ਘਰ ਪਰਾਇਆ ਏ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿਸ ਦਿਨ ਦਾ ਤੁਰ ਗਿਆ ਤੂੰ ਬਾਪੂ 

ਉਸ ਦਿਨ ਦਾ ਘਰ ਪਰਾਇਆ ਏ

ਭਾਵੇ ਲੱਖ ਖੁਸ਼ੀਆਂ ਖੇੜੇ ਵੱਸਦੇ ਨੇ

ਘਰ ਵੱਸਦਾ ਅੰਮੜੀ ਜਾਇਆ ਏ

ਜਿਸ ਦਿਨ ਦਾ ਤੁਰ ਗਿਆ ਤੂੰ ਬਾਪੂ 

ਉਸ ਦਿਨ ਦਾ ਘਰ ਪਰਾਇਆ ਏ।

 

ਸੁਣਿਆ ਕੇ ਜਦ ਮੈਂ ਜ਼ੰਮੀ ਸੀ 

ਵਿਹੜੇ ਲੱਡੂ ਵੰਡਦਾ ਫਿਰਦਾ ਸੀ

ਤੂੰ ਧੀ ਲੈਣ ਦੀ ਖਾਤਰ ਬਾਪੂ ਵੇ

ਅਰਦਾਸਾਂ ਕਰਦਾ ਚਿਰਦਾ ਸੀ

ਮੇਰੇ ਸੁਪਨੇ ਪੂਰੇ ਹੋ ਜਾਵਣ 

ਤੂੰ ਕਦੇ ਪੱਬ ਭੁੰਜੇ ਨਾ ਲਾਇਆ ਏ

ਜਿਸ ਦਿਨ ਦਾ ਤੁਰ ਗਿਆ ਤੂੰ ਬਾਪੂ 

ਉਸ ਦਿਨ ਦਾ ਘਰ ਪਰਾਇਆ ਏ।

 

ਸਭ ਸੁਪਨੇ ਪੂਰੇ ਹੋ ਗਏ ਨੇ 

ਮੈਂ ਘਰ ਆਪਣੇ ਵਸਦੀ ਰਸਦੀ ਹਾਂ 

ਮੈਂ ਤੇਰੇ ਦੀਪ ਅਮਰਿੰਦਰ ਨੂੰ 

ਗੱਲਾਂ ਤੇਰੀਆਂ ਬੈਠੀ ਦੱਸਦੀ ਹਾਂ

ਕਈ ਸਾਲ ਬੀਤ ਗਏ ਤੁਰਗਏ ਨੂੰ

ਅੱਜ ਤੱਕ ਵੀ ਚੈਣ ਨਾ ਆਇਆ ਏ 

ਜਿਸ ਦਿਨ ਦਾ ਤੁਰ ਗਿਆ ਤੂੰ ਬਾਪੂ 

ਉਸ ਦਿਨ ਦਾ ਘਰ ਪਰਾਇਆ ਏ।

 

ਤੂੰ ਸਭ ਕੋਲ ਹੀ ਢੁੱਕ ਢੁੱਕ ਬਹਿੰਦਾ ਸੀ 

ਨਾ ਮਾੜਾ ਬੋਲ ਕਿਸੇ ਨੂੰ ਕਹਿੰਦਾ ਸੀ 

ਕਦੇ ਝਿੜਕ ਦਿੰਦੀ ਜੇ ਮਾਂ ਮੈਨੂੰ 

ਗੁੱਟ ਗਲਵੱਕੜੀ ਦੇ ਵਿੱਚ ਲੈੰਦਾ ਸੀ

ਅੱਜ ਦਿਲ ਦੀਆਂ ਦਿਲ ਵਿੱਚ ਲੈ ਬੈਠੀ 

ਨਾ ਸੁਣਦਾ ਅੰਮੜੀ ਜਾਇਆ ਏ 

ਜਿਸ ਦਿਨ ਦਾ ਤੁਰ ਗਿਆ ਤੂੰ ਬਾਪੂ 

ਉਸ ਦਿਨ ਦਾ ਘਰ ਪਰਾਇਆ ਏ।

 

ਸਭ ਰਿਸ਼ਤੇ ਨਾਤੇ ਝੂਠੇ ਨੇ 

ਲ਼ੱਖ ਵੱਸਦਾ ਚਾਚਾ ਤਾਇਆ ਏ 

ਇੱਕ ਤੇਰੇ ਬਾਜੋਂ ਕੰਗ ਨੂੰ ਹੀ 

ਮੈਂ ਦਿਲ ਦੇ ਵਿੱਚ ਵਸਾਇਆ ਏ 

ਮੈਂਨੂੰ ਤਾਂ ਜਾਪੇ ਇੰਜ ਬਾਪੂ 

ਸਿਰੋਂ ਰੱਬ ਦਾ ਉੱਠ ਗਿਆ ਸਾਇਆ ਏ

ਜਿਸ ਦਿਨ ਦਾ ਤੁਰ ਗਿਆ ਤੂੰ ਬਾਪੂ 

ਉਸ ਦਿਨ ਦਾ ਘਰ ਪਰਾਇਆ ਏ।