25 ਦਸੰਬਰ ਦੀ ਰਾਤ ਮੋਬਾਇਲ ਫ਼ੋਨ `ਤੇ ਘੰਟੀ ਵੱਜੀ, ਮੋਬਾਇਲ ਜੇਬ ਵਿੱਚੋਂ ਬਾਹਰ ਕੱਢਿਆ ਤਾਂ ਰੀਤ ਦਾ ਫ਼ੋਨ ਆ ਰਿਹਾ ਸੀ। ਰਾਤ ਵੇਲੇ ਅਚਾਨਕ ਰੀਤ ਦਾ ਫ਼ੋਨ ਆਉਣ ਤੇ, ਸਰਬਜੀਤ ਕਾਫੀ ਹੈਰਾਨ ਸੀ, ਸੋਚਾਂ ਦੀ ਤੇਜ਼ ਘੁੰਮ ਰਹੀ ਚਰਖੀ ਨੂੰ ਰੋਕਦੇ ਹੋਏ, ਫ਼ੋਨ ਰਿਸੀਵ ਕੀਤਾ। ਅੱਗੋਂ ਰੀਤ, ਕੋਈ ਗੱਲ ਸ਼ੁਰੂ ਕਰਦੀ, ਉਹ ਬੱਸ! ਆਈ ਲਵ ਯੂ ਸਬੂ! ਆਈ ਲਵ ਯੂ ਸਬੂ!! ਵਾਰ-ਵਾਰ ਦੁਹਰਾ ਰਹੀ ਸੀ। ਰੀਤ ਸਰਬਜੀਤ ਨੂੰ ਪਿਆਰ ਨਾਲ ਸਬੂ ਕਹਿੰਦੀ ਸੀ।
ਸਰਬਜੀਤ ਨੇ ਵੀ ਜੁਆਬ ਵਿੱਚ ਲਵ ਯੂ ਟੂ ਕਹਿੰਦਿਆਂ ਕਿਹਾ, ਦੱਸ ਤਾਂ ਸਹੀ, ਹੋਇਆ ਕੀ ਹੈ? ਰੀਤ ਕਹਿਣ ਲੱਗੀ, `ਤੁਸੀਂ ਆਪ ਬੁੱਝੋ।`
ਸਰਬਜੀਤ ਕਹਿਣ ਲੱਗਾ, `ਨਹੀਂ ਤੁਸੀਂ ਦੱਸੋ! ਰੀਤ।`
ਓ.ਕੇ ਸਬੂ, ਆਈ ਲਵ ਯੂ ਯਾਰ, ਮੈਂ ਅੱਜ ਆਪਣੇ ਘਰ ਤੇਰੇ ਮੇਰੇ ਬਾਰੇ ਗੱਲ ਕਰ ਲਈ ਹੈ ਅਤੇ ਮੌਮ ਡੈਡ ਨੇ ਹਾਂ ਕਰ ਦਿੱਤੀ ਏ। ਐਮ ਸੋ ਹੈਪੀ ਸਬੂ। ਬੱਸ ਹੁਣ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਤੁਸੀਂ ਵੀ ਆਪਣੇ ਘਰ ਗੱਲ ਕਰੋ ਤੇ ਨਵਾਂ ਸਾਲ, ਨਵੀਂ ਜ਼ਿੰਦਗੀ, ਨਵੀਂ ਦੁਨੀਆਂ ਵਾਓਓਓਓ !!!
