ਵੋਟ ਸਮਝ ਕੇ ਪਾਇਉ ਲੋਕੋ।
ਲਾਲਚ ਵਿਚ ਨਾ ਆਇਉ ਲੋਕੋ।
ਘੁਮਿਆਰਾ ਦੇ ਭਾਂਡੇ ਵਾਗੂੰ,
ਨੇਤਾ ਨੂੰ ਟਣਕਾਇਉ ਲੋਕੋ।
ਜਾਤੀ ਰੰਜਿਸ਼ ਦੇ ਕਾਰਨ ਨਾ,
ਲੁੱਟੇ ਦੋਵਾਰਾ ਜਾਇਉ ਲੋਕੋ।
ਲਾਰੇ ਲਾ ਕੇ ਮਨ ਮੋਹਣ ਗੇ,
ਪਹਿਲੇ ਯਾਦ ਕਰਾਇਉ ਲੋਕੋ।
ਹੋਸ਼ ਹਮੇਸ਼ਾ ਪੱਲੇ ਰੱਖਿਉ,
ਨਾਂ ਹੀ ਜੋਸ਼ ਗਵਾਇਉ ਲੋਕੋ।
ਇੰਨਾਂ ਕੋਲੇ ਤਾਕਤ ਨੀ ਕੋਈ,
ਐਵੇਂ ਨਾ ਘਬਰਾਇਉ ਲੋਕੋ।
ਸਿਰ ਹੈ ਅਪਣਾ ਤੇ ਜੁੱਤੀ ਵੀ,
ਨੇਤਾ ਤੋਂ ਨਾ ਖਾਇਉ ਲੋਕੋ।
ਮਸਲੇ ਪਿੰਡਾਂ ਦੇ ਸੱਥਾਂ ਵਿਚ,
ਬਹਿ ਕੇ ਹੀ ਸੁਲਝਾਇਉ ਲੋਕੋ।
ਜੇ ਹੁਣ ਵੀ ਨਾ ਆਦਤ ਛੱਡੀ,
ਤਾਂ ਨਾਂ ਫਿਰ ਪਛਤਾਇਉ ਲੋਕੋ।
ਸਿੱਧੂ ਦੀ ਹੈ ਇਹ ਅਰਜੋਈ,
ਫਿਰ ਨਾਂ ਠੱਗੇ ਜਾਇਉ ਲੋਕੋ।