ਕਵਿਤਾ ਮੇਰੇ ਅੰਗ ਸੰਗ ਰਹਿੰਦੀ
ਤੁਰਦੀ ਫਿਰਦੀ ਉਠਦੀ ਬਹਿੰਦੀ
ਮੇਰੇ ਕੋਲ ਉਹ ਜਦ ਵੀ ਆਉੰਦੀ
ਸੁੱਤੇ ਪਏ ਨੂੰ ਫੱਟ ਜਗਾਉੰਦੀ
ਸ਼ਬਦਾਂ ਦਾ ਮੋਹ ਜਾਲ ਵਿਛਾਕੇ
ਪਲ ਪਲ ਮੈਨੂੰ ਉਹ ਭਰਮਾਉਂਦੀ
ਮਨ ਦੀ ਮਮਟੀ ਨਾਲ ਉਹ ਖਹਿੰਦੀ।
ਕਵਿਤਾ ਮੇਰੇ ਅੰਗ ਸੰਗ.........
ਵਿੱਚ ਕਲਪਨਾ ਪਾ ਦਿੰਦੀ ਹੈ
ਸੁਪਨੇ ਨਵੇੰ ਸਜਾ ਦਿੰਦੀ ਹੈ
ਲੋਕਾਂ ਦੀ ਆਵਾਜ਼ ਬਣੇ ਜਦ
ਦਿਲ ਦਾ ਦਰਦ ਸੁਣਾ ਦਿੰਦੀ ਹੈ
ਚੁੱਪ ਰਹੇ ਪਰ ਕੁਝ ਨਾ ਕਹਿੰਦੀ।
ਕਵਿਤਾ ਮੇਰੇ ਅੰਗ ਸੰਗ........
ਮੇਰੇ ਭਾਵਾਂ ਵਿੱਚ ਆ ਜਾਂਦੀ
ਮੇਰੇ ਚੇਤਿਆਂ ਨੂੰ ਗਰਮਾਂਦੀ
ਵੇਗ ਦੇ ਵਿੱਚ ਜਦੋਂ ਆ ਜਾਵੇ
ਅੰਬਰ ਵਿੱਚ ਉਡਾਰੀਆਂ ਲਾਂਦੀ
ਜੰਮਦੀ ਜੰਮਣ ਪੀੜਾਂ ਸਹਿੰਦੀ।
ਕਵਿਤਾ ਮੇਰੇ ਅੰਗ ਸੰਗ......
ਅਕਸ ਚੇਤਨਾ ਉਹ ਬਣ ਜਾਵੇ
ਆਪੇ ਢਾਵੇ ਆਪ ਬਣਾਵੇ
ਕਦੇ ਉਹ ਰੋਹ ਦੀ ਰੂਹ ਬਣ ਜਾਵੇ
ਕਦੇ ਉਹ ਮੋਹ ਨੂੰ ਗਲੇ ਲਗਾਵੇ
ਮੇਰੇ ਮਗਰੋਂ ਕਦੇ ਨ ਲਹਿੰਦੀ।
ਕਵਿਤਾ ਮੇਰੇ ਅੰਗ ਸੰਗ........
ਕਰ ਦਿੰਦੀ ਗ਼ਮਗੀਨ ਕਦੇ ਉਹ
ਬਣ ਜਾਂਦੀ ਹੁਸੀਨ ਕਦੇ ਉਹ
ਪੀੜਾਂ ਦਰਦ ਹੰਢਾਉੰਦੀ ਰਹਿੰਦੀ
ਹੋ ਜਾਂਦੀ ਜਦ ਲੀਨ ਕਦੇ ਉਹ
ਕਿਰਤੀ ਲਈ ਜਾਲਮ ਨਾਲ ਖਹਿੰਦੀ ।
ਕਵਿਤਾ ਮੇਰੇ ਅੰਗ ਸੰਗ.........
ਬਣ ਜਾਵੇ ਲਟਬੌਰੀ ਜਦ ਉਹ
ਹੋ ਜਾਵੇ ਬੱਸ ਬੌਰੀ ਜਦ ਉਹ
ਸਾਗਰ ਨਦੀਆਂ ਅਤੇ ਪਹਾੜੀੰ
ਮੈਨੂੰ ਸੈਰ ਕਰਾਉੰਦੀ ਜਦ ਉਹ
ਪਾਠਕ ਦੇ ਫਿਰ ਮਨਾਂ ਚ ਵਹਿੰਦੀ।
ਕਵਿਤਾ ਮੇਰੇ ਅੰਗ ਸੰਗ.........
ਹਉਕੇ ਹਾਵੇ ਹਾੜੇ ਕੱਢਦੇ
ਸੁਪਨੇ ਹਨ ਚੰਗਿਆੜੇ ਛੱਡਦੇ
ਨਿੱਕੇ ਨਿੱਕੇ ਸੂਰਜ ਉੱਗਦੇ
ਕਵਿਤਾ ਵਿੱਚ ਰਿਸ਼ਮਾਂ ਹਨ ਵੰਡਦੇ
ਸੂਖਮ ਭਾਵ ਦੀ ਲਾਉੰਦੀ ਮਹਿੰਦੀ।
ਕਵਿਤਾ ਮੇਰੇ ਅੰਗ ਸੰਗ........
ਰੂਹ ਦੇ ਰੰਗਾਂ ਵਿੱਚ ਭਿੱਜਦੀ ਹੈ
ਸ਼ਬਦਾਂ ਦੀ ਉਹ ਅੱਖ ਸਿੰਮਦੀ ਹੈ
ਅਕਸ ਚੇਤਨਾ ਬਣ ਜਾਵੇ ਜਦ
ਧਰਤੀ ਤੇ ਅੰਬਰ ਸਿੰਜਦੀ ਹੈ
ਲੱਭਦੀ ਅੱਖਰ ਡਿਗਦੀ ਢਹਿੰਦੀ।
ਕਵਿਤਾ ਮੇਰੇ ਅੰਗ ਸੰਗ .......
ਉੱਡਣ ਦਾ ਅੰਦਾਜ ਸਿਖਾਵੇ
ਧੁਖਦੇ ਖੰਭ ਅੰਗਿਆਰ ਸਜਾਵੇ
ਚੇਤ ਅਚੇਤ ਮਨਾਂ ਵਿੱਚ ਵਸਕੇ
ਸਾਗਰੋੰ ਮੋਤੀ ਚੁਗ ਲਿਆਵੇ
ਦਰਦਾਂ ਦੀ ਬੁੱਕਲ਼ ਵਿੱਚ ਬਹਿੰਦੀ।
ਕਵਿਤਾ ਮੇਰੇ ਅੰਗ ਸੰਗ........
ਕਵਿਤਾ ਦਾ ਪਰਛਾਵਾਂ ਬਣਕੇ
ਮੈਂ ਖ਼ੁਦ ਹੀ ਕਵਿਤਾ ਹੋ ਜਾਵਾਂ
ਮੈਂ ਕਵਿਤਾ ਦਾ ਕਵਿਤਾ ਮੇਰੀ
ਇਕ ਦੂਈ ਦਾ ਭੇਦ ਮਿਟਾਵਾਂ
ਰੂਹ ਕਵਿਤਾ ਰਾਹੀਂ ਸਾਹ ਲੈਂਦੀ
ਕਵਿਤਾ ਮੇਰੇ ਅੰਗ ਸੰਗ ਰਹਿੰਦੀ
ਤੁਰਦੀ ਫਿਰਦੀ ਉਠਦੀ ਬਹਿੰਦੀ