ਓਮ, ਅੱਲਾਹ, ਓਅੰਕਾਰ!
ਧੁਨ ਇਲਾਹੀ ਲਰਜ਼ਦੀ ਹੈ ਵਾਰ ਵਾਰ,
ਇਹ ਅਗੰਮੀ ਧੁਨ ਜਦ ਅੰਤਹਕਰਣ ਵਿਚ ਗੂੰਜਦੀ,
ਤਾਂ ਬ੍ਰਹਮਤਵ ਦੀ ਰੋਸ਼ਨੀ ਮਨ ਦਾ ਹਨੇਰਾ ਹੂੰਝਦੀ,
ਤੇ ਓਸ ਸੁਲੱਖਣੀ ਘੜੀ, ਤੇ ਓਸ ਅਨੁਕੰਪਾ ਦੇ ਛਿਣ
ਕਾਇਆ ਦੇ ਬੇਲੇ ‘ਚੋਂ ਜੀਕੂੰ ਮਹਿਕਦੀ ‘ਅਲਿਫ਼’ ਦੇ ਚੰਬੇ ਦੀ ਬੂਟੀ ਹੋ ਨਿਹਾਲ।
ਸ਼ਬਦ ਦੇ ਅਨੰਤ ਮਹਾਂਸਾਗਰ ‘ਚੋਂ ਫਿਰ,
ਲਹਿਰਾਂ ਬਣ ਬਣ ਉਡਦੇ ਨਾਦੀ-ਸ੍ਵਰ,
ਸੁਰਤਿ ਵਿਚ ਨਾਭਿ-ਕੰਵਲ ਦੇ ਖਿੜਨ ‘ਤੇ ਆਉਂਦਾ ਜਮਾਲ।
ਓਮ, ਅੱਲਾਹ, ਓਅੰਕਾਰ!
ਸ਼ਬਦ ਬਰ-ਹੱਕ ਨਿਰੰਕਾਰ !!
ਇਹੋ ‘ਓਨਮ’, ਇਹੋ ‘ਪ੍ਰਣਵ’ ਇਹੋ ਚਿਹਨ ਬ੍ਰਹਮ ਦਾ,
ਇਹੋ ‘ਨਾਦ’, ਇਹੋ ‘ਲੋਗੋਸ’ ਤੇ ਇਹੋ ਕਲਮਾ ਕੁਨ ਦਾ,
ਇਹੋ ਹੀ ‘ਸਰੋਸਾ ਹੈ ਜ਼ਰਤੁਸ਼ਤ ਦਾ, ਇਹੋ ‘ਸੌਤੇ-ਸਰਮਦੀ’,
ਇਹੋ ਹੀ ਤਾਂ ਸ਼ਬਦ ਹੈ !
ਸ਼ਬਦ ਜੋ ਹੈ ਹਰਫ਼ੇ ਅੱਵਲ, ਸ਼ਬਦ ਜੋ ਹਰਫ਼ੇ ਅਖੀਰ,
ਸ਼ਬਦ ਜੋ ਸੰਸਾਰ ਹੈ, ਜੇਸਦਾ ਕੋਈ ਨਾ ਪਾਰਾਵਾਰ ਹੈ
ਸ਼ਬਦ ਦੀ ਸੰਵੇਦਨਾ ਦਾ ਬੀਜ਼ ਹੀ।
ਓਮ ਤੇ ਜੀਨੋਮ ਦੇ ਰਿਸ਼ਤੇ ਦੀ ਖੇਡ,
ਸ਼ਿਵ ਤੇ ਸ਼ਕਤੀ ਦੇ ਮਿਲਣ-ਬਿੰਦੂ ਤੋਂ ਪ੍ਰਗਟ ਮਹਾਂ-ਸੁਖ ਦੀ ਮਹਾਂ-ਰਾਸ।
ਸ਼ਬਦ ਹੀ ਦੇਹ ਤੋਂ ਰੂਪ ਤਕ ਫ਼ੈਲਿਆ,
ਅਰਥਾਂ ਦੇ ਦੁਮੇਲ ਦਾ ਸੰਚਾਰ ਹੈ।
ਸ਼ਬਦ ਸਤਿ-ਫ਼ੁਰਮਾਨ ਹੈ, ਸ਼ਬਦ ਖ਼ੁਦ ਕਰਤਾਰ ਹੈ।
ਸ਼ਬਦ ਹੀ ਡੋਲੀ ਦੇ ਅੰਦਰ ਦਾ ਹੁਸਨ ਲੈਲਾ-ਏ-ਨੂਰ
ਇਹੋ ਹੀ ਇਸ ਡੋਲੀ ਦਾ ਕੁਹਾਰ ਹੈ,
ਸ਼ਬਦ ਤਾ ਬਸ ਪਿਆਰ ਹੈ, ਪਿਆਰ ਦੀ ਹੀ ਕਾਰ ਹੈ,
ਤੇ ਪਿਆਰ ਦਾ ਇਹੋ ਹੈ ਸਾਰ।
ਓਮ, ਹਰੀ, ਓਅੰਕਾਰ !
ਅਲਖ਼ ਨਿਰੰਜਣ ਨਿਰੰਕਾਰ !!
ਸ਼ਬਦ ਨਾਦ, ਤਜੱਲੀ, ਗੋਦੜੀ ਗਿਆਨ ਹੈ।
ਸ਼ਬਦ ਹੀ ਕੁਲ ਸਿਰਜਣਾ ਦਾ ਤਾਣ ਹੈ,
ਸ਼ਬਦ ਵਿਚ ਹੀ ਇਸਮ, ਜਾਪ, ਇਰਫ਼ਾਨ ਹੈ।
ਸ਼ਬਦ ਦੀ ਹਰ ਸਿਰਜਣਾ ਸੁਬਹਾਨ ਹੈ।
ਸ਼ਬਦ ਹੀ ਕਿੰਗਰੀ, ਕਦੇ ਖੰਜ਼ਰ ਬਣੇ,
ਸ਼ਬਦ ਹੀ ਮੰਜ਼ਰ ਦਾ ਸਿਰਜਣਹਾਰ ਪਰ ਮੰਜ਼ਰ ਬਣੇ,
ਸ਼ਬਦ ਹੀ ਹੈ ਤੋੜਦਾ ਤੇ ਸ਼ਬਦ ਹੀ ਹੈ ਜੋੜਦਾ,
ਸ਼ਬਦ ਹੀ ਛੱਲ ਰੋਕਦਾ, ਫਿਰ ਸ਼ਬਦ ਹੀ ਛੱਲ ਰੋੜਦਾ,
ਇਹੋ, ਏਕੈਸਾਰ, ਅਨਿਕ ਵਿਸਥਾਰ ਹੈ,
ਏਸਦੀ ਲੀਲ੍ਹਾ ਤਾਂ ਅਪੰਰਪਾਰ ਹੈ,
ਸ਼ਬਦ ਚੁੱਪ ਦੀ `ਵਾਜ਼ ਵੀ,
ਸ਼ਬਦ ਸੁੰਨ ਦਾ ਸਾਜ਼ ਵੀ,
‘ਹੂ’ ਦਾ ਲਾਹੂਤੀ ਜੜ੍ਹਿਆ ਤਾਜ਼ ਵੀ,
ਪਰ ਕਿਤੇ ਤੂਫ਼ਾਨਾਂ ਅੰਦਰ ਗਰਜਦੀ
ਬਿਜਲੀਆਂ ਦੀ ਲਿਸ਼ਕ ਦਾ ਇਹ ਰਾਜ਼ ਵੀ।
ਸ਼ਬਦ ਹੀ ਕਾਇਮ ਕ਼ਯੂਮ,
ਸ਼ਬਦ ਨੇ ਰਹਿਣਾ ਸਦਾ।
ਸ਼ਬਦ ਹੀ ਹੈ ‘ਕੁਨ’ ਤੋ
‘ਫ਼ਯੀਕੁਨ’ ਦਾ ਜਲਵਾ ਅਦਾ।
ਸ਼ਬਦ ‘ਚੋਂ ਉਪਜੇ ਸ਼੍ਰਿਸ਼ਟੀ,
ਸ਼ਬਦ ਵਿਚ ਜਾਂਦੀ ਸਮਾ।
ਸ਼ਬਦ ਹੀ ਏਕੋ ‘ਸੈਭੰ’,
ਸ਼ਬਦ ਹੀ ‘ਸੋਹੰ’ ਸਦਾ।
ਸ਼ਬਦ ਤੋਂ ਕਿਹੜਾ ਜੁਦਾ ਹੈ?
