ਕੁਲਰੀਆਂ ਵੱਲੋਂ ਸਿੰਧੀ ਕਹਾਣੀਆਂ ਦੀ ਅਨੁਵਾਦਿਤ ਪੁਸਤਕ ਰਿਲੀਜ਼ (ਖ਼ਬਰਸਾਰ)


ਮਾਨਸਾ  -- ਇੱਥੋਂ ਦੇ ਭਾਸ਼ਾ ਦਫ਼ਤਰ ਵਿਖੇ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਵੱਲੋਂ ਹਿੰਦੀ ਅਤੇ ਸਿੰਧੀ ਦੀ ਪ੍ਰਸਿੱਧ ਲੇਖਿਕਾ ਦੇਵੀ ਨਾਗਰਾਣੀ ਦੀਆਂ ਸਿੰਧੀ ਕਹਾਣੀਆਂ ਦੀ ਪੰਜਾਬੀ ਵਿੱਚ ਅਨੁਵਾਦ ਕੀਤੀ ਪੁਸਤਕ `ਗੁਲਸ਼ਨ ਕੌਰ ਤੇ ਹੋਰ ਕਹਾਣੀਆਂ` ਜਿਲਾ ਭਾਸ਼ਾ ਅਫਸਰ ਸ਼੍ਰੀਮਤੀ ਤੇਜਿੰਦਰ ਕੌਰ, ਖੋਜ ਅਫਸਰ ਸ਼ਾਇਰ ਗੁਰਪ੍ਰੀਤ ਅਤੇ ਕੁਲਰੀਆਂ ਦੀ ਧਰਮਪਤਨੀ ਸ਼੍ਰੀਮਤੀ ਸ਼ਿਖਾ ਗਰਗ ਵੱਲੋਂ ਰਿਲੀਜ਼ ਕੀਤੀ ਗਈ।ਜਿਲਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਕਿਹਾ ਕਿ ਸ਼੍ਰੀ ਕੁਲਰੀਆਂ ਵੱਲੋਂ ਲਗਾਤਾਰ ਮਿੰਨੀ ਕਹਾਣੀ ਲੇਖਨ ਤੋਂ ਇਲਾਵਾ ਅਨੁਵਾਦ ਦੇ ਖੇਤਰ ਵਿਚ ਵੀ ਕਾਰਜ ਕੀਤਾ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ।ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਦੂਜੀਆਂ ਭਾਸ਼ਾਵਾਂ ਦੀਆਂ ਵਧੀਆਂ ਕਿਰਤਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਨਾ ਚੰਗੀ ਗੱਲ ਹੈ, ਇਸ ਨਾਲ ਜਿੱਥੇ ਭਾਸ਼ਾ ਅਮੀਰ ਹੁੰਦੀ ਹੈ, ਉੱਥੇ ਪਾਠਕਾਂ ਨੂੰ ਦੂਜੇ ਖਿੱਤੇ ਦੇ ਸਭਿੱਆਚਾਰ, ਰਸਮਾਂ ਰਿਵਾਜਾਂ ਤੇ ਉਸ ਨਾਲ ਜੁੜੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਪਤਾ ਚਲਦਾ ਹੈ।ਉਨ੍ਹਾਂ ਇਸ ਮੌਕੇ ਕੁਲਰੀਆਂ ਵੱਲੋਂ ਪਿਛਲੇ ਸਾਲ ਅਨੁਵਾਦ ਕੀਤੇ ਵੱਡਅਕਾਰੀ ਤੇ ਮਸ਼ਹੂਰ ਨਾਵਲ `ਗੁਲਾਰਾ ਬੇਗਮ` ਬਾਰੇ ਵੀ ਗੱਲ ਕੀਤੀ।ਅਨੁਵਾਦਕ ਜਗਦੀਸ਼ ਰਾਏ ਕੁਲਰੀਆਂ ਨੇ ਕਿਹਾ ਕਿ ਉਸਨੂੰ ਦੂਜੀਆਂ ਭਾਸ਼ਾਵਾਂ ਦੀਆਂ ਜੋ ਰਚਨਾਵਾਂ ਪਸੰਦ ਆਉਂਦੀਆਂ ਹਨ, ਉਹਨਾਂ ਨੂੰ ਉਹ ਪੰਜਾਬੀ ਪਾਠਕਾਂ ਤੱਕ ਅਨੁਵਾਦ ਦੇ ਜ਼ਰੀਏ ਲੈ ਕੇ ਜਾਂਦੇ ਹਨ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਹੁਣ ਤੱਕ ਦੋ ਨਾਵਲ, ਇੱਕ ਕਹਾਣੀ ਸੰਗ੍ਰਹਿ ਤੇ ਚਾਰ ਮਿੰਨੀ ਕਹਾਣੀ ਸੰਗ੍ਰਹਿ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕਰ ਚੁੱਕੇ ਹਨ ਤੇ ਕਈ ਕਿਤਾਬਾਂ ਤੇ ਕੰਮ ਕਰ ਰਹੇ ਹਨ।