ਛੱਡ ਜਿੰਦੀਏ ਨੀ ਛੱਡ ਝੂਠਾ ਝੂਠਾ ਹੱਸਣਾ ਤੂੰ
ਦੱਸ ਕਿੰਨੇ ਬੈਠੀ ਦੁੱਖ ਤੂੰ ਲੁਕਾਈ ਨੀ
ਜੱਗ ਦੇ ਝੁਮੇਲਿਆਂ ਨੇ ਐਸਾ ਨੀ ਖ਼ੁਆਰ ਕੀਤਾ
ਸਭ ਕੁਝ ਬੈਠੀ ਤੂੰ ਭੁਲਾਈ ਨੀ
ਚਾਵਾਂ ਦੇ ਤੇ ਸੱਧਰਾਂ ਦੇ ਦੀਵੇ ਤੂੰ ਬੁਝਾ ਕੇ ਬੈਠੀ
ਦੱਸ ਕਿਹੜੇ ਜਾਵੇਂ ਰਾਹ ਰੁਸ਼ਨਾਈ ਨੀ
ਪੀੜਾਂ ਦੇ ਪਰਾਗਿਆਂ ਨੂੰ ਭੁੰਨ ਭੁੰਨ ਅੜੀਏ ਨੀ
ਫਿਰ ਵੀ ਤੂੰ ਜਾਵੇਂ ਮੁਸਕਾਈ ਨੀ
ਲੱਭਦੀ ਫਿਰੇ ਨੀ ਏਥੇ ਰੂਹ ਦਾ ਕੋਈ ਹਾਣੀ
ਜਿਸ ਲਈ ਇਸ ਜੱਗ ਤੂੰ ਆਈ ਨੀ
ਕਰੇ ਅਰਦਾਸ ਕੰਗ ਦਿਲੋਂ ਵੀ ਆਬਾਦ ਹੋਵੇ
ਕਿੰਨੇ ਦੁੱਖ ਬੈਠੀ ਜਿੰਦੜੀ ਨੂੰ ਲਾਈ ਨੀ।