ਗੀਤ ਵਰਗੀ ਸ਼ਾਇਰਾ ਡਾਕਟਰ ਹਰਬੰਸ ਕੌਰ ਗਿੱਲ
(ਲੇਖ )
ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦੀ ਸਮਰੱਥ ਸ਼ਾਇਰਾ ਹੈ ਅਤੇ ਉਸਨੇ ਸਾਹਿਤ ਸਿਰਜਣਾ ਦੀ ਨਿਰੰਤਰਤਾ ਨੂੰ ਹਮੇਸ਼ਾ ਕਾਇਮ ਰੱਖਿਆਂ ਹੈ । ਸਾਹਿਤ ਦੇ ਖੇਤਰ ਵਿੱਚ ਕੋਈ ਵੀ ਬੰਧੇਜ ਉਸਦੇ ਪੈਰਾਂ ਨੂੰ ਆਪਣੀ ਬੇੜੀ ਵਿੱਚ ਨੂੜ ਨਹੀਂ ਸਕਿਆ ਅਤੇ ਉਹ ਰਵਾਇਤੀ ਬੰਧਨਾਂ ਤੋਂ ਮੁਕਤ ਰਿਸ਼ਤਿਆਂ ਦੀ ਪਾਕੀਜਗੀ ਲਈ ਪ੍ਰਤੀਬੱਧ ਹੈ ਇਹੀ ਕਾਰਨ ਹੈ ਕਿ ਸਮਕਾਲ ਦੀਆ ਹਕੀਕਤਾਂ ਦੇ ਰੂ- ਬ - ਰੂ ਹੁੰਦਿਆਂ ਡਾ: ਗਿੱਲ ‘ ਰੂਹ ਦੇ ਰੰਗ ‘ ਗ਼ਜ਼ਲ ਸੰਗ੍ਰਹਿ ਲੈ ਕੇ ਪਾਠਕਾਂ ਦੇ ਅੰਗ ਸੰਗ ਹੈ ।
ਡਾਕਟਰ ਹਰਬੰਸ ਕੌਰ ਗਿੱਲ ਦੇ ਕਾਵਿ - ਚਿੰਤਨ ਬਾਰੇ ਗੱਲ ਕਰਦਿਆਂ ਬੇਝਿਜਕ ਹੋ ਕੇ ਕਹਿਣ ਨੂੰ ਜੀਅ ਕਰਦਾ ਹੈ ਕਿ ਕਾਵਿ - ਸ਼ੈਲੀ ਵਿੱਚ ਵਰਤੇ ਉਸ ਵੱਲੋਂ ਚਿੰਨ੍ਹ ਪ੍ਰਤੀਕ ਤੇ ਬਿੰਬ ਇਕ ਵਿਲੱਖਣ ਆਭਾ ਦਰਸਾਉੰਦੇ ਹਨ ਅਤੇ ਇਹ ਉਸਦੀ ਕਾਵਿ ਰਚਨਾ ਦਾ ਅਮੀਰੀ ਗੁਣ ਹੈ ।
ਸੋਚਾਂ ਦੀ ਝੀਲ ਵਿੱਚ ਜਿੰਦ ਤਰਦੀ ਰਹੀ ਹੈ ਰਾਤ ਭਰ
...........................
