ਉਨ੍ਹੀਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
(ਖ਼ਬਰਸਾਰ)
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਉਨੀਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਪਿਛਲੇ ਸਾਲ ਦੀ ਤਰ੍ਹਾਂ ਜ਼ੂਮ ਰਾਹੀਂ ਮਨਾਇਆ। ਪਲੀ ਦੇ ਸਰਗਰਮ ਮੈਂਬਰਾਂ ਦੇ ਨਾਲ ਨਾਲ ਇਸ ਵਿੱਚ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ, ਅਮਰੀਕਾ ਅਤੇ ਯੂ ਕੇ ਤੋਂ ਵੀ ਪੰਜਾਬੀ ਨਾਲ ਸਨੇਹ ਰੱਖਣ ਵਾਲੇ ਲੋਕ ਸ਼ਾਮਲ ਹੋਏ। ਤਿੰਨ ਘੰਟੇ ਤੋਂ ਵੀ ਵੱਧ ਸਮਾਂ ਚੱਲੇ ਇਸ ਸਮਾਗਮ ਨੂੰ ਡਾਕਟਰ ਕਮਲਜੀਤ ਕੈਂਬੋ ਨੇ ਪੰਜਾਬੀ ਕਵੀਆਂ ਦੀਆਂ ਪੰਜਾਬੀ ਬੋਲੀ ਬਾਰੇ ਲਿਖੀਆਂ ਕਵਿਤਾਵਾਂ ਦਾ ਸਮੇਂ ਸਮੇਂ ਜਿ਼ਕਰ ਕਰਦਿਆਂ ਬਹੁਤ ਖੂਬਸੂਰਤ ਅੰਦਾਜ਼ ਵਿੱਚ ਸਿਰੇ ਚੜ੍ਹਾਇਆ।
ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਡਾਇਰੈਕਟਰ ਸਟੀਵ ਲੈਵਰਨ ਨੇ ਸਮਾਗਮ ਦੀ ਸ਼ੁਰੂਆਤ ਇਹ ਕਹਿੰਦਿਆਂ ਕੀਤੀ ਕਿ ਅਸੀਂ ਆਦਿਵਾਸੀਆਂ ਦੀ ਅਸਪੁਰਦ ਜ਼ਮੀਨ (ਅਨਸੀਡਡ ਟੈਰੇਟਰੀ) `ਤੇ ਇਕੱਤਰ ਹੋਏ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਵਿਦਿਅਕ ਅਦਾਰੇ ਵਲੋਂ ਦੀਪਕ ਬਿਨਿੰਗ ਫਾਊਂਡੇਸ਼ਨ ਨਾਲ ਮਿਲ ਕੇ ਪੰਜਾਬੀ ਬੋਲੀ ਦੀ ਪੜ੍ਹਾਈ ਲਈ ਹੁੰਦੀਆਂ ਕੋਸ਼ਸ਼ਾਂ ਵਿੱਚ ਪਹਿਲਾਂ ਵਾਂਗ ਹੀ ਲਗਾਤਾਰ ਸਾਥ ਮਿਲਦਾ ਰਹੇਗਾ। ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਇਸ ਸੰਸਥਾ ਦੇ ਸਰਗਰਮ ਮੈਂਬਰਾਂ, ਜਿਨ੍ਹਾਂ ਵਿੱਚ ਡਾਕਟਰ ਸਾਧੂ ਬਿਨਿੰਗ, ਪਾਲ ਬਿਨਿੰਗ, ਗੁਰਿੰਦਰ ਮਾਨ, ਰਜਿੰਦਰ ਸਿੰਘ ਪੰਧੇਰ, ਹਰਮਨ ਪੰਧੇਰ, ਦਇਆ ਜੌਹਲ, ਡਾਕਟਰ ਰਣਬੀਰ ਜੌਹਲ, ਡਾਕਟਰ ਕਮਲਜੀਤ ਕੈਂਬੋ, ਪ੍ਰਭਜੋਤ ਕੌਰ, ਡਾਕਟਰ ਇੰਦਰ ਮਾਨ ਦੀ ਜਾਣਪਛਾਣ ਕਰਵਾਈ। ਉਨ੍ਹਾਂ ਨੇ ਪਲੀ ਦੀਆਂ ਸਰਗਰਮੀਆਂ ਦਾ ਸੰਖੇਪ ਵੇਰਵਾ ਦਿੱਤਾ ਅਤੇ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਜਮਾਤਾਂ ਵਿੱਚ ਦਾਖਲ ਕਰਵਾਉਣ ਤਾਂਕਿ ਹੋਰ ਸਕੂਲਾਂ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਈ ਜਾ ਸਕੇ।
