ਕਦ ਆਵਣਗੇ ਨਜ਼ਰੀਂ ਉਸਨੂੰ ਪਿਆਸੇ ਬੰਜਰ, ਪਤਾ ਨਹੀਂ।
ਸਾਗਰ ’ਤੇ ਹੀ ਬਹੁਤਾ ਵਰ੍ਹਦਾ ਕਿਉਂ ਹੈ ਇੰਦਰ, ਪਤਾ ਨਹੀਂ।
ਜੇ ਕਹਿਣਾ ਹੈ ਸੱਚ ਤਾਂ ਰੱਖੀਂ ਆਸ ਨਾ ਫ਼ੁੱਲਾਂ ਦੀ ਕਿਤਿਉਂ,
ਐਪਰ ਆਵਣਗੇ ਫਿਰ ਕਿੱਥੋਂ-ਕਿੱਥੋਂ ਪੱਥਰ, ਪਤਾ ਨਹੀਂ।
ਆਪਣੇ ਉੱਚੇ ਕੱਦ ਦੀਆਂ ਜੋ ਬਾਤਾਂ ਪਾਉਂਦਾ ਫਿਰਦਾ ਹੈ,
ਅੰਦਰ ਤੋਂ ਹੈ ਕਿੰਨਾ ਬੌਣਾ ਉਸਨੂੰ ਇਹ ਪਰ ਪਤਾ ਨਹੀਂ।
ਸਾਫ਼ ਨਜ਼ਰ ਕਿਉਂ ਆਉਂਦੀ ਨਾ ਹੁਣ ਕੋਈ ਸੂਰਤ ਇਹਨਾਂ ਵਿੱਚ,
ਸ਼ੀਸ਼ੇ ਸਾਰੇ ਹੋਈ ਜਾਂਦੇ ਕਿਉਂ ਨੇ ਪੱਥਰ, ਪਤਾ ਨਹੀਂ।
ਪਤੇ-ਟਿਕਾਣੇ ਯਾਦ ਨੇ ਉਸਨੂੰ ਉਂਜ ਸਾਰੇ ਆਪਣਿਆਂ ਦੇ,
ਕਿੱਥੇ ਉਸਦਾ ਆਪਣਾ ਘਰ ਹੈ ਉਸਨੂੰ ਇਹ ਪਰ ਪਤਾ ਨਹੀਂ।