ਮੀਰਜ਼ਾਦੇ ਦੀ ਕਿੱਤਾ ਬਦਲੀ ਸਕੀਮ
(ਵਿਅੰਗ )
ਮੰਦਹਾਲੀ ਦੇ ਦੌਰ ਵਿੱਚ ਦਿਨੋਂ-ਦਿਨ ਵਿਸਰਦੇ ਜਾ ਰਹੇ ਜੱਦੀ- ਪੁਸ਼ਤੀ ਕਿੱਤੇ ਨੂੰ ਲੈ ਕੇ ਘੁੱਦੂ ਮੀਰਜ਼ਾਦੇ ( ਮਰਾਸੀ) ਨੂੰ ਇਸ ਗੱਲੋਂ ਵਧ ਰਹੀ ਚਿੰਤਾ ਅੰਦਰੋਂ - ਅੰਦਰੀ ਘੁਣ ਵਾਂਗ ਖਾਂਦੀ ਜਾ ਰਹੀ ਸੀ। ਕਿ ਸੋਸ਼ਲ ਮੀਡੀਆ ਦੇ ਵਧ ਜਾਣ ਕਾਰਨ ਉਨ੍ਹਾਂ ਦੇ ਨਕਲਪੁਣੇਂ ਧੰਦੇ ਨੂੰ ਅੱਜਕਲ੍ਹ ਨਾਂ ਤਾਂ ਲੋਕਾਂ ਵੱਲੋਂ ਬਹੁਤੀ ਅਹਿਮੀਅਤ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਦੂਸਰੇ ਪਾਸੇ ਉਨ੍ਹਾਂ ਦੀਆਂ ਨਵੀਆਂ ਪੀੜ੍ਹੀਆਂ ਇਸ ਨੂੰ ਅਪਣਾਉਣ ਲਈ ਤਿਆਰ ਹਨ ਅਤੇ ਨਾਲੋਂ - ਨਾਲ ਇੱਕ ਗੱਲ ਹੋਰ ਵੀ ਸੋਚਣ ਲਈ ਮਜ਼ਬੂਰ ਕਰ ਰਹੀ ਹੈ। ਕਿ ਸਮਾਜ ਦੇ ਲੋਕ ਆਪਣੇ ਤਾਣੇ- ਬਾਣੇ ਵਿੱਚ ਅਜਿਹੇ ਬੁਰੀ ਤਰ੍ਹਾਂ ਉਲਝੇ ਹੋਏ ਹਨ ਕਿ ਉਹ ਚਾਹੇ ਆਪਣੇ ਭੰਡਾਂ ਰਾਹੀਂ ਕਿੰਨਾ ਵੀ ਨਕਲਪੁਣਾਂ ਕਰੀ ਜਾਣ ਲੋਕ ਹੱਸਣ ਵੱਲ ਬੜੀ ਮੁਸ਼ਕਲ ਨਾਲ ਹੀ ਕੇਂਦਰਿਤ ਹੁੰਦੇ ਹਨ। ਇੱਕ ਦਿਨ ਦੋਵੇਂ ਪਤੀ-ਪਤਨੀ ਨੇ ਆਪਸੀ ਸਲਾਹ - ਮਸ਼ਵਰਾ ਸਾਂਝਾ ਕਰਦਿਆਂ ਕਿੱਤਾ ਬਦਲੀ ਸਕੀਮ ਬਣਾਈ ਅਤੇ ਗਵਾਂਢੀ ਟਾਊਟ ਵਿਅਕਤੀ ਦੀ ਰੀਸ ਕਰਦਿਆਂ ਟਾਊਟਪੁਣੇਂ ( ਮੁਖ਼ਬਰੀ ) ਦਾ ਧੰਦਾ ਸ਼ੁਰੂ ਕਰ ਦਿੱਤਾ।
