ਅਪ੍ਰੈਲ 2022 ਅੰਕ


ਕਹਾਣੀਆਂ

  •    ਦਾਅ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਈ ਦੀਵਾਨ ਸੁਸਾਇਟੀ ਵਲੋਂ ਔਰਤ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਕਵੀ ਦਰਬਾਰ (ਖ਼ਬਰਸਾਰ)


    ਕੈਲਗਰੀ: ਪਿਛਲੇ ਦੋ ਸਾਲ ਤੋਂ ਹੋਂਦ ਵਿੱਚ ਆਈ, ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 26 ਮਾਰਚ ਦਿਨ ਸ਼ਨਿਚਰਵਾਰ ਨੂੰ, ਆਪਣੇ ਹਫਤਾਵਾਰ ਸਮਾਗਮ ਵਿੱਚ, ਔਰਤ ਦਿਵਸ ਨੂੰ ਸਮਰਪਿਤ, ਔਨਲਾਈਨ ਇੰਟਰਨੈਸ਼ਨਲ ਕਵੀ ਦਰਬਾਰ ਕਰਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਇਸ ਵਿੱਚ ਔਰਤ ਦੀ ਚੜ੍ਹਦੀ ਕਲਾ ਦੇ ਨਾਲ ਨਾਲ, ਸਿੱਖ ਇਤਿਹਾਸ ਦੀਆਂ ਮਹਾਨ ਔਰਤ ਨਾਇਕਾਵਾਂ ਨੂੰ ਵੀ ਯਾਦ ਕੀਤਾ ਗਿਆ। ਇਹ ਸੰਸਥਾ ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।
    ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਬਾਨੀ ਡਾ. ਬਲਰਾਜ ਸਿੰਘ ਨੇ, ਨਵੀਂ ਸੰਗਤ ਨੂੰ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ- ਇਸ ਸੰਸਥਾ ਨਾਲ, ਕੈਲਗਰੀ ਤੋਂ ਇਲਾਵਾ- ਐਡਮੰਟਨ, ਵੈਨਕੂਵਰ, ਟੋਰੰਟੋ, ਯੂ.ਐਸ.ਏ., ਇੰਡੀਆ ਆਦਿ ਤੋਂ ਸੰਗਤ ਜੁੜੀ ਹੋਈ ਹੈ। ਹਰ ਵੀਕਐਂਡ ਤੇ ਵਿਦਵਾਨਾਂ ਵਲੋਂ, ਗੁਰਬਾਣੀ ਦੀ ਵਿਚਾਰਧਾਰਾ ਤੇ ਅਧਾਰਿਤ, ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਭਰਪੂਰ ਲੈਕਚਰ ਕਰਵਾਏ ਜਾਂਦੇ ਹਨ- ਜੋ ਬਾਅਦ ਵਿੱਚ ‘ਸੰਗਤੀ ਵਿਚਾਰ’ ਯੁਟਿਊਬ ਚੈਨਲ ਤੇ ਪਾ ਦਿੱਤੇ ਜਾਂਦੇ ਹਨ। ਸਮਾਗਮ ਦੇ ਸ਼ੁਰੂ ਤੇ ਅੰਤ ਤੇ ਬੱਚਿਆਂ ਵਲੋਂ ਕੀਰਤਨ ਕੀਤਾ ਜਾਂਦਾ ਹੈ।