ਹਉਕਿਆਂ ਦਾ ਮੇਰੀਆਂ ਅੱਖਾਂ ਦੇ ਵਿੱਚ ਅਨੁਵਾਦ ਸੀ
ਪੀੜ ਹੁੰਗਾਰਾ ਮੇਰਾ ਭਰਦੀ ਰਹੀ ਹੈ ਰਾਤ ਭਰ ।
ਉਹ ਆਪਣੀਆਂ ਗ਼ਜ਼ਲਾਂ ਵਿੱਚ ਦਿਲ ਦੀ ਬਾਤ ਪਾਉੰਦੀ ਹੈ ਅਤੇ ਜ਼ਿੰਦਗੀ ਦੇ ਸਾਰੇ ਗੂੜ੍ਹੇ ਫਿੱਕੇ ਰੰਗਾਂ ਦੀ ਪ੍ਰਿਜ਼ਮ ਪੇਸ਼ ਕਰਕੇ ਅਤੇ ਆਪਣੀ ਪ੍ਰਤਿਭਾ ਨੂੰ ਮਿਹਨਤ ਤੇ ਲਗਨ ਨਾਲ ਲਿਸ਼ਕਾਉੰਦੀ ਮੁੜ੍ਹਕੇ ਦਾ ਮੋਤੀ ਬਣ ਜਾਂਦੀ ਹੈ । ਉਸਦੇ ਕਾਵਿ ਚਿੰਤਨ ਵਿੱਚ ਸੂਖਮਤਾ , ਸੰਵੇਦਨਾ , ਸਹਿਜ ਅਤੇ ਸੀਰਤ ਉਸਦੀ ਅਪਣੱਤ ਦਾ ਸ਼ਿੰਗਾਰ ਹੋ ਨਿਬੜਦੇ ਹਨ ਅਤੇ ਉਸਦੇ ਅੰਤਰ ਮਨ ਦਾ ਬਹੁਮੁਖੀ ਪ੍ਰਗਟਾਵਾ ਕਰਦੇ ਹਨ । ਵੇਖੋ,,,
ਆਖਦਾ ਹੁੰਦਾ ਸੀ ਗਿੱਲ
ਆ ਚੱਲੀਏ ਨੀ ਚੰਨ ਤੇ
ਭਰਿਆ ਨਾ ਗਿਆ ਹੁੰਗਾਰਾ
ਸੰਗਦੀ ਰਹੀ ਹੈ ਜ਼ਿੰਦਗੀ ।
ਡਾ: ਗਿੱਲ ਦੇ ਬਹੁਤ ਸਾਰੇ ਸ਼ੇਅਰ ਨਵੇੰ ਨਰੋਏ ਅਹਿਸਾਸ ਅਤੇ ਭਾਵਕਤਾ ਦੇ ਖ਼ੂਨ ਨਾਲ ਸਿੰਜੇ ਜਾਪਦੇ ਹਨ ਅਤੇ ਵਰਤਮਾਨ ਤੇ ਬੀਤੇ ਸਮੇਂ ਅਤੇ ਅਤੀਤ ਦੀ ਪਾਣ ਚਾੜ੍ਹ ਕੇ ਸੱਜ ਵਿਆਹੀ ਵਹੁਟੀ ਵਾਂਗ ਸ਼ਿੰਗਾਰ ਦਿੰਦੀ ਹੈ ਅਤੇ ਸੰਖੇਪਤਾ ਤੇ ਸੰਜਮਤਾ ਉਸਦੀ ਕਾਵਿ ਸ਼ੈਲੀ ਦਾ ਮੀਰੀ ਗੁਣ ਹੈ ।
ਹਰਬੰਸ ਦੀ ਕਵਿਤਾ ਜਿੱਥੇ ਉਸਦੇ ਚਿੰਤਨ ਦੀ ਧਰਾਤਲ ਹੈ ਉੱਥੇ ਕਈ। ਥਾਂਵਾਂ ਤੇ ਉਂਸਨੂੰ ਆਪਣੇ ਸਾਹਾਂ ਦੀ ਧੜਕਣ ਮਹਿਸੂਸ ਹੁੰਦੀ ਹੈ ਜੋ ਕਿਸੇ ਚਿਹਰੇ ਦੇ ਨਕਸ਼ ਸਿਰਜਦੀ ਹੈ ਜਦੋ ਕਿ ਕਈ ਸ਼ੇਅਰ ਤਾਂ ਉਸਦੇ ਜਜ਼ਬਿਆਂ ਦੀ ਬਰਸਾਤ ਵਿੱਚ ਭਿੱਜੇ ਹੋਏ ਸ਼ਬਦ ਹਨ ਅਤੇ ਇਸ ਤਰਾਂ ਲਗਦਾ ਹੈ ਕਿ ਉਸਦੀ ਕਵਿਤਾ ਵਰ੍ਹਿਆਂ ਤੱਕ ਕੀਤਾ ਹੋਇਆ ਕਿਸੇ ਦਾ ਇੰਤਜਾਰ ਹੈ !
