ਘਰ ਦੇ ਕਾਟੋ ਕਲੇਸ਼ ਚਲਦਿਆਂ ਪਰਵਾਰਿਕ ਵੰਡ ਨੂੰ ਭਾਂਵੇ 10ਸਾਲ ਹੋ ਚੁੱਕੇ ਸਨ । ਪਰ ਅੱਜ ਵੀ ਸਾਡੇ ਦੋਨਾਂ ਭਰਾਵਾਂ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਸੀ ਪਿਆ । ਉਹ ਆਪਣੇ ਆਪ ਨੂੰ ਵੱਡਾ (ਜਿੰਮੇਵਾਰ) ਅਤੇ ਮੈਂ ਆਪਣੇ ਆਪ ਨੂੰ ਛੋਟਾ (ਬੱਚਾ) ਹੀ ਸਮਝਦੇ ਸਾਂ । ਮੈਂ ਅੱਜ ਤੱਕ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਿਆ ਸੀ । ਹੁਣ ਵੀ ਮੈਂਨੂੰ ਸਮਝਾਉਣ ਲਈ ਉਸ ਦੀ ਘੂਰੀ ਹੀ ਕਾਫੀ ਸੀ । ਉਹ ਆਣੇ ਬਹਾਨੇਂ ਅੱਜ ਵੀ ਮੇਰੇ ਘਰ ਤੇ ਨਜਰ ਰੱਖਦਾ ਸੀ ਅਤੇ ਮੈਨੂੰ ਦੇਖ ਕੇ ਨਜਰ ਅੰਦਾਜ ਕਰਦਾ ਹੋਇਆ ਵਿਹੜੇ ਵਿੱਚ ਖੰਗੂਰਾ ਮਾਰ ਕੇ ਮੇਰਾ ਹਾਲ ਚਾਲ ਪੁੱਛ ਲੈਂਦਾ । ਅਤੇ ਮੈਂ ਵੀ ਉਸਦੇ ਖੰਗੂਰੇ ਦਾ ਜਵਾਬ ਦੋ ਖੰਗੂਰੇ ਮਾਰ ਕੇ ਵਧੀਆ ਦੱਸ ਦਿੰਦਾ ਸਾਂ । ਕਦੇ –ਕਦੇ ਜਦ ਉਸ ਦੇ ਘਰ ਕੋਈ ਵੱਖ ਕਿਸਮ ਦੀ ਖਾਣ - ਪੀਣ ਵਾਲੀ ਚੀਜ ਬਣਦੀ ਤਾਂ ਉਹ ਕਮਰੇ ਅੱਗੇ ਬਣੀ ਕੰਧ ਵਾਲੀ ਮੋਰੀ ਵਿੱਚ ਕਿਸੇ ਬਰਤਨ ਵਿੱਚ ਪਾ ਕੇ ਰੱਖ ਦਿੰਦਾ ਅਤੇ ਮੈਂ ਵੀ ਖਾ ਪੀ ਕੇ ਬਰਤਨ ਧੋ ਕੇ ਉਸੇ ਮੋਰੀ ਵਿੱਚ ਵਾਪਸ ਰੱਖ ਦਿੰਦਾ । ਵੱਡਾ ਬਾਈ ਮੇਰੇ ਤੋਂ ਉਮਰ ਵਿੱਚ ਪੰਜ-ਛੇ ਸਾਲ ਵੱਡਾ ਸੀ ਇਸੇ ਕਰਕੇ ਉਹ ਮੈਂਨੂੰ ਪਿਉ ਵਾਂਗ ਹੀ ਪਿਆਰ ਕਰਦਾ ਸੀ ਇਨ੍ਹੇ ਪਿਆਰ ਸਤਿਕਾਰ ਤੇ ਰੋਹਬ ਦਾਰ ਹੋਣ ਕਰਕੇ ਗਲੀ ਮਹੱਲੇ ਵਾਲੇ ਉਸ ਨੂੰ ਵੱਡਾ ਬਾਈ ਹੀ ਆਖਣ ਲੱਗ ਗਏ ਸਨ । ਜਦ ਮੈਂ ਪੜ੍ਹਦਾ ਸੀ ਉਹ ਅਕਸਰ ਹੀ ਕਹਿੰਦਾ ਰਹਿੰਦਾ ਸੀ ਕਿ ਕਿਸੇ ਚੀਜ ਦੀ ਲੋੜ ਹੋਵੇ ਤਾਂ ਮੈਨੂੰ ਦੱਸਿਆ ਕਰ ਮੈਂ ਲਿਆ ਕੇ ਦਿਆ ਕਰੂੰ ਐਵੇਂ ਘਰ ਦਿਆਂ ਨੂੰ ਨਾ ਤੰਗ ਕਰਿਆ ਕਰ।
