ਕਵਿਤਾਵਾਂ

  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੁਰਦੀ ਫਿਰਦੀ ਲਾਸ਼ / ਹਾਕਮ ਸਿੰਘ ਮੀਤ (ਕਵਿਤਾ)
  •    ਸ਼ਹਿਰ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਮੈਂ ਨੀ ਡਰਦਾ ਵਹੁਟੀ ਤੋਂ / ਕੰਵਲਜੀਤ ਭੋਲਾ ਲੰਡੇ (ਕਾਵਿ ਵਿਅੰਗ )
  •    ਦਿੱਲੀ ਦੀ ਸਰਕਾਰ / ਮਲਕੀਅਤ "ਸੁਹਲ" (ਕਵਿਤਾ)
  •    ਗ਼ਜ਼ਲ / ਹਰਦੀਪ ਬਿਰਦੀ (ਗ਼ਜ਼ਲ )
  •    ਅੰਨਦਾਤਾ / ਮਹਿੰਦਰ ਮਾਨ (ਕਵਿਤਾ)
  •    ਮਤਲਬ ਨੂੰ ਜੀ ਜੀ ਹੈ / ਕੁਲਤਾਰ ਸਿੰਘ (ਕਵਿਤਾ)
  •    ਰੂਹ ਬੰਦੇ ਦਾ ਸੱਚ ਹੈ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਅਮਨ ਤੇ ਜੰਗ / ਮਹਿੰਦਰ ਮਾਨ (ਕਵਿਤਾ)
  •    ਵਾਸੀ ਪੰਜਾਬ ਦੇ / ਅਮਰਜੀਤ ਸਿੰਘ ਸਿਧੂ (ਕਵਿਤਾ)
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  •    ਫਿਤਰਤ / ਹਰਚੰਦ ਸਿੰਘ ਬਾਸੀ (ਕਵਿਤਾ)
  •    ਮੇਰੀ ਕਵਿਤਾ / ਸੁਰਜੀਤ ਸਿੰਘ ਕਾਉਂਕੇ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਸਾਹਿਤ ਵਿਚਲੇ ਪੱਖ-ਪਾਤ ਸਬੰਧੀ ਕਾਫ਼ਲੇ ਵੱਲੋਂ ਅਹਿਮ ਫ਼ੈਸਲੇ ਲਏ ਗਏ (ਖ਼ਬਰਸਾਰ)


    ਟਰਾਂਟੋ:- ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਮੀਟਿੰਗ ਵਿੱਚ ਜਿੱਥੇ ਕਾਫ਼ਲੇ ਦੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਓਥੇ ਸਾਹਿਤਕ ਖੇਤਰ ਵਿੱਚ ਹੋ ਰਹੇ ਪੱਖ-ਪਾਤੀ ਖਿਲਵਾੜ ਨੂੰ ਨੱਥ ਪਾਉਣ ਅਤੇ ਮਿਆਰੀ ਕਨੇਡੀਅਨ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਲੋੜੀਂਦੇ ਕਦਮਾਂ ਬਾਰੇ ਵੀ ਖੁੱਲ੍ਹ ਕੇ ਵਿਚਾਰ ਕੀਤਾ ਗਿਆ। ਅਤੇ ਨਿਰਣਾ ਕੀਤਾ ਗਿਆ ਕਿ ਜਿੱਥੇ ਭਾਰਤ ਵਿੱਚ ਬੈਠੇ ਜ਼ਿੰਮੇਂਵਾਰ ਬੁੱਧੀਜੀਵੀਆਂ ਵੱਲੋਂ ਨਿੱਜੀ ਮੁਫਾਦਾਂ ਖ਼ਾਤਿਰ ਕਿਤਾਬਾਂ ਦੀ ਕੀਤੀ ਜਾ ਰਹੀ ਗੁੰਮਰਾਹਕੁੰਨ ਚਰਚਾ ਦਾ ਨੋਟਿਸ ਲਿਆ ਜਾਵੇਗਾ ਓਥੇ ਲੋੜ ਨੂੰ ਸਮਝਦਿਆਂ ਹੋਇਆਂ ਕਾਫ਼ਲੇ ਦੀਆਂ ਮੀਟਿੰਗਾਂ ਦੇ ਫੌਰਮੈਟ ਨੂੰ ਬਦਲ ਕੇ ਕੈਨੇਡਾ ਭਰ ਵਿੱਚ ਛਪਣ ਵਾਲ਼ੇ ਮਿਆਰੀ ਸਾਹਿਤ `ਤੇ ਚਰਚਾ ਦਾ ਕੰਮ ਆਰੰਭਿਆ ਜਾਵੇਗਾ ਅਤੇ ਮੀਟਿੰਗਾਂ ਵਿੱਚ ਮਿਆਰੀ ਆਲੋਚਨਾ ਦੀ ਪਿਰਤ ਨੂੰ ਮੁੜ ਬਹਾਲ ਕੀਤਾ ਜਾਵੇਗਾ।

    ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਜਸਵਿੰਦਰ ਸਿੰਘ ਬਾਰੇ ਗੱਲ ਕਰਦਿਆਂ ਕੁਲਵਿੰਦਰ ਖਹਿਰਾ ਨੇ ਦੱਸਿਆ ਕਿ ਹਰ ਸਾਹਿਤਕ ਅਤੇ ਸਮਾਜੀ ਸਮਾਗਮ ਵਿੱਚ ਤਹਿਦਿਲੋਂ ਸਰਗਰਮੀ ਨਾਲ਼ ਸ਼ਾਮਲ ਹੋਣ ਵਾਲਾ ਜਸਵਿੰਦਰ ਸਿੰਘ ਬੇਸ਼ੱਕ ਕਦੀ ਵੀ ਸਟੇਜ `ਤੇ ਨਹੀਂ ਸੀ ਬੋਲਿਆ ਅਤੇ ਅਤੇ ਨਾ ਹੀ ਕਿਸੇ ਕਿਸਮ ਦੀ ਪ੍ਰਸਿੱਧੀ ਲਈ ਯਤਨ ਕਰਦਾ ਵੇਖਿਆ ਗਿਆ ਸੀ ਪਰ ਉਹ ਖੁਦ ਸਾਹਿਤ ਨਾਲ਼ ਜੁੜਿਆ ਹੋਇਆ ਵੀ ਸੀ ਅਤੇ ਆਪਣੇ ਸਵੈ-ਜੀਵਨੀਨੁਮਾ ਨਾਵਲ `ਤੇ ਕੰਮ ਵੀ ਕਰ ਰਿਹਾ ਸੀ। ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਗੀਤਕਾਰ ਸੁਖਮਿੰਦਰ ਰਾਮਪੁਰੀ ਜੀ ਬਾਰੇ ਬੋਲਦਿਆਂ ਮੇਜਰ ਮਾਂਗਟ ਨੇ ਦੱਸਿਆ ਕਿ ਅਥਲੀਟ ਤੋਂ ਲੇਖਕ ਬਣੇ ਸੁਖਮਿੰਦਰ ਰਾਮਪੁਰੀ ਨੇ ਆਪਣੀ ਅਣਥੱਕ ਮਿਹਨਤ ਅਤੇ ਰਿਆਜ਼ ਨਾਲ਼ ਸਾਹਿਤ ਰਚਨਾ ਤੋਂ ਲੈ ਕੇ ਸੁਰੀਲੀ ਆਵਾਜ਼ ਵਿੱਚ ਗਾਉਣ ਵਿੱਚ ਵੀ ਆਪਣਾ ਨਾਂ ਕਮਾਇਆ। ਉਨ੍ਹਾਂ ਕਿਹਾ ਕਿ ਰਾਮਪੁਰੀ ਦੀ ਇਹ ਖੂਬੀ ਸੀ ਕਿ ਉਹ ਬੇਝਿਜਕ ਹੋ ਕੇ ਨਿਰਪੱਖ ਆਲੋਚਨਾ ਕਰਦਾ ਸੀ ਤੇ ਆਪਣੇ ਵਿਰੋਧੀਆਂ ਦੀ ਵੀ ਪ੍ਰਸੰਸਾ ਕਰਨ ਦਾ ਮਾਦਾ ਰੱਖਦਾ ਸੀ। ਉਂਕਾਰਪ੍ਰੀਤ ਨੇ ਸੁਖਮਿੰਦਰ ਰਾਮਪੁਰੀ ਜੀ ਦੀ ਕਿਤਾਬ “ਮੈਂ ਨਿਰੀ ਪੱਤਝੜ ਨਹੀਂ” ਦੇ ਆਧਾਰ `ਤੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਰਾਮਪੁਰੀ ਦਾ ਮੰਨਣਾ ਸੀ ਕਿ ਲੇਖਕ ਧੁਰੋਂ ਸਿਰਜੇ ਹੋਏ ਨਹੀਂ ਆਉਂਦੇ ਬਲਕਿ ਅਭਿਆਸ ਅਤੇ ਲਗਨ ਨਾਲ਼ ਬਣਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰਾਮਪੁਰੀ ਨੇ ਰਵਾਇਤ ਤੋਂ ਹਟ ਕੇ ਨਵੇਂ ਰੂਪ `ਚ ਬਹੁਤ ਹੀ ਮਿਆਰੀ ਗੀਤ ਲਿਖੇ ਨੇ ਜਿਨ੍ਹਾਂ ਨੂੰ ਗਾਉਣ ਲਈ ਵੀ ਰਵਾਇਤ ਤੋਂ ਹਟ ਕੇ ਨਵੇਂ ਅੰਦਾਜ਼ ਵਿੱਚ ਗਾਏ ਜਾਣ ਦੀ ਲੋੜ ਕਾਰਨ ਰਵਾਇਤੀ ਗਾਇਕ ਮਿਹਨਤ ਤੋਂ ਡਰਦੇ ਹੌਸਲਾ ਨਹੀਂ ਕਰ ਰਹੇ। 
    ਕੁਝ ਦੇਰ ਪਹਿਲਾਂ ਵਿੱਛੜ ਗਏ ਸਾਹਿਤਕਾਰ ਅਤੇ ਇਤਿਹਾਸਕਾਰ ਜੋਗਿੰਦਰ ਸ਼ਮਸ਼ੇਰ ਬਾਰੇ ਜਾਣ-ਪਛਾਣ ਦਿੰਦਿਆਂ ਜਿੱਥੇ ਕੁਲਵਿੰਦਰ ਖਹਿਰਾ ਨੇ ਦੱਸਿਆ ਕਿ ਸ਼ਮਸ਼ੇਰ ਜੀ ਨੇ ਕੈਨੇਡਾ ਵਿੱਚ ਰਹਿੰਦਿਆਂ ਮੈਨੀਟੋਬਾ ਦੇ ਪੰਜਾਬੀ ਸਾਹਿਤ ਬਾਰੇ ਲਿਖਿਆ ਓਥੇ “ਮੈਨੀਟੋਬਾ ਦਾ ਇਤਿਹਾਸ” ਕਿਤਾਬ ਵਿੱਚ ਕੈਨੇਡਾ ਦੇ ਆਦਿਵਾਸੀਆਂ ਦੇ ਇਤਿਹਾਸ ਨੂੰ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਸਾਹਿਤ ਦਾ ਬਹੁਤ ਹੀ ਮਾਣ ਵਧਾਇਆ ਅਤੇ ਪੰਜਾਬੀਆਂ ਨੂੰ ਇਸ ਧਰਤੀ `ਤੇ ਹੋਏ ਅੱਤਿਆਚਾਰਾਂ ਤੋਂ ਜਾਣੂੰ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਬਲਬੀਰ ਕੌਰ ਸੰਘੇੜਾ ਨੇ ਵਿਸਥਾਰ ਵਿੱਚ ਜੋਗਿੰਦਰ ਸ਼ਮਸ਼ੇਰ ਜੀ ਨਾਲ ਯਾਦਾਂ ਸਾਂਝੀਆਂ ਕਰਦਿਆਂ ਜਿੱਥੇ ਉਨ੍ਹਾਂ ਦੇ ਇੰਗਲੈਂਡ ਵਿੱਚ ਬਿਤਾਏ ਸਮੇਂ ਬਾਰੇ ਅਤੇ ਉਨ੍ਹਾਂ ਦੀ ਸਾਹਿਤ-ਸਿਰਜਣਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਓਥੇ ਇਹ ਵੀ ਦੱਸਿਆ ਕਿ ਉਹ ਲੰਡਨ ਤੋਂ ਕਾਰ ਰਾਹੀਂ 8 ਦੇਸ਼ਾਂ ਵਿੱਚ ਦੀ ਹੁੰਦੇ ਹੋਏਤਰਸੇਮ ਨੀਲਗਿਰੀ ਅਤੇ ਇੱਕ ਹੋਰ ਸਾਥੀ ਨਾਲ਼ ਇੰਡੀਆ ਵੀ ਗਏ ਅਤੇ ਇਸ ਯਾਤਰਾ ਨੂੰ “ਲੰਡਨ ਤੋਂ ਦਿੱਲੀ, ਕਾਰ ਰਾਹੀਂ” ਸਿਰਲੇਖ ਹੇਠ 1972 ਵਿੱਚ ਸਫ਼ਰਨਾਮੇਂ ਦੇ ਰੂਪ ਵਿੱਚ ਛਪਵਾਇਆ। 1990 ਤੋਂ ਉਹ ਪਹਿਲਾਂ ਮੈਨੀਟੋਬਾ ਵਿੱਚ ਅਤੇ ਫਿਰ ਬ੍ਰਿਟਿਸ਼ ਕੋਲੰਬੀਆ ਵਿੱਚ ਜਾ ਵਸੇ ਸਨ। 
    ਇਹ ਗੱਲ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਕਿ ਭਾਰਤ ਵਿੱਚਲੇ ਕੁਝ ਬੁੱਧੀਜੀਵੀ ਆਪਣੇ ਨਿੱਜੀ ਹਿਤਾਂ ਖਾਤਿਰ ਅਜਿਹੇ ਪਰਵਾਸੀ ਸਾਹਿਤ ਨੂੰ ਬੇਲੋੜੀ ਪ੍ਰਸਿੱਧੀ ਦੇ ਕੇ ਅਤੇ ਆਪਣੇ ਅਸਰ-ਰਸੂਖ ਰਾਹੀਂ ਸਿਲੇਬਸਾਂ ਵਿੱਚ ਲਵਾ ਕੇ ਪੰਜਾਬੀ ਸਾਹਿਤ ਦਾ ਨੁਕਸਾਨ ਕਰਨ ਦੇ ਨਾਲ਼ ਨਾਲ਼ ਕਨੇਡੀਅਨ ਪੰਜਾਬੀ ਸਾਹਿਤ ਦਾ ਅਕਸ ਵੀ ਵਿਗਾੜ ਰਹੇ ਹਨ। ਇਸ ਬਾਰੇ ਕਾਫ਼ਲੇ ਦੇ ਸੰਚਾਲਕ ਕੁਲਵਿੰਦਰ ਖਹਿਰਾ ਨੇ ਗੱਲਬਾਤ ਸ਼ੁਰੂ ਕਰਦਿਆਂ ਕਿਹਾ ਕਿ ਅਜਿਹੀ ਪਰਵਿਰਤੀ ਕਾਰਨ ਜਿੱਥੇ ਸਬੰਧਤ ਲੇਖਿਕ ਨੂੰ ਗੁੰਮਰਾਹ ਕਰਕੇ ਉਸਦੇ ਨਿਖਰਨ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਓਥੇ ਪੰਜਾਬੀ ਸਾਹਿਤ ਤੋਂ ਪਾਠਕਾਂ ਦਾ ਮੋਹ ਵੀ ਭੰਗ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਐੱਮ.ਏ., ਬੀ.ਏ. `ਚ ਪੜ੍ਹਦਾ ਵਿਦਿਆਰਥੀ ਅਜਿਹਾ ਸਾਹਿਤ ਪੜ੍ਹੇਗਾ ਤਾਂ ਨਿਰਸੰਦੇਹ ਉਹ ਪੰਜਾਬੀ ਸਾਹਿਤ ਤੋਂ ਦੂਰ ਜਾਵੇਗਾ। ਇਸਦੇ ਹੱਲ ਲਈ ਉਸਨੇ ਕਾਫ਼ਲੇ ਵੱਲੋਂ ਆਪ ਆਲੋਚਨਾ ਸ਼ੁਰੂ ਕਰਨ ਦੀ ਤਜਵੀਜ਼ ਪੇਸ਼ ਕਰਦਿਆਂ ਬਾਕੀ ਮੈਂਬਰਾਂ ਤੋਂ ਸੁਝਾਅ ਮੰਗੇ ਜਿਸ ਦੌਰਾਨ ਮੇਜਰ ਮਾਂਗਟ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਯੂਨੀਵਰਸਿਟੀਆਂ ਵੱਲੋਂ ਵੀ ਆਪਣੀਆਂ ਕਾਨਫ਼ਰੰਸਾਂ ਵਿੱਚ ਉਹੀ ਪਰਵਾਸੀ ਲੇਖਕ ਉਭਾਰੇ ਜਾਂਦੇ ਨੇ ਜਿਨ੍ਹਾਂ ਬਾਰੇ ਏਥੇ ਕਦੀ ਸੁਣਿਆ ਵੀ ਨਹੀਂ ਹੁੰਦਾ ਜਾਂ ਜਿਨ੍ਹਾਂ ਨੂੰ ਅਜੇ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਪਰ ਉਨ੍ਹਾਂ ਕੋਲ਼ ਆਪਣੀ ਪ੍ਰਸੰਸਾ ਕਰਵਾਉਣ ਲਈ ਪੈਸਾ ਹੁੰਦਾ ਹੈ ਤੇ ਉਹ ਇਨ੍ਹਾਂ ‘ਬੁੱਧੀਜੀਵੀਆਂ’ ਨੂੰ ਕੈਨੇਡਾ ਦੀ ਸੈਰ ਕਰਵਾਉਂਦੇ ਅਤੇ ਮਹਿੰਗੇ ਮਹਿੰਗੇ ਤੋਹਫ਼ੇ ਦੇ ਕੇ ਨਿਵਾਜ਼ਦੇ ਨੇ। ਉਂਕਾਰਪ੍ਰੀਤ ਨੇ ਕਿਹਾ ਕਿ ਪਰਵਾਸੀ ਸਾਹਿਤ ਦੇ ਨਾਂ ਹੇਠ ਭਾਰਤੀ ਯੂਨੀਵਰਸਿਟੀਆਂ ਵਿੱਚ ਬਣੀਆਂ ਚੇਅਰਾਂ ਵੱਲੋਂ ਇਸ ਪਾਸੇ ਗੰਭੀਰਤਾ ਨਾਲ਼ ਕੰਮ ਕੀਤਾ ਜਾਣਾ ਚਾਹੀਦਾ ਹੈ ਅਤੇ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਪੱਖਪਾਤੀ ਆਲੋਚਨਾ ਦਾ ਸਖ਼ਤ ਨੋਟਿਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਾਫ਼ਲੇ ਦੇ ਫੌਰਮੈਟ ਨੂੰ ਬਦਲਣ ਦੀ ਤਜਵੀਜ਼ ਦੀ ਵੀ ਪ੍ਰੋੜ੍ਹਤਾ ਕੀਤੀ।  