ਸਾਹਿਤਕਾਰ ਹਰਵਿੰਦਰ ਸਿੰਘ ਰੋਡੇ ਨਾਲ ਰੂਬਰੂ ਸਮਾਗਮ
(ਖ਼ਬਰਸਾਰ)
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਅਤੇ ਕਾਲਜ ਦੀ ਲਾਇਬ੍ਰੇਰੀ ਦੇ ਸਾਂਝੇ ਉੱਦਮ ਸਦਕਾ ਪਿੰਡ ਰੋਡੇ ਦੇ ਜੰਮਪਲ ਅਤੇ ਸਾਹਿਤ ਸਭਾ (ਰਜਿ.) ਬਾਘਾ ਪੁਰਾਣਾ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਰੋਡੇ ਦਾ ਵਿਦਆਰਥੀਆਂ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਲਾਇਬਰੇਰੀਅਨ ਮਨਪ੍ਰੀਤ ਕੌਰ ਨੇ ਹਰਵਿੰਦਰ ਸਿੰਘ ਰੋਡੇ ਨੂੰ ‘ਜੀ ਆਇਆਂ ਨੂੰ’ ਕਿਹਾ ਅਤੇ ਕਾਲਜ ਦੇ ਸਮੁੱਚੇ ਸਟਾਫ਼ ਵੱਲੋਂ ਗੁਲਦਸਤਾ ਭੇਂਟ ਕੀਤਾ ਗਿਆ। ਪ੍ਰੋ. ਗੁਰਪ੍ਰੀਤ ਸਿੰਘ ਨੇ ਹਰਵਿੰਦਰ ਸਿੰਘ ਰੋਡੇ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਸ਼ਾਇਰ ਹਰਵਿੰਦਰ ਰੋਡੇ ਨੇ ਵਿਦਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਹਰ ਅਸਫਲਤਾ ਵਿਚੋਂ ਸਫਲਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸਫਲਤਾਵਾਂ ਹੀ ਸਫ਼ਲਤਾ ਵੱਲ ਜਾਂਦੀਆਂ ਪੌੜੀਆਂ ਹਨ। ਹਾਰ ਤੋਂ ਨਿਰਾਸ ਹੋਣ ਦੀ ਬਜਾਏ ਹਾਰ ਤੋਂ ਸਬਕ ਲੈਣ ਨਾਲ ਹੀ ਜਿੰਦਗੀ ਸ਼ਿੰਗਾਰੀ ਜਾ ਸਕਦੀ ਹੈ। ਆਪਣੀ ਜਿੰਦਗੀ ਦੇ ਅਹਿਮ ਪਲ ਵਿਦਆਰਥੀਆਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਨਵੇਂ ਸਿਖਾਂਦਰੂਆਂ ਨੂੰ ਛਪਣ/ਛਪਵਾਉਣ ਦੀ ਕਾਹਲ ਨਹੀਂ ਕਰਨੀ ਚਾਹੀਦੀ ਸਗੋਂ ਧੀਰਜ ਰੱਖਦਿਆਂ ਸਖਤ ਘਾਲਣਾ ਨਾਲ ਸਿੱਖਣਾ ਚਾਹੀਦਾ ਹੈ। ਉਨ੍ਹਾਂ ਵਿਦਆਰਥੀਆਂ ਨੂੰ ਪਿੰਗਲ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ। ਵਿਦਿਆਰਥੀਆਂ ਦੀ ਪੁਰਜ਼ੋਰ ਮੰਗ 'ਤੇ ਉਨ੍ਹਾਂ ਆਪਣੀਆਂ ਰਚਨਾਵਾਂ ਤੋਂ ਇਲਾਵਾ ਬਾਬੂ ਰਜ਼ਬ ਅਲੀ ਦੇ ਛੰਦਾਂ ਦੀ ਵੀ ਭਰਵੀਂ ਹਾਜ਼ਰੀ ਲਵਾਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਵਿਨਾਸ਼ ਕੌਰ ਨੇ ਕਿਹਾ ਕਿ ਅਜੋਕੀ ਜਵਾਨੀ ਸਾਡੀ ਵਿਰਾਸਤ ਭੁੱਲਦੀ ਜਾ ਰਹੀ ਹੈ ਤੇ ਹਰਵਿੰਦਰ ਰੋਡੇ ਨੇ ਆਪਣੀ ਸ਼ਾਇਰੀ ਰਾਹੀਂ ਇਸ ਵਿਰਾਸਤ ਨੂੰ ਸਾਂਭਣ ਦਾ ਯਤਨ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਵੱਲੋਂ ਰੂ-ਬ-ਰੂ ਸ਼ਖ਼ਸੀਅਤ ਹਰਵਿੰਦਰ ਸਿੰਘ ਰੋਡੇ ਅਤੇ ਵਿਸ਼ੇਸ਼ ਮਹਿਮਾਨ ਕੰਵਲਜੀਤ ਸਿੰਘ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਪ੍ਰੋ ਗੁਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ. ਸੁਰਿੰਦਰ ਮੋਹਨ, ਪਰਮਜੀਤ ਕੌਰ, ਲਖਵੀਰ ਕੌਰ, ਮਨੋਜ ਕੁਮਾਰ, ਦਲਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਿਰ ਸਨ। ਸਾਹਿਤ ਸਭਾ (ਰਜਿ.) ਬਾਘਾ ਪੁਰਾਣਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਅਤੇ ਬਾਕੀ ਸਮੂਹ ਮੈਂਬਰਾਂ ਵੱਲੋਂ ਹਰਵਿੰਦਰ ਸਿੰਘ ਰੋਡੇ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ ਗਈ ਹੈ।