ਪੰਜਾਬ ਦੇ ਸੰਨ ਚੁਰਾਸੀ ਦਾ ਵਿਸ਼ਵ ਪ੍ਰਸਿਧ ਇਤਿਹਾਸਕ ਦੁਖਾਂਤ ਬਾਰੇ ਪੂਰੀ ਦੁਨੀਆਂ ਜਾਣਦੀ ਹੈ । ਇਹ ਖੂਨੀ ਇਤਿਹਾਸ ਹਰੇਕ ਪੰਜਾਬੀ ਦੇ ਦਿਲਾਂ ਵਿਚ ਧੁਰ ਅੰਦਰ ਤਕ ਤਪਸ਼ ਦੇ ਰਿਹਾ ਹੈ ਤੇ ਹਰ ਸਾਲ ਜੂਂਨ ਮਹੀਨੇ ਵਿਚ ਵਡੀ ਪਧਰ ਤੇ ਪੰਜਾਬ ਇਸ ਸੋਗੀ ਮਹੀਨੇ ਨੂੰ ਮਨਾਉਂਦਾ ਆ ਰਿਹਾ ਹੈ । ਕਿਵੇਂ ਸਰਕਾਰਾਂ ਆਪਣੇ ਮੁਫਾਦ ਲਈ ਵੋਟ ਬੈਂਕ ਲਈ ਲੋਕਾਂ ਨੂੰ ਵੰਡਦੀਆਂ ਹਨ ।। ਇਸ ਲਈ ਭਾਵੇਂ ਕਿੰਨੇ ਵੀ ਮਾਸੂਮਾਂ ਦੀ ਬਲੀ ਲੈਣੀ ਪਵੇ ਉਹ ਤਤਪਰ ਰਹਿੰਦੀਆਂ ਹਨ । ਕੁਰਸੀ ਹੰਕਾਰ ਜਦੋਂ ਸਿਖਰ ਤਕ ਪਹੁੰਚਦਾ ਹੈ ਤਾਂ ਅਜਿਹੇ ਵਰਤਾਰੇ ਇਤਿਹਾਸ ਦਾ ਸਦੀਵੀ ਅੰਗ ਬਣ ਜਾਂਦੇ ਹਨ । ਬਹੁਤ ਕੁਝ ਸੰਨ ਚੁਰਾਸੀ ਵਿਚ ਵਾਪਰੇ ਦੁਖਾਂਤ ਬਾਰੇ ਹੁਣ ਤੱਕ ਲਿਖਿਆ ਜਾ ਚੁਕਾ ਹੈ । ਕਈ ਨਾਮਵਰ ਲੇਖਕਾਂ ,ਸਾਹਿਤਕ ਕਲਮਾਂ, ਪਤਰਕਾਰਾਂ ਨੇ ਅਖੀਂ ਡਿਠੇ ਮਾਰੂ ਦ੍ਰਿਸ਼ਾਂ ਨੂੰ ਨੇੜਿਓਂ ਤਕਿਆ ਹੈ ਤੇ ਕਲਮਬਧ ਕੀਤਾ ਹੈ । ਇਹ ਵਡਾਅਕਾਰੀ ਪੁਸਤਕ ਕੇਂਦਰੀ ਖੁਫੀਆ ਏਜੰਸੀ ਦੇ ਉਚ ਅਧਿਕਾਰੀ ਦੀ ਲਿਖੀ ਹੋਈ ਹੈ ।ਆਪਣੀ ਨੌਕਰੀ ਸਮੇਂ ਦੇ ਅਨੁਭਵ ਇਸ ਪੁਸਤਕ ਵਿਚ ਹਨ । ਲੇਖਕ ਲਿਖਦਾ ਹੈ ਕਿ ਉਸਦੇ ਮਨ ਤੇ ਬਹੁਤ ਵਡਾ ਬੋਝ ਸੀ ।ਇਹ ਪੁਸਤਕ ਲਿਖ ਕੇ ਉਸਨੇ ਆਪਣੇ ਮਨ ਤੇ ਪਿਆ ਭਾਂਰ ਹੌਲਾ ਕੀਤਾ ਹੈ । ਪਹਿਲਾਂ ਲਿਖਤ ਪੁਸਤਕਾਂ ਬਹੁਤ ਸਾਰੇ ਹਵਾਲੇ ਲੇਖਕ ਨੇ ਦਿਤੇ ਹਨ । ਇਸ ਦੁਖਦਾਈ ਕਾਂਡ ਵਾਪਰੇ ਨੂੰ ਅਠਤੀ ਸਾਲ ਹੋ ਚੁਕੇ ਹਨ । ਪੰਜਾਬ ਨੂੰ ਹਰ ਸਾਲ ਇਸ ਅਕਹਿ ਪੀੜਾਂ ਦਾ ਦਰਦ ਝਲਣਾ ਪੈਂਦਾ ਹੈ । ਇਹ ਦਰਦ ਸਦੀਵੀ ਹੈ । ਖਾਲਿਸਤਾਨ ਦਾ ਸੰਕਲਪ ਕਿਵੇਂ ਪੈਦਾ ਹੋਇਆ ।ਕੋਣ ਕੋਣ ਇਸ ਲਈ ਜ਼ਿੰਮੇਵਾਰ ਸੀ । ਕਿਸ ਏਜੰਸੀ ਨੇ ਅਕਾਲੀ ਦਲ ਨੂੰ ਸਬਕ ਸਿਖਾਉਣ ਲਈ ਸੰਤ ਜਰਨੈਲ ਸਿੰਘ ਦੀ ਚੋਣ ਕੀਤੀ । ਖੁਫੀਆ ਏਜੰਸੀਆਂ ਦੀ ਕੀ ਭੂਮਿਕਾ ਸੀ । ਲੇਖਕ ਨੇ ਸਮੇਂ ਸਮੇਂ ਤੋਂ ਤਤਕਾਲੀ ਪ੍ਰਧਾਨ ਮੰਤਰੀ ਨਾਲ ਏਜੰਸੀਆਂ, ਫੋਜੀ ਅਫਸਰਾਂ ਤੇ ਵਿਦੇਸ਼ ਮੰਤਰੀ ਨਾਲ ਹੋੲਆਂ ਮੁਲਾਕਾਤਾਂ ਨੂੰ ਨੇੜੀਓਂ ਵੇਖਿਆ । ਪੁਸਤਕ ਲੇਖਕ ਸਰਦਾਰ ਸਵਰਨ ਸਿੰਘ ਕੇਂਦਰੀ ਵਿਦੇਸ਼ ਮੰਤਰੀ ਦਾ ਜਵਾਈ ਹੈ । ਉਹ ਇੰਦਰਾ ਗਾਂਧੀ ਦਾ ਨਿਕਟਵਰਤੀ ਸੀ ਤੇ ਵਿਸ਼ਵਾਸ਼ ਵਾਲ ਸ਼ਖਸ ਸੀ । ਸਵਰਨ ਸਿੰਘ ਨੇ ਇੰਦਰਾ ਗਾਂਧੀ ਨੂੰ ਲੇਖਕ ਅਨੁਸਾਰ ਸਲਾਹ ਦਿਤੀ ਸੀ ਕਿ ਉਹ ਦਰਬਾਰ ਸਾਹਿਬ ਤੇ ਫੋਜੀ ਕਾਰਵਾਈ ਨਾ ਕਰੇ ।ਕਿਸੇ ਸ਼ਰਤ ਤੇ ਵੀ ਫੋਜ ਦਰਬਾਰ ਸਾਹਿਬ ਵਿਚ ਦਾਖਲ ਨਹੀਂ ਹੋਵੇਗੀ (ਪੰਨਾ 172)। ਹੋਇਆ ਇਸ ਦੇ ਉਲਟ ।ਫੋਜੀ ਅਫਸਰਾਂ ਨੇ ਇੰਦਰਾ ਗਾਂਧੀ ਨੂੰ ਗੁਮਰਾਹ ਕੀਤਾ ।
ਲੇਖਕ ਨੇ ਪੁਸਤਕ ਵਿਚ ਪ੍ਰਧਾਂਨ ਮੰਤਰੀ ਇੰਦਰਾ ਗਾਂਧੀ ਦੀ ਮਾਨਸਿਕਤਾ ਦਾ ਗਹਿਰਾ ਵਿਸ਼ਲੇਸ਼ਣ ਕੀਤਾ ਹੈ । ਇਕ ਇਕ ਘਟਨਾ ਦੀ ਤਹਿ ਤਕ ਗਿਆ ਹੈ । ਇੰਦਰਾ ਗਾਂਧੀ ਨੇ ਅਕਾਲੀਆਂ ਨਾਲ ਗਲਬਾਤ ਦਾ ਪਖੰਡ ਲੰਮਾ ਸਮਾਂ ਕੀਤਾ । ਵਿਖਾਵਾ ਕੀਤਾ ਕਿ ਉਹ ਪੰਜਾਬ ਮਸਲੇ ਲਈ ਗੰਭੀਰ ਹੈ। ਨਾਲ ਹੀ ਫੌਜੀ ਕਮਾਂਡਰਾਂ ਨਾਲ ਸਲਾਹ ਜਾਰੀ ਰਖੀ । ਪੰਜਾਬ ਵਿਚ ਖਾੜਕੂਵਾਦ ਨੂੰ ਸ਼ਹਿ ਦਿਤੀ ।