ਕੁਦਰਤੀ ਰਿਸ਼ਤਿਆਂ ਦੀ ਚੀਸ
(ਕਹਾਣੀ)
ਨਾਨਕੇ ਪਿੰਡ ਵਿੱਚ ਚਾਰ-ਪੰਜ ਦਿਨ ਛੁੱਟੀਆਂ ਕੱਟਣ ਤੋਂ ਬਾਅਦ ਪਿੰਡ ਪਰਤਿਆ 'ਭੜੋਲੂ' ਸ਼ਾਮ ਦੇ ਟਾਇਮ ਸਾਇਕਲ ਤੇ ਸਵਾਰ ਹੋ ਕੇ ਆਪਣੇ ਨਿਆਈਂ ਵਾਲੇ ਖੇਤ ਪਹੁੰਚ ਗਿਆ ਸੀ। ਉੱਥੇ ਉਹ ਦੂਰ ਫਿਰਦੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਮਿਲੇ ਬਗੈਰ ਹੀ ਵਾਪਸ ਪਰਤ ਆਇਆ ਅਤੇ ਉਹ ਜਿਉਂ ਹੀ ਆਪਣੇ ਘਰ ਪਹੁੰਚਿਆ, ਤਾਂ ਉਸ ਨੂੰ ਜ਼ੋਰ- ਜ਼ੋਰ ਦੀ ਕੰਬਣੀਂ ਲੱਗ ਕੇ ਬਹੁਤ ਜ਼ਿਆਦਾ ਬੁਖਾਰ ਚੜ੍ਹ ਗਿਆ।ਉਸ ਦੀ ਮਾਤਾ ਵੱਲੋਂ ਫੈਮਿਲੀ ਡਾਕਟਰ ਨੂੰ ਘਰ ਬੁਲਾ ਕੇ ਉਸ ਨੂੰ ਦਵਾਈ ਦਿਵਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਭੜੋਲੂ ਨੇ ਕੋਈ ਵੀ ਦਵਾਈ- ਬੂਟੀ ਲੈਣ ਤੋਂ ਕੋਰਾ ਜਵਾਬ ਦੇ ਦਿੱਤਾ ਸੀ ਭੜੋਲੂ ਦੀ ਮੰਮੀ ਉਸਦਾ ਸਿਰ ਘੁੱਟ ਰਹੀ ਸੀ।ਥੋੜ੍ਹੇ ਸਮੇਂ ਬਾਅਦ ਉਸਦੇ ਦਾਦਾ ਜੀ ਅਤੇ ਪਿਤਾ ਜੀ ਵੀ ਘਰ ਪਹੁੰਚ ਗਏ ਸਨ।
ਦੂਜੇ ਪਾਸੇ ਜਿਉਂ ਹੀ ਭੜੋਲੂ ਦੀ ਦਾਦੀ ਮਾਂ ਜਲਦੀ- ਜਲਦੀ ਨਾਲ ਉਹਦੇ ਵਾਸਤੇ ਬਗੈਰ ਦੁੱਧ ਤੋਂ ਨਿੰਬੂ ਵਾਲੀ ਚਾਹ ਬਣਾ ਕੇ ਲਿਆਈ, ਤਾਂ ਭੜੋਲੂ ਨੇ ਪੀਣ ਦੀ ਬਜਾਏ ਗਰਮ - ਗਰਮ ਚਾਹ ਵਾਲੇ ਕੱਪ ਨੂੰ ਆਪਣੇ ਦੋਵਾਂ ਪੈਰਾਂ ਉਪਰ ਮੂਧਾ ਕਰ ਦਿੱਤਾ,ਜਿਸ ਨਾਲ ਇਕਦਮ ਉਸਦੇ ਪੈਰਾਂ ਤੇ ਵੱਡੇ- ਵੱਡੇ ਛਾਲੇ ਉਫਣ ਆਏ ਸਨ। ਜਿਨ੍ਹਾਂ ਨੂੰ ਦੇਖ ਕੇ ਸਾਰੇ ਟੱਬਰ ਦੇ ਜੀਅ ਬੁਰੀ ਤਰ੍ਹਾਂ ਘਬਰਾ ਗਏ ਸਨ। ਉਸਦੀ ਮਾਤਾ ਨੇ ਦੋਬਾਰਾ ਫੇਰ ਡਾਕਟਰ ਨੂੰ ਫ਼ੋਨ ਕਰਕੇ ਘਰ ਬੁਲਾਇਆ, ਪ੍ਰੰਤੂ ਭੜੋਲੂ ਨੇ ਦਵਾਈ ਲੈਣ ਤੋਂ ਕੋਰੀ ਨਾਂਹ ਕਰਦਿਆਂ ਡਾਕਟਰ ਨੂੰ ਬੇਰੰਗ ਹੀ ਵਾਪਸ ਮੋੜ ਦਿੱਤਾ ਸੀ। ਭੜੋਲੂ ਦੀ ਦਾਦੀ ਮਾਂ ਅੰਧਵਿਸ਼ਵਾਸ ਵਿਚ ਘਿਰਦੀ ਹੋਈ ਫਟਾਫਟ ਗੱਪੂ ਟੇਸ਼ਨ ਵਾਲੇ ਬਾਬੇ 'ਕੌਲੀ ਚੱਟ' ਦੇ ਸਥਾਨ ਤੋਂ ਜਲ ਕਰਵਾ ਕੇ ਲਿਆਈ, ਪ੍ਰੰਤੂ ਭੜੋਲੂ ਨੇ ਉਸਨੂੰ ਵੀ ਠੁਕਰਾ ਦਿੱਤਾ ਸੀ। ਘਬਰਾਇਆ ਹੋਇਆ ਸਾਰਾ ਟੱਬਰ ਸਾਰੀ ਰਾਤ ਜਦੋਂ ਵੀ ਭੜੋਲੂ ਦਾ ਹੋਰ ਉਹੜ ਪੋਹੜ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਭੜੋਲੂ ਸਹਿਮਤ ਨਹੀਂ ਸੀ ਹੋ ਰਿਹਾ, ਚਸ਼ਮਦੀਦ ਗਵਾਹਾਂ ਦੀ ਅਗਵਾਈ ਕਰਦਾ ਸਾਰਾ ਟੱਬਰ ਭੜੋਲੂ ਦੇ ਪਏ ਹੋਏ ਪੈਰਾਂ ਦੇ ਛਾਲਿਆਂ ਨੂੰ ਦੇਖ -ਦੇਖ ਬੁਰੀ ਤਰ੍ਹਾਂ ਫਿਕਰਾਂ ਵਿੱਚ ਡੁੱਬਿਆ ਹੋਇਆ ਸਾਰੀ ਰਾਤ ਤਰਾਸ - ਤਰਾਸ ਕਰਦਾ ਰਿਹਾ, ਪ੍ਰੰਤੂ ਭੜੋਲੂ ਜ਼ਖ਼ਮਾਂ ਦੀ ਚੀਸ ਨੂੰ ਆਪਣੇ ਅੰਦਰੋਂ -ਅੰਦਰੀ ਸਮਾਉਂਦਾ ਹੋਇਆ ਸਾਰੀ ਰਾਤ ਟੱਸ ਤੋਂ ਮੱਸ ਨਾ ਹੋਇਆ ਅਰਾਮਦਾਰੀ ਨਾਲ ਚੁੱਪ- ਚਾਪ ਪਿਆ ਰਿਹਾ ਅਤੇ ਕਿਸੇ ਦੀ ਵੀ ਗੱਲ ਦਾ ਹੁੰਗਾਰਾ ਨਹੀਂ ਸੀ ਭਰ ਰਿਹਾ।
ਹੁਣ ਸਵੇਰੇ ਹੋ ਚੁੱਕੀ ਸੀ ਸਾਰੇ ਟੱਬਰ ਨੇ ਭੜੋਲੂ ਨੂੰ ਕੁਝ ਖਾਣ ਪੀਣ ਲਈ ਬਥੇਰੇ ਤਰਲੇ - ਮਿੰਨਤਾਂ ਕੀਤੀਆਂ, ਪਰ ਉਹ ਕਿਸੇ ਵੀ ਗੱਲ ਨੂੰ ਸਵੀਕਾਰ ਨਹੀਂ ਸੀ ਕਰ ਰਿਹਾ, ਦੂਜੇ ਪਾਸੇ ਉਸਦੇ ਸਕੂਲ ਜਾਣ ਦਾ ਸਮਾਂ ਹੋ ਜਾਣ ਕਰਕੇ ਭੜੋਲੂ ਦੇ ਦੋਸਤ ਲਾਡੀ, ਮਿੰਟੂ ਅਤੇ ਟਿੰਕੂ ਜਿਉਂ ਹੀ ਉਸਨੂੰ ਆਵਾਜ਼ ਮਾਰਨ ਲਈ ਉਨ੍ਹਾਂ ਦੇ ਘਰ ਆਏ, ਤਾਂ ਉਨ੍ਹਾਂ ਦੇ ਵੀ ਭੜੋਲੂ ਦੇ ਪੈਰਾਂ ਦਾ ਹਾਲ ਦੇਖਕੇ ਗਸ਼ੀ ਪੈਣ ਵਾਲੀ ਹੋ ਗਈ ਸੀ। ਪੰਜਵੀਂ ਜਮਾਤ ਦਾ ਵਿਦਿਆਰਥੀ ਭੜੋਲੂ ਪੜ੍ਹਾਈ ਚੋਂ ਸਭ ਤੋਂ ਹੋਸ਼ਿਆਰ ਵਿਦਿਆਰਥੀ ਹੋਣ ਕਰਕੇ ਉਸ ਨੇ ਜਮਾਤ ਵਿੱਚ ਮਾਨੀਟਰ ਬਣਨ ਦਾ ਵੀ ਮਾਣ ਹਾਸਲ ਕੀਤਾ ਹੋਇਆ ਸੀ। ਸਕੂਲ ਪਹੁੰਚ ਕੇ ਲਾਡੀ ਨੇ ਜਿਉਂ ਹੀ ਇਹ ਗੱਲ ਆਪਣੇ ਮਾਸਟਰ ਰਘਬੀਰ ਚੰਦ ਨੂੰ ਦੱਸੀ, ਤਾਂ ਮਾਸਟਰ ਜੀ ਨੇ ਤੁਰੰਤ ਭੜੋਲੂ ਕੇ ਘਰ ਦਾ ਕੁੰਡਾ ਜਾ ਖੜਕਾਇਆ ਸੀ। ਮਾਸਟਰ ਜੀ ਨੂੰ ਦੂਰੋਂ ਦੇਖ ਹੀ ਭੜੋਲੂ ਡਡਿਆ ਉਠਿਆ ਸੀ ਅਤੇ ਉਸਨੇ ਮਾਸਟਰ ਜੀ ਦੇ ਗਲ਼ ਲੱਗ ਕੇ ਆਪਣੇ ਜ਼ਖ਼ਮਾਂ ਦੀ ਦਰਦਨਾਕ ਪੀੜ੍ਹ ਨਾਲ ਹਾਏ.. ਹਾਏ.. ਕਰਦਿਆਂ ਉੱਚੀ- ਉੱਚੀ ਰੋਣਾਂ ਸ਼ੁਰੂ ਕਰ ਦਿੱਤਾ ਸੀ ਅਜਿਹਾ ਸੀਨ ਦੇਖ ਭੜੋਲੂ ਦੇ ਪਰਿਵਾਰਕ ਮੈਂਬਰ ਵੀ ਜਿੱਥੇ ਰੋਣ ਕੁਰਲਾਉਣ ਲੱਗ ਪਏ ਸਨ। ਉੱਥੇ ਉਹ ਇਸ ਗੱਲੋਂ ਵੀ ਹੈਰਾਨ- ਪ੍ਰੇਸ਼ਾਨ ਸਨ। ਕਿ ਭੜੋਲੂ ਨੇ ਕੱਲ੍ਹ ਤੋਂ ਲੈ ਕੇ ਹੁਣ ਤੱਕ ਪਰਿਵਾਰ ਦੇ ਮੈਂਬਰਾਂ ਦੀ ਕਿਸ ਗੱਲ ਦਾ ਤਾਂ ਇੱਕ ਵੀ ਹੁੰਗਾਰਾ ਨਹੀਂ ਭਰਿਆ, ਪ੍ਰੰਤੂ ਮਾਸਟਰ ਜੀ ਦੇ ਗਲ਼ ਨਾਲ ਚਿੰਬੜ ਕੇ ਅਜਿਹਾ ਕਿਉਂ...?
ਹੁਣ ਭੜੋਲੂ ਦੇ ਦਾਦਾ ਜੀ ਤੋਂ ਸਾਰੀ ਵਾਰਤਾਲਾਪ ਸੁਣਨ ਉਪਰੰਤ ਮਾਸਟਰ ਜੀ ਨੇ ਜਿਉਂ ਹੀ ਭੜੋਲੂ ਤੋਂ ਘਟਨਾਕ੍ਰਮ ਬਾਰੇ ਪੁੱਛਿਆ.. ਤਾਂ ਭੜੋਲੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ.. ਕਿ ਮਾਸਟਰ ਜੀ, ਤੁਸੀਂ ਜੋ ਸਾਨੂੰ ਪਿਛਲੇ ਸਾਲ ਸੰਦੇਸ਼ ਜਾਰੀ ਕਰਦਿਆਂ ਸਮਝਾਇਆ ਸੀ। ਕਿ ਸਾਨੂੰ ਗਰਮੀ ਦੇ ਮੌਸਮ ਸਮੇਂ ਆਪਣੇ ਕੁਦਰਤੀ ਰਿਸ਼ਤਿਆਂ ਜਿਵੇਂ ਪੰਛੀ , ਜਨੌਰਾਂ,ਜੀਵ- ਜੰਤੂਆਂ, ਮਿੱਤਰ ਕੀੜੇ - ਮਕੌੜਿਆਂ, ਪਾਣੀ ਅਤੇ ਪੌਦਿਆਂ ਦੀ ਹਮੇਸ਼ਾ ਕਦਰ, ਸਾਂਭ - ਸੰਭਾਲ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਗਰਮੀਆਂ ਵਿੱਚ ਪੰਛੀਆਂ ਵਾਸਤੇ ਘਰਾਂ ਦੀਆਂ ਕੰਧਾਂ - ਕੌਲਿਆਂ,ਛੱਤਾਂ ਉਪਰ ਪਾਣੀ ਦੇ ਕੂੰਡੇ- ਕਟੋਰੇ ਭਰ ਕੇ ਰੱਖਣੇ ਚਾਹੀਦੇ ਹਨ। ਤੁਹਾਡੇ ਦਿੱਤੇ ਸੰਦੇਸ਼ ਅਨੁਸਾਰ ਮੈਂ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਅ ਰਿਹਾ ਸਾਂ,ਪਰ ਕੱਲ੍ਹ ਨਾਨਕੇ ਪਿੰਡ ਤੋਂ ਵਾਪਸ ਆਉਣ ਸਾਰ ਹੀ ਮੈਂ ਰੋਜ਼ਾਨਾ ਦੀ ਤਰ੍ਹਾਂ ਜਿਉਂ ਹੀ ਆਪਣੇ ਮਿੱਤਰ ਪਿਆਰੇ ਪੰਛੀਆਂ ਵਾਸਤੇ, ਬਿਸਕੁਟ, ਰੋਟੀ ਦੀਆਂ ਬੁਰਕੀਆਂ,ਚੋਗੇ ਵਾਲੇ ਦਾਣੇ ਪਾਉਂਣ ਵਾਸਤੇ ਖੇਤ ਗਿਆ ਤਾਂ......!