ਬਲਦੇਵ ਰਹਿਪਾ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ‘ਕਾਫ਼ਲੇ’ ਦਾ ਬਹੁਤ ਵੱਡਾ ਨਾਂ ਹੈ ਅਤੇ ਇਸਦੇ ਸਮਾਜੀ ਸਰੋਕਾਰਾਂ ਵਾਲ਼ੇ ਪੱਖ ਦੀ ਵੀ ਆਪਣੀ ਪਛਾਣ ਹੈ। ਉਨ੍ਹਾਂ ਕਿਹਾ ਕਿ ਕਾਫ਼ਲੇ ਨੂੰ ਇਸ ਪਾਸੇ ਦ੍ਰਿੜ੍ਹਤਾ ਨਾਲ਼ ਕਦਮ ਚੁੱਕਣੇ ਚਾਹੀਦੇ ਹਨ। ਪ੍ਰੋਫੈਸਰ ਰਾਮ ਸਿੰਘ ਨੇ ਕਿਹਾ ਕਿ ਲੇਖਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਉਂ ਲਿਖਦਾ ਹੈ ਅਤੇ ਉਸਦਾ ਲਿਖਣ ਦਾ ਮਕਸਦ ਕੀ ਹੈ? ਜੇ ਉਹ ਆਪਣੇ ਮਕਸਦ ਪ੍ਰਤੀ ਧੁੰਦਲਾ ਹੋਵੇਗਾ ਤਾਂ ਉਸਦੀ ਲਿਖਤ ਵੀ ਧੁੰਦਲੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਗ਼ਲਤ ਕਿਸਮ ਦੇ ਪ੍ਰਚਾਰ ਦੀ ਆ ਰਹੀ ਸਮੱਸਿਆ ਦਾ ਕਾਰਨ ਵੀ ਉਹੀ ਲੋਕ ਬਣਦੇ ਨੇ ਜਿਨ੍ਹਾਂ ਨੂੰ ਗੌਲਣਯੋਗ ਨਹੀਂ ਮੰਨਿਆ ਜਾ ਸਕਦਾ ਪਰ ਉਹ “ਗੌਲਣਯੋਗ” ਹੋਣ ਲਈ ਆਪਣੀ ਦੌਲਤ ਦੀ ਵਰਤੋਂ ਕਰਦੇ ਤੇ ਆਪਣਾ ਪ੍ਰਚਾਰ ਕਰਵਾਉਂਦੇ ਨੇ। ਉਨ੍ਹਾਂ ਨੇ ਵੀ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਕਿ ਕਾਫ਼ਲੇ ਨੂੰ ਇਹ ਫ਼ੈਸਲਾ ਜ਼ਰੂਰ ਲੈਣਾ ਚਾਹੀਦਾ ਹੈ। ਬਲਬੀਰ ਕੌਰ ਸੰਘੇੜਾ ਨੇ ਕਿਹਾ ਕਿ ਬੜੀ ਮੁਸ਼ਕਲ ਨਾਲ਼ ਅਸੀਂ ਇਸ ਦੋਸ਼ ਤੋਂ ਮੁਕਤ ਹੋਏ ਸਾਂ ਕਿ ਬਾਹਰਲਾ ਪੰਜਾਬੀ ਸਾਹਿਤ ਪੌਂਡਾਂ/ਡਾਲਰਾਂ ਦੇ ਸਿਰ `ਤੇ ਛਪ ਰਿਹਾ ਹੈ ਪਰ ਹੁਣ ਚੱਲੇ ਰੁਝਾਨ ਨੇ ਸਾਨੂੰ ਫਿਰ ਉਸੇ ਮੋੜ `ਤੇ ਲਿਆ ਖੜ੍ਹਾ ਕੀਤਾ ਹੈ।  
    ਇੱਕ ਵੱਖਰੇ ਨੁਕਤੇ ਤੋਂ ਗੱਲ ਅੱਗੇ ਤੋਰਦਿਆਂ ਕਹਾਣੀਕਾਰ ਜਰਨੈਲ ਸਿੰਘ ਨੇ ਕਿਹਾ ਕਿ ਕਿਤਾਬਾਂ ਦੀ ਸੰਪਾਦਨਾ ਕਰਦਿਆਂ ਵੀ ਪੱਖਪਾਤੀ ਅਤੇ ਸਵੈ-ਪ੍ਰਚਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕਿਤਾਬ ਦੀ ਸੰਪਾਦਨਾ ਕਰਦਿਆਂ ਜਿੱਥੇ ਸਭ ਨੂੰ ਸ਼ਮੂਲੀਅਤ ਵਿੱਚ ਬਰਾਬਰ ਦਾ ਮੌਕਾ  ਦਿੱਤਾ ਜਾਣਾ ਜ਼ਰੂਰੀ ਹੈ ਓਥੇ ਹਰ ਲੇਖਕ ਨੂੰ ਉਸਦੀ ਪ੍ਰਤਿਭਾ ਅਤੇ ਸਾਹਿਤਕ ਦੇਣ ਦੇ ਹਿਸਾਬ ਨਾਲ਼ ਕਿਤਾਬ ਵਿੱਚ ਉਸਦੀ ਲਿਖਤ ਨੂੰ ਪਹਿਲ ਦੇ ਆਧਾਰ `ਤੇ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਇੱਕ ਕਿਤਾਬ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਨਾ ਸਿਰਫ ਰਵਾਇਤ ਦੇ ਉਲਟ ਜਾਂਦਿਆਂ ਸੰਪਾਦਕੀ ਟੀਮ ਨੇ ਆਪਣੀਆਂ ਹੀ ਕਹਾਣੀਆਂ ਨੂੰ ਸ਼ੁਰੂ ਵਿੱਚ ਛਾਪਿਆ ਸਗੋਂ ਬਹੁਤ ਸਾਰੇ ਨਾਮਵਰ ਕਹਾਣੀਕਾਰਾਂ ਨੂੰ ਇਸ ਕਿਤਾਬ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਰਤਾਰੇ `ਚੋਂ ਸੰਪਾਦਕਾਂ ਦੀ ਸਵੈ-ਪਰਮੋਸ਼ਨ ਦੀ ਰੁਚੀ ਝਲਕਦੀ ਹੈ, ਜੋ ਨਹੀਂ ਸੀ ਹੋਣੀ ਚਾਹੀਦੀ। 
    ਕਾਫ਼ਲਾ ਸੰਚਾਲਕ ਪਰਮਜੀਤ ਦਿਓਲ ਵੱਲੋਂ ਜਿੱਥੇ ਹਾਜ਼ਰ ਲੇਖਕਾਂ ਦਾ ਧੰਨਵਾਦ ਕੀਤਾ ਗਿਆ ਓਥੇ ਸੰਚਾਲਕਾਂ ਵੱਲੋਂ ਸੁਝਾਏ ਗਏ ਪ੍ਰਸਤਾਵ ਨੂੰ ਪਰਵਾਨਗੀ ਦੇਣ ਲਈ ਵੀ ਧੰਨਵਾਦ ਕੀਤਾ ਅਤੇ ਆਪਣੀ ਇੱਕ ਰਚਨਾ ਵੀ ਸਾਂਝੀ ਕੀਤੀ। ਇਸਤੋਂ ਇਲਾਵਾ ਰਿੰਟੂ ਭਾਟੀਆ, ਜਸਵਿੰਦਰ ਸੰਧੂ, ਪਿਆਰਾ ਸਿੰਘ ਕੁੱਦੋਵਾਲ, ਮਨਮੋਹਨ ਸਿੰਘ ਗੁਲਾਟੀ, ਗਿਆਨ ਸਿੰਘ ਦਰਦੀ, ਰਛਪਾਲ ਕੌਰ ਗਿੱਲ, ਡਾਕਟਰ ਜਗਦੀਸ਼ ਚੋਪੜਾ, ਆਦਿ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ। ਗਿਆਨ ਸਿੰਘ ਦਰਦੀ ਅਤੇ ਪਰਮਜੀਤ ਢਿੱਲੋਂ ਵੱਲੋਂ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ।