ਚੁੱਪੀ ਤੋੜ ਤੇ ਬੋਲ ਫਕੀਰਾ ।
ਮਨ ਦੀ ਗੱਠੜੀ ਖੋਲ੍ਹ ਫਕੀਰਾ ।
ਉੱਚੀ ਉੱਚੀ ਕੂਕ ਸਚਾਈ,
ਸੱਚ ਦਾ ਵੱਜੇ ਢੋਲ ਫਕੀਰਾ ।
ਝੂਠੇ ਨੂੰ ਕਹਿ ਮੂੰਹ ਤੇ ਝੂਠਾ,
ਢੋਲ ਦਾ ਖੁੱਲੇ ਪੋਲ ਫਕੀਰਾ ।
ਘਿਸੀਆਂ ਪਿਟੀਆਂ ਨਾ ਕਰ ਗੱਲਾਂ,
ਬਚਨ ਸੁਣਾ ਅਣਮੋਲ ਫਕੀਰਾ
ਲੋਕ ਹਨੇਰੀ ਨੇ ਇਸ ਵਾਰੀਂ,
ਦਿੱਤੇ ਲੀਡਰ ਰੋਲ਼ ਫਕੀਰਾ ।
ਪਰਖਣ ਵਾਲੀ ਅੱਖ ਹੈ ਕਾਣੀ,
ਕੌਣ ਕਰੇ ਪੜਚੋਲ ਫਕੀਰਾ ।
ਨਾਨਕ ਵਾਲੀ ਲੈ ਕੇ ਤੱਕੜੀ,
ਤੇਰਾ ਤੇਰਾ ਤੋਲ ਫਕੀਰਾ ।
ਬੇਰੁਜ਼ਗਾਰੀ ਤੇ ਗੁਰਬਤ ਨੇ,
ਦਿੱਤੈ ਜੀਵਨ ਰੋਲ ਫਕੀਰਾ ।