ਭੜੋਲੂ ਬੱਚੇ ਰੋਣਾਂ ਨਹੀਂ.... ਤੂੰ ਸਿਆਣਾ ਬੀਬਾ ਬਾਲਕ ਹੈਂ, ਅੱਗੇ ਆਪਣੀਂ ਗੱਲ ਜਾਰੀ ਰੱਖੋ.....!
ਇੱਕ ਮਿੰਟ ਮਾਸਟਰ ਜੀ.., ਭੜੋਲੂ ਤੂੜੀ ਵਾਲੇ ਕੋਠੇ ਵੱਲ ਨੂੰ ਭੱਜਿਆ- ਭੱਜਿਆ ਗਿਆ.. ਜਿੱਥੋਂ ਉਹ ਇੱਕ ਕਾਲੇ ਰੰਗ ਦਾ ਵੱਡਾ ਸਾਰਾ ਲਿਫ਼ਾਫ਼ਾ ਚੁੱਕ ਕੇ ਲਿਆਇਆ.. ਜੋ ਅੱਧ ਸੜੇ ਮੋਏ ਹੋਏ ਪੰਛੀਆਂ ਅਤੇ ਪੰਛੀਆਂ ਦੇ ਮਾਸੂਮ ਬੋਟਾਂ ਨਾਲ ਭਰਿਆ ਹੋਇਆ ਸੀ ਜੋ ਉਸ ਨੇ ਸਾਰੀ ਬੈਠੀ ਹੋਈ ਮੰਡਲੀ ਦੇ ਵਿਚਾਲੇ ਢੇਰੀ ਕਰਦਿਆਂ ਕਿਹਾ,,ਕਿ ਆਹ ਦੇਖੋ ਮਾਸਟਰ ਜੀ...! ਨਿਹੱਥੇ ਮਾਸੂਮਾਂ ਉਪਰ ਹੋਏ ਜ਼ੁਲਮ ਦੀਆਂ ਮੂੰਹ ਬੋਲਦੀਆਂ ਤਸਵੀਰਾਂ..!
(ਸੀਨ ਦੇਖ ਕੇ ਮਾਸਟਰ ਜੀ ਤੋਂ ਇਲਾਵਾ ਬਾਕੀ ਸਾਰਿਆਂ ਦੇ ਵੀ ਸੀਨੇ ਬੁਰੀ ਤਰ੍ਹਾਂ ਵਲੂੰਧਰੇ ਗਏ ਸਨ)
'ਉਏ.; ਹੋਏ..ਹੋਏ.. ਹੋਏ..! ਭੜੋਲੂ ਇਹ ਕਿੱਥੋਂ...?
