ਪੁਸਤਕ ----ਸਿੱਖ ਫਲਸਫੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ
ਲੇਖਕ ------ਸਤਨਾਮ ਚਾਨਾ
ਪ੍ਰਕਾਸ਼ਕ ---–ਵਿਚਾਰ ਮੰਚ ਜਲੰਧਰ
ਪੰਨੇ-----308 ਮੁੱਲ ----250 ਰੁਪਏ (ਪੇਪਰਬੈਕ ) 350 ਰੁਪਏ (ਸਜਿਲਦ )
ਸਤਨਾਮ ਚਾਨਾ ਮਾਰਕਸਵਾਦੀ ਵਿਚਾਰਧਾਂਰਾ ਦਾ ਲੇਖਕ ਹੈ । ਇਤਿਹਾਸ ਨੂੰ ਵਾਚਣ ਦੀ ਉਸਦੀ ਦ੍ਰਿਸ਼ਟੀ ਸ਼ਰਧਾਮੂਲਕ ਦੀ ਥਾਂ ਨਿਰੋਲ ਵਿਗਿਆਨਕ ਤੇ ਤਰਕਸ਼ੀਲ ਹੈ । ਜੋ ਇਤਿਹਾਸਕ ਤਥ ਉਸਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ਉਸਤੇ ਉਹ ਕਿੰਤੂ ਕਰਨ ਦਾ ਹਕ ਵੀ ਸਮਝਦਾ ਹੈ ਤੇ ਕਰਦਾ ਵੀ ਹੈ। ਉਹ ਕਿਉਂ ਤੇ ਕਿਵੇਂ ਦੀ ਭਾਵਨਾ ਵਾਲੀ ਵਿਗਿਆਨਕ ਪਹੁੰਚ ਵਾਲਾ ਸਾਹਿਤਕਾਰ ਹੈ । ਜਿਸ ਦੀ ਅਜੋਕੇ ਸਮੇਂ ਵਿਚ ਸਖਤ ਲੋੜ ਹੈ। ਕਿਉਂ ਕਿ ਇਤਿਹਾਸ ਦੀ ਸਦੀਆਂ ਪੁਰਾਣੀ ਲੜੀ ਵਿਚ ਕਈ ਵਾਰ ਕੁਝ ਖੱਪੇ ਰਹਿ ਜਾਂਦੇ ਹਨ । ਜੋ ਲੇਖਕ ਆਪਣੀ ਸਮਝ ਅਨੁਸਾਰ ਭਰਨ ਦੀ ਕੋਸ਼ਿਸ਼ ਕਰਦਾ ਹੈ।
ਇਹ ਕਿਤਾਬ ਇਸੇ ਨਜ਼ਰੀਏ ਤੋਂ ਲਿਖੀ ਗਈ ਹੈ ਕਿਤਾਬ ਦਾ ਇਹ ਦੂਸਰਾ ਸੋਧਿਆ ਐਡੀਸ਼ਨ ਹੈ । ਪ੍ਰਸਿਧ ਸ਼ਾਇਰ ਡਾ ਲਖਵਿੰਦਰ ਸਿੰਘ ਜੌਹਲ ਨੇ ਕਿਤਾਬ ਦੀ ਸੰਖੇਪ ਭੂਮਿਕਾ ਵਿਚ ਪ੍ਰਭਾਵ ਸ਼ਾਂਲੀ ਵਿਚਾਰ ਲਿਖੇ ਹਨ । ਤੇ ਲੇਖਕ ਦੇ ਨਜ਼ਰੀਏ ਦੀ ਤਸਦੀਕ ਕੀਤੀ ਹੈ । ਪੁਸਤਕ ਲੇਖਕ ਨੇ ਕਿਤਾਬ ਲਿਖਣ ਦਾ ਮਨੋਰਥ ਵੀ ਸਪਸ਼ਟ ਕਰਦੇ ਲਿਖਿਆ ਹੈ ਇਸ ਖੋਜ ਵਿਚ ਪੁਰਾਤਨ ਪੰਜਾਬ ਦੀਆਂ ਸਮਾਜਿਕ ,ਰਾਜਨੀਤਕ ,ਆਰਥਿਕ ਪ੍ਰਸਥਿਤੀਆਂ ਨੁੰ ਪੜਤਾਲਣ ਦਾ ਯਤਨ ਕੀਤਾ ਹੈ । ਇਤਿਹਾਸ ਨੂੰ ਜਾਨਣ ਲਈ ਵਿਗਿਆਨਕ ਕਸਵਟੀ ਨੂੰ ਤਰਜੀਹ ਦਿਤੀ ਹੈ । ਕਿਉਂ ਕਿ ਸਾਡੇ ਇਤਿਹਾਸ ਦਾ ਕਾਫੀ ਹਿਸਾ ਕਈ ਤਰਾਂ ਦੇ ਸਵਾਲਾਂ ਵਿਚ ਘਿਰਿਆ ਹੋਇਆ ਹੈ ।ਇਸ ਲਈ ਲੇਖਕ ਨੇ ਬਹੁਤ ਸਾਰੀਆਂ ਇਤਿਹਾਸਕ ਕਿਤਾਬਾਂ ਤੇ ਗ੍ਰੰਥਾਂ ਦਾ ਅਧਿਐਨ ਕੀਤਾ ਹੈ। ਪੁਸਤਕ ਦੇ ਛੇ ਅਧਿਐਨ ਕਾਂਡ ਹਨ । ਤੇ ਹਰੇਕ ਅਧਿਅਨ ਦੇ ਅੰਤ ਵਿਚ 60-70 ਹਵਾਲੇ ਦਿਤੇ ਹਨ । ਇਕ ਤਰਾਂ ਨਾਲ ਇਹ ਪੁਸਤਕ ਖੋਜ ਪੁਸਤਕ ਦਾ ਸਫਰ ਤਹਿ ਕਰਦੀ ਹੋਈ ਆਪਣਾ ਵਜੂਦ ਕਾਇਮ ਕਰਦੀ ਹੈ । ਪੁਸਤਕ ਇਤਿਹਾਸ ਦੀ ਆਲੋਚਨਾਤਮਕ ਵੰਨਗੀ ਵਿਚ ਹੀ ਆਉਂਦੀ ਹੈ । ਦੇਸ਼ ਦਾ ਸਦੀਆਂ ਪੁਰਾਣਾ ਇਤਿਹਾਸ ਇਸ ਵਿਚ ਹੈ । ਆਰੀਆਂ ਲੋਕਾਂ ਦਾ ਪ੍ਰਵੇਸ਼, ਦਰਾਵੜ ਆਉਣੇ, ਰਾਜਪੂਤ ,ਸੀਬੀਅਨ ਲੋਕ ,ਗੁਰਮੁਖੀ ਲਿਪੀ ਦਾ ਵਿਕਾਸ ਹੋਣਾ ,ਜੱਟਾਂ ਦਾ ਵਿਕਾਸ ,ਕਿੱਤਿਆਂ ਨਾਲ ਜਾਤੀਆ ਦਾ ਜੁੜਨਾ , ਧਰਮ ਦਾ ਜੀਵਨ ਵਿਚ ਰੋਲ, ਦੇਵੀ ਦੇਵਤਿਆਂ ਦੀ ਪੂਜਾ ਦਾ ਰੁਝਾਨ ਕਦੋਂ ਸ਼ੁਰੂ ਹੋਇਆ , ਮੰਦਰਾਂ ਦਾ ਇਤਿਹਾਸ, ਖਾਲਸੇ ਦੀ ਉਤਪਤੀ ਮਹਾਨ ਗੁਰੂਆਂ ਦਾ 250 ਸਾਲ ਦਾ ਮਾਣਮਤਾ ਇਤਿਹਾਸ, ਸਿਖ ਧਰਮ ਦਾ ਵਿਕਾਸ ,ਗੁਰੂ ਸਾਹਿਬਾਨ ਦੀ ਸਮਾਜ ਨੂੰ ਦੇਣ ,ਗੁਰਬਾਣੀ ਵਿਚ ਸਮਕਾਲੀ ਸਮਾਜ ਦੀ ਤਸਵੀਰ , ਗੁਰੂ ਨਾਨਕ ਸਾਹਿਬ ਦਾ ਸਾਂਝੀਵਾਲਤਾ ਦਾ ਸਿਧਾਂਤ ਤੇ ਹੋਰ ਵੀ ਬਹੁਤ ਕੁਝ ਖੋਜ ਮਈ ਸ਼ੈਲੀ ਵਿਚ ਪੁਸਤਕ ਵਿਚ ਲਿਖਿਆ ਗਿਆ ਹੈ । ਸਿੱਖ ਇਤਿਹਾਸ ਦੇ ਅਧਿਐਨ ਵਿਚ ਗੁਰੂ ਨਾਨਕ ਦੇਵ ਜੀ ਦਾ ਚਾਰ ਉਦਾਸੀਆਂ ਦਾ ਮਹੱਤਵ । ਭਾਈ ਲਾਲੋ ਜਿਹੇ ਕਿਰਤੀ ਦਾ ਮਾਣ ,ਭਾਈ ਮਰਦਾਨੇ ਦਾ ਗੁਰੂ ਜੀ ਨੂੰ ਸਾਥ ਹੋਣ ਦੇ ਅਰਥ ,ਸਮਾਜਿਕ ਕ੍ਰਾਂਤੀ ਦੀ ਭਾਂਵਨਾ ਪੈਦਾ ਹੋਣੀ ,ਗੁਰੂ ਸਾਹਿਬਾਨ ਦੇ ਲੋਕ ਭਲਾਈ ਕਾਰਜ, ਸ਼ਹਿਰਾ ਮੰਡੀਆਂ ਤੇ ਬਜ਼ਾਰਾਂ ਦੀ ਸਥਾਪਤੀ । ਸਰੋਵਰ ਬਨਾਉਣੇ, ਬਾਉਲੀਆਂ ਸ਼ਥਾਪਿਤ ਕਰਨੀਆਂ ,ਲੰਗਰ ਪ੍ਰਥਾ ਸ਼ੁਰੂ ਕਰਨੀ , ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ,ਮਹਾਨ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ,ਦੇਸ਼ ਦੀ ਭਗਤੀ ਲਹਿਰ, ਮੀਰੀ ਪੀਰੀ ਦਾ ਸੰਕਲਪ ਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਜੰਗਾਂ ਦੇ ਮਨੋਰਥ ,ਸਤਵੇਂ ਅਠਵੇਂ ਗੁਰੂ ਜੀ ਦਾ ਜੀਵਨ ਤੇ ਕਲਾ, ਨੌਵੇਂ ਗੁਰੂ ਜੀ ਦੀ ਦੇਸ਼ ਲਈ ਸ਼ਹਾਦਤ ,ਦਸਵੇਂ ਗੁਰੂ ਜੀ ਦਾ ਆਨੰਦਪੁਰ ਸਾਹਿਬ ਦਾ ਕਿਲ੍ਹਾ ਛਡਣ ਤੋਂ ਲੈ ਕੇ ਮਾਛੀਵਾੜੇ ਜਾਣਾ, ਫਿਰ ਔਰਂਗਜ਼ੇਬ ਨੂੰ ਜਫਰਨਾਮਾ ਲਿਖਣ ਦਾ ਮਨੋਰਥ , ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਪੁਨਰ ਸਿਰਜਨਾ ਕਰਨੀ, ਦੱਖਣ ਵਲ ਗੂਰੂ ਜੀ ਦੇ ਜਾਣ ਦਾ ਮੰਤਵ ਆਦਿ ਸਵਾਲਾਂ ਦੇ ਰੂਬਰੂ ਇਹ ਪੁਸਤਕ ਕਰਦੀ ਹੈ । ਭਗਤੀ ਲਹਿਰ ਦਾ ਵੀ ਜ਼ਿਕਰ ਹੈ ।