ ਪੌੜੀ ਦੇ ਪਹਿਲੇ ਡੰਡੇ ‘ਤੇ ਚੜ੍ਹਨ ਦੇ ਆਹਰ ਵਿਚ ਹੈ। ”
ਲਾਲ ਸਿੰਘ ਪੰਜਾਬ ਦਾ ਸਮਰੱਥ ਕਹਾਣੀਕਾਰ ਹੈ ।ਉਸਦਾ ਸਾਹਿਤਕ ਸਫ਼ਰ ਪੰਜ ਦਹਾਕੇ ਤੋਂ ਲੰਮੇਰਾ ਹੈ ਤੇ ਉਸਦਾ ਜੀਵਨ ਸਫ਼ਰ ਅੱਠ ਦਹਾਕੇ ਤੋਂ ਵੀ ਲੰਮੇਰਾ । ਅਨੁਭਵੀ ਸਾਹਿਤਕਾਰ ਲਾਲ ਸਿੰਘ ਦੀ ਸਵੈ-ਜੀਵਨੀ ਮੂਲਕ ਪੁਸਤਕ ‘ਬੇਸਮਝੀਆਂ ’ ਵਿਚ ਉਸਦੀ ਸਮਝ ਦਾ ਜਲੋਅ ਦੇਖਣਯੋਗ ਹੈ । ਅਜਿਹੀ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ ।