ਬਾਵਰਾ ਪ੍ਰੀਵਾਰ ਵੱਲੋਂ ਨਵਜੰਮੇ ਪੋਤਰੇ ਦੀ ਖੁਸ਼ੀ ਚ ਸਵਰਗੀ ਹਜੂਰਾ ਸਿੰਘ ਸਿੱਧੂ ਯਾਦਗਰੀ ਵਜੀਫਾ ਸਕੀਮ ਸ਼ੁਰੂ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਦੇ ਸੀਨੀਅਰ ਮੈਂਬਰ ਜਗਜੀਤ ਸਿੰਘ ਬਾਵਰਾ ਸੇਵਾ ਮੁਕਤ ਲੈਕਚਰਾਰ, ਸ੍ਰੀਮਤੀ ਮਲਕੀਤ ਕੌਰ ਬਾਵਰਾ ਅਤੇ ਉਹਨਾਂ ਦੇ ਸਪੁੱਤਰ ਸਤਿੰਦਰ ਸੱਤੀ ਯੂ. ਐਸ. ਏ ਅਤੇ ਸਮੂਹ ਬਾਵਰਾ ਪਰਿਵਾਰ( ਅਮਰੀਕਾ) ਵਾਸੀ ਬਾਘਾਪੁਰਾਣਾ ਵੱਲੋਂ ਵਿਦਿਆਰਥੀਆਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਨਜ਼ਰੀਆ ਰੱਖਣ ਅਤੇ ਬੱਚਿਆਂ ਦੇ ਮਨਾਂ ਅੰਦਰ ਪੜ੍ਹਣ ਵਿੱਚ ਰੁਚੀ ਨੂੰ ਹੋਰ ਵਧੇਰੇ ਪੈਦਾ ਕਰਨ ਲਈ ਇੱਕ ਹਾਂ ਪੱਖੀ ਉੱਦਮ ਵਜੋਂ ਸਵਰਗੀ ਹਜੂਰਾ ਸਿੰਘ ਸਿੱਧੂ ਵਜ਼ੀਫਾ ਸਕੀਮ ਸ਼ੁਰੂ ਕੀਤੀ ਗਈ ਹੈ।ਜਿਸ ਦੌਰਾਨ ਇਸ ਸਾਲ ਪੰਜਵੀਂ ਸ਼੍ਰੇਣੀ ਦੇ ਸਾਲਾਨਾ ਪ੍ਰੀਖਿਆ ਮਾਰਚ - 2022 ਵਿੱਚੋਂ ਪਹਿਲਾ ਸਥਾਨ ਪ੍ਰਾਪਤ

ਸਵਰਗੀ ਹਜੂਰਾ ਸਿੰਘ ਸਿੱਧੂ
ਕਰਨ ਵਾਲੇ ਬੱਚੇ ਨੂੰ ਪੰਜ ਹਜਾਰ ਰੁਪਏ ਇਨਾਮ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਉਸੇ ਹੀ ਬੱਚੇ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਅੱਗੇ ਫੇਰ ਇੱਕ ਸਾਲ ਵਾਸਤੇ ਇਸ ਨਿਯਮ ਤੇ ਇਨਾਮ ਦਿੱਤਾ ਜਾਵੇਗਾ ਜੇਕਰ ਉਹ ਬੱਚਾ ਅਗਲੇਰੀ ਪੜ੍ਹਾਈ ਕਰਨ ਵਾਸਤੇ ਛੇਵੀਂ ਜਮਾਤ ਲਈ ਸਰਕਾਰੀ ਸਕੂਲ ਵਿੱਚ ਹੀ ਆਪਣਾ ਦਾਖਲਾ ਕਰਵਾਵੇਗਾ। ਇਹ ਸਕੀਮ ਬਾਘਾ ਪੁਰਾਣਾ ਸ਼ਹਿਰ ਦੇ ਸਾਰੇ 7 ਸਰਕਾਰੀ ਪ੍ਰਾਇਮਰੀ ਸਕੂਲਾਂ ਲਈ ਹੋਵੇਗੀ ਜਿੰਨ੍ਹਾਂ ਦੇ ਨਾ ਇਸ ਪ੍ਰਕਾਰ ਹਨ:- ਸਰਕਾਰੀ ਪ੍ਰਾਇਮਰੀ ਸਕੂਲ ਬਾਘਾ ਪੁਰਾਣਾ ਨੰ: 1, ਬਾਘਾ ਪੁਰਾਣਾ ਨੰ: 2, ਪੁਰਾਣਾ ਪੱਤੀ, ਦਲੀਪ ਬਸਤੀ , ਮੁਗਲੂ ਪੱਤੀ, ਬਾਘਾ ਪੱਤੀ ਅਤੇ ਨਿਹਾਲ ਸਿੰਘ ਵਾਲਾ ਰੋਡ ਤੇ ਸਰਕਾਰੀ ਪ੍ਰਾਇਮਰੀ ਸਕੂਲ ਅਵਤਾਰ ਕਲੋਨੀ ''ਸੋ ਸਮੂਹ ਸਕੂਲਾਂ ਦੇ ਮੁੱਖ ਅਧਿਆਪਕਾਂ, ਇੰਚਾਰਜ ਪੰਜਵੀਂ ਜਮਾਤ ਨੂੰ ਅਪੀਲ ਹੈ ਕਿ ਉਹ ਬੱਚਿਆਂ ਨੂੰ ਪੰਜਵੀਂ ਜਮਾਤ ਵਿੱਚੋ ਵਜੀਫਾ ਪ੍ਰਾਪਤ ਕਰਨ ਲਈ ਉਤਸ਼ਾਹਤ ਕਰਨ ' ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਲਈ ਮਾਪੇ ਅਤੇ ਬੱਚਿਆਂ ਵਿੱਚ ਇੱਕ ਰੁਚੀ ਪੈਦਾ ਹੋ ਸਕੇ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਮਾਨ-ਸਨਮਾਨ ਬਹਾਲ ਹੋ ਸਕੇ।