ਸਰੀ ਸਕੂਲ ਬੋਰਡ ਤੋਂ ਸੈਲਮਾ ਸਮਿੱਥ ਨੇ ਵੀ ਇਸ ਗੱਲ ਦਾ ਯਕੀਨ ਦੁਆਇਆ ਕਿ ਸਕੂਲ ਬੋਰਡ ਪੰਜਾਬੀ ਭਾਈਚਾਰੇ ਵਲੋਂ ਪੰਜਾਬੀ ਬੋਲੀ ਦੀ ਪੜ੍ਹਾਈ ਲਈ ਹੁੰਦੀਆਂ ਕੋਸ਼ਸ਼ਾਂ ਵਿੱਚ ਉਨ੍ਹਾਂ ਦੇ ਨਾਲ ਹੈ। ਸੰਸਥਾ ਦੇ ਉੱਪ ਪ੍ਰਧਾਨ ਡਾਕਟਰ ਸਾਧੂ ਬਿਨਿੰਗ ਨੇ ਇਸ ਗੱਲ ਵੱਲ ਧਿਆਨ ਦੁਆਇਆ ਕਿ ਪੰਜਾਬੀ ਬੋਲੀ ਦੇ ਸਬੰਧ ਵਿੱਚ ਅਸੀਂ ਕਈ ਵਾਰ ਤਸਵੀਰ ਦੇ ਇੱਕ ਪਾਸੇ `ਤੇ ਜਿ਼ਆਦਾ ਜ਼ੋਰ ਦੇ ਕੇ ਨਿਰਾਸ਼ ਹੋ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵਲੋਂ ਹਰ ਪਾਸੇ ਮਾਂ-ਬੋਲੀ ਦਿਨ ਦੁਆਲੇ ਕੀਤੀਆਂ ਗਈਆਂ ਸਰਗਰਮੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਪੰਜਾਬੀ ਆਪਣੀ ਮਾਂ-ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਫਿਕਰਮੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਕਨੇਡਾ ਦੀ ਫੈਡਰਲ ਸਰਕਾਰ ਦੀ ਭਾਸ਼ਾ ਨੀਤੀ ਵਿੱਚ ਤਬਦੀਲੀ ਦੀ ਮੰਗ ਕਰਨੀ ਚਾਹੀਦੀ ਹੈ ਤਾਂਕਿ ਅੰਗ੍ਰੇਜ਼ੀ ਅਤੇ ਫਰਾਂਸਸੀ ਤੋਂ ਬਿਨਾਂ ਹੋਰ ਭਾਸ਼ਾਵਾਂ ਨੂੰ ਵੀ ਮਾਨਤਾ ਮਿਲੇ।
ਪੰਜਾਬੀ ਅਧਿਆਪਕਾ ਪ੍ਰਭਜੋਤ ਕੌਰ ਨੇ ਸਰੀ ਦੇ ਐਲ ਏ ਮੈਥੇਸਨ ਸੈਕੰਡਰੀ ਸਕੂਲ ਵਲੋਂ ਢਾਹਾਂ ਪ੍ਰਵਾਰ ਦੇ ਸਹਿਯੋਗ ਨਾਲ ਹਰ ਸਾਲ ਕਰਵਾਏ ਜਾਂਦੇ ਪੰਜਾਬੀ ਕਹਾਣੀ ਮੁਕਾਬਲਿਆਂ ਬਾਰੇ ਵਿਸਥਾਰ ਵਿੱਚ ਜਿ਼ਕਰ ਕੀਤਾ। ਉਨ੍ਹਾਂ ਨੇ ਦੱਸਿਆਂ ਕਿ ਸੱਤ ਕਹਾਣੀ ਲੇਖਕਾਂ ਨੂੰ ਪੰਜ ਪੰਜ ਸੌ ਡਾਲਰ ਇਨਾਮ ਲਈ ਚੁਣਿਆਂ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਗੁਰਮੁਖੀ ਤੇ ਸ਼ਾਹਮੁਖੀ ਲਿਪੀ ਵਿੱਚ ਅਤੇ ਨਾਲ ਹੀ ਅੰਗ੍ਰੇਜ਼ੀ ਅਤੇ ਫਰਾਂਸੀਸੀ ਵਿੱਚ ਅਨੁਵਾਦ ਕਰਕੇ ਇੱਕ ਸੰਗ੍ਰਹਿ ਵਿੱਚ ਛਾਪਿਆ ਜਾਂਦਾ ਹੈ।