ਭਰਿਸ਼ਟ ਰਾਜਸੀ ਖੇਤਰ ਵਿਚ ਕੁੜੱਤਣ ਨੂੰ ਵੇਦਨਾ ਭਰਪੂਰ ਸ਼ਬਦਾਂ ਵਿੱਚ ਰੂਪਮਾਨ ਕਰਦੀ ਉਹ ਅਜੋਕੇ ਪੰਜਾਬ ਅਤੇ ਸਮੁੱਚੇ ਸਮਕਾਲ ਦੀ ਆਕਾਸੀ ਆਪਣੀਆਂ ਗ਼ਜ਼ਲਾਂ ਵਿੱਚ ਦਰਿਸ਼ਟੀਗੋਚਰ ਕਰਦੀ ਹੈ । ਹਰਬੰਸ ਕੌਰ ਗਿੱਲ ਨਿਰੰਤਰ ਮੁਹੱਬਤ ਕਰਨ ਵਾਲੀ ਖ਼ੂਬਸੂਰਤ ਸ਼ਾਇਰਾ ਹੈ ਜੋ ਅਤੀਤ ਦੀਆਂ ਯਾਦਾਂ ਨੂੰ ਆਪਣੀ ਸੁਲ੍ਵਗਦੀ ਹਿੱਕ ਵਿੱਚ ਸਾਂਭੀ ਬੈਠੀ ਹੈ ਜਿੰਨ੍ਹਾਂ ਨੂੰ ਗ਼ਜ਼ਲਾਂ ਰਾਹੀਂ ਨਵੀਂਆਂ ਖ਼ੂਬਸੂਰਤੀਆਂ ਸਿਰਜਣ ਦਾ ਹੀਆ ਕਰਦੀ ਹੈ । ਕਾਵਿ ਸਿਰਜਣਾ ਵਿੱਚ ਉਹ ਸ਼ਾਹੀ ਸੰਦਲਾਂ ਘੋਲ ਰਹੀ ਰੇਸ਼ਮੀ ਆਵਾਜ਼ ਵਾਲੀ ਅਜਿਹੀ ਵਿਲੱਖਣ ਸ਼ਾਇਰਾ ਹੈ ਜੋ ਭਵਿੱਖ ਦੀ ਪੰਜਾਬੀ ਹਿੰਮਤ ਦਾ ਨਕਸ਼ਾ ਉਲੀਕਦੀ ਹੈ ਕਿਉੰਕਿ ਉਸ ਕੋਲ ਵੇਦਨਾ ਵੀ ਹੈ ਅਤੇ ਸੰਵੇਦਨਾ ਵੀ। ਉਸਨੂੰ ਸ਼ਬਦਾਂ ਨੂੰ ਹਥਿਆਰ ਵਾਂਗ ਵਰਤਣ ਦੀ ਜਾਂਚ ਆਉੰਦੀ ਹੈ ਅਤੇ ਮੁਹੱਬਤ ਇਸ ਸੀਰਤ ਦੀ ਵਡਮੁੱਲੀ ਤਾਕਤ ਬਣੀ ਹੈ ਇਹੀ ਕਾਰਨ ਹੈ ਕਿ ਉਸਦੀ ਸੱਜਰੀ ਕਵਿਤਾ ਦੀਵਾਲੀ ਨੂੰ ਬਨੇਰਿਆਂ ਤੇ ਜਗਣ ਵਾਲੇ ਚਿਰਾਗ਼ਾਂ ਵਰਗੀ ਹੈ ।
ਡਾ: ਗਿੱਲ ਦੀਆਂ ਗ਼ਜ਼ਲਾਂ ਵਿੱਚ ਘਾੜਤ ਸੁਹਜ ਅਤੇ ਵਿਚਾਰਧਾਰਕ ਗਹਿਰਾਈ ਦਾ ਸੁਮੇਲ ਹੈ । ਉਸਦਾ ਔਰਤ ਅਨੁਭਵ ਉਸਦੀ ਕਵਿਤਾ ਨੂੰ ਪ੍ਰਗਤੀਵਾਦੀ ਚੇਤਨਾ ਦੀਆ ਸੀਮਾਵਾਂ ਤੋਂ ਪਾਰ ਲੈ ਜਾਂਦਾ ਹੈ । ਇਹੀ ਕਾਰਨ ਹੈ ਉਸ ਦੀਆਂ ਗ਼ਜ਼ਲਾਂ ਮਾਨਵੀ ਜੀਵਨ ਦੇ ਸੰਘਰਸ਼ ਤੋਂ ਪ੍ਰਭਾਵਿਤ ਅਤੇ ਮਾਨਵੀ ਜੀਵਨ ਨੂੰ ਪ੍ਰਭਾਵਿਤ ਕਰਨ ਵਾਲ਼ੀਆਂ ਹਨ ਅਤੇ ਉਹ ਮਨੁੱਖ ਨੂੰ ਚੇਤੰਨ ਕਰਨ ਲਈ ਪ੍ਰਕਿਰਤਕ ਅਤੇ ਲੋਕ ਮੁਹਾਂਦਰੇ ਨੂੰ ਹਥਿਆਰ ਬਣਾਉੰਦੀਆਂ ਹਨ ਵੇਖੋ ..........