ਬਾਈ ਨੇ ਦੋਹਾਂ ਭੈਣਾਂ ਦੇ ਵਿਆਹ ਕੀਤੇ ਇੱਕ ਜਵਾਈ ਨਸ਼ੇਡੀ ਨਿਕਲ ਗਿਆ । ਉਸ ਦੇ ਬੱਚਿਆਂ ਤੇ ਪਰੀਵਾਰ ਦਾ ਖਰਚਾ ਬਾਈ ਹੀ ਚਲਾਉਦਾ ਸੀ । ਮੈਂ ਤਾਂ ਇੱਕ ਮਿਸਤਰੀ ਹੋਣ ਦੇ ਨਾਂ ਤੇ ਆਪਣਾ ਪਰਿਵਾਰ ਹੀ ਠੀਕ ਤਰ੍ਹਾਂ ਨਾਲ ਚਲਾ ਸਕਦਾ ਸੀ । ਸ਼ਾਇਦ ਇਸੇ ਲਈ ਮੇਰੇ ਘਰ ਵੀ ਰੋਜਾਨਾ ਕਲੇਸ਼ ਰਹਿੰਦਾ ਸੀ । ਇੱਕ ਦਿਨ ਮੇਰੀ ਛੋਟੀ ਬੱਚੀ ਦੀ ਫੀਸ ਭਰਨੀ ਸੀ 10,000 ਰੁਪਏ ਜਿਵੇਂ ਹੀ ਮੇਰੀ ਘਰ ਵਾਲੀ ਨੇ ਦੱਸਿਆ ਤਾਂ ਮੈਂਨੂੰ ਸਮਝ ਨਾ ਆਵੇ ਕਿ ਮੈਂ ਕੀ ਕਰਾਂ । ਫਿਰ ਬਾਈ ਦੀ ਯਾਦ ਆਈ ਤਾਂ ਮੈਂ ਜਾਣ ਬੁਝ ਕੇ ਵੇਹੜੇ ਵਿੱਚ ਨਿਕਲ ਕੇ ਉੱਚੀ ਉੱਚੀ ਬੋਲਣ ਲੱਗ ਪਿਆ “ ਮੈਂ ਕਿਥੋਂ ਲੈ ਕੇ ਆਵਾਂ ਫੀਸ ਦੇ ਦਸ ਹਜਾਰ ਰੁਪਏ । ਗਲ ਗੂੰਠਾ ਦੇ ਦਿਉ ਇਸਦੇ ਜਾਂ ਮੈਂਨੂੰ ਵੇਚ ਦਿਉ ਜੇ ਕਿਤੋਂ ਤੁਹਾਨੂੰ ਮਿਲ ਜਾਣ ਦਸ ਹਜਾਰ ਰੁਪਏ । ਫਿਰ ਕੀ ਸੀ ਬਾਈ ਨੇ ਦਸ ਹਜਾਰ ਰੁਪਏ ਰੁਮਾਲ ਦੇ ਵਿੱਚ ਬੰਨ੍ਹ ਕੇ ਉਸੇ ਮੋਰੀ ਵਿੱਚ ਫਸਾ ਦਿੱਤੇ ਮੈਂ ਇਹ ਸਭ ਕੁਝ ਦੇਖ ਰਿਹਾ ਸੀ ਮੈਂ ਰੁਮਾਲ ਚੱਕਿਆ ਤੇ ਪੈਸੇ ਕੱਡ ਕੇ ਘਰਵਾਲੀ ਨੂੰ ਫੜਾ ਦਿੱਤੇ ਮੈਂਨੂੰ ਪਤਾ ਸੀ ਕਿ ਬਾਈ ਮੈਂਨੂੰ ਤੰਗ ਹੁੰਦਾ ਨਹੀਂ ਸੀ ਦੇਖ ਸਕਦਾ । ਮੈਂ ਵੀ ਇਸੇ ਲਈ ਬਾਈ ਤੋਂ ਮਦਦ ਮੰਗੀ ਸੀ ਇਸੇ ਤਰ੍ਹਾਂ ਬਾਈ ਮੇਰੇ ਪੂਰੇ ਘਰ ਦਾ ਖਿਆਲ ਰੱਖਦਾ ਜਾਂ ਫਿਰ ਇਹ ਕਹਿ ਲਵੋ ਕਿ ਫਰਕ ਇੱਕ ਘਰ ਦੇ ਵਿਹੜੇ ਵਿੱਚ ਬਣੀ ਇੱਕ ਕੰਧ ਦਾ ਹੀ ਸੀ ਉਝ ਤਾਂ ਅਸੀਂ ਦੋਹੇ ਭਰਾਂ ਇੱਕ ਦੂਜੇ ਨੂੰ ਬਹੁਤ ਪਿਆਰੇ ਸੀ । ਇਹ ਗੱਲ ਬੇਬੇ ਬਾਪੂ ਵੀ ਜਾਂਣਦੇ ਸੀ । ਇਸੇ ਕਰਕੇ ਉਹ ਅਕਸਰ ਕਹਿੰਦੇ ਰਹਿੰਦੇ ਸੀ ਕਿ ਨੂੰਹਾਂ ਦੀ ਆਪਸ ਵਿੱਚ ਨਹੀਂ ਬਣਦੀ ਭਰਾਂ ਤਾਂ ਦੋਹੇਂ ਘਿਉ ਖਿਚੜੀ ਹੋ ਜਾਂਦੇ ।
