ਹੈ ਭਾਵੇਂ ਉਹ ਸਰਹੱਦਾਂ ਦਾ ਜੰਗਲ ਸੀ
ਪਰ ਦਿੱਲੀ ਦੀਆਂ ਸਰਹੱਦਾਂ ’ਤੇ ਲਾਇਆ
ਅੰਨਦਾਤਿਆਂ ਮੰਗਲ ਸੀ!
ਲੱਖਾਂ ਪਰਿੰਦੇ ਪਿੰਜਰੇ ਤੋੜਨ ਲਈ
ਜ੍ਹਮਾਂ ਹੋਏ ਖੁੱਲ੍ਹੇ ਅੰਬਰਾਂ ਹੇਠਾਂ
ਪਰ ਤੋਲਦੇ ਹੋਏ!
ਜ੍ਹਮਾਂ ਹੋਏ ਇੱਥੇ ਉਹ
ਲੜਾਈ ਲੜਨ ਲਈ ਆਪਣੇ ਹੱਕਾਂ ਦੀ!
ਮੂਸਲਾਧਾਰ ਮੀਂਹ ਵਸਦਾ ਰਿਹਾ
ਕੱਕਰ-ਕੋਰ੍ਹਾ
ਸੁੱਤਿਆਂ ’ਤੇ ਜੰਮਦਾ ਰਿਹਾ
ਕੋਈ ਜਾਗ ਜਾਂਦਾ ਰਿਹਾ
ਕੋਈ ਮਰ ਜਾਂਦਾ ਰਿਹਾ
ਪਰ ਸਿਦਕ ਉਨ੍ਹਾਂ ਦਾ
ਰਤਾ ਭਰ ਵੀ ਨਾ ਡੋਲਿਆ!
ਵੇਲੇ ਦੇ ਕਾਨੂੰਨ ਨੂੰ
ਪਰਿੰਦਿਆਂ ਦਾ ਇੰਝ ਬੁਲੰਦੀਆਂ ’ਚ ਰਹਿਣਾ
ਮਨਜ਼ੂਰ ਸੀ ਕਦ?
ਸਾਜਿਸ਼ੀ ਦਿਉ ਤਿਲਮਿਲਾਇਆ
ਆਦਮ-ਬੋਅ, ਆਦਮ-ਬੋਅ ਕਰਦਾ
ਟੁੱਟ ਪਿਆ ਨਿਹੱਥਿਆਂ ’ਤੇ
ਤੂਫ਼ਾਨ ਇਕ ਐਸਾ ਆਇਆ
ਤੀਲਾ ਤੀਲਾ ਕਰ ਸੁੱਟੇ ਹੌਸਲੇ
ਤੇ ਉਹ ਮੁਸਕਰਾਇਆ!
ਡਗਮਗਾ ਗਿਆ ਜੰਗਲ ’ਚ ਵਸਿਆ
ਉਹ ਕਾਫਲਾ
ਰੁੱਖ ਹਿੱਲੇ
ਕੁਝ ਡੋਲੇ
ਤੇ ਤੁਰ ਪਏ ਪਰਿੰਦੇ ਜੰਗਲ ਛੱਡ ਘਰਾਂ ਵੱਲ
ਉਦਾਸੀ ਦਾ ਆਲਮ ਭਰ ਗਿਆ
ਪਰਿੰਦਿਆਂ ਦੇ ਬੁਲੰਦ ਹੌਸਲਿਆਂ ਅੰਦਰ!
ਡੁੱਲ੍ਹੇ ਲਹੂ ਦੀ ਦਾਸਤਾਂ ਡੁੱਬ ਰਹੀ ਸੀ
ਸੰਘਰਸ਼ ਦੀ ਕਹਾਣੀ ਮੁੱਕ ਰਹੀ ਸੀ
ਸ਼ੇਰ ਇਕੱਲਾ ਖੜ੍ਹਾ ਸੀ
ਉਡਦੇ ਪਰਿੰਦਿਆਂ ਨੂੰ ਵੇਖ
ਉਹ ਰੋ ਰਿਹਾ ਸੀ!
ਇਹ ਹੰਝੂ ਸਨ ਜਾਂ ਸੈਲਾਬ ਸੀ ਕੋਈ
ਸਦਾਅ ਸੀ ਜਾਂ ਫਰਿਆਦ ਕੋਈ
ਅਜੇ ਲੋਅ ਵੀ ਨਹੀਂ ਪਾਟੀ ਸੀ
ਕਿ ਅੱਧ ਵਾਟਿਓਂ ਮੁੜ ਆਏ
ਪਰਿੰਦੇ ਪਰ ਫੜਫੜਾਉਂਦੇ ਹੋਏ
ਤੇਰੇ ਨਾਲ ਹਾਂ ਖੜ੍ਹੇ
ਹੁਣ ਜਿੱਤ ਕੇ ਮੁੜਾਂਗੇ
ਗੀਤ ਗਾਉਂਦੇ ਹੋਏ!
