ਅਸੀਂ ਵਾਸੀ ਹਾਂ ਰੰਗਲੇ ਪੰਜਾਬ ਦੇ
ਸਾਡੇ ਦਿਲਾਂ ਵਿਚ ਦੇਸ਼ ਦਾ ਹੈ ਮੋਹ।
ਵਾਰ ਸਕਦੇ ਹਾਂ ਜਾਨ ਅਸੀਂ ਦੇਸ਼ ਤੋਂ
ਕਮਾ ਸਕਦੇ ਨਾਂ ਦੇਸ਼ ਨਾਲ ਧਰੋਅ।
ਕਿਰਤ ਕਰਨੀ ਤੇ ਵੰਡਕੇ ਹੈ ਛੱਕਣਾ
ਸਾਨੂੰ ਗੁਰੂਆਂ ਸਿਖਾਇਆ ਹੈ ਇਹ,
ਸਿੱਖ ਕੌਮ ਨੇ ਹੈ ਜਿਸ ਤੇ ਚੱਲਦਿਆਂ
ਮਾਣ ਦੁਨੀਆਂ ਚ ਪਾਇਆ ਹੈ ਇਹ।
ਸਾਡਾ ਜਨਮ ਹੈ ਹੋਇਆ ਤਲਵਾਰ ਚੋਂ
ਤੇ ਰਿਹਾ ਜਬਰ ਦੇ ਨਾਲ ਮੁੱਢੋਂ ਵੈਰ,
ਸਾਡੀ ਮੁਹੱਬਤ ਮਨੁੱਖਤਾ ਦੇ ਨਾਲ ਹੈ
ਅਸੀਂ ਜਾਤਾ ਦੀ ਵੰਡੀਏ ਨਾਂ ਜਹਿਰ।
ਜਾਤ ਪਾਤ ਦਿਆਂ ਚੱਕਰ ਚ ਪੈੰਦੇ ਨਾਂ
ਦਿੰਦੇ ਸਾਰਿਆਂ ਨੂੰ ਪੂਰਾ ਸਤਿਕਾਰ,
ਕਿਸੇ ਨਾਲ ਵੀ ਦੁਰਾਂਜਾ ਨਹੀਂ ਕਰਦੇ
ਹਰ ਇਕ ਲਈ ਹੈ ਦਿਲ ਚ ਪਿਆਰ।
ਅਸੀਂ ਪਹਿਲ ਤਾਂ ਕਦੇ ਵੀ ਨਾਂ ਕਰਦੇ
ਕਿਵੇਂ ਮੋੜਨੀ ਹੈ ਭਾਜੀ ਇਹ ਜਾਣਦੇ,
ਮੂਹਰੇ ਜਬਰ ਜੁਲਮ ਤੇ ਅਨਿਆਂ ਦੇ
ਬੇ-ਖੌਫ ਹੋ ਕੇ ਹਿੱਕਾਂ ਅਸੀਂ ਤਾਣਦੇ।
ਅਸੀਂ ਲੜਦੇ ਖਿਲਾਫ ਹਾਂ ਜੁਲਮ ਦੇ
ਰਾਖੀ ਇੱਜਤਾਂ ਦੀ ਕਰਨ ਹਾਂ ਜਾਣਦੇ,
ਕੰਧ ਬਣ ਖੜਦੇ ਹਾਂ ਮਜਲੂਮਾਂ ਲਈ
ਚੰਗੇ ਮਾੜੇ ਸੱਭ ਨੂੰ ਹਾਂ ਪਹਿਚਾਣਦੇ।
ਗੰਦੀ ਸਿਆਸਤ ਜੋ ਸਾਡੇ ਹੈ ਦੇਸ਼ ਦੀ
ਸਾਨੂੰ ਕਰਦੀ ਹੈ ਸਦਾ ਬਦਨਾਮ ਇਹ,
ਜਿਹੜੀ ਅੱਤਵਾਦੀ ਕਦੇ ਵੱਖਵਾਦੀ ਦੇ
ਸਾਡੇ ਨਾਂ ਨਾਲ ਜੋੜਦੀ ਹੈ ਨਾਮ ਇਹ।
ਅਸੀਂ ਲੜੀਏ ਲੜਾਈ ਹੱਕ ਲੈਣ ਲਈ
ਸਾਡਾ ਕਿਸੇ ਨਾਲ ਨਹੀਂ ਕੋਈ ਤਕਰਾਰ,
ਅਸੀਂ ਪਹਿਲ ਨਾਂ ਕਿਸੇ ਤੇ ਸਿੱਧੂ ਕਰਦੇ
ਹੈ ਹੱਕ ਲੈਣੇ ਸਾਡਾ ਪਹਿਲਾ ਅਧਿਕਾਰ।