ਪਹਿਲੇ ਦਿਨ ਮੀਰਜ਼ਾਦੇ ਨੇ ਇਸ ਧੰਦੇ ਦੀ ਸ਼ੁਰੂਆਤ ਕਰਦਿਆਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗਿੱਟ- ਮਿੱਟ ਕਰਕੇ ਆਪਣੇ ਨੇੜਲੇ ਘਰ ਅੰਦਰ ਕੁੰਡੀ ਲੱਗਣ ਬਾਰੇ ਗੁਪਤ ਸੂਚਨਾ ਦਿੱਤੀ ਅਤੇ ਵਿਭਾਗ ਤੋਂ ਆਪਣਾ ਟਾਊਟਪੁਣੇਂ ਦਾ ਬਣਦਾ ਭੱਤਾ ਅਡਵਾਂਸ ਲੈ ਲਿਆਂ। ਪਰ ਜਦੋਂ ਵਿਭਾਗ ਨੇ ਦੋਸ਼ੀ ਦੇ ਘਰ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ ਅੱਗੋਂ ਕੁਝ ਵੀ ਹਾਸਲ ਨਾਂ ਹੋਣ ਤੇ ਜਿਉਂ ਹੀ ਇੱਕ ਬਿਜਲੀ ਅਧਿਕਾਰੀ ਨੇ ਫੋਨ ਰਾਹੀਂ ਮਰਾਸੀ ਤੋਂ ਕੁੰਡੀ ਨਾਂ ਲੱਗੇ ਹੋਣ ਬਾਰੇ ਪੁੱਛਿਆ , ਅਤੇ ਟਾਊਟਪੁਣੇਂ ਦੀ ਵਸੂਲੀ ਨਜਾਇਜ਼ ਰਾਸ਼ੀ ਬਾਰੇ ਗ਼ਿਲਾ ਜ਼ਾਹਰ ਕਰਦਿਆਂ ਝੂਠ ਦਾ ਪੁਲੰਦਾ ਆਖ ਰਾਸ਼ੀ ਵਾਪਸ ਕਰਨ ਬਾਰੇ ਫੁਰਮਾਨ ਜਾਰੀ ਕਰ ਦਿੱਤਾ , ਤਾਂ ਅੱਗੋਂ ਮਰਾਸੀ ਨੇ ਜਵਾਬ ਦਿੰਦਿਆਂ ਬਿਜਲੀ ਅਧਿਕਾਰੀ ਨੂੰ ਸਵਾਲ ਕੀਤਾ ਕਿ, ਜਦੋਂ ਤੁਸੀਂ ਛਾਪਾ ਮਾਰਿਆ ਸੀ ਤਾਂ ਅੱਗੋਂ ਉਨ੍ਹਾਂ ਘਰ ਵਾਲਿਆਂ ਦਾ ਕਿਹੋ ਜਿਹਾ ਪ੍ਰਤੀਕਰਮ ਸੀ। ਮੈਨੂੰ ਵਿਸਥਾਰ ਨਾਲ ਜਾਣਕਾਰੀ ਦੇਵੋ।
ਉਪਰੰਤ ਅਧਿਕਾਰੀ ਨੇ ਵਿਸਥਾਰਪੂਰਵਕ ਦੱਸਿਆ ਕਿ ਉਨ੍ਹਾਂ ਨੇ ਖ਼ਪਤਕਾਰ ਦੇ ਘਰ ਜਿਉਂ ਹੀ ਛਾਪਾਮਾਰੀ ਕੀਤੀ ਤਾਂ ਉਸ ਵਕਤ ਘਰ ਵਿਚ ਉਨ੍ਹਾਂ ਦੀ ਇਕੱਲੀ ਔਰਤ ਹਾਜ਼ਰ ਸੀ। ਅਸੀਂ ਘਰ ਦੀ ਬੈੱਲ ਵਜਾਈ ਤਾਂ ਅੱਗੋਂ ਉਸਨੇ ਦਰਵਾਜ਼ੇ ਦੀ ਕੁੰਡੀ ਖੋਲ੍ਹਕੇ ਸਾਨੂੰ ਕਾਰਨ ਪੁੱਛਿਆ। ਉਪਰੰਤ ਸਾਡੇ ਵੱਲੋਂ ਸਾਰੇ ਘਰ ਦੀ ਤਲਾਸ਼ੀ ਲੈਣ ਦੇ ਬਾਵਜੂਦ ਸਾਨੂੰ ਕੋਈ ਉਨ੍ਹਾਂ ਦੀ ਤਾਰ ਨੰਗੀ , ਨਜਾਇਜ਼ ਜੋੜ - ਤੋੜ ਜਾਂ ਕੋਈ ਹੋਰ ਕੁੰਡੀ ਵਗੈਰਾ ਨਜ਼ਰ ਨਹੀਂ ਆਈ, ਅਸੀਂ ਜਿਉਂ ਹੀ ਘਰ ਚੋਂ ਬਾਹਰ ਨਿਕਲੇ ਤਾਂ ਉਸ ਔਰਤ ਨੇ ਤੁਰੰਤ ਪਟੱਕ ਦੇਣੇਂ ਅੰਦਰੋਂ ਕੁੰਡੀ ਲਗਾ ਦਿੱਤੀ।
ਬਈ ਪ੍ਰਭਾ ਫ਼ੇਰ ਇਹ ਝੂਠ ਦਾ ਪੁਲੰਦਾ ਤੁਸੀਂ ਕਿਵੇਂ ਕਹਿ ਰਹੇ ਹੋ, ਤੁਸੀਂ ਆਪੇ ਹੀ ਤਾਂ ਦੱਸੀ ਜਾ ਰਹੇ ਹੋ ਕਿ ਉਨ੍ਹਾਂ ਨੇ ਤੁਹਾਡੇ ਜਾਣ ਤੇ ਪਹਿਲਾਂ ਕੁੰਡੀ ਖੋਲ੍ਹੀ, ਫੇਰ ਵਾਪਸੀ ਤੇ ਕੁੰਡੀ ਲਗਾ ਦਿੱਤੀ ।
ਉਹ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਬਿਜਲੀ ਦੀ ਨਜਾਇਜ਼ ਕੁੰਡੀ ਬਾਰੇ ਗੱਲ ਕਰੀ ਸੀ। ਨਾਂ ਕਿ ਦਰਵਾਜ਼ਾ ਬੰਦ ਕਰਨ ਦੀ ਕੁੰਡੀ ਬਾਰੇ।
ਓਹ ਬਈ ਪ੍ਰਭੋ ਰਾਜਿਆਂ ਦੀਆਂ ਖ਼ੈਰਾਂ, ਮਹਾਰਾਜਿਆਂ ਦੀਆਂ ਖ਼ੈਰਾਂ, ਕੁੰਡੀ ਤਾਂ ਕੁੰਡੀ ਹੀ ਹੁੰਦੀ ਹੈ। ਚਾਹੇ ਕੋਈ ਵੀ ਹੋਵੇ ਅਸੀਂ ਬਾਬੇ ਮਰਦਾਨੇ ਕਿਆਂ ਚੋਂ ਹੁੰਦੇ ਹਾਂ, ਕਦੇ ਝੂਠ ਨਹੀਂ ਬੋਲਦੇ, ਨਾਲੇ ਤੁਸੀਂ ਸਾਡੇ ਪੁਰਾਣੇ ਅਖਾਣ ਨੂੰ ਯਾਦ ਰੱਖੋ, ਕਿ 'ਸੋਟੀ ਢੀਂਏ ਬਿਨਾਂ ਤੁਰੀਏ ਨਾਂ ਰਾਤ ਨੂੰ ਕਦੇ ਟਿੱਚਰ ਨਾਂ ਕਰੀਏ ਮਰਾਸੀ ਜਾਤ' ਨੂੰ...!
ਅਗਲੇ ਦਿਨ ਫ਼ੇਰ ਮੀਰਜ਼ਾਦੇ ਨੇ ਸਵੇਰੇ - ਸਵੇਰੇ ਹੀ ਆਪਣੀ ਘਰਵਾਲੀ ਨੂੰ ਫੁਰਮਾਨ ਜਾਰੀ ਕਰਦਿਆਂ ਕਿਹਾ, ਕਿ ਪ੍ਰਭਾਣੀਂ ਫਟਾਫਟ ਤਿਆਰ ਹੋ ਜਾ, ਨਾਲੇ ਆਪਣੇ ਛੋਟੇ ਪੋਤਰੇ ਨੂੰ ਤਿਆਰ ਕਰ ਲੈ.. ਮੈਂ ਥੋਡੇ ਦੋਵੇਂ ਦੇ ਨਾਲੇ ਆਵਦੇ ਲੂਥਰਿਆਂ ਦੀ ਦੁਕਾਨ ਤੋਂ ਜੁੱਤੀਆਂ ਪਵਾ ਕੇ ਲਿਆਊਂਗਾ। ਪਰਸੋਂ ਜਿਹੜੀ ਥਾਣੇਦਾਰ ਨਾਲ ਟਾਊਟਪੁਣੇਂ ਦੀ ਗੱਲਬਾਤ ਹੋਈ ਸੀ ਤੇ ਉਸਨੇ ਮੈਨੂੰ ਮੋਬਾਈਲ ਫੋਨ ਦਿੰਦਿਆਂ ਜਿਹੜੀਆਂ- ਜਿਹੜੀਆਂ ਗੱਲਾਂ ਬਾਰੇ ਕਿਹਾ ਸੀ। ਉਨ੍ਹਾਂ ਚੋਂ ਅੱਜ ਇੱਕ ਗੱਲ ਪੂਰੀ ਕਰਦਿਆਂ ਪੁਲਿਸ ਨੂੰ ਮੌਕੇ ਤੇ ਛਾਪਾਮਾਰੀ ਕਰਵਾ ਕੇ ਇੱਕ ਬੰਦੇ - ਬੁੜੀ ਦੀ ਜੋੜੀ ਰੰਗੇ ਹੱਥੀਂ ਕਾਬੂ ਕਰਵਾ ਦੇਣੀਂ ਹੈ ਅਤੇ ਆਪਾਂ ਮੌਕੇ ਤੇ ਹੀ ਆਪਣੇ ਟਾਊਟਪੁਣੇਂ ਦਾ ਲਾਗ ਲੈ ਕੇ ਜੁੱਤੀਆਂ ਪਵਾ ਲੈਣੀਆਂ ਹਨ।
ਵੇ ਪੀਰਾਂ ਮਾਰਿਆ ਪ੍ਰਭਾ ਆਪਾਂ ਕੱਲ੍ਹ ਬਿਜਲੀ ਵਾਲਿਆਂ ਕੋਲੋਂ ਤਾਂ ਬਚ ਗਏ ਸਾਂ,ਅੱਜ ਹੋਰ ਨਾ ਕਿਤੇ ਪੁਲਿਸ ਵਾਲਿਆਂ ਦੇ ਧੱਕੇ ਚੜ੍ਹ ਜਾਈਏ। ਜੁੱਤੀਆਂ ਦੇ ਚਾਅ ਵਿੱਚ ਤਿੰਨੇਂ ਜਾਣੇਂ ਚਾਈਂ - ਚਾਈਂ ਤਿਆਰ ਹੋ ਕੇ ਸ਼ਹਿਰ ਪਹੁੰਚ ਗਏ ਤੇ ਮਰਾਸੀ ਨੇ ਥਾਣੇਦਾਰ ਨੂੰ ਫੋਨ ਕਰਦਿਆਂ ਰੰਗੇ ਹੱਥਾਂ ਵਾਲੀ ਜੋੜੀ ਬਾਰੇ ਵਿਸਥਾਰ ਨਾਲ ਥਹੁ- ਟਿਕਾਣੇਂ ਬਾਰੇ ਜਾਣਕਾਰੀ ਦਿੱਤੀ। ਅੱਗੋਂ ਸੂਹੀਆ ਤਾਰੀਕੇ ਨਾਲ ਜਿਉਂ ਹੀ ਥਾਣੇਦਾਰ ਨੇ ਉਸ ਸਥਾਨ ਤੇ ਆਪਣੀ ਪੁਲਿਸ ਟੀਮ ਸਮੇਤ ਛਾਪਾਮਾਰੀ ਕੀਤੀ ਤਾਂ ਉਹ ਮਰਾਸੀ ਦੇ ਟਾਊਟਪੁਣੇੰ ਬਾਰੇ ਹੱਕਾ - ਬੁੱਕਾ ਹੀ ਹੋ ਕੇ ਰਹਿ ਗਿਆ। ਮਰਾਸੀ ਅਤੇ ਉਸਦੇ ਬਾਕੀ ਪਰਿਵਾਰਕ ਮੈਂਬਰ ਸਾਹਮਣੇ ਕੁਝ ਹੀ ਦੂਰੀ ਤੇ ਬੈਠੇ ਸਨ। ਤਾਂ ਥਾਣੇਦਾਰ ਪੂਰੀ ਗਰਮਜੋਸ਼ੀ ਨਾਲ ਫਟਾਫਟ ਉਨ੍ਹਾਂ ਕੋਲ ਪਹੁੰਚਿਆ ਅਤੇ ਉਸ ਨੇ ਗਰਜ਼ਦੇ ਹੋਏ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਮਰਾਸੀ ਨੂੰ ਗੱਡੀ ਚ ਬੈਠਾਵੋ ਅਤੇ ਥਾਣੇ ਲਿਜਾ ਕੇ ਇਸ ਦੇ ਲਵੋ ਗਿੱਟਿਆਂ ਦਾ ਮੇਚਾ ਤੇ ਫੇਰੋ ਕਲਬੂਤ।
ਤਾਂ ਦੂਜੇ ਪਾਸੇ ਮਰਾਸਣ ਆਖੀ ਜਾਵੇ ਕਿ ਭਾਈ ਇਹਦੇ ਪੱਕੀ ਪੰਦਰੀਂ ਜੁੱਤੀ ਆਉਂਦੀ ਹੈ। ਮੇਚਾ ਲੈਣ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਕਲਬੂਤ ਦੀ ਜ਼ਰੂਰਤ ਹੈ। ਨਾਲੇ ਭਾਈ ਮੇਰਾ ਅਤੇ ਇਹ ਮੇਰੇ ਪੋਤਰੇ ਵਾਸਤੇ ਜੁੱਤੀਆਂ ਪਵਾਉਣੀਆਂ ਨਾ ਭੁੱਲ ਜਾਇਓ। ਮਰਾਸਣ ਦਾ ਪੋਤਰਾ ਆਖੀ ਜਾਵੇ ਕਿ ਬੇਬੇ- ਬੇਬੇ ਮੈਂ ਤਾਂ ਲਾਲ ਰੰਗ ਦੇ ਮੌਜੇ ਲਵਾਂਗਾ। ਪੁਲਿਸ ਨੇ ਮਰਾਸੀ ਨੂੰ ਥਾਣੇ ਵੱਲ ਨੂੰ ਸਿੱਧਾ ਕਰ ਲਿਆ ਸੀ।
ਥੋੜ੍ਹੇ ਚਿਰ ਬਾਅਦ ਤੋਰੀ ਵਾਂਗ ਮੂੰਹ ਲਮਕਾਈ ਵਾਪਸ ਪੈਦਲ ਤੁਰੇ ਆਉਂਦੇ ਮਰਾਸੀ ਨੂੰ ਜਿਉਂ ਹੀ ਮਰਾਸਣ ਨੇ ਪੁੱਛਿਆ, ਕਿ ਪੀਰਾਂ ਮਾਰਿਆ ਪ੍ਰਭਾ ਤੂੰ ਤਾਂ ਉਵੇਂ ਟੁੱਟੀਆਂ ਚੱਪਲਾਂ ਚ ਹੀ ਫ਼ੇਰ ਵਾਪਸ ਆ ਗਿਆ ਹੈਂ। ਕੋਈ ਆਈ ਨਹੀਂ ਜੁੱਤੀ ਮੇਚ , ਮੈਂ ਤਾਂ ਤੇਰੇ ਯਾਰ ਪੁਲਿਸ ਵਾਲਿਆਂ ਨੂੰ ਬਥੇਰਾ ਸਮਝਾਇਆ ਸੀ। ਕਿ ਇਹਦੇ ਪੱਕੀ ਪੰਦਰੀਂ ਜੁੱਤੀ ਆਉਂਦੀ ਹੈ। ਇੱਕ ਸਿਪਾਹੀ ਆਖੀ ਜਾਵੇ,ਅਖੇਂ ਥਾਣੇ ਲਿਜਾ ਕੇ ਲਵਾਂਗੇ ਗਿੱਟਿਆਂ ਦਾ ਮੇਚਾ,ਫੇਰਾਂਗੇ ਕਲਬੂਤ, ਦੂਜਾ ਸਿਪਾਹੀ ਆਖੀ ਜਾਵੇ ਕਿ ਲਵਾਂਗੇ ਥਾਣੇ ਲਿਜਾ ਕੇ ਝੱਗੇ ਦਾ ਮੇਚਾ, ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਭਾਈ ਝੱਗੇ ਦਾ ਮੇਚਾ ਕਿਸੇ ਦਿਨ ਫ਼ੇਰ ਲੈ ਲਿਉ ਅੱਜ ਤਾਂ ਸਿਰਫ਼ ਜੁੱਤੀਆਂ ਵਾਲਾ ਕੰਮ ਹੀ ਨਿਬੇੜਿਓ, ਪਰ ਉਂਨ੍ਹਾਂ ਨੇ ਮੇਰੀ ਇੱਕ ਨਹੀਂ ਸੁਣੀਂ, ਨਾਲੇ ਉਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਕਿ ਮੈਂ ਇਹਦੇ ਘਰਵਾਲੀ ਆਂ,ਬਈ ਮੈਂ ਕਿਹੜਾ ਝੂਠ ਬੋਲਦੀ ਆਂ। ਆਹ ਮੋਤੀ ਪੋਤਰਾ ਕਹਿੰਦਾ,ਅਖੇ ਮੈਂ ਤਾਂ ਲਾਲ ਰੰਗ ਦੇ ਮੌਜੇ ਲਵਾਂਗਾ।
ਪ੍ਰਭਾਣੀਂ ਤੂੰ ਸ਼ੁਕਰ ਕਰ.. ਸ਼ੁਕਰ..ਕਿ ਅੱਜ ਮੈਂ ਕਲਬੂਤ ਫਿਰਨ ਤੋਂ ਬਚ ਗਿਆ ਹਾਂ, ਨਹੀਂ ਤਾਂ ਆਪਣੇ ਅੱਜ ਉਹ ਜੁੱਤੀਆਂ ਪੈਣੀਆਂ ਸਨ। ਕਿ ਸਾਰੀ ਉਮਰ ਹੀ ਨਹੀਂ ਸਨ ਭੁੱਲਣੀਆਂ।
ਵੇ ਪੀਰਾਂ ਮਾਰਿਆ ਪ੍ਰਭਾ ਕੀ ਗੱਲ ਹੋਗੀ..।
ਪ੍ਰਭਾਣੀਂ ਤੈਨੂੰ ਕੀ ਦੱਸਾਂ , ' ਕਿ ਥਾਣੇਦਾਰ ਨੂੰ ਜੋ ਅੱਜ ਮੈਂ ਰੰਗੇ ਹੱਥੀਂ ਜੋੜੀ ਕਾਬੂ ਕਰਨ ਦਾ ਟਾਊਟਪੁਣਾਂ ਕੀਤਾ ਹੈ। ਉਹ ਥਾਣੇਦਾਰ ਮੁਤਾਬਿਕ ਨਜਾਇਜ਼ ਦੋ ਨੰਬਰ ਦਾ ਗ਼ਲਤ ਕਰਨ ਵਾਲੀ ਆਸ਼ਕ ਜੋੜੀ ਨੂੰ ਰੰਗੇ ਹੱਥੀਂ ਕਾਬੂ ਕਰਵਾ ਕੇ ਦੇਣ ਵਾਲਾ ਹੁੰਦਾ ਹੈ। ਮੈਂ ਤਾਂ ਥਾਣੇਦਾਰ ਦੀ ਮਿੰਨਤ ਕਰਦਿਆਂ ਇਹ ਕਹਿ ਕੇ ਖਹਿੜਾ ਛੁਡਾਇਆ ਕਿ ਅਜੇ ਨਵਾਂ - ਨਵਾਂ ਧੰਦਾ ਹੋਣ ਕਰਕੇ ਮੈਨੂੰ ਇਨ੍ਹਾਂ ਕੰਮਾਂ ਬਾਰੇ ਪੂਰਾ ਗਿਆਨ ਨਹੀਂ ਹੈ।
ਪ੍ਰਭਾ ਜਿਹੜੀ ਤੂੰ ਛਾਪੇਮਾਰੀ ਕਰਵਾਈ ਹੈ ਉਹ ਕਿਹੜੀ...?
