ਠੰਡੀਆਂ ਛਾਵਾਂ ਵਾਲੇ ਰੁੱਖ।
ਲੰਬੇ ਭੋਲੇ-ਭਾਲੇ ਰੁੱਖ।
ਨਿੱਕੇ-ਨਿੱਕੇ ਲਾਏ ਸਨ,
ਪੁੱਤਾਂ ਵਾਂਗੂੰ ਪਾਲੇ ਰੁੱਖ।
ਚਹੁੰ ਪਾਸੀਂ ਕੰਡਿਆਲੀ ਤਾਰ,
ਬੀਜੇ ਅਸੀਂ ਵਿਚਾਲੇ ਰੁੱਖ।
ਦੇਸੀ ਖਾਦਾਂ ਪਾ-ਪਾ ਕੇ,
ਕਰ ਦਿੱਤੇ ਹਰਿਆਲੇ ਰੁੱਖ।
ਸਾਡਾ ਇਹ ਸਰਮਾਇਆ ਹਨ,
ਤਾਂ ਹੀ ਅਸੀਂ ਸੰਭਾਲੇ ਰੁੱਖ।
ਅਰਬਾਂ-ਖਰਬਾਂ ਧਰਤੀ ’ਤੇ,
ਫਿਰ ਵੀ ਨਹੀਓਂ ਬਾਹਲੇ ਰੁੱਖ।
ਸ਼ੁੱਧ ਹਵਾਵਾਂ ਵੰਡਣ ਲਈ,
ਰਹਿੰਦੇ ਹਰਦਮ ਕਾਹਲੇ ਰੁੱਖ।
ਤਰ੍ਹਾਂ-ਤਰ੍ਹਾਂ ਦੇ ਧਰਤੀ ਨੇ,
ਮਿੱਟੀ ਵਿੱਚ ਸੰਭਾਲੇ ਰੁੱਖ।
ਦਿੰਦੇ ਇਹੇ ਲੱਕੜੀਆਂ,
ਫੱਟੇ,ਕੜੀਆਂ,ਬਾਲੇ ਰੁੱਖ।
ਫਲ ਦਿੰਦੇ ਤੇ ਫੁੱਲ ਦਿੰਦੇ,
ਹਰਿਆਂ ਪੱਤਿਆਂ ਵਾਲੇ ਰੁੱਖ।
ਹੋਰ ਲਗਾਈਏ ਰਲ-ਮਿਲ ਕੇ,
ਸੁੰਦਰ ਅਤੀ ਨਿਰਾਲੇ ਰੁੱਖ।