ਕੱਚੇ ਘਰ ਮਹਿਲਾਂ ਨੂੰ ਵੰਗਾਰਨਗੇ
ਉਹ ਸਮਾਂ ਸਨਸਨੀ ਆ ਗਿਆ ਏ
ਹੁਣ ਦਾਤਰ ਖੁਰਪੇ ਕਹੀਆਂ ਨੂੰ
ਹਥਿਆਰ ਬਣਾਉਣਾ ਪੈਣਾ ਏ ।
...,,,,,,,,,,,,,,,,,,,,,,,,,..........
ਦੱਸ ਅਵਾਰਾ ਸਾਨ੍ਹਾਂ ਨੂੰ ਕੱਦ ਨੱਥਾਂ ਲੈਣਗੀਆਂ
ਕੱਦ ਤੱਕ ਚਿੜੀਆਂ ਬਾਜਾਂ ਕੋਲੋਂ
ਸੰਗਦੀਆਂ ਰਹਿਣਗੀਆਂ
ਸੱਚ ਮੁੱਚ ਗਿੱਲ ਦੇ ਬੋਲਾਂ ਵਿੱਚ ਯੁਗ ਵੇਦਨਾ ਦਾ ਵਾਸ ਹੈ । ਸਾਹਿਤ ਸਿਰਜਣਾ ਦੇ ਨਾਲ ਨਾਲ ਉਹ ਮੋਹ ਭਰੇ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਵਿਸ਼ਵਾਸ ਰੱਖਦੀ ਹੈ !
ਵਾਰੇ ਵਾਰੇ ਜਾਈਏ ਹਰਬੰਸ ਗਿੱਲ ਤੋਂ ਜੋ ਸਾਹਿਤ ਤੇ ਬੋਲੀ ਲਈ ਏਨੀ ਕਦਰ ਤੇ ਸ਼ਿੱਦਤ ਨਾਲ ਵਫਾ ਪਾਲ ਰਹੀ ਹੈ। ਉਹ ਅਜਿਹੀ ਸੁਲੱਖਣੀ ਧੀ ਹੈ ਜੋ ਕਲਮਾਂ ਚੁੱਕ ਕੇ ਮਾਂ ਬੋਲੀ ਦੀ ਬਲਦੀ ਹੋਈ ਮਿਸਾਲ ਹੈ ਜੋ ‘ ਰੂਹ ਦੇ ਰੰਗ ‘ ਰਾਹੀਂ ਰੋਸ਼ਨੀ ਵੰਡ ਰਹੀ ਹੈ ਮੁਬਾਰਕ ਹੈ ਇਸ ਮੋਹ ਭਰੀ ਸ਼ਾਇਰਾ ਨੂੰ ਜਿਸਦੀ ਸ਼ਾਇਰੀ ਵਿੱਚ ਮਿਸ਼ਰੀ ਵਰਗੀ ਸੁਰ ਤੇ ਡੁੱਲ੍ਹ ਡੁੱਲ੍ਹ ਪੈਂਦਾ ਸਾਰਾ ਸੰਸਾਰ ਵਿਗਸਦਾ ਹੈ - ਸ਼ਾਲਾ ਉਸਦੀ ਕਲਮ ਹੋਰ ਬੁਲੰਦੀਆਂ ਛੂਹੇ !
ਸੁਰਜੀਤ ਸਿੰਘ ਕਾਉੰਕੇ
ਪ੍ਰਧਾਨ
ਲਿਖਾਰੀ ਸਭਾ ਮੋਗਾ ( ਰਜਿ:)