ਮੈਂ ਰੱਬੀ ਬੁੱਤਾਂ ਦੀ ਬੰਦਗੀ ਨਹੀਂ ਕਰਦੀ
(ਕਵਿਤਾ)
ਮੈਂ ਰੱਬੀ ਬੁੱਤਾਂ ਦੀ ਬੰਦਗੀ ਨਹੀਂ ਕਰਦੀ ...
ਅਕਸਰ ਪੜ੍ਹਿਆ ਤੇ ਸੁਣਿਆ ਰੱਬ ਰੂਹਾਂ ‘ਚ ਵੱਸਦਾ
ਅੱਖਾਂ ਚ ਰਮਦਾ, ਤੇ ਬੁੱਲ੍ਹਾਂ ‘ਤੇ ਹੱਸਦਾ ..
ਬੁੱਤਾਂ ਨੂੰ ਫਰੋਲਣ ਦੀ ਥਾਂ ..
ਰੂਹਾਂ ਨੂੰ ਟਟੋਲਣ ਦੀ ਕਸਕ
‘ਚ ਜਾਣਿਆ ,ਬੜਾ ਮੁਸ਼ਕਿਲ ਹੈ ..
ਲੋਕ- ਮਨਾਂ ਦੀਆਂ ਜ਼ਹਿਰਾਂ ਜਰਨਾ ..
ਮੰਨੋ ਘੁੱਟ ਜ਼ਹਿਰ ਦੇ ਭਰਨਾ
ਸੁਕਰਾਤ ਦੀ ਫਾਂਸੀ ਤੇ ਮੁੜ ਚੜ੍ਹਨਾ ..
ਮਹਾਂਦੇਵ ਦਾ ਨੀਲਾ ਕੰਠ ਚੇਤੇ ਕਰਨਾ ..
ਮੁੜ -ਮੁੜ ਰੂਹਾਂ ਦੇ ਅੰਦਰ ਵੜਨਾ ..
ਰੋਸਾ ਕਰਾਂ ਤਾਂ ਕਿਸ ਨਾਲ ਕਰਾਂ
ਰੱਬੀ ਬੁੱਤ ਤਾਂ ਬੋਲਦੇ ਹੀ ਨਹੀਂ
ਨਾ ਹੀ ਮੇਰੇ ਨਾਲ ਹੱਸਦੇ ਤੇ ਰੁੱਸਦੇ ..
ਨਾ ਹੀ ਮੇਰੇ ਨਾਲ ਲੜਦੇ ਤੇ ਸੜਦੇ ..
ਨਾ ਹੀ ਮੇਰੇ ਤੋਂ ਉਮੀਦ ਹੀ ਕਰਦੇ
ਬੁੱਤਾਂ ਦੀਆਂ ਅੱਖਾਂ ਵਿੱਚੋਂ ਨਾ ਹੀ ਕਸਕ ਪਿਆਰ ਦੀ ਦਿੱਸਦੀ
ਨਾ ਹੀ ਟਸਰ ਨਕਾਰਨ ਦੀ ਕਰਦੇ ..
ਨਾ ਹੀ ਜੱਿਦ ਸਤਿਕਾਰਨ ਦੀ ਦਿੱਸਦੀ .
. ਮੈਂ ਆਕੜ ਕਰ ਵੀ ਜਾਵਾਂ
ਨਾ ਹੀ ਅਹਿਦ ਤਿ੍ਰਸਕਾਰਨ ਦੀ ਦਿੱਸਦੀ ..
ਨਾ ਹੀ ਉਹ ਮੇਰੇ ਤੇ ਮਰਦੇ
ਨਾ ਹੀ ਮੈਨੂੰ ਚੇਤੇ ਕਰਦੇ
ਨਾ ਹੀ ਮੈਂ ਤੋਂ ਉਮੀਦ ਹੀ ਕਰਦੇ
ਵੱਡਿਆਂ ਦੀ ਗੱਲ ਚੇਤੇ ਆਉਂਦੀ ..
ਮੈਂ ਮੁੜ -ਮੁੜ ਮੱਥਾ ਰੂਹਾਂ ਨਾਲ ਲਾਉਂਦੀ ..
ਕੁਝ ਰੂਹਾਂ ,‘ਚ ਰੱਬ ਵਸਦਾ ਦਿਸਿਆ ..
ਨੀਝ ਨਾਲ ਮੈਨੂੰ ਤੱਕਦਾ ਦਿਸਿਆ ..
ਮੇਰੇ ਬੁੱਲ੍ਹਾਂ ਦੇ ਫਰਕਣ ਤੋਂ ਪਹਿਲਾਂ .
