ਜੁਜ਼ ’ਚੋਂ ਕੁਲ ਅਤੇ ਕਤਰੇ ’ਚੋਂ ਸਮੁੰਦਰ ਨਿਹਾਰਨ ਵਾਲੇ ਦੀਵਾਨ-ਏ-ਕਾਦਰੀ ਦੇ ਇਸ ਇਰਫ਼ਾਨੀ-ਸੁਗ਼ਿਆਨੀ ਕਲਾਮ ਵਿਚੋਂ ਚਸ਼ਮਾਇ-ਹੱਕਾਨੀ ਦੀਆਂ ਅਨੁਭੂਤੀਆਂ ਦੀ ਲੱਜ਼ਤ ਅਤੇ ਵਹਦਤ-ਉਲ-ਵਜੂਦ ਦੇ ਸੂਫ਼ੀ ਫ਼ਲਸਫ਼ੇ ਦੀ ਤੱਤਸਾਰਤਾ ਦਾ ਨੂਰ ਭਰ-ਭਰ ਡੁੱਲਦਾ ਹੈ। ਇਹ ਉਹ ਸ਼ਾਇਰੀ ਹੈ ਜਿਸਦੇ ਸ਼ਬਦ, ਸੰਦੇਸ਼, ਸੁਹਜ, ਲੈਅ ਅਤੇ ਥੀਮ ਦੀ ਦਿਸ਼ਾ ਚੇਤਨਾ ਦੇ ਗਹਿਰੇ ਮੰਡਲਾਂ ਦੇ ਅਨੰਤ ਫੈਲਾਅ ਨੂੰ ‘ਕਾਵਿ-ਪ੍ਰਵਚਨ’ ਦੇ ਪਿ੍ਜ਼ਮ ਰਾਹੀਂ ਵਜੂਦ ਦੀ ਤਿਲਾਵਤ (ਹੋਂਦ ਦੇ ਅਧਿਐਨ) ਦੇ ਪ੍ਰਸ਼ਨ’ਤੇ ਕੇਂਦਿਰਤ ਕਰਦੀ ਹੈ। ਇਹ ਕਲਾਮ ਐਸਾ ਕਲਾਮ ਹੈ ਜੋ ਬੰਦੇ ਨੂੰ ਆਪਣੇ ਆਪ ਨਾਲ ਮੁਲਾਕਾਤ ਅਤੇ ਆਪੇ ਦੀ ਪਛਾਣ ਕਰਨ ਦਾ ਸੱਦਾ ਦਿੰਦਿਆਂ ਉਸਨੂੰ ਮੁਕਾਮੇ-ਬੇਖ਼ੁਦੀ ਦੇ ਉਸ ਆਲਮ ਤੇ ਲੈ ਜਾਂਦਾ ਹੈ ਜਿੱਥੇ ਜਾ ਕੇ ਬੰਦੇ ਅਤੇ ਖ਼ੁਦਾ ਦਾ ਫ਼ਾਸਲਾ ਮਿੱਟਦਾ ਪ੍ਰਤੀਤ ਹੁੰਦਾ ਹੈ, ਆਪਣੇ ਆਪ ਨੂੰ ਕਿਤਾਬ ਵਾਂਗ ਪੜ੍ਹਨਾ ਇਬਾਦਤ ਹੋ ਜਾਂਦਾ ਹੈ ਅਤੇ ਇੱਕ ਅਨੂਠੇ ਵਿਸਮਾਦੀ ਖੇੜੇ ਤੇ ਵਿਗਾਸ ਨਾਲ ਭਰਿਆ ਭਿੱਜਿਆ ਮਨ ਅਲ ਇਨਸਾਨਾ ਸਿੱਰ ਹੁ ਵਹਾਨਾ ਸਿੱਰਰ’ (ਰੱਬ ਬੰਦੇ ਦਾ ਰਾਜ਼ ਅਤੇ ਬੰਦਾ ਰੱਬ ਦਾ ਰਾਜ਼ ਹੈ) ਦਾ ਸੁਖ਼ਨ ਪੜਦਾ ਹੈ।ਸੂਫ਼ੀ ਮੁਆਸ਼ਰੇ ਨੂੰ ‘ਵਹਦਤ-ਉਲ-ਵਜੂਦ’ ਦਾ ਸਿਧਾਂਤ ਦੇਣ ਵਾਲੇ ਸਪੇਨੀ ਚਿੰਤਕ ਇਬਨੇ ਅਰਬੀ ਆਪਣੇ ਤਿੰਨ ਸੂਤਰਾਂ ਇਸ਼ਰਾਕ, ਇਤਿਹਾਦ ਅਤੇ ਸਰਯਾਨ ਦੀ ਗੁੱਥੀ ਸੁਲਝਾਉਂਦਿਆਂ ਘੋਸ਼ਿਤ ਕਰਦੇ ਹਨ ਕਿ ਮਖ਼ਲੂਕਾਤ ਦਾ ਵਜੂਦ ਐਨ ਖ਼ਾਲਕ ਹੈ। (ਵਜੂਦ-ਉਲ-ਮਖ਼ਲੂਕਾਤ ਐਨ ਵਜ਼ੂਦੁਲ ਹਕ)।
ਹਜ਼ਰਤ ਖ਼ਵਾਜਾ ਗ਼ੁਲਾਮ ਮੁਹੀਉੱਦੀਨ ਖ਼ਾਨ .ਕਾਦਰੀ ਨੇ ਇਸੇ ਦ੍ਰਿਸ਼ਟੀ-ਬਿੰਦੂ ਤੋਂ ‘ਖ਼ੁਦ ਵਿੱਚ ਹੀ ਖ਼ੁਦਾ ਹਲੂਲ ਹੋਣ ਅਤੇ ‘ਬੰਦੇ ਦੇ ਖ਼ੁਦਾ ਦੀ ਜ਼ਾਤ ਤੋਂ ਜੁਦਾ ਨਾ ਹੋਣ, ਦੀ ਪ੍ਰੋੜਤਾ ਕਰਦਿਆਂ ਵਜੂਦ ਦੀ ਤਿਲਾਵਤ (ਆਪਾ ਚੀਨਣ ਜਾਂ ਹੋਂਦ ਦਾ ਅਧਿਐਨ ਕਰਕੇ ਆਤਮ ਗਿਆਨ ਦੀ ਪ੍ਰਾਪਤੀ) ਕਰਨ ਲਈ ਆਪਣੇ ਕਲਾਮ ਵਿਚ ਸਾਲਿਕ (ਸਾਧਕ) ਨੂੰ ਵਾਰ ਵਾਰ ਇਹ ਅਗਾਹ ਕੀਤਾ ਹੈ:
ਅਲਿਫ਼ ਆਪ ਕੋ ਸਮਝ ਪਿਆਰੇ ਐਸੀ ਹੋਰ ਇਬਾਦਤ ਨਾਹੀਂ।
ਅਪਨੀ ਆਪ ਕਿਤਾਬ ਪੜ੍ਹੋ ਤੁਮ ਐਸੀ ਔਰ ਤਿਲਾਵਤ ਨਾਹੀਂ।
ਨਫ਼ਸ ਅਪਨੇ ਪਰ ਹਾਕਿਮ ਹੋਨਾ ਐਸੀ ਔਰ ਸੁਜ਼ਾਵਤ ਨਾਹੀਂ।
ਕਾਦਿਰੀ ਹੱਕ ਕਾ ਰਾਹ ਬਤਾਨਾ ਐਸੀ ਔਰ ਸਖ਼ਾਵਤ ਨਾਹੀਂ। (ਸੀਹਰਫ਼ੀ)
.........
ਬਾਤਿਨ ਇਨਸਾਨ ਕਾ ਹੈ ਜਿਸਕੋ ਅਹਦ ਕਹਿਤੇ ਹੈਂ,
ਹੱਕ ਕਾ ਜ਼ਾਹਿਰ ਯਹੀ ਇਨਸਾਨ ਹੈ ਅੱਲ੍ਹਾ ਅੱਲ੍ਹਾ ।
ਸਮਝਤਾ ਨਹੀਂ ਵੁਹ ਕਭੀ ਗ਼ੈਰ ਖ਼ੁਦਾ ਕੋ ਮੌਜੂਦ,
ਜੋ ਕੋਈ ਸਾਹਿਬ-ਏ-ਇਰਫ਼ਾਨ ਹੈ ਅੱਲ੍ਹਾ ਅੱਲ੍ਹਾ ।
ਇਉਂ ਤੌਹੀਦ (ਰੱਬ ਨੂੰ ਦਿਲੋਂ ਇਕ ਮੰਨਣ) ਦੇ ਮੁੱਦੇ ਤੇ ਮਸਲੇ ਨੂੰ ਗ਼ਜ਼ਲ ਦੇ ਬੰਧੇਜਮਈ ਰੂਪਾਕਾਰ ਜ਼ਰੀਏ ਖੰਗਾਲਦਾ/ਨਿਬੇੜਦਾ ਇਹ ਆਰਿਫ਼ਾਨਾ ਕਲਾਮ ਆਪਣੇ ਮੂਲ ਤੋਂ ਵਿਛੁੰਨੇ ਵਿਯੋਗੀ ਮਨੁੱਖ ਨੂੰ ਨਾਮ ਅਤੇ ਰੂਪ ਦੇ ਭੇਦਾਂ ਤੋਂ ਉਤਾਂਹ ਉੱਠਕੇ ਉਪਾਧੀ ਰਹਿਤ ਨਿੱਜ ਘਰ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ; ਕਾਇਨਾਤੀ ਚੇਤਨਾ ਦੀਆਂ ਗਵਾਹੀਆਂ ਤੇ ਨਿਸ਼ਾਨੀਆਂ ਨੂੰ ਬੰਦੇ ਦੇ ਪ੍ਰਾਣਾਂ ਦੀ ਗਤੀ ’ਚ ਮਹਿਸੂਸ ਕਰਵਾਉਂਂਦਾ, ਕੁਰਾਨ ਦੀਆਂ ਆਯਤਾਂ ਦੇ ਹਵਾਲੇ ਆਪਣੇ ਕਾਵਿ-ਪ੍ਰਬੰਧ ’ਚ ਸਮੋ ਕੇ ਤਸੱਵੁੱਫ਼ ਦੀਆਂ ਗਹਿਨ ਪਰਤਾਂ ਫ਼ਰੋਲਦਾ ਅਤੇ ਵਹਦਤ-ਉਲ-ਵਜੂਦ (ਰੱਬੀ ਹੋਂਦ ਦੀ ਏਕਤਾ) ਤੇ ਵਹਦਤ ਅਸ਼-ਸ਼ੁਹੂਦ (ਗਵਾਹ ਦਾ ਏਕਵਾਦ/ਪ੍ਰਤੱਖ਼ਤਾਵਾਦ) ਦੇ ਸਤਹੀ ਪੱਧਰ ’ਤੇ ਜਾਪਦੇ ਦੋ ਵਿਰੋਧੀ ਚਿੰਤਨੀ ਜੁੱਟਾਂ ਨੂੰ ਇਕਸੁਰਤਾ ਦੀ ਲੜੀ ’ਚ ਪਰੋਂਦਾ ਇਕ ਭਵਿੱਖਮਈ ਗਿਆਨ ਪ੍ਰਬੰਧ ਉਸਾਰਦਾ ਹੈ।
ਸੂਫ਼ੀਆਂ ਵਿੱਚ ਮਕਬੂਲ ਅਤੇ ਰੂਹ ਨੂੰ ਸਕੂਨ ਅਤੇ ਸਰੂਰ ਦੇਣ ਵਾਲੇ ਇਸ ਕਲਾਮ ਨੂੰ 16 ਸਾਲ ਪਹਿਲਾਂ ਮੈਂ ਪਹਿਲੀ ਵੇਰ ਬਾਬਾ ਫ਼ਰੀਦ ਦੇ ਪੀਰੋ-ਮੁਰਸ਼ਿਦ ਖ਼ਵਾਜਾ ਕੁਤਬਦੀਨ ਬਖ਼ਤਿਆਰ ਕਾਕੀ ਦੀ ਮਹਿਰੌਲੀ ਸਥਿਤ ਦਰਗਾਹ ਤੇ ਉਰਸ ਦੌਰਾਨ ਕੱਵਾਲਾਂ ਪਾਸੋਂ ਸੁਣਿਆ ਸੀ। ਉਦੋਂ ਮੇਰੇ ਮਨ ’ਚ " ਦੀਵਾਨ-ਏ-ਕਾਦਰੀ " ਦਾ ਸਮੁੱਚਾ ਕਲਾਮ ਪੰਜਾਬੀ ’ਚ ਲਿਪੀਅੰਤਰ ਕਰਨ ਦੀ ਰੀਝ ਜਾਗੀ ਸੀ। ਮੈਨੂੰ ਯਾਦ ਹੈ ਕਿ ਮੇਰੀਆਂ ਅੱਖ਼ਾ ਤਾਂ ਉਸ ਵੇਲੇ ਸਮਾਅ-ਏ-ਮਹਿਫ਼ਿਲ ਵੇਖ ਰਹੀਆਂ ਸਨ ਪਰੰਤੂ ਮੇਰੇ ਜ਼ਿਹਨ ’ਚ ਖ਼ਵਾਜਾ ਕੁਤਬੁਦੀਨ ਦੇ ਜੀਵਨ ਦੀਆਂ ਆਖ਼ਰੀ ਘੜੀਆਂ ਨਾਲ ਸੰਬੰਧਿਤ ਇਕ ਕਥਾ ਪ੍ਰਸੰਗ ਜਾਂ ਸਾਖ਼ੀ ਚੱਲ ਰਹੀ ਸੀ। ਸ਼ਾਖ਼ੀ ਇਹ ਹੈ ਕਿ ਬਾਬਾ ਜੀ ਨੂੰ ਸਮਾਅ-ਏ-ਮਹਿਫ਼ਲ ਦਾ ਅੱਵਲ ਦਰਜ਼ੇ ਦਾ ਸ਼ੌਂਕ ਸੀ ਅਤੇ ਇਤਿਹਾਸ ਇਹ ਦੱਸਦਾ ਹੈ ਕਿ ਉਨਾਂ ਦੀ ਵਫ਼ਾਤ ਵੀ ਕੱਵਾਲੀ ਸੁਣਦਿਆਂ ਚਾਰ ਦਿਨ ਹਾਲ ਵਿਚ ਮਜਜ਼ੂਬ ਰਹਿਣ ਪਿਛੋਂ ਹੋਈ। ਸੂਫ਼ੀ ਹਕਾਇਤਾਂ ’ਚ ਇਸ ਦਾ ਜ਼ਿਕਰ ਮਿਲਦਾ ਹੈ ਕਿ ਇਕ ਦਿਨ ਉਹ ਆਪਣੇ ਮਿੱਤਰ ਦਰਵੇਸ਼ਾਂ ਨਾਲ ਦਿੱਲੀ ਸਥਿਤ ਹਜ਼ਰਤ ਸ਼ੇਖ ਅਲੀ ਸੰਜਰੀ ਦੀ ਖ਼ਾਨਕਾਹ ਵਿੱਚ ਤਸ਼ਰੀਫ਼ ਫਰਮਾਂ ਸਮਾਅ ਦਾ ਅਨੰਦ ਮਾਣ ਰਹੇ ਸਨ ਕਿ ਕੱਵਾਲਾਂ ਨੇ ਜਦੋਂ ਹਜ਼ਰਤ ਅਹਿਮਦ ਜਾਮੀ ਦੀ ਫ਼ਾਰਸੀ ਗ਼ਜ਼ਲ ਦਾ ਇਹ ਸ਼ੇਅਰ ਪੜ੍ਹਿਆ :
ਕੁਸ਼ਤਗ਼ਾਨੇ ਖ਼ੰਜ਼ਰੇ ਤਸਲੀਮੇ ਰਾ
ਹਰ ਜਮਾਂ ਅਜ਼ ਗ਼ੈਬ ਜਾਨੇ ਦੀਗਰ ਅਸਤ
(ਇਸ਼ਕ ਇਲਾਹੀ ਦੇ ਖ਼ੰਜ਼ਰ ਨਾਲ ਕਤਲ ਹੋਣ ਵਾਲਿਆਂ ਨੂੰ ਅਦ੍ਰਿਸ਼ਟ ਤੋਂ ਹਰ ਪਲ ਇਕ ਨਵੀਂ ਜ਼ਿੰਦਗੀ ਪ੍ਰਾਪਤ ਹੋ ਰਹੀ ਹੈ)
ਤਾਂ ਕਹਿੰਦੇ ਨੇ ਕਿ ਉਨਾਂ ’ਤੇ ਹਾਲ ਤਾਰੀ ਹੋ ਗਿਆ। ਉਨਾਂ ਦੀ ਇਸ ਸਥਿਤੀ ਨੂੰ ਵੇਖਦਿਆਂ ਉਨਾਂ ਦੇ ਦੋ ਕਰੀਬੀ ਦੋਸਤ ਦਰਵੇਸ਼ ਹਜ਼ਰਤ ਕਾਜ਼ੀ ਹਮੀਦੁੱਦੀਨ ਨਗੌਰੀ ਅਤੇ ਸੈਖ਼ ਬਦਰੁਦੀਨ ਗ਼ਜ਼ਨਵੀ ਇਸੇ ਹਾਲ ਵਿਚ ਕੱਵਾਲਾਂ ਸਮੇਤ ਉਨਾਂ ਨੂੰ ਉਨਾਂ ਦੇ ਆਸਤਾਨੇ ਮਹਿਰੌਲੀ ਲੈ ਆਏ। ਬਾਬਾ ਕੁਤਬੁਦੀਨ ਨੂੰ ਜਦੋਂ ਵੀ ਥੋੜੀ ਹੋਸ਼ ਆਉਂਦੀ ਤਾਂ ਉਹ ਕੱਵਾਲਾਂ ਨੂੰ ਮੁੜ-ਮੁੜ ਉਹੋ ਸ਼ਿਅਰ ਸੁਣਾਉਣ ਦੀ ਫ਼ਰਮਾਇਸ਼ ਕਰਦੇ। ਇਸੇ ਕੈਫ਼ੀਅਤ ਵਿਚ ਚਾਰ ਦਿਨ ਬੇਹੋਸ਼ ਰਹਿਣ ਪਿਛੋਂ ਪੰਜਵੇਂ ਦਿਨ ਉਹ ਬਾਰਗ਼ਾਹੇ ਇਲਾਹੀ ਲਈ ਸਦੀਵੀ ਕੂਚ ਕਰ ਗਏ। ਇਹ ਸਾਖੀ ਜਿਵੇਂ ਇਕ ਕਾਮਿਲ ਦਰਵੇਸ਼ ਦੀ ਇਸ਼ਕ ਇਲਾਹੀ ਲਈ ਸ਼ਿੱਦਤ ਭਰੀ ਤੜਪ, ਰੂਹ ਨੂੰ ਚੋਟ ਮਾਰਦੇ ਮਾਰਫ਼ਿਤ ਦੇ ਕਲਾਮ ਪ੍ਰਤੀ ਵਿਸ਼ੇਸ਼ ਉਮਾਹ ਅਤੇ ਫ਼ਕੀਰਾਂ ਦੇ ਹਾਲ ਦੀ ਡਾਢੀ ਕੈਫ਼ੀਅਤ ਦਾ ਬਿਰਤਾਂਤ ਪੇਸ਼ ਕਰਦੀ ਹੈ, ਉਵੇਂ ਇਸੇ ਜਲਵੇ ਦਾ ਕੁਝ ਪਰਛਾਵਾਂ ਮੇਰੀ ਆਤਮਾ ਉਦੋਂ ਮਹਿਸੂਸ ਕਰ ਰਹੀ ਸੀ। ਉਰਸ ਖ਼ਤਮ ਹੁੰਦੇ ਸਾਰ ਹੀ ਮੈਂ ਦਿੱਲੀ ਦੇ ਉਰਦੂ ਬਾਜ਼ਾਰ ਦੀਆਂ ਤੰਗ ਗਲੀਆਂ ਵਿਚ‘ਦੀਵਾਨ-ਏ-ਕਾਦਰੀ’ ਲੱਭਦਾ ਫਿਰਦਾ ਰਿਹਾ।ਇਸਲਾਮੀ ਚਿੰਤਨ ਦੀਆਂ ਕਿਤਾਬਾਂ ਨਾਲ ਭਰੀਆਂ ਦੁਕਾਨਾਂ ’ਚੋਂ ਮੈਨੂੰ ਕਿਤੇ ਵੀ ਇਹ ਦੀਵਾਨ ਨਾ ਲੱਭਿਆ। ‘ਜਲਵਤ ’ਚ ਖ਼ਲਵਤ ਅਤੇ ' ਮਹਿਫ਼ਿਲ ’ਚ ਤਨਹਾਈ ਦਾ ' ਅਹਿਸਾਸ ਲਈ ਮੈਂ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਐਨ ਪੈਰਾਂ ’ਚ ਪੈਂਦੀ ਸ਼ਹੀਦ ਸਰਮਦ ਦੀ ਦਰਗਾਹ’ਤੇ ਉਦਾਸ ਮਨ ਨਾਲ ਜਾ ਬੈਠਾ ਅਤੇ ਉਥੇ ਸਿਜਦਾ ਕਰਕੇ ਪੰਜਾਬ ਪਰਤ ਆਇਆ। ਦੀਵਾਨ ਨੂੰ ਹਾਸਿਲ ਕਰਨ ਦੀ ਇੱਛਾ ਅਧੀਨ ਭਾਵੇਂ ਮੈਂ ਕਈ ਸੂਫ਼ੀ ਫ਼ਕੀਰਾਂ ਨੂੰ ਵੀ ਉਨਾਂ ਦੀਆਂ ਦਰਗਾਹਾਂ ’ਤੇ ਵੀ ਜਾ ਕੇ ਮਿਲਿਆ ਪਰੰਤੂ ਉਨਾਂ ਕੋਲ ਚੇਤੇ ਕੀਤੇ ਇਸ ਵਿਚਲੇ ਦੋ-ਚਾਰ ਸ਼ਿਅਰ ਸੁਣਾਉਣ ਲਈ ਤਾਂ ਸਨ, ਪਰ ਦੀਵਾਨ ਦੀ ਕਾਪੀ ਨਹੀਂ। ਕੁਝ ਸਮਾਂ ਨਿਰਾਸ਼ ਹਤਾਸ਼ ਹੋਣ ਪਿਛੋਂ ਦੀਵਾਨ ਲੱਭਣ ਦੀ ਤਮੰਨਾ ਤਾਂ ਭਾਵੇਂ ਮੇਰੇ ਦਿਲ ’ਚ ਧੁਖ਼ਦੀ ਰਹੀ ਪਰੰਤੂ ਸੰਸਾਰਕ ਝਮੇਲਿਆਂ ਦੀ ਨਿੱਤ ਦੀ ਝਿੰਜ ਅਤੇ ਦੁਨੀਆਦਾਰੀ ਦੇ ਕੁਹਰਾਮ ਵਿਚ ਗੱਲ ਆਈ-ਗਈ ਹੋ ਗਈ। ਤੇ ਫਿਰ ਇਕ ਦਿਨ ਅਚਾਨਕ ਅਜਿਹਾ ਅਣਕਿਆਸਿਆ ਵਾਪਰਿਆ ਕਿ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਅੱਲਾਹ ਦੇ ਵਲੀ ਜਾਂ ਸੰਤ ਆਪਣੇ ਕਿਸੇ ਕਾਰਜ ਦੀ ਸੰਪੂਰਨਤਾ ਲਈ ਕਿਸੇ ਮਖ਼ਸੂਸ ਮਨੁੱਖ ਨੂੰ ਆਪ ਹੀ ਆਪਣਾ ਵਸੀਲਾ ਚੁਣਦੇ ਹਨ। ਇਹ 2007 ਦੀ ਘਟਨਾ ਹੈ ਕਿ ਮੇਰੇ ਵੱਲੋਂ ਉਦੋਂ ਅੰਮ੍ਰਿਤਸਰ ਦੀ ਪੰਜਾਬ ਨਾਟਸ਼ਾਲਾ ਵਿਚ ਕਰਵਾਏ ਸਾਲਾਨਾ ਸੂਫ਼ੀ ਸੰਮੇਲਨ ‘ਇਕ ਸ਼ਾਮ ਸੂਫ਼ੀਆਂ ਦੇ ਨਾਮ ' ਵਿਚ ਹਿੱਸਾ ਲੈਣ ਆਏ ਮਲੇਰਕੋਟਲਾ ਨੇੜਲੇ ਚੁੰਘਾ ਪਿੰਡ ਦੇ ਇਕ ਕੱਵਾਲ ਜਨਾਬ ਅਸਗ਼ਰ ਅਲੀ ਨੇ ਆਪਣੇ ਬਜ਼ੁਰਗਾਂ ਵਲੋਂ ਗ਼ੰਜ਼ੇ ਮਖ਼ਫ਼ੀ ਵਾਂਗ ਸਾਂਭਿਆ ਦੀਵਾਨ ਦੀ ਛਿੱਜੀ ਕਾਪੀ ਦਾ ਇਹ ਖ਼ਜ਼ਾਨਾ ਫ਼ੋਟੋ ਸਟੈਟ ਕਰਵਾਉਣ ਲਈ ਮੈਨੂੰ ਮੁਹੱਈਆ ਕਰਵਾ ਦਿੱਤਾ। ਦੀਵਾਨ ਤਾਂ ਭਾਵੇਂ ਹੁਣ ਪ੍ਰਾਪਤ ਹੋ ਗਿਆ ਸੀ ਪਰੰਤੂ ਇਸਦੇ ਪੰਜਾਬੀ ਲਿਪੀਅੰਤਰ ਅਤੇ ਵਿਸ਼ੇਸ਼ ਤੌਰ ’ਤੇ ਫ਼ਾਰਸੀ ਗ਼ਜ਼ਲਾਂ ਦੇ ਅਨੁਵਾਦ ਦਾ ਕਾਰਜ ਏਨਾ ਸੌਖਾ ਨਹੀਂ ਸੀ ਕਿਉਂਕਿ ਭਾਸ਼ਾਈ ਮੁਹਾਰਤ ਤੋਂ ਊਣੇ ਮੇਰੇ ਵਰਗੇ ਸ਼ਖ਼ਸ਼ ਦਾ ਰਾਹ ਕੁਰਾਨ ਦੀਆਂ ਅਰਬੀ ਭਾਸ਼ਾ ’ਚ ਹਵਾਲੇ ਵਜੋਂ ਕਈ ਥਾਈਂ ਗ਼ਜ਼ਲਾਂ ’ਚ ਵਰਤੀਆਂ ਗਈਆਂ ਆਯਤਾਂ ਅਤੇ ਫ਼ਾਰਸੀ ਦੀ ਗੂੜ੍ਹ ਸ਼ਬਦਾਵਲੀ ਰਹਿ ਰਹਿ ਕੇ ਮੇਰਾ ਰਾਹ ਰੋਕ ਰਹੀ ਸੀ। ਇਸ ਕਾਰਜ ਦੀ ਕਠਿਨ ਘਾਟੀ ਨੂੰ ਸਰ ਕਰਨ ਅਤੇ ਮੇਰਾ ਵਿੰਗੜੇ ਰਾਹ ਆਸਾਨ ਕਰਨ ਵਿਚ ਉਰਦੂ, ਫ਼ਾਰਸੀ ਅਤੇ ਅਰਬੀ ਦੇ ਉੱਘੇ ਵਿਦਵਾਨ ਕੁਝ ਦਾਨਿਸ਼ਵਰ ਮਿੱਤਰਾਂ ਨੇ ਜਿਵੇਂ ਮੈਨੂੰ ਸਹਿਯੋਗ ਦਿੱਤਾ ਅਤੇ ਸਾਥ ਨਿਭਾਇਆ, ਉਸ ਲਈ ਕ੍ਰਿਤੱਗਤਾ ਪ੍ਰਗਟ ਕਰਨ ਵਾਸਤੇ ਧੰਨਵਾਦ ਦਾ ਹਰਫ਼ ਰਿਣ-ਮੁਕਤੀ ਦੇ ਭਾਵ ਤੋਂ ਬਹੁਤ ਬੌਣਾ ਹੈ।
‘ਅਬ ਲਗਨ ਲਗੀ ਕਿਯਾ ਕਰੀਏ ' ਵਾਲੀ ਸ਼ਿੱਦਤ ਨਾਲ ਦੀਵਾਨ ਤਾਂ ਬੇਸ਼ਕ ਲਿਪੀਅੰਤਰ ਹੋ ਗਿਆ ਅਤੇ ਮੈਂ ਇਸ ਨੂੰ ਕੰਪਿਊਟਰ ਤੇ ਟਾਈਪ ਵੀ ਕਰਵਾ ਲਿਆ ਸੀ ਪਰੰਤੂ ਆਰਥਿਕ ਦੁਸ਼ਵਾਰੀਆਂ ਦੇ ਚੱਲਦਿਆਂ ਇਹ ਕਈ ਸਾਲ ਮੇਰੀਆਂ ਫ਼ਾਈਲਾਂ ਹੇਠ ਦੱਬਿਆ ਰਿਹਾ। ਕੈਨੇਡਾ ਲਈ ਮੇਰੇ ਸਥਾਈ ਪਰਵਾਸ ਸਮੇਂ ਟੋਰਾਂਟੋ ਆਉਣ ਮੌਕੇ ਮੇਰਾ ਇੰਜਨੀਅਰ ਪੁੱਤਰ ਇਸ ਖਰੜੇ ਨੂੰ ਵੀ ਬਹੁਤ ਹਿਫ਼ਾਜ਼ਤ ਨਾਲ ਸਾਂਭ ਕੇ ਇੱਥੇ ਲੈ ਆਇਆ।
ਦੀਵਾਨ-ਏ-ਕਾਦਰੀ ਦੇ ਕਰਤਾ ਖ਼ਵਾਜਾ ਗ਼ੁਲਾਮ ਮੁਹੀਉੱਦੀਨ ਖ਼ਾਨ ਸਾਹਿਬ ਦੇ ਜੀਵਨ ਸੰਬੰਧੀ ਅੰਮਿ੍ਤਸਰ ਦੇ ਰਾਜਾਸਾਂਸੀ ਅਤੇ ਬਟਾਲਾ ਸ਼ਹਿਰ ਦੇ ਕੁਝ ਬਜ਼ੁਰਗ ਦਰਵੇਸ਼ਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਉਹਨਾਂ ਦਾ ਜਨਮ 1805 ਈ: ਵਿਚ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਲਾਇਲਪੁਰ ਦੀ ਸਬ-ਤਹਿਸੀਲ ਜੜ੍ਹਾਂਵਾਲਾ ਤਹਿਤ ਪੈਂਦੇ ਪਿੰਡ ਚੱਕ ਨੰ: 122 ਵਿਚ ਹੋਇਆ। ਦੱਸਿਆ ਜਾਂਦਾ ਹੈ ਕਿ ਫ਼ਕੀਰੀ ਉਨਾਂ ਦੇ ਪਿੱਤਰੀ ਖ਼ੂਨ ਵਿਚ ਹੀ ਸ਼ਾਮਿਲ ਸੀ। ਬਾਅਦ ਵਿਚ ਉਹ ਲਾਹੌਰ ਤੋਂ ਜਲੰਧਰ ਵਿਚ ਬਸਤੀ ਸੇੇਖ਼ ’ਚ ਆ ਵੱਸੇ। ਰੂਹਾਨੀ ਮੰਜ਼ਿਲ ਦੀ ਪ੍ਰਾਪਤੀ ਲਈ ਉਨਾਂ ਨੇ ਚੜ੍ਹਦੀ ਉਮਰੇ ਬਟਾਲਾ ਦੇ ਵਸਨੀਕ ਹਜ਼ਰਤ ਨੂਰ ਅਹਿਮਦ ਸ਼ਾਹ ਕਾਦਰੀ ਨੂੰ ਆਪਣਾ ਮੁਰਸ਼ਿਦ ਧਾਰਿਆ ਜੋ ਕਾਦਰੀ ਸਿਲਸਿਲੇ ਦੀ ਇਕ ਉਪ-ਸ਼ਾਖ਼ਾ ਸਾਜ਼ਿਲੀਆ ਫ਼ਾਜ਼ਲੀਆ ਨਾਲ ਸੰਬੰਧਿਤ ਸਨ।ਹਜ਼ਰਤ ਨੂਰ ਅਹਿਮਦ ਸ਼ਾਹ ਦੇ ਇਕ ਵੱਡੇ ਆਰਿਫ਼ ਹੋਣ ਬਾਰੇ ਦਾਅਵਾ ਉਨਾਂ ਦੇ ਇਕ ਹੋਰ ਖਲੀਫ਼ਾ ਹਜ਼ਰਤ ਮੁਹੰਮਦ ਹਸਨ ਨੇ ਵੀ ਕੀਤਾ ਹੈ ਜਿਸ ਨੇ ਉਹਨਾਂ ਦੁਆਰਾ ਚੋਲਾ ਤਿਆਗਣ ਦਾ ਸਮਾਂ 1253 ਹਿਜਰੀ (1837) ਦੱਸਿਆ ਹੈ:
ਨੂਰਾ ਹਮਦਾ ਸ਼ਾਹ ਹਾਦੀ-ਏ-ਮੁਕਤਦਾਏ-ਜ਼ਾਤੇ ਹੱਕ ।
ਚੂੰ ਵਿਸ਼ਾਲ ਕੁਰਬ ਕੇ ਯਾਫ਼ਤ ਆਨ ਇਰਫ਼ਾਨ ਸਿਫ਼ਾਤ ।
(ਉਹ ਮਨੁੱਖ ਜੋ ਆਪਣੇ ਇਲਮ ਦੀ ਰੌਸ਼ਨੀ ਨਾਲ ਲੋਕਾਂ ਦੀ ਰਹਿਨੁਮਾਈ ਕਰ ਰਿਹਾ ਸੀ, ਹੁਣ ਬ੍ਰਹਮਲੀਨ ਹੋ ਗਿਆ ਹੈ)
