ਇਤਿਹਾਸ ਦਾ ਪੁਨਰ-ਪਾਠ
(ਕਵਿਤਾ)
ਸਮਾਜਵਾਦੀ ਦੇਸ਼ ਵੀ,
ਚੋਲਾ ਬਦਲ ਰਹੇ ਹਨ।
ਮਾਰਕਸਵਾਦੀ ਵੀ ਹੁਣ,
ਪੂੰਜੀਵਾਦੀ ਬਣ ਰਹੇ ਹਨ।
ਚੀਨ ਨੇ,
ਪੂਰਾ ਤਿੱਬਤ, ਤੇ
ਭਾਰਤ ਦੇ ਕੁਝ ਹਿੱਸੇ,
ਖਪਾ ਲਏ।
ਵਧਦੀ ਆਬਾਦੀ ਦੇ,
ਸਮਾਧਾਨ ਲਈ,
ਕੋਠੇ ਉੱਤੇ ਹੋਰ ਕੋਠੇ ਪਾ ਲਏ।
ਹੱਦਾਂ, ਸਰਹੱਦਾਂ ਨੂੰ ਤੋੜਿਆ,
ਜ਼ਮੀਨ, ਆਸਮਾਨ ਹੱਥਿਆ ਲਏ!!!
ਰੂਸ ਨੇ ਵੀ,
ਕਰਾਈਮੀਆਂ, ਜੌਰਜੀਆ …
ਤੇ ਹੁਣ,
ਯੂਕਰੇਨ ਨਿਸ਼ਾਨੇ ਬਣਾ ਲਏ।
ਮਾਰਕਸਵਾਦ ਉੱਤੇ,
ਵਿਸਥਾਰਵਾਦ ਦੇ,
ਗਲਾਫ ਚੜ੍ਹਾ ਲਏ।
ਸ਼ੀਸ਼ੇ ਦੇ ਵਿੱਚ,
ਚਿਹਰਿਆਂ ਦੇ ਨਾਲ,
ਉਨ੍ਹਾਂ ਦੇ ਅਕਸ ਵੀ,
ਬਦਲਾ ਲਏ।
ਹਿਟਲਰ ਨੇ ਵੀ ਪਹਿਲਾਂ,
ਸਰਹੱਦਾਂ ਦੇ ਨਾਲ ਲੱਗਦੇ,
ਦੇਸ਼ਾਂ ਨੂੰ ਡਕਾਰਿਆ ਸੀ।
ਮਾਨਵਤਾ ਨੂੰ ਖਤਰਾ,
ਮਾਨਵਤਾ ਦੇ ਅਖਾਉਤੀ,
ਹਿਤੈਸ਼ੀਆਂ ਤੋਂ ਹੀ ਹੈ।
ਭੇਡ ਦੀ ਖੱਲ ਹੇਠ,
ਭੇੜੀਏ ਨੂੰ ਪਛਾਣੋ।
ਇਨ੍ਹਾਂ ਸਭ ਨੂੰ ਨੱਥ ਪਾਓ,
ਨਹੀਂ ਤਾਂ,
ਕਿਸੇ ਹੋਰ ਦੇ ਰੀਮੋਟ ਕੰਟਰੋਲ
‘ਤੇ ਚੱਲਣ ਵਾਲੇ,
ਰੋਬੋਟ ਬਣਕੇ ਰਹਿ ਜਾਓਗੇ!!!
ਇਤਿਹਾਸ ਦੇ ਪੱਤਰੇ ਪਲਟੋ,
ਸਮੇਂ ਨਾਲ, ਇਸਦੇ
ਬਦਲਦੇ ਚਿਹਰੇ ਪਛਾਣੋ।
ਧੁਰ, ਸੋਮੇਂ ਤੱਕ ਜਾਓ,
ਦਰਿਆ ਨੂੰ, ਸਮੁੰਦਰ ਨੂੰ ਜਾਣੋ।
‘ਨ੍ਹੇਰੇ ਨੂੰ, ਨੂਰ ਨੂੰ ਫਰੋਲ਼ੋ,
ਸੱਤ-ਰੰਗੀਆਂ ਮਾਣੋ!!!
ਇਤਿਹਾਸ ਨੂੰ,
ਸਹੀ ਪ੍ਰਸੰਗ ਵਿੱਚ,
ਸਮਝਣ ਲਈ,
ਇਤਿਹਾਸ ਦਾ,
ਪੁਨਰ-ਪਾਠ ਜ਼ਰੂਰੀ ਹੈ!!!