ਇਕ ਸਮਾਂ ਅਜਿਹਾ ਵੀ ਆਇਆ ਕਿ ਕਮਾਂਡੋਂਜ਼ ਵਲੋਂ ਸੰਤ ਜਰਨੈਲ ਸਿੰਘ ਨੂੰ ਦਰਬਾਰ ਸਾਹਿਬ ਵਿਚ ਲੰਗਰ ਹਾਲ ਦੀ ਛਤ ਤੋਂ ਪ੍ਰਚਾਰ ਕਰਦੇ ਸਮੇਂ ਅਗਵਾ ਕਰ ਲਿਆ ਜਾਵੇ । ਜਦੋਂ ਇੰਦਰਾ ਗਾਂਧੀ ਨੂੰ ਇਸ ਕਾਰਵਾਈ ਨਾਲ ਹੋਣ ਵਾਲੇ ਜਾਨੀ ਨੁਕਸਾਨ ਬਾਰੇ ਪਤਾ ਲਗਾ ਤਾਂ ਉਸਨੇ ਇਸ ਦੀ ਸਹਿਮਤੀ ਨਾ ਦਿਤੀ । ਪੁਸਤਕ ਵਿਚ ਇਹ ਸਾਰਾ ਬਿਰਤਾਂਤ 13 ਕਾਂਡਾਂ ਵਿਚ ਹੈ । ਪੰਜਾਬ ਦੇ ਵਿਗੜੈ ਮਾਹੌਲ ਬਾਰੇ ਵਿਦੇਸ਼ਾਂ ਵਿਚ ਕੀ ਪ੍ਰਤੀਕਰਮ ਸੀ ਇਸ ਦਾ ਵੇਰਵਾ ਇੰਦਰਾ ਗਾਂਧੀ ਦੀ ਅਮਰੀਕਾ ਦੀ ਸਰਕਾਰੀ ਯਾਤਰਾ ਵਿਵਚ ਲਿਖਿਆ ਗਿਆ ਹੈ । ਵਿਦੇਸ਼ੀ ਪੰਜਾਬੀਆਂ ਵਿਚ ਇੰਦਰਾ ਗਾਂਧੀ ਲਈ ਬਹੁਤ ਰੋਸ ਤੇ ਗੁੱਸਾ ਸੀ । ਪੁਸਤਕ ਦੇ ਕਾਂਡ ਓਪਰੇਸ਼ਨ ਬਲਿਉਂ ਸਟਾਰ (3 ਜੂਨ –6 ਜੂਨ) ,ਭਿੰਡਰਾਵਾਲੇ ਦਾ ਉਭਾਰ ,ਅਰਾਜਕਤਾ ਦੀ ਅਵਸਥਾ ,ਇੰਦਰਾ ਗਾਂਧੀ ਕਤਲ ,ਸਤਵੰਤ ਸਿੰਘ ਬੇਅੰਤ ਸਿੰਘ ਦੀ ਮਾਨਸਿਕਤਾ ,ਇੰਦਰਾ ਕਤਲ ਪਿਛੋਂ ਦੇ ਹਾਲਾਤ, ਇੰਦਰਾ ਗਾਂਧੀ ਦੇ ਨਿਕਟਵਰਤੀ ਅਫਸਰਾਂ ਪੀ ਸੀ ਅਲੈਗਜ਼ੈਂਡਰ ,ਆਰ ਐਨ ਕਾਓ ,ਅਤੇ ਬੀ ਰਾਮਨ ਦੀ ਭੂਮਿਕਾ ਦਾ ਵਿਸਥਾਰ ਪੁਸਤਕ ਵਿਚ ਹੈ । ਇਸ ਦੇ ਨਾਲ ਫੌਜੀ ਅਫਸਰਾਂ ਜਨਰਲ ਵੈਦਿਆ , ਕੇ ਸੁੰਦਰ ਜੀਂ, ਕੁਲਦੀਪ ਸਿੰਘ ਬਰਾੜ , ਅਕਾਲੀ ਦਲ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਭੂਮਿਕਾ ਦਾ ਜ਼ਿਕਰ ਵੀ ਹੈ । ਓਪਰੇਸ਼ਨ ਬਲਿਊ ਸਟਾਰ ਸਮੇਂ ਹੋਏ ਜਾਨੀ ਨੁਕਸਾਨ ਦੇ ਅੰਕੜੇ ਹਨ ।ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦੇ ਕਤਲ(ਗਿਣਤੀ 3350 ) ਦੀ ਜਾਣਕਾਰੀ ਲੇਖਕ ਨੇ ਦਿੱਤੀ ਹੈ ।(ਪੰਨਾ 168-195)
ਪੁਸਤਕ ਦਾ ਸਭ ਤੋਂ ਦੁਖਦਾਈ ਪਖ ਇਹ ਹੈ ਕਿ ਬਹੁਤ ਵਡੀ ਗਿਣਤੀ ਵਿਚ ਨਿਰਦੋਸ਼ ਲੋਕਾਂ ਨੂੰ ਕਤਾਰ ਵਿਚ ਖੜੇ ਕਰਕੇ ਗੋਲੀਆਂ ਨਾਲ ਭੁੰਨ ਦਿਤਾ ਗਿਆ । ਸਿੱਖਾਂ ਨਾਲ ਨਫਰਤ ਦੇ ਅਨੇਕਾਂ ਦ੍ਰਿਸ਼ ਹਨ । ਪੁਸਤਕ ਵਿਚ 17 ਇਤਿਹਾਸਕ ਤਸਵੀਰਾਂ ਹਨ । ਇਕ ਤਸਵੀਰ ਵਿਚ ਲੇਖਕ ਤੇ ਉਸਦੀ ਪਤਨੀ ਇੰਦਰਾ ਗਾਂਧੀ ਨਾਲ ਖੜੇ ਹਨ ।ਗਿਆਨੀ ਜ਼ੈਲ ਸਿੰਘ ,ਸੰਤ ਭਿੰਡਰਾਵਾਲੇ ,ਮਨਜੀਤ ਸਿੰਘ ਜੀ ਕੇ, ਆਈ ਕੇ ਗੁਜਰਾਲ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਕੁਝ ਤਸਵੀਰਾਂ ਹਨ । ਸਭ ਤੋਂ ਅਹਿਮ ਗਲ ਇਹ ਹੈ ਕਿ ਖਾਲਿਸਤਾਨ ਬਾਰੇ ਅਜੇ ਵੀ ਵਿਦੇਸ਼ਾਂ ਵਿਚ ਸਮੇਂ ਸਮੇਂ ਤੇ ਚਰਚਾ ਹੁੰਦੀ ਰਹਿੰਦੀ ਹੈ । ਵੱਖ ਵੱਖ ਦੇਸ਼ਾਂ ਵਿਚ ਇਸ ਪ੍ਰਸੰਗ ਨਾਲ ਜੁੜੇ ਲੋਕਾਂ ਦਾ ਜ਼ਿਕਰ ਵੀ ਲੇਖਕ ਨੇ ਕੀਤਾ ਹੈ । ਪੁਸਤਕ ਦਾ ਮਿਆਰੀ ਅਨੁਵਾਦ ਅੰਗਰੇਜ਼ੀ ਤੋਂ ਪੰਜਾਬੀ ਵਿਚ ਕੀਤਾ ਗਿਆ ਹੈ । ਪੰਜਾਬ ਦੇ ਦੁਖਦਾਈ ਇਤਿਹਾਸ ਦੀ ਪੁਸਤਕ ਦਾ ਸਵਾਗਤ ਹੈ । ਇਹ ਮਹਤਵਪੂਰਨ ਦਸਤਾਵੇਜ਼ ਪੰਜਾਬ ਦੇ ਹਰੇਕ ਨਾਗਰਿਕ ਲਈ ਸਾਂਭਣਯੋਗ ਹੈ । ਖਾਂਸ ਕਰਕੇ ਦੇਸ਼ ਦੀ ਸਿਆਸਤ ਨਾਲ ਜੁੜੇ ਲੋਕਾ ਲਈ ਪੁਸਤਕ ਬਹੁਤ ਲਾਹੇਵੰਦ ਹੈ ।