ਖ਼ਵਾਜ਼ਾ ਗ਼ੁਲਾਮ ਮੁਹੀਉੱਦੀਨ ਖ਼ਾਨ ਸਾਹਿਬ ਨੇ ਆਪਣੇ ਦੀਵਾਨ ਵਿਚ ਕਈ ਥਾਂ ਆਪਣੇ ਮੁਰਸ਼ਿਦ ਪ੍ਰਤੀ ਆਪਣੀ ਗਹਿਰੀ ਅਕੀਦਤ ਦਾ ਪ੍ਰਗਟਾਵਾ ਕੀਤਾ ਹੈ।ਗ਼ਜ਼ਲ ਰੂਪੀ ਇਕ ਮਨਕਬਤ ਵਿਚ ਉਨਾਂ ਨੇ ਉਸਦੀ ਰੂਹਾਨੀ ਬੁਲੰਦੀ ਦਾ ਜ਼ਿਕਰ ਇੰਝ ਛੋਹਿਆ ਹੈ:
ਮਜ਼ਹਰੇ ਜਾਤੇ ਖ਼ੁਦਾ ਹੈ, ਨੂਰੇ-ਅਹਿਮਦ ਕਾਦਿਰੀ।
ਨੂਰ-ਅਨਵਰ ਮੁਸਤਫ਼ਾ ਹੈਂ, ਨੂਰੇ-ਅਹਿਮਦ ਕਾਦਿਰੀ।
ਕਾਦਿਰੀ ਕਿਯਾ ਗ਼ਮ ਤੁਝੇ ਅਬ ਸ਼ੁਕਰ ਕਰ ਦਿਲਸ਼ਾਦ ਹੋ,
ਕਿਉਂ ਜੋ ਤੇਰੇ ਪੇਸ਼ਵਾ ਹੈਂ, ਨੂਰੇ-ਅਹਿਮਦ ਕਾਦਿਰੀ।
ਖ਼ਵਾਜਾ ਗ਼ੁਲਾਮ ਮੁਹੀਉੱਦੀਨ ਖ਼ਾਨ ਦੀ ਵਫ਼ਾਤ ਬਾਰੇ ਤੱਥਾਂ ਦੇ ਅਭਾਵ ਕਾਰਨ ਨਿਸ਼ਚਤ ਤੌਰ ’ਤੇ ਸਮਾਂ-ਸਥਾਨ ਦੱਸਣਾ ਸੰਭਵ ਨਹੀਂ ਪਰੰਤੂ ਰਾਜਾਸਾਂਸੀ ਦੇ ਇਕ ਮਰਹੂਮ ਬਜ਼ੁਰਗ ਫ਼ਕੀਰ ਸਾਈਂ ਚੰਨਣ ਸ਼ਾਹ ਜਿਨਾਂ ਨੂੰ ਆਪਣੇ ਜੀਵਨ ਵਿਚ ਇਸ ਸਿਲਸਿਲੇ ਦੇ ਕੁਝ ਫ਼ਕੀਰਾਂ ਦੀ ਸੰਗਤ ਹਾਸਿਲ ਰਹੀ, ਨੇ ਕਾਦਰੀ ਸਾਹਿਬ ਦੀ ਵਫ਼ਾਤ ਦਾ ਸਮਾਂ 1861 ਦੱਸਿਆ ਹੈ। ਉਨਾਂ ਨੂੰ ਆਪਣੇ ਸਿਲਸਿਲੇ ਦੇ ਪੀਰੇ ਮੁਗ਼ਾਂ, ਪੀਰਾਨੇ-ਪੀਰ ' ਮਹਿਬੂਬੇ ਸੁਬਹਾਨੀ ਸ਼ੈਖ਼ ਸੱਯਦ ਅਬਦੁਲ ਕਾਦਰ ਜੀਲਾਨੀ ਪ੍ਰਤੀ ਭਾਰੀ ਸ਼ਰਧਾ ਅਤੇ ਆਸਥਾ ਸੀ। ਉਨਾਂ ਦਾ ਆਪਣਾ ਨਾਮ ਗ਼ੁਲਾਮ ਮੁਹੀਉੱਦੀਨ ਵੀ ਗ਼ੌਸੇਆਜ਼ਮ ਦਸਤਗੀਰ ਦੇ ਇਕ ਲਕਬ ‘ਮੁਹੀਉੱਦੀਨ’ (ਦੀਨ ਨੂੰ ਜਿਊਂਦਾ ਕਰਨ ਵਾਲਾ) ਪ੍ਰਤੀ ਉਨਾਂ ਦੇ ਵਿਸ਼ੇਸ਼ ਉਮਾਹ ਦਾ ਲਖਾਇਕ ਹੈ ਜਿਸਦਾ ਅਰਥ ਇਹ ਹੈ ਕਿ ਉਹ ਦੀਨ ਨੂੰ ਜਿਊਂਦਾ ਕਰਨ ਵਾਲੇ ਪੀਰਾਨੇ-ਪੀਰ ਦੇ ਗ਼ੁਲਾਮ ਹਨ। ਸੁਣਨ ’ਚ ਆਇਆ ਹੈ ਕਿ 1947 ਤੋਂ ਪਹਿਲਾਂ ਉਨਾਂ ਦੀ ਯਾਦ ’ਚ ਜਲੰਧਰ ਉਰਸ ਵੀ ਹੁੰਦਾ ਸੀ ਪਰੰਤੂ ਫ਼ਿਰਕੂ ਵੰਡ ਸਮੇਂ ਕੁਝ ਹਿੰਸਕ ਤੱਤਾਂ ਨੇ ਉਨਾਂ ਦੇ ਰੋਜ਼ੇ ਨੂੰ ਤੋੜਦਿਆਂ ਸਭ ਨਿਸ਼ਾਨ ਹੀ ਮਿਟਾ ਦਿਤੇ।ਆਪਣਾ ਨਿਸ਼ਾਨ ਖੋਹਣ ਵਾਲੀ ਇਕ ਆਲਮ ਫ਼ਾਜ਼ਲ ਹਸਤੀ ਦੀ ਦਰਗਾਹ’ ਤੇ ਮੁੜ ਕਦੇ ਕਿਸੇ ਨੇ ਕੋਈ ਮੇਲਾ ਲਗਦਾ ਨਹੀਂ ਸੁਣਿਆ। ਉਨਾਂ ਦੇ ਇਕ ਮੁਰੀਦ ਬਾਬਾ ਖ਼ੈਰ ਬਹਾਰ ਸ਼ਾਹ ਵੀ ਹੋਏ ਹਨ ਜਿਨਾਂ ਦੀ ਦਰਗਾਹ ਅੰਮ੍ਰਿਤਸਰ ਜ਼ਿਲੇ ’ਚ ਪੈਂਦੇ ਪਿੰਡ ਰਾਜਾਸਾਂਸੀ ਵਿਚ ਬਣੀ ਹੋਈ ਹੈ।ਬਾਬਾ ਖ਼ੈਰ ਬਹਾਰ ਵੀ ਪੰਜਾਬੀ ’ਚ ਕਲਾਮ ਰਚਦੇ ਸਨ। ਕੁਝ ਸਾਲ ਪਹਿਲਾਂ ਉਹਨਾਂ ਦੀ ਦਰਗਾਹ ਦੀ ਜ਼ਿਆਰਤ ਸਮੇਂ ਦਰਗਾਹ ਦੇ ਬੂਹੇ ਨਾਲ ਲਗਦੀ ਬਾਹਰਲੀ ਕੰਧ ਤੇ ਲਿਖਿਆ ਪੜ੍ਹਿਆ ਇਹ ਸੁਖ਼ਨ ਅਜੇ ਮੇਰੇ ਚੇਤਿਆਂ ’ਚ ਸੱਜਰਾ ਹੈ:
ਚੱਲ ਚੱਲੀਏ ਖ਼ੈਰ ਬਹਾਰ ਤਾਈਂ।
ਦੋ ਆਲਮ ਦੀ ਸਰਕਾਰ ਤਾਈਂ।
ਅੱਜ ਰਾਜਾਸਾਂਸੀ ਮੇਲਾ ਹੈ।
ਜਿਥੇ ਇਕ ਫ਼ਕੀਰ ਅਕੇਲਾ ਹੈ।
ਪਰ ਸੱਚੇ ਗੁਰ ਦਾ ਚੇਲਾ ਹੈ।
ਜਿਸ ਦੇਖਿਆ ਗੁਰ ਦਰਬਾਰ ਤਾਈਂ।
ਬਾਬਾ ਖ਼ੈਰ ਬਹਾਰ ਦੀ ਦਰਗਾਹ ਦੇ ਗੱਦੀਨਸ਼ੀਨ ਹਜ਼ਰਤ ਪਾਲੇ ਸ਼ਾਹ ਅਨੁਸਾਰ ਬਾਬਾ ਜੀ ਦੇ ਇਕ ਗੁਰਭਾਈ ਹਕੀਮ ਸ਼ਾਹ ਅਤੇ ਇਕ ਮੁਰੀਦ ਤੇ ਖਲੀਫ਼ਾ ਬਾਬਾ ਹੁਸੈਨ ਸ਼ਾਹ ਵੀ ਕਲਾਮ ਰਚਦੇ ਸਨ ਪਰੰਤੂ ਖ਼ਾਦਿਮਾਂ ਦੀ ਇਸ ਪਾਸੇ ਰੁਚੀ ਨਾ ਹੋਣ ਕਾਰਣ ਸੂਫ਼ੀਆਂ ਦੇ ਸੁਖ਼ਨਾਂ ਦੇ ਇਹ ਮੁੱਲਵਾਨ ਖ਼ਜ਼ਾਨੇ ਸਾਂਭੇ ਨਹੀਂ ਜਾ ਸਕੇ। ਬਾਬਾ ਹੁਸੈਨ ਸ਼ਾਹ ਪਾਕਿਸਤਾਨ ਦੇ ਜ਼ਿਲਾ ਗੁਜਰਾਂਵਾਲਾ ਦੇ ਪਿੰਡ ਚੰਡਾਲੀ ਤੋਂ ਸਨ।ਦੀਵਾਨ ਵਿਚ ਸ਼ੁਮਾਰ ਸ਼ਜਰਾ ਸ਼ਰੀਫ਼ ਦੇ ਅੰਤਿਮ ਤਿੰਨ ਸ਼ਿਅਰ ਉਨਾਂ ਦੇ ਹੀ ਰਚੇ ਦੱਸੇ ਜਾਂਦੇ ਹਨ ਜਿਨਾਂ ਤੋਂ ਉਨਾਂ ਦੀ ਉੱਚੀ ਕਾਵਿਕ ਪਰਵਾਜ਼ ਦਾ ਪਤਾ ਲੱਗਦਾ ਹੈ:
ਵੁਹ ਬੇ ਬਹਿਰੇ-ਤਰੀਕਤ ਕੇ ਸ਼ਨਾਵਰ, ਹਕੀਕਤ ਮੇਂ ਵੋਹ ਥੇ ਤਾਬਿੰਦਾ ਗੌਹਰ ਨਿਆਜ਼ ਅਹਿਮਦ ਸ਼ਹਿ-ਮਸਨਦ-ਨਸ਼ੀਂ ਹੈ, ਕਿ ਜਿਨ ਕਾ ਮਰਤਬਾ ਹੱਕੁਲ ਯਕੀਂ ਹੈ।ਗ਼ੁਲੇ-ਖੰਦਾਂ ਗ਼ੁਲੇ-ਗੁਲਜ਼ਾਰ ਅਹਿਮਦ, ਸਰੋ-ਪਾਇਸ ਹਮਾ ਦੀਦਾਰ ਅਹਿਮਦ,ਨਿਸਾਰ ਅਹਿਮਦ ਨਿਸਾਰੇ-ਗ਼ੋਸ਼ੇਆਜ਼ਮ, ਹਮ ਤਨ ਦਰ ਕਿਨਾਰੇ ਗ਼ੌਸੇਆਜ਼ਮ ।1947 ਤੋਂ ਪਹਿਲਾਂ ਲਹਿੰਦੇ ਤੇ ਚੜ੍ਹਦੇ ਪੰਜਾਬ ’ਚ ਬਹੁਤ ਇਖ਼ਲਾਸ ਨਾਲ ਪੜੇ ਜਾਂਦੇ ਦੀਵਾਨ-ਏ-ਕਾਦਰੀ ਦੇ 1976 ਤੀਕ 15 ਵੇਰ ਸੰਸਕਰਣ ਪ੍ਰਕਾਸ਼ਿਤ ਹੋਣ ਦਾ ਪਤਾ ਲਗਦਾ ਹੈ।ਅੰਤਿਮ ਵੇਰ ਇਹ ਦੀਬਾਚਾ ਫ਼ੈਸਲਾਬਾਦ ਦੇ ਨਿਸਾਰ ਅਹਿਮਦ ਖ਼ਾਂ ਕਾਦਿਰੀ ਨੇ 1976 ਵਿਚ ਛਾਪਿਆ।ਇਸਦੀ ਕਿਤਾਬਤ ਮੁਹੰਮਦ ਸਦੀਕ ਨਕਸ਼ਬੰਦੀ ਵਲੋਂ ਕੀਤੇ ਜਾਣ ਅਤੇ ਇਸਦਾ ਮੁੱਲ ਉਦੋਂ ਕੇਵਲ 7 ਰੁਪੈ ਹੋਣ ਦੀ ਜਾਣਕਾਰੀ ਮਿਲਦੀ ਹੈ। ਤੌਹੀਦ ਦੇ ਮੁੱਦੇ ’ਤੇ ਇਸ ਕਿਤਾਬ ਦੀ ਲਿਖੀ ਭੂਮਿਕਾ ਵਿਚ ਲਿਖਿਆ ਗਿਆ ਹੈ : ਕਲਮਾ-ਏ-ਤੱਯਬ ਸੇ ਤਮਾਮ ਵਜੂਦੇ ਅਲਮ ਕੀ ਅਹਦੀਨਅਤ ਖ਼ੁਦਾਏ ਕਰੀਮ ਕੇ ਵਜੂਦ ਸੇ ਸਾਬਿਤ ਹੋਤੀ ਹੈ, ਚੂੰਕਿ ਵੋਹੀ ਮਾਅਬੂਦ, ਵੋਹੀ ਮੌਜ਼ੂਦ ਔਰ ਵੋਹੀ ਮਕਸੂਦ ਹੈ । ਨਿਸਾਰ ਅਹਿਮਦ ਕਾਦਰੀ ਨੇ ਇਸ ਤੋਂ ਪਹਿਲਾਂ 1969 ਵਿਚ ਵੀ ਇਸ ਦੀਵਾਨ ਦਾ ਪ੍ਰਕਾਸ਼ਨ ਕੀਤਾ ਸੀ ਜਿਸ ਨੂੰ ਜਲੰਧਰ ਦੇ ਕਿਸੇ ਦਰ ਮਤਬਾ ਕੈਸਰੀ ਨੇ ਵੀ ਪ੍ਰਕਾਸ਼ਿਤ ਕਰਵਾਇਆ ਸੀ ਪਰੰਤੂ ਇਸਦੇ ਪੂਰੇ ਹਿੱਸੇ ਦੀ ਥਾਂ ਅੰਸ਼ਿਕ ਰੂਪ ਵਿਚ 56 ਸਫ਼ੇ ਛਾਪੇ ਸਨ।ਇਥੇ ਇਹ ਕਾਬਿਲੇ-ਜ਼ਿਕਰ ਹੈ ਕਿ 15 ਵੇਰ ਛਪ ਚੁਕਣ ਵਾਲੀ ਇਸ ਕਿਤਾਬ ਦੀ ਇਕ ਧੁੰਦਲੀ ਜਿਹੀ ਤਸਵੀਰ ਹੁਣ ਇੰਟਰਨੈੱਟ ਉਪਰ ਮਿਲਦੀ ਹੈ। ਗੂਗਲ ਸਰਚ ਰਾਹੀਂ ਜਿਸ ਡਾ. ਸੱਯਦ ਮੁਹੀਉੱਦੀਨ ਕਾਦਰੀ ਦਾ ਜੀਵਨ ਵੇਰਵਾ ਲੱਭਦਾ ਹੈ, ਉਹ ਇਸ ਦੀਵਾਨ ਦਾ ਕਰਤਾ ਨਹੀਂ ਸਗੋਂ ਹੈਦਰਾਬਾਦ ਦਾ ਉਰਦੂ ਦਾ ਪ੍ਰਸਿੱਧ ਭਾਸ਼ਾ ਵਿਗਿਆਨੀ ਹੈ ਜੋ ਲੰਡਨ (ਇੰਗਲੈਂਡ) ਤੋਂ ਭਾਸ਼ਾ ਵਿਗਿਆਨ ਵਿਚ ਪੀਐੱਚਡੀ. ਕਰਨ ਬਾਅਦ ਜੰਮੂ ਅਤੇ ਕਸ਼ਮੀਰ ਯੂਨੀਵਰਸਿਟੀ ਵਿਚ ਉਰਦੂ ਵਿਭਾਗ ਦਾ ਮੁਖੀ ਵੀ ਲੱਗਿਆ ਰਿਹਾ।ਬਹਰਹਾਲ, ਸੂਫ਼ੀ ਸਫ਼ਾਂ ਵਿਚ ਇਸ ਦੀਵਾਨ ਦੀ ਮਕਬੂਲੀਅਤ ਅਤੇ ਕਬੂਲੀਅਤ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਕਲਾਮ ਨੂੰ ਮਜਲਿਸਾਂ ਵਿਚ ਗਾਉਂਦੇ ਹੋਏ ਪਾਕਿਸਤਾਨ ਦੇ ਪੁਰਾਣੇ ਪ੍ਰਸਿੱਧ ਕੱਵਾਲਾਂ ਜਿਨਾਂ ’ਚ ਮੁਬਾਰਕ ਅਲੀ ਮਾਖਾ, ਬਾਬਰ ਅਲੀਬੀਰ ਦੀਨ ਕੱਵਾਲ, ਬਾਬਾ ਅਸਲਮ ਕਾਦਰੀ,ਲਿਆਕਤ ਅਲੀ, ਉਸਤਾਦ ਬਖ਼ਸ਼ੀ ਸਲਾਮਤ, ਸਫ਼ਕਤ ਅਲੀ ਸਮੇਤ ਕੱਵਾਲੀ ਦੇ ਸ਼ਹਿਨਸ਼ਾਹ ਜਨਾਬ ਨੁਸਰਤ ਫ਼ਤਹਿ ਅਲੀ ਖਾਨ ਅਤੇ ਚਰਚਿਤ ਕੱਵਾਲ ਮੌਲਵੀ ਹੈਦਰ ਹਸਨ ਆਦਿ ਦੀਆਂ ਵੀਡੀਓਜ਼ ਯੂ ਟਿਊਬ’ਤੇ ਆਮ ਲੱਭ ਜਾਂਦੀਆਂ ਹਨ।
ਪੰਜਾਬੀ ਵਿਚ ਲਿਪੀਅੰਤਰ ਕੀਤੇ ਗਏ ਦੀਵਾਨ-ਏ-ਕਾਦਰੀ ਦੇ ਮੁਕੰਮਲ ਟੈਕਸਟ ਵਿਚ ਉਰਦੂ ਦੀਆਂ 152 ਗ਼ਜ਼ਲਾਂ ਅਤੇ ਫ਼ਾਰਸੀ ਦੀਆਂ 18 ਗ਼ਜ਼ਲਾਂ (ਅਨੁਵਾਦ ਸਹਿਤ) ਤੋਂ ਇਲਾਵਾ ਡੇਢ ਮਿਸਰੇ ਦੀ ਇਕ ਗ਼ਜ਼ਲ (ਮੁਸਤਜ਼ਾਦ), ਰੁਬਾਈਆਂ, ਕੁਝ ਵਿਕੋਲਿੱਤਰੇ ਅਸ਼ਿਆਰ (ਰਸੂਲ ਅੱਲਾਹ, ਹਜ਼ਰਤ ਅਲੀ ਅਤੇ ਗ਼ੌਸ ਪਾਕ ਦੀ ਸ਼ਾਨ ਵਿਚ ਸਿਫ਼ਤੋ ਸਨਾ) ਸਮੇਤ ਸੀਹਰਫ਼ੀ, ਪੰਜਾਬੀ ਦਾ ਇਕ ਬਾਰਾਂਮਾਹ ਅਤੇ ਉਰਦੂ/ਫ਼ਾਰਸੀ ਵਿਚ ਰਚਿਤ ਸ਼ਜਰਿਆਂ ਨੂੰ ਸ਼ਾਮਿਲ ਕਰਨ ਸਮੇਤ ਪੰਜਾਬੀ ਪਾਠਕਾਂ ਦੀ ਇਸ ਟੈਕਸਟ ਤੀਕ ਸੌਖੀ ਸੰਚਾਰ ਰਸਾਈ ਹਿਤ ਅੰਤ ਤੇ ਔਖੇ ਸ਼ਬਦਾਂ ਦੀ ਅਰਥਾਵਲੀ ਵੀ ਦਿੱਤੀ ਗਈ ਹੈ।ਕਿਤਾਬ ਦਾ ਬਹੁਤਾ ਅੰਬਰ ਗ਼ਜ਼ਲਾਂ ਦੇ ਹੁਸਨਲ਼ ਜਮਾਲ ਨੇ ਹੀ ਮੱਲਿਆ ਹੋਇਆ ਹੈ। ਦੁਆ, ਕਸੀਦਾ, ਮਨਕਬਤ ਅਤੇ ਆਰਿਫ਼ਾਨਾ ਸੁਖ਼ਨਾਂ ਸਭ ਲਈ ਇਜ਼ਹਾਰ ਦਾ ਸੋਮਾ ਗ਼ਜ਼ਲ ਹੀ ਹੈ।ਨਿਰਸੰਦੇਹ ਗ਼ਜ਼ਲ ਤਸੱਵੁਫ਼ ਦੀਆਂ ਡੂੰਘੀਆਂ ਰਮਜ਼ਾਂ ਦੀ ਥਹੁ ਪਾਉਣ ਲਈ ਸੂਫ਼ੀਆਂ ਕੋਲ ਕਾਵਿ-ਅਭਿਵਿਅੰਜਨਾ ਦਾ ਇਕ ਵੱਡਾ ਢੋਆ ਰਹੀ ਹੈ। ਉਹ ਵੀ ਇਕ ਸਮਾਂ ਸੀ ਜਦੋਂ ਬੰਦਿਸ਼ੇ-ਅਲਫ਼ਾਜ਼ ਦੀ ਸ਼ਾਇਰੀ ਅਤੇ ਇਸ ਦੀ ਬੁਨਿਆਦ ਅਰਬੀ ਦੀ ਕਾਵਿ ਸਿਨਫ਼ ਕਸੀਦਾ ਹੋਣ ਕਰਕੇ ਸਾਡੇ ਕਈ ਪ੍ਰਗਤੀਵਾਦੀ ਸਾਹਿਤ ਆਲੋਚਕ ਇਸ ਨੂੰ ਫਿਊਡਲ ਦੌਰ ਦਾ ਵੇਲਾ ਵਿਹਾ ਚੁਕਾ ਕਾਵਿ ਰੂਪਾਕਾਰ ਦੱਸਕੇ ਨਕਾਰਨ ਦੀ ਕੋਸ਼ਿਸ ਕਰਦੇ ਸਨ।ਪਰ ਹੁਣ ਗਜ਼ਲ, ਇਸ ਦੀ ਬਣਤਰ ਜਾਂ ਸਾਹਿਤਕ ਹੋਂਦ ਵਿਧੀ ਬਾਰੇ ਪੇਸ਼ ਅਜਿਹੀਆਂ ਧਾਰਨਾਵਾਂ ਤੋਂ ਬਹੁਤ ਅਗਾਂਹ ਨਿਕਲ ਗਈ ਹੈ। ਹੁਣ ਇਹ ਸੱਯਦ ਆਬਿਦ ਅਲੀ ਵਲੋਂ ਇਸਨੂੰ‘ਗ਼ਜ਼ਲ (ਹਿਰਨ) ਦੀ ਦਰਦ ਭਿੰਨੀ ਮਾਯੂਸੀਅਤ ਭਰੀ ਕਰਾਹ’ਸਾਬਤ ਕਰਨ ਦੀ ਘੜੀ ਪਰਿਭਾਸ਼ਾ ਜਾਂ ਅਹਿਮਦ ਹੁਸੈਨ ਕੁਰੈਸ਼ੀ ਵਲੋਂ ਕੁਰਾਨ ਮਜੀਦ ਵਿਚ ਆਏ ' ' ' ਹਰਫ਼ ਗ਼ਜ਼ਲ ’ ਦੇ ਆਧਾਰ ਤੇ ਕਸ਼ੀਦੀ ਹੋਈ ਅਰਥ ਸੰਕਲਪਨਾ ‘ਕੱਤਿਆ ਹੋਇਆ ਸੂਤਰ’ ਤੋਂ ਪਾਰ ਹੁੰਦਿਆਂ ਛਿਣਭੰਗਰ ਤੋਂ ਕਾਲਤੀਤ ਤੀਕ ਸਭ ਰਸਾਂ ਰੰਗਾਂ ਤਰੰਗਾਂ ਨੂੰ ਆਪਣੇ ਵਿਚ ਜਜ਼ਬ ਕਰਕੇ ਪ੍ਰਗਟਾਉਣ ਦੀ ਸਸ਼ਕਤ ਵਿਧਾ ਹੋ ਗਈ ਹੈ।ਮਿਰਜ਼ਾ ਗ਼ਾਲਿਬ, ਮੀਰ ਤਕੀ ਮੀਰ, ਜ਼ਫ਼ਰ, ਹਾਲੀ, ਕੁਤੁਬ ਸ਼ਾਹ ਆਦਿ ਤੋਂ ਉਰਦੂ ਦੀ ਜਦੀਦ ਗ਼ਜ਼ਲ ਦੇ ਵੱਡੇ ਹਸਤਾਖ਼ਰਾਂ - ਫ਼ੈਜ਼ ਅਹਮਦ ਫ਼ੈਜ਼, ਅਹਮਦ ਫ਼ਰਾਜ਼, ਡਾ. ਬਸ਼ੀਰ ਬਦਰ, ਨਿਦਾ ਫ਼ਾਜ਼ਲੀ, ਰਾਹਤ ਇੰਦੌਰੀ ਤੱਕ ਅਤੇ ਹਿੰਦੀ ਗ਼ਜ਼ਲ ਨੂੰ ਵੱਖਰੀ ਪਛਾਣ ਦੇਣ ਵਾਲੇ ਦੁਸ਼ਯੰਤ ਕੁਮਾਰ ਅਤੇ ਪੰਜਾਬੀ ਗ਼ਜ਼ਲ ਦੇ ਸਿਰਤਾਜ ਸੁਰਜੀਤ ਪਾਤਰ ਤੀਕ ਗ਼ਜ਼ਲ ਦੇ ਬੰਧੇਜੀ ਰੂਪਾਕਾਰ ਦੇ ਬਾਵਜੂਦ ਦਾਰਸ਼ਨਿਕ ਅੰਤਰ ਦ੍ਰਿਸ਼ਟੀਆਂ, ਸਮਾਜੀ ਰਾਜਸੀ ਚੇਤਨਾ, ਮੁਹੱਬਤ ਦੇ ਸੂਖ਼ਮ ਅਹਿਸਾਸ, ਮਨੋਵੇਦਨਾ ਅਤੇ ਸ਼ਬਦ ਸੰਵੇਦਨਾ ਦੇ ਬਹੁ ਆਯਾਮੀ ਰੰਗਾਂ ਨੂੰ ਆਪਣੇ ਕਲੇਵਰ ’ਚ ਸਮੋ ਕੇ ਸ਼ਿੱਦਤ ਨਾਲ ਮੁਨੱਵਰ ਕਰਨ ਸਦਕਾ ਗ਼ਜ਼ਲ ਹੋਰ ਪ੍ਰਮਾਣਿਕ ਹੋਈ ਹੈ। ਹਜ਼ਰਤ ਅਮੀਰ ਖ਼ੁਸਰੋ, ਹਜ਼ਰਤ ਨਵਾਬ ਖ਼ਾਦਿਮ ਹਸਨ ਗੁੱਦੜੀਸ਼ਾਹ ਬਾਬਾ, ਵੇਦਾਂਤ ਕੇਸਰੀ ਨਿਰਮਲ ਸਵਾਮੀ ਅਤੇ ਸਵਾਮੀ ਰਾਮ ਤੀਰਥ ਦੀ ਗੰਗਾ ਜ਼ਮਨੀ ਤਹਿਜ਼ੀਬ ਦੇ ਮੁਹੱਬਤੀ ਰੰਗ ਨੂੰ ਹੋਰ ਗੂੜ੍ਹਾ ਸੁਰਖ਼ ਕਰਦੀ ਸੂਫ਼ੀ ਸ਼ਾਇਰੀ ਪੜ੍ਹਨ ਸੁਣਨ ਵਾਲਿਆਂ ਦੇ ਹਿਰਦੇ ਨੂੰ ਅੱਜ ਵੀ ਵਿਸਮਾਦ ਨਾਲ ਭਰਦੀ ਹੈ। ਰੈਪ ਅਤੇ ਹਿੱਪ-ਟੌਪ ਦੇ ਇਸ ਚੰਚਲਤਾ ਚਪਲਤਾ ਵਾਲੇ ਦੌਰ ਵਿਚ ਅੱਜ ਵੀ ਜਦੋਂ ‘ਮਨ ਕੁੰਤੋ ਮੌਲਾ’, ‘ਖ਼ਵਾਜਾ ਮੇਰੇ ਖ਼ਵਾਜਾ’, ਜਾਂ ‘ਕੁਨ ਫਯਕੁਨ’ ਦੀ ਸੰਗੀਤਕ ਧੁਨ ਵਜਦੀ ਹੈ ਤਾਂ ਸੀਨੇ ਵਿਚ ਆਦਿ ਅਨੰਤ ਧੁਨੀ ਨਾਲ ਜੁੜਨ ਦੀ ਸਿੱਕ ਤੇ ਲਹਿਰ ਉੱਠਦੀ ਹੈ। ਸ਼ਬਦ ਸੰਗੀਤ ’ਚ ਘੁਲ ਕੇ ਪਿਆਸੀਆਂ ਰੂਹਾਂ ਲਈ ਇਬਾਦਤ ਦੀ ਥਰੈਪੀ ਹੋ ਜਾਂਦੇ ਹਨ।
"ਦੀਵਾਨ-ਏ-ਕਾਦਰੀ " ਦੀ ਆਰੰਭਤਾ ਰਸੂਲ ਦੇ ਵਸੀਲੇ ਜ਼ਿੰਦਗੀ ’ਚ ਸੁਹਜ ਅਤੇ ਸਚਿਆਰਤਾ ਦੀ ਕਾਮਨਾ ਲਈ ਹਦਾਇਤ ਮੰਗਣ ਅਤੇ ਗੁਰ-ਬਖਸ਼ਿਸ ਦੇ ਚਰਨਾਰਬਿੰਦ ਲਈ ਦੁਆ ਮੰਗਣ ਨਾਲ ਹੁੰਦੀ ਹੈ:
ਖ਼ੁਦਾਰਾ ਯਾ ਰਸੂਲ ਅੱਲਾਹ ਖ਼ੁਦਾਰਾ
ਕਰਮ ਸੇ ਕਾਰ ਫਰਮਾਓ ਅਤਾਰਾ
ਸੂਫ਼ੀ ਚਿੰਤਨ ਦੇ ਮੁਖ ਸਿਧਾਂਤਾਂ - ਤੌਹੀਦ (ਰੱਬੀ ਏਕਤਾ), ਵਹਦਤ-ਉਲ-ਵਜੂਦ, ਮੁਰਸ਼ਿਦ ਦੇ ਮਹਾਤਮ, ਇਸ਼ਕ, ਫ਼ਕਰਾ, ਕਨਾਅਤ, ਰਜ਼ਾ ਅਤੇ ਰੂਹਾਨੀ ਪਰਵਾਜ਼ ਲਈ ਬਾਜ਼-ਗਸ਼ਤ (ਮਨ ਨੂੰ ਭਟਕਣ ਤੋਂ ਰੋਕ ਕੇ ਜ਼ਿਕਰੇ ਇਲਾਹੀ ਵਲ ਲਾਈ ਰੱਖਣ ਦੀ ਧੁਨ) ਦੇ ਸੰਕਲਪੀ ਨਕਸ਼ੋ-ਨਿਗਾਰ ਨੂੰ ਆਪਣੇ ਕਾਵਿ-ਸਾਸ਼ਤਰੀ ਪੈਰਾਡਾਈਮ ਤੇ ਪਰਿਪੇਖ ਵਿਚ ਢਾਲਦਾ ਇਹ ਕਲਾਮ ਤਸੱਵੁੱਫ਼ ਦੇ ਗਹਿਰੇ ਨੁਕਤਿਆਂ ਨਾਲ ਸੰਵਾਦ ਰਚਾਉਂਦਾ ਹੈ। ਕੁਰਾਨ ਦੀਆਂ ਆਯਤਾਂ ਨਾਲ ਜੜੀਆਂ ਸ਼ਿੰਗਾਰੀਆਂ ਅਤੇ ਮਾਰਫ਼ਿਤ ਦੀ ਚਾਸ਼ਨੀ ’ਚ ਗੁੰਨੀਆਂ ਇਹ ਗ਼ਜ਼ਲਾਂ ਖ਼ੁਦ ਸਨਾਸ਼ੀ ਲਈ ਅਲਖ਼ ਜਗਾਉਂਦੀਆਂ ਹਨ :
‘ਲਕਦ ਕੱਰਮਨਾ ਬਨੀ ਆਦਮ ' ਫਿਰ ਇਸ ਆਗੇ ਕਮਾਲ ਕਯਾ ਹੈ।
ਜਬ ਸੂਰਤੇ ਅੱਲਾ ਪੇ ਸੂਰਤੇ ਆਦਮ ਜ਼ਿਆਦਾ ਇਸ ਸੇ ਜਮਾਲ ਕਯਾ ਹੈ।
ਯੇਹ ਬੁਅਲ ਅਜਬ ਹੈ ਜੋ ਕਹਿੰਦੇ ਨਫ਼ੀ ਖ਼ੁਦੀ ਕੀ ਹੈ ਸਖ਼ਤ ਮੁਸ਼ਕਿਲ,
ਅਦਮ ਕੋ ਦਿਲ ਸੇ ਅਦਮ ਸਮਝਨਾ ਬਤਾਓ ਇਸ ਮੇਂ ਮੁਹਾਲ ਕਯਾ ਹੈ।