ਪ੍ਰਭਾਣੀਂ ਸੀ ਤਾਂ ਉਹ ਜੋੜੀ ਰੰਗੇ ਹੱਥਾਂ ਵਾਲੀ ਹੀ, ਪਰ ਉਹ ਚੁੰਨੀਆਂ ਰੰਗਣ ਵਾਲੇ ਲਲਾਰੀਆਂ ਦੀ ਜੋੜੀ ਨਿਕਲ ਗਈ।
ਬੂਹ... ਜੈ ਵੱਢੀ ਦਿਆ ਪੀਰਾਂ ਮਾਰਿਆ ਫ਼ੇਰ....?
ਪ੍ਰਭਾਣੀਂ ਫੇਰ ਕੀ ਹੁਣ ਆਪਾਂ ਨੂੰ ਪਿੰਡ ਵੀ ਚਾਰ ਕੋਹ ਦੀ ਵਾਟ ਪੈਦਲ ਹੀ ਤੁਰ ਕੇ ਜਾਣਾਂ ਪੈਣਾਂ ਹੈ। ਕਿਉਂਕਿ ਜਿਹੜਾ 50 ਦਾ ਨੋਟ ਜੇਬ ਵਿੱਚ ਸੀਗਾ ਉਹ ਥਾਣੇ ਚੋਂ ਵਾਪਸ ਆਉਂਦਿਆਂ ਗੇਟ ਤੇ ਖੜ੍ਹੇ ਨੈਬੇ ਸੰਤਰੀ ਨੇ ਬਟੋਰ ਲਿਆ ਅਤੇ ਮੋਬਾਈਲ ਤਾਂ ਥਾਣੇਦਾਰ ਨੇ ਹੀ ਦਿੱਤਾ ਸੀ। ਜੋ ਮੈਂ ਉਸ ਨੂੰ ਵਾਪਸ ਜਮਾਂ ਕਰਵਾਕੇ ਅੱਗੇ ਤੋਂ ਅਜਿਹੇ ਕੰਮ ਤੋਂ ਤੌਬਾ - ਤੌਬਾ ਕਰ ਆਇਆ ਹਾਂ।
ਹਾਅ ... ਹਾਅ... ਹਾਅ..! ਪ੍ਰਭਾ, ਅੱਲ੍ਹਾ ਖ਼ੈਰ ਮਿਹਰ ਕਰੇ, ਮੈਂ ਤਾਂ ਤੈਨੂੰ ਘਰੋਂ ਤੁਰਨ ਲੱਗੀ ਨੇ ਹੀ ਕਿਹਾ ਸੀ। ਕਿ ਅੱਜ ਆਪਾਂ ਹੋਰ ਨਾ ਕਿਤੇ ਪੁਲਿਸ ਵਾਲਿਆਂ ਦੇ ਧੱਕੇ ਚੜ੍ਹ ਜਾਈਏ, ਨਾਲੇ ਆਪਣੇ ਪੁਰਖਿਆਂ ਨੇ ਐਵੇਂ ਤਾਂ ਨਹੀਂ ਕਿਹਾ, ਕਿ ' ਜਿਸ ਕਾ ਕਾਮ ਉਸੀ ਕੋ ਸਾਜੇ ਦੂਸਰੇ ਲਈ ਤਾਂ ਢੀਂਗਾ ਵੱਜੇ '