ਅੱਛਾ! ਅੱਛਾ!! ਬੇਬੇ ਹੁਣ ਛੁਦੈਣ ਨਾ ਬਣੀ ਜਾਹ, ਮੈਂ ਕਰਦਾ ਗੱਲ ਆਪਣੇ ਘਰ ਵੀ। ਸਰਬਜੀਤ, ਰੀਤ ਦੇ ਮੂੰਹੋਂ ਇਹ ਸਭ ਕੁੱਝ ਸੁਣ ਕੇ ਬਹੁਤ ਖੁਸ਼ ਹੋਇਆ। ਨਵੇਂ ਵਰ੍ਹੇ ਦੀ ਆਮਦ ਨਾਲ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਸੁਪਨੇ ਸਜਾਉਣ ਲੱਗ ਪਿਆ। ਖ਼ੈਰ! ਅਗਲੀ ਸਵੇਰ ਸਰਬਜੀਤ ਨੇ ਹੌਂਸਲਾ ਜਿਹਾ ਕਰਕੇ ਆਪਣੀ ਬੇਬੇ ਨਾਲ ਆਪਣੇ ਵਿਆਹ ਦੀ ਗੱਲ ਆਪ ਹੀ ਖੋਲ੍ਹ ਲਈ।
ਥੋੜ੍ਹੇ ਟਾਲ-ਮਟੋਲ ਤੋਂ ਬਾਅਦ ਬੇਬੇ ਨੇ, ਕੁੱਝ ਸਮਾਂ ਸੋਚਣ ਲਈ ਮੰਗਿਆ। ਪਰ ਗੱਲਬਾਤ ਦੌਰਾਨ ਬੇਬੇ ਦੇ ਹਾਂ-ਪੱਖੀ ਵਤੀਰੇ ਤੋਂ ਸਰਬਜੀਤ ਕਾਫੀ ਆਸਮੰਦ ਸੀ। ਜੋ ਕੁੱਝ ਗੱਲਾਂ-ਬਾਤਾਂ ਹੋਈਆਂ, ਸਰਬਜੀਤ ਨੇ ਸਾਰੀਆਂ ਰੀਤ ਨੂੰ ਹੂ-ਬ-ਹੂ ਦੱਸ ਦਿੱਤੀਆਂ। ਰੀਤ ਨੇ ਰੱਬ ਅੱਗੇ ਦੁਆ ਕੀਤੀ ਕਿ ਹੁਣ ਤੁਹਾਡੇ ਵੱਲ ਨਾ ਕੋਈ ਪੰਗਾ ਪਾਵੇ ਤਾਂ ਸਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ।
ਅੱਜ ਸਾਲ ਦੇ ਆਖ਼ਰੀ ਮਹੀਨੇ ਦੀ ਆਖ਼ਰੀ ਤਰੀਕ ਸੀ ਇਕੱਤੀ ਦਸੰਬਰ।
ਦਿਨ ਤਾਂ ਆਮ ਵਾਂਗ ਹੀ ਸੀ, ਜਿਵੇਂ ਰੋਜ਼ ਦਾ ਹੁੰਦਾ, ਬੱਸ ਇਨਸਾਨੀ ਫ਼ਿਤਰਤ ਹੀ ਸੋਚ-ਵਿਚਾਰਾਂ ਵਿੱਚ ਪੈ ਕੇ ਕਿਸੇ ਦਿਨ ਨੂੰ ਖ਼ਾਸ ਜਾਂ ਆਮ ਬਣਾ ਦਿੰਦੀ ਹੈ। ਨਵੇਂ ਸਾਲ ਦਾ ਆਗਾਜ਼ ਹੋਣ ਵਾਲਾ ਸੀ। ਲੋਕ ਸੱਜ-ਸੰਵਰ ਰਹੇ ਸਨ ਤਾਂ ਕਿ ਚੜ੍ਹਦੇ ਵਰ੍ਹੇ ਨੂੰ ਖੁਸ਼ਾਮਦੀਦ ਆਖਿਆ ਜਾ ਸਕੇ।
ਸਰਬਜੀਤ ਨੇ ਰੀਤ ਨੂੰ ਫ਼ੋਨ ਕੀਤਾ ਅਤੇ ਜਲਦੀ ਕੌਫ਼ੀ ਸ਼ਾਪ `ਤੇ ਮਿਲਣ ਨੂੰ ਕਿਹਾ। ਮਿੱਥੇ ਸਮੇਂ ਤੇ ਰੀਤ ਅਤੇ ਸਰਬਜੀਤ ਇੱਕ ਦੂਜੇ ਦੇ ਸਾਹਮਣੇ ਬੈਠੇ ਸਨ। ਸਰਬਜੀਤ ਕਹਿ ਰਿਹਾ ਸੀ, ਮੰਗ ਕੀ ਮੰਗਦੀ ਏਂ? ਅੱਜ ਸਾਲ ਦਾ ਆਖ਼ਰੀ ਦਿਨ ਹੈ, ਇਸ ਸਾਲ ਵਿੱਚ ਬਹੁਤ ਸਾਰੇ ਤੋਹਫੇ ਤੂੰ ਲਏ ਨੇ ਮੇਰੇ ਕੋਲੋਂ। ਅੱਜ ਵੀ ਕੁੱਝ ਨਾ ਕੁੱਝ ਜ਼ਰੂਰ ਦੱਸ ਜੋ ਤੇਰੀ ਮਰਜ਼ੀ ਦਾ ਹੋਵੇ, ਮੈਂ ਹੁਣੇ ਲਿਆ ਕੇ ਦੇਵਾਂਗਾ।