ਸ਼ਬਦ ਹੀ ਸਭ ਦਾ ਖ਼ੁਦਾ।
ਸ਼ਬਦ ਨਾਮ ਬਸੰਤ ਅਨੰਤ ਬਹਾਰ ਹੈ।
ਰਸ ਇਹਦਾ ਪਰ ਲਖ਼ਣਾ ਲਿਖਣੋਂ ਬਾਹਰ ਹੈ।
ਇਸ ਬਿਨ ਕੋਈ ਨਹੀਂ ਮੌਜ਼ੂਦ ਹੋਰ,
ਸੋਹਿਲਾ ਜਿਸਦਾ ਹਰ ਤਸ਼ਬੀਹੋਂ ਪਾਰ ਹੈ।
ਹੇ ਪਰਮ ਸਤਿ ਦੇ ਪਿਆਸੇ! ਪਰਮ ਆਨੰਦ ਦੀ ਤ੍ਰੇਹ ਲਈ,
ਅਜ਼ਲਾਂ ਤੋਂ ਭਟਕਦੇ ਹੋਏ ਯਾਤਰੂ!
ਸ਼ਬਦ ਦੀ ਚੌਖਟ ਤੋਂ ਬਾਹਰ ਕੁਝ ਨਹੀਂ।
ਤੂੰ ਵੀ ਨਹੀਂ, ਮੈਂ ਵੀ ਨਹੀਂ, ਨਾ ਦੇਸ਼ ਕਾਲ,
ਨਾ ਧਰਤ, ਨਾ ਪੁਲਾੜ ਤੇ ਨਾ ਹੀ ਪਾਤਾਲ,
ਸ਼ਬਦ ਦੀ ਚੌਖਟ ਤੋਂ ਬਾਹਰ ਏਸੇ ਦੀ ਛਣਕਾਰ ਹੈ,
ਇਹੋ ਅਨਹਦ, ਇਹੋ ਸੀਮਾ, ਇਹੋ ਸੀਮਾ ਪਾਰ ਹੈ।
ਤਾਂ ਹੀ ਤਾਂ ਮੈਂ ਆਖਦਾਂ,
ਸ਼ਬਦ ਦੀ ਰੇਖ਼ਾ ਤੋਂ ਬਾਹਰ ਕੁਝ ਨਹੀਂ,
ਸ਼ਬਦ ਦੀ ਸਰਦਲ ਤੋਂ ਬਾਹਰ ਕੁਝ ਨਹੀਂ,
ਕੁਝ ਨਹੀਂ ਢੂੰਢਣ ਲਈ, ਕੁਝ ਨਹੀਂ ਵੇਖਣ ਲਈ,
ਸ਼ਬਦ ਦੀ ਸਰਦਲ ਤੋਂ ਬਾਹਰ,
ਜੇ ਦਿਸਣ ਤਾਂ ਬਸ ਦਿਸਣ,
ਹੁਕਮੀ ਚੰਦੋਏ ਤਲੇ, ‘ਮਾਯਾ’ ਦੇ ਜ਼ਖ਼ਮੀ ਪਰਿੰਦੇ ਉਡ ਰਹੇ;
ਸ਼ਬਦੋਂ ਵਿਛੜੇ, ਕਾਲ ਦੀ ਅੰਨ੍ਹੀ ਗੁਫ਼ਾ ਵੱਲ ਭਟਕਦੇ,
ਆਪਣੇ ਆਪਣੇ ਆਲ੍ਹਣੇ ਦੇ ਦੁੱਖ ਚੰੁਝਾਂ ਵਿਚ ਭਰੀ,
‘ਮੈਂ ਮੇਰੀ’ ਤਪਸ਼ ਵਿਚ ਝੁਲਸੀ ਹੋਈ
