ਤੁਰ ਤੂੰ ਭਾਵੇਂ ਦੂਰ ਗਿਆਂ ਦਿੱਲ ਵਿਚੋਂ ਦੱਸ ਕਿਵੇੰ ਭੁਲਾਵਾਂ।
ਮੈਨੂੰ ਜਾਪੇ ਨਾਲ ਮਿਰੇ ਤੁਰਦਾ ਤੇਰਾ ਅੱਜ ਪਰਛਾਵਾਂ।
ਖਾਬਾਂ ਦੇ ਵਿਚ ਸੂਰਤ ਤੇਰੀ ਸਾਹਮਣੇ ਜਦ ਦਿੱਸ ਜਾਵੇ,
ਯਾਦਾਂ ਦੇ ਫੁੱਲਾਂ ਵਾਲੀ ਚਾਦਰ ਦਿਲ ਦੇ ਪੰਲਘ ਵਿਛਾਵਾਂ।
ਸਾਥ ਰਹਾਂਗੇ ਖਾਧੀਆਂ ਕਸਮਾਂ ਕਿੱਥੇ ਨੇ ਵਾਅਦੇ ਉਹ,
ਸੁਪਨੇ ਦੇ ਵਿਚ ਵੀ ਨ੍ਹੀ ਸੀ ਆਈਆਂ ਇਹ ਵਿੱਧੀ ਵਿਧਾਵਾਂ।
ਅਰਸ਼ੀ ਉਡਦੇ ਪੰਛੀ ਬੰਨ ਕਤਾਰਾਂ ਬੈਠਣ ਆ ਬਨੇਰੇ।
ਵਜਦ ਚ ਆ ਜਦ ਗੀਤ ਤਿਰੇਆਂ ਨੂੰ ਬਿਰਹੋਂ ਰਾਗ ਵਿਚ ਗਾਵਾਂ।
ਮੇਰੀ ਤਾਂ ਅੱਜ ਦਸ਼ਾ ਉਹ ਹੋਗੀ ਨਾਂ ਰੰਡੀ ਨਾਂ ਸੁਹਾਗਣ,
ਮਿੱਟੀ ਦੇ ਵਿਚ ਚਾਅ ਰੁਲ ਗਏ ਖਤਮ ਗਈਆਂ ਹੋ ਇਛਾਵਾਂ।
ਸਾਂਭੀ ਹੋਈ ਐ ਇਹ ਯਾਦ ਤਿਰੀ ਮੈ ਦਿਲ ਦੀ ਵਿਚ ਪਟਾਰੀ,
ਪਰਦੇਸੀ ਪੁੱਤਰ ਦੀਆਂ ਯਾਦਾਂ ਜਿਉਂ ਰੱਖਣ ਸਾਂਭ ਮਾਵਾਂ।
ਸਿੱਧੂਆ ਇਕ ਖਤ ਹਰ ਦਿਨ ਲਿਖ ਕੇ ਪੇਟੀ ਵਿਚ ਰੱਖਦੀ ਹਾਂ,
ਖਤ ਤੇਰੇ ਨੂੰ ਰੋਜ ਉਡੀਕਾਂ ਹਾੜਾ ਦੇ ਘੱਲ ਸਿਰਨਾਵਾਂ।