ਵੋਟਰ ਨੂੰ (ਕਵਿਤਾ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪਣੀ ਕੀਮਤ ਜਾਣ ਵੋਟਰਾ
ਆਪਣੀ ਕੀਮਤ ਜਾਣ।
ਸੋਚ ਜ਼ਰਾ ਕਿਉਂ ਨੇਤਾ ਮੁੜ ਮੁੜ
ਤੇਰੇ ਘਰ ਦੇ ਗੇੜੇ ਲਾਣ।
ਸੋਚ ਜ਼ਰਾ ਕਿਉਂ ਦਫਤਰਾਂ ਵਿੱਚ
ਫੈਲਿਆ ਹੋਇਆ ਭ੍ਰਿਸ਼ਟਾਚਾਰ।
ਚਾਰ ਦਿਨ ਪਹਿਲਾਂ ਦਿੱਤੀ ਫਾਈਲ
ਕਿਉਂ ਉੱਥੋਂ ਜਾਏ ਗੁਆਚ।
'ਪਾਣੀ ਜੀਵਨ ਦਾ ਆਧਾਰ ਹੈ'
ਕਹਿੰਦੇ ਲੋਕ ਸਿਆਣੇ।
ਫਿਰ ਪਾਣੀ ਦੀ ਇੱਕ ਇੱਕ ਬੂੰਦ ਲਈ
ਕਿਉਂ ਤਰਸਣ ਗਰੀਬਾਂ ਦੇ ਨਿਆਣੇ।
ਸੋਚ ਜ਼ਰਾ ਕਿਸਾਨਾਂ ਦੀ ਫਸਲ
ਕਿਉਂ ਮੰਡੀ ਵਿੱਚ ਹੈ ਰੁਲਦੀ।
ਕੌਡੀਆਂ ਦੇ ਭਾਅ ਖਰੀਦਣ ਕਿਉਂ ਆੜ੍ਹਤੀ
ਫਸਲ ਮਹਿੰਗੇ ਮੁੱਲ ਦੀ।
ਸੋਚ ਜ਼ਰਾ ਜ਼ਰੂਰੀ ਵਸਤਾਂ ਦੇ ਭਾਅ
ਕਿਉਂ ਅਸਮਾਨੀ ਜਾ ਚੜ੍ਹੇ।
ਦੁਕਾਨਦਾਰਾਂ ਤੋਂ ਉਨ੍ਹਾਂ ਦੇ ਭਾਅ ਸੁਣ ਕੇ
ਗਾਹਕ ਰਹਿ ਜਾਣ ਖੜ੍ਹੇ ਦੇ ਖੜ੍ਹੇ।
ਸੋਚ ਜ਼ਰਾ ਕਿਉਂ ਡਿਗਰੀਆਂ ਲੈ ਕੇ
ਵਿਹਲੇ ਫਿਰਦੇ ਨੌਜਵਾਨ।
ਨੌਕਰੀਆਂ ਨਾ ਮਿਲਣ ਦੇ ਗ਼ਮ 'ਚ
ਉਹ ਨਸ਼ੇ ਲੱਗ ਪਏ ਖਾਣ।
ਹੁਣ ਚੋਣ ਮੈਦਾਨ ਹੈ ਭੱਖਿਆ
ਤੇਰਾ ਵਧ ਗਿਆ ਹੈ ਮੁੱਲ।
ਸੌ,ਦੋ ਸੌ ਦੇ ਲਾਲਚ ਵਿੱਚ
ਨੇਤਾਵਾਂ ਦੇ ਕਾਰੇ ਜਾਈਂ ਨਾ ਭੁੱਲ।
ਜੋ ਤੇਰੀਆਂ ਸਮੱਸਿਆਵਾਂ ਨੂੰ
ਹੱਲ ਕਰਨ ਦੀ ਸਹੁੰ ਖਾਂਦੇ ਨੇ ਹੁਣ।
ਆਪਣੇ ਹੱਕ ਦੀ ਵਰਤੋਂ ਕਰਕੇ
ਤੂੰ ਉਨ੍ਹਾਂ ਨੂੰ ਲਈਂ ਚੁਣ।