ਅੱਖਾਂ ਦੇ ਛਲਕਣ ਤੋਂ ਪਹਿਲਾਂ
ਰੂਹ ਮੇਰੀ ਨੂੰ ਪੜ੍ਹਦਾ ਦਿਸਿਆ
ਮੈਂ ਫੇਰ ਰੱਬੀ ਰੂਹਾਂ ਨੂੰ ਭਾਸਦੀ
ਮੁੜ ਮੁੜ ਰੱਬੀ ਰੂਹਾਂ ਤਲਾਸ਼ਦੀ ..
ਪਰ ਹੱਡ ਮਾਸ ਦੇ ਲੋਥੜਿਆਂ
ਵਿੱਚੋਂ ...
ਹੰਕਾਰ ਦਾ ਝਰਨਾ ,ਝਰ ਝਰ ਕਰਦਾ
ਸਵਾਰਥੀ ਰੂਹਾਂ ਦੇ ਧੁਰ ਅੰਦਰੋਂ
ਨਫਰਤ ਦਾ ਤਪਸੀ ਲਾਵਾ ਵਰ੍ਹਦਾ ..
ਨਿਸਵਾਰਥ ਮੇਰੀ ਰੂਹ ਨੂੰ
ਆਕੜ ਦੇ ਕਫਨ ਨਾਲ ਕੱਜਦਾ
ਆਖ਼ਿਰਕਾਰ !
ਥੱਕੀ ਹਾਰੀ ,ਨਿਰਾਸ਼ ਮੇਰੀ ਰੂਹ
ਫੇਰ ਰੱਬੀ ਬੁੱਤਾਂ ਵੱਲ ਭੱਜਦੀ ..
ਤਿਲ ਮਿਲਾਉਂਦੀ
ਮੱਥਾ-ਲਹੂ ਲੁਹਾਣ ਹਾਂ ਕਰਦੀ ..
ਫੇਰ ਸਬਕ ਯਾਦ ਹਾਂ ਕਰਦੀ
ਰੱਬ ਬੁੱਤਾਂ ਚ ਨਹੀਂ ਰੂਹਾਂ ਚ ਵੱਸਦਾ .
ਨਾਲ ਵੱਸਦੀਆਂ ਰੂਹਾਂ ਨੂੰ ਗੁਜ਼ਾਰਿਸ਼ ਕਰਦੀ
ਧਰਤ ਲੋਕ ਚ ਵਸਣ ਵਾਲੀਓ
ਸਵਰਗ ਲੋਕ ਦਾ ਸੁਪਨਾ ਤਿਆਗੋ ..
ਨਰਕ ਲੋਕ ਚ ਡੁੱਬਣ ਤੋਂ ਪਹਿਲਾਂ
ਧਰਤ ਲੋਕ ਚ ੇਕਾ ਕਰ ਲਓ .
ਬੰਦਾ ਹੀ ਬੰਦੇ ਦੀ ਦਾਰੂ
ਰੂਹਾਂ ਹੀ ਰੂਹਾਂ ਦੀਆਂ ਹਾਣੀ
ਸ਼ਾਸਤਰ ,ਸਮਰਿਤੀਆਂ ਵੀ ਥੱਕੇ
ਹੋਕਾ ਦਿੰਦੀ ਬਾਬੇ ਦੀ ਬਾਣੀ
ਰੱਬੀ ਸੇੈ ਅੰਦਰ ਹੀ ਵੱਸਦੀ
ਰੂਹ ਨਾਲ ਸੁਣੋ ਰੂਹ ਦੀ ਕਹਾਣੀ
ਮੇਰੀ ਰੂਹ ਗੁਜ਼ਾਰਿਸ਼ ਜਿਹੀ ਕਰਦੀ
ਜ਼ਖ਼ਮੀ ਹੋ ਜਾਣ ਤੋਂ ਡਰਦੀ
ਮੁੜ -ਮੁੜ
ਬੰਦਗੀ ਰੂਹਾਂ ਦੀ ਕਰਦੀ
ਹਰ ਵਾਰ ਟੁੱਟਦੀ ਹਰ ਵਾਰ ਜੁੜਦੀ
ਮੁੜ -ਮੁੜ ਜੰਮਦੀ ਮੁੜ ਮੁੜ ਮਰਦੀ ..
ਹਰ ਵਾਰ ਜਿੱਤ ਦੀ ਹਰ ਵਾਰ ਹਰਦੀ ..
ਰੋਂਦੀ ਕੁਰਲਾਉਂਦੀ ਫਿਰ ਚੇਤੇ ਹਾਂ ਕਰਦੀ ..
ਕਿ ਰੱਬ ਬੁੱਤਾਂ ਚ ਨਹੀਂ ਰੂਹਾਂ ਚ ਵੱਸਦਾ
ਮੈਂ ਰੱਬੀ ਬੁੱਤਾਂ ਦੀ ਬੰਦਗੀ ਨਹੀਂ ਕਰਦੀ ..