ਜਸਵੀਰ ਸ਼ਰਮਾ ਦੱਦਾਹੂਰ ਦੀ ਪੁਸਤਕ ਸਾਡਾ ਵਿਰਸਾ (ਪੁਸਤਕ ਪੜਚੋਲ )

ਗੁਰਜੰਟ ਕਲਸੀ ਲੰਡੇ   

Email: gurjantkalsipc@yahoo.com
Cell: +91 94175 35916
Address: ਪਿੰਡ ਤੇ ਡਾਕ.: ਲੰਡੇ ਵਾਇਆ ਸਮਾਲਸਰ ਤਹਿ: ਬਾਘਾਪੁਰਾਣਾ
ਮੋਗਾ India
ਗੁਰਜੰਟ ਕਲਸੀ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ : ਸਾਡਾ ਵਿਰਸਾ
ਪ੍ਰਕਾਸ਼ਨ: ਸ਼ਹੀਦ ਭਗਤ ਸਿੰਘ ਪ੍ਰਕਾਸ਼ਨ ਸਾਦਿਕ,
ਕੀਮਤ:ਦੋ ਸੌ ਰੁਪਏ

ਜਸਵੀਰ ਸ਼ਰਮਾ ਦੱਦਾਹੂਰ ਸਮਕਾਲੀ ਪੰਜਾਬੀ ਸਾਹਿਤ ਅਤੇ ਪੁਰਾਤਨ ਨਿਰੋਲ ਪੇਂਡੂ ਸੱਭਿਆਚਾਰ ਬਾਰੇ ਲਿਖਣ ਨਾਲਾ ਨਿਵੇਕਲਾ ਸਾਹਿਤਕਾਰ ਹੈ। ਉਸ ਨੇ ਪੇਂਡੂ ਵਿਰਸੇ ਬਾਰੇ ਚਾਰ ਕਾਵਿ ਸੰਗ੍ਰਹਿ(ਵਿਰਸੇ ਦੀ ਲੋਅ, ਵਿਰਸੇ ਦੀ ਖੁਸ਼ਬੋ, ਵਿਰਸੇ ਦੀ ਸੌਗਾਤ ਅਤੇ ਵਿਰਸੇ ਦੀਆਂ ਪੌਣਾਂ ਜਿਨ੍ਹਾਂ ਵਿੱਚ ਪੁਰਾਤਨ ਸਮੇਂ ਨੂੰ ਦਰਸਾਉਂਦੀਆਂ ਹੋਈਆਂ ਕਵਿਤਾਵਾਂ,ਤੁੱਕ ਬੰਦੀ ਕੀਤੀ ਗਈ ਹੈ ਅਤੇ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।(ਦੋ ਵਾਰਤਕ ਪੁਸਤਕਾਂ ਵਿੱਚੋਂ ਪਹਿਲੀ ਪੰਜਾਬੀ ਵਿਰਸੇ ਦੀਆਂ ਅਨਮੁੱਲੀਆਂ ਯਾਦਾਂ ਅਤੇ ਇਹ ਹੱਥਲੀ ਪੁਸਤਕ, ਸਾਡਾ ਵਿਰਸਾ)ਛੇਵੀਂ ਪੁਸਤਕ ਹੈ,ਇਸ ਪੁਸਤਕ ਦਾ ਮੁੱਖ ਧੁਰਾ 20 ਨੀਂ ਸਦੀ ਦੇ ਦੂਜੇ ਅੱਧ ਦੀ ਤਰਜ਼ਮਾਨੀ ਕਰਦਾ ਹੈ।
