"ਇੱਕ ਕਹਾਣੀ ਸੁਣਾਵਾਂ?"
"ਹਾਂ, ਸੁਣਾ!"
"ਤਾਂ ਸੁਣ...
ਕਸਾਈ ਦੀ ਦੁਕਾਨ ਦੇ ਪਿੰਜਰਿਆਂ ਵਿੱਚ ਬਹੁਤ ਸਾਰੇ ਕੁੱਕੜ ਬੁਰੀ ਤਰ੍ਹਾਂ ਤੁੰਨ ਕੇ ਭਰੇ ਹੋਏ ਸਨ ।
ਇਹਨਾਂ ਵਿਚੋਂ ਕੁਝ ਕੁੱਕੜ ਆਪਣੀ ਤਰਸਯੋਗ ਹਾਲਤ ਦੇਖ ਕੇ ਉੱਚੀ-ਉੱਚੀ ਕੁੜ-ਕੁੜ ਕਰਨ ਲੱਗੇ ।
ਇਸ ਤੋਂ ਘਬਰਾ ਕੇ ਬਾਕੀ ਦੇ ਬਹੁਗਿਣਤੀ ਕੁੱਕੜ ਇਹਨਾਂ ਵਿਰੁੱਧ ਹੀ ਖੜ੍ਹੇ ਹੋ ਗਏ ਕਿ ਇੰਨਾ ਨਾ ਕੁੜ-ਕੁੜ ਕਰੋ, ਕਸਾਈ ਆ ਕੇ ਤੁਹਾਨੂੰ ਵੱਢ ਦੇਵੇਗਾ, ਅਤੇ ਤੁਹਾਡੇ ਨਾਲ ਅਸੀਂ ਵੀ ਵੱਢੇ ਜਾਵਾਂਗੇ !
ਉੱਚੀ ਕੂਕਦੇ ਇੱਕ ਕੱਬੇ ਕੁੱਕੜ ਨੇ ਅੱਗੋਂ ਸਵਾਲ ਕੀਤਾ ਕਿ ਕੀ ਚੁੱਪ ਕੀਤਿਆਂ ਕਸਾਈ ਤੁਹਾਨੂੰ ਨਹੀਂ ਵੱਢੇਗਾ, ਭਲਾ?
..."
"ਫੇਰ?"
"ਫੇਰ ਕੀ? ਇਸ ਤੋਂ ਬਾਅਦ ਬਾਕੀ ਦੇ ਬਹੁਗਿਣਤੀ ਕੁੱਕੜ ਆਪਣੀਆਂ-ਆਪਣੀਆਂ ਪਾਰਟੀਆਂ ਬਣਾ ਕੇ ਕਸਾਈ ਅਤੇ ਕਸਾਈ ਦੇ ਮੁੰਡੇ ਵਿਚੋਂ ਕਿਸੇ ਇਕ ਨੂੰ ਆਪਣਾ 'ਭਾਗਿਆ ਵਿਧਾਤਾ' ਚੁਣਨ ਲਈ ਵੋਟਾਂ ਪਾਉਣ ਤੁਰ ਪਏ !!"