ਇੱਕ ਦਿਨ ਸਵੇਰੇ –ਸਵੇਰੇ ਦੋ ਪੈਂਟ ਕੋਟ ਵਾਲੇ ਬੰਦੇ ਘਰ ਆਏ ਬਾਈ ਦਾ ਚਹਿਰਾ ਪਤਾ ਨਹੀਂ ਕਿਉਂ ਉਦਾਸ ਸੀ । ਸਾਰਾ ਦਿਨ ਬਾਈ ਆਪਣੇ ਕਮਰੇ ਵਿੱਚ ਹੀ ਬੰਦ ਰਿਹਾ ਨਾ ਭਾਬੀ ਜੀ ਦੇ ਮੂੰਹੋਂ ਕੁਝ ਸੁਣਿਆ ਦੂਸਰੇ ਦਿਨ ਚਾਚੇ ਦਾ ਮੁੰਡਾ ਰੋਂਦਾ ਕਰਲਾਉਦਾਂ ਚੀਕਦਾ ਭੱਜਿਆ ਆਵੇ ਵੀਰੇ ਆਪਾਂ ਲੁਟੇ ਗਏ ਕਦੇ ਹਏ ਵੀਰੇ ਆਪਾ ਉਜਡ ਗਏ ਬਾਈ ਗਿਆ ਵੱਡਾ ਬਾਈ ਗਿਆ ਮੈਂਨੂੰ ਸਮਝ ਨਾ ਆਵੇ ਹੋ ਕੀ ਗਿਆ ਬਾਰ ਮੂਹਰੇ ਪਿੰਡ ਕੱਠਾ ਹੋਇਆ ਪਿਆ ਸੀ ਲੋਕ ਡਰਦੇ ਕੁਝ ਦਸ ਨਹੀਂ ਰਹੇ ਸਨ । ਇਨ੍ਹੇਂ ਨੂੰ ਪਿੰਡ ਦੇ ਸਰਪੰਚ ਨੇ ਮੋਡੇ ਤੇ ਹੱਥ ਰੱਖ ਕੇ ਕਿਹਾ ਹੋਸਲਾ ਰੱਖ ਪਰਿਵਾਰ ਸੰਭਾਲ ਜੋ ਹੋਣਾ ਸੀ ਉਹ ਹੋ ਗਿਆ । ਰੱਬ ਆਪਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮੈਂ ਲੱਕੜਾਂ ਲਈ ਮੁੰਡੇ ਭੇਜ ਦਿਤੇ ਆ । ਆ ਆਪਾ ਬਾਈ ਨੂੰ ਲਾ ਲਿਆਈਏ ਬਾਈ ਨੇ ਖੇਤ ਮੋਟਰ ਤੇ ਫਾਹਾ ਲੈ ਲਿਆ ਸੀ ਸਭ ਕੁਝ ਕਤਮ ਹੋ ਗਿਆ ਸੀ ਸਭ ਕੁਝ ਲੈ ਗਿਆ ਸੀ ਬਾਈ ਆਪਣੇ ਨਾਲ , ਆਪਣੇ ਦੁਖ ਵੀ ਘਰ ਦੀ ਦਿਵਾਰ ਕਿਸੇ ਕੰਮ ਦੀ ਨਾ ਰਹੀਂ ਸਾਰੇ ਮਿਲ ਕੇ ਬਾਈ ਦੇ ਸੰਸਕਾਰ ਦੀ ਤਿਆਰੀ ਕਰ ਰਹੇ ਸਨ ਉਹ ਨੂੰਹਾਂ ਜਿਨ੍ਹਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ ਇੱਕ ਦੂਜੇ ਦੇ ਗਲ ਲੱਗ ਵੈਣ ਪਾ ਰਹੀਂਆ ਸਨ । ਬਸ ਇੱਕ ਬਾਈ ਹੀ ਨਹੀਂ ਸੀ ਸਾਡੇ ਕੋਲ ਬਾਕੀ ਸਭ ਕੁਝ ਇੱਕ ਹੋ ਗਿਆ ਸੀ ਵੱਡੇ ਬਾਈ ਦੀ ਖਾਮੋਸ਼ੀ ਤੇ ਉਦਾਸੀ ਨੂੰ ਮੈਂ ਕਦੇ ਸਮਝ ਨਾ ਸਕਿਆ ਇਸੇ ਗੱਲ ਦਾ ਹੀ ਝੋਰਾ ਖਾ ਰਿਹਾ ਸੀ ਮੈਂਨੂੰ ।