ਪੁਸਤਕ ਦਾ ਸਿਰਲੇਖ ਪਾਠਕ ਨੂੰ ਟੁੰਬਦਾ ਹੈ। ‘ਸਾਡਾ ਵਿਰਸਾ’ ਪੁਸਤਕ ਵਿਚਲੀ ਪੰਨਾ ਨੰਬਰ.30 ‘ਤੇ ਲਿਖੀ ਹਕੀਕੀ ਕਹਾਣੀ ਵਾਰਤਕ ..ਜਦੋਂ ਪੰਚਾਇਤ ਦਾ ਕਿਹਾ ਸਿਰ ਮੱਥੇ..,, ਸਮਾਜ ਵਿਚ ਉਸ ਦੌਰ ਦੀ ਗੱਲ ਕਰਦਾ ਹੈ ਜਦ ਪੰਚਾਇਤ ਦੀ ਭੂਮਿਕਾ ਬੜੀ ਨਿੱਗਰ ਸੀ। ਇਹ ਗੱਲ ਚੜ੍ਹਦੇ ਸੂਰਜ ਵਾਂਗ ਹੈ ਕਿ ਉਸ ਦੌਰ ਵਿਚ ਪੰਚਾਇਤੀ ਫੈਸਲਿਆਂ ਨੂੰ ਰੱਬ ਵਾਂਗ ਪੂਜਿਆ ਜਾਂਦਾ ਸੀ। ਪੰਚਾਇਤੀ ਫੈਸਲਿਆਂ ਨੂੰ ਕੋਈ ਵੀ ਧਿਰ ਚੈਲੰਜ ਨਹੀਂ ਸੀ ਕਰਦੀ। ਪੰਚਾਇਤ ਕਿਸੇ ਵੀ ਧਿਰ ਨਾਲ ਪੱਖਪਾਤ ਨਹੀਂ ਸੀ ਕਰਦੀ ਭਾਂਵੇਂ ਉਹ ਕਿਸੇ ਵੀ ਜਾਤੀ ਨਾਲ ਸਬੰਧਿਤ ਹੋਵੇ ਜਾਂ ਫਿਰ ਕਿੰਨ੍ਹਾ ਵੀ ਪ੍ਰਭਾਵਸ਼ਾਲੀ ਵਿਅਕਤੀ ਕਿਉਂ ਨਾ ਹੋਵੇ। ਜਿਵੇਂ ਜਿਵੇਂ ਸਿਆਸਤ ਦਾ ਦਖਲ ਪਿੰਡਾਂ ਦੀਆਂ ਪੰਚਾਇਤਾਂ ਵਿਚ ਵਧਦਾ ਗਿਆ ਤਿਵੇਂ ਤਿਵੇਂ ਪੰਚਾਇਤੀ ਫੈਸਲੇ ਸਿਆਸਤ ਦੀ ਭੇਟ ਚੜ੍ਹਨ ਲੱਗੇ ਅਤੇ ਲੋਕਾਂ ਦਾ ਵਿਸ਼ਵਾਸ਼ ਪੰਚਾਇਤੀ ਫੈਸਲਿਆਂ ਤੋਂ ਉੱਠ ਗਿਆ। ਮਜ਼ਬੂਰੀ ਵੱਸ ਪੀੜਿਤਾਂ ਨੂੰ ਅਦਾਲਤੀ ਦਰਵਾਜ਼ਿਆਂ ਦੇ ਬੂਹੇ ਖੜਕਾਉਣੇ ਪਏ। ਪੁਸਤਕ ਵਿਚਲੀ ਪੰਨਾ ਨੰ. 51 ਤੇ ਲਿਖੀ ਰਚਨਾ ਕੰਧਾਂ ਤੇ ਬਣੀਆਂ ਘੁੱਗੀਆਂ ਮੋਰ ਗਟਾਰਾਂ,... ਵਿਚ ਲੇਖਕ ਨੇ ਉਸ ਸਮੇਂ ਦੀਆਂ ਔਰਤਾਂ ਦੀ ਕੰਧ ਚਿਤਰਾਂ ਦੀ ਕਲਾਕਾਰੀ ਨੂੰ ਬੜੀ ਸੰਜੀਦਗੀ ਨਾਲ ਸਿਰਜਿਆ ਹੈ। ਉਸ ਸਮੇਂ ਦੀਆਂ ਔਰਤਾਂ ਵਿੱਚ ਦਰੀਆਂ, ਚਤੱਹਈਆਂ, ਕੰਧਾਂ, ਕੰਧੋਲੀਆਂ, ਭੜੋਲਿਆਂ ਆਦਿ ‘ਤੇ ਖੇਤ ਵਿਚ ਜੁਤੇ ਬਲਦਾਂ, ਕਿਸਾਨਾ, ਮੋਢੇ ‘ਤੇ ਰੱਖੀ ਕਹੀ, ਖੂਹ ਵਿਚੋਂ ਪਾਣੀ ਕੱਢਦੀਆਂ ਸੁਆਣੀਆਂ ਆਦਿ ਚਿਤਰਕਾਰੀ ਸਿਖਰਾਂ ‘ਤੇ ਸੀ। ਔਰਤਾਂ ਦੇ ਕਲਾਕਾਰੀ ਚਿਤਰਾਂ ਵਿਚ ਬੜੀ ਸੂਖਮਤਾ ਸੀ। ਪੰਨਾ ਨੰ. 