ਸੋਚ ਸਮਝ ਕੇ ਦੋਸਤੋ,ਇਸ ਵਾਰ ਵੋਟਾਂ ਪਾਇਆ ਜੋ।
ਮਨ ਦੇ ਕਹਿਣੇ ਲੱਗਿਓ, ਕਿਸੇ ਦੇ ਮਗਰ ਨਾ ਜਾਇਆ ਜੋ।
ਜਿਨ੍ਹਾਂ ਜਿਨ੍ਹਾਂ ਰਵਾਇਆ, ਓਹਨਾਂ ਨੂੰ ਨਕਾਰਣਾ ਹੈ,
ਪਿਆਰ ਨਾਲ ਹੀ ਸਭਨਾਂ ਨੂੰ,ਇਹ ਗੱਲ ਸਮਝਾਇਆ ਜੋ।
ਗੱਲ ਮੁੱਦਿਆਂ ਦੀ ਨਹੀਂਓਂ, ਕਰਦੈ ਘਰ ਆਪਣੇ ਦੀ ਜੋ,
ਬਿਲਕੁਲ ਦੋਸਤੋ ਕਦੇ ਵੀ, ਉਸਦੇ ਨੇੜ ਨਾ ਜਾਇਆ ਜੋ।
ਅਣਖ ਗੈਰਤ ਨੂੰ ਸਾਂਭਿਆ ਜੀਹਨੇ, ਪੰਜਾਬ ਪੰਜਾਬੀਆਂ ਲਈ,
ਉਸ ਦੀ ਖਾਤਰ ਵੀਰੋ, ਭਾਵੇਂ ਮਰ ਮਿਟ ਜਾਇਆ ਜੋ।
ਅੱਜ ਜੇ ਖੁੰਝ ਗਏ ਕਦੇ ਵੀ,ਆਇਆ ਜਾਣਾ ਤਾਬ ਨਹੀਂ,
ਪਿੱਛੋਂ ਬਹਿ ਕੇ ਰੋਇਓ, ਜਾਂ ਭਾਵੇਂ ਪਛਤਾਇਆ ਜੋ।
ਵੇਲਾ ਨਿਕਲਿਆ ਹੱਥੋਂ,ਮੁੜ ਕੇ ਹੱਥ ਨਹੀਂ ਆਊਗਾ,
ਚੰਦ ਕੁ ਛਿਲੜਾਂ ਪਿੱਛੇ ਨਾ,ਜਮੀਰ ਗਵਾਇਆ ਜੋ।
ਵੀਹ ਤਾਰੀਖ ਨੂੰ ਐਸਾ, ਰਲਮਿਲ ਇਤਿਹਾਸ ਰਚਨਾ ਹੈ,
ਕਿਸਾਨੀ ਸੰਘਰਸ਼ ਦੀ ਯੋਧਿਓ ਯਾਦ, ਤਾਜ਼ਾ ਕਰਵਾਇਆ ਜੋ।
ਮਰਦਾਂ ਵਾਲੀ ਕਰਿਓ, ਕਿਧਰੇ ਘਰੀਂ ਨਾ ਬਹਿ ਜਾਣਾਂ,
ਕੱਲੀ ਕੱਲੀ ਵੋਟ ਨੂੰ,ਜਾ ਤੁਸੀਂ ਪਾ ਕੇ ਆਇਆ ਜੋ।
ਅਣਖੀ ਬੰਦੇ ਅਣਖ ਦੀ ਖਾਤਰ ਮਰ ਮਿਟ ਜਾਂਦੇ ਨੇ,
ਕਿਹਾ ਦੱਦਾਹੂਰੀਏ ਸ਼ਰਮੇ ਦਾ ਨਾ, ਕਿਤੇ ਭੁਲਾਇਆ ਜੋ।