ਸੂਰਤ ਅਲ-ਇਸਰਾ/ਬਨੀ ਇਸਰਾਇਲ ਦੀ ਆਯਤ (ਜਿਸ ਵਿਚ ਅੱਲਾਹ ਵਲੋਂ ਆਦਮ ਦੇ ਬੱਚਿਆਂ ਯਾਨਿ ਇਨਸਾਨਾਂ ਨੂੰ ਸਨਮਾਨ ਦੇਣ ਅਤੇ ਜ਼ਮੀਨ ਤੇ ਸਮੁੰਦਰ ਤੇ ਆਵਾਜ਼ਾਈ ਲਈ ਉਸ ਵਾਸਤੇ ਨਦਰਿ ਦੇ ਦੁਆਰ ਖੋਹਲਣ ਦਾ ਇੰਕਸ਼ਾਫ਼ ਕੀਤਾ ਗਿਆ ਹੈ) ਨੂੰ ਆਧਾਰ ਬਣਾਉਂਦਿਆਂ ਉਹ ‘ਬਸਰ’ ਨੂੰ ‘ਖ਼ੁਦਾ ਦੇ ਆਇਨੇ’ ਤੇ ‘ਰਾਜ਼ੇ-ਕਿਬਰੀਆ’ ਦੇ ਰੂਪ ਵਿਚ ਪੇਸ਼ ਕਰਦੇ ਹਨ।ਠੀਕ ਉਵੇਂ ਜਿਵੇਂ ਆਤਮ ਗਿਆਨ ਦੀ ਸਿਹਰਨ ਨੂੰ ਮਹਿਸੂਸਦਿਆਂ ਕਿਸੇ ਸੂਫ਼ੀ ਫ਼ਕੀਰ ਨੇ ਕਿਹਾ ਹੈ:
ਦੇਖ ਲੋ ਸ਼ਕਲ ਮੇਰੀ ਕਿਸ ਕਾ ਆਇਨਾ ਹੂੰ ਮੈਂ ।
ਯਾਰ ਕੀ ਸ਼ਕਲ ਹੂੰ ਔਰ ਯਾਰ ਮੇਂ ਫ਼ਨਾ ਹੂੰ ਮੈਂ ।
ਬਸਰ ਕੇ ਰੂਪ ਮੇਂ ਇਕ ਰਾਜ਼ੇ-ਕਿਬਰੀਆ ਹੂੰ ਮੈਂ ।
ਸਮਝ ਸਕੇ ਨਾ ਫ਼ਰਿਸ਼ਤੇ ਕਿ ਔਰ ਕਯਾ ਹੂੰ ਮੈਂ ।
ਲਿਹਾਜ਼ਾ ਏਕਤਾ ’ਚ ਅਨੇਕਤਾ ਅਤੇ ਅਨੇਕਤਾ ’ਚ ਏਕਤਾ ਦੇ ਤੁਰਫ਼ਾ-ਤਮਾਸ਼ਾ ਦੀ ਘੁੰਢੀ ਇਸ ਨੁਕਤੇ ’ਚ ਖੁੱਲਦੀ ਹੈ ਕਿ ਜ਼ਰੇ ਜ਼ਰੇ ’ਚ ਉਸ ਇਕੋ ਦਾ ਨੂਰ ਜ਼ਹੂਰ ਹੈ ਅਤੇ ਕਾਇਨਾਤੀ ਚੇਤਨਾ ਦਾ ਇਹ ਜਲਵਾ ਕਿਤੇ ਵੀ ਛੁਪਿਆ ਹੋਇਆ ਨਹੀਂ । ਕਾਦਿਰੀ ਸਾਹਿਬ ਇਸੇ ਕਰਕੇ ਸਾਲਿਕ (ਸਾਧਕ) ਨੂੰ ਮੁਖ਼ਾਤਿਬ ਹੋ ਕੇ ਕਹਿੰਦੇ ਹਨ:
ਜਲਵਾ-ਏ-ਯਾਰ ਹਰ ਸੂ ਕਹੀਂ ਮਸਤੂਰ ਨਹੀਂ
ਦੀਦਾ-ਏ-ਦਿਲ ਬ ਕੁਸ਼ਾ
ਤੇਰੇ ਤੇਰੇ ਸੇ ਹੈ ਨਜ਼ਦੀਕ ਕਹੀਂ ਦੂਰ ਨਹੀਂ
ਬਾਵਰੇ ਹੋਸ਼ ਮੇਂ ਆ
ਗ਼ਜ਼ਲਿਆਤੀ ਸ਼ਊਰ ਅਤੇ ਮਨਸੂਰੀ ਸਰੂਰ (ਅਨ-ਅਲ-ਹੱਕ ਦੇ ਤੱਤਵ ਗਿਆਨ) ਨਾਲ ਭਰੀਆਂ ਕਾਦਿਰੀ ਸਾਹਿਬ ਦੀਆਂ ਇਹ ਗ਼ਜ਼ਲਾਂ ਪੜ੍ਹਦਿਆਂ ਮੈਨੂੰ ਮੌਲਾਨਾ ਰੂਮ ਯਾਦ ਆਉਂਦੇ ਹਨ ਜੋ ਮਸਨਵੀ ’ਚ ਇਕ ਥਾਂ ਕਹਿੰਦੇ ਹਨ:
ਮਨ ਜ਼ ਕੁੱਰਾਨ ਬਰਗੁਜ਼ੀਦਮ ਮਗਜ਼
ਰਾ ਉਸਤਖਾਂ ਪੇਸ਼ੇ ਸਮਾਂ ਅੰਦਾ ਖ਼ਤਮ
(ਮੈਂ ਕੁਰਾਨ ਵਿਚੋਂ ਸਾਰ (ਮਗ਼ਜ਼) ਕੱਢ ਲਿਆ ਹੈ ਅਤੇ ਬਾਕੀ ਰਹਿੰਦੀਆਂ ਹੱਡੀਆਂ ਕੁੱਤਿਆਂ ਅੱਗੇ ਸੁੱਟ ਦਿੱਤੀਆਂ ਹਨ)
ਇਸੇ ਸੰਦਰਭ ਵਿਚ ਕਾਦਿਰੀ ਸਾਹਿਬ ਦੇ ਕਲਾਮ ਨੂੰ ਮੂਲਵਾਦੀ ਇਸਲਾਮਿਕ ਪ੍ਰਤਿਮਾਨਾਂ ਦੀ ਜੜ੍ਹਤਾ ਦੇ ਰੂਬਰੂ ਇਕ ਨਵੇਂ ਜ਼ਾਵੀਏ ਵਾਲੇ ਪ੍ਰਤਿਰੋਧ ਦੀ ਗਤੀਸ਼ੀਲ ਧੁਨੀ ਸਿਰਜਦੇ ਵੇਖਿਆ ਜਾ ਸਕਦਾ ਹੈ। ਮਸਲਨ ਇਹ ਸ਼ਿਅਰ ਵੇਖੋ:
ਬਾਤਿਨ ਇਨਸਾਨ ਕਾ ਹੈ ਜਿਸਕੋ ਅਹਦ ਕਹਿਤੇ ਹੈਂ,
ਹੱਕ ਕਾ ਜ਼ਾਹਿਰ ਯਹੀ ਇਨਸਾਨ ਹੈ ਅੱਲ੍ਹਾ ਅੱਲ੍ਹਾ ।
ਸਮਝਤਾ ਨਹੀਂ ਵੁਹ ਕਭੀ ਗ਼ੈਰ ਖ਼ੁਦਾ ਕੋ ਮੌਜੂਦ,
ਜੋ ਕੋਈ ਸਾਹਿਬ-ਏ-ਇਰਫ਼ਾਨ ਹੈ ਅੱਲ੍ਹਾ ਅੱਲ੍ਹਾ ।
.........
ਅੰਦਰ ਤਲਬ-ਏ-ਯਾਰ ਕਈ ਬਾਰ ਗਏ ਹਮ।
ਹਮ ਆਪ ਹੀ ਥੇ ਜਿਸਕੇ ਤਲਬਗ਼ਾਰ ਗਏ ਹਮ।
.........
ਕੋਈ ਸਰਮਸਤ ਕਹਿਤਾ ਥਾ ਨਾ ਹਮ ਹਮ ਹੈਂ ਨਾ ਹਮ ਹੈ ਹਮ।
ਬਹਰ ਸੂਰਤ ਵੋਹੀ ਪੈਦਾ ਨਾ ਹਮ ਹਮ ਹੈਂ ਨਾ ਹਮ ਹੈਂ ਹਮ।
ਤੁਝੇ ਗ਼ਰ ਹੈ ਤਲਬ ਹਕ ਕੀ ਕਦਮ ਰਖ ਇਸ਼ਕ ਕੀ ਰਾਹ ਮੇਂ
ਯਹੀ ਕਲਮਾ ਤੂ ਪੜਤਾ ਜਾ ਨਾ ਹਮ ਹਮ ਹੈਂ ਨਾ ਹਮ ਹੈਂ ਹਮ।
ਇਕ ਰਵਾਇਤ ਅਨੁਸਾਰ ਮੱਕਾ ਮਦੀਨਾ ਦੀ ਯਾਤਰਾ ਸਮੇਂ ਗੁਰੂ ਨਾਨਕ ਦੇਵ ਜੀ ਨੇ ਹਜ਼ਰਤ ਸ਼ਾਹ ਸਰਫ਼ ਨਾਂ ਦੇ ਇਕ ਦਰਵੇਸ਼ ਵਲੋਂ ਫ਼ਕੀਰੀ ਦੀ ਪਰਿਭਾਸ਼ਾ ਨੂੰ ਲੈ ਕੇ ਜੁਆਬ ਦਿੱਤਾ ਸੀ:
ਇਬਤਦਾ-ਏ-ਫ਼ਕੀਰੀ ਫ਼ਨਾ ਅਸਤ
ਇੰਤਹਾ-ਏ-ਫ਼ਕੀਰੀ ਬਕਾ ਅਅਸਤ (ਭਾਵ ਫ਼ਕੀਰੀ ਦੀ ਸ਼ੁਰੂਆਤ ਹਸਤੀ ਦੇ ਫ਼ਨਾ ਹੋਣ ਤੋਂ ਹੁੰਦੀ ਹੈ ਅਤੇ ਇਸਦਾ ਆਖ਼ਰੀ ਮੁਕਾਮ ਬਕਾ ਦੀ ਮੰੰਜ਼ਿਲ ਹੈ) ਕਾਦਿਰੀ ਸਾਹਿਬ ਵੀ ਫ਼ਕੀਰੀ ਨੂੰ ਆਪਣੀ ਹਸਤੀ ਤੋਂ ਗੁਜ਼ਰਨ ਭਾਵ ਹਸਤੀ ਨੂੰ ਤਰਕ ਕਰਕੇ ਨੇਸਤੀ ’ਚ ਲਿਜਾਣ, ਮਰਨ ਤੋਂ ਪਹਿਲਾਂ ਮਰਨ, ਦਿਲ ’ਚੋਂ ਗ਼ੈਰੀਅਤ, ਦੂਈ-ਦਵੈਤ ਕੱਢਣ ਅਤੇ ਨਫ਼ਸ-ਏ-ਅੰਮਾਰਾ ਦੇ ਸਿਰ’ਤੇ ਪੈਰ ਧਰਕੇ ਖ਼ੁਦੀ ਦੀ ਅਸਲ ਬੁਲੰਦੀ ਨੂੰ ਛੋਹਣ ਦਾ ਅਮਲ ਮੰਨਦੇ ਹਨ:
ਫ਼ਕਰ ਕਯਾ ਹੈ ਅਪਨੀ ਹਸਤੀ ਸੇ ਗੁਜ਼ਰਨਾ ਹੈ ਫ਼ਕਤ।
ਜੀਤੇ ਜੀ ਮਰਨੇ ਸੇ ਪਹਿਲੇ ਯਾਰੋ ਮਰਨਾ ਹੈ ਫ਼ਕਤ।
.........