ਇਹ ਇਨਾਮ ਬੀ. ਪੀ. ਈ . ਓ .ਬਾਘਾਪੁਰਾਣਾ ਜੀ ਦੀ ਹਾਜਰੀ ਵਿੱਚ ਬਕਾਇਦਾ ਸਾਰੇ ਸਬੰਧਤ ਸਕੂਲਾਂ ਦੇ ਅਧਿਅਪਕਾਂ ਦੀ ਹਾਜਰੀ ਵਿੱਚ ਪੰਜਵੀਂ ਜਮਾਤ ਦਾ ਨਤੀਜਾ ਆਉਣ ਤੋਂ ਬਾਅਦ 7 ਸਕੂਲਾਂ ਦੇ ਸੱਤ ਬੱਚਿਆਂ ਨੂੰ ਦਿੱਤੇ ਜਾਣਗੇ।ਇਸ ਸਬੰਧੀ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰੈਸ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਜੀਤ ਸਿੰਘ ਬਾਵਰਾ ਦੇ ਘਰ ਪ੍ਰਮਾਤਮਾ ਨੇ ਪੋਤਰੇ ਦੀ ਦਾਤ ਬਖਸ਼ੀ ਹੈ ਅਤੇ ਬਾਵਰਾ ਜੀ ਜੋ ਸਭਾ ਦੇ ਮੁੱਢਲੇ ਮੈਂਬਰ ਹਨ ਅਤੇ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਦੇ ਹੋਏ ਉਹ ਨਾਮਵਰ ਅਲੋਚਕਾਂ ਦੀ ਲੜੀ ਵਿੱਚ ਜ਼ਿਕਰਯੋਗ ਹਨ । ਜਗਜੀਤ ਸਿੰਘ ਬਾਵਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਮਲਕੀਤ ਕੌਰ ਸਿੱਖਿਆ ਵਿਭਾਗ ਚੋਂ ਸੇਵਾਮੁਕਤ ਹੋ ਚੁੱਕੇ ਹਨ ਨੇ ਵਿਦੇਸ਼ਾਂ ਦੀ ਧਰਤੀ ਅਮਰੀਕਾ ਵਿੱਚ ਵੀ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਾਸਤੇ ਸਾਹਿਤਕਾਰਾਂ ਦੀਆਂ ਸਰਗਰਮੀਆਂ ਨੂੰ ਹਰ ਥਾਂ ਪੁੱਜਦਾ ਕਰਨ ਵਾਸਤੇ ਇੱਕ ਪਲੇਟਫਾਰਮ ਰਾਹੀਂ ਵਿਸ਼ੇਸ਼ ਉਪਰਾਲਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਇਹ ਵਜ਼ੀਫਾ ਸਕੀਮ ਆਪਣੇ ਨਵਜੰਮੇ ਪੋਤਰੇ ਕਰਮਵੀਰ ਸਿੰਘ ਸਪੁੱਤਰ ਸਤਿੰਦਰ ਸਿੰਘ ਸੱਤੀ ਦੇ ਜਨਮ ਸਮੇਂ ਆਪਣੇ ਪਿਤਾ ਸਵਰਗੀ ਹਜੂਰਾ ਸਿੰਘ ਸਿੱਧੂ ਜੀ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਸ਼ੁਰੂ ਕੀਤੀ ਹੈ ਇਹ ਸਕੀਮ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਣ ਵਿੱਚ ਵੀ ਬੇਹੱਦ ਲਾਭਦਾਇਕ ਹੋਵੇਗੀ ਅਤੇ ਸਕੀਮ ਜੋ ਅਗਲੇਰੇ ਭਵਿੱਖ ਲਈ ਨਿਰੰਤਰ ਜਾਰੀ ਰਹੇਗੀ। ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਅਤੇ ਸਮੂਹ ਮੈਂਬਰਾਂ, ਪੈਨਸ਼ਨਰ ਐਸੋਸ਼ੀਏਸ਼ਨ ਬਾਘਾਪੁਰਾਣਾ ਦੇ ਪ੍ਰਧਾਨ ਅਤੇ ਸਮੂਹ ਨੁਮਾਇੰਦਿਆਂ ਵੱਲੋਂ ਬਾਵਰਾ ਪ੍ਰੀਵਾਰ ਦੀ ਉਸਾਰੂ ਸੋਚ ਦੀ ਭਰਭੂਰ ਸ਼ਬਦਾਂ ਵਿਚ ਸ਼ਾਲਾਘਾ ਕੀਤੀ ਗਈ ਹੈ।
ਸਾਧੂ ਰਾਮ ਲੰਗੇਆਣਾ