ਪੈਨਲ ਵਿੱਚਾਰ ਵਟਾਂਦਰੇ ਵਿੱਚ ਟਰਾਂਟੋ ਤੋਂ ਡਾਕਟਰ ਗੁਰਨਾਮ ਸਿੰਘ ਢਿੱਲੋਂ, ਐਡਮੰਟਨ ਤੋਂ ਦਲਬੀਰ ਸਿੰਘ, ਕੈਲਗਰੀ ਤੋਂ ਸੁਖਬੀਰ ਸਿੰਘ ਗਰੇਵਾਲ, ਐਡਮੰਟਨ/ਕੈਲਗਰੀ ਤੋਂ ਡਾਕਟਰ ਹਰਜੀਤ ਸਿੰਘ ਗਰੇਵਾਲ ਅਤੇ ਵੈਨਕੂਵਰ ਤੋਂ ਗੁਰਿੰਦਰ ਮਾਨ ਹੋਰੀਂ ਹਿੱਸਾ ਲਿਆ। ਇਨ੍ਹਾਂ ਬੁਲਾਰਿਆਂ ਨੇ ਪੰਜਾਬੀ ਦੀ ਪੜ੍ਹਾਈ ਸਬੰਧੀ ਆਪਣੀਆਂ ਖੁਦ ਦੀਆਂ ਸਰਗਰਮੀਆਂ ਤੋਂ ਬਿਨਾਂ ਆਪੋ ਆਪਣੇ ਇਲਾਕਿਆਂ ਵਿੱਚ ਪੰਜਾਬੀ ਦੀ ਪੜ੍ਹਾਈ ਦੀ ਸਥਿਤੀ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਕਿ ਭਾਵੇਂ ਸਾਰੀਆਂ ਥਾਵਾਂ `ਤੇ ਸਥਿਤੀ ਇੱਕੋ ਜਿਹੀ ਨਹੀਂ ਪਰ ਪੰਜਾਬੀ ਦੀ ਪੜ੍ਹਾਈ ਲਈ ਕੋਸ਼ਸ਼ ਹਰ ਜਗ੍ਹਾ ਹੋ ਰਹੀ ਹੈ। ਇੱਕ ਸਾਂਝਾ ਫਿਕਰ ਵੀ ਸਾਹਮਣੇ ਆਇਆ ਕਿ ਪੰਜਾਬੀ ਮਾਪਿਆਂ ਵਲੋਂ ਬੱਚਿਆਂ ਲਈ ਪੰਜਾਬੀ ਦੀ ਪੜ੍ਹਾਈ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਖਾਸ ਕਰ ਪੰਜਾਬ ਤੋਂ ਆ ਰਹੇ ਨਵੇਂ ਲੋਕਾਂ ਵਲੋਂ। ਤਕਰੀਬਨ ਸਾਰੇ ਹੀ ਚਿੰਤਕਾਂ ਦਾ ਇਹ ਵਿੱਚਾਰ ਸੀ ਕਿ ਸਾਨੂੰ ਕਨੇਡਾ ਵਿੱਚ ਪੰਜਾਬੀ ਦੀ ਪੜ੍ਹਾਈ ਵਾਸਤੇ ਸਾਂਝੇ ਤੌਰ `ਤੇ ਕੁਝ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ। ਸ੍ਰੋਤਿਆਂ ਵਿੱਚ ਸ਼ਾਮਲ ਰੇਡੀਓ ਹੋਸਟ ਨਵਜੋਤ ਢਿੱਲੋਂ ਹੋਰਾਂ ਵਲੋਂ ਕੀਤੇ ਇੱਕ ਸਵਾਲ ਦੇ ਜਵਾਬ ਵਿੱਚ ਬਲਵੰਤ ਸੰਘੇੜਾ ਹੋਰੀਂ ਕਿਹਾ ਕਿ ਪਲੀ ਵਲੋਂ ਬੀ ਸੀ ਦੀ ਐਮ ਐਲ ਏ ਜਿੰਨੀ ਸਿੰਮਸ ਨਾਲ ਅਤੇ ਐਮ ਪੀ ਸੁੱਖ ਧਾਲੀਵਾਲ ਨਾਲ ਕੁਝ ਮਸਲੇ ਵਿੱਚਾਰਨ ਲਈ ਪਲੀ ਵਲੋਂ ਬੈਠਕਾਂ ਕਰਨ ਦੀ ਯੋਜਨਾ ਹੈ।
ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਪਹਿਲਾਂ ਪਾਕਿਸਤਾਨੀ ਪਿਛੋਕੜ ਦੇ ਕਾਫੀ ਜਾਣੇ ਜਾਂਦੇ ਲੇਖਕ ਤਾਰਿਕ ਮਾਲਿਕ ਨੇ ਮਾਂ-ਬੋਲੀ ਬਾਰੇ ਆਪਣੀ ਕਵਿਤਾ ਸਾਂਝੀ ਕੀਤੀ। ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਪੰਜਾਬੀ ਸਿੱਖ ਰਹੇ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤ ਤੇ ਕਹਾਣੀਆਂ ਸਾਂਝੀਆਂ ਕਰ ਕੇ ਪੰਜਾਬੀ ਬੋਲੀ ਨਾਲ ਆਪਣੀ ਵੱਧ ਰਹੀ ਨੇੜਤਾ ਦਾ ਦਿਖਾਵਾ ਕੀਤਾ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਸ਼ਾਮਲ ਸਨ: ਟਰਾਂਟੋ ਤੋਂ ਸੁਖਮਨ ਸਿੰਘ, ਅਵਨੀਤ ਕੌਰ, ਗੁਨਰੀਤ ਕੌਰ ਅਤੇ ਆਜ਼ਾਦ; ਕੈਲਗਰੀ ਤੋਂ ਨਿਮਰਤ ਕੌਰ ਧਾਰਨੀ, ਕੀਰਤ ਕੌਰ ਧਾਰਨੀ, ਪ੍ਰਭਰੂਪ ਸਿੰਘ ਮਾਂਗਟ ਅਤੇ ਸੁਖਮਨ ਕੌਰ ਸੰਧੂ; ਸਰੀ ਤੋਂ ਸੇਵਾ ਸਿੰਘ ਪੰਧੇਰ, ਸੁਖਮਨ ਕੌਰ, ਸਾਹਿਬ ਸਿੰਘ, ਅਤੇ ਭਵੀਨ ਕੌਰ ਗਿੱਲ; ਵੈਨਕੂਵਰ (ਯੂ ਬੀ ਸੀ) ਤੋਂ ਸ਼੍ਰੇਆ ਭਾਟੀਆ, ਪ੍ਰੀਤ ਕਿੰਗ, ਗੁਰਲੀਨ ਹੀਰ, ਗੁਰਕਰਨ ਢਿੱਲੋਂ, ਤਾਜਦੀਪ ਸੰਧੂ, ਕਰਮਬੀਰ, ਯਸ਼ਮੀਨ ਗਿੱਲ, ਅਨੂਪ ਸਾਰੰਗ, ਜਸਕਰਨ ਧਾਲੀਵਾਲ। ਨੌਜਵਾਨ ਪ੍ਰਭਜੋਤ ਸਿੰਘ ਨੇ ਆਪਣਾ ਗੀਤ ਸੁਣਾਇਆ। ਇਨ੍ਹਾਂ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸ੍ਰੋਤਿਆਂ ਨੂੰ ਖੁਸ਼ ਵੀ ਕੀਤਾ ਤੇ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਆਸਵੰਦ ਵੀ।
ਅਖੀਰ ਵਿੱਚ ਬਲਵੰਤ ਸੰਘੇੜਾ ਜੀ ਨੇ ਸਾਰੇ ਸ੍ਰੋਤਿਆਂ, ਹਿੱਸਾ ਲੈਣ ਵਾਲੇ ਚਿੰਤਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨਾਂ ਨੇ ਪੰਜਾਬੀ ਮੀਡੀਏ ਵਲੋਂ ਹਮੇਸ਼ਾ ਵਾਂਗ ਦਿੱਤੇ ਵੱਡਮੁੱਲੇ ਸਹਿਯੋਗ ਲਈ ਵੀ ਸ਼ੁਕਰੀਏ ਦੇ ਸ਼ਬਦ ਕਹੇ। ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਅਤੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਪ੍ਰਗੋਰਾਮ ਵਿੱਚ ਸ਼ਾਮਲ ਹੋਣ ਲਈ ਉਤਸਾਹਤ ਕੀਤਾ ਖਾਸ ਕਰ ਟਰਾਂਟੋ ਤੋਂ ਸੁਰਜੀਤ ਕੌਰ ਅਤੇ ਕੈਲਗਰੀ ਤੋਂ ਸੁਖਵੀਰ ਸਿੰਘ ਗਰੇਵਾਲ ਹੋਰਾਂ ਦਾ। ਅੰਤ ਵਿੱਚ ਉਨ੍ਹਾਂ ਨੇ ਪ੍ਰੋਗਰਾਮ ਦੇ ਸੁਚੱਜੇ ਸੰਚਾਲਨ ਲਈ ਕਮਲਜੀਤ ਕੈਂਬੋ ਦਾ ਵਿਸ਼ੇਸ਼ ਧੰਨਵਾਦ ਕੀਤਾ।