ਮਾਸਟਰ ਜੀ.. ਮੈਂ ਕਹਿਣਾਂ ਤਾਂ ਨਹੀਂ ਸੀ ਚਾਹੁੰਦਾ, ਪਰ ਹੁਣ ਮੈਂਨੂੰ ਮਜ਼ਬੂਰ ਹੋ ਕੇ ਸਭ ਕੁਝ ਤੁਹਾਨੂੰ ਦੱਸਣਾਂ ਹੀ ਪੈਣਾਂ ਹੈ। ਕਿ ਮੇਰੇ ਦੇਖਣ ਮੁਤਾਬਿਕ ਇਹ ਸਭ ਕੁਝ ਸਾਡੇ ਆਪਣੇ ਹੀ ਟੱਬਰ ਦੀ ਮਿਹਰਬਾਨੀ ਹੈ। ਮੇਰੇ ਦਾਦਾ ਜੀ ਅਤੇ ਪਿਤਾ ਜੀ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੀ ਰਹਿੰਦ- ਖੂਹੰਦ ਨੂੰ ਅੱਗ ਲਾਉਂਦੇ ਆ ਰਹੇ ਹਨ। ਜਦੋਂ ਮੈਂ ਇਨ੍ਹਾਂ ਨੂੰ ਪੁੱਛਣ ਜਾਂ ਰੋਕਣ ਦੀ ਕੋਸ਼ਿਸ਼ ਕਰਦਾ ਸਾਂ.. ਤਾਂ ਅੱਗੋਂ ਸਾਡਾ ਸਾਰਾ ਟੱਬਰ ਉਲਟਾ ਜਵਾਬ ਦਿੰਦੇ ਹੋਏ ਅਤੇ ਹੋਰਨਾਂ ਲੋਕਾਂ ਤੇ ਨਜਾਇਜ਼ ਦੂਸ਼ਣਬਾਜ਼ੀ ਲਗਾਉਂਦਿਆਂ ਹੋਏ ਕਿਹਾ ਕਰਦੇ ਸਨ। ਕਿ ਇਹ ਅੱਗ ਆਪਾਂ ਨਹੀਂ, ਆਪਣੇ ਖੇਤ ਦੇ ਆਂਢ- ਗੁਆਂਢੀਆ ਨੇ ਆਵਦੇ ਖੇਤਾਂ ਚ ਲਗਾਈ ਸੀ । ਜੋ ਅੱਗੇ ਵਧਦੀ ਹੋਈ ਆਪਣੇ ਖੇਤ ਪਹੁੰਚ ਗਈ ਹੈ। ਸਾਡੀ ਚਾਰ ਕਿੱਲੇ ਜ਼ਮੀਨ ਵੱਡੀ ਸੜਕ ਦੇ ਨਾਲ ਲਗਦੀ ਹੈ। ਜ਼ਮੀਨ ਦੇ ਨਾਲ ਵੱਡੀ ਗਿਣਤੀ ਵਿੱਚ ਲੱਗਦੇ ਸਰਕਾਰੀ ਦਰੱਖਤ ਵੀ ਬੁਰੀ ਤਰ੍ਹਾਂ ਅੱਗ ਨਾਲ ਝੁਲਸੇ ਗਏ ਹਨ ਨਾਲੇ ਪਹਿਲਾਂ ਅੱਗ ਲਗਾ ਕੇ ਧਰਤੀ ਦੀ ਹਿੱਕ ਨੂੰ ਸਾੜਿਆ ਗਿਆ, ਹੁਣ ਉਤੋਂ ਮੋਟਰ ਛੱਡ ਕੇ ਪਾਣੀ ਨਾਲ ਧਰਤੀ ਨੂੰ ਠੰਡਾ ਕਰਨਾਂ ਸ਼ੁਰੂ ਕੀਤਾ ਹੋਇਆ ਹੈ ਅਤੇ ਇਸ ਵਾਰ ਮੈਂ ਸਾਡੇ ਖੇਤ ਦੇ ਸਾਹਮਣੇ ਘਰ ਵਾਲਿਆਂ ਦਾ ਸੀ. ਸੀ. ਟੀ. ਵੀ. ਕੈਮਰਾ ਚੈੱਕ ਕਰਕੇ ਆਇਆਂ ਸਾਂ ,ਆਹ ਦੇਖੋ ਮੇਰੇ ਮੋਬਾਇਲ ਫੋਨ ਵਿੱਚ ਉਸਦੀ ਕੈਦ ਕੀਤੀ ਵੀਡੀਓ ਜਿਸ ਵਿੱਚ ਸਾਡੇ ਪਰਿਵਾਰਕ ਮੈਂਬਰ ਹੀ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਪਾਪਾਂ ਦਾ ਭਾਗੀ ਬਣੇਂ ਹੋਏ ਸਪੱਸ਼ਟ ਨਜ਼ਰ ਆ ਰਹੇ ਹਨ। ਜਿਸ ਕਾਰਨ ਮੇਰੇ ਪਿਆਰੇ- ਪਿਆਰੇ ਮਿੱਤਰ ਪੰਛੀ ਜੋ ਮੈਂ ਤੁਹਾਨੂੰ ਲਿਫਾਫੇ ਚੋ ਕੱਢ ਕੇ ਦਿਖਾਏ ਹਨ ਉਹ ਆਪਣੇ ਆਲਣਿਆਂ ਸਮੇਤ ਅੱਗ ਦੀਆਂ ਲਪਟਾਂ ਵਿੱਚ ਭੁੱਜਦੇ ਹੋਏ ਬੁਰੀ ਤਰ੍ਹਾਂ ਤੜਫ਼ - ਤੜਫ਼ ਕੇ ਮੌਤ ਦੀ ਭੇਂਟ ਚੜ੍ਹ ਗਏ ਹਨ ਨਾਲੇ ਸਭ ਦਰੱਖਤ ਵੀ ਬੁਰੀ ਤਰ੍ਹਾਂ ਝੁਲਸੇ ਗਏ ਹਨ ਅਤੇ ਸਾਡਾ ਬੇਕਿਰਕ ਟੱਬਰ ਮੇਰੇ ਪੈਰਾਂ ਤੇ ਪਏ ਹੋਏ ਛਾਲਿਆਂ ਨੂੰ ਆਰਾਮਦਾਇਕ ਕਰਨ ਵਾਸਤੇ ਕੱਲ੍ਹ ਦਾ ਮੇਰੇ ਅੱਗੜ ਪਿੱਛੜ ਭੱਜਿਆ ਫਿਰਦਾ ਹੈ ਅਤੇ ਜੋ ਇਹ ਮਾਸੂਮ ਬੇਕਸੂਰ ਚੋਚਲੇ ਬੋਟ ਅਤੇ ਉਨ੍ਹਾਂ ਦੇ ਪੰਛੀ ਮਾਪੇ ਅੱਗ ਦੀ ਕਹਿਰ ਵਿੱਚ ਰਾਖ਼ ਹੋ ਗਏ ਹਨ ਉਨ੍ਹਾਂ ਦਾ......!
ਭੜੋਲੂ ਬੱਚੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ। ਕਿ ਰੋਣਾਂ ਨਹੀਂ ਹੈ ਹੌਂਸਲੇ ਨਾਲ ਗੱਲਬਾਤ ਕਰਦੇ ਰਹੋ..! ਜੋ ਇਹ ਵਾਪਰਿਆ ਹੈ ਬਹੁਤ ਮਾੜਾ ਹੋਇਆ ਹੈ। ਇਸੇ ਵਿਸ਼ੇ ਨਾਲ ਸਬੰਧਤ ਕੁਝ ਦਿਨ ਪਹਿਲਾਂ ਇੱਕ ਸਕੂਲੀ ਬੱਸ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਅੱਗ ਦੀ ਭੇਂਟ ਚੜ੍ਹ ਗਈ ਸੀ ਜਿਸ ਕਾਰਨ ਕੁਝ ਮਾਸੂਮ ਬੱਚੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਸਨ ਅਤੇ ਇੱਕ ਹੋਰ ਘਟਨਾ ਦੌਰਾਨ ਖੇਤ ਵਿੱਚ ਲੱਗੀ ਅੱਗ ਨੇ ਇੱਕ ਗ਼ਰੀਬ ਦੀ ਝੁੱਗੀ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਉਸਦੀ ਬੱਚੀ ਨੂੰ ਬੁਰੀ ਤਰ੍ਹਾਂ ਰਾਖ਼ ਕਰਕੇ ਸਦਾ ਦੀ ਨੀਂਦ ਸੁਲਾ ਦਿੱਤਾ ਹੈ। ਅਜਿਹੀਆਂ ਘਟਨਾਵਾਂ ਸਮਾਜ ਦੇ ਮੱਥੇ ਤੇ ਕਲੰਕ ਹੁੰਦੀਆਂ ਹਨ ਜਿਸ ਨਾਲ ਜਿੱਥੇ ਪੰਛੀਆਂ,ਜੀਵ- ਜੰਤੂਆਂ ਦਾ ਘਾਂਣ ਹੋ ਰਿਹਾ ਹੈ ਉੱਥੇ ਦਿਨੋਂ- ਦਿਨ ਸਾਡਾ ਵਾਤਾਵਰਣ ਵੀ ਪਲੀਤ ਹੁੰਦਾ ਜਾ ਰਿਹਾ ਹੈ।ਜਿਸ ਨਾਲ ਅਨੇਕਾਂ ਬਿਮਾਰੀਆਂ ਖੜੀਆਂ ਹੋ ਜਾਂਦੀਆਂ ਹਨ।
ਭੜੋਲੂ ਅਤੇ ਮਾਸਟਰ ਜੀ ਦੀ ਚੱਲ ਰਹੀ ਵਾਰਤਾਲਾਪ ਸੁਣਕੇ ਇਕੱਤਰ ਹੋਏ ਬਾਕੀ ਸਭ ਦੀਆਂ ਅੱਖਾਂ ਵਿੱਚੋਂ ਤਰਿੱਪ- ਤਰਿੱਪ ਅੱਥਰੂ ਵਗਣ ਲੱਗ ਪਏ ਸਨ। ਭੜੋਲੂ ਦੇ ਦਾਦਾ ਜੀ ਅਤੇ ਪਿਤਾ ਜੀ ਨੇ ਦੋਵਾਂ ਦੀ ਗੱਲ ਨੂੰ ਵਿਚਾਲਿਉਂ ਕੱਟ ਨੀਂਵੀਂ ਪਾਉਂਦਿਆਂ ਅਤੇ ਨਿਮੋਸ਼ੀ ਦਾ ਸਾਹਮਣਾ ਕਰਦਿਆਂ ਪ੍ਰਣ ਕੀਤਾ, ਕਿ ਉਹ ਅੱਗੇ ਤੋਂ ਜ਼ਿੰਦਗੀ ਭਰ ਆਪਣੇ ਖੇਤ ਵਿੱਚ ਫ਼ਸਲਾਂ ਦੀ ਪਰਾਲੀ ਜਾਂ ਰਹਿੰਦ- ਖੂਹੰਦ ਨੂੰ ਅੱਗ ਨਹੀਂ ਲਗਾਉਣਗੇ। ਇਸ ਫ਼ੈਸਲੇ ਨੂੰ ਸਭ ਨੇ ਖਿੜੇ ਮੱਥੇ ਕਬੂਲ ਕਰਦਿਆਂ ਫੈਮਿਲੀ ਡਾਕਟਰ ਨੂੰ ਬੁਲਾ ਕੇ ਭੜੋਲੂ ਦੇ ਪੈਰਾਂ ਵਾਲੇ ਜ਼ਖ਼ਮਾਂ ਤੇ ਮੱਲ੍ਹਮ ਪੱਟੀ ਕਰਵਾਈ ਅਤੇ ਤੁਰੰਤ ਸਾਰੇ ਪਰਿਵਾਰ ਵੱਲੋਂ ਉਸੇ ਦਿਨ ਪਿੰਡ ਵਿੱਚ 'ਪੰਛੀ, ਪਾਣੀ ਅਤੇ ਦਰੱਖਤ ਬਚਾਓ, ਵਾਤਾਵਰਨ ਖੁਸ਼ਹਾਲ ਬਣਾਓ' ਦੇ ਨਾਂਅ ਹੇਠ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਜਿਸਦੀ ਮਾਸਟਰ ਰਘਬੀਰ ਚੰਦ, ਜ਼ਖ਼ਮੀ ਭੜੋਲੂ ਅਤੇ ਬਾਕੀ ਸਕੂਲੀ ਬੱਚੇ ਉੱਚੀ- ਉੱਚੀ ਨਾਅਰੇ ਲਗਾਉਂਦੇ ਹੋਏ ਯੋਗ ਅਗਵਾਈ ਕਰ ਰਹੇ ਸਨ।