ਰੀਤ ਕਹਿਣ ਲੱਗੀ, ਮੈਨੂੰ ਤਾਂ ਤੁਸੀਂ ਚਾਹੀਦੇ ਹੋ, ਹਮੇਸ਼ਾਂ-ਹਮੇਸ਼ਾਂ ਲਈ, ਬੱਸ ਹੋਰ ਕੁੱਝ ਨਹੀਂ ਚਾਹੀਦਾ। ਤਾਂ ਸਰਬਜੀਤ ਕਹਿਣ ਲੱਗਾ, ਅੱਜ ਸਵੇਰੇ ਹੀ ਮੇਰੀ ਬੇਬੇ ਨੇ ਮੇਰੇ ਨਾਲ ਗੱਲ ਕੀਤੀ ਸੀ, ਆਪਣੇ ਦੋਹਾਂ ਬਾਰੇ। ਰੀਤ ਇੱਕ ਦਮ ਗੱਲ ਸੁਣਨ ਲਈ ਤਿਆਰ ਹੋ ਗਈ ਅਤੇ ਕਹਿਣ ਲੱਗੀ, `ਅੱਛਾ ਫਿਰ ਦੱਸੋ? ਕੀ ਕਿਹਾ ਮੰਮੀ ਨੇ, ਉਹ ਮੰਨ ਗਏ? ਤੁਹਾਡੇ ਮੇਰੇ ਵਿਆਹ ਲਈ?`
ਸਰਬਜੀਤ ਥੋੜ੍ਹਾ ਜਿਹਾ ਹੋਰ ਰੋਮਾਂਚ ਪੈਦਾ ਕਰਨਾ ਚਾਹੁੰਦਾ ਸੀ, ਕਹਿਣ ਲੱਗਾ, `ਤੈਨੂੰ ਕੀ ਦੱਸਾਂ ਤੇ ਕੀ ਨਾਂਹ ਦੱਸਾਂ? ਬੱਸ ਮੇਰੇ ਬੇਬੇ ਦਾ ਵੀ ਨਾ ਕੋਈ ਹਾਲ ਨਹੀਂ ਹੈ। ਗੱਲ ਉਸ ਨਾਲ ਕੁੱਝ ਕਰਦੇ ਹਾਂ, ਬਣਾ ਕੁੱਝ ਲੈਂਦੀ ਹੈ, ਸੋਚਦੀ ਕੁੱਝ ਹੈ, ਦੱਸਦੀ ਕੁੱਝ ਹੈ।`
ਰੀਤ ਹੈਰਾਨ-ਪ੍ਰੇਸ਼ਾਨ ਹੋਈ ਜਾ ਰਹੀ ਸੀ।
ਪਲੀਜ਼ ਸਬੂ! `ਦੱਸੋ ਨਾ! ਸਾਡੇ ਬਾਰੇ ਕੀ ਕਿਹਾ ਮੌਮ ਨੇ?`
ਓ.ਕੇ. ਬਾਬਾ! ਉਹੀ ਦੱਸ ਰਿਹਾ ਹਾਂ। ਬੇਬੇ ਕਹਿੰਦੀ ਹੈ ਕਿ, `ਮੈਨੂੰ ਰੀਤ ਪਸੰਦ ਹੈ? ਉਹਨੂੰ ਪੁੱਛ ਲੋਹੜੀ ਸਾਡੇ ਘਰ ਮਨਾਉਣੀ ਜਾਂ ਆਪਣੇ ਘਰ `ਚ ਹੀ?
ਰੀਤ ਦਾ ਚਿਹਰਾ ਸੂਹੇ ਗੁਲਾਬ ਦੇ ਫੁੱਲ ਵਾਂਗ ਖਿੜ ਗਿਆ। ਇੱਕਦਮ ਚਹਿਕ ਉਠੀ।
ਓਹ ਮਾਈ ਗਾਡ, ਸਬੂ… ਐਮ ਸੋ ਹੈਪੀ, ਸੱਚੀਂ ਬਹੁਤ ਖੁਸ਼ ਹਾਂ। ਆਈ ਲਵ ਯੂ, ਆਈ ਲਵ ਯੂ ਸੋ ਮੱਚ।
ਚੱਲ ਬੱਸ ਕਰ, ਹੁਣ ਦੱਸ ਕੀ ਆਰਡਰ ਕਰਾਂ? ਕੌਫ਼ੀ ਜਾਂ ਕੁੱਝ ਹੋਰ?
ਨਹੀਂ ਮੈਨੂੰ ਕੁੱਝ ਨਹੀਂ ਚਾਹੀਦਾ। ਹੁਣ ਸਭ-ਕੁੱਝ ਮਿਲ ਗਿਆ। ਲੋਕਾਂ ਲਈ ਸਾਲ ਦਾ ਅੱਜ ਆਖਰੀ ਦਿਨ ਹੈ, ਪਰ ਮੇਰੇ ਲਈ ਨਵਾਂ ਸਾਲ ਚੜ੍ਹ ਗਿਆ ਹੈ। ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ। ਸੱਚੀਂ ਮੈਨੂੰ ਹੁਣ ਜਲਦੀ ਆ ਕੇ ਹਮੇਸ਼ਾਂ ਹਮੇਸ਼ਾਂ ਲਈ ਆਪਣੇ ਨਾਲ ਲੈ ਜਾਓ!