ਵੱਖ ਵੱਖ ਸੰਤਾਂ ਭਗਤਾਂ ਦੀ ਰਚੀ ਬਾਣੀ ਤੇ ਗੁਰੂ ਸਾਹਿਬ ਵਲੋਂ ਬਾਣੀ ਨੂੰ ਇਕਤਰ ਕਰਨਾ ,ਸਮਕਾਲੀ ਸਮਾਜ ਦੀ ਬਾਣੀ ਵਿਚ ਉਕਰੀ ਤਸਵੀਰ, ਗੁਰਬਾਣੀ ਦੀਆਂ ਪਾਵਨ ਤੁਕਾਂ ਸਹਿਤ ਦਰਜ ਹੈ । ਮੁਗਲ ਹਕੂਮਤਾਂ ਦੇ ਸਿਖਾਂ ਉਪਰ ਕਹਿਰ ,ਬਾਬਾ ਬੰਦਾ ਬਹਾਦਰ ਦੀ ਸਹੀਦੀ ਦੇ ਅਰਥ ਕੀ ਨਿਕਲਦੇ ਹਨ ਦੀ ਚਰਚਾ ਵੀ ਲੇਖਕ ਨੇ ਕੀਤੀ ਹੈ ।
ਇਸ ਦੇ ਨਾਲ ਹੀ ਜੱਟਾਂ, ਬ੍ਰਾਂਹਮਣਾ, ਤੁਰਕਾਂ ,ਮੁਹੰਮਦ ਗੌਰੀ ਦੇ ਹਮਲੇ, ਮਹਿਮੂਦ ਗਜ਼ਨਵੀਂ, ਲੋਧੀ ਖਾਂਨਦਾਨ ਤੇ ਤੁਗਲਕ ਸਲਤਨਤ ਰਜ਼ੀਆ ਸੁਲਤਾਨਾ ਦਾ ਕਿਰਦਾਰ , ਅਲਤਮਸ਼ ,ਬਲਬਨ ,ਅਲਾਓਦੀਨ ਖਿਲਜੀ ਸਮੇਂ ਦੀ ਝਲਕ ਪੁਸਤਕ ਵਿਚ ਹੈ । ਪੰਨਾ 151 ਤੇ ਪੰਥ ਦੀ ਰੂਪ ਰੇਖਾ ਦਾ ਵਿਵਰਣ ਹੈ ਕਿ ਗੁਰੂ ਸਾਹਿਬ ਨੇ ਜੋ ਪੰਥ ਤਿਆਰ ਕੀਤਾ ਸੀ ਉਸ ਵਿਚ ਵਧੇਰੇ ਗਿਣਤੀ ਨੀਵੇਂ ਤੇ ਲਿਤਾੜੇ ਲੋਕਾਂ ਦੀ ਸੀ । ਜਾਤ ਪਾਤ ਖਤਮ ਕਰਨ ਦੇ ਅਰਥ ਹੀ ਇਹੋ ਸਨ ਕਿ ਸਮਾਜ ਵਿਚ ਇਕਸਾਰਤਾ ਆਵੇ । ਊਚ ਨੀਚ ਖਤਮ ਹੋਵੇ । ਇਕੋ ਪੰਗਤ ਵਿਚ ਬੈਠਣ ਦੀ ਜਾਚ ਸਿਖਾਈ ਜਾਵੇ । ਗੁਰੂ ਸਾਹਿਬ ਦੀ ਇਸ ਵਿਚਾਰਧਾਰਾ ਦੇ ਵਿਰੋਧੀ ਰਾਜਿਆਂ ਪਹਾੜੀ ਰਾਜਿਆਂ ਦਾ ਵਿਰੋਧ ਤੇ ਉਸ ਤੇ ਤਰਕਭਰਪੂਰ ਟਿਪਣੀ ਪੁਸਤਕ ਦਾ ਹਾਸਲ ਬਣਦੀ ਹੈ । ਪੰਜਾਬ ਦੇ ਵਿਕਾਸ ਬਾਰੇ ਪੂਰੇ 50 ਪੰਨੇ(157-206 ) ਦਰਜ ਹਨ । ਪੁਸਤਕ ਇਤਿਹਾਸ ਦੇ ਖੋਜੀ ਪਾਠਕਾਂ ਤੇ ਜਗਿਆਸੂ ਬਿਰਤੀ ਵਾਲੇ ਖੋਜੀਆਂ ਦੇ ਪੜ੍ਹਨ ਵਾਲੀ ਹੈ ।ਇਤਿਹਾਸਕ ਪੁਸਤਕ ਦਾ ਸਵਾਗਤ ਹੈ ।