    ਗੁਰਦੀਸ਼ ਕੌਰ ਤੇ ਜਗਬੀਰ ਸਿੰਘ ਨੇ ਮੰਚ ਸੰਚਾਲਨ ਦੀ ਸੇਵਾ ਸੰਭਾਲੀ। ਦੂਰ ਦੁਰਾਡੇ ਤੋਂ ਪਹੁੰਚੇ ਕਵੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਕਵੀਆਂ ਦੀ ਜਾਣ ਪਛਾਣ ਕਰਾਉਂਦੇ ਹੋਏ, ਸਭ ਨੂੰ ਵਾਰੀ ਵਾਰੀ ਸੱਦਾ ਦਿੱਤਾ। ਜੈਪੁਰ ਤੋਂ ਆਏ- ਬ੍ਰਿਜਮਿੰਦਰ ਕੌਰ ਨੇ ਮਾਂ ਦੇ ਰੂਪ ਵਿੱਚ ਨਿਭਾਈ ਔਰਤ ਦੀ ਭੂਮਿਕਾ ਨੂੰ ਕਵਿਤਾ ਰਾਹੀਂ ਬਿਆਨ ਕਰਕੇ, ਸਮਾਗਮ ਦੀ ਸ਼ੁਰੂਆਤ ਕੀਤੀ। ਟੋਰੰਟੋ ਤੋਂ ਆਏ- ਪਰਮਜੀਤ ਸਿੰਘ, ਪਰਨੀਤ ਕੌਰ ਤੇ ਸਿਮਰਲੀਨ ਕੌਰ ਨੇ, ਗੁਰਦੀਸ਼ ਕੌਰ ਗਰੇਵਾਲ ਦਾ ਮਾਤਾ ਗੁਜਰੀ ਤੇ ਲਿਖਿਆ ਗੀਤ, ਸੰਗੀਤਬੱਧ ਕਰਕੇ, ਸੁਰੀਲੀ ਆਵਾਜ਼ ਵਿੱਚ ਗਾ ਕੇ, ਮਹੌਲ ਸੁਰਮਈ ਬਣਾ ਦਿੱਤਾ। ਜਸਬੀਰ ਕੌਰ ਗਿੱਲ ਨੇ ਵੀ ਔਰਤ ਤੇ ਕਵਿਤਾ ਪੜ੍ਹੀ। ਗੁਰਜੀਤ ਕੌਰ ਅਜਨਾਲਾ (ਇੰਡੀਆ) ਨੇ ਆਪਣੀ ਬੁਲੰਦ ਆਵਾਜ਼ ਵਿੱਚ, ਔਰਤ ਦੀ ਚੜ੍ਹਦੀ ਕਲਾ ਤੇ ਕਵੀਸ਼ਰੀ ਗਾ ਕੇ, ਵਾਹਵਾ ਖੱਟੀ। ਅਮਰਜੀਤ ਕੌਰ ਮੋਰਿੰਡਾ ਨੇ ਬੈਂਤ ਛੰਦ ਵਿੱਚ ਲਿਖੀ ਆਪਣੀ ਕਵਿਤਾ ਨੂੰ ਤਰੰਨਮ ਵਿੱਚ ਸੁਣਾ ਕੇ, ਚਮਕੌਰ ਜੰਗ ਦੇ ਸ਼ਹੀਦਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਵਾਲੀ, ਦਲੇਰ ਔਰਤ ਬੀਬੀ ਸ਼ਰਨ ਕੌਰ ਨੂੰ ਯਾਦ ਕੀਤਾ। ਉਸਤਾਦ ਕਵੀ ਹਰੀ ਸਿੰਘ ਜਾਚਕ (ਲੁਧਿਆਣਾ) ਨੇ ਆਪਣੀ ਬੁਲੰਦ ਆਵਾਜ਼ ਰਾਹੀਂ, ਆਪਣੀ ਭਾਵਪੂਰਤ ਕਵਿਤਾ ਵਿੱਚ ਮਾਤਾ ਗੁਜਰੀ ਜੀ ਤੇ ਮਾਈ ਭਾਗੋ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਟੋਰੰਟੋ ਤੋਂ ਆਈ ਸ਼ਾਇਰਾ ਸੁੰਦਰਪਾਲ ਕੌਰ ਰਾਜਾਸਾਂਸੀ ਨੇ- ਕੇਸਰੀ ਕਬਿੱਤ ਛੰਦ ਵਿੱਚ, ਮਾਈ ਭਾਗੋ ਤੇ ਲਿਖੀ ਆਪਣੀ ਕਵਿਤਾ ਸੁਣਾ ਕੇ, ਜੋਸ਼ ਭਰ ਦਿੱਤਾ। ਟੋਰੰਟੋ ਤੋਂ ਹੀ ਆਏ, ਨਾਮਵਰ ਗੀਤਕਾਰ ਸੁਜਾਨ ਸਿੰਘ ਸੁਜਾਨ ਨੇ ਆਪਣੀ ਬੁਲੰਦ ਆਵਾਜ਼ ਵਿੱਚ ਆਪਣਾ ਗੀਤ ਗਾ ਕੇ, ਮਾਤਾ ਸਾਹਿਬ ਕੌਰ ਨੂੰ ਯਾਦ ਕੀਤਾ। ਕੋਕਿਟਲਮ ਬੀ. ਸੀ. ਤੋਂ ਆਏ ਹਰਚੰਦ ਸਿੰਘ ਬਾਗੜੀ ਨੇ ਆਪਣੇ ਲਿਖੇ ਮਹਾਂ ਕਾਵਿ ਵਿਚੋਂ ਕੁੱਝ ਬੰਦ ਸੁਣਾ ਕੇ, ਮਹਾਂਰਾਣੀ ਜਿੰਦਾਂ ਦੇ ਜੀਵਨ ਤੇ ਰੌਸ਼ਨੀ ਪਾਈ। ਸਰੀ ਬੀ.ਸੀ. ਤੋਂ ਆਏ, ਪਲਵਿੰਦਰ ਸਿੰਘ ਰੰਧਾਵਾ ਨੇ, ਸਿਦਕੀ ਸਿੱਖ ਬੀਬੀਆਂ ਤੇ ਲਿਖੇ ਆਪਣੇ ਗੀਤ ਨੂੰ ਬੁਲੰਦ ਆਵਾਜ਼ ਵਿੱਚ ਗਾ ਕੇ, ਰੰਗ ਬੰਨ੍ਹ ਦਿੱਤਾ। ਕੈਲਗਰੀ ਨਿਵਾਸੀ ਜਸਵੰਤ ਸਿੰਘ ਸੇਖੋਂ ਸਿਹਤ ਨਾਸਾਜ਼ ਹੋਣ ਕਾਰਨ ਕਵੀ ਦਰਬਾਰ ਵਿੱਚ ਹਾਜ਼ਰ ਨਹੀਂ ਹੋ ਸਕੇ। ਅੰਤ ਤੇ ਹੋਸਟ ਗੁਰਦੀਸ਼ ਕੌਰ ਨੇ ਵੀ ਔਰਤ ਦੀ ਚੜ੍ਹਦੀ ਕਲਾ ਨੂੰ ਸਮਰਪਿਤ, ਆਪਣੀ ਇੱਕ ਛੋਟੀ ਜਿਹੀ ਨਜ਼ਮ, ਸੰਗਤ ਨਾਲ ਸਾਂਝੀ ਕੀਤੀ। ਡਾ. ਸੁਰਜੀਤ ਸਿੰਘ ਭੱਟੀ ਅਤੇ ਮੈਡਮ ਨਰਿੰਦਰ ਕੌਰ ਭੱਟੀ ਨੇ, ਕਵੀ ਦਰਬਾਰ ਦੀ ਸ਼ਲਾਘਾ ਕਰਦਿਆਂ ਹੋਇਆਂ, ਸੰਗਤ ਵਲੋਂ ਕਵੀ/ ਕਵਿੱਤਰੀਆਂ ਦਾ ਧੰਨਵਾਦ ਕੀਤਾ। ਨਾਲ ਹੀ ਉਹਨਾਂ, ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮਹੀਨਾਵਾਰ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਵੀ ਕੀਤੀ।