56 ਵਿਚਲੀ ਰਚਨਾ ਬਾਰਾਂ ਟਾਹਣੀ..ਪੰਨਾ ਨੰ.. 97 ਵਿਚਲੀ ਸੱਗੀ ਫੁੱਲ ਅਤੇ ਗੁੱਲੀ ਡੰਡਾ ਖੇਡ,ਬੜੇ ਪਜਾਮੇ ਪੜਾਏ ਸਾਈਕਲ ਚਲਾਉਂਦਿਆਂ ਵਿਚ ਲੇਖਕ ਨੇ ਸਮਾਜ ਵਿਚੋਂ ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ ਅਤੇ ਔਰਤਾਂ ਦੇ ਵਿਸਰ ਚੁੱਕੇ ਹਾਰ ਸ਼ਿੰਗਾਰ ਬਾਰੇ ਬੜੀ ਸੋਹਣੀ ਗੱਲ ਕੀਤੀ ਹੈ। ਘੱਗਰਿਆਂ ਦੀ ਥਾਂ ਪੈਂਟਾਂ ਜ਼ੀਨਾ ਵਿਚ ਘੁੰਮਦੀਆਂ ਮੁਟਿਆਰਾਂ ਸੱਗੀ ਫੁੱਲ ਆਦਿ ਤੋਂ ਬਾਗੀ ਹੋ ਗਈਆਂ ਹਨ। ਕਿਤੇ ਕਿਤੇ ਵਿਆਹੀਆਂ ਮੁਟਿਆਰਾਂ ਵੱਲੋਂ ਗਹਿਣਾ ਆਦਿ ਨਾ ਪਹਿਨਣਾ ਉਨ੍ਹਾਂ ਦੀ ਲੁੱਟ ਖੋਹ ਦੀ ਮਜ਼ਬੂਰੀ ਵੀ ਹੈ। ਤੇਜ਼ ਰਫਤਾਰ ਜ਼ਿੰਦਗੀ ਅਤੇ ਪਿੰਡਾਂ ਦੇ ਲੋਕਾਂ ਵਿਚ ਪੱਛਮੀ ਸੱਭਿਆਚਾਰ ਦੇ ਫੈਲਾਓ ਨੇ ਪੇਂਡੂ ਸੱਭਿਆਚਾਰ ਨੂੰ ਮੂਲੋਂ ਹੀ ਉਖੇੜ ਦਿੱਤਾ ਹੈ। ਮੈਰਿਜ ਪੈਲਸਾਂ ਵਿਚ ਵਿਆਹ ਸਮੇ ਲੋਕ ਪੁਰਾਤਨ ਹਵੇਲੀਆਂ ਵਿਚ ਫੋਟੋਆਂ ਖਿਚਵਾ ਕੇ ਲਗਵਾਉਂਦੇ ਤਾਂ ਹਨ ਪਰ ਉਸ ਜ਼ਿੰਦਗੀ ਨੂੰ ਸਿਰਫ ਰਸਮਾਂ ਅਤੇ ਵਿਸਰ ਚੁੱਕੇ ਰਿਵਾਜ਼ਾਂ ਤੱਕ ਹੀ ਸੀਮਿਤ ਕਰ ਦਿੱਤਾ ਹੈ। ਲੇਖਕ ਦਾ ਵਿਚਾਰ ਹੈ ਕਿ ਮੌਜੂਦਾ ਨੌਜਵਾਨ ਜਿੰਮਾਂ ਵਿਚ ਗੱਡੀਆਂ ਆਦਿ ‘ਤੇ ਜਾਂਦੇ ਹਨ,ਪਰ ਓਥੇ ਆ ਕੇ ਕਸਰਤ ਦਾ ਢੌਂਗ ਰਚਦੇ ਹਨ, ਕੋਈ ਨੌਜਵਾਨ ਸਾਈਕਲ ਚਲਾਉਣ ਨੂੰ ਬਿਲਕੁਲ ਵੀ ਤਿਆਰ ਨਹੀਂ। ਇਹ ਸਾਡੀ ਘੋਰ ਬਦ ਕਿਸਮਤੀ ਹੈ। ਕੁਲ ਮਿਲਾ ਕੇ ਪੁਸਤਕ ਸਾਡਾ ਵਿਰਸਾ ਪਾਠਕ ਨੂੰ ਆਪਣੇ ਨਾਲ ਜੋੜਨ, ਤੋਰਨ, ਹੁੰਗਾਰੇ ਭਰਨ ਵਿਚ ਕਾਮਯਾਬ ਹੈ। ਇਹੋ ਪੁਸਤਕ ਦੀ ਪ੍ਰਾਪਤੀ ਹੈ। ਜਸਵੀਰ ਸ਼ਰਮਾ ਦੱਦਾਹੂਰ 20 ਵੀਂ ਸਦੀ ਦੇ ਦੂਜੇ ਅੱਧ ਨੂੰ ਸਿਰਜਣ ਵਿਚ ਕਾਫੀ ਸਫਲ ਰਿਹਾ ਹੈ, ਇਸੇ ਪੁਸਤਕ ਵਿੱਚ ਲੋਹੇ ਦਾ ਘੋੜਾ ਸਾਈਕਲ,ਦਾਜ ਵਿਖਾਲੇ ਦਾ ਸੱਦਾ,ਗੀਰਿਆਂ ਤੋਂ ਪਛਾਣੇ ਜਾਂਦੇ ਪਿੰਡ,ਆਟੇ ਪਾਣੀ ਪਾਉਣ ਦੀ ਰੀਤ,ਚੁਰਾਂ ਤੇ ਰੋਟੀਆਂ ਪਕਾਉਣ ਦਾ ਰਿਵਾਜ, ਇਉਂ ਬਣਦੇ ਸੀ ਸਰਪੋਸ਼, ਪੁਰਾਤਨ ਅੰਗੀਠੀਆਂ ਦੀ ਗੱਲ,ਕੀੜੀ ਦਾ ਆਟਾ ਕਿਵੇਂ ਡੁਲਦਾ ਸੀ, ਗੱਲ ਕੀ ਹਰ ਓਹ ਗੱਲ ਕਰਨ ਵਿੱਚ ਸਫ਼ਲ ਰਿਹਾ ਹੈ ਇਸ ਪੁਸਤਕ ਦਾ ਲੇਖਕ,ਇਹ ਸਾਰੇ ਜ਼ਮਾਨੇ ਉਸ ਨੇ ਆਪਣੀ ਅਠਾਹਠ ਸਾਲ ਦੀ ਉਮਰ ਵਿੱਚ ਆਪ ਖੁਦ ਹੰਢਾਏ ਹਨ,ਇਸ ਦੀ ਇਹ ਪੁਸਤਕ ਪੁਖਤਾ ਪ੍ਰਮਾਣ ਪੇਸ਼ ਕਰਦੀ ਹੈ। ਇਕੱਤਰ ਨੰਬਰ ਪੇਜ ਤੇ (ਕੀ ਖੋਇਆ ਕੀ ਪਾਇਆ ਜਦੋਂ ਦਾ ਤਰੱਕੀ ਵਾਲਾ ਜ਼ਮਾਨਾ ਆਇਆ) ਵਿੱਚ ਲੇਖਕ ਨੇ ਸਾਰੀ ਇਸ ਪੁਸਤਕ ਦਾ ਨਿਚੋੜ ਕੱਢਿਆ ਹੈ, ਗੱਲ ਕੀ ਇਹ ਪੁਸਤਕ ਪਾਠਕ ਨੂੰ ਜਿਥੇ ਆਪਣੇ ਨਾਲ ਨਾਲ ਤੋਰਨ ਵਿੱਚ  ਪੂਰੀ ਤਰ੍ਹਾਂ ਸਮਰੱਥ ਹੈ ਓਥੇ ਰੌਚਕ ਅਤੇ ਦਿਲਚਸਪ ਪੁਰਾਤਨ ਵਿਰਸੇ ਵਿੱਚ ਪੂਰੀ ਤਰ੍ਹਾਂ ਗੜੁੱਚ ਹੈ।ਦਾਸ ਵੱਲੋਂ ਪੜਨ ਵਾਲੇ ਪਾਠਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਐਸੀਆਂ ਵਿਰਸੇ ਦੀਆਂ ਪੁਸਤਕਾਂ ਨੂੰ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਈਏ ਤਾਂ ਕਿ ਵਿਰਸੇ ਨੂੰ ਭੁੱਲਦੀ ਜਾ ਰਹੀ  ਸਾਡੀ ਅਜੋਕੀ ਪੀੜ੍ਹੀ ਆਪਣੇ ਕੀਮਤੀ ਵਿਰਸੇ ਅਤੇ ਵਿਰਾਸਤ ਨਾਲ ਜੁੜੀ ਰਹਿ ਸਕੇ, ਐਸੀਆਂ ਪੁਸਤਕਾਂ ਹਰ ਘਰ ਦੀ ਸ਼ਾਨ ਹੋਣੀਆਂ ਚਾਹੀਦੀਆਂ ਹਨ, ਅਤੇ ਸਾਡੇ ਪੰਜਾਬ ਵਿੱਚ ਐਸੀਆਂ ਪੁਸਤਕਾਂ ਨੂੰ ਸਲੇਬਸ ਦਾ ਵੀ ਹਿੱਸਾ ਬਣਾਉਣਾ ਚਾਹੀਦਾ ਹੈ।ਇਹ ਵੱਖਰੀ ਗੱਲ ਹੈ 20 ਵੀਂ ਸਦੀ ਦੇ ਪਹਿਲੇ ਅੱਧ ਨਾਲੋਂ ਦੂਜੇ ਅੱਧ ਦੀ ਜ਼ਿੰਦਗੀ ਕਿਤੇ ਸੁਖਾਂਵੀਂ ਸੀ। ਲੋਕ ਆਰਥਿਕ ਪੱਖੋਂ ਭਾਂਵੇਂ ਤੰਗ ਸਨ, ਪਰ ਜ਼ਿੰਦਗੀ ਜਿਉਣ ਪੱਖੋਂ ਸ਼ੰਤੁਸ਼ਟ ਸਨ। ਇਥੇ ਇਹ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ। ਅਸੀਂ ਜੇਕਰ ਆਪਣੇ ਆਪ ਨੂੰ ਸਮਾਜ ਵਿਚ ਹੋ ਰਹੀ ਅਗਾਂਹ ਵਧੂ ਤਬਦੀਲੀ ਨਾਲ ਨਹੀਂ ਤੋਰਾਂਗੇ ਤਾਂ ਬਹੁਤ ਪਿੱਛੇ ਰਹਿ ਜਾਂਵਾਂਗੇ। ਸਮਾਜਿਕ, ਰਾਜਨੀਤਕ, ਆਰਥਿਕ ਦੇ ਸਿਆਸੀਕਰਨ ਨੇ  ਮਨੁੱਖ ਨੂੰ ਰੋਬੋਟ ਬਣਾ ਦਿੱਤਾ ਹੈ। ਅਸੀਂ ਨਾ ਚਾਹੁੰਦੇ ਹੋਏ ਵੀ ਉਸ ਰੋਬੋਟ ਸਹਾਰੇ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਾਂ। ਪੁਸਤਕ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ। ਪੰਜਾਬੀ ਸਾਹਿਤਕ ਹਲਕਿਆਂ ਵਿੱਚ ਇਸ ਕਿਤਾਬ ਨੂੰ ਜੀ ਆਇਆਂ ਕਹਿਣਾ ਬਣਦਾ ਹੈ, ਅਤੇ ਜਸਵੀਰ ਸ਼ਰਮਾਂ ਦੱਦਾਹੂਰ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਇਸ ਕਲਮ ਤੋਂ ਇਹੋ ਜਿਹੇ ਵਿਰਾਸਤ ਪ੍ਰਤੀ ਹੋਰ ਵੀ ਜਾਣਕਾਰੀ ਭਰਪੂਰ ਲੇਖਾਂ ਦੀ ਉਮੀਦ ਕਰਦੇ ਹਾਂ।