ਆਪਣੀ ਮਿਅਰਾਜ ਵੱਲ ਪਰਵਾਜ਼ ਭਰਦੇ ਇਹ ਬੇਰੰਗੀ ਕਲਪਨਾ ਦੇ ਪਰ ਲਈ।
ਤਾਂ ਹੀ ਤਾਂ ਮੈਂ ਆਖਦਾਂ,
ਸ਼ਬਦ ਦੀ ਸਰਦਲ ਤੋਂ ਬਾਹਰ ਕੁਝ ਨਹੀਂ-
ਕੁਝ ਨਹੀਂ ਵੇਖਣ ਲਈ, ਕੁਝ ਨਹੀਂ ਲੱਭਣ ਲਈ,
ਸ਼ਬਦ ਦੇ ਹੁਜਰੇ ‘ਚ ਪਰ ਹੈ ਕੁੰਡ ਅਗਨੀ ਸ਼ਿਖ਼ਾ ਦਾ,
ਸ਼ਬਦ ਦੇ ਹੁਜਰੇ ‘ਚ ਹੈ
ਵਿਸਮਾਦ ਦੇ ਤਕੀਏ ਦਾ ਵਿਛਿਆ ਹੋਇਆ ਇਕ ਚਾਨਣ-ਆਕਾਸ਼,
ਸੁਰਤਿ ਵਿਚ ਨੇ ਜਗ ਰਹੇ ਨਵ-ਖੰਡੀ ਉਜਿਆਰਿਆਂ ਦੇ ਸ਼ਮ੍ਹਾਂਦਾਨ
ਸੁਖ਼ਮਨਾ ਦੀ ਕਾਂਗ ਦਸਮ ਦੁਆਰ ਥੀ ਬਲਿਹਾਰਦੀ
ਮੂਲਾਧਾਰ ਤੋਂ ਸਹਸਰਾਰ ਤਕ ਖੋਹਲ ਕੁੰਡਲ ਜਾਗਦੀ
ਸ਼ੂਕ ਰਹੀ ਨਾਗਣ ਫ਼ਰਾਟੇ ਮਾਰਦੀ,
ਸੰਗ ਇਹਦੇ ਗੂੰਜਦਾ ਪ੍ਰਾਣਾਂ ਅੰਦਰ ਬ੍ਰਹਮਨਾਦ,
ਕਣ ਕਣ ‘ਚ ਮਹਾਂਅਨੰਦ, ਝਰਨਾਟਾਂ, ਹੁਲਾਰੇ ਛਿੜ ਰਹੇ
ਤਨ ਮਨ ਨੂੰ ਭਿਉਂ ਰਹੀਂ, ਝਰ ਰਹੀ ਅੰਮ੍ਰਿਤ ਦੀ ਧਾਰ,
ਪ੍ਰੇਮ-ਸਰਸ਼ਾਰੀ ਦੀ ਗੰਗਾ ਵਗ ਰਹੀ ਹੈ ਅੰਦਰ ਬਾਹਰ।
ਸ਼ਬਦ ਦੇ ਇਸ ਹੁਜਰੇ ‘ਚ ਪਰ ਹੈ,
ਚੱਕਰ ਭੇਦਨ ਕੀਤੇ ਬਿਨ ਜਾਣਾ ਮੁਹਾਲ।
ਇਹਦੇ ਲਈ ਕਾਮਿਲ ਗੁਰੂ ਹੀ ਕਰ ਸਕੇਗਾ ‘ਸ਼ਕਤੀਪਾਤ’,
‘ਮੈਂ’ ਦੇ ਇਸ ਵਿਸਫ਼ੋਟ ਲਈ ਹੀ ਲੋੜੀਏ ਗੁਰ-ਸ਼ਬਦ ਢਾਲ।