ਆਪਣੇ ਮੌਮ-ਡੈਡ ਨੂੰ ਜਲਦੀ ਜਲਦੀ ਗੱਲ ਕਰਨ ਲਈ ਮੇਰੇ ਘਰ ਭੇਜੋ।
ਸਰਬਜੀਤ ਨੇ ਰੀਤ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲਿਆ, ਕਹਿਣ ਲੱਗਾ, `ਸਬਰ ਕਰ ਸਬਰ, ਰਿਲੈਕਸ ਹੋ ਜਾ ਘੜੀ। ਐਨੀ ਉਤਾਵਲੀ ਕਿਉਂ ਹੋ ਗਈ ਏਂ?`
ਜਿਵੇਂ ਕਹੇਂਗੀ ਉਵੇਂ ਹੀ ਹੋਊ ਪਰ ਤੂੰ ਦੱਸਿਆ ਨਹੀਂ ਜੋ ਬੇਬੇ ਨੇ ਪੁੱਛਿਆ ਸੀ ਕਿ, `ਲੋਹੜੀ ਆਪਣੇ ਪੇਕੇ ਘਰ ਜਾਂ ਸਹੁਰੇ ਘਰ ਮਨਾਉਣੀ?
ਰੀਤ ਨੇ ਜੁਆਬ ਦਿੱਤਾ, ਲੋਹੜੀ ਕੀ ਮੈਂ ਤਾਂ ਨਵਾਂ ਸਾਲ ਵੀ ਤੁਹਾਡੇ ਘਰ ਹੀ ਮਨਾਉਣਾ ਹੈ। ਸਾਲ ਦਾ ਇਹ ਆਖ਼ਰੀ ਦਿਨ ਸਾਡੇ ਲਈ ਕਿੰਨੀਆਂ ਖੁਸ਼ੀਆਂ ਲੈ ਕੇ ਆਇਆ ਕਿ ਚੜ੍ਹਨ ਵਾਲੇ ਨਵੇਂ ਸਾਲ ਦਾ ਦਿਨ ਮੇਰੇ ਲਈ ਖੁਸ਼ੀਆਂ ਭਰਿਆ ਪਹਿਲਾਂ ਹੀ ਬਣ ਗਿਆ। ਖੁਸ਼ੀਆਂ ਦੇ ਨਾਲ ਹੀ ਮੇਰਾ ਨਵਾਂ ਸਾਲ ਚੜ੍ਹੇਗਾ। ਮੈਂ ਬਹੁਤ ਖੁਸ਼ ਹਾਂ ਸਬੂ। ਆਈ ਲਵ ਯੂ ਸਬੂ।
ਸਰਬਜੀਤ ਨੇ ਉਸਦੇ ਹੱਥ ਛੱਡੇ ਅਤੇ ਇੱਕ ਦਮ ਖੜ੍ਹਾ ਹੋ ਕੇ, ਰੀਤ ਨੂੰ ਧੱਕਾ ਦੇ ਕੇ ਉਸਨੂੰ ਕੁਰਸੀ ਤੋਂ ਹੇਠਾਂ ਸੁੱਟ ਦਿੱਤਾ। ਰੈਸਟੋਰੈਂਟ ਦੇ ਬਾਹਰਲੇ ਪਾਸਿਉਂ ਸ਼ੀਸ਼ਾ ਚੀਰਦੀ ਹੋਈ ਇੱਕ ਗੋਲੀ ਸਰਬਜੀਤ ਦੀ ਹਿੱਕ ਵੀ ਚੀਰ ਗਈ। ਫਿਰ ਗੋਲੀਆਂ ਦੀ ਜਿਵੇਂ ਵਾਛੜ ਹੀ ਗਈ। ਸੱਭ ਲੋਕ ਜਾਨਾਂ ਬਚਾਉਣ ਲਈ ਇੱਧਰ- ਉੱਧਰ ਭੱਜਣ ਲੱਗੇ। ਰੀਤ ਦੀ ਜਾਨ ਵੀ ਸਬੂ ਕਰਕੇ ਬੱਚ ਗਈ।
ਕੁੱਝ ਪਲਾਂ ਵਿੱਚ ਖ਼ਬਰਾਂ ਚੈਨਲਾਂ `ਤੇ ਚੱਲ ਪਈਆਂ ਕਿ ਸ਼ਹਿਰ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਨਵੇਂ ਸਾਲ ਦੇ ਜਸ਼ਨ ਦੇਸ਼ ਵਾਸੀਆਂ ਲਈ ਗ਼ਮ ਵਿੱਚ ਬਦਲ ਗਏ।