ਅਮਨ ਚਾਹੀਦਾ ਜੰਗ ਨਹੀਂ!
ਜੰਗ ਅਸਾਡੀ ਮੰਗ ਨਹੀਂ!
ਜੰਗਾਂ ਬਾਝੋਂ ਸਾਰ ਲਵਾਂਗੇ,
ਅਮਨਾਂ ਬਾਝੋਂ ਸਰਨਾ ਨਹੀਂ।
ਜੰਗਾਂ ਦੇ ਚੁੰਗਲ ਵਿੱਚ ਫਸਕੇ,
ਬਿਨ ਆਈ ਤੋਂ ਮਰਨਾ ਨਹੀਂ।
ਅਮਨਾ ਦਾ ਸਤਿਕਾਰ ਛੱਡਕੇ,
ਸਹਿਣਾ ਜੰਗੀ ਡੰਗ ਨਹੀਂ……।
ਜੰਗਾਂ ਤੇ ਜੋ ਖਰਚ ਕਰਾਂਗੇ,
ਕਿਸੇ ਕੰਮ ਉਹ ਆਉਣਾ ਨਹੀਂ।
ਭੁੱਖੇ ਨੂੰ ਨਹੀਂ ਰੋਟੀ ਮਿਲਣੀ,
ਰੱਜੇ ਨੇ ਸੁੱਖ ਪਾਉਣਾ ਨਹੀਂ।
ਜੰਗਾਂ ਦੀ ਬਰਬਾਦੀ ਸਹਿ ਕੇ,
ਪਾਉਣਾ ਰੰਗ ਚ ਭੰਗ ਨਹੀਂ………।
ਜੰਗਾਂ ਤੋਂ ਬਰਬਾਦੀ ਲੈ ਕੇ,
ਰਾਸ ਨਹੀ ਫਿਰ ਆਈਦਾ।
ਵੇਖ-ਵੇਖ ਬਰਬਾਦੀ ਨੂੰ ,
ਅੱਖਾਂ ਚੋਂ ਨੀਰ ਵਹਾਈਦਾ।
ਨੀਰ ਵਹਾ ਕੇ , ਹਉਕੇ ਲੈ ਕੇ,
ਹੋਣਾ ਯਾਰੋ ਤੰਗ ਨਹੀਂ………।
ਲਾਸ਼ਾਂ ਦੇ ਅੰਬਾਰ ਲਗਾ ਕੇ,
ਜੰਗਬਾਜਾਂ ਖੁਸ਼ ਹੋਣਾ ਹੈ।
ਆਪਣਿਆਂ ਨੂੰ ਖੋਹ ਕੇ ਪਿੱਛੇ,
ਆਪਣਿਆਂ ਨੇ ਰੋਣਾ ਹੈ।
ਮਾਨਵਤਾ ਦੀ ਬਲੀ ਦੇਣ ਦਾ,
ਇਹ ਕੋਈ ਵਧੀਆ ਢੰਗ ਨਹੀਂ………।
ਜੰਗਾਂ ਤੇ ਜੋ ਖਰਚਾ ਕਰਨਾ,
ਉਹੀ ਧਨ ਬਚਾਵਾਂਗੇ।
ਮਾਨਵਤਾ ਦੇ ਹੋਰ ਭਲੇ ਲਈ,
ਢੇਰਾਂ ਰੁੱਖ ਲਗਾਵਾਂਗੇ।
ਸਾਡਿਆਂ ਅਮਨਾ ਮੂਹਰੇ ਜੰਗੀ-
ਸਕਣਾ ਕੋਈ ਖੰਘ ਨਹੀਂ…………।