ਦਿਉ ਚੀਖਿਆ-
ਤੁਹਾਡਾ ਪਾਣੀ ਬੰਦ
ਤੁਹਾਡੀ ਕਨਸੋਅ ਤੇ ਲੱਗਣਗੇ ਪਹਿਰੇ
ਤੁਹਾਡੀ ਉੱਘ-ਸੁਘ ਨਹੀਂ ਬਾਹਰ ਨਿਕਲਣ ਦੇਣੀ
ਭੁੱਖੇ-ਪਿਆਸੇ ਜੀਅ ਸਕਦੇ ਹੋ
ਤਾਂ ਇੱਥੇ ਜੀਅ ਕੇ ਵਿਖਾਉ!
ਇਹ ਯੋਧਿਆਂ ਦੀ ਅਣਖ ਨੂੰ
ਇਕ ਵੰਗਾਰ ਸੀ
ਤਦ ਅਣਖਾਂ ਵਾਲਾ ਉਹ ਲਾਣੇਦਾਰ
ਆਪਣੇ ਪਰਨੇ ‘ਚ ਹੰਝੂ ਸਮੇਟ ਕੇ ਬੋਲਿਆ-
ਜਦੋਂ ਤੱਕ ਪਰਿੰਦਿਆਂ ਨੂੰ ਨਹੀਂ ਮਿਲਦਾ ਪਾਣੀ
ਮੈਂ ਵੀ ਪਿਆਸਾ ਰਹਾਂਗਾ!
ਫੇਰ ਕੌਤਕ ਜਿਵੇਂ ਕੋਈ ਵਰਤ ਗਿਆ
ਉਸਦੇ ਪਿੰਡੋਂ
ਉਸਦੇ ਖੇਤਾਂ ਦਾ ਪਾਣੀ
ਲੈ ਬਹੁੜ ਪਈ ਇਕ ਢਾਣੀ
ਦਰਬਾਰ ਸਾਹਿਬ ਦਾ ਜਲ ਲੈ ਕੇ
ਆ ਗਿਆ ਕੋਈ ਹੋਰ ਪ੍ਰਾਣੀ
ਤੇ ਸਾਡੀ ਪਿਆਰੀ ਸ਼ਾਇਰਾ ਇਕ
ਲੈ ਕੇ ਪਹੁੰਚ ਗਈ
ਪੰਜਾਂ ਦਰਿਆਵਾਂ ਦਾ ਪਾਣੀ!
ਚੂਲ਼ੀ ਉਸ ਜਲ ਦੀ ਬੋਲੀ
ਮੇਰੇ ਅੰਦਰ ਇਨਸਾਨੀਅਤ ਦਾ ਵਿਸ਼ਵਾਸ ਪਿਐ
ਸਾਡੀ ਮਿੱਟੀ ਦਾ ਇਤਿਹਾਸ ਪਿਐ
ਇਹ ਜਲ ਜੋ ਪੀ ਲੈਂਦੇ
ਉਹ ਕੁਰਬਾਨੀਆਂ ਤੋਂ ਡਰਦੇ ਨਹੀਂ
ਉਹ ਮਰ ਕੇ ਵੀ ਮਰਦੇ ਨਹੀਂ
ਕੌਤਕ ਇਕ ਹੋਰ ਵਰਤਿਆ ਫੇਰ
ਖੁਆਜਾ ਦੇਵਤਾ ਉਸ ਪਿੰਡ ਵਿਚ
ਖੁਦ ਪ੍ਰਗਟਿਆ ਫੇਰ
ਖੂਹ ਦਾ ਪਾਣੀ ਹਰ ਪ੍ਰਾਣੀ ਨੂੰ ਵਰਤਿਆ ਫੇਰ
ਹੁਣ ਫੇਰ ਦਿਉ ਗਰਜਿਆ
ਉਸਨੇ ਉਨ੍ਹਾਂ ਦੇ ਪੈਰਾਂ ਹੇਠਾਂ
ਲੋਹੇ ਦੇ ਕਿੱਲ ਵਿਛਾ ਦਿੱਤੇ
ਤੇ ਉਥੋਂ ਦੇ ਹੱਦਾਂ-ਬੰਨੇ
ਕੰਡਿਆਲੀਆਂ ਤਾਰਾਂ ’ਚ ਮੜ੍ਹਾ ਦਿੱਤੇ!
ਉੱਠਿਆ ਫਰਿਸ਼ਤਾ ਉਹ
ਉਸਨੇ ਕੰਡਿਆਂ ਤੇ ਮਿੱਟੀ ਪਾ
ਫੁੱਲ ਉਗਾ ਦਿੱਤੇ!
ਇਹ ਯੁੱਧ ਹੈ ਇਨਸਾਨ ਤੇ ਕਹਿਰਵਾਨ ਦਾ
ਇਹ ਸੰਘਰਸ਼ ਹੈ ਸੱਤਾ ਤੇ ਕਿਰਸਾਨ ਦਾ!!