ਜੋਸ਼ ਨਾਲੋਂ ਵੱਧ ਸਦਾ ਹੋਸ਼ ਕੰਮ ਕਰਦਾ,
ਖੜਕੇ ਦੜਕੇ ਤੋਂ ਵੱਧ ਰੋਸ ਕੰਮ ਕਰਦਾ,
ਚੰਗੇ ਬੰਦੇ ਨੂੰ ਹਰ ਕੋਈ ਫੁੱਲ ਚਾੜਦਾ,
ਚਰਿੱਤਰ ਖਰਾਬ ਨੂੰ ਨਾ ਘਰ ਕੋਈ ਬਾੜਦਾ।
ਡਾਕਟਰ ਦਾ ਲਿਖਿਆ ਕੈਮਿਸਟ ਹੀ ਜਾਣਦਾ,
ਸਿਆਣਾ ਬੰਦਾ ਸਦਾ ਸਿਆਣੇ ਨੂੰ ਸਿਆਣਦਾ,
ਸੱਚਾ ਯਾਰ ਗਲਤੀ ਤੇ ਵੱਡੇ ਵੀਰ ਵਾਂਗ ਤਾੜਦਾ,
ਚਰਿੱਤਰ ਖਰਾਬ ਨੂੰ ਨਾ ਘਰ ਕੋਈ ਬਾੜਦਾ।
ਵਿਕਣ ਵਾਲੇ ਲਈ ਬਹੁਤ ਹੁੰਦਾਂ ਟਕਾ ਜੀ,
ਔਖੇ ਵੇਲੇ ਖੜਦਾ ਏ ਨਾਲ ਭਾਈ ਸਕਾ ਜੀ,
ਸ਼ਰਾਬੀ ਬੰਦਾ ਉੱਠਕੇ ਸਵੇਰੇ ਜੇਬ ਝਾੜਦਾ,
ਚਰਿੱਤਰ ਖਰਾਬ ਨੂੰ ਨਾ ਘਰ ਕੋਈ ਬਾੜਦਾ।
ਬਦਲ ਨਾ ਹੁੰਦਾਂ ਕੋਈ ਮਾਂ ਅਤੇ ਬਾਪੂ ਦਾ ,
ਰੱਬ ਰਾਖਾ ਹੁੰਦਾ ਏ ਸਮੁੰਦਰਾਂ ਚ ਟਾਪੂ ਦਾ,
ਮਾੜੀ ਨਜ਼ਰ ਦਾ ਤੀਰ ਪੱਥਰ ਤੱਕ ਪਾੜਦਾ,
ਚਰਿੱਤਰ ਖਰਾਬ ਨੂੰ ਨਾ ਘਰ ਕੋਈ ਬਾੜਦਾ।
ਪਾਪ ਦੀ ਕਮਾਈ ਬਹੁਤਾ ਚਿਰ ਨਹੀਂਓ ਟਿਕਦੀ,
ਸੇਲਾਂ ਵਿੱਚ ਕਦੇ ਖਰੀ ਚੀਜ ਨਹੀਂਓ ਵਿਕਦੀ,
ਜਾਲਮਾਂ ਦਾ ਯਾਰੋ ਹਰ ਕੋਈ ਬੁੱਤ ਸਾੜਦਾ,
ਚਰਿੱਤਰ ਖਰਾਬ ਨੂੰ ਨਾ ਘਰ ਕੋਈ ਬਾੜਦਾ।