ਹਸਤੀ ਤੇਰੀ ਸੇ ਜਬ ਕਿ ਨਾ ਇਕ ਤਾਰ ਮੂ ਰਹੇ।
ਮੈਦਾਨੇ-ਇਸ਼ਕ ਮੇਂ ਤਬ ਤੇਰੀ ਆਬਰੂ ਰਹੇ।
ਕਰ ਸਾਫ਼ ਦਿਲ ਕੋ ਗ਼ੈਰ ਸੇ ਇਸਕੋ ਵੁਜ਼ੂ ਕਹੇਂ।
ਪਰ ਸ਼ਰਤ ਹੈ ਪਿਆਰੇ ਯਿਹ ਹਰ ਦਮ ਵੁਜ਼ੂ ਰਹੇ।
ਚਾਹੇ ਨਮਾਜ਼ ਪੜ੍ਹਨੀ ਤੋ ਹਸਤੀ ਸੇ ਦਰਗੁਜ਼ਰ,
ਐਸਾ ਗੁਜ਼ਰ ਕਿ ਹਸਤੀ ਕੀ ਬਾਕੀ ਨਾ ਬੂ ਰਹੇ।
ਰੂਹਾਨੀਅਤ ਦੇ ਪੰਧ ਤੇ ਰਹਿਨੁਮਾ ਤੋਂ ਬਿਨਾਂ ਮੰਜ਼ਿਲ ਹਾਸਿਲ ਨਹੀਂ ਹੁੰਦੀ । ਇਸਦੀ ਗਵਾਹੀ ਥਾਂ-ਥਾਂ ਕਾਦਰੀ ਸਾਹਿਬ ਦੇ ਕਲਾਮ ਵਿਚ ਆਈ ਹੈ। ਸਾਕੀ, ਜਾਮ, ਮੈਅ ਅਤੇ ਸਾਗਰੋ ਮੀਨਾ-ਓ-ਖ਼ੁਮ ਦੇ ਰਵਾਇਤੀ ਬਿੰਬ ਮੁਰਸ਼ਿਦ ਦੀ ਰਹਿਮਤ ਦਾ ਪ੍ਰਤੀਕ ਬਣਕੇ ਉਸਦਾ ਨੂਰ ਮੁਰੀਦ ਦੇ ਕਲਬ ਵਿਚ ਮੁੰਤਕਿਲ ਹੋਣ ਦੀ ਵਜ਼ਾਹਤ ਕਰਦੇ ਰੂਹਾਨੀ ਜਲਵੇ ਦਾ ਅਰਘ ਦਿੰਦੇ ਹਨ। ਪੀਰੋ ਪੇਸ਼ਵਾ ਲਈ ਸਿੱਕ ’ਚ ਭਿੱਜੇ ਬੋਲ ਇਥੇ ਖ਼ਿਰਾਜੇ ਅਕੀਦਤ ਦੇ ਗ਼ੁਲਾਬ ਬਣਕੇ ਖਿੜਦੇ ਹਨ:
ਯਾ ਗ਼ੌਸਅਲਆਜ਼ਮ ਆਪ ਕੇ ਦਾਮਨ ਲਗਾ ਹੂੰ ਮੈਂ।
ਕੁਛ ਗ਼ਮ ਨਹੀਂ ਹੈ ਮੁਝ ਕੋ ਅਗਰ ਨਾਰਸਾ ਹੂੰ ਮੈਂ।
ਬੇ ਹੀਲਾ ਬੇ ਵਸੀਲਾ ਹੂੰ ਬੇਤਾਬ-ਓ-ਨਾਤਵਾਂ,
ਇਮਦਾਦ ਤੁਮ ਕਰੋਗੇ ਮੇਰੀ ਜਾਨਤਾ ਹੂੰ ਮੈਂ।
.........
ਫ਼ਾਗਣ ਹੋਰੀ ਮਚ ਰਹੀ ਮੀਰਾਂ ਕੇ ਦਰਬਾਰ,
ਤਨ ਮਨ ਰੰਗਿਆ ਕਾਦਿਰੀ ਰੰਗਣ ਹੈ ਰੰਗਦਾਰ।
ਕਾਦਰੀ ਦੀਆਂ ਗਜ਼ਲਾਂ ਵਿਚ ਇਕ ਪਰਿਪੂਰਨ ਉੱਤਮ ਗਜ਼ਲ ਦੇ ਚਾਰ ਤੱਤਾਂ ਨਫ਼ਾਸਤ, ਨਜ਼ਾਕਤ, ਲਤਾਫ਼ਤ ਅਤੇ ਸਦਾਕਤ ਦਾ ਰੰਗ ਸਹਿਜੇ ਹੀ ਲੱਭਿਆ ਜਾ ਸਕਦਾ ਹੈ। ਇਨਾਂ ਗ਼ਜ਼ਲਾਂ ਵਿਚ ਚਮਨ ’ਚ ਨਗ਼ਮਾਸੰਜੀ ਕਰਦੀ ਬੁਲਬੁਲ ਨੂੰ ਬਹਾਰ ਫੁੱਲਾਂ ਦੇ ਜਾਮ ਵਿਚ ਸ਼ੌਕ ਦੀ ਮੈਅ ਪਰੋਸਦੀ ਹੈ; ਸ਼ਬੇ-ਮੁਤਰਿਬ ਦੀ ਤਨਤਨਾਈ ਰੂਹ ਨੂੰ ਆਦਿ ਧੁਨ ਦੇ ਸੰਪਦਨਾਂ ਨਾਲ ਝਨਕੋਰਦੀ ਹੈ ਅਤੇ ਕੁਮਰੀਆਂ ਦੀ ਕੂ ਕੂ ’ਚ ਨੱਚਦੇ ਬਿਰਖਾਂ ਦੇ ਪੱਤਿਆਂ ਨਾਲ ਦਿਲ ਦਾ ਮੌਸਮ ਬਦਲਦਾ ਹੈ। ਇਕ ਇਕ ਗ਼ਜ਼ਲ ਦੀ ਤਸ਼ਰੀਹ ਲਈ ਕਈ ਕਈ ਸਫ਼ਿਆਂ ਵਿਚ ਤਜ਼ਕਰਾ ਹੋ ਸਕਦਾ ਹੈ। ਇਸ ਦਾ ਕਾਰਣ ਇਹ ਕਿ ਇਹ ਇਕ ਕਾਵਿ-ਪ੍ਰਵਚਨ ਤੋਂ ਕਿਤੇ ਵੱਧ‘ਆਪਣੀ ਕਿਤਾਬ ਨੂੰ ਆਪ ਪੜਣ’ਦੀ ਸੋਝੀ ਜਣਾਉਣ ਅਤੇ ਜਗਾਉਣ ਵਾਲੇ ਬ੍ਰਹਮ ਗਿਆਨ ਦਾ ਦਸਤਾਵੇਜ਼ ਹੈ। ਇਹ ਉਹ ਦਸਤਾਵੇਜ਼ ਹੈ ਜੋ ਰੱਬ ਨੂੰ ਸੱਤਵੇਂ ਅਸਮਾਨ ਤੋਂ ਉਤਾਰ ਕੇ ਬੰਦੇ ਦੀ ਹਸਤੀ ਦੇ ਅੰਗ ਸੰਗ ਮਹਿਕਦੇ ਹੋਣ ਦਾ ਆਭਾਸ ਕਰਾਉਂਦਾ ਹੈ। ਬਹਰਹਾਲ ਮੇਰਾ ਉਦੇਸ਼ ਇਸ ਵਿਚਲੇ ਕਾਵਿ ਪ੍ਰਵਚਨ ਨੂੰ ਵਜੂਦ ਦੀ ਤਿਲਾਵਤ ਲਈ ਇਕ ਅਮਲੀ ਅਕਸੀਰ ਵਜੋਂ ਪੂਰਨ ਜਮਾਲ ਵਿਚ ਵਿਗਸਦੇ ਲੋਚਣਾ ਹੈ :
ਕੀ ਚੰਦ ਬਾਤੇਂ ਮੈਨੇ ਫ਼ਕਤ ਇਸ ਲਈ,
ਕਿ ਤੇਰੇ ਹੁਸਨ ਕੋ ਹੁਸਨ-ਏ-ਜਮਾਲ ਤਕ ਦੇਖੂੰ ।
ਰੱਬ ਨੂੰ ਮਨੁੱਖੀ ਅਗਿਆਨਤਾ, ਸੰਪਰਦਾਇਕ ਹੱਦਾਂ ਅਤੇ ਉਪਭੋਗਤਾਵਾਦ ਦੀ ਅਰਾਜਿਕਤਾ ਦੇ ਚੱਕਰਵਿਊ ਤੋਂ ਮੁਕਤ ਕਰਦੇ ਇਰਫ਼ਾਨ ਦੇ ਮਾਖਿਉਂ ਨਾਲ ਲਬਰੇਜ਼ ਇਸ ਦੀਵਾਨ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਕਰਦਿਆਂ ਮੈਂ ਇਕ ਅਕੱਥ ਪ੍ਰਸੰਨਤਾ ਮਹਿਸੂਸ ਕਰ ਰਿਹਾ ਹਾਂ।
ਆਸ ਹੈ ਕਿ ‘ਦੀਵਾਨ-ਏ-ਕਾਦਰੀ ਦੀ ਸੰਪਾਦਨਾ/ਲਿਪੀਅੰਤਰ ਦਾ ਨਿਮਾਣਾ ਜਿਹਾ ਮੇਰਾ ਇਹ ਉਪਰਾਲਾ ਜਿੱਥੇ ਸੂਫ਼ੀ ਚੇਤਨਾ ਦੀ ਲੋਅ ਨੂੰ ਹੋਰ ਪ੍ਰਚੰਡ ਕਰੇਗਾ ਉੱਥੇ ਨਾਲ ਹੀ ਗਿਆਨ, ਮੁਕਤੀ ਅਤੇ ਮੁਹੱਬਤ ਦੀ ਮਹਿਕ ਬਿਖੇਰਦੀ ਸੂਫ਼ੀ ਸ਼ਾਇਰੀ ਦੇ ਦੀਵਾਨਿਆਂ ਨੂੰ ਇਹ ਵਜੂਦ ਦੀ ਤਲਾਵਤ ਕਰਨ ਲਈ ਜਾਗਰੂਕ ਵੀ ਕਰੇਗਾ ਕਿਉਂਕਿ ਮੇਰਾ ਅਕੀਦਾ ਹੈ:
ਜ਼ਮਾਨੇ ਮੇਂ ਉਸ ਨੇ ਯੇਹ ਬੜੀ ਬਾਤ ਕਰ ਲੀ।
ਕਿ ਜਿਸਨੇ ਖੁਦ ਸੇ ਖ਼ੁਦ ਮੁਲਾਕਾਤ ਕਰ ਲੀ।