ਸਲਾਨਾ ਗਲੋਬਲ ਕਾਨਫਰੰਸ ਸਫ਼ਲਤਾ ਪੂਰਵਕ ਸੰਪੰਨ
(ਖ਼ਬਰਸਾਰ)
ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵਲੋਂ ਵਿਪਸਾ ਦੇ ਡਾਇਰੈਕਟਰ ਰੇਸ਼ਮ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਣ ਕਰਵਾਈ ਗਈ ਸਲਾਨਾ ਗਲੋਬਲ ਕਾਨਫਰੰਸ ਸਫ਼ਲਤਾ ਪੂਰਨ ਸੰਪੰਨ ਹੋਈ। ਜਨਰਲ ਸਕੱਤਰ ਕੁਲਵਿੰਦਰ ਨੇ ਇਸ ਕਾਨਫ਼ਰੰਸ ਦਾ ਆਗਾਜ਼ ਕਰਨ ਲਈ ਇੰਡੀਆ ਤੋਂ ਜੁੜੇ ਗਾਇਕ ਰੂਪ ਕੰਵਲ ਨੂੰ ਸ਼ਬਦ ਗਾਇਨ ਲਈ ਸੱਦਾ ਦਿੱਤ। ਵਿਪਸਾ ਦੇ ਪ੍ਰਧਾਨ ਡਾ. ਕੰਬੋਜ ਨੂੰ ਵੱਖ-ਵੱਖ ਥਾਵਾਂ ਤੋਂ ਜ਼ੂਮ ਲਿੰਕ ਰਾਹੀਂ ਜੁੜੇ ਸਾਹਿਤਕਾਰਾਂ/ ਸਾਹਿਤ ਪ੍ਰੇਮੀਆਂ ਦਾ ਰਸਮੀ ਸਵਾਗਤ ਕੀਤਾ। ਇਸ ਮੌਕੇ ਮਰਹੂਮ ਡਾ. ਜਗਤਾਰ ਦੇ ਜਵਾਈ, ਮੋਹਣ ਭੰਡਾਰੀ, ਜਗਦੇਵ ਰੂਪਾਣਾ ਅਤੇ ਬਲਦੇਵ ਸੜਕ ਨਾਮਾ ਦੀ ਧਰਮ ਪਤਨੀ ਸਮੇਤ ਕੋਰੋਨਾ ਮਹਾਂਮਾਰੀ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਗਜੀਤ ਨੌਸ਼ਿਹਰਵੀ ਨੇ ਰੇਸ਼ਮ ਸਿੱਧੂ ਯਾਦਗਾਰੀ ਸਲਾਈਡ ਸ਼ੋਅ ਬਹੁਤ ਸਹਿਜਤਾ ਨਾਲ ਪੇਸ਼ ਕੀਤਾ। ਚਰਨਜੀਤ ਸਿੰਘ ਪੰਨੂੰ ਨੇ ਇਸ ਸੈਸ਼ਨ ਦਾ ਮੁਲਾਂਕਣ ਬਹੁਤ ਸੰਖੇਪ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।
ਇਸ ਉਪਰੰਤ ਕਹਾਣੀ ਸੈਸ਼ਨ ਦਾ ਸੰਚਾਲਨ ਕਰਦਿਆਂ ਲਾਜ ਨੀਲਮ ਸੈਣੀ ਨੇ ਅਮਰਜੀਤ ਕੌਰ ਪੰਨੂੰ, ਸੁਰਜੀਤ ਟੋਰਾਂਟੋ ਅਤੇ ਡਾ. ਦਵਿੰਦਰ ਕੌਰ ਨੂੰ ਪ੍ਰਧਾਨਗੀ ਮੰਡਲ ਲਈ ਸੱਦਾ ਦਿੱਤਾ। ਨਵੇਂ ਪੋਚ ਦੀ ਪੰਜਾਬੀ ਕਹਾਣੀ ਦੇ ਹਸਤਾਖਰ ਅਜਮੇਰ ਸਿੱਧੂ ਨੇ ਵਿਪਸਾ ਵਲੋਂ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਧਰਤ ਪਰਾਈ ਆਪਣੇ ਲੋਕ’ ਦੀ ਜਾਣ-ਪਛਾਣ ਕਰਵਾਉਂਦੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਖ਼ੁਸ਼ੀ ਇਸ ਗੱਲ ਦੀ ਹੋਈ ਹੈ ਕਿ ਇਸ ਕਹਾਣੀ ਸੰਗ੍ਰਹਿ ਦੀਆਂ ਸੰਪਾਦਕ ਲੇਖਿਕਾਵਾਂ : ਅਮਰਜੀਤ ਪਨੂੰ, ਸੁਰਜੀਤ ਟੋਰਾਂਟੋ ਅਤੇ ਲਾਜ ਨੀਲਮ ਸੈਣੀ ਹਨ। ਇਹ ਪੁਸਤਕ ਪੰਜਾਬੀ ਸਾਹਿਤ ਵਿਚ ਹੋਇਆ ਗੁਣਾਤਮਕ ਵਾਧਾ ਹੈ।ਡਾ. ਰਜਿੰਦਰ ਸਿੰਘ ਰਿਜਨਲ ਕਾਲਜ ਬਠਿੰਡਾ ਨੇ ਇਸ ਸੰਗ੍ਰਹਿ ਉੱਪਰ ਲਿਖਿਆ ਪਰਚਾ ਪੜ੍ਹਦੇ ਕਿਹਾ ਕਿ ਪਰਵਾਸੀ ਪੰਜਾਬੀ ਕਹਾਣੀ ਪੁਸਤਕ ਵਿਚ ਮਾਨਸਿਕ ਸੰਘਰਸ਼ ਤਣਾਓ ਮੌਜ਼ੂਦ ਹੈ। ਬਹੁਤੀਆਂ ਕਹਾਣੀਆਂ ਦਾ ਨਜ਼ਰੀਆ ਆਸ਼ਾਵਾਦੀ ਹੈ ਅਤੇ ਇਹ ਉੱਤਮ ਪੁਰਖੀ ਹਨ।ਉਨ੍ਹਾਂ ਪੁਸਤਕ ਵਿਚ ਸ਼ਾਮਲ 18 ਕਹਾਣੀਆਂ ਦਾ ਵਿਸ਼ਲੇਸ਼ਣ ਵਿਸਥਾਰ ਪੂਰਵਕ ਕਰਦੇ ਹੋਏ ਇਹ ਵੀ ਕਿਹਾ ਕਿ ਸੰਪਾਦਕਾਂ ਨੇ ਪੁਸਤਕ ਦਾ ਸਟੈਂਡਰਡ ਬਰਕਰਾਰ ਰੱਖਿਆ ਅਤੇ ਪਰੂਫ਼ ਰੀਡਿੰਗ ਬਹੁਤ ਧਿਆਨ ਨਾਲ ਕੀਤੀ ਹੈ। ਇਸ ਭਾਵ ਪੂਰਤ ਪਰਚੇ ਦੇ ਸਵਾਲ-ਜਵਾਬ ਸੈਸ਼ਨ ਵਿਚ ਡਾ. ਗੁਰੂਮੇਲ ਸਿੱਧੂ, ਸੰਤੋਖ ਮਿਨਹਾਸ ਅਤੇ ਸੁਰਿੰਦਰ ਸੀਰਤ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾ. ਦਵਿੰਦਰ ਕੌਰ ਨੇ ਪਰਚੇ ਦਾ ਮੁਲਾਂਕਣ ਕਰਦੇ ਕਿਹਾ ਕਿ ਪਰਚੇ ਵਿਚ ਸਾਰੇ ਸਰੋਕਾਰ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤੇ ਗਏ ਹਨ। ਇਸ ਉਪਰੰਤ ਕਹਾਣੀ ਸੰਗ੍ਰਹਿ ‘ਧਰਤ ਪਰਾਈ ਆਪਣੇ ਲੋਕ’ ਲੋਕ ਅਰਪਣ ਕੀਤਾ ਗਿਆ।
ਕਵਿਤਾ ਸੈਸ਼ਨ ਦਾ ਸੰਚਾਲਨ ਕਰਦੇ ਹੋਏ ਗੁਲਸ਼ਨ ਦਿਆਲ ਨੇ ਪ੍ਰੋ. ਸੁਰਜੀਤ ਜੱਜ ਨੂੰ ਅਮਰੀਕੀ ਕਵਿਤਾ ਭਾਗ ਦੂਜਾ ਪੁਸਤਕ ’ਤੇ ਪਰਚਾ ਪੜ੍ਹਨ ਲਈ ਸੱਦਾ ਦਿੱਤਾ। ਪ੍ਰੋ. ਜੱਜ ਨੇ ਆਪਣਾ ਪਰਚਾ ‘ਅਮਰੀਕੀ ਪੰਜਾਬੀ ਕਵਿਤਾ ਦੀ ਪੜ੍ਹਤ’ ਪੇਸ਼ ਕਰਦਿਆਂ ਦੱਸਿਆ ਕਿ ਅਮਰੀਕੀ ਪੰਜਾਬੀ ਕਵਿਤਾ ਵਿਚ ਸ਼ੁਮਾਰ ਕਵੀਆਂ ’ਚੋਂ ਜਿਨ੍ਹਾਂ ਦੀ ਕਾਵਿ ਪੜ੍ਹਤ ’ਚੋਂ ਅਸੀਂ ਗੁਜ਼ਰਨਾ ਹੈ, ਉਹ ਸਭ ਦੇ ਸਭ ਦੁਵੱਲੀ ਰਹਿਤਲ ਦੇ ਰਾਹਗੀਰ ਹਨ। ਇਸ ਲਈ ਇਹ ਸਮੁੱਚੀ ਸ਼ਾਇਰੀ ਬਹੁ ਪਸਾਰੀ ਅਤੇ ਬਹੁ ਪਰਤੀ ਹੈ।ਇਸ ਉਪਰੰਤ ਉਨ੍ਹਾਂ ਪੁਸਤਕ ਵਿਚ ਦਰਜ ਮੈਂਬਰਾਂ ਦੀ ਕਵਿਤਾ ਨੂੰ ਫੋਕਸ ਵਿਚ ਲਿਆ ਅਤੇ ਹਰ ਇਕ ਸ਼ਾਇਰ ਦੀ ਕਵਿਤਾ ਦਾ ਭਾਵ ਪੂਰਤ ਵਿਸ਼ਲੇਸ਼ਣ ਬੜੀ ਸੰਜੀਦਗੀ ਨਾਲ ਪੇਸ਼ ਕੀਤਾ। ਡਾ. ਗੁਰੂਮੇਲ ਸਿੱਧੂ ਨੇ ਇਸ ਸੈਸ਼ਨ ਦਾ ਮੁਲਾਂਕਣ ਕਰਦੇ ਕਿਹਾ ਕਿ ਪ੍ਰੋ. ਸੁਰਜੀਤ ਜੱਜ ਨੇ ਆਪਣੇ ਪਰਚੇ ਵਿਚ ਹਰ ਕਵੀ ਨੂੰ ਬਣਦਾ ਸਮਾਂ ਦਿੱਤਾ ਹੈ। ਅੰਤ ਵਿਚ ਹਰਜਿੰਦਰ ਕੰਗ ਨੇ ਰੰਗਾ ਰੰਗ ਕਵੀ ਦਰਬਾਰ ਦਾ ਸੰਚਾਲਨ ਕੀਤਾ। ਇਸ ਕਵੀ ਦਰਬਾਰ ਵਿਚ ਤਾਰਾ ਸਾਗਰ, ਗੁਲਸ਼ਨ ਦਿਆਲ, ਹਰਪ੍ਰੀਤ ਧੂਤ, ਜਗਜੀਤ ਸੰਧੂ, ਸੁਰਿੰਦਰ ਸੀਰਤ, ਸੰਤੋਖ ਮਿਨਹਾਸ, ਰਵਿੰਦਰ ਸਹਿਰਾਅ, ਅਰਤਿੰਦਰ ਸੰਧੂ(ਇੰਡੀਆ) ਚਰਨਜੀਤ ਸਿੰਘ ਪੰਨੂੰ, ਮਹਿੰਦਰ ਸਿੰਘ ਸੰਘੇੜਾ, ਜਗਜੀਤ ਨੌਸ਼ਿਹਰਵੀ, ਸੁਰਜੀਤ ਸਖੀ, ਪ੍ਰੋ. ਸੁਰਜੀਤ ਜੱਜ (ਇੰਡੀਆ), ਪ੍ਰੋ. ਭੁਪਿੰਦਰ ਕੌਰ ਜੱਜ, ਡਾ. ਸੁਖਵਿੰਦਰ ਕੰਬੋਜ, ਡਾ. ਸੁਹਿੰਦਰਬੀਰ ਸਿੰਘ (ਇੰਡੀਆ), ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਟੋਰਾਂਟੋ, ਡਾ. ਗੁਰੂਮੇਲ ਸਿੱਧੂ, ਕੁਲਵਿੰਦਰ, ਡਾ. ਦਵਿੰਦਰ ਕੌਰ (ਇੰਗਲੈਂਡ), ਲਾਜ ਨੀਲਮ ਸੈਣੀ ਨੇ ਹਿੱਸਾ ਲਿਆ। ਰੂਪ ਕੰਵਲ ਨੇ ਸੰਗੀਤਕ ਮਹੌਲ ਸਿਰਜ ਕੇ ਇਸ ਸੈਸ਼ਨ ਨੂੰ ਸਿਖਰ ’ਤੇ ਲੈ ਆਂਦਾ। ਪ੍ਰੋਗਰਾਮ ਦੇ ਅੰਤ ਵਿਚ ਡਾ. ਸੁਖਵਿੰਦਰ ਕੰਬੋਜ ਨੇ ਆਪਣੀ ਸਮੁੱਚੀ ਟੀਮ ਅਤੇ ਸਭ ਦਾ ਧੰਨਵਾਦ ਕੀਤਾ।